ਧਾਲੀਵਾਲ

ਪਰਿਵਾਰ ਨਾਮ

ਧਾਲੀਵਾਲ: ਸਰ ਇੱਬਟਸਨ ਆਪਣੀ ਕਿਤਾਬ ‘ਪੰਜਾਬ ਕਾਸਟਸ’ ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ।

ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ। ਪਹਿਲਾਂ ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਧੌਲਪਾਲ ਸ਼ਬਦ ਤੱਤਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ। ਅਸਲ ਵਿੱਚ ਭੱਟੀ ਰਾਜਪੂਤਾਂ ਦਾ ਮੂਲ ਸਥਾਨ ਰਾਜਸਥਾਨ ਦਾ ਜੈਸਲਮੇਰ ਖੇਤਰ ਹੈ।

ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ। ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ। ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਰਾਜਾ ਜੱਗਦੇਉ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ। ਬਾਬਾ ਸਿੱਧ ਭੋਈ ਵੀ ਰਾਜੇ ਜੱਗਦੇਉ ਦਾ ਮਿੱਤਰ ਸੀ। ਇਨ੍ਹਾਂ ਦੋਹਾਂ ਨੇ ਰਲਕੇ ਰਾਜਸਥਾਨ ਵਿੱਚ ਗਜ਼ਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਆਮ ਲੋਕਾਂ ਨੇ ਬਾਬਾ ਸਿੱਧ ਭੋਈ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ। ਭੋਈ ਬਾਗੜ ਵਿੱਚ ਰਹਿੰਦਾ ਸੀ।

ਧਾਲੀਵਾਲ ਭਾਈਚਾਰੇ ਦੇ ਲੋਕ ਧੌਲਪੁਰ ਖੇਤਰ ਤੋਂ ਉਠਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆਕੇ ਆਬਾਦ ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬਨ ਸਿੰਘ ਬੀਰ ਨੇ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ ਸੀ। ‘‘ਅਸਲ ਵਿੱਚ ਧਾਲੀਵਾਲ ਲੋਕ ਚੰਬਲ ਘਾਟੀ ਦੇ ਧੌਲੀਪਾਲ (ਗਊ ਪਾਲਕ) ਹਨ। ਜਿਥੋਂ ਇਹ ਹੌਲੀ ਹੌਲੀ ਬਦਲ ਕੇ ਧਾਲੀਵਾਲ ਬਣ ਗਏ ਹਨ। ਚੰਬਲ ਦੇ ਕੰਢੇ ਰਾਜਸਥਾਨ ਦੀ ਰਿਆਸਤ ਧੌਲਪੁਰ ਦੀ ਰਾਜਧਾਨੀ ਵੀ ਇਨ੍ਹਾਂ ਨਾਲ ਸੰਬੰਧਿਤ ਹੈ। 1947 ਈਸਵੀਂ ਤੋਂ ਪਹਿਲਾਂ ਘੱਗਰ ਨਦੀ ਦੇ ਕੰਢੇ ਪੱਚਾਹਦਾ ਮੁਸਲਮਾਨ ਰਿਹਾ ਕਰਦੇ ਸਨ। ਜੋ ਆਪਣੇ ਗੁਆਂਢੀ ਜੱਟ ਦੰਦੀਵਾਲਾਂ ਨੂੰ ਪ੍ਰੇਸ਼ਾਨ ਕਰਦੇ ਅਤੇ ਅੱਗੋਂ ਗਿੱਲਾਂ ਨਾਲ ਲੜਦੇ-ਲੜਦੇ ਕਦੇ ਕਦਾਈਂ ਚਹਿਲਾਂ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ। ਪੱਚਾਹਦਿਆਂ ਦਾ ਹਮਲਾ ਤੇਜ਼ ਹੋ ਗਿਆ ਤਾਂ ਚਹਿਲਾਂ ਨੇ ਬਾਗੜ ਜਾਕੇ ਆਪਣੇ ਨਾਨਾ ਬਾਬਾ ਸਿੱਘ, ਜੋ ਧਾਲੀਵਾਲ ਸੀ, ਨੂੰ ਉਸ ਦੇ ਲਸ਼ਕਰ ਸਮੇਤ ਲੈ ਆਏ।

ਉਸ ਦਾ ਪਚ੍ਹਾਦਿਆਂ ਨਾਲ ਸਰਦੂਲਗੜ੍ਹ ਨੇੜੇ ਟਾਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚ੍ਹਾਦਿਆਂ ਦੇ ਆਗੂ ਬਾਬਾ ਹੱਕੇ ਡਾਲੇ ਨੂੰ ਪਾਰ ਬੁਲਾਇਆ ਜਿਸ ਦੀ ਮਜ਼ਾਰ ਸ਼ਹੀਦ ਵਜੋਂ ਘੱਗਰ ਨਦੀ ਦੇ ਕੰਢੇ ਬਣੀ ਹੋਈ ਹੈ ਤੇ ਅਜੇ ਵੀ ਉਥੇ ਮੇਲਾ ਲੱਗਦਾ ਹੈ। ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਪਚ੍ਹਾਦਿਆਂ ਨੇ ਬਾਬੇ ਦਾ ਪਿੱਛਾ ਨਾ ਛੱਡਿਆ। ਅਖੀਰ ਉਹ ਲੜਦਾ-ਲੜਦਾ ਝੁਨੀਰ ਪਾਸ ਭੰਮਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ, ਜੋ ਖ਼ੁਦ ਵੀ ਧਾੜਵੀ ਸੀ, ਬਾਰੇ ਇੱਕ ਸਮਾਧ ਬਣਾ ਦਿੱਤੀ। ਅੱਗੇ ਜਾਕੇ ਧਾਲੀਵਾਲਾਂ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਭੋਇ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਆਰੰਭ ਦਿੱਤਾ। ਇਸ ਤਰ੍ਹਾਂ ਧਾਲੀਵਾਲ ਦੱਖਣ ਤੋਂ ਉਤਰ ਵੱਲ ਨੂੰ ਗਏ ਨਾ ਕਿ ਉਤਰ ਤੋਂ ਦੱਖਣ ਵੱਲ ਨੂੰ। ਬਾਬੇ ਦੇ ਲਸ਼ਕਰ ਵਿਚੋਂ ਬੱਚੇ ਖੁਚੇ ਧਾਲੀਵਾਲਾਂ ਨੇ ਪਹਿਲਾਂ ਮਾਨਸਾ ਦੇ ਪਿੰਡ ਭੰਮੇ ਕਲਾਂ, ਭੰਮੇ ਖੁਰਦ, ਰਾਮਾਨੰਦੀ, ਬਾਜੇ ਵਾਲਾ ਆਦਿ ਵਸਾਏ ਫੇਰ ਧੌਲਾ, ਤਪਾ ਵਸਾਇਆ। ਫੇਰ ਨਿਹਾਲ ਸਿੰਘ ਵਾਲਾ, ਫੇਰ ਕਪੂਰਥਲੇ ਦਾ ਧਾਲੀਵਾਲ ਬੇਟ ਅਤੇ ਫੇਰ ਗੁਰਦਾਸਪੁਰ ਦਾ ਧਾਰੀਵਾਲ।’’ ਮੇਰੇ ਖਿਆਲ ਵਿੱਚ ਸਰਦਾਰ ਸਰਬਨ ਸਿੰਘ ਬੀਰ ਦੀ ਇਹ ਲਿਖਤ ਪੰਜਾਬ ਦੇ ਧਾਲੀਵਾਲ ਜੱਟਾਂ ਦੇ ਨਿਕਾਸ ਤੇ ਵਿਕਾਸ ਬਾਰੇ ਸਭ ਤੋਂ ਵੱਧ ਭਰੋਸੇਯੋਗ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਧਾਲੀਵਾਲ ਜੱਟ ਯਾਦਵਬੰਸੀ ਭੱਟੀ ਹਨ।

ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ‘‘ਧਾਲੀਵਾਲ, ਧਾਰਾਂ ਤੋਂ ਨਿਕਲਕੇ ਬਮਰੌਲੀ ਨਗਰ ਵਿੱਚ ਵਸੇ, ਜੋ ਅੱਜਕੱਲ੍ਹ ਧੌਲਪੁਰ ਦੇ ਇਲਾਕੇ ਵਿੱਚ ਹਨ। ਇਹ ਅੱਠਵੀਂ ਸਦੀ ਦਾ ਮੱਧ ਸੀ। ਬਹੁਤ ਸਾਰੇ ਜੋਧਪੁਰ ਦੇ ਇਲਾਕੇ ਵਿੱਚ ਜਾ ਵਸੇ। ਕੁਝ ਸਰਸਾ ਦੇ ਆਸ ਪਾਸ ਘੱਗਰ ਤੇ ਆ ਵਸੇ। ਜਦਕਿ ਬਗਦਾਦ ਵਾਲੇ ਦਰਿੰਦਿਆਂ ਨੇ ਇਨ੍ਹਾਂ ਦੇ ਪ੍ਰਸਿੱਧ ਪਿੰਡ ਉਜਾੜਨੇ ਆਰੰਭੇ। ਇਹ ਗਿਆਰ੍ਹਵੀਂ ਸਦੀ ਦਾ ਅਖੀਰਲਾ ਸਮਾਂ ਸੀ। ਮਾਲਵੇ ਵਿੱਚ ਇਨ੍ਹਾਂ ਦੇ ਪ੍ਰਸਿੱਧ ਪਿੰਡ ਫਤਾ, ਝਨੀਰ, ਰਾਊਕੇ ਅਤੇ ਫੇਰ ਕਾਂਗੜ ਆਦਿ ਹਨ।’’

