ਗੋਇਆ ਵੱਲੋਂ ਬਣਾਈ ਸੇਂਟ ਫ਼ਰਾਂਸਿਸ ਬੋਰਜੀਆ ਦੀ ਝਾੜ-ਫੂਕ ਕਰਦੇ ਹੋਏ ਦੀ ਪੇਂਟਿੰਗ

ਭੂਮਿਕਾ

ਸੋਧੋ

ਝਾੜ-ਫੂਕ ਜਾਂ ਝਾੜਾ ਕਿਸੇ ਇਨਸਾਨ ਜਾਂ ਥਾਂ ਤੋਂ ਚੰਬੜੀਆਂ ਹੋਈਆਂ ਭੂਤ-ਪ੍ਰੇਤਾਂ ਜਾਂ ਹੋਰ ਤਰਾਂ ਦੀਆਂ ਰੂਹਾਂ ਬਾਹਰ ਕੱਢਣ ਦੀ ਧਾਰਮਿਕ ਜਾਂ ਰੂਹਾਨੀ ਰੀਤ ਨੂੰ ਆਖਦੇ ਹਨ।[1] ਝਾੜਾ ਕਰਨ ਵਾਲ਼ੇ ਦੇ ਧਰਮੀ ਖ਼ਿਆਲਾਂ ਮੁਤਾਬਕ ਇਹ ਕਿਰਿਆ ਸ਼ੈਅ ਨੂੰ ਸਹੁੰ ਖੁਆ ਕੇ, ਲੰਮੀ-ਚੌੜੀ ਰਸਮ ਕਰ ਕੇ ਜਾਂ ਸਿਰਫ਼ ਉਚੇਰੀ ਤਾਕਤ ਦੇ ਨਾਂ ਦਾ ਵਾਸਤਾ ਪਾ ਕੇ ਚਲੇ ਜਾਣ ਦਾ ਹੁਕਮ ਦੇਣਾ ਹੋ ਸਕਦੀ ਹੈ। ਇਹ ਰੀਤ ਬਹੁਤ ਪੁਰਾਣੀ ਹੈ ਅਤੇ ਕਈ ਸੱਭਿਆਚਾਰਾਂ ਅਤੇ ਧਰਮਾਂ ਦੀਆਂ ਮੱਤਾਂ ਦਾ ਹਿੱਸਾ ਹੈ।

