ਝਬਾਲ
ਪਿੰਡ ਝਬਾਲ ਅੰਮ੍ਰਿਤਸਰ-ਖੇਮਕਰਨ ਰੋਡ ’ਤੇ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦਾ ਮਾਝੇ ਦਾ ਇਤਿਹਾਸਕ ਪਿੰਡ ਹੈ। ਝਬਾਲ ਨੂੰ ਸੁਤੰਤਰਤਾ ਸੰਗਰਾਮੀਆਂ, ਰਾਜਨੀਤਕ ਆਗੂਆਂ ਤੇ ਸਾਹਿਤਕਾਰਾਂ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਝਬਾਲ ਦੇ ਨਾਮਕਰਨ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਲੰਮੀ-ਚੌੜੀ ਢਾਬ ਹੋਣ ਕਰਕੇ ਇਲਾਕਾ ਸਿੱਲ੍ਹਾ ਸੀ। ਇੱਥੇ ਪਹਿਲਾਂ ਸੰਘਣਾ ਜੰਗਲ ਸੀ। ਇਸੇ ਕਾਰਨ ਇਸ ਨੂੰ ਪਹਿਲਾਂ ਛੰਭਵਾਲਾ ਤੇ ਝਲਵਾਲਾ ਕਿਹਾ ਜਾਣ ਲੱਗ ਪਿਆ ਅਤੇ ਇਨ੍ਹਾਂ ਨਾਵਾਂ ਤੋਂ ਹੀ ਵਿਗੜਦਾ ਝਬਾਲ ਨਾਮ ਪੈ ਗਿਆ। ਇਹ ਪਿੰਡ 14ਵੀਂ ਸਦੀ ਵਿੱਚ ਵਸਿਆ ਹੋਇਆ ਹੈ।
ਪਿੰਡ ਦੇ ਗੁਰਦੁਆਰੇ
ਸੋਧੋਇਸ ਪਿੰਡ ਵਿੱਚ ਚਾਰ ਇਤਿਹਾਸਕ ਗੁਰਦੁਆਰੇ ਹਨ। ਇਨ੍ਹਾਂ ਵਿੱਚ ਗੁਰਦੁਆਰਾ ਬੀਬੀ ਵੀਰੋ ਜੀ, ਗੁਰਦੁਆਰਾ ਮਾਤਾ ਭਾਗੋ ਜੀ, ਗੁਰਦੁਆਰਾ ਬਾਬਾ ਸਿਧਾਨਾ ਜੀ ਤੇ ਗੁਰਦੁਆਰਾ ਬਾਬਾ ਲੰਗਾਹ ਜੀ ਸ਼ਾਮਲ ਹਨ। ਗੁਰਦੁਆਰਾ ਬੀਬੀ ਵੀਰੋ ਦੀ ਗੱਲ ਕਰੀਏ ਤਾਂ ਬੀਬੀ ਵੀਰੋ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਦਮੋਦਰੀ ਦੀ ਸਪੁੱਤਰੀ ਸੀ ਜਿਹਨਾਂ ਦਾ ਜਨਮ 1615 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹ ਪੰਜ ਭਰਾਵਾਂ ਬਾਬਾ ਗੁਰਦਿੱਤਾ ਜੀ, ਬਾਬਾ ਅਲੀ ਰਾਏ, ਬਾਬਾ ਅਟੱਲ ਰਾਏ, ਬਾਬਾ ਸੂਰਜ ਮੱਲ ਤੇ ਬਾਬਾ ਤੇਗਮੱਲ (ਗੁਰੂ ਤੇਗ ਬਹਾਦਰ ਜੀ) ਤੋਂ ਛੋਟੇ ਸਨ। ਬੀਬੀ ਵੀਰੋ ਦਾ ਸਾਹਾ 26 ਜੇਠ 1685 ਸੰਮਤ ਨੂੰ ਭਾਈ ਸਾਧੂ ਪੁੱਤਰ ਬਾਬਾ ਧਰਮਾ ਪਿੰਡ ਮੱਲਾਂ ਜ਼ਿਲ੍ਹਾ ਬਠਿੰਡਾ ਨਾਲ ਸਾਧਿਆ ਗਿਆ। ਗੁਰੂ ਪਰਿਵਾਰ ਅਤੇ ਗੁਰੂ ਸੇਵਕ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਸਨ। ਸ਼ਾਹਜਹਾਂ ਨੇ ਮੁਖਲੱਸ ਖਾਂ ਦੀ ਅਗਵਾਈ ਹੇਠ 10 ਹਜ਼ਾਰ ਦੀ ਫ਼ੌਜ ਨਾਲ 23 ਜੇਠ 1685 ਸੰਮਤ ਨੂੰ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ ਵਿਖੇ ਘਮਸਾਨ ਦਾ ਯੁੱਧ ਹੋਇਆ। ਗੁਰੂ ਜੀ ਇਹ ਜਾਣਦੇ ਸਨ ਕਿ ਇਹ ਯੁੱਧ ਜਲਦੀ ਮੁੱਕਣ ਵਾਲਾ ਨਹੀਂ ਹੈ। ਇਸ ਲਈ ਉਹਨਾਂ ਬੀਬੀ ਵੀਰੋ ਦਾ ਵਿਆਹ ਮਿੱਥੇ ਸਾਹੇ ’ਤੇ (26 ਜੇਠ ਸੰਮਤ 1685) ਬਾਬਾ ਲੰਗਾਹ ਦੀ ਹਵੇਲੀ ਝਬਾਲ ਵਿਖੇ ਕੀਤਾ ਜਿੱਥੇ ਹੁਣ ਗੁਰਦੁਆਰਾ ਬੀਬੀ ਵੀਰੋ ਜੀ ਸੁਸ਼ੋਭਿਤ ਹੈ। ਇੱਥੇ ਹਰ ਸਾਲ 26 ਜੇਠ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਦੂਜਾ ਗੁਰਦੁਆਰਾ ਮਾਤਾ ਭਾਗੋ ਜੀ ਨਾਲ ਸਬੰਧਤ ਹੈ। ਮਾਤਾ ਭਾਗੋ, ਭਾਈ ਲੰਗਾਹ ਦੇ ਭਰਾ ਪੀਰੂ ਸ਼ਾਹ ਦੇ ਪੁੱਤਰ ਮਾਲੋ ਸ਼ਾਹ ਦੀ ਪੁੱਤਰੀ ਸੀ। ਬਾਬਾ ਮਾਲੋ ਸ਼ਾਹ ਦੇ ਘਰ ਔਲਾਦ ਦੇਰ ਨਾਲ ਹੋਣ ਕਰਕੇ ਅਤੇ ਪਲੇਠੀ ਹੋਣ ਕਰਕੇ ਇਸ ਦਾ ਨਾਂ ਬੀਬੀ ਭਾਗ ਭਰੀ ਰੱਖਿਆ ਗਿਆ ਜਿਹਨਾਂ ਨੂੰ ਬਾਅਦ ਵਿੱਚ ਮਾਈ ਭਾਗੋ ਕਿਹਾ ਜਾਣ ਲੱਗਿਆ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਮੁਕਤਸਰ ਦੀ ਜੰਗ ਦੀ ਸਮਾਪਤੀ ਸਮੇਂ ਇਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਸੀ। ਮਾਤਾ ਭਾਗੋ ਨੇ ਬੇਦਾਵੀਏ ਸਿੰਘਾਂ ਨੂੰ ਮੁਕਤਿਆਂ ਦੀ ਕਤਾਰ ਵਿੱਚ ਲਿਆ ਕੇ ਵਿਲੱਖਣ ਕਾਰਜ ਕੀਤਾ ਸੀ। ਮਾਤਾ ਭਾਗੋ ਬਾਰੇ ਵਿਦਵਾਨਾਂ ਦੀ ਰਾਏ ਹੈ ‘‘ਜੇ ਝਬਾਲ ਦੀ ਧੀ ਮਾਤਾ ਭਾਗੋ ਆਨੰਦਪੁਰ ਸਾਹਿਬ ਤੋਂ ਬੇਵਫ਼ਾ ਹੋ ਕੇ ਆਏ ਬੇਦਾਵੀਏ ਸਿੰਘਾਂ ਨੂੰ ਨਾ ਮਿਲਦੇ ਤਾਂ ਹੋ ਸਕਦੈ ਮਾਝੇ ਦਾ ਸੂਰਬੀਰ ਇਲਾਕਾ ਬੇਦਾਵੀਏ ਸਿੰਘਾਂ ਕਰਕੇ ਮਸ਼ਹੂਰ ਹੋ ਜਾਂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਘ੍ਰਿਣਾ ਦੇ ਪਾਤਰ ਬਣੇ ਰਹਿੰਦੇ।’’ ਇਨ੍ਹਾਂ ਦੇ ਬਾਬਾ ਚੌਧਰੀ ਲੰਗਾਹ ਦੇ ਭਰਾ ਦਾ ਪੋਤਰਾ ਭਾਗ ਸਿੰਘ ਅਤੇ ਦਿਲਬਾਗ ਸਿੰਘ ਮੁਕਤਸਰ ਦੀ ਜੰਗ ਵਿੱਚ ਸ਼ਹੀਦੀ ਪਾ ਕੇ ਮੁਕਤਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ। ਮੁਕਤਿਆਂ ਦੀ ਸੂਚੀ ਵਿੱਚ ਮਾਤਾ ਭਾਗੋ ਦੇ ਜੇਠ ਸਤਨਾਮ ਸਿੰਘ ਦਾ ਨਾਂ ਵੀ ਸ਼ਾਮਲ ਹੈ। ਮਾਤਾ ਭਾਗੋ ਜੀ ਜਨਵਾੜਾ ਵਿਖੇ ਬ੍ਰਹਮਲੀਨ ਹੋਏ ਜਿੱਥੇ ਉਹਨਾਂ ਦੀ ਸਮਾਧ ਵੀ ਹੈ। ਗੁਰਦੁਆਰਾ ਮਾਤਾ ਭਾਗੋ ਵਿਖੇ ਵੀ ਹਰ ਸਾਲ ਜੋੜ ਮੇਲਾ ਲੱਗਦਾ ਹੈ। ਗੁਰਦੁਆਰਾ ਬੀਬੀ ਵੀਰੋ ਅਤੇ ਗੁਰਦੁਆਰਾ ਮਾਤਾ ਭਾਗੋ ਦੀ ਉਸਾਰੀ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲਿਆਂ ਨੇ ਕਰਵਾਈ ਹੈ। ਪਿੰਡ ਝਬਾਲ ਦੇ ਬਾਹਰਵਾਰ ਤਿੰਨ ਕਿਲੋਮੀਟਰ ਹੱਟਵਾਂ ਗੁਰਦੁਆਰਾ ਸਿਧਾਣਾ ਜੀ ਹੈ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਖ਼ਰੀ ਦਿਨਾਂ ਵਿੱਚ ਆਪਣੇ ਸੇਵਕ ਬਾਬਾ ਸਿਧਾਣਾ ਜੀ ਕੋਲ ਇੱਥੇ ਆਏ ਸਨ। ਇਸ ਤੋਂ ਇਲਾਵਾ ਗੁਰਦੁਆਰਾ ਬਾਬਾ ਲੰਗਾਹ ਵੀ ਹੈ ਜੋ ਝਬਾਲ-ਭਿੱਖੀਵਿੰਡ ਰੋਡ ਤੋਂ ਸੋਹਲ ਨੂੰ ਜਾਂਦੀ ਸੜਕ ’ਤੇ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਠਾਕੁਰ ਦੁਆਰਾ ਹੈ ਅਤੇ ਸਮਾਜ ਮੰਦਰ, ਸ਼ਿਵ ਮੰਦਰ ਤੇ ਸੋਢੀਆਂ ਦੇ ਜਠੇਰੇ ਵੀ ਹਨ।