ਟੀਕਾ ਸਾਹਿਤ

ਸੋਧੋ

ਜਾਣ ਪਛਾਣ

ਸੋਧੋ

ਗੁਰਬਾਣੀ ਦੀ ਸਟੀਕ ਤੇ ਵਿਆਖਿਆ ਦੀਆਂ ਭਿੰਨ-ਭਿੰਨ ਪੱਧਤੀਆਂ ਜਾਂ ਸੰਪਰਦਾਵਾਂ ਆਧੁਨਿਕ ਚੇਤੰਨਤਾ ਨੂੰ ਪੂਰਨ ਭਾਂਤ ਸੰਤੁਸ਼ਟ ਨਹੀਂ ਕਰ ਸਕਦੀਆਂ, ਇਸ ਲਈੇ ਪੱਛਮੀ ਢੰਗ ਦੀ ਵਿਆਖਿਆਤਮਿਕ ਵਿਧੀ ਤੇ ਟੀਕਾ-ਕਾਰੀ ਵਿੱਚ ਕੁਝ ਵਿਸ਼ੇਸ਼ ਵਿਦਵਾਨਾਂ ਦੇ ਯਤਨਾਂ ਦੁਆਰਾ ਨਵੀਆਂ ਵਿਗਿਆਨਕ ਵਿਧੀਆਂ ਸਥਾਪਤ ਕੀਤੀਆਂ ਗਈਆਂ ਹਨ। ਗੁਰਬਾਣੀ ਦੀ ਟੀਕਾ-ਕਾਰੀ ਵਿੱਚ ਭਾਈ ਜੋਧ ਸਿੰਘ, ਪ੍ਰਿ. ਤੇਜਾ ਸਿੰਘ ਤੇ ਡਾ. ਮੋਹਨ ਸਿੰਘ ਦੇ ਯਤਨ ਪੁਰਾਤਨ ਤੇ ਆਧੁਨਿਕ ਵਿਧੀ ਦਾ ਸੁਮੇਲ ਆਖੇ ਜਾ ਸਕਦੇ ਹਨ। ਇਨ੍ਹਾਂ ਚਿੰਤਕਾਂ ਨੇ ਵਿਵੇਕਸ਼ੀਲ ਵਿਆਖਿਆ ਤੇ ਭਾਸ਼ਾ ਗਿਆਨ ਨੂੰ ਮੁੱਖ ਰੱਖਿਆ ਤੇ ‘ਜਪੁਜੀ` ਵਿੱਚ ਕੀਤੀ ਗਈ ਅਰਥ-ਵਿਆਖਿਆ, ਇਸ ਦ੍ਰਿਸ਼ਟੀ ਤੋਂ ਬੜੀ ਪ੍ਰਮਾਣਿਕ ਹੈ। ਡਾ. ਮੋਹਨ ਸਿੰਘ ਦਾ ਗੁਰਮਤ ਗਿਆਨ ਤੇ ਭਾਸ਼ਾ ਵਿਗਿਆਨ ਉਹਦੀ ਪਹਿਲੀ ਰਚਨਾ ‘ਜਪੁ ਭਾਖਾ` ਤੇ ‘ਛੰਦਾ ਬੰਦੀ ` ਦਾ ਵਿਸਥਾਰ ਹੈ। ਭਾਵੇਂ ਇਸ ਵਿਚ ਸਿੱਧ ਗੋਸ਼ਟ ਨੂੰ ਵਿਸ਼ੇਸ਼ ਦਾਰਸ਼ਨਿਕ ਪਿਛੋਕੜ ਵਿੱਚ ਵਿਚਾਰਿਆ ਗਿਆ ਹੈ। ਡਾ. ਸਾਹਿਬ ਦੀ ਸ਼ੈਲੀ ਨਾ ਤਾਂ ਪੂਰਨ ਤੌਰ 'ਤੇ ਆਧੁਨਿਕ ਹੈ ਤੇ ਨਾ ਪਰੰਪਰਾਗਤ। ਇਹ ਵਿਅਕਤੀਗਤ ਵਿਸ਼ੇਸ਼ਤਾਵਾਂ ਦੀ ਧਾਰਨੀ ਜਰੂਰ ਹੈ, ਜਿਸ ਵਿਚੋਂ ਉਹਨਾਂ ਦੀ ਵਿਦਵਤਾ ਥਾਂ-ਥਾਂ ਤੇ ਝਲਕਦੀ ਹੈ। ਪੰਡਤ ਕਰਤਾਰ ਸਿੰਘ ਦਾਖਾ ਦਾ ਜਪੁਜੀ ਦਾ ਟੀਕਾ` ਆਪਦੀ ਡੂੰਘੀ ਵਿਆਖਿਆ ਕਾਰਨ ਉੱਘਾ ਹੈ। ਗੁਰੂ ਨਾਨਕ ਦੀ 500 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਵਿਸ਼ੇਸ਼ ਬਾਦੀਆਂ ਦੇ ਕੁਝ ਟੀਕੇ ਦ੍ਰਿਸ਼ਟੀਗੋਚਰ ਹੋਏ ਹਨ, ਜਿਹਨਾਂ ਵਿਚੋਂ ਡਾ. ਸ਼ੇਰ ਸਿੰਘ ਦਾ ਜਪੁਜੀ `ਦਰਸ਼ਨ ਖਾਸ ਤੌਰ 'ਤੇ ਉਲੇਖਨੀਯ ਹੈ। ਪਰ ਟੀਕਾ ਪੱਧਤੀ ਦਾ ਜੋ ਵਿਕਾਸ ਪ੍ਰੋ. ਸਾਹਿਬ ਸਿੰਘ ਨੇ ਕੀਤਾ ਹੈ ਉਹ ਆਪਣੀਆਂ ਵਿਸ਼ੇਸ਼ਤਾਵਾਂ ਤੇ ਗੌਰਵ ਕਾਰਨ ਮਹਾਨ ਪ੍ਰੀਸ਼ਰਮ ਤੇ ਆਦਰਸ਼ ਮਈ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਗੁਰਬਾਣੀ ਵਿਆਕਰਨ ਸੰਬੰਧੀ ਆਪਣੀ ਪ੍ਰਮਾਣਿਕ ਖੋਜ ਨੂੰ ਆਧਾਰ ਬਣਾ ਕੇ ਉਸ ਨੇ ਆਪਦੀ ਸਥਾਪਤ ਕੀਤੀ ਟਕਸਾਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਸਾਂ ਜਿਲਦਾਂ ਵਿੱਚ ਸੰਪੂਰਨ ਟੀਕਾ ‘ਸ੍ਰੀ ਗੁਰੂ ਗ੍ਰੰਥ ਦਰਪਣ` ਨਾਂ ਹੇਠ ਛਾਪਿਆ। ਡੂੰਘੇ ਦਾਰਸ਼ਨਿਕ ਪ੍ਰਕਰਣ ਨੂੰ ਭਾਵੇਂ ਲਖਸ਼ ਨਹੀਂ ਰੱਖਿਆ ਗਿਆ ਪਰ ਮੁੱਲ ਦਾਰਸ਼ਨਿਕ ਆਧਾਰਾਂ ਸੰਬੰਧੀ ਸੁਚੇਤ ਰਹਿ ਕੇ, ਇਸ ਰਚਨਾਂ ਵਿੱਚ ਗੁਰਬਾਣੀ ਦੇ ਵਿਆਕਰਨ ਨਿਯਮਾਂ ਨੂੰ ਅਰਥ ਦੀ ਮੁੱਖ ਕਸਵੱਟੀ ਸਿੱਧ ਕੀਤਾ ਗਿਆ ਹੈ। ਭਾਈ ਵੀਰ ਸਿੰਘ ਦੀ ਦੇਣ ਆਪਣੀ ਹੀ ਕਿਸਮ ਦੀ ਮਹਾਨ ਤੇ ਉਤਕ੍ਰਿਸ਼ਟ ਹੈ। ਉਹਨਾਂ ਦੇ ਭਾਵ ਪ੍ਰਕਾਸ਼ਨੀ ਟੀਕੇ ਪਹਿਲਾਂ ਹੀ ਬੜੇ ਉਜਾਗਰ ਹਨ। ‘ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤ ਭਾਗ`, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਸੰਪੂਰਨ ਕੀਤੇ। ਇਹ ਰਚਨਾਂ ਉਹਨਾਂ ਦੀ ਮ੍ਰਿਤੂ ਉੱਪਰੰਤ ਛਪੀ। ਭਾਈ ਵੀਰ ਸਿੰਘ ਜੀ ਅਰੂੜ ਸਨਾਤਕ ਅਨੁਭਵੀ ਮਹਾਂਪੁਰਸ਼, ਗੁਰਬਾਣੀ ਦੇ ਰਸੀਏ, ਮਹਾਂਕਵੀ ਤੇ ਸ਼੍ਰੋਮਣੀ ਵਿਆਖਿਆਕਾਰ ਸਨ। ਇਹ ਸਭ ਤੱਤ ਉਹਨਾਂ ਦੀ ਉਕਤ ਰਚਨਾ ਵਿੱਚ ਵਿਦਿਆਮਾਨ ਹਨ। ਕਈ ਥਾਵਾਂ ਤੇ ਉਹਨਾਂ ਦੀ ਵਿਆਖਿਆ ਅੰਤਮ ਕਹੀ ਜਾ ਸਕਦੀ ਹੈ ਪਰ ਕਈ ਥਾਵਾਂ ਤੇ ਇਹ ਸੁਗਿਆਨਕ ਨਾਲੋਂ ਕਾਵਿ-ਮਈ ਤੇ ਅਨੁਭਵੀ ਵਧੇਰੇ ਹੈ, ਇਸ ਕਾਰਨ ਰਮਜੀਆਂ ਤੇ ਸੰਕੇਤਕ ਹੈ। ਭਾਈ ਮਨਮੋਹਨ ਸਿੰਘ ਦੀ ਦੇਣ ਵੀ ਵਿਸ਼ੇਸ਼ ਹੈ, ਜਿਨਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅੰਗਰੇਜੀ ਤੇ ਪੰਜਾਬੀ ਵਿੱਚ ਕੀਤੀ ਹੈ। ਮੂਲ ਪਾਠ ਦੀ ਇੱਕ ਤੁਕ ਦੇ ਸਾਹਮਣੇ ਪੰਨੇ ਉੱਤੇ ਅੰਗਰੇਜੀ ਤੇ ਪੰਜਾਬੀ ਅਰਥ, ਸਰਲ ਤੇ ਸਪਸ਼ਟ ਰੂਪ ਵਿੱਚ ਦਿੱਤੇ ਗਏ ਹਨ ਕਈ ਥਾਵਾਂ ਤੇ ਭਾਈ ਸਾਹਿਬ ਬਹੁਤ ਸਾਰੀਆਂ ਗੁੰਝਲਾਂ ਖੋਲ੍ਹਦੇ ਹਨ। ਜਿੱਥੇ ਅੰਗਰੇਜੀ ਦੇ ਅਰਥ ਬੋਧ ਵਿੱਚ ਡਾ. ਗੋਪਾਲ ਸਿੰਘ ਦਰਦੀ ਕਾਵਿ ਮਈ ਹੋ ਜਾਂਦੇ ਹਨ, ਉਥੇ ਭਾਈ ਮਨਮੋਹਨ ਸਿੰਘ, ਪ੍ਰਿੰ. ਤੇਜਾ ਸਿੰਘ ਵਾਂਗ ਵਧੇਰੇ ਗਦ-ਮਈ ਹਨ। ਪੰਜਾਬੀ ਅਰਥਾਂ ਵਿੱਚ ਲਹਿੰਦੀ ਭਾਸ਼ਾਂ ਦੀ ਚਾਸ਼ਨੀ ਵਧੇਰੇ ਹਨ। ਇੰਨ੍ਹਾਂ ਪ੍ਰਮੁੱਖ ਵਿਦਵਾਨਾਂ ਦੀਆਂ ਘਾਲਣਾਵਾਂ ਤੋਂ ਪ੍ਰੇਰਤ ਹੋ ਕੇ ਡਾ. ਤਾਰਨ ਸਿੰਘ, ਟੀਕਾ ਪੱਧਤੀ ਵਿੱਚ ਨਵਾਂ ਰੰਗ ਨਿਖਾਰਨ ਦੇ ਯਤਨਾਂ ਵਿੱਚ ਸਨ। ਉਹਨਾਂ ਨੇ ਇਹ ਕਾਰਜ ‘ਜਪੁ ਦਰਸ਼ਨ ਦੀਦਾਰ`,‘ਅਨੰਦ ਸਾਹਿਬ` ਤੇ ‘ਬਾਰਾਮਾਹ` ਦੇ ਟੀਕੇ ਤੋਂ ਅਰੰਭਿਆ। ਉਹ ਸ਼ਬਦਾਂ ਦੀ ਸੁਤੰਤਰ ਤੇ ਖੁਲ੍ਹੀ ਵਿਆਖਿਆ ਕਰਦੇ ਹਨ ਤੇ ਸਾਹਿਤਕ ਗੁਣਾਂ ਆਦਿ ਬਾਰੇ ਵੀ ਚਰਚਾ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ ਉੱਤੇ ਉਹਨਾਂ ਦਾ ਗੁਰੂ ਨਾਨਕ ਬਾਣੀ ਪ੍ਰਕਾਸ਼ ਨਾਂ ਹੇਠ, ਸੰਪੂਰਨ ਟੀਕਾ ਦੋ ਭਾਗਾਂ ਵਿੱਚ ਵਰਣਨ-ਯੌਗ ਕਿਰਤ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਅਨੰਦਘਣ ਦਾ ‘ਜਪੁਜੀ` ਸਿੱਧ ਗੋਸ਼ਟ ‘ਅੰਨਦ` ਤੇ ‘ਆਰਤੀ` ਦਾ ਟੀਕਾ ਜਿਸ ਨੂੰ ਡਾ. ਰਤਨ ਸਿੰਘ ਜੰਗੀ ਨੇ ਸੰਪਾਦਨ ਕੀਤਾ ਹੈ, ਪ੍ਰਕਾਸ਼ਤ ਕਰਵਾਇਆ ਹੈ। ਇਹ ਟੀਕਾ ਉਦਾਸੀ ਸੰਪਰਦਾਇ ਦੀ ਸਥਾਪਤ ਟੀਕਾਪੱਧਤੀ ਦਾ ਪ੍ਰਮਾਣਿਕ ਤੇ ਟਕਸਾਲੀ ਨਮੂਨਾ ਹੈ। ਸਵਾਮੀ ਅਨੰਦਘਣ ਗੁਰਬਾਣੀ ਨੂੰ ਹਿੰਦੂ ਸ਼ਾਸਤਰ ਰੀਤੀ ਅਨੁਸਾਰ ਵਾਚਦੇ ਹਨ। ਭਾਸ਼ਾਂ ਵਿਭਾਗ ਨੇ ਫਰੀਦਕੋਟੀ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਪੁਨਰ ਪ੍ਰਕਾਸ਼ਨ ਕਰ ਕੇ ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰ ਸ਼ਬਦ ਰਤਨਾਕਰ, ਮਹਾਨਕੋਸ਼ ਦੋ ਪੁਨਰ ਪ੍ਰਕਾਸ਼ਨ ਸਮਾਨ ਹੀ ਇੱਕ ਉਤਕ੍ਰਿਸ਼ਟ ਰਚਨਾਂ ਨੂੰ ਪੰਜਾਬੀ ਪਾਠਕਾਂ ਲਈ ਭੇਟ ਕੀਤਾ ਹੈ। ਇਸ ਟੀਕੇ ਦੀ ਭਾਸ਼ਾ ਪਾਵੇਂ ਪੁਰਾਤਨ ਸੰਤ ਭਾਸ਼ਾ ਹੈ ਪਰ ਇਹ ਪ੍ਰਮਾਣਿਕ ਪੱਧਤੀ ਉੱਤੇ ਅਧਾਰਤ ਰਚਨਾ ਹੈ ਇਸ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਇਤਿਹਾਸਕ ਪ੍ਰਕਰਣ ਤੇ ਵੇਦਾਂਤ ਦਰਸ਼ਨ ਦੀ ਪ੍ਰੀਭਾਸ਼ਕ ਸ਼ਬਦਾਵਲੀ ਅਨੁਸਾਰ ਅਰਥਾਇਆ ਗਿਆ ਹੈ। ਗੁਰੂ ਸਾਹਿਬਾਂਨ ਦੀਆਂ ਸ਼ਤਾਬਦੀਆਂ ਦੀਆਂ ਸਾਹਿਤਕ ਲੜੀਆ ਦੀਆਂ ਪ੍ਰਕਾਸ਼ਨਾਵਾਂ ਵਿੱਚ ਕਈ ਸਟੀਕ ਦ੍ਰਿਸ਼ਟੀਗੋਚਰ ਹੋਏ ਹਨ, ਜਿਹਨਾਂ ਵਿਚੋਂ ਪ੍ਰਮੁੱਖ ਸ੍ਰੀ ਵਿਨੋਭਾ ਭਾਵੇਂ ਦਾ ਜਪੁਜੀ` ਦਾ ਟੀਕਾ ਭੀ ਹੈ, ਜਿਸ ਵਿੱਚ ਸ਼ਾਸ਼ਤਰੀ ਵਿਧੀ ਵਿਧਾਨ ਨੂੰ ਮੁਖ ਰਖਿਆ ਗਿਆ ਹੈ। ਕੁਝ ਟੀਕੇ ਵਿਦਿਅਕ ਪਾਠ-ਕ੍ਰਮ ਦੀਆਂ ਲੋੜਾਂ ਨੂੰ ਮੁਖ ਰਖ ਕੇ ਵੀ ਕੀਤੇ ਗਏ ਹਨ, ਜਿਹਨਾਂ ਦਾ ਸਥਾਨ ਨਿਸ਼ਚੇ ਹੀ ਦੂਜੇ ਵਰਗ ਵਿੱਚ ਆਉਂਦੀ ਹੈ। ਬਾਬਾ ਫਰੀਦ, ਗੁਰੂ ਤੇਗ ਬਹਾਦਰ, ਗੁਰੂ ਰਾਮਦਾਸ ਤੇ ਹੋਰ ਸ਼ਤਾਬਦੀ ਸਮਾਰੋਹਾਂ ਦੇ ਅਵਸਰ ਤੇ ਬਾਣੀ ਦੇ ਅਣਗਿਣਤ ਟੀਕੇ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਕਾਲ ਵਿੱਚ ਮੁੱਖ ਗੁਰਬਾਣੀਆਂ ਦੇ ਕਈ ਟੀਕੇ ਤੇ ਪ੍ਰਮਾਰਥ ਵੀ ਹੋਏ ਹਨ ਕੁਝ ਇੱਕ ਟੀਕੇ ਗੁਰਬਾਣੀ ਤੋਂ ਬਾਹਰਲੀਆਂ ਰਚਨਾਵਾਂ ਦੇ ਵੀ ਕੀਤੇ ਗਏ ਤੇ ਸੁਤੰਤਰ ਤੌਰ 'ਤੇ ਹੋਏ।ਇਨ੍ਹਾਂ ਟੀਕਿਆਂ ਦਾ ਵੇਰਵਾ

