ਜ਼ਿਹਾਫ
ਜ਼ਿਹਾਫ ਅਰੂਜ਼ ਦਾ ਇੱਕ ਬਹੁਤ ਹੀ ਜ਼ਰੂਰੀ ਅਤੇ ਪ੍ਰਾਚੀਨ ਅੰਗ ਹੈ। ਇਸ ਦਾ ਕੋਸ਼ਗਤ ਮਤਲਬ ਘਟਾਓ, ਕਮੀ, ਛੰਦ ਦੀਆਂ ਮਾਤਰਾਵਾਂ ਦੀ ਕਾਂਟ-ਛਾਂਟ ਕਰਨਾ ਆਦਿ ਹੁੰਦਾ ਹੈ। ਪਰ ਸ਼ਾਇਰੀ ਦੀ ਪਰਿਭਾਸ਼ਾ ਵਿੱਚ ਕਿਸੇ ਸਾਲਮ ਰੁਕਨ ਦੀਆਂ ਮਾਤਰਾਵਾਂ ਵਿੱਚ ਕਾਂਟ-ਛਾਂਟ ਕਰਨਾ ਦੇ ਅਮਲ ਨੂੰ ਜ਼ਿਹਾਫ਼ ਕਹਿੰਦੇ ਹਨ। ਜ਼ਿਹਾਫ਼ ਲਗਾਉਣ ਨਾਲ ਹਮੇਸ਼ਾ ਮਾਤਰਾ ਵਿੱਚ ਕਮੀ ਹੀ ਹੋ ਜਾਂਦੀ ਹੈ। ਕਦੇ ਕਦੇ ਵਜਨ ਵੱਧ ਵੀ ਜਾਂਦਾ ਹੈ।
ਜ਼ਿਹਾਫ਼ ਉਰਦੂ ਸ਼ਾਇਰੀ ਵਿੱਚ ਇੱਕ ਅਮਲ ਹੈ ਜੋ ਸਾਲਿਮ ਬਹਰ ਦੀ ਸ਼ਕਲ ਅਤੇ ਮਾਤਰਾਵਾਂ ਨੂੰ ਬਦਲ ਦਿੰਦਾ ਹੈ ਅਤੇ ਬਹਰ ਫਿਰ ਵੀ ਆਹੰਗ ਵਿੱਚ ਰਹਿੰਦੀ ਹੈ। ਇੱਕ ਬਹਿਰ ਤੇ ਵੱਖ ਵੱਖ ਜਿਹਾਫ਼ ਲਾ ਕੇ ਅਸੀਂ ਉਸੇ ਬਹਿਰ ਨੂੰ ਲੋੜ ਅਨੁਸਾਰ ਤਬਦੀਲ ਕਰ ਸਕਦੇ ਹਾਂ। ਇਸ ਤਰ੍ਹਾਂ ਜ਼ਿਹਾਫਾਂ ਦੀ ਜਾਣਕਾਰੀ ਹੋਣ ਨਾਲ ਹੀ ਅਸੀਂ ਕਿਸੇ ਗ਼ਜ਼ਲ ਦੀ ਸਹੀ ਤਕਤੀਹ ਕਰਕੇ ਦੱਸ ਸਕਦੇ ਹਾਂ ਕਿ ਇਹ ਗ਼ਜ਼ਲ ਕਿਸ ਬਹਿਰ ਵਿੱਚ ਲਿਖੀ ਗਈ ਹੈ ਅਤੇ ਇਸ ਵਿੱਚ ਕਿਹੜੇ ਕਿਹੜੇ ਜ਼ਿਹਾਫ ਲਾਏ ਗਏ ਹਨ।
ਉਰਦੂ ਅਰੂਜ਼ ਦੇ ਉਸਤਾਦ ਜਨਾਬ ਕਮਾਲ ਅਹਮਦ ਸਿੱਦਕੀ ਸਾਹਿਬ ਨੇ ਆਪਣੀ ਕਿਤਾਬ ਆਹੰਗ ਔਰ ਅਰੂਜ਼ ਵਿੱਚ ਇਨ੍ਹਾਂ ਜ਼ਿਹਾਫ਼ਾਂ ਦੀ ਗਿਣਤੀ 48 ਦੱਸੀ ਹੈ।
ਬਹਿਰ ਵਿੱਚ ਇਹ ਤਬਦੀਲੀ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ:
