ਜੈਨੀ ਵਾਨ ਵੇਸਟਫਾਲੇਨ

ਜੋਹੰਨਾ ਬੇਰਥਾ ਜੂਲੀ ਜੈਨੀ ਵਾਨ ਵੇਸਟਫਾਲੇਨ (12 ਫ਼ਰਵਰੀ 1814 - 2 ਦਸੰਬਰ 1881) ਦਾਰਸ਼ਨਿਕ ਕਾਰਲ ਮਾਰਕਸ ਦੀ ਪਤਨੀ ਸੀ। 1836 ਵਿੱਚ ਉਹਨਾਂ ਦੀ ਮੰਗਣੀ ਹੋ ਗਈ ਸੀ ਅਤੇ 1843 ਵਿੱਚ ਵਿਆਹ ਹੋ ਗਿਆ। ਉਹਨਾਂ ਦੇ ਸੱਤ ਬੱਚੇ ਸੀ ਜਿਹਨਾਂ ਵਿੱਚ 4 ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ।

ਜੈਨੀ ਮਾਰਕਸ
ਜਨਮ
ਜੈਨੀ ਵਾਨ ਵੇਸਟਫਾਲੇਨ

(1814-02-12)12 ਫਰਵਰੀ 1814
ਮੌਤ2 ਦਸੰਬਰ 1881(1881-12-02) (ਉਮਰ 67)

ਬਚਪਨ

ਸੋਧੋ

ਉਸਦਾ ਪਿਤਾ ਲੁਡਵਿਗ ਵਾਨ ਵੇਸਟਫਾਲੇਨ ਰਾਈਨ ਸੂਬੇ ਵਿੱਚ ਪ੍ਰੀਵੀ ਕੌਂਸਲ ਦਾ ਮੈਂਬਰ ਸੀ। ਹਾਈਨਰਿਖ਼ ਮਾਰਕਸ ਉਸਦਾ ਗੂੜਾ ਦੋਸਤ ਸੀ ਜੋ ਅਕਸਰ ਆਪਣੇ ਬੇਟੇ ਕਾਰਲ ਮਾਰਕਸ ਨਾਲ ਉਸਦੇ ਘਰ ਆਉਂਦਾ ਸੀ। ਲੁਡਵਿਗ ਵਾਨ ਵੇਸਟਫਾਲੇਨ ਸਾਹਿਤ ਦਾ ਰਸੀਆ ਸੀ ਤੇ ਉਸਨੂੰ ਹੋਮਰ ਤੇ ਸ਼ੇਕਸਪੀਅਰ ਜੁਬਾਨੀ ਯਾਦ ਸਨ। ਉਸਦੇ ਇਸ ਸ਼ੌਕ ਨੇ ਹੀ ਜੈਨੀ ਅਤੇ ਕਾਰਲ ਦੀ ਸਾਹਿਤ ਵਿੱਚ ਰੁਚੀ ਜਗਾਈ। ਜੈਨੀ ਦੀ ਕਾਰਲ ਮਾਰਕਸ ਨਾਲ਼ ਬਚਪਨ ਦੀ ਇਹ ਦੋਸਤੀ ਜਵਾਨੀ ਵਿੱਚ ਪਿਆਰ ਵਿੱਚ ਬਦਲ ਗਈ ਤੇ 19 ਜੂਨ 1843 ਵਿੱਚ ਉਹਨਾਂ ਨੇ ਵਿਆਹ ਕਰਵਾ ਲਿਆ।

ਪਰਿਵਾਰਿਕ ਜੀਵਨ

ਸੋਧੋ

ਜੈਨੀ ਅਤੇ ਕਾਰਲ ਮਾਰਕਸ ਦਾ ਪਰਿਵਾਰਕ ਜੀਵਨ ਤੰਗੀਆਂ-ਤੁਰਸ਼ੀਆਂ ਭਰਿਆ ਰਿਹਾ। ਵਿਆਹ ਤੋਂ ਫੌਰਨ ਬਾਅਦ ਪਰਸ਼ੀਆ ਤੋਂ ਜਲਾਵਤਨੀ ਕਾਰਨ ਉਹਨਾਂ ਨੂੰ ਪੈਰਿਸ ਜਾਣਾ ਪਿਆ। ਆਪਣੇ ਤਿੱਖੇ ਵਿਚਾਰਾਂ ਅਤੇ ਰਾਜਸੀ ਤੇ ਇਨਕਲਾਬੀ ਸਰਗਰਮੀਆਂ ਕਾਰਨ ਜਨਵਰੀ 1845 ਵਿੱਚ ਮਾਰਕਸ ਨੂੰ ਪੈਰਿਸ ਤੋਂ ਕੱਢ ਦਿਆ ਗਿਆ ਜਿੱਥੋਂ ਉਹ ਦੋਵੇਂ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਵਿੱਚ ਆ ਗਏ। 1848 ਦੇ ਇਨਕਲਾਬ ਦੀਆਂ ਘਟਨਾਵਾਂ ਵਿੱਚ ਇਹ ਇੱਕ ਵਾਰ ਫੇਰ ਕਲੋਨ (ਜਰਮਨੀ) ਚਲੇ ਗਏ। ਇੱਥੇ ਕਾਰਲ ਮਾਰਕਸ ਉੱਪਰ ਚੱਲੇ ਇੱਕ ਮੁਕੱਦਮੇ ਮਗਰੋਂ ਉਹਨਾਂ ਨੂੰ 16 ਮਈ 1849 ਨੂੰ ਕੱਢ ਦਿੱਤਾ ਗਿਆ। ਇੱਥੋਂ ਉਹ ਫੇਰ ਪੈਰਿਸ ਗਏ ਤੇ ਕੁੱਝ ਸਮੇਂ ਮਗਰੋਂ ਪੈਰਿਸ ਵਿੱਚੋਂ ਕੱਢ ਦਿੱਤੇ ਜਾਣ ਮਗਰੋਂ ਉਹ ਲੰਦਨ ਆ ਗਏ ਤੇ ਸਾਰੀ ਉਮਰ ਇੱਥੇ ਰਹੇ।

ਮਾਰਕਸ ਪਰਿਵਾਰ ਦੀ ਜ਼ਿੰਦਗੀ ਇੱਥੇ ਥੁੜਾਂ ਤੇ ਗਰੀਬੀ ਦੀ ਸ਼ਿਕਾਰ ਸੀ। ਮਾਰਕਸ ਨੇ ਆਪਣੀ ਪ੍ਰਤਿਭਾ ਨੂੰ ਕਿਸੇ ਚੰਗੀ ਨੌਕਰੀ ਦੀ ਥਾਂ ਮਨੁੱਖਤਾ ਦੀ ਮੁਕਤੀ ਦੇ ਕਾਜ ਦੇ ਲੇਖੇ ਲਾਈ ਰੱਖਿਆ। ਕੁੱਝ ਅਖ਼ਬਾਰਾਂ ਲਈ ਲਿਖਣ ਨਾਲ ਉਹਨਾਂ ਨੂੰ ਗੁਜਾਰੇ ਜੋਗੀ ਆਮਦਨ ਵੀ ਨਹੀਂ ਹੁੰਦੀ ਸੀ। ਇਸ ਮੌਕੇ ਫਰੈਡਰਿਕ ਏਂਗਲਜ਼ ਵੱਲੋਂ ਲਗਾਤਾਰ ਭੇਜੀ ਜਾਂਦੀ ਆਰਥਿਕ ਮਦਦ ਨੇ ਉਹਨਾਂ ਨੂੰ ਆਪਣਾ ਗੁਜਾਰਾ ਚਲਾਉਣ ਜੋਗਾ ਕਰ ਦਿੱਤਾ। ਜੈਨੀ ਮਾਰਕਸ ਨੇ 7 ਬੱਚਿਆਂ ਨੂੰ ਜਨਮ ਦਿੱਤਾ ਪਰ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਸੱਤਾਂ ਵਿੱਚ 4 ਬੱਚੇ ਛੋਟੀ ਉਮਰ ਵਿੱਚ ਹੀ ਮਰ ਗਏ। ਉਹਨਾਂ ਦੀਆਂ ਤਿੰਨ ਧੀਆਂ ਜੈਨੀ ਕੈਰੋਲਿਨ, ਜੈਨੀ ਲੌਰਾ ਇਲੀਨੌਰਾ, ਜੂਲੀਆ ਇਲੀਨੌਰਾ ਹੀ ਬਾਲਗ ਹੋਕੇ ਆਪਣੇ ਪਰਿਵਾਰਕ ਜੀਵਨ ਵਿੱਚ ਦਾਖਲ ਹੋਈਆਂ।[1] ਪਰਿਵਾਰ ਦੀ ਇਸ ਹਾਲਤ ਦਾ ਅੰਦਾਜ਼ਾ ਜੈਨੀ ਵੱਲੋਂ ਲਿਖੀਆਂ ਯਾਦਾਂ ਵਿਚਲੇ ਇਹਨਾਂ ਸ਼ਬਦਾਂ ਤੋਂ ਲੱਗ ਸਕਦਾ ਹੈ, “1852 ਵਿੱਚ ਈਸਟਰ ਦੇ ਦਿਨ ਸਾਡੀ ਛੋਟੀ ਫਰਾਂਸਿਸਕਾ ਨੂੰ ਸਖ਼ਤ ਖ਼ੰਘ ਹੋ ਗਈ। ਤਿੰਨ ਦਿਨ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਦੀ ਰਹੀ। ਉਸ ਨੂੰ ਭਿਆਨਕ ਕਸ਼ਟ ਸਹਿਣਾ ਪਿਆ। ਉਸ ਦੇ ਮਰ ਜਾਣ ਉੱਤੇ ਉਸ ਦੇ ਛੋਟੇ ਜਿਹੇ ਨਿਰਜ਼ਿੰਦ ਸਰੀਰ ਨੂੰ ਪਿਛਲੇ ਕਮਰੇ ਵਿੱਚ ਛੱਡ ਕੇ ਅਸੀਂ ਅਗਲੇ ਕਮਰੇ ਵਿੱਚ ਆ ਗਏ ਅਤੇ ਰਾਤ ਨੂੰ ਉੱਥੇ ਹੀ ਫਰਸ਼ ਉੱਤੇ ਆਪਣੇ ਬਿਸਤਰੇ ਲਾ ਲਏ। ਸਾਡੇ ਤਿੰਨੇ ਜਿਉਂਦੇ ਬੱਚੇ ਸਾਡੇ ਕੋਲ਼ ਲੇਟੇ ਸਨ ਅਤੇ ਅਸੀਂ ਸਾਰੇ ਉਸ ਛੋਟੀ ਜਿਹੀ ਬੱਚੀ ਲਈ ਰੋਂਦੇ ਰਹੇ ਜਿਸ ਦੀ ਨਿਰਜ਼ਿੰਦ ਲਾਸ਼ ਨਾਲ਼ ਦੇ ਕਮਰੇ ਵਿੱਚ ਪਈ ਸੀ। ਉਸ ਪਿਆਰੀ ਬੱਚੀ ਦੀ ਮੌਤ ਸਖ਼ਤ ਕਮੀਆਂ ਦੌਰਾਨ ਹੋਈ, ਠੀਕ ਉਸੇ ਸਮੇਂ ਜਦੋਂ ਸਾਡੇ ਜਰਮਨ ਮਿੱਤਰ ਵੀ ਸਾਡੀ ਸਹਾਇਤਾ ਕਰਨ ਵਿੱਚ ਅਸਮਰੱਥ ਸਨ। ਅਰਨੈਸਟ ਜੋਨਜ਼ ਨੇ, ਜੋ ਉਹਨੀਂ ਦਿਨੀਂ ਸਾਡੇ ਕੋਲ਼ ਅਕਸਰ ਤੇ ਦੇਰ-ਦੇਰ ਲਈ ਆਇਆ ਕਰਦੇ ਸਨ, ਸਾਡੀ ਸਹਾਇਤਾ ਕਰਨ ਦਾ ਵਾਅਦਾ ਕੀਤਾ, ਪਰ ਉਹ ਵੀ ਕੁੱਝ ਨਾ ਕਰ ਸਕੇ… ਬਹੁਤ ਭਾਰੇ ਮਨ ਨਾਲ਼ ਮੈਂ ਝਟਪਟ ਇੱਕ ਫ਼ਰਾਂਸੀਸੀ ਪ੍ਰਵਾਸੀ ਦੇ ਘਰ ਗਈ ਜੋ ਸਾਥੋਂ ਬਹੁਤੀ ਦੂਰ ਨਹੀਂ ਰਹਿੰਦੇ ਸਨ ਅਤੇ ਸਾਨੂੰ ਮਿਲਣ ਆਇਆ ਕਰਦੇ ਸਨ। ਮੈਂ ਉਹਨਾਂ ਨੂੰ ਉਸ ਭਿਆਨਕ ਮੁਸ਼ਕਲ ਵਿੱਚ ਸਹਾਇਤਾ ਲਈ ਬੇਨਤੀ ਕੀਤੀ ਤੇ ਉਹਨਾਂ ਬਹੁਤ ਮਿੱਤਰਤਾ ਭਰੀ ਹਮਦਰਦੀ ਨਾਲ਼ ਮੈਨੂੰ ਤੁਰੰਤ ਦੋ ਪੌਂਡ ਦੇ ਦਿੱਤੇ। ਉਸ ਧਨ ਦੀ ਵਰਤੋਂ ਉਸ ਤਾਬੂਤ ਦੇ ਪੈਸੇ ਅਦਾ ਕਰਨ ਲਈ ਕੀਤੀ ਗਈ ਜਿਸ ਵਿੱਚ ਮੇਰੀ ਬੱਚੀ ਸਦੀਵੀ ਨੀਂਦ ਵਿੱਚ ਲੇਟੀ ਹੋਈ ਹੈ। ਜਨਮ ਲੈਣ ਉੱਤੇ ਉਸ ਨੂੰ ਪਾਲਣਾ ਨਸੀਬ ਨਾ ਹੋਇਆ ਅਤੇ ਬਹੁਤ ਸਮੇਂ ਤੱਕ ਅੰਤਮ ਆਰਾਮ-ਥਾਂ ਤੋਂ ਵੀ ਵਾਂਝੀ ਰਹੀ। ਕਿੰਨੇ ਦੁਖੀ ਮਨ ਨਾਲ਼ ਅਸੀਂ ਉਸ ਤੋਂ ਵਿਦਾਇਗੀ ਲਈ!”