ਡਾ. ਤਰਲੋਚਨ ਸਿੰਘ ਬੇਦੀ ਨੇ ਗਿਆਨ ਰਤਨਾਵਲੀ ਦੇ ਹਵਾਲੇ ਨਾਲ ਇਸ ਪ੍ਰਕਾਰ ਦਿੱਤਾ ਹੈ-

ੳ.ਮੁੱਖ ਬਾਣੀਆਂ ਦੇ ਟੀਕੇ

ਸੋਧੋ

ਟੀਕਾ ਜਪੁਜੀ ਟੀਕਾ ਆਸਾ ਦੀ ਵਾਰ ਟੀਕਾ ਸਿੱਧ ਗੋਸ਼ਟੀ, ਟੀਕਾ ਪਟੀ ਆਸਾ ਮਹੱਲਾ 1 ਜਪੁ ਪ੍ਰਮਾਰਥ

ਅ.ਗੁਰਬਾਣੀ ਤੋਂ ਬਾਹਰਲੀਆਂ ਰਚਨਾਵਾਂ ਦੇ ਟੀਕੇ

ਸੋਧੋ

ਟੀਕਾ ਸਪਤ ਸਲੋਕੀ ਗੀਤਾ ਟੀਕਾ ਵਿਵੇਕ ਦੀਪਕਾ

ੲ.ਸੁਤੰਤਰ ਟੀਕੇ

ਸੋਧੋ

ਗਿਆਨ ਰਤਨਾਵਲੀ ਸਿੱਖਾਂ ਦੀ ਭਗਤ ਮਾਲਾ ਵਾਰਤਮ ਟੀਕਾ ਭਗਤ ਮਾਲ ਨਾਭਾ ਜੀ ਇਹ ਟੀਕੇ ਗਿਆਨੀ ਸੰਧਰਦਾਏ ਦੇ ਗਿਆਨੀ ਸੁਰਤ ਸਿੰਘ ਨੇ ਕੀਤੇ ਸਨ।

ਟੀਕਾ ਜਪੁਜੀ

ਸੋਧੋ

ਇਸ ਨੂੰ ਭਾਈ ਮਨੀ ਸਿੰਘ ਨਾਲ ਸਬੰਧਤ ਕੀਤਾ ਜਾਂਦਾ ਹੈ। ਇਹ ਗਿਆਨ ਰਤਨਾਵਲੀ ਵਿੱਚ ਮੌਜੂਦ ਹੈ ਪੰਨਾ ਨੰ: 158 ਤੋਂ 183 ਉੱਤੇ। ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਵਿੱਚ ਗੁਰੂ ਸਾਹਿਬ ਜਪੁ ਦਾ ਉੱਚਾਰਨ ਕਰਦੇ ਹਨ। ਜਿਉਂ ਜਿਉਂ ਗੁਰੂ ਜੀ ਜਪੁ ਉੱਚਾਰਦੇ ਗਏ ਟੀਕਾਕਾਰ ਪ੍ਰੇਮੀ ਨਾਲ ਨਾਲ ਉਸ ਦਾ ਟੀਕਾ ਵਾਰਤਕ ਵਿੱਚ ਕਰਦਾ ਜਾਂਦਾ। ਇਹ ਰਚਨਾ ਗੋਸ਼ਟੀ ਰੂਪ ਟੀਕਾ ਕਹੀ ਜਾ ਸਕਦੀ ਹੈ।

