ਧਵਨਿਆਲੋਕ ਦਾ ਰਚਨਕਾਰ ਆਚਾਰਯ ਆਨੰਦਵਰਧਨ ਹੈ। ਭਾਰਤੀ ਕਾਵਿ ਸ਼ਾਸਤਰ ਦੀਆਂ ਛੇ ਸੰਪ੍ਰਦਾਵਾਂ ਵਿੱਚ ਧੁਨੀ ਸੰਪ੍ਰਦਾਇ ਦਾ ਵਿਸ਼ੇਸ਼ ਮਹੱਤਵ ਹੈ। ਇਤਿਹਾਸਕ ਕ੍ਰਮ ਵਿੱਚ ਧੁਨੀ ਸੰਪ੍ਰਦਾਇ ਦਾ ਰਸ, ਅਲੰਕਾਰ, ਰੀਤੀ ਸੰਪ੍ਰਦਾਇ ਤੋਂ ਬਾਅਦ ਚੌਥਾ ਸਥਾਨ ਹੈ।[1] ਧਵਨਿਆਲੋਕ ਗ੍ਰੰਥ ਧੁਨੀ ਸੰਪ੍ਰਦਾਇ ਦਾ ਮੂਲ ਆਧਾਰ ਹੈ।

ਧਵਨਿਆਲੋਕ
ਧਵਨਿਆਲੋਕ

ਰਚਨਾਕਾਲ

ਸੋਧੋ

ਧਵਨਿਆਲੋਕ ਰਚੇਤਾ ਆਨੰਦਵਰਧਨ ਕਸ਼ਮੀਰ ਨਿਵਾਸੀ ਸੀ ਅਤੇ ਕਸ਼ਮੀਰ ਦੇ ਰਾਜੇ ਆਵੰਤੀ ਵਰਮਾ (ਸ਼ਾਸਨ-ਕਾਲ 685-884 ਈ.) ਦਾ ਸਮਕਾਲੀ ਸੀ। ਇਸ ਤੱਥ ਦੇ ਆਧਾਰ 'ਤੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਨੰਦਵਰਧਨ ਦਾ ਸਮਾਂ ਨੌਵੀਂ ਸਦੀ ਦਾ ਮੱਧ ਹੋਵੇਗਾ। ਇਸ ਗੱਲ ਦੀ ਪੁਸ਼ਟੀ ਦੋ ਹੋਰ ਤੱਥਾਂ ਤੋਂ ਵੀ ਜਾਂਦੀ ਹੈ। ਇੱਕ ਇਹ ਕਿ ਆਨੰਦਵਰਧਨ ਨੇ ਆਪਣੇ ਗ੍ਰੰਥ ਵਿੱਚ ਆਚਾਰਯ ਉਦਭਟ ਦੇ ਨਾਂ ਦਾ ਉਲੇਖ ਕੀਤਾ ਹੈ ਜਿਸ ਦਾ ਰਚਨਾ-ਕਾਲ ਨੌਵੀਂ ਸਦੀ ਦਾ ਪੂਰਵਾਰਧ ਹੈ। ਦੂਜਾ, ਰਾਜਸ਼ੇਖਰ ਨੇ ਆਪਣੀ ਰਚਨਾ ‘ਕਾਵ੍ਯ ਮੀਮਾਂਸਾ’ ਵਿੱਚ ‘ਧਵਨਿਆਲੋਕ’ ਤੋਂ ਇੱਕ ਟੂਕ ਦਿੱਤੀ ਹੈ। ਰਾਜਸ਼ੇਖਰ ਦਾ ਰਚਨਾ-ਕਾਲ ਦਸਵੀਂ ਸਦੀਂ ਪੂਰਵਾਰਧ ਹੈ।[2] ਸੋ ਇਹਨਾਂ ਤੱਥਾਂ ਦੇ ਆਧਾਰ ਉੱਪਰ ਧਵਨਿਆਲੋਕ (ਆਨੰਦਵਰਧਨ) ਦਾ ਸਮਾਂ ਨੌਵੀਂ ਸਦੀ ਦਾ ਮੱਧ ਨਿਰਧਾਰਤ ਕੀਤਾ ਜਾ ਸਕਦਾ ਹੈ।

