ਡੇਰਾ ਬਾਬਾ ਗਾਂਧਾ ਸਿੰਘ
ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਸ਼ਹਿਰ ਵਿਚ ਨਿਰਮਲਾ ਸੰਪਰਦਾਇ ਦਾ ਪ੍ਰਸਿੱਧ ਡੇਰਾ ਹੈ। ਅਸਲ ਵਿਚ ਇਹ ਡੇਰਾ ਬਾਬਾ ਨਿੱਕਾ ਸਿੰਘ ਦੇ ਨਾਮ ਨਾਲ ਮਸ਼ਹੂਰ ਸੀ। ਬਾਬਾ ਨਿੱਕਾ ਸਿੰਘ ਨੂੰ ਬੀਬੀ ਪ੍ਰਧਾਨ ਕੌਰ ਜਿਹੜੀ ਕਿ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੀ ਧੀ ਸਨ ਵਾਸਤੇ ਅਧਿਆਪਕ ਨਿਯੁਕਤ ਕੀਤਾ ਗਿਆ ਸੀ। 1860 ਈ: ਵਿਚ ਜਦੋਂ ਪੰਜਾਬ ਵਿਚ ਕਾਲ ਪਿਆ ਤਾਂ ਇਸ ਡੇਰੇ ਦੇ ਮਹੰਤ ਬਾਬਾ ਗਾਂਧਾ ਸਿੰਘ ਸਨ। ਬਾਬਾ ਜੀ ਨੇ ਅਜਿਹੇ ਭਿਆਨਕ ਦੌਰ ਵਿਚ ਅਤੁੱਟ ਲੰਗਰ ਵਰਤਾਏ ਜਿਸ ਨਾਲ ਬਾਬਾ ਜੀ ਦੀ ਹਰ ਪਾਸੇ ਸੋਭਾ ਹੋ ਗਈ। ਉਸ ਸਮੇਂ ਤੋਂ ਡੇਰੇ ਦਾ ਨਾਮ ਬਾਬਾ ਗਾਂਧਾ ਸਿੰਘ ਨਾਲ ਮਸ਼ਹੂਰ ਹੋ ਗਿਆ। ਪ੍ਰਸਿੱਧ ਸਿੱਖ ਲਿਖਾਰੀ ਗਿਆਨੀ ਗਿਆਨ ਸਿੰਘ ਇਸ ਡੇਰੇ ਵਿਚੋਂ ਹੀ ਪੜ੍ਹੇ ਸਨ। ਇਸ ਦੇ ਮੌਜੂਦਾ ਮਹੰਤ ਬਾਬਾ ਪਿਆਰਾ ਸਿੰਘ ਹਨ।