ਮਾਨਸਾ ਵਿੱਚ ਰਹਿਣ ਵਾਲਾ ਤਰਸੇਮ ਰਾਹੀ ਸਮਾਜਕ ਤਬਦੀਲੀ ਦੇ ਰੰਗਮੰਚ ਲਈ ਕੰਮ ਕਰਨ ਵਾਲਾ ਇੱਕ ਰੰਗਕਰਮੀ ਹੈ। ਉਸ ਨੇ ਪੰਜਾਬ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਸਾਢੇ ਤਿੰਨ ਦਹਾਕਿਆਂ ਦੇ ਕਰੀਬ ਰੰਗਮੰਚ ਕੀਤਾ ਹੈ।[1]

ਤਰਸੇਮ ਰਾਹੀ
ਜਨਮ4 ਸਤੰਬਰ 1963
ਮਾਨਸਾ (ਪੰਜਾਬ)
ਕਿੱਤਾਰੰਗਕਰਮੀ
ਭਾਸ਼ਾਪੰਜਾਬੀ
ਜੀਵਨ ਸਾਥੀਸੁਖਪਾਲ ਕੌਰ
ਰਿਸ਼ਤੇਦਾਰਲੋਕਪ੍ਰੀਤ (ਬੇਟਾ), ਸੁਮਨਦੀਪ (ਬੇਟੀ), ਆਸ਼ੂ (ਬੇਟੀ), ਨਿਸ਼ੂ (ਬੇਟੀ)

ਬਚਪਨ/ਪੜ੍ਹਾਈ/ਰੁਜ਼ਗਾਰ/ਪਰਿਵਾਰਕ ਜੀਵਨ

ਸੋਧੋ

ਉਸ ਦਾ ਜਨਮ 4 ਸਤੰਬਰ 1963 ਨੂੰ ਮਾਨਸਾ ਵਿਖੇ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਰਾਮ ਦਾਸ ਅਤੇ ਮਾਤਾ ਦਾ ਨਾਂ ਸਵਰਨ ਕੌਰ ਸੀ। ਪੜ੍ਹਨ ਦੀ ਉਮਰ ਹੋਣ 'ਤੇ ਉਸ ਨੂੰ ਮਾਨਸਾ ਦੇ ਖਾਲਸਾ ਹਾਈ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਸੰਨ 1969 ਵਿੱਚ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋ ਗਈ। ਨਤੀਜੇ ਵੱਜੋਂ ਸੰਨ 1973 ਵਿੱਚ ਉਸ ਨੂੰ ਚੌਥੀ ਜਮਾਤ ਵਿੱਚੋਂ ਹਟਾ ਲਿਆ ਗਿਆ ਅਤੇ ਉਸ ਦੇ ਸਿਰ ਘਰ ਵਿੱਚ ਰੱਖੀ ਮੱਝ ਦੀ ਸੰਭਾਲ ਦੀ ਜ਼ਿੰਮੇਵਾਰੀ ਪਾ ਦਿੱਤੀ ਗਈ। ਥੋੜ੍ਹਾ ਵੱਡਾ ਹੋਣ 'ਤੇ ਉਸ ਦੀ ਮਾਂ ਨੇ ਉਸ ਨੂੰ ਘਰ ਦੇ ਨੇੜਲੇ ਇੱਕ ਪੋਲਟਰੀ ਫਾਰਮ ਵਿੱਚ 30 ਰੁਪਏ ਮਹੀਨਾ 'ਤੇ ਨੌਕਰ ਲਵਾ ਦਿੱਤਾ। ਇਸ ਪੋਲਟਰੀ ਫਾਰਮ ਵਿੱਚ ਉਸ ਨੇ ਦੋ ਸਾਲ ਕੰਮ ਕੀਤਾ। ਫਿਰ ਉਹ ਮਾਨਸਾ ਸ਼ਹਿਰ ਦੇ ਇੱਕ ਕਬਾੜੀਏ ਨਾਲ 60 ਰੁਪਏ ਮਹੀਨਾ 'ਤੇ ਕੰਮ ਕਰਨ ਲੱਗਾ। ਇੱਥੇ ਉਸ ਨੇ 4 ਸਾਲ ਕੰਮ ਕੀਤਾ। ਇੱਥੇ ਕੰਮ ਕਰਦਿਆਂ ਉਸ ਦੇ ਸੱਟ ਲੱਗ ਗਈ। ਇੱਕ ਮਹੀਨਾ ਘਰ ਰਹਿ ਕੇ ਸੱਟ ਤੋਂ ਰਾਜ਼ੀ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਕੰਮ 'ਤੇ ਗਿਆ ਤਾਂ ਮਾਲਕ ਨਾਲ ਤਨਖਾਹ ਦਾ ਝਗੜਾ ਹੋਣ ਕਾਰਨ ਉਸ ਨੇ ਇਹ ਕੰਮ ਛੱਡ ਦਿੱਤਾ।