- ਹਰਫਾਂ ਵਿੱਚ ਵਾਧਾ ਕਰਕੇ। ਅਸਲੀ ਰੁਕਨ (ਇਸਬਾਗ਼ ਯਾ ਤਸਬੀਗ਼) ਵਿੱਚ ਇੱਕ ਹਰਫ਼ ਦਾ ਵਾਧਾ ਕਰਕੇ; ਜਿਵੇਂ ਮਫ਼ਾਇਲੁਨ ਵਿੱਚ 'ਅਲਫ਼' (ਕੰਨੇ) ਦਾ ਵਾਧਾ ਕਰਕੇ ਇਸ ਨੂੰ ਮਫ਼ਾਇਲਾਨ ਵਿੱਚ ਬਦਲਣਾ।
- ਹਰਫਾਂ ਨੂੰ ਘਟਾ ਕੇ। ਅਸਲੀ ਰੁਕਨ (ਕੱਫ਼) ਵਿੱਚੋਂ ਇੱਕ ਜਾਂ ਦੋ ਹਰਫ਼ ਕੱਟ ਕੇ; ਜਿਵੇਂ ਫ਼ਾਇਲਾਤੁਨ ਦਾ ਆਖ਼ਰੀ ਹਰਫ਼ 'ਨੂਨ' (ਨ) ਹਟਾ ਕੇ ਫ਼ਾਇਲਾਤੁ ਵਿੱਚ ਤਬਦੀਲ ਕਰਨਾ।
- ਮੁਤਹੱਰਕ ਅੱਖਰਾਂ ਨੂੰ ਸਾਕਿਨ ਕਰਕੇ -ਜਿਵੇਂ ਮੁਤਫ਼ਾਇਲੁਨ ਵਿੱਚ «ਤੇ» (ਤ) ਨੂੰ ਸਾਕਿਨ ਕਰਕੇ ਮੁਸਤਫ਼ਇਲੁਨ ਵਿੱਚ ਤਬਦੀਲ ਕਰਨਾ।
ਰਵਾਇਤੀ ਫ਼ਾਰਸੀ ਕਵਿਤਾ ਵਿੱਚ, ਇੱਕ ਕਵੀ ਲਈ ਸ਼ਿਅਰ ਦੇ ਰੁਕਨ ਦਾ ਵਜ਼ਨ ਬਦਲਣਾ ਬਹੁਤ ਘੱਟ ਮਿਲਦਾ ਹੈ। ਪਰ ਅਰਬੀ ਸ਼ਾਇਰੀ ਵਿਚ, ਸ਼ਾਇਰ ਇੱਕ ਸਾਲਮ ਮਿਸ਼ਰੇ ਦੇ ਵਜ਼ਨ ਵਿੱਚ ਹਰਫ਼ ਦਾ ਵਾਧਾ ਘਾਟਾ ਕਰਕੇ ਬਹਰ ਨੂੰ ਨਵਾਂ ਰੂਪ ਦੇ ਸਕਦਾ ਹੈ ਅਤੇ ਬਹੁਭਾਂਤੀ ਬਹਰਾਂ ਬਣਾ ਸਕਦਾ ਹੈ।[1]
- ਸਾਰੇ ਜ਼ਿਹਾਫ਼ ਸਾਰੇ ਰੁਕਨਾਂ ਉੱਤੇ ਨਹੀਂ ਲੱਗਦੇ। ਕੁੱਝ ਜ਼ਿਹਾਫ਼ ਕੁੱਝ ਖ਼ਾਸ ਰੁਕਨਾਂ ਲਈ ਖ਼ਾਸ ਕਰ ਨਿਰਧਾਰਤ ਹਨ।
- ਜ਼ਿਹਾਫ਼ ਲਾਉਣ ਨਾਲ ਸਾਲਮ ਰੁਕਨ ਦਾ ਵਜ਼ਨ, ਸ਼ਕਲ ਅਤੇ ਨਾਮ ਬਦਲ ਜਾਂਦੇ ਹਨ ਅਤੇ ਬਦਲੇ ਹੋਏ ਰੁਕਨ (ਬਦਲੀ ਹੋਈ ਸ਼ਕਲ) ਨੂੰ ’ਮੁਜ਼ਾਹਿਫ਼’ ਸ਼ਕਲ ਕਹਿੰਦੇ ਹਨ।