ਧਾਲੀਵਾਲ ਭੱਟੀਆਂ ਦੇ ਸਾਥੀ ਸਨ। ਇਕੋ ਬੰਸ ਵਿਚੋਂ ਹਨ। ਧਾਲੀਵਾਲ ਭਾਈਚਾਰੇ ਦੇ ਲੋਕ ਗਿਆਰ੍ਹਵੀਂ ਸਦੀ ਦੇ ਅੰਤ ਜਾਂ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਝੁਨੀਰ ਦੇ ਖੇਤਰ ਵਿੱਚ ਹੀ ਆਬਾਦ ਹੋਏ। ਝੁਨੀਰ ਦੇ ਆਸ ਪਾਸ ਧਾਲੀਵਾਲਾਂ ਦੇ ਕਈ ਪਿੰਡ ਹਨ। ਦੰਦੀਵਾਲਾਂ ਨੇ ਲੜਕੇ ਇਨ੍ਹਾਂ ਨੂੰ ਕਾਂਗੜ ਵੱਲ ਧੱਕ ਦਿੱਤਾ। ਝੁਨੀਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਧਾਲੀਵਾਲਾਂ ਨੇ ਚੀਮਿਆ ਨੂੰ ਹਰਾਕੇ ਕਾਂਗੜ ਤੇ ਕਬਜ਼ਾ ਕਰ ਲਿਆ। ਕਾਂਗੜ ਕਿਲ੍ਹਾ ਬਣਾ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਹੌਲੀ ਹੌਲੀ ਮੋਗੇ ਤੱਕ ਚਲੇ ਗਏ। ਕਾਂਗੜ ਅਤੇ ਧੌਲੇ ਖੇਤਰ ਵਿੱਚ ਇਨ੍ਹਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰ ਕੇ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ ਸਨ। ਜਦੋਂ ਧਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬੈਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਹੋਈ। ਇਸ ਤਰ੍ਹਾਂ ਟਿੱਕਾ ਧਾਲੀਵਾਲ ਸ਼ਬਦ ਪ੍ਰਚਲਿਤ ਹੋਇਆ ਸੀ। ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਦੂਸਰੇ ਗੋਤ ਦੇ ਲੜਕੇ ਨਾਲ ਕਰਦੇ ਸਨ ਤਾਂ ਉਹ ਉਸ ਦੇ ਮੱਥੇ ਤੇ ਇਹ ਟਿੱਕਾ ਨਹੀਂ ਲਾਉਂਦੇ ਸਨ ਕਿਉਂਕਿ ਇਹ ਆਪਣੇ ਆਪ ਨੂੰ ਹੀ ਟਿੱਕੇ ਦੇ ਮਾਲਕ ਸਮਝਦੇ ਸਨ। ਹੁਣ ਪੁਰਾਣੇ ਰਸਮ ਰਿਵਾਜ ਖਤਮ ਹੋ ਰਹੇ ਹਨ।

ਉਦੀ ਤੇ ਮਨੀ ਵੀ ਧਾਲੀਵਾਲਾਂ ਦੇ ਉਪਗੋਤ ਹਨ। ਉਦੀ ਬਾਬਾ ਉਦੋ ਦੀ ਬੰਸ ਵਿਚੋਂ ਹਨ। ਬਾਬਾ ਉਦੋਂ ਬਹੁਤ ਵੱਡਾ ਭਗਤ ਸੀ। ਇਹ ਚੰਦਰਬੰਸੀ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਚਾਚਾ ਸੀ। ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਹੈ। ਉਦੀ ਗੋਤ ਦੇ ਧਾਲੀਵਾਲ ਫਿਰੋਜ਼ਪੁਰ ਅਤੇ ਨਾਭਾ ਖੇਤਰ ਵਿੱਚ ਹੀ ਆਬਾਦ ਸਨ। ਕੁਝ ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵੀ ਵਸਦੇ ਸਨ।

ਮਨੀਆਂ ਉਪਗੋਤ ਦੇ ਧਾਲੀਵਾਲ ਬਾਬਾ ਮਨੀਆਂ ਦੀ ਬੰਸ ਵਿਚੋਂ ਹਨ। ਬਾਬਾ ਮਨੀਆਂ ਵੀ ਉਦੋ ਦਾ ਭਾਈ ਸੀ। ਪੰਜਾਬ ਵਿੱਚ ਇਨ੍ਹਾਂ ਨੂੰ ਮਿਆਣੇ ਕਿਹਾ ਜਾਂਦਾ ਹੈ। ਇਹ ਦੀਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ। ਇਹ ਰਾਜਸਥਾਨ ਦੇ ਬਾਗੜ ਖੇਤਰ ਵਿੱਚ ਕਾਫ਼ੀ ਵਸਦੇ ਹਨ।