ਤੰਤਰ-ਸ਼ਾਸਤਰ ਅਨੁਸਾਰ ਕਿਸੇ ਦੇ ਰੋਗ ਨੂੰ ਦੂਰ ਕਰਨ ਦੀ ਇੱਕ ਕਿਰਿਆ ਝਾੜਾ ਕਰਨ ਵਾਲੇ ਨੂੰ 'ਓਝਾ','ਸਿਆਣਾ','ਚੇਲਾ','ਜੋਗੀ' ਜਾਂ 'ਮਾਂਦਰੀ' ਕਿਹਾ ਜਾਂਦਾ ਹੈ। ਜਾਦੂ-ਟੂਣੇ ਦੇ ਮਾਹਿਰਾਂ ਨੂੰ ਸਿਆਣਾ ਕਿਹਾ ਜਾਂਦਾ ਹੈ। ਸਿਆਣੇ ਦੇ ਅੱਖਰੀ ਅਰਥ ਹਨ ਸੂਝਵਾਨ,ਲਿਆਕਤ ਵਾਲਾ,ਸੁਘੜ-ਸੁਜਾਨ ਵਿਅਕਤੀ। ਸਾਧਾਰਨ ਲੋਕਾਂ ਵਿੱਚ ਥੋੜ੍ਹੀ ਚੁਤਰਾਈ ਰੱਖਣ ਵਾਲਾ ਬੰਦਾ ਹੀ ਸਿਆਣਾ ਹੁੰਦਾ ਹੈ।ਉਹ ਵਿਅਕਤੀ ਜੋ ਪ੍ਰਕਿਰਤੀ ਦੇ ਰਹੱਸਾਂ ਬਾਰੇ ਜਾਣਕਾਰੀ ਰੱਖਦਾ ਸੀ ਜਾਂ ਰੱਖਣ ਦਾ ਭਰਮ ਭਾਲਦਾ ਸੀ,ਸਿਆਣਾ ਕਿਹਾ ਜਾਂਦਾ ਸੀ। ਸਿਆਣਾ ਆਪਣੇ ਜਾਦੂ ਨਾਲ ਸਬੰਧਤ ਕਰਮ-ਕਾਂਡ ਧਾਰਮਿਕ ਵਿਧੀ ਨਾਲ ਕਰਦਾ ਰਿਹਾ ਹੈ।ਇਸ ਲਈ ਜਾਦੂ ਦੇ ਅਨੇਕਾਂ ਅੰਸ਼ ਧਰਮ ਵਿੱਚ ਅਤੇ ਧਰਮ ਦੇ ਅਨੇਕਾਂ ਅੰਸ਼ ਜਾਦੂ ਵਿੱਚੋਂ ਲੱਭ ਜਾਂਦੇ ਹਨ ਅਰਥਾਤ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਝਾੜੇ ਵਿੱਚ ਮੰਤਰ ਦੀ ਸ਼ਕਤੀ ਵਰਤ ਕੇ,ਰੋਗੀ ਦਾ ਦੁੱਖ ਦੂਰ ਕੀਤਾ ਜਾਂਦਾ ਹੈ। ਮੰਤਰਾਂ ਦੇ ਸੰਬੰਧ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਨਾਲ ਸਿਰ ਦਰਦ ਤੋਂ ਲੈ ਕੇ ਸੱਪ ਦੇ ਕੱਟੇ ਤੱਕ ਦਾ ਇਲਾਜ ਹੋ ਸਕਦਾ ਹੈ।ਰੋਗੀ ਨੂੰ 'ਸਿਆਣਾ' ਆਪਣੇ ਸਾਹਮਣੇ ਬਿਠਾ ਕੇ ਮੰਤਰ ਪੜ੍ਹਦਾ ਹੈ ਤੇ ਰੋਗੀ ਅੰਗ ਉੱਤੇ ਫੂਕਾਂ ਮਾਰਦਾ ਹੈ ਅਤੇ ਕਿਸੇ ਟਾਹਣੀ ਜਾਂ ਮੋਰ ਦੇ ਪੰਖਾਂ ਨਾਲ ਰੋਗ ਝਾੜਦਾ ਹੈ। ਮੰਤਰ ਬਿਮਾਰੀ ਹਟਾਉਣ ਅਤੇ ਲਾਹੁਣ ਦੋਵਾਂ ਵਾਸਤੇ ਵਰਤਿਆ ਜਾਂਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਪਿੰਡਾਂ ਵਿੱਚ ਜੇ ਕਿਸੇ ਨੂੰ ਸੱਪ,ਅਠੁਆਂ ਜਾਂ ਕੋਈ ਹੋਰ ਜ਼ਹਿਰੀਲਾ ਕੀੜਾ ਡੰਗ ਜਾਵੇ ਤਾਂ ਉਹ ਸਿਆਣਿਆਂ ਕੋਲੋਂ ਝਾੜਾ ਕਰਵਾਂਦੇ ਹਨ। ਅੱਜ ਕੱਲ੍ਹ ਵੀ ਵਧੇਰੇ ਲੋਕੀ ਝਾੜ ਫੂਕ ਕਰਵਾਂਉਦੇ ਹਨ। ਡਾ. ਵਣਜਾਰਾ ਬੇਦੀ ਅਨੁਸਾਰ, "ਮੰਤਰ ਸ਼ਬਦਾਂ ਦਾ ਸੂਤ੍ਕ ਸਮੂਹ ਹੁੰਦਾ ਹੈ ਜਿਸ ਦੇ ਉਚਾਰਨ ਨਾਲ ਸੁਤੇ ਸਿੱਧ ਕਿਸੇ ਮੰਤਵ ਦੀ ਸਿਧੀ ਹੋ ਜਾਂਦੀ ਮੰਨੀ ਜਾਂਦੀ ਹੈ।"