  • ਟੀਕਾ ਆਸਾ ਦੀ ਵਾਰ

ਇਹ ਟੀਕਾ ਵੀ ਗਿਆਨ ਰਤਨਾਵਲੀ ਦੇ 31 ਤੋਂ 51 ਪੰਨਿਆਂ ਵਿੱਚ ਹੋਇਆ ਮਿਲਦਾ ਹੈ। ਸਿੱਖ ਪਰੰਪਰਾ ਅਨੁਸਾਰ ਆਸਾ ਦੀ ਵਾਰ ਦੀਆ ਪਹਿਲੀਆਂ ਨੌਂ ਪਉੜੀਆਂ ਪਾਕਪਟਨ ਦੇ ਸ਼ੇਖ ਬ੍ਰਹਮ ਨਾਲ ਗੁਰੂ ਨਾਨਕ ਦੇਵ ਜੀ ਦੀ ਹੋਈ ਗੋਸ਼ਟੀ ਸਮੇਂ ਉੱਚਾਰੀਆਂ ਗਈਆਂ ਤੇ ਪਿਛਲੀਆਂ ਛੇ ਪਉੜੀਆਂ ਰਾਏ ਬੁਲਾਰ ਦੇ ਸਾਹਮਣੇ ਉੱਚਾਰੀਆਂ ਗਈਆਂ।

  • ਟੀਕਾ ਸਿੱਧ ਗੋਸ਼ਟੀ

ਇਹ ਟੀਕਾ ਵੀ ਗਿਆਨ ਰਤਨਾਵਲੀ ਦੇ 223 ਤੋਂ 242 ਤੱਕ ਦੇ ਪੰਨਿਆਂ ਉੱਤੇ ਦਿਤਾ ਗਿਆ ਹੈ ਗੋਸ਼ਟੀ ਬਾਰੇ ਦੱਸਿਆ ਗਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਅਚਲ ਵਟਲ ਸ਼ਿਵਰਾਤ੍ਰੀ ਦੇ ਮੇਲੇ ਤੇ ਸਿਧਾਂ ਨਾਲ ਹੋਈ ਸੀ। ਸਿਧਾਂ ਨੇ ਆਪਣੀਆਂ ਕਰਾਮਾਤਾਂ ਵਖਾ ਕੇ ਗੁਰੂ ਸਾਹਿਬ ਨੂੰ ਪ੍ਰਭਾਵਿਤ ਕਰਨਾ ਚਾਹਿਆ, ਪਰ ਉਹ ਇਸ ਮੰਤਵ ਵਿੱਚ ਅਸਫਲ ਰਹੇ। ਫਿਰ ਉਹ ਗੁਰੂ ਸਾਹਿਬ ਨਾਲ ਪ੍ਰਸ਼ੋਨਤਰੀ ਢੰਗ ਵਿੱਚ ਵਾਦ ਵਿਵਾਦ ਕਰਦੇ ਹਨ। ਗੁਰੂ ਸਾਹਿਬ ਨੇ ਉਹਨਾਂ ਵਿਚਾਰਾਂ ਨੂੰ ਸਿਧ ਗੋਸ਼ਟੀ ਦੇ ਰੂਪ ਵਿੱਚ ਕਾਵਿ ਬੱਧ ਕੀਤਾ।

  • ਟੀਕਾ ਪੱਟੀ ਆਸਾ ਮਹਲਾ1

ਇਹ ਟੀਕਾ ਵੀ ਗਿਆਨ ਰਤਨਾਵਲੀ ਵਿੱਚ ਮਿਲਦਾ ਹੈ (ਪੰਨਾ 24 ਤੋਂ 28) ਟੀਕਾਕਾਰ ਦਸਦਾ ਹੈ ਇਹ ਬਾਦੀ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਬ੍ਰਿਜਨਾਥ ਨੂੰ ਪੜਾਉਣ ਸਮੇਂ ਰਚੀ ਸੀ, ਜਦ ਪੰਡਿਤ ਗੁਰੂ ਜੀ ਨੂੰ ਪੱਟ ਲਿਖਣ ਲਈ ਕਹਿੰਦਾ ਹੈ ਤਾਂ ਆਪ ਅਗੋਂ ਇਹ ਪਟੀ ਲਿਖੀ ਬਾਣੀ ਦੀ ਰਚਨਾ ਕਰਦੇ ਹਨ।