ਮੂਲ ਰਚਨਾ

ਸੋਧੋ

ਧਵਨਿਆਲੋਕ ਧੁਨੀ ਸੰਪ੍ਰਦਾਇ ਦਾ ਆਧਾਰ-ਭੂਤ ਗ੍ਰੰਥ ਹੈ। ਇਹਦੇ ਦੋ ਨਾਮਾਂਤਰ ਵੀ ਹਨ - ਸਹ੍ਰਿਦਯਲੋਕ, ਕਾਵ੍ਯਲੋਕ। ਗ੍ਰੰਥ ਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ। ਇਸ ਵਿੱਚ ਧੁਨੀ ਦੇ ਸਾਰੇ ਪੱਖਾਂ ਉੱਪਰ ਝਾਤ ਪਾਈ ਗਈ ਹੈ। ਧਵਨਿਆਲੋਕ ਵਿੱਚ ਚਾਰ ਉਦਿਓਤ ਹਨ ਜਿੰਨ੍ਹਾਂ ਵਿੱਚੋਂ ਪਹਿਲੇ ਵਿੱਚ 19, ਦੂਜੇ ਵਿੱਚ 33, ਤੀਜੇ ਵਿੱਚ 48 ਅਤੇ ਚੌਥੇ ਵਿੱਚ 17, ਕੁੱਲ 117 ਕਾਰਿਕਾਵਾਂ ਹਨ। ਕਾਰਿਕਾਵਾਂ ਤੋਂ ਇਲਾਵਾ ਇਸ ਗ੍ਰੰਥ ਦੇ ਹੋਰ ਹਿੱਸੇ ਹਨ – ਵ੍ਰਿਤੀ ਅਤੇ ਉਦਾਹਰਣ।[3]

ਉਦਿਓਤ ਪਹਿਲਾ

ਸੋਧੋ

ਪਹਿਲੇ ਉਦਿਓਤ ਵਿੱਚ ਧੁਨੀ ਸੰਬੰਧੀ ਪੁਰਾਤਨ ਮਤਾਂ ਦਾ ਵਿਸ਼ਲੇਸ਼ਣ ਕਰਦਿਆਂ ਧੁਨੀ ਦਾ ਲੱਛਣ ਦੱਸਿਆ ਗਿਆ ਹੈ ਅਤੇ ਇਸਨੂੰ ਕਾਵਿ ਦਾ ਪ੍ਰਮੁੱਖ ਪ੍ਰਯੋਜਕ ਤੱਤ ਮੰਨਿਆ ਗਿਆ ਹੈ। ਹੋਰ ਕਾਵਿ ਸ਼ਾਸਤਰੀ ਸਿਧਾਂਤ (ਅਲੰਕਾਰ, ਰੀਤੀ, ਵ੍ਰਿਤੀ, ਗੁਣ ਆਦਿ) ਦੀ ਸਮਾਈ ਵੀ ਧੁਨੀ ਵਿੱਚ ਕਰ ਦਿੱਤੀ ਗਈ ਹੈ।[4]

ਇਸ ਉਦਿਓਤ ਵਿੱਚ ਕੁੱਲ 19 ਕਾਰਿਕਾਵਾਂ ਹਨ, ਇਹਨਾਂ ਦਾ ਵਿਸ਼ਾ ਪ੍ਰਤਿਪਾਦਨ ਕ੍ਰਮ ਇਸ ਅਨੁਸਾਰ ਹੈ:-

  • ਧੁਨੀਵਿਰੋਧੀ-ਅਭਾਵਵਾਦੀ, ਭਕਤੀਵਾਦੀ, ਅਲਕ੍ਸ਼ਣੀਯਤਾਵਾਦੀ ਮਤਾਂ ਦਾ ਖੰਡਨ
  • ਧੁਨੀ ਦੀ ਸਥਾਪਨਾ
  • ਵਾਚਯ ਅਤੇ ਪ੍ਰਤੀਯਾਮਾਨ ਦੋ ਅਰਥਾਂ ਦਾ ਪ੍ਰਤੀਪਾਦਨ
  • ਅਰਥ ਦੇ ਵਸਤੂ, ਅਲੰਕਾਰ, ਰਸ ਤਿੰਨ ਹੋਰ ਭੇਦ
  • ਧੁਨੀ ਦੇ ਅਪਰਵਾਚਯ (ਅਭਿਧਾਮੂਲਾਧੁਨੀ) ਤੇ ਅਵਿਵਕ੍ਸ਼ਿਤਵਾਚਯ (ਲਕ੍ਸ਼ਣਾਮੂਲਾਧੁਨੀ) - ਦੋ ਪ੍ਰਮੁੱਖ ਭੇਦ
  • ਧੁਨੀ ਦਾ ਅਲੰਕਾਰ, ਰੀਤੀ, ਵ੍ਰਿਤੀ, ਗੁਣ ਆਦਿ- ਕਾਵਿਸ਼ਾਸਤਰੀ ਤੱਤਾਂ ਚ ਅੰਤਰਭਾਵ ਅਸੰਭਵ
  • ‘ਧੁਨੀ ਹੀ ਕਾਵਿ ਦੀ ਆਤਮਾ ਹੈ’ ਸਿਧਾਂਤ ਦੀ ਸਥਾਪਨਾ।

ਉਦਿਓਤ ਦੂਜਾ

ਸੋਧੋ

ਇਸ ਵਿੱਚ ਧੁਨੀ ਦੇ ਭੇਦਾਂ ਦਾ ਵਰਣਨ ਕਰਕੇ ਅਸੰਲਕ੍ਸ਼ਯਕ੍ਰਮਵਿਅੰਗ ਧੁਨੀ ਦੇ ਅੰਤਰਗਤ ਰਸ ਸਿਧਾਂਤ ਦਾ ਨਿਰੂਪਣ ਕੀਤਾ ਗਿਆ ਹੈ ਅਤੇ ਰਸਵਤ, ਅਲੰਕਾਰ ਅਤੇ ਰਸ-ਧੁਨੀ ਦਾ ਅੰਤਰ ਦੱਸਦੇ ਹੋਇਆਂ ਗੁਣ ਅਤੇ ਅਲੰਕਾਰ ਦਾ ਸਰੂਪ ਸਪਸ਼ਟ ਕੀਤਾ ਗਿਆ ਹੈ।[5] ਇਸ ਉਦਿਓਤ ਵਿੱਚ 33 ਕਾਰਿਕਾਵਾਂ ਹਨ। ਇਹਨਾਂ ਦਾ ਵਿਸ਼ਾ ਪ੍ਰਤਿਪਾਦਨ ਇਸ ਅਨੁਸਾਰ ਹੈ:-

  • ਵਿਅੰਗ-ਅਰਥ ਦੇ ਆਧਾਰ 'ਤੇ ਧੁਨੀ ਦੇ ਭੇਦ (ਲਕ੍ਸ਼ਣ ਅਤੇ ਉਦਾਹਰਣ)
  • ਅਸੰਲਕ੍ਸ਼ਯਕ੍ਰਮਵਿਅੰਗਧੁਨੀ ਦੇ ਰਸ, ਭਾਵ, ਰਸਭਾਵ, ਭਾਵਸ਼ਾਂਤੀ, ਭਾਵੋਦਯ, ਭਾਵਸੰਧੀ, ਭਾਵਸ਼ਬਲਤਾ ਅਨੇਕ  ਭੇਦ
  • ਇਸ ਵਿੱਚ ਵੀ ਰਸਾਂ ਅਤੇ ਭਾਵਾਂ ਦੇ ਰੂਪ ਵਿੱਚ ਬਹੁਤ ਸਾਰੇ ਭੇਦ ਹੋ ਜਾਂਦੇ ਹਨ ਅਤੇ ਇਸਨੂੰ ‘ਰਸਧੁਨੀ’ ਕਿਹਾ ਜਾਂਦਾ ਹੈ
  • ਰਸਵਦਲੰਕਾਰ ਅਤੇ ਰਸਧੁਨੀ ਦਾ ਅੰਤਰ
  • ਗੁਣ ਅਤੇ ਅਲੰਕਾਰ ਦੇ ਸਰੂਪ ਦਾ ਵਿਵੇਚਨ।

ਉਦਿਓਤ ਤੀਜਾ

ਸੋਧੋ

ਇਸ ਵਿੱਚ ਧੁਨੀ ਦੇ ਭੇਦਾਂ ਅਤੇ ਪ੍ਰਸੰਗ ਅਨੁਸਾਰ ਰੀਤੀਆਂ ਅਤੇ ਚਿੱਤਰ ਕਾਵਿ ਦਾ ਵੀ ਵਰਣਨ ਕੀਤਾ ਗਿਆ ਹੈ ਅਤੇ ਗੁਣੀਭੂਤ ਵਿਅੰਗ ਅਤੇ ਚਿੱਤਰ ਕਾਵਿ ਦਾ ਵੀ ਵਰਣਨ ਕੀਤਾ ਗਿਆ ਹੈ।[6] ਇਸ ਉਦਿਓਤ ਵਿੱਚ 48 ਕਾਰਿਕਾਵਾਂ ਹਨ। ਇਹ ਧਵਨਿਆਲੋਕ ਦਾ ਵਿਆਪਕ ਉਦਿਓਤ ਹੈ। ਇਸਦਾ ਵਿਸ਼ਾ-ਪ੍ਰਤਿਪਾਦਨ ਕ੍ਰਮ ਇਸ ਅਨੁਸਾਰ ਹੈ:-

