ਦਰਸ਼ਨ

ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ

ਦਰਸ਼ਨ ਸ਼ਾਸਤਰ (ਅੰਗਰੇਜ਼ੀ: Philosophy) ਜਾਂ ਫਿਲਾਸਫੀ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ ਹੈ। ਇਹ ਗਿਆਨ ਦੀ ਉਹ ਸਾਖਾ ਹੈ ਜੋ ਪਰਮ ਸੱਚ ਅਤੇ ਕੁਦਰਤ ਦੇ ਆਮ ਨਿਯਮਾਂ ਅਤੇ ਉਹਨਾਂ ਦੇ ਅੰਤਰ-ਸੰਬੰਧਾਂ ਦਾ ਅਧਿਐਨ ਕਰਦੀ ਹੈ। ਅੰਗਰੇਜ਼ੀ ਸ਼ਬਦ "philosophy" ਪੁਰਾਤਨ ਯੂਨਾਨੀ ਸ਼ਬਦ φιλοσοφία ('ਫਿਲੋਸੋਫੀਆ') ਤੋਂ ਆਇਆ ਹੈ, ਜਿਸਦਾ ਸ਼ਬਦੀ ਅਰਥ ਹੈ: "ਅਕਲ ਨਾਲ ਮੁਹੱਬਤ"।[1] ਦਾਰਸ਼ਨਕ ਚਿੰਤਨ ਮੂਲ ਤੌਰ 'ਤੇ ਜੀਵਨ ਦੇ ਅਰਥਾਂ ਦੀ ਖੋਜ ਦਾ ਨਾਮ ਹੈ। ਐਸੇ ਮਸਲਿਆਂ ਦੇ ਉੱਤਰ ਲਭਣ ਲਈ ਇਸਦੀ ਪਹੁੰਚ ਆਮ ਲੋਕਾਂ ਦੀ ਸਰਸਰੀ ਪਹੁੰਚ ਨਾਲੋਂ ਵੱਖਰੀ, ਆਲੋਚਨਾਤਮਕ, ਪ੍ਰਣਾਲੀਬਧ ਅਤੇ ਤਰਕਸ਼ੀਲ ਹੁੰਦੀ ਹੈ।[2] ਅਸਲ ਵਿੱਚ ਦਰਸ਼ਨ ਸ਼ਾਸਤਰ ਕੁਦਰਤ ਅਤੇ ਸਮਾਜ, ਅਤੇ ਮਨੁੱਖੀ ਚਿੰਤਨ ਅਤੇ ਸੰਗਿਆਨ ਦੇ ਆਮ ਨਿਯਮਾਂ ਦਾ ਵਿਗਿਆਨ ਹੈ। ਦਰਸ਼ਨ ਸ਼ਾਸਤਰ ਸਮਾਜਕ ਚੇਤਨਾ ਦੇ ਬੁਨਿਆਦੀ ਰੂਪਾਂ ਵਿੱਚੋਂ ਇੱਕ ਹੈ।" ਇਨ੍ਹਾਂ ਅਰਥਾਂ ਵਿੱਚ ਫਿਲਾਸਫਰ ਅਤੇ ਫਿਲਾਸਫੀ ਪਦਾਂ ਦਾ ਪ੍ਰਯੋਗ ਸਰਵਪ੍ਰਥਮ ਪਾਇਥਾਗੋਰਸ ਨੇ ਕੀਤਾ ਸੀ।" ਵਿਸ਼ੇਸ਼ ਅਨੁਸ਼ਾਸਨ ਅਤੇ ਵਿਗਿਆਨ ਵਜੋਂ ਇਸ ਨੂੰ ਪਲੈਟੋ ਨੇ ਵਿਕਸਿਤ ਕੀਤਾ ਸੀ। ਇਸਦੀ ਉਤਪੱਤੀ ਦਾਸ ਸਮਾਜ ਵਿੱਚ ਇੱਕ ਅਜਿਹੇ ਵਿਗਿਆਨ ਵਜੋਂ ਹੋਈ ਜਿਸਨੇ ਵਸਤੂਗਤ ਜਗਤ ਅਤੇ ਖੁਦ ਆਪਣੇ ਬਾਰੇ ਮਨੁੱਖ ਦੇ ਕੁੱਲ ਗਿਆਨ ਨੂੰ ਇੱਕ ਕੀਤਾ ਸੀ। ਇਹ ਮਨੁੱਖੀ ਇਤਹਾਸ ਦੇ ਆਰੰਭਕ ਪੜਾਵਾਂ ਵਿੱਚ ਗਿਆਨ ਦੇ ਵਿਕਾਸ ਦੇ ਨੀਵੇਂ ਪੱਧਰ ਦੇ ਕਾਰਨ ਐਨ ਸੁਭਾਵਕ ਸੀ। ਸਮਾਜਿਕ ਉਤਪਾਦਨ ਦੇ ਵਿਕਾਸ ਅਤੇ ਵਿਗਿਆਨਕ ਗਿਆਨ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਭਿੰਨ ਭਿੰਨ ਵਿਗਿਆਨ ਇੱਕੋ ਸਾਂਝੇ ਰੂਪ ਨਾਲੋਂ ਅੱਡ ਹੁੰਦੇ ਗਏ ਅਤੇ ਦਰਸ਼ਨ ਸ਼ਾਸਤਰ ਵੀ ਇੱਕ ਸੁਤੰਤਰ ਵਿਗਿਆਨ ਵਜੋਂ ਵਿਕਸਿਤ ਹੋਣ ਲਗਾ। ਇੱਕ ਆਮ ਸੰਸਾਰ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਅਤੇ ਆਮ ਆਧਾਰਾਂ ਅਤੇ ਨਿਯਮਾਂ ਦੀ ਨਿਸ਼ਾਨਦੇਹੀ ਕਰਨ, ਯਥਾਰਥ ਦੇ ਚਿੰਤਨ ਦੀ ਤਰਕਸ਼ੀਲ ਵਿਧੀ ਅਤੇ ਸੰਗਿਆਨ ਦੇ ਸਿਧਾਂਤ ਵਿਕਸਿਤ ਕਰਨ ਦੀ ਲੋੜ ਦੀ ਪੂਰਤੀ ਲਈ ਦਰਸ਼ਨ ਸ਼ਾਸਤਰ ਦਾ ਇੱਕ ਵਿਸ਼ੇਸ਼ ਅਨੁਸ਼ਾਸਨ ਵਜੋਂ ਜਨਮ ਹੋਇਆ। ਅੱਡਰੇ ਵਿਗਿਆਨ ਵਜੋਂ ਦਰਸ਼ਨ ਦਾ ਬੁਨਿਆਦੀ ਪ੍ਰਸ਼ਨ ਪਦਾਰਥ ਦੇ ਨਾਲ ਚੇਤਨਾ ਦੇ ਸੰਬੰਧ ਦੀ ਪ੍ਰਸ਼ਨ ਹੈ।

ਔਗਸਤ ਰੋਦਿਨ ਦਾ ਤਰਾਸ਼ਿਆ ਇਹ ਬੁੱਤ "ਚਿੰਤਕ" (ਫਰਾਂਸੀਸੀ: Le Penseur) ਅਕਸਰ ਦਰਸ਼ਨ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਹੈ

ਹਵਾਲੇ

ਸੋਧੋ