  • ਟੀਕਾ ਸਪਤ ਸਲੋਕੀ ਗੀਤਾ

ਇਹ ਵੀ ਗਿਆਨ ਰਤਨਾਵਲੀ ਵਿੱਚ 21 ਤੋਂ 22 ਨੰ ਪੰਨੇ ਵਿੱਚ ਦਰਜ ਹੈ। ਜਦ ਗੁਰੂ ਮਿਤੰਨ ਸਾਲਾਂ ਦੇ ਹੁੰਦੇ ਹਨ ਤਾਂ ਘਰ ਦੀਆਂ ਵਹੀਆਂ ਅਤੇ ਕਾਗਤਾਂ ਦੀਆਂ ਪੋਥੀਆਂ ਬਣਾ ਕੇ ਉੱਤੇ ਚੰਗੇ ਰੁਮਾਲ ਚੜਾਕੇ ਆਪਣੇ ਸਾਥੀ ਮੁੰਡਿਆਂ ਨੂੰ ਕਹਿੰਦੇ ਹਨ

‘ਮੈਂ` ਪੋਥੀ ਪੜਦਾ ਹਾਂ। ਮਾਤਾ ਪੁੱਛਣ ਪੁਤ ਕਿ ਬਚਾ ਤੂੰ ‘ਕਉਨ ਸੀ ਪੋਥੀ ਪੜ੍ਹਦਾ ਹੈ।` ਗੁਰੂ ਸਾਹਿਬ ਨੇ ਕਿਹਾ ਮੈਂ ਸਪਤ ਸਲੋਕੀ ਗੀਤਾ ਪੜ੍ਹਦਾ ਹਾਂ। ਟੀਕਾਕਾਰ ਇਸ ਭੂਮਿਕਾ ਨਾਲ ਇਸ ਦਾ ਟੀਕਾ ਕਰਦਾ ਹੈ।

  • ਟੀਕਾ ਵਿਵੇਕ ਦੀਪਕਾ

ਇਸ ਟੀਕੇ ਦੀ ਹੱਥ-ਲਿਖਤ ਭਾਸ਼ਾਂ ਵਿਭਾਗ ਲਾਇਬਰੇਰੀ ਵਿੱਚ ਨੰਬਰ 143 ਮੌਜੂਦ ਹੈ। ਇਸ ਦੇ ਕੁਝ ਪ੍ਰਕਰਣ ਪ੍ਰੀਤਮ ਦਾਸ ਦੇ ਹੱਥ ਲਿਖਤੀ ਗ੍ਰੰਥ ਨਿਰਬਾਣ ਗੰਜ ਵਿੱਚ ਵੀ ਮਿਲਦੇ ਹਨ। ਟੀਕਾਕਾਰ ਦਾ ਨਾਮ ਸੁਆਮੀ ਰਾਮ ਕ੍ਰਿਸ਼ਨ ਹੈ ਅਤੇ ਉਸਨੇ ਇਹ ਟੀਕਾ ਸੰਮਤ 1768 ਮੁਤਾਬਕ 1711 ਵਿੱਚ ਸੰਪੂਰਨ ਕੀਤਾ। ਟੀਕਾਕਾਰ ਸ੍ਰੀ ਸ਼ੰਕਰਾਨੰਦ ਦਾ ਸੇਵਕ ਤੇ ਸ਼ਰਧਾਲੂ ਹੈ।2

