ਧਰਮ ਲੋਕਾਂ ਦੀ ਅਫ਼ੀਮ ਹੈ

ਧਰਮ ਲੋਕਾਂ ਦੀ ਅਫੀਮ ਹੈ (ਮੂਲ ਜਰਮਨ: "Die Religion ... ist das Opium des Volkes") ਜਰਮਨ ਦਾਰਸ਼ਨਿਕ ਕਾਰਲ ਮਾਰਕਸ ਦੇ ਸਭ ਤੋਂ ਵਧ ਪ੍ਰਚਲਿਤ ਹਵਾਲੀਆ ਬਿਆਨਾਂ ਵਿੱਚੋਂ ਇੱਕ ਹੈ। ਇਹ ਜਰਮਨ, "Die Religion ... ist das Opium des Volkes" ਦਾ ਪੰਜਾਬੀ ਅਨੁਵਾਦ ਹੈ। ਪੂਰੀ ਟੂਕ ਇਸ ਤਰ੍ਹਾਂ ਹੈ: "ਧਰਮ, ਮਜਲੂਮ ਪ੍ਰਾਣੀ ਦਾ ਹੌਕਾ, ਬੇਦਿਲ ਸੰਸਾਰ ਦਾ ਦਿਲ, ਅਤੇ ਰੂਹ-ਰਹਿਤ ਹਾਲਤਾਂ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।" ਅਧੂਰੀ ਪ੍ਰਸੰਗ ਰਹਿਤ ਟੂਕ ਅਥਾਹ ਇਸਤੇਮਾਲ ਕੀਤੀ ਗਈ ਹੈ, ਪ੍ਰਸੰਗ ਸਹਿਤ ਇਸ ਰੂਪਕ ਦੀ ਵਿਆਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ।[1]

ਮਾਰਕਸ

ਸੋਧੋ

ਪ੍ਰਸੰਗ ਸਹਿਤ ਟੂਕ ਹੇਠ ਲਿਖੀ ਹੈ:

ਅਧਾਰਮਿਕ ਆਲੋਚਨਾ ਦੀ ਬੁਨਿਆਦ ਹੈ: ਮਨੁੱਖ ਧਰਮ ਦਾ ਸਿਰਜਨਹਾਰ ਹੈ, ਧਰਮ ਮਨੁੱਖ ਦਾ ਸਿਰਜਨਹਾਰ ਨਹੀਂ ਹੈ। ਧਰਮ, ਵਾਸਤਵ ਵਿੱਚ, ਮਨੁੱਖ ਦੀ ਆਤਮ-ਚੇਤਨਾ ਅਤੇ ਆਤਮ-ਸਨਮਾਨ ਹੈ, ਜਿਸਨੇ ਜਾਂ ਤਾਂ ਅਜੇ ਆਪ ਨੂੰ ਆਪ ਹੀ ਜਿੱਤਿਆ ਨਹੀਂ, ਜਾਂ ਆਪ ਨੂੰ ਮੁੜ ਹਾਰ ਵੀ ਚੁੱਕਿਆ ਹੈ। ਪਰ ਮਨੁੱਖ ਸੰਸਾਰ ਤੋਂ ਬਾਹਰ ਬਿਰਾਜਮਾਨ ਕੋਈ ਅਮੂਰਤ ਹੋਂਦ ਨਹੀਂ ਹੈ। ਮਨੁੱਖ ਦਾ ਸੰਸਾਰ - ਰਿਆਸਤ, ਸਮਾਜ ਹੈ। ਇਹ ਰਿਆਸਤ ਅਤੇ ਇਹ ਸਮਾਜ ਹੀ ਧਰਮ ਨੂੰ ਪੈਦਾ ਕਰਦੇ ਹਨ, ਜੋ ਕਿ ਸੰਸਾਰ ਦੀ ਉਲਟੀ ਚੇਤਨਾ ਹੈ ਕਿਉਂਕਿ ਉਹ ਇੱਕ ਉਲਟਾ ਸੰਸਾਰ ਹਨ। ਧਰਮ ਇਸ ਸੰਸਾਰ ਦਾ ਆਮ ਸਿਧਾਂਤ, ਇਸਦਾ ਵਿਸ਼ਵਕੋਸ਼ੀ ਸਾਰ-ਸੰਗ੍ਰਹਿ, ਲੋਕਪ੍ਰਿਯ ਰੂਪ ਵਿੱਚ ਇਸਦਾ ਤਰਕ, ਇਸਦਾ ਰੂਹਾਨੀ ਸਨਮਾਨ ਬਿੰਦੂ, ਇਸਦਾ ਉਤਸ਼ਾਹ, ਇਸਦੀ ਨੈਤਿਕ ਮਨਜ਼ੂਰੀ, ਇਸਦਾ ਸੰਜੀਦਾ ਪੂਰਕ, ਅਤੇ ਦਿਲਾਸੇ ਅਤੇ ਸਹੀ ਠਹਿਰਾਉਣ ਦਾ ਇਸ ਦਾ ਵਿਆਪਕ ਆਧਾਰ ਹੈ। ਇਹ ਮਾਨਵੀ ਸਾਰਤੱਤ ਦਾ ਵਚਿੱਤਰ ਸਰੂਪ ਹੈ, ਕਿਉਂਕਿ ਮਾਨਵੀ ਸਾਰਤੱਤ ਨੇ ਕਿਸੇ ਵੀ ਅਸਲੀ ਸੱਚ ਨੂੰ ਧਾਰਨ ਨਹੀਂ ਕੀਤਾ ਹੈ। ਇਸ ਲਈ ਧਰਮ ਦੇ ਵਿਰੁੱਧ ਸੰਘਰਸ਼ ਅਸਿੱਧੇ ਤੌਰ 'ਤੇ ਉਸ ਸੰਸਾਰ ਦੇ ਵਿਰੁੱਧ ਸੰਘਰਸ਼ ਹੈ, ਜਿਸਦੀ ਰੂਹਾਨੀ ਸੁਗੰਧੀ ਧਰਮ ਹੈ।

