ਡਾ. ਬਲਬੀਰ ਸਿੰਘ ਸੰਧੂ
ਡਾ. ਬਲਬੀਰ ਸਿੰਘ ਸੰਧੂ (1932 - 16 ਅਕਤੂਬਰ 1985) ਇੱਕ ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਸੀ।[1]
ਜੀਵਨ
ਸੋਧੋਬਲਬੀਰ ਸਿੰਘ ਸੰਧੂ ਦਾ ਜਨਮ 1932 ਵਿੱਚ ਹੋਇਆ ਸੀ। 1960ਵਿਆਂ ਦੇ ਸ਼ੁਰੂ ਵਿੱਚ ਭਾਸ਼ਾ ਵਿਭਾਗ ਪੰਜਾਬ ਵਿੱਚ ਕੁਝ ਦੇਰ ਨੌਕਰੀ ਕਰਨ ਉੱਪਰੰਤ ਉਚੇਰੀ ਪੜ੍ਹਾਈ ਹਿਤ ਮਾਸਕੋ ਚਲਿਆ ਗਿਆ ਸੀ। ਉਥੋਂ ਆਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਅਤੇ ਅਧਿਆਪਨ ਦੇ ਕਾਰਜ ਵਿੱਚ ਲੱਗ ਗਿਆ।ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ‘ਇੰਸਟਰੂਮੈਂਟ ਫੋਨੈਟਿਕਸ’ ਦਾ ਸ਼ਾਹ ਅਸਵਾਰ ਅਤੇ ਪੁਆਧੀ ਬੋਲੀ ’ਤੇ ਪਹਿਲੀ ਵਾਰ ਪੀਐੱਚ.ਡੀ. ਕਰਨ ਵਾਲਾ ਡਾ. ਬਲਬੀਰ ਸਿੰਘ ਸੰਧੂ ਉੱਚ ਵਿੱਦਿਅਕ ਸੰਸਥਾਵਾਂ ਅਤੇ ਵਿਦਵਾਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਜਾਪਦਾ ਹੈ। ਉਹ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦੇ ਪੁਆਧ ਦੇ ਨਿੱਕੇ ਜਿਹੇ ਪਿੰਡ ਨਰੜੂ ਦੇ ਸਾਧਾਰਨ ਕਿਸਾਨ ਪਰਿਵਾਰ ਵਿੱਚ 28 ਸਤੰਬਰ 1934 ਨੂੰ ਜਨਮੇ। ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ 1956 ਵਿੱਚ ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਖੋਜ ਸਹਾਇਕ ਦੀ ਨੌਕਰੀ ਕੀਤੀ। ਉਦੋਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਬਲਬੀਰ ਸਿੰਘ ਸੰਧੂ ਦੀ ਖੋਜ ਘਾਲਣਾ ਬਾਰੇ ਜਾਣ ਕੇ ਕਿਹਾ ਸੀ ਕਿ ਬਲਬੀਰ ਸੰਧੂ ਦੀਆਂ ਖੁੱਚਾਂ ਵਿੱਚ ਬੜਾ ਦਮ ਹੈ। ਇਹ ਉਹ ਸਮਾਂ ਸੀ ਕਿ ਡਾ. ਸੰਧੂ ਭਾਸ਼ਾ ਵਿਗਿਆਨ ਦੀਆਂ ਖੋਜਾਂ ਵੱਲ ਅੱਗੇ ਵਧਦੇ ਗਏ।
ਐਮ.ਏ. ਕਰਨ ਤੋਂ ਬਾਅਦ ਡਾ. ਸੰਧੂ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ ਇੰਡੀਆ ਨਾਲ ਹੋਇਆ। ਇਸ ਦੌਰਾਨ ਉਹ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਬਤੌਰ ਲੈਕਚਰਾਰ ਪੜ੍ਹਾਉਣ ਵੀ ਲੱਗ ਗਏ ਸਨ। ਇਸੇ ਦੌਰਾਨ 1960 ਤੋਂ ਲੈ ਕੇ 1964 ਤਕ ਡਾ. ਸੰਧੂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ‘ਏ ਡਿਸਕ੍ਰਿਪਟਿਵ ਗਰਾਮਰ ਆਫ ਪੁਆਧੀ’ (ਪੁਆਧੀ ’ਤੇ ਪਹਿਲੀ ਵਾਰ) ਵਿਸ਼ੇ ’ਤੇ ਪੀਐੱਚ.