ਇਸ ਤੋਂ ਬਾਅਦ ਉਹ ਆਜ਼ਾਦ ਤੌਰ 'ਤੇ ਬਾਰ ਬਾਈਡਿੰਗ ਜਾਂ ਸਰੀਆ ਬੀਮ ਬੰਨਣ ਦਾ ਕੰਮ ਕਰਨ ਲੱਗਾ। ਉਸ ਨੇ ਇਹ ਕੰਮ ਕਈ ਸਾਲ ਕੀਤਾ। ਪਰ ਦਮੇ ਦੀ ਬੀਮਾਰੀ ਕਾਰਨ ਉਸ ਨੂੰ ਇਹ ਕੰਮ ਛੱਡਣਾ ਪਿਆ

ਸੰਨ 1984 ਵਿੱਚ ਉਸ ਦਾ ਵਿਆਹ ਸੁਖਪਾਲ ਕੌਰ ਨਾਲ ਹੋ ਗਿਆ। ਤਰਸੇਮ ਅਤੇ ਸੁਖਪਾਲ ਕੌਰ ਦਾ ਇੱਕ ਬੇਟਾ ਅਤੇ ਤਿੰਨ ਬੇਟੀਆਂ ਹਨ।

ਬੇਸ਼ੱਕ ਉਸ ਨੂੰ ਸਕੂਲੀ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ, ਫਿਰ ਵੀ ਉਹ ਲਗਾਤਾਰਤਾ ਨਾਲ ਪੰਜਾਬੀ ਸਾਹਿਤ ਪੜ੍ਹਦਾ ਹੈ। ਉਸ ਮੁਤਾਬਕ ਉਸ ਨੇ ਅਜਮੇਰ ਔਲਖ, ਗੁਰਸ਼ਰਨ ਸਿੰਘ, ਨਾਨਕ ਸਿੰਘ, ਜਸਵੰਤ ਕੰਵਲ, ਮੁਨਸ਼ੀ ਪ੍ਰੇਮਚੰਦ, ਗੁਰਬਖਸ਼ ਸਿੰਘ ਪ੍ਰੀਤਲੜੀ, ਦਰਸ਼ਨ ਮਿਤਵਾ, ਟਾਲਸਟਾਏ, ਗੋਰਕੀ, ਰਸੂਲ ਹਮਜ਼ਾਤੋਵ ਅਤੇ ਗੋਰਕੀ ਆਦਿ ਲੇਖਕਾਂ ਨੂੰ ਪੜ੍ਹਿਆ ਹੈ।[2]

ਰੰਗਮੰਚ ਦਾ ਸਫਰ

ਸੋਧੋ

1980ਵਿਆਂ ਦੇ ਕਰੀਬ ਉਸ ਨੇ ਮਾਨਸਾ ਇਲਾਕੇ ਦੀ ਨੌਜਵਾਨ ਭਾਰਤ ਸਭਾ ਦੀ ਨਾਟਕ ਮੰਡਲੀ ਮਾਲਵਾ ਕਲਾ ਕੇਂਦਰ ਵਲੋਂ ਤਿਆਰ ਕੀਤੇ ਇੱਕ ਨਾਟਕ ਬੇਗਮਪੁਰੇ ਦੇ ਵਾਸੀ ਵਿੱਚ ਛੋਟਾ ਜਿਹਾ ਰੋਲ ਕੀਤਾ ਅਤੇ ਉਸ ਦਾ ਰੰਗਮੰਚ ਦਾ ਸਫਰ ਸ਼ੁਰੂ ਹੋ ਗਿਆ। ਇਸ ਮੰਡਲੀ ਨਾਲ ਉਸ ਨੇ 1982-83 ਤੱਕ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਦਰਸ਼ਨ ਮਿਤਵਾ ਦੀ ਟੀਮ ਚੌਂਕ ਥੇਟਰ ਮਾਨਸਾ ਅਤੇ ਫਿਰ ਸੁਰਜੀਤ ਗਾਮੀ ਦੀ ਅਗਵਾਈ ਹੇਠਲੀ ਟੀਮ ਪੰਜਾਬ ਕਲਾ ਮੰਚ ਮਾਨਸਾ ਨਾਲ ਕੰਮ ਕੀਤਾ।