ਪੰਜਾਬ ਵਿੱਚ ਧਾਲੀਵਾਲਾਂ ਦੇ ਬਾਬਾ ਸਿੱਧ ਭੋਈ ਜੀ ਦਾ ਮੇਲਾ ਬਹੁਤ ਪ੍ਰਸਿੱਧ ਹੈ। ਬਾਬਾ ਜੀ ਲੱਲੂਆਣਾ (ਕੋਟ ਲੱਲੂ) ਮਾਨਸਾ ਦੇ ਨੇੜੇ ਦੁਸ਼ਮਣ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਨ੍ਹਾਂ ਨਾਲ ਕਈ ਕਰਾਮਾਤਾਂ ਵੀ ਜੋੜੀਆਂ ਗਈਆਂ ਹਨ। ਬਾਬਾ ਸਿੱਧ ਭੋਈ ਮਿਹਰਮਿੱਠੇ ਤੋਂ ਤਿੰਨ ਸੌ ਸਾਲ ਪਹਿਲਾਂ ਹੋਏ ਹਨ। ਸਿਆਲਕੋਟ ਤੇ ਗੁਜਰਾਂਵਾਲਾ ਦੇ ਮੁਸਲਮਾਨ ਧਾਲੀਵਾਲ ਵੀ ਬਾਬਾ ਸਿੱਧ ਭੋਈ ਦੀ ਮਾਨਤਾ ਲਈ ਝੁਨੀਰ ਦੇ ਇਸ ਖੇਤਰ ਵਿੱਚ ਆਉਂਦੇ ਹਨ। ਦਲਿਤ ਜਾਤੀਆਂ ਦੇ ਧਾਲੀਵਾਲ ਵੀ ਪੂਰੀ ਸ਼ਰਧਾ ਨਾਲ ਬਾਬੇ ਦੀ ਮਾਨਤਾ ਕਰਦੇ ਹਨ। ਬਾਬਾ ਸਿੱਧ ਭੋਈ ਦੀ ਬੰਸ ਦੇ ਕੁਝ ਧਾਲੀਵਾਲ ਮਲੇਆਣੇ ਵਸਦੇ ਹਨ। ਸ਼ਹੀਦੀ ਸਮੇਂ ਬਾਰੇ ਦੇ ਨਾਲ ਪੰਡਿਤ, ਮਿਰਾਸੀ, ਕਾਲਾ ਕੁੱਤਾ ਤੇ ਇੱਕ ਦਲਿਤ ਜਾਤੀ ਦਾ ਸੇਵਕ ਸੀ। ਪੰਡਿਤ ਭੱਜ ਗਿਆ ਸੀ ਬਾਕੀ ਬਾਬੇ ਦੇ ਨਾਲ ਹੀ ਮਾਰੇ ਗਏ ਸਨ।

ਹਾੜ ਮਹੀਨੇ ਦੀ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲਲੂ ਵਿਖੇ ਸਿੱਧ ਭੋਇੰ ਦੇ ਅਸਥਾਨ ਤੇ ਧਾਲੀਵਾਲ ਭਾਈਚਾਰੇ ਦੇ ਲੋਕ ਦੂਰੋਂ-ਦੂਰੋਂ ਆਇਆ ਕਰਦੇ ਸਨ। ਸਮੇਂ ਦੇ ਬਦਲਣ ਨਾਲ ਧਾਲੀਵਾਲਾਂ ਨੇ ਆਪੋ ਆਪਣੇ ਇਲਾਕੇ ਵਿੱਚ ਸਿੱਧ ਭੋਂਈ ਦੇ ਅਸਥਾਨ ਬਣਾਕੇ ਉਚੀਆਂ-ਉਚੀਆਂ ਬੁਲੰਦਾਂ ਤੇ ਸਰੋਵਰ ਉਸਾਰ ਦਿੱਤੇ। ਤੇਰਸ ਵਾਲੇ ਦਿਨ ਬਜ਼ੁਰਗ ਧਾਲੀਵਾਲ ਲੋਕ ਆਪਣੀਆਂ ਨਵੀਆਂ ਨੂੰਹਾਂ ਨੂੰ ਇੱਥੇ ਮੱਥਾ ਟੇਕਣ ਲਈ ਲਿਆਉਂਦੇ ਹਨ। ਉਸ ਤੋਂ ਪਿਛੋਂ ਹੀ ਵਹੁਟੀ ਨੂੰ ਧਾਲੀਵਾਲ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਹੈ। ਇਸ ਪਵਿੱਤਰ ਮੌਕੇ ਤੇ ਧਾਲੀਵਾਲ ਆਪਣੀਆਂ ਸੁਖਾਂ ਸੁਖਦੇ ਹਨ। ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ।