  • ਵਿਅੰਜਕ ਅਰਥ (ਵਰਣ, ਪਦ, ਵਾਕ, ਸੰਘਟਨਾ, ਪ੍ਰਬੰਧ ਇਹ ਸਾਰੇ ਵਿਅੰਗ ਅਰਥ ਦੇ ਵਿਅੰਜਕ) ਦੇ ਆਧਾਰ 'ਤੇ ਧੁਨੀ ਭੇਦਾਂ ਦਾ ਵਿਵੇਚਨ
  • ਵਿਭਿੰਨ ਰਸਾਂ ਦੇ ਸਹਾਇਕ ਅਲੰਕਾਰਾਂ ਦਾ ਪ੍ਰਤਿਪਾਦਨ
  • ਗੁਣੀਭੂਤੀਵਿਅੰਗਕਾਵਿ ਦਾ ਵਿਵੇਚਨ
  • ਸ਼ਬਦਾਲੰਕਾਰ ਅਤੇ ਅਰਥਾਲੰਕਾਰਾਂ ਦੀ ਵਿਚਿਤ੍ਰਤਾ
  • ਧੁਨੀ, ਗੁਣੀਭੂਤੀਵਿਅੰਗ, ਚਿਤ੍ਰਚਰ੍ਹਾਂ ਦੇ ਕਾਵਿ ਦੇ ਸਰੂਪ ਦਾ ਵਿਵੇਚਨ
  • ਤਿੰਨਾਂ ਦੇ ਆਪਸੀ ਮਿਸ਼੍ਰਣ ਨਾਲ ਧੁਨੀ ਦੇ ਅਣਗਿਣਤ ਭੇਦਾਂ ਦੀ ਕਲਪਨਾ
  • ਰੀਤੀਆਂ ਅਤੇ ਵ੍ਰਿੱਤੀਆਂ ਬਾਰੇ ਧੁਨੀਕਾਰਾਂ ਦਾ ਮਤ।

ਉਦਿਓਤ ਚੌਥਾ

ਸੋਧੋ

ਚੌਥੇ ਉਦਿਓਤ ਵਿੱਚ 17 ਕਾਰਿਕਾਵਾਂ ਹਨ। ਇਸ ਵਿੱਚ ਧੁਨੀ ਸਿਧਾਂਤ ਦੀ ਵਿਆਪਕਤਾ ਅਤੇ ਮਹੱਤਵ ਦਾ ਵਰਣਨ ਕੀਤਾ ਗਿਆ ਹੈ। ਇਸਦਾ ਵਿਸ਼ਾ ਪ੍ਰਤਿਪਾਦਨ ਕ੍ਰਮ ਇਸ ਅਨੁਸਾਰ ਹੈ:-

  • ਧੁਨੀ  ਸਿਧਾਂਤ ਦੀ ਵਿਆਪਕਤਾ ਅਤੇ ਮਹੱਤਵ
  • ਪ੍ਰਤਿਭਾ ਦੀ ਅਨੰਤਤਾ ਦਾ ਵਿਸਤ੍ਰਿਤ ਪ੍ਰਤਿਪਾਦਨ
  • ਰਮਾਇਣ ਦੀ ਕਰੁਣਰਸ ਪ੍ਰਧਾਨ ਅਤੇ ਮਹਾਭਾਰਤ ਨੂੰ ਸ਼ਾਂਤਰਸ ਪ੍ਰਧਾਨ ਦੱਸਿਆ ਹੈ।