ਧਾਰਮਿਕ ਦੁੱਖ, ਇੱਕੋ ਵੇਲੇ, ਅਸਲੀ ਦੁੱਖ ਦਾ ਪ੍ਰਗਟਾਵਾ ਵੀ ਹੈ ਅਤੇ ਅਸਲੀ ਦੁੱਖ ਦੇ ਵਿਰੁੱਧ ਰੋਸ ਵੀ। "ਧਰਮ, ਮਜਲੂਮ ਪ੍ਰਾਣੀ ਦਾ ਹੌਕਾ, ਬੇਦਿਲ ਸੰਸਾਰ ਦਾ ਦਿਲ, ਅਤੇ ਰੂਹ-ਰਹਿਤ ਹਾਲਤਾਂ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।"

ਲੋਕਾਂ ਦੀ ਵਹਿਮੀ ਪ੍ਰਸੰਨਤਾ ਦੇ ਰੂਪ ਵਿੱਚ ਧਰਮ ਦਾ ਖਾਤਮਾ ਉਹਨਾਂ ਦੀ ਅਸਲੀ ਪ੍ਰਸੰਨਤਾ ਲਈ ਮੰਗ ਹੈ। ਉਹਨਾਂ ਤੋਂ ਆਪਣੀ ਹਾਲਤ ਦੇ ਬਾਰੇ ਵਿੱਚ ਆਪਣੇ ਭਰਮਾਂ ਨੂੰ ਤਿਆਗ ਦੇਣ ਦੀ ਮੰਗ ਕਰਨਾ ਉਹਨਾਂ ਤੋਂ ਉਸ ਹਾਲਤ ਨੂੰ ਤਿਆਗ ਦੇਣ ਦੀ ਮੰਗ ਕਰਨਾ ਹੈ, ਜਿਸ ਨੂੰ ਭਰਮਾਂ ਦੀ ਲੋੜ ਹੁੰਦੀ ਹੈ। ਇਸ ਲਈ ਧਰਮ ਦੀ ਆਲੋਚਨਾ ਭਰੂਣ ਰੂਪ ਵਿੱਚ ਉਸ ਹੰਝੂਆਂ ਦੀ ਵਾਦੀ ਦੀ ਆਲੋਚਨਾ ਹੈ, ਜਿਸ ਦਾ ਆਭਾ-ਮੰਡਲ ਧਰਮ ਹੈ।”

[2]

ਮਾਰਕਸ ਧਰਮ ਬਾਰੇ ਅਤੇ ਖਾਸ ਤੌਰ 'ਤੇ ਆਯੋਜਿਤ ਧਰਮ ਬਾਰੇ ਸੰਰਚਨਾਗਤ ਕਾਰਜਵਾਦੀ ਦਲੀਲ ਪੇਸ਼ ਕਰ ਰਿਹਾ ਸੀ।[3][4] ਮਾਰਕਸ ਦਾ ਮੰਨਣਾ ਸੀ ਕਿ ਸਮਾਜ ਵਿੱਚ ਧਰਮ ਦੇ ਕੁਝ ਵਿਵਹਾਰਿਕ ਫੰਕਸ਼ਨ ਸਨ ਜੋ ਦੁਖੀ ਜਾਂ ਜ਼ਖਮੀ ਵਿਅਕਤੀ ਲਈ ਅਫੀਮ ਦੇ ਫੰਕਸ਼ਨ ਦੇ ਸਮਾਨ ਸਨ: ਇਸ ਨਾਲ ਲੋਕਾਂ ਦੇ ਤਤਕਾਲ ਦੁੱਖ ਘਟ ਜਾਂਦਾ ਸੀ ਅਤੇ ਉਹਨਾਂ ਨੂੰ ਸੁਖਾਵੇਂ ਭਰਮ ਮਿਲ ਜਾਂਦੇ ਸਨ, ਪਰੰਤੂ ਇਸ ਨਾਲ ਦਮਨਕਾਰੀ, ਬੇਰਹਿਮ ਅਤੇ ਰੂਹ-ਵਿਹੀਣ ਹਕੀਕਤ, ਜਿਸ ਲਈ ਪੂੰਜੀਵਾਦ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਸੀ -ਦਾ ਟਾਕਰਾ ਕਰਨ ਦੀ ਉਹਨਾਂ ਦੀ ਊਰਜਾ ਅਤੇ ਇੱਛਾ ਵੀ ਘਟਾ ਦਿੱਤੀ ਹੈ।

ਹਵਾਲੇ

ਸੋਧੋ
  1. McKinnon, AM. (2005). 'Reading ‘Opium of the People’: Expression, Protest and the Dialectics of Religion'. Critical Sociology, vol 31, no. 1-2, pp. 15-38. [1]
  2. Marx, K. 1976. Introduction to A Contribution to the Critique of Hegel’s Philosophy of Right. Collected Works, v. 3. New York.
  3. Ellwood, Robert S.; Alles, Gregory D. (2007-01-01). The Encyclopedia of World Religions (in ਅੰਗਰੇਜ਼ੀ). Infobase Publishing. pp. 160–161. ISBN 9781438110387.
  4. "What is the opium of the people?". 1843. 2015-01-05. Retrieved 2016-12-17.