ਇਹਨਾਂ ਹਾਲਤ ਵਿੱਚ ਵੀ ਰਾਠ ਪਰਿਵਾਰ ਦੀ ਧੀ ਜੈਨੀ ਵਾਨ ਵੇਸਫਾਲੇਨ ਨੇ ਨਾ ਤਾਂ ਕਦੇ ਮਾਰਕਸ ਦਾ ਦਾ ਸਾਥ ਛੱਡਿਆ ਤੇ ਨਾ ਹੀ ਇਹਨਾਂ ਤੰਗੀਆਂ ਬਾਰੇ ਕੋਈ ਸ਼ਿਕਾਇਤ ਕੀਤੀ ਸਗੋਂ ਸਿਰੜ ਨਾਲ ਮਾਰਕਸ ਦਾ ਸਭ ਕੰਮਾਂ ਵਿੱਚ ਸਾਥ ਦਿੱਤਾ। ਕੋਈ ਵੀ ਦੁੱਖ, ਮੁਸੀਬਤ ਤੇ ਵੱਧਦੀ ਉਮਰ ਉਹਨਾਂ ਦੀ ਮੁਹੱਬਤ ਨੂੰ ਕਮਜ਼ੋਰ ਨਾ ਕਰ ਸਕੇ ਸਗੋਂ ਇਸਦੇ ਉਲਟ ਬਦਨਸੀਬੀ, ਦੁੱਖ ਉਹਨਾਂ ਨੂੰ ਇੱਕ-ਦੂਜੇ ਦੇ ਹੋਰ ਨੇੜੇ ਲੈ ਆਉਂਦੇ ਸਨ। ਉਹਨਾਂ ਦੋਵਾਂ ਦੇ ਨਿੱਜੀ ਜੀਵਨ ਦੀ ਇੱਕ ਦਿਲਚਸਪ ਝਲਕ ਉਹਨਾਂ ਦੀ ਧੀ ਏਲੀਨੋਰਾ ਦੀਆਂ ਯਾਦਾਂ ਵਿੱਚੋਂ ਵੀ ਮਿਲਦੀ ਹੈ: “ਮੈਂ ਕਦੇ -ਕਦੇ ਸੋਚਦੀ ਹਾਂ ਕਿ ਉਹਨਾਂ ਨੂੰ ਆਪਸ ਵਿੱਚ ਬੰਨ੍ਹਣ ਵਾਲ਼ੀ ਮਜ਼ਬੂਤ ਕੜੀ ਜਿੰਨੀ ਮਜ਼ਦੂਰਾਂ ਦੇ ਕਾਜ਼ ਪ੍ਰਤੀ ਉਹਨਾਂ ਦੀ ਵਫ਼ਾਦਾਰੀ ਸੀ, ਓਨੀ ਹੀ ਉਹਨਾਂ ਦਾ ਹਸਮੁੱਖ ਹੋਣਾ ਵੀ ਸੀ। ਉਹਨਾਂ ਦੋਵਾਂ ਨਾਲ਼ੋਂ ਵੱਧ ਕੇ ਕਿਸੇ ਮਜ਼ਾਕ ਦਾ ਰਸ ਨਿਸ਼ਚੇ ਹੀ ਕਿਸੇ ਹੋਰ ਨੇ ਨਹੀਂ ਲਿਆ ਹੋਵੇਗਾ। ਮੈਂ ਉਹਨਾਂ ਨੂੰ ਵਾਰ-ਵਾਰ, ਖ਼ਾਸ ਕਰ ਜਦੋਂ ਮੌਕਾ ਸੁਚੱਜੇ ਤੇ ਸੰਤੁਲਤ ਵਰਤਾਓ ਦੀ ਮੰਗ ਕਰਦਾ ਸੀ, ਅੱਥਰੂ ਨਿਕਲ ਆਉਣ ਤੱਕ ਹੱਸਦੇ ਦੇਖਿਆ ਹੈ ਅਤੇ ਜੋ ਲੋਕ ਇਸ ਤਰ੍ਹਾਂ ਦੇ ਮਨਮੌਜ਼ੀਪਣ ਤੇ ਨੱਕ ਚੜ੍ਹਾਉਣ ਦੀ ਰੁਚੀ ਰੱਖਦੇ ਸਨ, ਉਹ ਵੀ ਉਹਨਾਂ ਨਾਲ਼ ਮਿਲ ਕੇ ਹੱਸਣ ਤੋਂ ਸਿਵਾ ਕੁੱਝ ਨਹੀਂ ਕਰ ਸਕਦੇ ਸਨ ਤੇ ਕਿੰਨੀ ਵਾਰ ਮੈਂ ਇਹ ਵੀ ਦੇਖਿਆ ਕਿ ਉਹ ਇੱਕ -ਦੂਸਰੇ ਵੱਲ ਦੇਖਣ ਦੀ ਜੁਰਅਤ ਨਹੀਂ ਕਰਦੇ ਸਨ ਕਿਉਂਕਿ ਦੋਵੇਂ ਹੀ ਜਾਣਦੇ ਸਨ ਕਿ ਨਜ਼ਰਾਂ ਮਿਲਦੇ ਹੀ ਬੇਵਸ ਠਹਾਕਾ ਫੁੱਟ ਪਏਗਾ। ਇਹਨਾਂ ਦੋਵਾਂ ਵਿਅਕਤੀਆਂ ਨੂੰ ਆਪਣੇ ਤੋਂ ਸਿਵਾ ਕਿਸੇ ਵੀ ਚੀਜ਼ ਉੱਤੇ ਨਜ਼ਰ ਗੱਡਣ ਤੇ ਹਾਸਾ ਰੋਕਣ ਕਾਰਨ ਜੋ ਆਖਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਫੁੱਟ ਪੈਂਦਾ ਸੀ, ਬਿਲਕੁਲ ਸਕੂਲੀ ਬੱਚਿਆਂ ਵਾਂਗ, ਘੁਟਣ ਮਹਿਸੂਸ ਕਰਕੇ ਦੇਖਣ ਦੀ ਮੈਨੂੰ ਅਜਿਹੀ ਯਾਦ ਹੈ ਜਿਸ ਨੂੰ ਮੈਂ ਲੱਖਾਂ-ਕਰੋੜਾਂ ਨਾਲ਼ ਵੀ ਬਦਲਣਾ ਨਹੀਂ ਚਾਹਾਂਗੀ, ਜਿਹਨਾਂ ਨੂੰ ਵਿਰਸੇ ਵਿੱਚ ਪ੍ਰਾਪਤ ਕਰਨ ਦਾ ਸਿਹਰਾ ਮੈਨੂੰ ਦਿੱਤਾ ਜਾਂਦਾ ਹੈ। ਜੀ ਹਾਂ, ਸਾਰੀਆਂ ਤਕਲੀਫ਼ਾਂ, ਸਾਰੇ ਸੰਘਰਸ਼ਾਂ ਤੇ ਸਾਰੀਆਂ ਨਿਰਾਸ਼ਾਵਾਂ ਦੇ ਬਾਵਜੂਦ ਉਹ ਖੁਸ਼-ਮਿਜਾਜ਼ ਜੋੜੀ ਸੀ।”