ਆਮ ਲੋਕ ਕਹਿੰਦੇ ਹਨ ਕਿ ਚਹਿਲਾਂ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲਲੂ ਲਿਆਂਦਾ ਅਤੇ ਸਸਕਾਰ ਕਰ ਕੇ ਉਸ ਉੱਤੇ ਕੱਚੀ ਬੁਲੰਦ ਬਣਾ ਦਿੱਤੀ। ਬਾਅਦ ਵਿੱਚ ਪਟਿਆਲਾ ਰਿਆਸ ਦੇ ਇੱਕ ਪੁਲਿਸ ਅਫ਼ਸਰ ਧਾਲੀਵਾਲ ਗੋਤੀ ਨੇ ਇਸ ਨੂੰ ਪੱਕਿਆਂ ਕਰਵਾ ਕੇ ਉੱਚਾ ਕਰ ਦਿੱਤਾ। ਅੱਜ ਵੀ ਧਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਭੋਈ ਦੀ ਬਹੁਤ ਮਾਨਤਾ ਕਰਦੇ ਹਨ। ਲਲੂਆਣੇ ਵਾਲੇ ਬਾਬੇ ਦੇ ਮੰਦਿਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ। ਧਾਲੀਵਾਲ ਨਵੀਂ ਸੂਈ ਗਊ ਦਾ ਦੁੱਧ ਬਾਬੇ ਦੀ ਥੇਈ ਰੱਖਦੇ ਪਹਿਲਾਂ ਮਿਰਾਸੀ ਨੂੰ ਪਿਉਂਦੇ ਹਨ ਤੇ ਪੰਡਿਤ ਨੂੰ ਮਗਰੋਂ ਦਿੰਦੇ ਹਨ। ਕੁਝ ਧਾਲੀਵਾਲ ਸੱਖੀਸਰੱਵਰ ਦੇ ਚੇਲੇ ਵੀ ਸਨ। ਅੱਜਕੱਲ੍ਹ ਬਾਰੇ ਸਿੱਧ ਭੋਈ ਦੀ ਯਾਦ ਵਿੱਚ ਸਿੱਧ ਭੋਈ ਲਲੂਆਣਾ, ਧੂਰਕੋਟ, ਹੇੜੀਕੇ, ਰਾਜੇਆਣਾ ਆਦਿ ਮੁੱਖ ਅਸਥਾਨ ਬਣੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਧਾਲੀਵਾਲਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਭੋਈਆਂ ਬਣਾਈਆਂ ਹੋਈਆਂ ਹਨ। ਅੱਖਾਂ ਧਾਲੀਵਾਲ ਬੜੀ ਸ਼ਰਧਾ ਨਾਲ ਇਨ੍ਹਾਂ ਦੀ ਮਾਨਤਾ ਕਰਦੇ ਹਨ।

ਧਾਲੀਵਾਲੇ ਕਾਲੇ ਕੁੱਤੇ ਨੂੰ ਰੋਟੀ ਪਾਕੇ ਖ਼ੁਸ਼ ਹੁੰਦੇ ਹਨ। ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮਿਹਰਮਿੱਠਾ ਧਾਲੀਵਾਲ ਸੀ। ਉਸ ਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ। ਉਹ 60 ਪਿੰਡਾਂ ਦਾ ਚੌਧਰੀ ਸੀ। ਮਿਹਰਮਿੱਠੇ ਦੀ ਪੋਤਰੀ ਭਾਗਭਰੀ ਬਹੁਤ ਸੁੰਦਰ ਸੀ। ਅਕਬਰ ਬਾਦਸ਼ਾਹ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਨੂੰ ਆਪਣੇ ਸੰਬੰਧੀ ਬਣਾਉਣਾ ਚਾਹੁੰਦਾ ਸੀ। ਅਕਬਰ ਬਹੁਤ ਦੂਰਅੰਦੇਸ਼ ਤੇ ਨੀਤੀਵਾਨ ਬਾਦਸ਼ਾਹ ਸੀ। ਉਹ ਇਲਾਕੇ ਦੇ ਵੱਡੇ ਤੇ ਸਿਰਕੱਢ ਚੌਧਰੀ ਨਾਲ ਰਿਸ਼ਤੇਦਾਰੀ ਪਾਕੇ ਉਸ ਨੂੰ ਸਦਾ ਲਈ ਆਪਣਾ ਮਿੱਤਰ ਬਣਾ ਲੈਂਦਾ ਸੀ। ਔਰੰਗਜ਼ੇਬ ਬਹੁਤ ਕੱਟੜ ਮੁਸਲਮਾਨ ਸੀ। ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾਕੇ ਖ਼ੁਸ਼ ਹੁੰਦਾ ਸੀ। ਮਿਹਰਮਿੱਠੇ ਨੇ ਸਾਰੇ ਜੱਟ ਭਾਈਚਾਰਿਆਂ ਦਾ ਇਕੱਠ ਕੀਤਾ। ਗਰੇਵਾਲਾਂ ਤੇ ਗਿੱਲਾਂ ਆਦਿ ਦੇ ਕਹਿਣ ਤੇ ਮਿਹਰਮਿੱਠੇ ਨੇ ਆਪਣੀ ਪੋਤੀ ਅਕਬਰ ਨੂੰ ਵਿਆਹ ਦਿੱਤੀ। ਅਕਬਰ ਨੇ ਖ਼ੁਸ਼ ਹੋਕੇ ਮਿਹਰਮਿੱਠੇ ਨੂੰ ਮੀਆਂ ਦਾ ਮਹਾਨ ਖਿਤਾਬ ਤੇ ਧੌਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਮਿਹਰਮਿੱਠੇ ਨੇ ਵੀ ਦਾਜ ਵਿੱਚ 101 ਘੁਮਾਂ ਜ਼ਮੀਨ ਦਿੱਤੀ ਸੀ। ਜੋ ਤਬਾਦਲਾ ਦਰ ਤਬਾਦਲਾ ਕਰ ਕੇ ਦਿੱਲੀ ਪਹੁੰਚ ਗਈ ਸੀ। ਮਿਹਰਮਿੱਠੇ ਦੀ ਸੰਤਾਨ ਦੇ ਲੋਕ ਹੁਣ ਵੀ ਮੀਆਂ ਅਖਵਾਉਂਦੇ ਹਨ। ਮੀਆਂ ਧਾਲੀਵਾਲਾਂ ਦੇ 23 ਪਿੰਡਾਂ ਨੂੰ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਧਾਲੀਵਾਲ ਆਪਣੇ ਨਾਮ ਮੁਸਲਮਾਨਾਂ ਵਾਲੇ ਵੀ ਰੱਖ ਲੈਂਦੇ ਸਨ ਪਰ ਮੁਸਲਮਾਨ ਨਹੀਂ ਸੈਦੋ, ਖਾਈ, ਬਿਲਾਸਪੁਰ ਮੀਨੀਆ, ਲੋਪੋ, ਮਾਛੀਕੇ, ਨਿਹਾਲੇਵਾਲਾ, ਮੱਦੇ, ਤਖਤੂਪੂਰਾ, ਕਾਂਗੜ, ਦੀਨੇ, ਭਾਗੀਕੇ, ਰਾਮੂਵਾਲਾ, ਰਣਸ਼ੀਂਹ, ਰਣੀਆਂ, ਧੂੜਕੋਟ, ਮਲ੍ਹਾ ਤੇ ਰਸੂਲਪੁਰ ਸਨ।

ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬੀ ਕੋਨੇ ਨੂੰ ਹੀ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਗੱਜ਼ਟੀਅਰ ਫਿਰੋਜ਼ੁਪਰ ਅਨੁਸਾਰ ਧਾਲੀਵਾਲ ਤਪੇ ਦੇ ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲੋਂ ਪਹਿਲਾਂ ਹੜ ਨੇ ਬਰਬਾਦ ਕਰ ਦਿੱਤੇ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨ ਘੱਟ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਧਾਲੀਵਾਲ ਸਰਦਾਰਾਂ ਤੋਂ ਜਾਗੀਰਾਂ ਖੋਹ ਲਈਆਂ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਨਾਲ ਨਾਰਾਜ਼ ਸੀ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨਾਂ ਕਾਫ਼ੀ ਘੱਟ ਗਈਆਂ ਸਨ। ਇਹ ਦਰਮਿਆਨ ਜਿਮੀਂਦਾਰ ਹੀ ਸਨ। ਧਾਲੀਵਾਲ ਬਹੁਤ ਹੀ ਮਿਹਨਤੀ, ਸੰਜਮੀ ਤੇ ਸੂਝਵਾਨ ਹੁੰਦੇ ਹਨ। ਧਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉਨਤੀ ਕੀਤੀ ਹੈ। ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਜਿਹੇ ਮਹਾਨ ਸਾਹਿਤਕਾਰ ਵੀ ਧਾਲੀਵਾਲ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਕਪੂਰ ਸਿੰਘ ਆਈ• ਸੀ• ਐਸ• ਵੀ ਧਾਲੀਵਾਲ ਸਨ। ਧਾਲੀਵਾਲ ਨੇ ਵਿਦੇਸ਼ਾਂ ਵਿੱਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ।

ਮਾਲਵੇ ਵਿੱਚ ਕਹਾਵਤ ਸੀ, ਅਕਬਰ ਜਿਹਾ ਨਹੀਂ ਬਾਦਸ਼ਾਹ, ਮਿਹਰਮਿੱਠੇ ਜਿਡਾ ਨਹੀਂ ਜੱਟ। ਮਿਹਰਮਿੱਠਾ ਇਲਾਕੇ ਦਾ ਵੱਡਾ ਚੌਧਰੀ ਸੀ।