ਸੱਪ ਦੇ ਡੰਗੇ ਲਈ ਝਾੜਾ

ਸੋਧੋ

ਸੱਪ ਦੇ ਡੰਗੇ ਦਾ ਵੱਖਰਾ ਮੰਤਰ ਹੈ ਤੇ ਬਿਛੂ ਦੇ ਡੰਗੇ ਦਾ ਵੱਖਰਾ। ਇੱਕ 'ਸਿਆਣੇ' ਦੇ ਮੰਤਰ ਦੂਜੇ ਸਿਆਣੇ ਦੇ ਮੰਤਰਾਂ ਨਾਲੋਂ ਭਿੰਨ ਹੁੰਦੇ ਹਨ।ਸੱਪ ਦੇ ਡੰਗੇ ਲਈ ਇੱਕ ਝਾੜਾ ਇਸ ਤਰ੍ਹਾਂ ਹੈ:

ਗੁਰ ਗੰਗੇ,ਗੁਰ ਬਾਵੜੇ,ਗੁਰ ਅਤਰ ਹਮੀਰ

ਗੁਰ ਤੋ ਚੇਲੇ ਵਿਛੜੇ ਕਸੂਟੀ ਹੋਏ ਸਰੀਰ

ਟੁਟ ਬਾਸ਼ਕੀਆ, ਨਠਾ ਬਾਸ਼ਕੀਆ,

ਤਖਤੁ ਬਾਸ਼ਕੀਆ,ਘਰ ਘਰ ਗੁੱਗਾ ਗਾਵੀਏ,

ਚੜ੍ਹੇ ਗੁੱਗਾ ਚੌਹਾਨ,ਗੁਗਾ ਮੰਡਲੀ ਸੋਵੇ,

ਬਾਵਰ ਪੂਜਣ,ਸੋਨੇ ਦੀ ਬਤੀ,ਰੁਪੇ ਦਾ ਤੁੰਬਾ

ਚਲ ਮੰਤਰ,ਫੁਰਰ...........

ਗੁਗਾ ਮਹੰਤ,ਤੇਰੀ ਕਾਰ ਛਾੜ,ਤੋਂ ਛੇੜ,

ਲੂਣ ਦੀ ਖਾਈ ਵਿੱਚ ਗਲੇ।[2]

ਬਿੱਛੂ ਦੇ ਡੰਗੇ ਲਈ ਝਾੜਾ

ਸੋਧੋ

ਬਿੱਛੂ ਦੇ ਡੰਗੇ ਦਾ ਇੱਕ ਝਾੜਾ ਇਸ ਪ੍ਰਕਾਰ ਹੈ:

ਕਾਲਾ ਬਿੱਛੂ ਕੰਕੂੁਰਵਾਲਾ

ਡੰਗੋਂ ਪੂਠਾ ਪੂਛਲੋਂ ਕਾਲਾ

ਸੋਨੇ ਦੀ ਗੜਵੀ ਰੂਪ ਦਾ ਪਰਨਾਲਾ

ਛਿੜਵੇ ਬਿਛੂੇਏ ਛਿੜ

ਆਇਆ ਗੋਰਖ ਨਾਥ ਦਾ ਸਾਲਾ।[3]

ਸਿਰ ਪੀੜ ਦਾ ਝਾੜਾ

ਸੋਧੋ

ਲੋਕ ਧਾਰਨਾ ਹੈ ਕਿ ਸਿਰ ਦਰਦ ਕਿਸੇ ਚੰਦਰੀ ਪ੍ਰੇਤ-ਰੂਹ ਦੀ ਦੁਰਭਾਵਨਾ ਕਾਰਨ ਹੁੰਦਾ ਹੈ।ਇਸ ਲਈ ਝਾੜੇ ਦੁਆਰਾ ਜੇ ਪ੍ਰੇਤ-ਰੂਹ ਦਾ ਅਸਰ ਨਸ਼ਟ ਕਰ ਦਿੱਤਾ ਜਾਵੇ ਤਾਂ ਸਿਰ ਪੀੜ ਦੂਰ ਹੋ ਜਾਂਦੀ ਹੈ। ਸਿਰ ਪੀੜ ਦਾ ਝਾੜਾ ਇਸ ਪ੍ਰਕਾਰ ਹੈ:

ਰੱਖ ਰੱਖ ਅਲਾਹ ਮੁਹੰਮਦ ਦੀ ਰੱਖ

ਲੋਹ ਦਾ ਕੋਟ,ਸਮੁੰਦਰ ਦੀ ਖਾਈ

ਹਨੂਮਾਨ ਪੈਗੰਬਰ ਤੇਰੀ ਦੁਹਾਈ

ਸਾਤ ਜਿੰਨਾਤ ਬਾਰਾਂ ਜ਼ਾਤ

ਹਿੰਦਗੀ,ਮੁਸਲਮਾਨੀ,ਸੁਨਾਰੀ,ਚੰਮਿਆਰੀ,

ਚੂਹੜੀ,ਬਾਵਰਾਨੀ,ਮੋਚਣ,ਜੁਲਾਹਣ,

ਗੰਡੇਲੀ,ਸੈਸਿਆਨੀ,ਹਾਜ਼ਿਰ

ਸ਼ਾਹ ਵਲੀ,ਹਾਜ਼ਿਰ ਕਰ।

ਸਵਾ ਸੇਰ ਦਾ ਤੋਸ਼ਾ ਅਗੇ

ਸਵਾ ਸ਼ੇਰ ਦਾ ਤੋਸ਼ਾ ਪਿੱਛੇ

ਬੰਸੀ ਰਾਣੀ,ਤੇਰੀ ਦੁਹਾਈ,

ਨਰ ਸਿੰਘ ਜੋਧਾ ਤੇਰੀ ਕਾਰ।

ਭਾਈ ਬੀਰ ਸਿਂਘ ਜੋਧਾ ਤੇਰੀ ਕਾਰ

ਜੇ ਹਮਰੀ ਕਾਰ ਨਾ ਮਾਨੇ,ਗਲੇ ਵਿੱਚ ਕਾਰ

ਚਲ,ਰੇ ਮੰਤਰ ! ਫ਼ੁਰਰ !ਮੰਤਰ ਤੇਰਾ ਕਾਰ।[3]

ਇਸ ਮੰਤਰ ਵਿੱਚ ਬਿਨਾਂ ਧਰਮ ਤੇ ਜਾਤ ਦੇ ਵਿਖਾਵੇਂ ਦੇ ਕਈ ਸੰਤਾਂ, ਫ਼ਕੀਰਾਂ, ਜੋਧਿਆਂ ਅੱਗੇ ਦੁਹਾਈ ਪਾਈ ਗਈ ਹੈ। ਅੱਲਾਹ,ਮੁਹੰਮਦ,ਜਿੰਨ ਮੁਸਲਮਾਨੀ ਪਰੰਪਰਾ ਨਾਲ ਸਬੰਧ ਰੱਖਦੇ ਹਨ ਤੇ ਹਨੂਮਾਨ,ਬੰਸੀ ਰਾਣੀ,ਨਰਸਿੰਘ ਆਦਿ ਹਿੰਦੂ ਪਰੰਪਰਾ ਨਾਲ ਬੀਰ ਸਿੰਘ ਸਿੱਖ ਪਰੰਪਰਾ ਨਾਲ।,ਮੰਤਰਾਂ ਵਿੱਚ ਸ਼ਕਤੀ ਨੂੰ ਧਿਆ ਲਿਆ ਜਾਂਦਾ ਹੈ।

ਦਾੜ੍ਹ ਪੀੜ ਦਾ ਝਾੜਾ

ਸੋਧੋ

ਸਿਰ ਪੀੜ੍ਹ ਵਾਂਗ ਦਾੜ੍ਹ ਪੀੜ ਬਾਰੇ ਵੀ ਇਹੋ ਧਾਰਨਾ ਹੈ ਕਿ ਇਹ ਦਰਦ ਚੰਦਰੀ ਰੂਹਾਂ ਦੀ ਮੰਦ-ਭਾਵਨਾ ਕਰਕੇ ਹੁੰਦੀ ਹੈ।ਦਾੜ੍ਹ ਪੀੜ੍ਹ ਝਾੜਾ ਇਸ ਪ੍ਰਕਾਰ ਹੈ:

ਕਾਲਾ ਕੀੜਾ ਕਜਲਾ ਬਤੀ ਦੰਦ ਚਰੇ

ਬਰਕਤ ਸ਼ੇਖ ਫ਼ਰੀਦ, ਕਾਲਾ ਕੀੜਾ ਵਿੱਚ ਮਰੇ

ਹੁਦਾ ਪੀਰ ਉਸਤਾਦ ਦਾ।

ਇਸ ਪਿੱਛੋਂ ਸੱਤ ਫ਼ੂਕਾਂ ਮਾਰੀਆਂ ਜਾਂਦੀਆ ਹਨ।[3]

ਹਥੌਲਾ

ਸੋਧੋ

ਜਾਦੂ ਟੂਣੇ ਦੇ ਅਸਰ ਨੂੰ ਦੂਰ ਕਰਨ ਲਈ ਵੀ ਝਾੜਾ ਕੀਤਾ ਜਾਂਦਾ ਹੈ। ਇਸ ਨੂੰ 'ਹਥੌਲਾ ਕਰਨਾ' ਕਿਹਾ ਜਾਂਦਾ ਹੈ। ਹਥੌਲਾ,ਫਾਂਡਾ,ਝਾਝ-ਫੂਕ ਵਿਸ਼ੇਸ਼ ਵਿਧੀ ਨਾਲ ਨਿਸ਼ਚਿਤ ਮੰਤਰ ਦਾ ਉਚਾਰ ਕਰਕੇ ਦਾਤੀ, ਖੁਰਚਣਾ ਜਾਂ ਲੰਬੀ ਕਰਦ ਚਾਕੂ ਲੈ ਕੇ ਕੋਈ ਸਿਆਣਾ ਜਾਂ ਉਝਾ ਮੂੰਹ ਵਿੱਚ ਮੰਤਰ ਦਾ ਜਾਪ ਕਰਦਾ ਸੀ। ਸੱਤ ਵਾਰ ਹੱਥ ਵਿੱਚ ਫੜੀ ਵਸਤੂ ਨੂੰ ਧਰਤੀ ਤੇ ਠੋਕਰ ਕੇ ਮਰੀਜ ਦੇ ਸਨਮੁੱਖ ਹੁੰਦਾ ਸੀ। ਹੱਥ ਨਾਲ ਕੀਤੇ ਕਰਮਕਾਂਡ ਕਾਰਨ ਹੀ ਸਾ਼ਇਦ ਇਸ ਨੂੰ ਹਥੌਲਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਝੜ ਜਾਂਦੀ ਹੈ। ਇਸ ਲਈ ਇਸ ਨੂੰ ਝਾੜਾ ਕਿਹਾ ਜਾਂਦਾ ਹੈ। ਨਾਲ ਨਾਲ ਸਿਆਣਾ ਫੂਕ ਵੀ ਮਾਰਦਾ ਹੈ। ਇਸ ਲਈ ਇਸ ਨੂੰ ਝਾੜ ਫੂਕ ਦਾ ਨਾਂ ਦਿੱਤਾ ਜਾਂਦਾ ਹੈ।ਡਾ ਸੋਹਿੰਦਰ ਸਿੰਘ ਬੇਦੀ ਅਨੁਸਾਰ,"ਹਥੌਲਾ ਉਹ ਝਾੜਾ ਹੈ, ਜਿਸ ਵਿੱਚ ਹੱਥ ਦੀ ਸ਼ਕਤੀ ਨਾਲ ਜਾਂ ਬਰਕਤ ਨਾਲ ਰੋਗੀ ਦੀ ਤਕਲੀਫ ਦੂਰ ਕੀਤੀ ਜਾਂਦੀ ਹੈ।"[4]