ਰਾਜਸੀ ਜੀਵਨ

ਸੋਧੋ

ਜੈਨੀ ਨਾ ਸਿਰਫ਼ ਮਾਰਕਸ ਦੀ ਮਦਦ ਕਰਦੀ ਸੀ ਸਗੋਂ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਦੀ ਵੀ ਹਰ ਸੰਭਵ ਮਦਦ ਨਾਲ ਸਮੁੱਚੀ ਲਹਿਰ ਦੀ ਮਦਦ ਕਰਦੀ ਸੀ। ਮਾਰਕਸ ਦੀ ਆਪਣੀ ਲਿਖਾਈ ਬਹੁਤ ਭੈੜੀ ਸੀ ਇਸ ਲਈ ਜੈਨੀ ਮਾਰਕਸ ਦੀਆਂ ਲਿਖਤਾਂ ਦੀ ਨਕਲ਼ ਤਿਆਰ ਕਰਦੀ ਤਾਂ ਜੋ ਉਹ ਬਾਕੀਆਂ ਦੇ ਪੜ੍ਹਨ ਦੇ ਯੋਗ ਹੋ ਸਕਣ। ਉਸਨੇ ਮਾਰਕਸ ਦੀਆਂ ਅਨੇਕਾਂ ਲਿਖਤਾਂ, ਚਿੱਠੀਆਂ ਆਦਿ ਦੀਆਂ ਨਕਲਾਂ ਤਿਆਰ ਕੀਤੀਆਂ। ਜੈਨੀ ਪਾਰਟੀ ਦੇ ਕੰਮਾਂ ਵਿੱਚ ਹਰਕਾਰੇ ਦਾ ਕੰਮ ਕਰਦੀ, ਜਰੂਰੀ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੀ ਰਹੀ। ਉਹ ਮਾਣ ਨਾਲ ਆਪਣੇ-ਆਪ ਨੂੰ ਇੱਕ ਪਾਰਟੀ ਕਾਰਕੁੰਨ ਸਮਝਦੀ ਸੀ। ਜੈਨੀ ਨੇ ਥੀਏਟਰ ਬਾਰੇ ਕਈ ਅਲੋਚਨਾਤਮਕ ਲੇਖ ਵੀ ਲਿਖੇ ਹਨ।[2]

ਜੈਨੀ ਨਾ ਸਿਰਫ਼ ਮਾਰਕਸ ਦੀ ਮਦਦ ਕਰਦੀ ਸੀ ਸਗੋਂ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਦੀ ਵੀ ਹਰ ਸੰਭਵ ਮਦਦ ਨਾਲ ਸਮੁੱਚੀ ਲਹਿਰ ਦੀ ਮਦਦ ਕਰਦੀ ਸੀ। ਲੰਡਨ ਦਾ ਇਹ ਮਾਰਕਸ ਪਰਿਵਾਰ ਖੁਦ ਫਾਕੇ ਕੱਟਣ ਲਈ ਮਜ਼ਬੂਰ ਸੀ, ਪਰ ਜੈਨੀ ਸਦਕਾ ਇੱਥੋਂ ਸਭ ਸਿਆਸੀ ਜਲਾਵਤਨਾਂ ਨੂੰ ਹਮੇਸ਼ਾ ਸ਼ਰਨ ਤੇ ਮਦਦ ਮਿਲਦੀ ਸੀ। ਉਹ ਆਏ ਮਹਿਮਾਨਾਂ ਦਾ ਖੁਸ਼ੀ ਨਾਲ ਸਵਾਗਤ ਕਰਦੀ ਤੇ ਉਹਨਾਂ ਨਾਲ ਸਲੀਕੇ ਨਾਲ ਪੇਸ਼ ਆਉਂਦੀ। ਮਾਰਕਸ ਪਰਿਵਾਰ ਵਿੱਚ ਆ ਕੇ ਹਰ ਕੋਈ ਦੋਸਤਾਨਾ ਮਹੌਲ਼ ਮਹਿਸੂਸ ਕਰਦਾ। ਮਾਰਕਸ ਪਰਿਵਾਰ ਦੇ ਮਹਿਮਾਨ ਬਣੇ ਅਨੇਕਾਂ ਜਣਿਆਂ ਨੇ ਆਪਣੀਆਂ ਯਾਦਾਂ ਵਿੱਚ ਇਸ ਬਾਰੇ ਲਿਖਿਆ ਹੈ। ਵਿਲਹੈਲਮ ਲੀਬਕਨੇਖਤ ਨੇ ਲਿਖਿਆ ਹੈ “ਸ਼੍ਰੀਮਤੀ ਮਾਰਕਸ ਦਾ ਪ੍ਰਭਾਵ ਸਾਡੇ ਉੱਤੇ ਮਾਰਕਸ ਨਾਲੋਂ ਵੀ ਪ੍ਰਬਲ ਹੁੰਦਾ।… ਮੇਰੇ ਲਈ ਉਹ ਮਾਂ, ਮਿੱਤਰ, ਰਾਜਦਾਨ ਅਤੇ ਸਲਾਹਕਾਰ ਸੀ। ਮੇਰੇ ਲਈ ਉਹ ਇੱਕ ਆਦਰਸ਼ਕ ਔਰਤ ਸੀ ਤੇ ਹੈ।” ਇਸੇ ਤਰ੍ਹਾਂ ਫਰੈਡਰਿਖ ਲੈਸਨਰ ਨੇ ਲਿਖਿਆ “ਮੈਨੂੰ ਉਹ ਸੁਹਾਵਣਾ ਸਮਾਂ ਕਦੇ ਨਹੀਂ ਭੁੱਲੇਗਾ ਜੋ ਕਈ ਹੋਰਨਾਂ ਵਾਂਗ ਮੈਂ ਮਾਰਕਸ ਪਰਿਵਾਰ ਵਿੱਚ ਬਿਤਾਇਆ। ਸ਼੍ਰੀਮਤੀ ਮਾਰਕਸ ਖਾਸ ਕਰਕੇ ਡੂੰਘਾ ਪ੍ਰਭਾਵ ਪਾਉਂਦੀ ਸੀ। ਉਹ ਇੱਕ ਲੰਮੀ, ਬਹੁਤ ਹੀ ਖੂਬਸੂਰਤ ਔਰਤ ਸੀ, ਬੜੀ ਵਿਲੱਖਣ ਅਤੇ ਇਸ ਦੇ ਬਾਵਜੂਦ ਨੇਕ ਸੁਭਾਅ ਵਾਲੀ, ਪਿਆਰ ਕਰਨ ਵਾਲੀ, ਖੁਸ਼ ਮਿਜ਼ਾਜ ਅਤੇ ਘੁਮੰਡ ਤੇ ਕਠੋਰਤਾ ਤੋਂ ਏਨੀ ਮੁਕਤ ਕਿ ਬੰਦਾ ਉਹਦੀ ਮੌਜੂਦਗੀ ਵਿੱਚ ਏਨਾ ਸੌਖਾ-ਸੌਖਾ ਅਤੇ ਘਰ ਵਾਂਗ ਮਹਿਸੂਸ ਕਰਦਾ ਜਿੰਨਾ ਕੋਈ ਆਪਣੀ ਮਾਂ ਜਾਂ ਭੈਣ ਕੋਲ ਕਰਦਾ।,,, ਉਹਦੇ ਅੰਦਰੋਂ ਮਜ਼ਦੂਰ ਜਮਾਤ ਲਈ ਉਤਸ਼ਾਹ ਡੁੱਲ-ਡੁੱਲ ਪੈਂਦਾ ਸੀ ਅਤੇ ਬੁਰਜੂਆਜੀ ਖਿਲਾਫ਼ ਹਰ ਸਫ਼ਲਤਾ ਭਾਵੇਂ ਉਹ ਕਿੰਨੀ ਵੀ ਛੋਟੀ ਹੁੰਦੀ, ਉਸ ਨੂੰ ਵੱਡੀ ਤੋਂ ਵੱਡੀ ਤਸੱਲੀ ਅਤੇ ਖੁਸ਼ੀ ਦਿੰਦੀ ਸੀ।”[3]