ਮਹੱਤਵ

ਸੋਧੋ

ਧਵਨਿਆਲੋਕ ਗ੍ਰੰਥ ਵਿੱਚ ਧੁਨੀ ਦਾ ਭਾਰਤੀ ਕਾਵਿ ਸ਼ਾਸਤਰ ਦੇ ਦੂਜੇ ਸਿਧਾਂਤਾਂ (ਰਸ, ਅਲੰਕਾਰ, ਰੀਤੀ, ਵਕ੍ਰੋਕਤੀ, ਔਚਿਤਯ) ਨਾਲ ਅੰਤਰ-ਸੰਬੰਧ ਸਥਾਪਿਤ ਕਰਦੇ ਹੋਏ ਧੁਨੀ ਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ। ਪਹਿਲੇ ਉਦਿਓਤ ਵਿੱਚ ਵਾਚ੍ਯ ਅਤੇ ਵਿਅੰਗ ਅਰਥ ਬਾਰੇ ਦੱਸਦੇ ਹੋਏ ਵਿਅੰਗ ਅਰਥ ਦੀ ਪ੍ਰਧਾਨਤਾ ਵਾਲੇ ਕਾਵਿ ਨੂੰ ਧੁਨੀ ਕਿਹਾ ਗਿਆ ਹੈ। ਇਹ ਗ੍ਰੰਥ ਧੁਨੀ ਦੇ ਵਿਭਿੰਨ ਤੱਤਾਂ ਉਪਰ ਰੌਸ਼ਨੀ ਪਾਉਂਦਾ ਹੈ। ਧਵਨਿਆਲੋਕ ਗ੍ਰੰਥ ਦੀ ਰਚਨਾ ਤੋਂ ਪਹਿਲਾਂ ਕੁਝ ਵਿਦਵਾਨ ਧੁਨੀ ਦੀ ਹੋਂਦ ਨੂੰ ਮੰਨਦੇ ਹੀ ਨਹੀਂ ਸਨ। ਕੁਝ ਵਿਦਵਾਨ ਇਸਨੂੰ ਗੌਣ ਤੱਤ ਮੰਨਦੇ ਸਨ ਅਤੇ ਕੁਝ ਵਿਦਵਾਨਾਂ ਦਾ ਮਤ ਸੀ ਕਿ ਧੁਨੀ ਦੇ ਸਰੂਪ ਨੂੰ ਜ਼ੁਬਾਨ ਰਾਹੀਂ ਨਹੀਂ ਦੱਸਿਆ ਜਾ ਸਕਦਾ। ਧੁਨੀ ਦੇ ਸੰਬੰਧ ਵਿੱਚ ਇਹਨਾਂ ਧਾਰਨਾਵਾਂ ਦਾ ਖੰਡਨ ਕਰਦੇ ਹੋਏ ਅਨੰਦਵਰਧਨ ਨੇ ਧੁਨੀ ਨੂੰ ਕਾਵਿ ਦੀ ਆਤਮਾ ਦਰਸਾਇਆ ਹੈ। ਅਨੰਦਵਰਧਨ ‘ਧਵਨਿਆਲੋਕ’ ਨੂੰ ਲਿਖਣ ਦੇ ਕਾਰਣ ਬਾਰੇ ਦੱਸਦਾ ਹੈ - ‘ਕਾਵਿਰਸ ਦੇ ਪਾਰਖੂ ਲੋਕਾਂ ਦੇ ਮਨ ਦੀ ਖ਼ੁਸ਼ੀ ਲਈ ਅਤੇ ਆਪਣੇ ਮਨ ਦੀ ਖ਼ੁਸ਼ੀ ਵਾਸਤੇ ਧੁਨੀ ਦੇ ਸਰੂਪ ਦਾ ਨਿਰੂਪਣ ਕਰ ਰਿਹਾ ਹਾਂ।'[7]

ਹਵਾਲੇ

ਸੋਧੋ
  1. ਸ਼ਰਮਾ, ਸ਼ੁਕਦੇਵ, ਪ੍ਰੋ. (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 216. ISBN 978-81-302-0462-8.{{cite book}}: CS1 maint: multiple names: authors list (link)
  2. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. iii–iv.{{cite book}}: CS1 maint: multiple names: authors list (link)
  3. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. iii.{{cite book}}: CS1 maint: multiple names: authors list (link)
  4. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. iii.{{cite book}}: CS1 maint: multiple names: authors list (link)
  5. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. iii.{{cite book}}: CS1 maint: multiple names: authors list (link)
  6. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. pp. iiii.{{cite book}}: CS1 maint: multiple names: authors list (link)
  7. ਸ਼ਾਸਤ੍ਰੀ, ਚਰਨ ਦਾਸ, ਡਾ. (1992). ਧਵਨਿਆਲੋਕ (ਪੰਜਾਬੀ ਰੂਪਾਂਤਰ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 3.{{cite book}}: CS1 maint: multiple names: authors list (link)