ਡੀ. ਦੀ ਡਿਗਰੀ ਵੀ ਪ੍ਰਾਪਤ ਕਰ ਲਈ। ਡਾ. ਸੰਧੂ 1964 ਵਿੱਚ ਸੋਵੀਅਤ ਯੂਨੀਅਨ ਵੱਲੋਂ ਭਾਸ਼ਾ ਵਿਗਿਆਨ ਵਿੱਚ ਖੋਜ ਕਰਨ ਲਈ ਸਰਬ ਭਾਰਤੀ ਪੱਧਰ ਉੱਤੇ ਭਾਸ਼ਾ ਵਿਗਿਆਨ ਦੇ ਕਰਵਾਏ ਗਏ ਇੱਕ ਖੁੱਲ੍ਹੇ ਮੁਕਾਬਲੇ ਵਿੱਚ ਫੈਲੋਸ਼ਿਪ ਲਈ ਚੁਣੇ ਗਏ। ਸੋਵੀਅਤ ਯੂਨੀਅਨ ਦੀ ਲੈਨਿਨਗਰਾਦ ਯੂਨੀਵਰਸਿਟੀ ਵਿੱਚ ਸਖ਼ਤ ਮਿਹਨਤ ਨਾਲ ਕੀਤੀ ਖੋਜ ਸਦਕਾ ਉਨ੍ਹਾਂ ਨੂੰ ਇੰਸਟਰੂਮੈਂਟਲ ਫੋਨੈਟਿਕਸ ਦੇ ਖੇਤਰ ਵਿੱਚ ਖੋਜ ਦੀ ਸਭ ਤੋਂ ਵੱਡੀ ਡਿਗਰੀ ਡੀਐਸਸੀ ਪ੍ਰਾਪਤ ਹੋਈ। ਇਸ ਦੌਰਾਨ ਉਹ ਸੰਸਾਰ ਦੀਆਂ ਵਿਸ਼ਵ ਪ੍ਰਸਿੱਧ ਭਾਸ਼ਾ ਲੈਬਾਰਟਰੀਆਂ- ਮਾਸਕੋ, ਕੀਵ, ਬਰਲਿਨ, ਸਟਾਕਹੋਮ, ਲੰਡਨ ਤੇ ਹੈਲਿੰਸਕੀ ਆਦਿ ਨਾਲ ਭਾਸ਼ਾ ਵਿਗਿਆਨ ’ਤੇ ਖੋਜ ਕਰਦੇ ਰਹੇ। ਉਨ੍ਹਾਂ ਭਾਰਤ ਵਿੱਚ ਵੀ ਭਾਸ਼ਾ ਵਿਗਿਆਨ ਦੇ ਵੱਖ ਵੱਖ ਪਹਿਲੂਆਂ ’ਤੇ ਖੋਜਾਂ ਕੀਤੀਆਂ ਅਤੇ ਕਈ ਕੋਰਸ ਪਾਸ ਕੀਤੇ।
ਡਾ. ਸੰਧੂ ਨੇ 1971 ਤੋਂ 1985 ਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਪੜ੍ਹਾਇਆ ਅਤੇ ਨਾਲੋ-ਨਾਲ ਭਾਸ਼ਾ ਵਿਗਿਆਨ ’ਤੇ ਹੋਰ ਡੂੰਘਾਈ ਨਾਲ ਖੋਜ ਵੀ ਕਰਦੇ ਰਹੇ। ਡਾ. ਸੰਧੂ ਨੂੰ ਸੋਵੀਅਤ ਯੂਨੀਅਨ ਦੀ ਅਕਾਦਮੀ ਆਫ ਸਾਇੰਸ ਦੇ ਡੀਐਸਸੀ ਪੇਪਰਾਂ ਦੇ ਥੀਸਿਸ ਦਾ ਨਿਰੀਖਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨ੍ਹਾਂ ਵਿਸ਼ਵ ਪੱਧਰ ’ਤੇ ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਦੇ ਕਈ ਥੀਸਿਸਾਂ ਦਾ ਨਿਰੀਖਣ ਕੀਤਾ। 1980 ਵਿੱਚ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੂਏਜਿਜ਼ ਪੋਸਟ ਗਰੈਜੂਏਟ ਤੇ ਪੋਸਟ ਡਾਕਟਰਲ ਪੇਪਰ ਦੇ ਭਾਸ਼ਾ ਸਕਾਲਰਾਂ ਨੂੰ ਪੜ੍ਹਾਉਣ ਲਈ ਡਾ. ਬਲਬੀਰ ਸਿੰਘ ਸੰਧੂ ਨੂੰ ਵਿਜ਼ਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਗਿਆ। 1983 ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਇੱਕ ਸਾਲ ਲਈ ਵਿਜ਼ਟਿੰਗ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਇੱਥੇ ਹੀ ਬੱਚਿਆਂ ਨੂੰ ਭਾਸ਼ਾ ਵਿਗਿਆਨ ਦੇ ਮਾਹਿਰ ਕਰਨ ਲਈ ਉਨ੍ਹਾਂ ਵਿਸ਼ੇਸ਼ ਪਾਠਕ੍ਰਮ ਬਣਾਉਣ ਲਈ ਕਾਰਜ ਵੀ ਆਰੰਭਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ‘ਕਰਾਸ ਡਾਇਲੈਕਟ ਫ਼ੀਚਰ ਆਫ ਪੰਜਾਬੀ’ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦੇ ਭਾਸ਼ਾ ਅਧਿਐਨ ਅਤੇ ਪੰਜਾਬੀ ਬੋਲਦੇ ਪਿੰਡਾਂ ਦਾ ਜਾਇਜ਼ਾ ਲੈਣ ਉਪਰੰਤ ਇੱਕ ਪੁਆਧੀ ਸ਼ਬਦ ਕੋਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹ 16 ਅਕਤੂਬਰ 1985 ਨੂੰ ਇਹ ਕਾਰਜ ਅਧੂਰਾ ਛੱਡ ਕੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਤੀਬਰ ਇੱਛਾ ਸੀ ਕਿ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣ। ਪੰਜਾਬ ਸਾਹਿਤ ਅਕਾਦਮੀ ਦਾ ਸਕੱਤਰ ਬਣ ਕੇ ਉਨ੍ਹਾਂ ਇਹ ਕੰਮ ਆਰੰਭ ਕੀਤਾ। ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਲੇਖਕਾਂ ਦੀਆਂ ਕਿਤਾਬਾਂ ਖ਼੍ਰੀਦਣ ਦੀ ਇੱਕ ਵਿਸ਼ੇਸ਼ ਯੋਜਨਾ ਬਣਾਈ ਸੀ ਜੋ ਪੰਜਾਬ ਆਰਟਸ ਕੌਂਸਲ ਰਾਹੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਵਾ ਲਈ ਸੀ। ਡਾ. ਸੰਧੂ ਦੀਆਂ ਅੰਤਿਮ ਰਸਮਾਂ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ, ‘ਪਿੰਡਾਂ ਵਿੱਚ ਲਾਇਬ੍ਰੇਰੀਆਂ ਉਸਾਰਨ ਵਾਲਾ ਵਿਦਵਾਨ ਤੁਰ ਗਿਆ ਹੈ।’[ਹਵਾਲਾ ਲੋੜੀਂਦਾ]
ਡਾ. ਬਲਬੀਰ ਸਿੰਘ ਨੇ ਭਾਸ਼ਾ ਵਿਗਿਆਨ (ਧੁਨੀ ਤੋਂ ਲੈ ਕੇ ਸ਼ਬਦਾਂ ਦੀ ਬਣਤਰ ਤਕ) ਤੇ ਕੋਸ਼ਕਾਰੀ ’ਤੇ ਸੈਂਕੜੇ ਪਰਚੇ ਅਤੇ ਦਰਜਨਾਂ ਪੁਸਤਕਾਂ ਲਿਖੀਆਂ। ਉਨ੍ਹਾਂ ਕੋਲ ਪੜ੍ਹਨ ਵਾਲਿਆਂ ਦੀ ਕਤਾਰ ਵੀ ਲੰਬੀ ਹੈ ਪਰ 1985 ਤੋਂ ਬਾਅਦ ਡਾ. ਬਲਬੀਰ ਸਿੰਘ ਸੰਧੂ ਬਾਰੇ ਕੋਈ ਖੋਜ ਨਹੀਂ ਹੋਈ। ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ, ਉਨ੍ਹਾਂ ਨਮਿੱਤ ਕਦੇ ਯਾਦਗਾਰੀ ਭਾਸ਼ਣ ਵੀ ਨਹੀਂ ਕਰਾਇਆ ਗਿਆ। ਪਿੰਡ ਨਰੜੂ ਵਿੱਚ ਉਨ੍ਹਾਂ ਦਾ ਘਰ ਵੀ ਖੰਡਰ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਅਜਮੇਰ ਕੌਰ ਨੇ 1985 ਵਿੱਚ ਉਨ੍ਹਾਂ ਸਬੰਧੀ ਇੱਕ ਯਾਦਗਾਰੀ ਕਿਤਾਬ ਆਪਣੀ ਸੰਪਾਦਨਾ ਹੇਠ ਛਪਾਈ ਸੀ ਪਰ ਉਸ ਤੋਂ ਬਾਅਦ ਪੰਜਾਬ ਦਾ ਇਹ ਵੱਡਾ ਭਾਸ਼ਾ ਵਿਗਿਆਨੀ ਸਾਡੇ ਚੇਤਿਆਂ ਵਿੱਚੋਂ ਮਨਫ਼ੀ ਹੋ ਗਿਆ।[ਹਵਾਲਾ ਲੋੜੀਂਦਾ]
ਪੁਸਤਕਾਂ
ਸੋਧੋਹਵਾਲੇ
ਸੋਧੋ- ↑ "ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ". Punjabi Tribune Online (in ਹਿੰਦੀ). 2017-03-25. Retrieved 2019-09-28.[permanent dead link]
- ↑ [1][permanent dead link]
- ↑ [2]
- ↑ [3]
https://aqidaonline.blogspot.com/2019/09/blog-post_27.html