ਟੱਪਾ
ਟੱਪਾ ਪੰਜਾਬੀ ਲੋਕ ਸਾਹਿਤ ਵਿੱਚ ਕਵਿਤਾ ਦੀ ਇੱਕ ਵੰਨਗੀ ਹੈ। ਇਹ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਣ ਵਾਲਾ ਇਕਹਿਰੀ ਤੁਕ ਵਾਲਾ ਲੋਕ-ਗੀਤ ਹੁੰਦਾ ਹੈ।[1]
ਪੰਜਾਬੀ ਟੱਪੇ
ਸੋਧੋਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।
ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ 'ਤੇ।
ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।
ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ,
ਪਾਣੀ ਨਾਲੋਂ ਪੈਗੇ ਪਤਲੇ।
ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।
ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ।
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।
ਉੱਚਾ ਹੋ ਗਿਆ ਅੰਬਰ ਦਾ ਰਾਜਾ,
ਰੋਹੀਆਂ 'ਚ ਹਾਅੜ ਬੋਲਿਆ।
ਗਿੱਧਿਆਂ 'ਚ ਨੱਚਦੀ ਦਾ,
ਤੇਰਾ ਦੇਵੇ ਰੂਪ ਦੁਹਾਈਆਂ।
ਨਿੰਮ ਦੇ ਸੰਦੂਖ ਵਾਲੀਏ,
ਕਿਹੜੇ ਪਿੰਡ ਮੁਕਲਾਵੇ ਜਾਣਾ।
ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।
ਚਰਖੇ ਦੀ ਘੂਕ ਸੁਣ ਕੇ,
ਜੋਗੀ ਉੱਤਰ ਪਹਾੜੋਂ ਆਇਆ।
ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।
ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।
ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ ਜਾਂਦੇ ਲੈਣ ਵਾਸ਼ਨਾ।
ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।
ਪੁੱਤ ਵੀਰ ਦਾ ਭਤੀਜਾ ਮੇਰਾ,
ਭੂਆ ਕਹਿ ਕੇ ਮੱਥਾ ਟੇਕਦਾ।
ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,
ਸਦਾ ਨਹੀਂ ਅਬਾਦ ਰਹਿਣੀਆਂ।
ਤਿੰਨ ਰੰਗ ਨਹੀਉਂ ਲੱਭਣੇ,
ਹੁਸਨ, ਜੁਆਨੀ, ਮਾਪੇ।
ਨਹੀਉਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।
ਕਿਤੇ ਲਿੱਪਣੇ ਨਾ ਪੈਣ ਬਨੇਰੇ,
ਪੱਕਾ-ਘਰ ਟੋਲੀਂ ਬਾਬਲਾ।
ਕਿਹੜੇ ਹੌਸਲੇ ਲੰਬਾ ਤੰਦ ਪਾਵਾਂ,
ਪੁੱਤ ਤੇਰਾ ਵੈਲੀ ਸੱਸੀਏ।
ਕੱਟ ਦੇ ਫਰੰਗੀਆਂ ਨਾਮਾ,
ਇੱਕੋ ਪੁੱਤ ਮੇਰੀ ਸੱਸ ਦਾ।
ਹਾੜ੍ਹੀ ਵਢੂੰਗੀ ਬਰੋਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।
ਚਿੱਟੇ ਚੌਲ, ਜਿਹਨਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆਂ।
ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ,
ਤੂੰ ਤਾਂ ਮੇਰੀ ਕੂੜ ਦੀ ਮਾਂ ਏਂ।
ਜੱਗ ਜੀਉਣ ਵੱਡੀਆਂ ਭਰਜਾਈਆਂ,
ਪਾਣੀ ਮੰਗਾਂ ਦੁੱਧ ਦੇਂਦੀਆਂ।
ਮੁੰਡੇ ਮਰਗੇ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ,
ਕੈਂਠੇ ਵਾਲਾ ਤਿਲ੍ਹਕ ਗਿਆ।
ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ।
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ।
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ।
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ।
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ।
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ।
ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ।
ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ।
ਸੜਕੇ ਤੇ ਰੁੜ੍ਹ ਵੱਟਿਆ
ਜਿਹਨਾਂ ਯਾਰੀ ਨਹੀਉਂ ਲਾਈ
ਉਹਨਾਂ ਦੁਨੀਆ 'ਚ ਕੀ ਖੱਟਿਆ।
ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ।
ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ।
ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ।
ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ।
ਬੋਲਣ ਦੀ ਥਾਂ ਕੋਈ ਨਾ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ।
ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ।
ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ।
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ।
ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ।
ਗੱਡੀ ਚਲਦੀ ਏ ਤਾਰਾਂ 'ਤੇ
ਅੱਗੇ ਮਾਹੀਆਂ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ 'ਤੇ।
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ।
ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ।
ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ।
ਮੀਂਹ ਵਰਦਾ ਏ ਕਿੱਕਰਾਂ 'ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-07-01. Retrieved 2016-07-11.