ਰਮਾਣੇ ਵੀ ਧਾਲੀਵਾਲ ਜੱਟਾਂ ਦਾ ਉਪਗੋਤ ਹੈ। ਇਹ ਰਾਜਾ ਰਾਮ ਦੀ ਬੰਸ ਵਿਚੋਂ ਹਨ। ਜਦ ਮਿਹਰਮਿੱਠੇ ਨੇ ਆਪਣੀ ਪੋਤੀ ਭਾਗਭਰੀ ਉਰਫ ਸੰਮੀ ਦਾ ਰਿਸ਼ਤਾ ਅਕਬਰ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਕੋਟਦੀਨਾ ਤੇ ਕਾਂਗੜ ਦੇ ਕੁਝ ਧਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧੀ ਸਨ, ਇਹ ਮਿਹਰਮਿੱਠੇ ਨਾਲ ਨਾਰਾਜ਼ ਹੋ ਗਏ। ਇਹ ਰਮਾਣੇ ਧਾਲੀਵਾਲ ਸਨ। ਇਨ੍ਹਾਂ ਲੋਕਾਂ ਨੂੰ ਅਕਬਰ ਤੋਂ ਡਰਕੇ ਪਿੰਡ ਛੱਡਣਾ ਪਿਆ। ਇਨ੍ਹਾਂ ਨੂੰ ਰਸਤੇ ਵਿੱਚ ਰਾਤ ਪੈ ਜਾਣ ਕਾਰਨ ਡੇਰਾ ਧੌਲਾ ਟਿੱਬਾ ਦੇ ਇੱਕ ਸਾਧੂ ਪਾਸ ਠਹਿਰਨਾ ਪਿਆ। ਇਨ੍ਹਾਂ ਨੇ ਸਾਧੂ ਦੇ ਕਹਿਣ ਤੋਂ ਉਥੇ ਹੀ ਠਹਿਰ ਕੇ ਧੌਲਾ ਪਿੰਡ ਵਸਾਇਆ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਬਾਬੇ ਫੇਰੂ ਨੇ ਧੌਲਾ ਪਿੰਡ ਦੁਬਾਰਾ ਥੇਹ ਦੇ ਪਾਸ ਆਬਾਦ ਕੀਤਾ ਸੀ। ਹੰਡਿਆਇਆ ਪਿੰਡ ਧੌਲੇ ਦੇ ਨਾਲ ਲੱਗਦਾ ਹੈ। ਬਾਬਾ ਫੇਰੂ ਵੀ ਬਾਬਾ ਉਦੋ ਦੀ ਬੰਸ ਵਿਚੋਂ ਸੀ। ਧੌਲੇ ਦੇ ਇਲਾਕੇ ਦੀ ਚੌਧਰ ਵੀ ਧਾਲੀਵਾਲਾਂ ਪਾਸ ਸੀ। ਧੌਲੇ ਦੇ ਕਿਲ੍ਹੇ ਦਾ ਆਖ਼ਰੀ ਵਾਰਿਸ ਰਾਜੂ ਸਿੰਘ ਸੀ। ਅੱਜਕੱਲ੍ਹ ਰਾਜੂ ਸਿੰਘ ਦੀ ਬੰਸ ਰਾਜਗੜ੍ਹ ਕੁਬੇ ਵਸਦੀ ਹੈ। ਰੂੜੇ ਦੀ ਬੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ।

ਪਟਿਆਲੇ ਖੇਤਰ ਵਿੱਚ ਠੀਕਰੀਵਾਲਾ, ਰਖੜਾ, ਡਕਾਲਾ ਆਦਿ ਧਾਲੀਵਾਲਾਂ ਦੇ ਪ੍ਰਸਿੱਧ ਪਿੰਡ ਹਨ। ਸੰਗਰੂਰ ਵਿੱਚ ਧੌਲਾ, ਤਪਾ, ਬਰਨਾਲਾ, ਹੰਡਿਆਇਆ, ਉਗੋ, ਸ਼ੇਰਗੜ੍ਹ, ਰਾਜਗੜ੍ਹ ਕੁਬੇ, ਸਹਿਜੜਾ, ਬਖਤਗੜ੍ਹ ਆਦਿ ਧਾਲੀਵਾਲਾਂ ਭਾਈਚਾਰੇ ਦੇ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਪਖੋਵਾਲ, ਰਤੋਵਾਲ ਤੇ ਸਹੋਲੀ ਆਦਿ ਪਿੰਡਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਧਾਲੀਵਾਲ ਪਿੰਡ ਵੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਜੱਗਦੇਵ ਕਲਾਂ ਵਿੱਚ ਵੀ ਧਾਲੀਵਾਲ ਹਨ। ਫਤਿਹਗੜ੍ਹ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਧਾਲੀਵਾਲ ਬਰਾਦਰੀ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿੱਚ ਉਮਰਾਨੰਗਲ ਪਿੰਡ ਵੀ ਧਾਲੀਵਾਲਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਜਲੰਧਰ, ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਧਾਲੀਵਾਲ ਆਬਾਦ ਹਨ। ਬਠਿੰਡੇ ਜਿਲ੍ਹੇ ਵਿੱਚ ਹੋਰ ਜੱਟ ਜਾਤੀਆਂ ਕਈ ਪਿੰਡ ਸਨ। ਇਹ ਫਰੀਦਕੋਟ ਤੇ ਨਾਭੇ ਆਦਿ ਰਾਜਿਆਂ ਦੇ ਰਿਸ਼ਤੇਦਾਰ ਵੀ ਸਨ। ਦਲਿਤ ਜਾਤੀਆਂ ਵਿੱਚ ਵੀ ਧਾਲੀਵਾਲ ਬਹੁਤ ਹਨ। ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਧਾਲੀਵਾਲ ਸੀ।

ਮੁਕਤਸਰ ਵਿੱਚ ਅਕਾਲਗੜ੍ਹ ਪਿੰਡ ਦੇ ਧਾਲੀਵਾਲ ਮਧੇ ਤੋਂ ਆਏ ਹਨ। ਲੰਬੀ ਤੇ ਖੂਣਨਾ ਪਿੰਡਾਂ ਦੇ ਧਾਲੀਵਾਲ ਕਾਂਗੜ ਤੋਂ ਆਏ ਹਨ। ਧੌਲਾ ਕਿੰਗਰਾ ਪਿੰਡ ਦੇ ਧਾਲੀਵਾਲ ਧੌਲੇ ਤਪੇ ਤੋਂ ਆਏ ਹਨ। ਇਹ ਰਾਏ ਜੋਧ ਦੀ ਬੰਸ ਵਿਚੋਂ ਹਨ।