ਜੈਨੀ ਦਾ ਸਬਰ ਤੇ ਸਿਰੜ ਹੋਣੀ ਨੂੰ ਨਾਉਮੀਦੀ ਨਾਲ ਪ੍ਰਵਾਨ ਕਰ ਲੈਣ, ਕਿਸੇ ਅਖੌਤੀ ਰੱਬ ਦੀ ਰਜਾ ਵਿੱਚ ਰਹਿਣ ਜਾਂ ਆਪਣੇ ਪਤੀ ਪ੍ਰਤੀ ਧਾਰਮਿਕ ਕਿਸਮ ਦੀ ਸ਼ਰਧਾ ਵਿੱਚੋਂ ਹਰਗਿਜ਼ ਵੀ ਪੈਦਾ ਨਹੀਂ ਹੋਇਆ  ਸੀ। ਸਗੋਂ ਉਸਦਾ ਇਹ ਸਿਰੜ ਮਨੁੱਖਤਾ ਦੇ ਲੇਖੇ ਆਪਣਾ ਜੀਵਨ ਲਾਉਣ ਦੇ ਜਜ਼ਬੇ ਵਿੱਚੋਂ ਪੈਦਾ ਹੋਇਆ ਸੀ। ਆਪਣੇ ਪਰਿਵਾਰ ਦੇ ਇੱਕ ਦੋਸਤ ਜੋਜਫ ਵੈਡਮੇਅਰ ਨੂੰ ਲਿਖੇ ਖਤ ਵਿੱਚ ਆਰਥਿਕ ਔਕੜਾਂ ਦਾ ਜ਼ਿਕਰ ਕਰਦਿਆਂ ਜੈਨੀ ਨੇ ਉਸ ਵਿੱਚ ਸਪਸ਼ਟ ਤੌਰ ‘ਤੇ ਇਹ ਵੀ ਲਿਖਿਆ ਕਿ “ਇਹ ਨਾ ਸੋਚਣਾ ਕਿ ਇਹਨਾਂ ਤੁੱਛ ਫ਼ਿਕਰਾਂ ਨੇ ਮੈਨੂੰ ਝੁਕਾ ਦਿੱਤਾ ਹੈ, ਮੈਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਸਾਡਾ ਸੰਘਰਸ਼ ਇਕੱਲਾ-ਇਕਹਿਰਾ ਨਹੀਂ ਹੈ।”

ਆਰਥਿਕ ਤੰਗੀ ਦੀ ਹਾਲਤ ਵਿੱਚ ਜਿੱਥੇ ਚਾਰ ਬੱਚਿਆਂ ਦੀ ਮੌਤ ਹੋ ਗਈ ਉੱਥੇ ਚੰਗੀ ਖੁਰਾਕ-ਹਵਾ ਨਾ ਮਿਲਣ ਅਤੇ ਕੰਮ ਦੇ ਅਥਾਹ ਬੋਝ ਕਾਰਨ ਮਾਰਕਸ ਤੇ ਜੈਨੀ ਦੀ ਸਿਹਤ ਵੀ ਨਕਾਰਾ ਹੁੰਦੀ ਗਈ। ਦੋਵਾਂ ਨੂੰ ਹੀ ਕਈ ਵਾਰ ਕਈ-ਕਈ ਦਿਨ ਬਿਸਤਰੇ ਉੱਪਰ ਗੁਜ਼ਾਰਨੇ ਪਏ। ਠੀਕ ਹੁੰਦਿਆਂ ਹੀ ਉਹ ਦੋਵੇਂ ਫਿਰ ਤੋਂ ਪੂਰੇ ਵੇਗ ਨਾਲ ਕੰਮ ਵਿੱਚ ਜੁੱਟ ਜਾਂਦੇ। ਜੈਨੀ ਬਿਮਾਰੀ ਦੀ ਹਾਲਤ ਵਿੱਚ ਵੀ ਆਖ਼ਰੀ ਵਰ੍ਹਿਆਂ ਤੱਕ ਕਾਫ਼ੀ ਕੰਮ ਕਰਦੀ ਰਹੀ।

2 ਦਸੰਬਰ 1881 ਨੂੰ ਗੰਭੀਰ ਬਿਮਾਰੀ ਕਾਰਨ ਕਈ ਦਿਨ ਬਿਸਤਰੇ ਉੱਪਰ ਰਹਿਣ ਮਗਰੋਂ ਜੈਨੀ ਦੀ ਮੌਤ ਹੋਈ। ਉਸਦੇ ਵਿਸ਼ਾਲ ਤੇ ਬਹੁ-ਭਾਂਤੇ ਜੀਵਨ ਦੀ ਇਸ ਚਰਚਾ ਲਈ ਆਖ਼ਰੀ ਸ਼ਬਦਾਂ ਵਜ਼ੋਂ ਸਭ ਤੋਂ ਬਿਹਤਰ ਤੇ ਸਨਮਾਨਯੋਗ ਸ਼ਬਦ ਉਹੀ ਹੋ ਸਕਦੇ ਹਨ ਜੋ ਫ਼ਰੈਡਰਿਕ ਏਂਗਲਜ਼ ਵੱਲੋਂ ਉਸਦੀ ਕਬਰ ਉੱਤੇ ਕਹੇ ਗਏ ਸਨ। ਉਹਨਾਂ ਕਿਹਾ ਸੀ:

”ਅਜਿਹੀ ਅੰਤਰ-ਭੇਦੀ ਅਲੋਚਨਾਤਮਕ ਪ੍ਰਤਿਭਾ, ਅਜਿਹੀ ਸਿਆਸੀ ਕੰਮ-ਯੋਗਤਾ, ਅਜਿਹੀ ਤੇਜੱਸਵੀ ਤੇ ਤਿੱਖੇ ਉਤਸ਼ਾਹੀ ਚਰਿੱਤਰ ਅਤੇ ਆਪਣੇ ਸੰਘਰਸ਼-ਸ਼ੀਲ ਸਾਥੀਆਂ ਪ੍ਰਤੀ ਅਜਿਹੀ ਵਫ਼ਾਦਾਰੀ ਵਾਲ਼ੀ ਇਸ ਔਰਤ ਨੇ ਲਗਭਗ ਚਾਲੀ ਸਾਲ ਤੱਕ ਲਹਿਰ ਲਈ ਕੀ ਕੁੱਝ ਕੀਤਾ, ਆਮ ਲੋਕ ਇਹ ਗੱਲ ਨਹੀਂ ਜਾਣਦੇ, ਸਾਡੇ ਸਮੇਂ ਦੇ ਅਖ਼ਬਾਰਾਂ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਹੈ। ਇਸਨੂੰ ਤਾਂ ਉਹੋ ਜਾਣ ਸਕਦਾ ਹੈ ਜਿਸ ਨੂੰ ਇਸ ਦਾ ਅਹਿਸਾਸ ਹੋਇਆ ਹੋਵੇ। ਪਰ ਮੈਂ ਏਨਾ ਜ਼ਰੂਰ ਜਾਣਦਾ ਹਾਂ ਕਿ ਕਮਿਊਨ ਦੇ ਪ੍ਰਵਾਸੀਆਂ ਦੀਆਂ ਪਤਨੀਆਂ ਉਹਨਾਂ ਨੂੰ ਅਕਸਰ ਯਾਦ ਕਰਨਗੀਆਂ ਤਾਂ ਸਾਨੂੰ ਦੂਸਰਿਆਂ ਨੂੰ ਅਕਸਰ ਉਹਨਾਂ ਦੀ ਸੁਲਝੀ ਹੋਈ ਤੇ ਅਕਲਮੰਦੀ ਵਾਲ਼ੀ ਸਲਾਹ ਦੀ ਘਾਟ ਮਹਿਸੂਸ ਹੋਵੇਗੀ—ਉਸ ਸੁਲਝੀ ਹੋਈ ਸਲਾਹ ਦੀ ਘਾਟ, ਜੋ ਅਡੰਬਰ-ਹੀਣ ਹੁੰਦੀ ਸੀ; ਉਹ ਅਕਲਮੰਦੀ ਵਾਲ਼ੀ ਸਲਾਹ ਜੋ ਵਕਾਰ ਦੇ ਕਿਸੇ ਸੁਆਲ ਉੱਤੇ ਨਹੀਂ ਝੁਕਣਾ ਚਾਹੁੰਦੀ ਸੀ।

"ਉਹਨਾਂ ਦੇ ਨਿੱਜੀ ਵਿਅਕਤੀਗਤ ਗੁਣਾਂ ਦੀ ਗੱਲ ਕਰਨਾ ਮੈਂ ਜ਼ਰੂਰੀ ਨਹੀਂ ਸਮਝਦਾ। ਉਹਨਾਂ ਦੇ ਮਿੱਤਰ ਉਹਨਾਂ ਨੂੰ ਜਾਣਦੇ ਹਨ ਤੇ ਭੁੱਲਣਗੇ ਨਹੀਂ। ਜੇ ਸੰਸਾਰ ਵਿੱਚ ਕਦੇ ਕੋਈ ਅਜਿਹੀ ਔਰਤ ਹੋਈ ਹੈ, ਜਿਸ ਦਾ ਸਭ ਤੋਂ ਵੱਡਾ ਸੁੱਖ ਦੂਸਰਿਆਂ ਨੂੰ ਸੁਖੀ ਬਣਾਉਣਾ ਰਿਹਾ ਤਾਂ ਉਹ ਇਹੋ ਔਰਤ ਸੀ।”

ਹਵਾਲੇ

ਸੋਧੋ
  1. https://en.wikipedia.org/wiki/Jenny_von_Westphalen. {{cite web}}: Missing or empty |title= (help)
  2. "Jenny Marx Critical Reviews". www.marxists.org. Retrieved 2019-01-16.
  3. "ਜੈਨੀ ਮਾਰਕਸ •ਗੁਰਪ੍ਰੀਤ". ਲਲਕਾਰ - ਪੰਦਰਵਾਡ਼ਾ ਇਨਕਲਾਬੀ ਅਖਬਾਰ (in ਅੰਗਰੇਜ਼ੀ). 2015-12-28. Retrieved 2019-01-16.