ਡਾ. ਫੌਜਾ ਸਿੰਘ
ਡਾ. ਫੌਜਾ ਸਿੰਘ | |
---|---|
ਜਨਮ | 18 ਸਤੰਬਰ 1918 ਪਿੰਡ ਵਾਲੀਆ ਕਲਾਂ, ਜ਼ਿਲਾ ਸਿਆਲਕੋਟ(ਪਾਕਿਸਤਾਨ) |
ਕਿੱਤਾ | ਲੈਕਚਰਾਰ, ਰੀਡਰ, ਪ੍ਰੋਫੈਸਰ, ਮੁਖੀ(ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਟੀ ਪਟਿਆਲਾ), ਵੀ. ਸੀ. |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਐਮ. ਏ. ਇਤਿਹਾਸ, ਪੀ. ਐਚ. ਡੀ ‘Military System Of Sikhs (1799-1848)’ |
ਪ੍ਰਮੁੱਖ ਕੰਮ | Historians and Historiography of Sikhs, Military system of Sikhs |
ਜੀਵਨ ਸਾਥੀ | ਸੁਰਜੀਤ ਕੌਰ |
ਮੁੱਢਲਾ ਜੀਵਨ
ਸੋਧੋਡਾ. ਫੌਜਾ ਸਿੰਘ ਪੰਜਾਬ ਦੇ ਇਕ ਸ਼੍ਰੋਮਣੀ ਇਤਿਹਾਸਕਾਰ ਹਨ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਉੱਤੇ ਅਨੇਕਾਂ ਖੋਜ ਪੁਸਤਕਾਂ ਅਤੇ ਖੋਜ ਨਿਬੰਧ ਲਿਖੇ। ਉਨ੍ਹਾਂ ਦਾ ਜਨਮ 18 ਸਤੰਬਰ, 1918 ਈ. ਨੂੰ ਪਿੰਡ ਬਾਲੀਆਂ ਕਲਾਂ (ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ) ਵਿਚ ਇਕ ਸਾਧਾਰਣ ਜੱਟ-ਸਿੱਖ ਪਰਿਵਾਰ ਵਿਚ ਹੋਇਆ। ਆਪ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਆਪ ਨੇ ਦਸਵੀਂ ਤੋਂ ਲੈ ਕੇ ਐਮ.ਏ. ਤਕ ਦੀਆਂ ਸਾਰੀਆਂ ਜਮਾਤਾਂ ਪਹਿਲੀ ਸ਼੍ਰੇਣੀ ਵਿਚ ਪਾਸ ਕੀਤੀਆਂ।[1]
ਆਪ ਨੇ 'ਮਿਲਟਰੀ ਸਿਸਟਮ ਆਫ਼ ਦਾ ਸਿੱਖਸ' 1799-1849 ਵਿਸ਼ੇ ਉੱਪਰ ਸ਼ੋਧ-ਪ੍ਰਬੰਧ ਲਿਖ ਕੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਡਾ. ਫ਼ੌਜਾ ਸਿੰਘ ਨੇ ਇਤਿਹਾਸ ਦੇ ਲੈਕਚਰਾਰ ਵਜੋਂ ਖ਼ਾਲਸਾ ਕਾਲਜ, ਗੁਜਰਾਂਵਾਲਾ ਤੋਂ ਆਪਣਾ ਅਧਿਆਪਨ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਵੰਡ ਪਿੱਛੋਂ ਆਪ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਵਿਖੇ ਕਈ ਸਾਲ ਪੜ੍ਹਾਇਆ। ਸੰਨ 1961 ਵਿਚ ਇਨ੍ਹਾਂ ਦੀ ਨਿਯੁਕਤੀ ਰੀਡਰ ਵਜੋਂ ਦਿੱਲੀ ਯੂਨੀਵਰਸਿਟੀ ਵਿਚ ਹੋ ਗਈ।[2]
ਸੰਨ 1967 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਨਵੇਂ ਸਥਾਪਤ ਹੋਏ ਇਤਿਹਾਸ ਵਿਭਾਗ ਵਿਚ ਆਪ ਪ੍ਰੋਫ਼ੈਸਰ ਅਤੇ ਮੁਖੀ ਨਿਯੁਕਤ ਹੋਏ ਅਤੇ ਇਸ ਯੂਨੀਵਰਸਿਟੀ ਵਿਚ ਆਪ ਨੇ ਆਪਣੀ ਰਿਟਾਇਰਮੈਂਟ ਤਕ ਇਤਿਹਾਸ-ਵਿਭਾਗ ਦੇ ਮੁਖੀ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਡਾਇਰੈਕਟਰ ਵਜੋਂ ਕੰਮ ਕੀਤਾ। ਆਪ ਨੇ ਇਨ੍ਹਾਂ ਦੋਹਾਂ ਵਿਭਾਗਾਂ ਦਾ ਕੰਮ 1967 ਤੋਂ 1981 ਈ. ਤਕ ਬਹੁਤ ਹੀ ਚੰਗੀ ਤਰ੍ਹਾਂ ਨਿਭਾਇਆ। ਰਿਟਾਇਰਮੈਂਟ ਪਿੱਛੋਂ ਯੂਨੀਵਰਸਿਟੀ ਨੇ ਆਪ ਦੀਆਂ ਚੰਗੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਪ ਦੇ ਸੇਵਾ ਕਾਲ ਤਿੰਨ ਸਾਲ ਦਾ ਵਾਧਾ ਕਰ ਦਿਤਾ। ਇਨ੍ਹਾਂ ਤਿੰਨ ਸਾਲ ਪਿੱਛੋਂ ਫ਼ਿਰ ਆਪ ਨੂੰ ਯੂਨੀਵਰਸਿਟੀ ਨੇ ਫ਼ੈਲੋਸ਼ਿਪ ਦੇ ਦਿੱਤੀ ਤੇ ਇਸ ਤੋਂ ਬਾਅਦ ਆਪ ਦਿੱਲੀ ਆਪਣੇ ਘਰ ਚਲੇ ਗਏ।[3]
ਡਾ. ਫ਼ੌਜਾ ਸਿੰਘ ਇਕ ਬਹੁਤ ਉੱਘੇ ਅਤੇ ਸੁਲਝੇ ਹੋਏ ਵਿਦਵਾਨ ਸਨ, ਜਿਨ੍ਹਾਂ ਨੇ ਸਿੱਖ ਧਰਮ ਅਤੇ ਪੰਜਾਬ ਇਤਿਹਾਸ ਸਬੰਧੀ ਬੜੀ ਲਗਨ ਨਾਲ ਖੋਜ ਕੀਤੀ। ਆਪ ਨੇ 30 ਪੁਸਤਕਾਂ ਲਿਖੀਆਂ ਅਤੇ 100 ਤੋਂ ਵੱਧ ਖੋਜ-ਨਿਬੰਧ ਪ੍ਰਕਾਸ਼ਿਤ ਕੀਤੇ ਅਤੇ ਆਪ ਦੀਆਂ ਪੁਸਤਕਾਂ ਜਿਆਦਾ ਤਰ ਅੰਗਰੇਜੀ ਵਿਚ ਸਨ। ਡਾ. ਫ਼ੌਜਾ ਸਿੰਘ ਨੇ ਕੌਮਾਂਤਰੀ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬ ਪੱਧਰ ਉਤੇ ਆਯੋਜਿਤ ਕਈ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਦੀ ਪ੍ਰਧਾਨਗੀ ਕੀਤੀ। ਆਪ ਨੂੰ ਕਈ ਵਾਰ ਵਿਦੇਸ਼ਾਂ ਵਿਚ ਪੰਜਾਬ ਤੇ ਭਾਰਤੀ ਇਤਿਹਾਸ ਦੇ ਕੁਝ ਪਹਿਲੂਆਂ ਉੱਤੇ ਚਾਨਣਾ ਪਾਉਣ ਲਈ ਨਿਮੰਤ੍ਰਿਤ ਕਰ ਕੇ ਸਨਮਾਨਿਤ ਕੀਤਾ ਗਿਆ। ਆਪ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਡੀਨ ਅਕਾਦਮਿਕ ਮਾਮਲੇ, ਡੀਨ ਸਮਾਜਿਕ ਵਿਗਿਆਨ ਅਤੇ ਹੋਰ ਅਨੇਕਾਂ ਉੱਚ ਪਦਵੀਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ। ਕੁਝ ਸਮਾਂ ਆਪ ਨੂੰ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਦੇ ਤੌਰ ਤੇ ਕੰਮ ਕਰਨ ਦਾ ਸਨਮਾਨ ਵੀ ਪ੍ਰਾਪਤ ਹੋਇਆ।[4]
8 ਅਪ੍ਰੈਲ, 1983 ਨੂੰ 64 ਸਾਲ ਦੀ ਉਮਰ ਵਿਚ ਦਿੱਲੀ ਵਿਖੇ ਆਪ ਦਾ ਦੇਹਾਂਤ ਹੋ ਗਿਆ।
ਵਰਣਨਯੋਗ ਪੁਸਤਕਾਂ
ਸੋਧੋ- Military System of Sikhs 1799-1849 (1964)[1]
- Kuka Movement: An Important Phase in Punjab's Role in India's Struggle for Freedom (1965)
- Guru Amar Das : Life and Teachings (1979)
- Guru Tegh Bahadur: Martyr And Teacher (1975)
- Atlas:Travels Of Guru Nanak (1976)
- Atlas:Travels Of Guru Gobind Singh (1968)
- Some Aspects of State and Society Under Ranjit Singh (1981)
- Who's Who: Punjab Freedom Fighters - Volume 2 (1972)
- ਪੰਜਾਬੀ ਵੀਰ ਪਰੰਪਰਾ ਦਾ ਵਿਕਾਸ
- ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ (1968)
- ਸ੍ਰੀ ਗੁਰੂ ਤੇਗ ਬਹਾਦਰ: ਜੀਵਨ ਤੇ ਰਚਨਾ (1976)
- ਗੁਰੂ ਤੇਗ ਬਹਾਦਰ ਯਾਤਰਾ ਅਸਥਾਨ, ਪਰੰਪਰਾਵਾਂ ਤੇ ਯਾਦ-ਚਿੰਨ੍ਹ : ਇਕ ਸਰਵੇਖਣ (1976)
ਸੰਪਾਦਨਾ
ਸੋਧੋ- Eminent Freedom Fighters of Punjab (1972)
- Sirhind Through the Ages (1972)
- Historians and Historiography of the Sikhs (1978)
- History of Punjab (1972)
- ਮਹਾਰਾਜਾ ਖੜਗ ਸਿੰਘ
- ਪੰਜਾਬ ਦਾ ਸਮਾਜਿਕ ਇਤਿਹਾਸ ਆਦਿ
ਹਵਾਲੇ
ਸੋਧੋ- ↑ "ਫ਼ੌਜਾ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2022-09-29.
- ↑ "ਫ਼ੌਜਾ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2022-09-29.
- ↑ "ਫ਼ੌਜਾ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2022-09-29.
- ↑ "ਫ਼ੌਜਾ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2022-09-29.