- ਅਸੀਂ ਜਾਣਦੇ ਹਾਂ ਕਿ ਸਾਲਿਮ ਰੁਕਨ ਸਬੱਬ (ਦੋ ਹਰਫ਼ੀ ਲਫ਼ਜ਼) ਅਤੇ ਵਤਦ (ਤਿੰਨ ਹਰਫ਼ੀ ਲਫ਼ਜ਼) ਦੇ ਜੋੜ ਨਾਲ ਬਣਦੇ ਹਨ ਤਾਂ ਇਹ ਜ਼ਿਹਾਫ਼ ਵੀ 'ਸਬੱਬ' ਅਤੇ 'ਵਤਦ' ਉੱਤੇ ਹੀ ਲੱਗਦੇ ਹਨ। ਸਬੱਬ ਤੇ ਲੱਗਣ ਵਾਲੇ ਜ਼ਿਹਾਫ਼ ਵੱਖ ਹੁੰਦੇ ਹਨ ਅਤੇ ਵਤਦ ਤੇ ਲੱਗਣ ਵਾਲੇ ਜ਼ਿਹਾਫ਼ ਵੱਖ ਹੁੰਦੇ ਹਨ।
- ਕੁੱਝ ਜ਼ਿਹਾਫ਼ ਆਮ ਹੁੰਦੇ ਹਨ ਜੋ ਸ਼ਿਅਰ ਦੇ ਕਿਸੇ ਵੀ ਮੁਕਾਮ (ਸਦਰ, ਹਸ਼ਵ, ਅਰੂਜ਼, ਇਬਤਿਦਾ, ਜ਼ਰਬ] ਉੱਤੇ ਆਉਣ ਵਾਲੇ ਰੁਕਨ ਉੱਤੇ ਲੱਗਦੇ ਹਨ। ਇਨ੍ਹਾਂ ਨੂੰ ਆਮ ਜ਼ਿਹਾਫ਼ ਕਹਿੰਦੇ ਹਨ। ਜਦੋਂ ਕਿ ਕੁੱਝ ਜ਼ਿਹਾਫ਼ ਸਿਰਫ਼ ਸਦਰ ਅਤੇ ਇਬਤਿਦਾ ਲਈ ਵਿਸ਼ੇਸ਼ ਹਨ ਜਾਂ ਫਿਰ ਅਰੂਜ਼ ਜਾਂ ਜ਼ਰਬ ਮੁਕਾਮ ਲਈ ਵਿਸ਼ੇਸ਼ ਹਨ। ਉਨ੍ਹਾਂ ਨੂੰ ਖਾਸ ਜ਼ਿਹਾਫ਼ ਕਹਿੰਦੇ ਹਨ।
- ਕਿਸੇ ਰੁਕਨ ਉੱਤੇ ਇਕੱਠੇ ਦੋ ਜ਼ਿਹਾਫ਼ ਦਾ ਵੀ ਅਮਲ ਹੋ ਸਕਦਾ ਹੈ। ਉਸਨੂੰ ਮੁਰੱਕਬ ਜ਼ਿਹਾਫ਼ ਕਹਿੰਦੇ ਹਨ। ਯਾਨੀ ਦੋਨੋਂ ਜ਼ਿਹਾਫ਼ ਰੁਕਨ ਉੱਤੇ ਇਕੱਠੇ ਹੀ ਲੱਗਣਗੇ। ਇਹ ਨਹੀਂ ਕਿ ਸਾਲਿਮ ਰੁਕਨ ਉੱਤੇ ਇੱਕ ਜ਼ਿਹਾਫ਼ ਦਾ ਅਮਲ ਕਰ ਦਿੱਤਾ ਅਤੇ ਉਸਦੀ ਮੁਜ਼ਾਹਿਫ਼ ਸ਼ਕਲ ਮਿਲ ਗਈ ਅਤੇ ਫਿਰ ਉਸਦੇ ਬਾਅਦ ਉਸ ਮੁਜ਼ਾਹਿਫ਼ ਸ਼ਕਲ ਉੱਤੇ ਦੂਜੇ ਜ਼ਿਹਾਫ਼ ਦਾ ਅਮਲ ਕੀਤਾ। ਜ਼ਿਹਾਫ਼ ਹਮੇਸ਼ਾ ਸਾਲਿਮ ਰੁਕਨ ਉੱਤੇ ਹੀ ਲੱਗਦਾ ਹੈ ਬਿਗੜੀ ਸ਼ਕਲ ਉੱਤੇ ਨਹੀਂ।
ਹਵਾਲੇ
ਸੋਧੋ- ↑ میرصادقی، میمنت. واژهنامهٔ هنر شاعری: فرهنگ تفصیلیِ اصطلاحات فن شعر و سبکها و مکتبهای آن، چاپ سوم، انتشارات کتاب مهناز، تهران، ۱۳۸۵