ਹਥੌਲਾ ਬਦਰੂਹਾਂ ਦੀ ਪਕੜ ਵਿੱਚ ਆਏ ਪ੍ਰਾਂਣੀ ਤੋਂ ਲੈ ਕੇ ਜ਼ਹਿਰੀਲੇ ਜਾਨਵਰ ਦੇ ਕੱਟੇ ਦੇ ਇਲਾਜ ਲਈ ਪ੍ਰਯੋਗ ਹੁੰਦਾ ਹੈ।ਹਥੌਲਾ ਤਿੰਨ ਪੰਜ ਜਾਂ ਸੱਤ ਵਾਰ ਪਾਇਆ ਜਾਂਦਾ ਹੈ। ਇਹ ਅਸਲ ਵਿੱਚ ਇੱਕ ਮਨੋਵਿਗਿਆਨਕ ਢੰਗ ਹੈ। ਜਿਸ ਨਾਲ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਤੇ ਰੋਗੀ ਆਪਣੇ ਆਪ ਨੂੰ ਨਿਰੋਗ ਮਹਿਸੂਸ ਕਰਦਾ ਹੈ। ਸਿਆਣੇ ਜਾਂ ਉਝੇ ਅਕਸਰ ਹੱਥ ਵਿੱਚ ਫੜੀ ਕਿਸੇ ਲੋਹੇ ਦੀ ਚੀਜ਼ ਨੂੰ ਹਲਾਉਂਦੇ ਵੀ ਜਾਂਦੇ ਹਨ ਅਤੇ ਫੁਰੇ ਮੰਤਰ ਚਲੇ ਵਾਸਾ ਜਾ ਚੱਲੇ ਮੰਤਰ, ਫੁਰੇ ਵਾਸਾ ਦੀ ਤੁਕ ਜ਼ਰੂਰ ਉਚਾਰਦੇ ਹਨ। ਉਹ ਰੋਗੀ ਨੂੰ ਮਨੋਵਿਗਿਆਨਕ ਪੱਧਰ ਉੱਤੇ ਰਾਜੀ ਖੁਸ਼ੀ ਹੋਣ ਦਾ ਦਿਲਾਸਾ ਦੇ ਕੇ ਤੁਰਦੇ ਹਨ। ਅੱਜ ਵੀ ਪਛੜੇ ਇਲਾਕੇ ਅੰਦਰ ਹਥੌਲਾ ਤੇ ਫਾਂਡਾ ਇਲਾਜ ਦੀ ਵਿਧੀ ਵਜੋਂ ਪ੍ਰਚੱਲਿਤ ਦੇਖੇ ਜਾ ਸਕਦੇ ਹਨ। ਵਿਸ਼ੇਸ਼ ਕਰ ਜ਼ਹਿਰੀਲੇ ਜਾਨਵਰ ਦੇ ਕੱਟੇ ਜਾਂ ਬਦਰੂਹਾਂ ਦੀ ਪਕੜ ਵਿੱਚ ਆਏ ਮਰੀਜ ਹਥੌਲੇ ਨਾਲ ਹੀ ਇਲਾਜ ਕਰਵਾਉਂਦੇ ਹਨ।

ਹਵਾਲੇ

ਸੋਧੋ
  1. Jacobs, Louis (1999). "Exorcism". Oxford Reference Online (Oxford University Press). Retrieved 24 Jan 2011.
  2. ਬੇਦੀ, ਡਾ.ਸੋਹਿੰਦਰ ਸਿੰਘ ਵਣਜਾਰਾ (1992). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਪਲੱਈਅਰ ਗਾਰਡਨ ਮਾਰਕੀਟ, ਚਾਂਦਨੀ ਚੌਂਕ: ਨੈਸ਼ਨਲ ਬੁੱਕ ਸ਼ਾਪ. p. 1429.
  3. 3.0 3.1 3.2 ਉਹੀ. p. 1429.
  4. ਜੋਸ਼ੀ, ਡਾ. ਜੀਤ ਸਿੰਘ. ਲੋਕ ਕਲਾ ਅਤੇ ਸੱਭਿਆਚਾਰ ਮੱਢਲੀ ਜਾਣ ਪਛਾਣ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 113. ISBN 81-302-0264-6.

ਬਾਹਰਲੇ ਜੋੜ

ਸੋਧੋ