ਦੁੱਧ ਦਾ ਛੱਪੜ ਕੁਲਵੰਤ ਸਿੰਘ ਵਿਰਕ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ।

"ਦੁੱਧ ਦਾ ਛੱਪੜ"
ਲੇਖਕ ਕੁਲਵੰਤ ਸਿੰਘ ਵਿਰਕ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਪਾਤਰ

ਸੋਧੋ
  • ਦਿਆਲ
  • ਲਾਲ (ਦਿਆਲ ਦੇ ਚਾਚੇ-ਤਾਏ ਦਾ ਪੁੱਤਰ)
  • ਲਾਲ ਦੀ ਵਹੁਟੀ

ਕਥਾਨਕ

ਸੋਧੋ

ਲਾਲ ਅਤੇ ਦਿਆਲ ਤਾਏ-ਚਾਚੇ ਦੇ ਪੁੱਤਰ ਭਰਾ ਹਨ ਅਤੇ ਉਨ੍ਹਾਂ ਦਾ ਆਪਸ ਵਿਚ ਬੜਾ ਪਿਆਰ ਹੈ। ਘਰ ਨਾਲ-ਨਾਲ ਹਨ। ਉਹ ਸਾਂਝੀ ਵਾਹੀ ਕਰਦੇ ਹਨ। ਲਾਲ ਮਿਹਨਤੀ ਹੈ ਅਤੇ ਕੰਮ ਦਾ ਸਾਰਾ ਬੋਝ ਉਸੇ ਤੇ ਹੈ। ਦਿਆਲ ਕੁੱਝ ਸ਼ੌਕੀਨ ਅਤੇ ਕੰਮਚੋਰ ਹੈ, ਪਿੰਡ ਵਿਚ ਭਲਵਾਨੀ ਗੇੜੇ ਕੱਢਦਾ ਰਹਿੰਦਾ ਹੈ। ਇਸ ਕਾਰਨ ਲਾਲ ਦੀ ਘਰ ਵਾਲੀ ਦੁਖੀ ਰਹਿੰਦੀ ਹੈ। ਲਾਲ ਉਸ ਨਾਲ ਹੱਸਣ-ਖੇਡਣ ਲਈ ਸਮਾਂ ਵੀ ਨਾ ਕੱਢਦਾ ਤੇ ਉਧਰ ਦਿਆਲ ਮੌਜ-ਮਸਤੀ ਵਿਚ ਲੱਗਾ ਰਹਿੰਦਾ ਹੈ ਤੇ ਆਪਣੀ ਘਰਵਾਲੀ ਦੇ ਕੰਮ ਵਿਚ ਹੱਥ ਵੀ ਵਟਾ ਦਿੰਦਾ ਹੈ। ਉਹ ਨਿੱਤ-ਦਿਨ ਆਪਣੇ ਘਰਵਾਲੇ ਨੂੰ ਇਸ ਗੱਲ ਦੇ ਮਿਹਣੇ ਵੀ ਮਾਰਦੀ ਰਹਿੰਦੀ ਹੈ। ਸ਼ੁਰੂ-ਸ਼ੁਰੂ ਵਿਚ ਲਾਲ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਪਰ ਫਿਰ ਉਹ ਵੀ ਕੁੱਝ ਪਰੇਸ਼ਾਨ ਰਹਿਣ ਲੱਗਦਾ ਹੈ। ਅਤੇ ਅੰਤ ਉਨ੍ਹਾਂ ਦੀ ਸਾਂਝ ਖਤਮ ਹੋ ਜਾਂਦੀ ਹੈ ਤੇ ਵੰਡ-ਵੰਡਾਈ ਤੋਂ ਬਾਅਦ ਉਨ੍ਹਾਂ ਵਿੱਚ ਸ਼ਰੀਕੇਦਾਰੀ ਪੈਦਾ ਹੋ ਜਾਂਦੀ ਹੈ। ਉਹ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦਾ ਮੌਕਾ ਲੱਭਣ ਲੱਗਦੇ ਹਨ। ਲਾਲ ਕੁੱਝ ਸਾਊ ਸੁਭਾਅ ਦਾ ਹੋਣ ਕਾਰਨ ਦਿਆਲ ਨਾਲ ਲੜਨ ਤੋਂ ਪਾਸਾ ਵੱਟਦਾ ਰਹਿੰਦਾ ਹੈ ਪਰ ਆਪਣੀ ਘਰਵਾਲੀ ਕੋਲ਼ ਦਿਆਲ ਨਾਲ਼ੋਂ ਆਪਣੇ-ਆਪ ਨੂੰ ਤਕੜਾ ਸਾਬਤ ਕਰਨ ਲਈ ਫੜ੍ਹਾਂ ਮਾਰਦਾ ਰਹਿੰਦਾ ਹੈ ਤੇ ਉਸਦੀ ਘਰਵਾਲੀ ਉਸਦੀਆਂ ਗੱਲਾਂ ਸੁਣ ਕੇ ਖ਼ੁਸ਼ ਹੁੰਦੀ ਰਹਿੰਦੀ ਹੈ। ਇਕ ਵਾਰ ਲਾਲ ਜਦੋਂ ਆਪਣੀ ਮੱਝ ਚੋਣ ਜਾਂਦਾ ਹੈ ਤਾਂ ਉਹ ਪਹਿਲਾਂ ਹੀ ਚੋਰੀ ਦਿਆਲ ਨੇ ਚੋ ਲਈ ਸੀ। ਦੁੱਧ ਘੱਟ ਹੋਣ ਕਾਰਨ ਇਸ ਦਾ ਲਾਲ ਨੂੰ ਪਤਾ ਲੱਗ ਜਾਂਦਾ ਹੈ। ਪਰ ਉਹ ਦਿਆਲ ਨਾਲ ਸਿੱਧਾ ਲੜਨ ਨੂੰ ਤਿਆਰ ਨਹੀਂ। ਆਪਣੀ ਘਰਵਾਲੀ ਅੱਗੇ ਆਪਣੀ ਇਸ ਬੁਜ਼ਦਿਲੀ ਨੂੰ ਛਪਾਉਣ ਲਈ ਉਹ ਮੀਂਹ ਪਏ ਹੋਣ ਕਾਰਨ ਹੋਏ ਚਿੱਕੜ ਵਿਚ ਦੁੱਧ ਡੋਲ੍ਹ ਦਿੰਦਾ ਹੈ, ਮੀਂਹ ਦੇ ਪਾਣੀ ਕਾਰਨ ਦੁੱਧ ਫੈਲ ਜਾਂਦਾ ਹੈ। ਉਸ ਆਪਣੀ ਘਰਵਾਲੀ ਨੂੰ ਆ ਕੇ ਬਾਹਨਾ ਮਾਰਦਾ ਹੈ ਕਿ ਮੱਝ ਨੇ ਸਾਰਾ ਦੁੱਧ ਡੁੱਲਾ ਦਿੱਤਾ। ਉਸਦੀ ਘਰਵਾਲੀ ਖ਼ੁਦ ਉੱਠ ਕੇ ਡੁੱਲੇ ਦੁੱਧ ਨੂੰ ਵੇਖਣ ਮੱਝ ਕੋਲ ਜਾਂਦੀ ਹੈ ਤੇ ਡੁੱਲੇ ਦੁੱਧ ਨੂੰ ਵੇਖ ਉਸਦੀ ਆਹ ਨਿਕਲਦੀ ਹੈ, "ਹਾਅਏ! ਕਿੰਨਾ ਦੁੱਧ ਸੀ। ਛੱਪੜ ਲੱਗਾ ਹੋਇਆ ਏ ਦੁੱਧ ਦਾ।” ਉਸ ਕਹਿ ਕੇ ਲਾਲ ਨੂੰ ਠੰਡ ਪਾ ਦਿੱਤੀ।[1]

ਹਵਾਲੇ

ਸੋਧੋ
  1. "ਕੁਲਵੰਤ ਸਿੰਘ ਵਿਰਕ ਦੀਆਂ ਚੋਣਵੀਆਂ ਕਹਾਣੀਆਂ ਦਾ ਸਾਹਿਤਕ ਵਿਸ਼ਲੇਸ਼ਣ –– -ਹਰਪ੍ਰੀਤ ਸਿੰਘ ਰਾਣਾ(ਡਾ.), ਜਨਮ ਸ਼ਤਾਬਦੀ ਵਰ੍ਹੇ ਮੌਕੇ ਵਿਸ਼ੇਸ਼". www.speakingpunjab.com. Archived from the original on 2023-02-06. Retrieved 2022-04-30.