ਡੁੰਮ੍ਹ (ਕਹਾਣੀ)
ਡੁੰਮ੍ਹ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬੀ ਨਿੱਕੀ ਕਹਾਣੀ ਹੈ। ਇਹ ਕਹਾਣੀ ਸੰਗ੍ਰਹਿ ਅੰਗ-ਸੰਗ ਵਿੱਚ ਸ਼ਾਮਲ ਹੈ।
"ਡੁੰਮ੍ਹ" | |
---|---|
ਲੇਖਕ ਵਰਿਆਮ ਸਿੰਘ ਸੰਧੂ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਤਰ
ਸੋਧੋ- ਤੇਜੂ (ਮਧਰੇ ਕੱਦ ਦਾ)
- ਫੱਤੂ ਅਰਾਈਂ (ਲੰਮਾਂ ਤੇ ਤਕੜਾ)
ਪਲਾਟ
ਸੋਧੋਕਹਾਣੀ 'ਡੁੰਮ੍ਹ' ਦਾ ਮੁੱਖ ਪਾਤਰ ਗ਼ਰੀਬ ਕਿਰਸਾਨ ਤੇਜੂ ਹੈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਕੋਲ ਅਕਲ ਦੀਆਂ ਕਾਪੀਆਂ ਨੇ ਜਿਹਨਾਂ ਵਿਚੋਂ ਪੜ੍ਹ ਕੇ ਉਸ ਨੇ ਜਿਸ ਵੀ ਕਿਸੇ ਨੂੰ ਕੋਈ ਸਲਾਹ ਦਿੱਤੀ, ਓਸੇ ਦਾ ਕੰਮ ਸੌਰ ਗਿਆ ਸੀ। ਪਰ ਆਪ ਉਹ ਸਾਰੀ ਜ਼ਿੰਦਗੀ ਗਰੀਬੀ ਤੇ ਤੰਗੀ ਭੋਗਦਾ ਰਿਹਾ। ਕਹਾਣੀ ਦੇ ਸ਼ੁਰੂ ਦਾ ਸੀਨ ਹੈ ਜਿੱਥੇ ਤੇਜੂ ਦੀ ਮਿਰਤਕ ਦੇਹ ਵਿਹੜੇ ਵਿੱਚ ਪਈ ਹੈ ਤੇ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਦਾ ਪਿਓ ਕਪਤਾਨ ਨਾਜ਼ਰ ਸਿੰਘ ਅਫ਼ਸੋਸ ਕਰਨ ਆਉਂਦਾ ਹੈ। ਅਫ਼ਸੋਸ ਦੇ ਕੁਝ ਬੋਲ ਬੋਲ ਕੇ ਉਹ ਆਪਣੀ ਤੇ ਆਪਣੇ ਸਰਪੰਚ ਪੁੱਤ ਦੀ ਤਾਰੀਫ਼ ਵਿੱਚ ਵਾਹਵਾ ਗੱਲਾਂ ਕਹਿ ਹੱਟਣ ਦੇ ਬਾਅਦ ਬੈਠੇ ਲੋਕਾਂ ਦੇ ਚਿਹਰਿਆਂ ਵੱਲ ਤੱਕਣ ਲੱਗਦਾ ਹੈ। ਜਿਵੇਂ ਆਪਣੀਆਂ ਗੱਲਾਂ ਦਾ ਪ੍ਰਤੀਕਰਮ ਉਡੀਕ ਰਿਹਾ ਹੋਵੇ। ਇਹ ਉਸਦੀ ਆਦਤ ਹੀ ਸੀ ਕਿ ਉਹ ਕਿਸੇ ਦੀ ਘੱਟ ਹੀ ਸੁਣਦਾ ਸੀ ਅਤੇ ਆਪਣੀ ਨਿਰੰਤਰ ਸੁਣਾਈ ਜਾਂਦਾ ਸੀ। ਬੈਠਿਆਂ ਵਿੱਚੋਂ ਇੱਕ ਦੋ ਨੇ ਕਪਤਾਨ ਅਤੇ ਉਹਦੇ ਲੜਕੇ ਗੁਰਬਚਨ ਸਿੰਘ ਦੀ ਤਾਰੀਫ਼ ਕੀਤੀ। ਜਿਸ ਦਾ ਭਾਵ ਕੁੱਝ ਇਸ ਤਰ੍ਹਾਂ ਸੀ ਕਿ ਉਹ ਦੋਹਵੇਂ ਤਾਂ ਪਿੰਡ ਦੀਆਂ ਬਾਹਵਾਂ ਸਨ…ਇਲਾਕੇ ਦੇ ਥੰਮ੍ਹ ਸਨ! ਗੁਰਬਚਨ ਸਿੰਘ ਤਾਂ ਅੱਜ ਦੀ ਸਿਆਸਤ ਵਿੱਚ ਸਿਰ ਉੱਚਾ ਕੱਢਦਾ ਆ ਰਿਹਾ ਸੀ! ਉਹਦੇ ਕਰਕੇ ਇਲਾਕੇ ਦੀ ਸੁਣੀ ਜਾ ਰਹੀ ਸੀ! ਇਹੋ ਜਿਹੇ ਨੇਕ ਪੁੱਤ ਕਿਤੇ ਮਾਵਾਂ ਰੋਜ਼-ਰੋਜ਼ ਜੰਮਦੀਆਂ ਸਨ! ਹਰ ਇੱਕ ਨਾਲ ਬਣਾ ਕੇ ਰੱਖਣ ਵਾਲਾ…ਅਗਲੀਆਂ ਚੋਣਾਂ ਵਿੱਚ ਉਹਨੂੰ ਇਲਾਕੇ 'ਚੋਂ ਖਲ੍ਹਿਆਰਨਾ ਚਾਹੀਦਾ ਹੈ, ਆਦਿ ਆਦਿ……। ਤੇ ਇਹਨਾਂ ਗੱਲਾਂ ਦੀ ਭੀੜ ਵਿੱਚ ਜਿਵੇਂ ਤੇਜੂ ਦੀ ਮੌਤ ਦੀ ਗੱਲ ਗੁਆਚ ਗਈ ਸੀ। ਇੰਜ ਲੱਗਦਾ ਸੀ ਜਿਵੇਂ ਆਪਣੇ ਆਪ ਨੂੰ ਇਸ ਤਰ੍ਹਾਂ ਅਣਗੌਲਿਆ ਵੇਖ ਕੇ ਉਹ ਉੱਠ ਖੜੋਵੇਗਾ ਅਤੇ ਦੱਸੇਗਾ ਕਿ ਜਿਹੜੇ ਸਰਦਾਰ ਅਤੇ ਉਹਦੇ ਮੁੰਡੇ ਅੱਗੇ ਸਾਰੇ 'ਯਈਂ ਯਈਂ' ਕਰ ਰਹੇ ਸਨ, ਇਹਨਾਂ ਨੂੰ ਵੀ ਉਹਨੇ ਹੀ ਅਕਲ ਦੀ ਕਾਪੀ ਪੜ੍ਹ ਕੇ ਸੁਣਾਈ ਸੀ ਅਤੇ ਅੱਜ ਦੇ ਜ਼ਮਾਨੇ 'ਚ ਤੁਰਨ ਦੀ ਜਾਚ ਦੱਸੀ ਸੀ।