ਆਪਣੇ ਰੰਗਮੰਚ ਦੇ ਸਫਰ ਦੌਰਾਨ ਉਸ ਨੇ ਅੱਗੇ ਦਿੱਤੇ ਨਾਟਕਾਂ ਵਿੱਚ ਕੰਮ ਕੀਤਾ: ਉਮੀਦਵਾਰ ਦੀ ਚੋਣ, ਅਸੀਂ ਸ਼ਹੀਦ ਹੋਵਾਂਗੇ ਤੂੰ ਖੁਦਕਸ਼ੀ ਕਰੇਂਗਾ, ਫਾਂਸੀ ਦੇ ਤਖਤੇ ਤੋਂ, ਪੁਲਸ ਪੰਦਰਵਾੜਾ, ਇਨਕਲਾਬ ਜ਼ਿੰਦਾਬਾਦ, ਕੁਰਸੀ ਨਾਚ ਨਚਾਏ, ਬਤਾ ਪਾਵਾਂ ਬਤੋਲੀ ਪਾਂਵਾਂ, ਚੌਂ ਕੂੰਟਾਂ ਦੇ ਮੁੰਡੇ, ਬਦਲੇ ਖੋਰੀਆਂ ਰਾਤਾਂ, ਗਿਰਗਿਟ, ਅੰਨੇ ਕਾਣੇ, ਸੀਣਾਂ, ਅੰਨੇ ਨਿਸ਼ਾਨਚੀ, ਮੈਂ ਨਾਸਤਿਕ ਹਾਂ, ਕੁਦਰਤ ਦੇ ਸਭ ਬੰਦੇ, ਇਸ ਚੌਂਕ ਵਿੱਚੋਂ ਸ਼ਹਿਰ ਦਿਸਦਾ ਹੈ, ਸ਼ਹੀਦ ਭਗਤ ਸਿੰਘ, ਤੂਤਾਂ ਵਾਲਾ ਖੁਹ, ਆਹਲਣਾ, ਇਹ ਲਹੂ ਕਿਸ ਦਾ ਹੈ, ਨਵਾਂ ਜਨਮ, ਕੁਰਸੀ ਮੋਰਚਾ ਤੇ ਹਵਾ ਵਿੱਚ ਲਟਕਦੇ ਲੋਕ, ਰਿਜ਼ਕ, ਮਰਯਾਦਾ, ਏਕਤਾ, ਹਥੋੜਾ, ਰੋਣ ਆਟੇ ਦੀਆਂ ਚਿੜੀਆਂ ਆਦਿ ਨਾਟਕਾਂ ਵਿੱਚ ਕੰਮ ਕੀਤਾ। ਇਹਨਾਂ ਵਿੱਚੋਂ ਏਕਤਾ, ਹਥੋੜਾ, ਰੋਣ ਆਟੇ ਦੀਆਂ ਚਿੜੀਆਂ ਨਾਟਕ ਤਰਸੇਮ ਰਾਹੀ ਨੇ ਆਪ ਲਿਖੇ।

ਨਾਟਕਾਂ ਤੋਂ ਇਲਾਵਾਂ ਉਸ ਨੇ ਅਭਾਗਣ, ਬੱਦਲਾਂ ਦੇ ਉਹਲੇ ਅਤੇ ਟੇਸ਼ਨ ਨਾਮ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ।

ਰੰਗਮੰਚ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਗੁਰਸ਼ਰਨ ਸਿੰਘ ਨੂੰ ਆਪਣੀ ਪ੍ਰੇਰਨਾ ਦਾ ਸਰੋਤ ਮੰਨਦਾ ਹੈ।[2]

ਹਵਾਲੇ

ਸੋਧੋ
  1. ਡਾਂਗ ਦੇ ਸਹਾਰੇ ਖੜ੍ਹਾ ਘਰ[permanent dead link]
  2. 2.0 2.1 ਤਰਸੇਮ ਰਾਹੀ ਨਾਲ ਸੁਖਦਰਸ਼ਨ ਨੱਤ ਦੀ ਇੰਟਰਵਿਊ, ਨਵਾਂ ਜ਼ਮਾਨਾ, 18 ਦਸੰਬਰ 2016