ਪਰਮਾਰਥ

ਸੋਧੋ

ਪਰਮਾਰਥ ਜਨਮਸਾਖੀਆਂ ਸਾਖੀਆਂ ਗੋਸ਼ਟਾਂ ਵਿੱਚ ਆਮ ਮਿਲਦੇ ਹਨ। ਜਿਥੇ ਕਿਤੇ ਵੀ ਗੁਰੂ ਜੀ ਵਲੋਂ ਸ਼ਬਦ ਦਾ ਉੱਚਾਰਣ ਹੋਇਆ। ਉਸ ਦੇ ਪਦਿਆ ਦੇ ਸਾਖੀ ਵਿੱਚ ਹੀ ਪਰਮਾਰਥ ਅੰਕਿਤ ਕੀਤੇ ਗਏ। ਪਰਮਾਰਥ ਅਤੇ ਟੀਕੇ ਭਿੰਨ-ਭਿੰਨ ਬਾਦੀਆ ਦੇ ਵੀ ਮਿਲਦੇ ਹਨ। ਭਾਈ ਮਨੀ ਸਿੰਘ ਨਾਲ ਸਬੰਧਤ ਜਨਮਸਾਖੀ ‘ਗਿਆਨ ਰਤਨਾਵਲੀ` ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਹੈ ਅਤੇ ਸਾਖੀ-ਸੰਗ੍ਰਹਿ ‘ਸਿੱਖਾਂ ਦੀ ਭਗਤ ਮਾਲਾ` ਗਿਆਰਵੀਂ ਵਾਰ ਦਾ। ਇਸ ਭਾਗ ਵਿੱਚ ਮਿਹਰਬਾਨ ਦੇ ਲਿਖੇ ਜਪੁਜੀ ਦੇ ਕੁਝ ਪਰਮਾਰਥ ਦਿਤੇ ਗਏ ਹਨ ਅਤੇ ਜਪੁ ਪ੍ਰਮਾਰਥ ਦੀ ਕੁਝ ਸਤਰਾਂ ਹੇਠ ਲਿਖੇ ਅਨੁਸਾਰ ਹਨ-

ਜਪੁ ਪਰਮਾਰਥ

ਸੋਧੋ

ਰਾਗ ਆਸਾ ਗੁਜਰੀ ਮਹਲਾ1 ੴ ਸਤਿਗੁਰਪ੍ਰਸਾਦਿ ਜਪੁ ਅਰਥ ਨਾਲਿ ਲਿਖੀ।

ਤਬ ਫੇਰਿ ਸਿਖੀ ਗੁਰੂ ਅੰਗਦ ਪਾਸ ਬੇਨਤੀ ਕੀਤੀ। ਜੋ ਜੀ ਤੂੰ ਗੁਰੂ ਬਾਬੇ ਦਾ ਹਜੂਰੀ ਨਿਕਟਵਰਤੀ ਮਹਲੀਆ ਹੈ ਅਤੇ ਜੀ ਤੁਧੁ ਉੱਤੇ ਗੁਰੂ ਬਾਬੇ ਦੀ ਮਿਹਰ ਹੈ ਜੇ ਜੀ ਤੁਧੁ ਭਾਵੈ ਤਾਂ ਮਿਹਰਿ ਕਰਿ ਕਰਿ ਏਸ ਕਪ ਦਾ ਅਰਥ ਅਸਾਨੋ ਸਮਝਾਈਐ ।ਜੋ ਜੀ ਅਸੀਂ ਅਰਥੁ ਸਮਝੇ ਹੋਏ ਸੁਧੁ ਭੀ ਪੜਹਗੇ ਅਤੇ ਜੀ ਅਰਥ ਸਮਝੇ ਬਿਨਾਂ ਚਿਤੁ ਭੀ ਨਾਹੀ ਠਹਰਦਾ ਜੀ। ਚਿਤੁ ਉਸੈ ਵਸਤੁ ਨਾਲਿ ਲਗਦਾ ਹੈ ਜਿਸ ਦਾ ਅਰਥ ਸਮਝੀਦਾ ਹੈ ਜੀ.........।3

ਹਵਾਲੇ

ਸੋਧੋ

<1.ਪ੍ਰੋ.ਕਿਰਪਾਲ ਸਿੰਘ ਕਸੇਲ,ਡਾ.ਪਰਮਿੰਦਰ ਸਿੰਘ,ਡਾ.ਗੋਬਿੰਦ ਸਿੰਘ ਲਾਂਬਾ,ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ,ਲਾਹੋਰ ਬੁਕ ਸ਼ਾਪ ਲੁਧਿਆਣਾ,2000,ਪੰਨਾਂ 797> <2.ਡਾ.ਜੀਤ ਸਿੰਘ ਸ਼ੀਤਲ,ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (1700-1900),ਪੈਪਸੂ ਬੁਕ ਡਿੱਪੋ,ਪੰਨਾ 354,> <3.ਡਾ. ਸੁਰਿੰਦਰ ਸਿੰਘ ਕੋਹਲੀ,ਪੁਰਾਤਨ ਪੰਜਾਬੀ ਵਾਰਤਕ,ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ,ਚੰਡੀਗੜ੍ਹ,1973,ਪੰਨਾ 113>