ਥਾਲ਼
ਥਾਲ਼ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿੱਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ। ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੁੜ੍ਹਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਜਦੋਂ ਇੱਕ ਥਾਲ ਮੁੱਕ ਜਾਂਦਾ ਹੈ ਤਾਂ ਦੂਸਰਾ ਥਾਲ ਸ਼ੁਰੂ ਹੋ ਜਾਂਦਾ ਹੈ। ਜਿੱਥੇ ਵੀ ਖਿੱਦੋ ਡਿੱਗ ਪਵੇ ਉੱਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਅਤੇ ਅਗਲੀਆਂ ਕੁੜੀਆਂ ਥਾਲ਼ ਪਾਉਣੇ ਆਰੰਭ ਕਰ ਦਿੰਦੀਆ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ਼ ਪਾਏ ਹੋਣ ਉਸਨੂੰ ਜੇਤੂ ਮੰਨਿਆ ਜਾਂਦਾ ਹੈ।
ਥਾਲ਼ ਖੇਡਣ ਸਮੇਂ ਬੱਚੇ ਜਿਹੜੇ ਗੀਤ ਗਾਉਂਦੇ ਹਨ ਉਨ੍ਹਾਂ ਨੂੰ ਲੋਕ ਕਾਵਿ ਦਾ ਨਾਮ ਦਿੱਤਾ ਗਿਆ ਹੈ। ਨਮੂਨੇ ਵਜੋਂ ਇਹ ਗੀਤ ਦੇਖੋ :
ਦੱਸ ਦੱਸ ਦੱਸ,
ਮੇਰੀ ਡੱਬੀ ਦੇ ਵਿਚ ਨੱਥ
ਕਦੀ ਲਾਹਵਾਂ ਕਦੀ ਪਾਵਾਂ, ਕਦੀ ਪੇਕਿਆਂ ਨੂੰ ਜਾਵਾਂ
ਕਦੀ ਸਹੁਰਿਆਂ ਨੂੰ ਜਾਵਾਂ
ਸਹੁਰੇ ਪੈਰੀਂ ਜੁੱਤੀ, ਜੀਵੇ ਕਾਲੀ ਕੁੱਤੀ
ਕੁੱਤੀ ਦੇ ਕਤੂਰੇ, ਮੇਰੇ ਸਭੇ ਥਾਲ ਪੂਰੇ।