ਬਹੁਤੇ ਧਾਲੀਵਾਲ ਖ਼ਾਨਦਾਨਾਂ ਦਾ ਪਿਛੋਕੜ ਕਾਂਗੜ ਹੈ। ਕਾਂਗੜ ਵਿੱਚ ਮਿਹਰਮਿੱਠੇ ਦੀ ਸਮਾਧ ਹੈ। ਇਸ ਦੀ ਵੀ ਬਹੁਤ ਮਾਨਤਾ ਹੁੰਦੀ ਹੈ। ਧਾਲੀਵਾਲ ਕੇਵਲ ਮਿਰਾਸੀ ਨੂੰ ਹੀ ਦਾਨ ਦੇਕੇ ਖ਼ੁਸ਼ ਹੁੰਦੇ ਹਨ। ਬੱਧਣੀ ਪਾਸ ਭਿਆਣਾ ਵਿਖੇ ਧਾਲੀਵਾਲਾਂ ਦਾ ਜਠੇਰਾ ਹੈ ਜਿਥੇ ਮਿੱਠੇ ਰੋਟ ਤੇ ਖੀਰ ਆਦਿ ਦਾ ਚੜ੍ਹਾਵਾ ਚੜ੍ਹਦਾ ਹੈ। ਪਟਿਆਲੇ ਵਿੱਚ ਲਾਲਾਂ ਵਾਲੇ ਵਿੱਚ ਵੀ ਮਿਹਰਮਿੱਠੇ ਸਿੱਧ ਦੀ ਸਮਾਧ ਹੈ। ਜਿਥੇ ਹਰ ਮਹੀਨੇ ਦੇ ਧਾਲੀਵਾਲ ਸਿੱਧ ਭੋਈ ਨੂੰ ਮੰਨਦੇ ਸਨ। ਗੁਜਰਾਂਵਾਲੇ ਦੇ ਧਾਲੀਵਾਲ ਮਿਹਰਮਿੱਠੇ ਸਿੱਧ ਦੇ ਉਪਾਸ਼ਕ ਸਨ। ਨਾਥ 9 ਤੇ ਸਿੱਧ 84 ਸਨ।

ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਦੇ ਬਹੁਤੇ ਧਾਲੀਵਾਲ ਮੁਸਲਮਾਨ ਸਨ। ਦੋਵੇਂ ਸਿੱਧ ਭੋਈ ਦੇ ਮਿਹਰਮਿੱਠੇ ਦੇ ਸ਼ਰਧਾਲੂ ਸਨ। ਮਿਹਰਮਿੱਠੇ ਮਹਾਨ ਦਾਨੀ ਤੇ ਮਹਾਨ ਸਿੱਖ ਸੀ। ਧਾਲੀਵਾਲਾਂ ਦੇ ਬਹੁਤ ਪਿੰਡ ਮਾਲਵੇ ਵਿੱਚ ਹਨ। ਮਾਲਵੇ ਵਿਚੋਂ ਉਠੇ ਧਾਲੀਵਾਲ ਦੂਰ-ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ। ਦੁਆਬੇ ਤੇ ਮਾਝੇ ਵਿੱਚ ਵੀ ਧਾਲੀਵਾਲ ਕਾਫ਼ੀ ਹਨ। ਧਾਲੀਵਾਲ ਗੁਰੂ ਨਾਨਕ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ। ਸਭ ਤੋਂ ਪਹਿਲਾਂ ਚੌਧਰੀ ਜੋਧ ਰਾਏ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਇਹ ਕਾਂਗੜ ਦਾ ਮੁਖੀਆ ਸੀ। ਮਿਹਰਮਿੱਠੇ ਦੀ ਬੰਸ ਦਾ ਮਹਾਨ ਸੂਰਮਾ ਸੀ। ਇਹ ਪਹਿਲਾਂ ਸੁੱਖੀਸੱਰਵਰ ਨੂੰ ਮੰਨਦਾ ਸੀ। ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਸਰ ਮਹਿਰਾਜ ਦੇ ਯੁੱਧ ਵਿੱਚ ਆਪਣੇ ਪੰਜ ਸੌ ਘੋੜ ਸਵਾਰ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸਹਾਇਤਾ ਕੀਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਰਾਏ ਜੋਧ ਨੂੰ ਕਟਾਰ ਬਖਸ਼ੀ। ਇਸ ਖ਼ਾਨਦਾਨ ਪਾਸ ਗੁਰੂ ਸਾਹਿਬ ਦਾ ਇੱਕ ਜੋੜਾ, ਇੱਕ ਤਲਾਈ ਤੇ ਗਵਾਲੀਅਰ ਦੇ ਕੈਦੀ ਰਾਜਿਆਂ ਨੂੰ ਰਿਹਾਈ ਵਾਲਾ 52 ਕਲੀਆਂ ਵਾਲਾ ਚੋਲਾ ਸਾਹਿਬ ਵੀ ਸੀ। ਇਸ ਖ਼ਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਸੀਬਤ ਸਮੇਂ ਬਹੁਤ ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਕਾਫ਼ੀ ਸਮਾਂ ਇਨ੍ਹਾਂ ਪਾਸ ਦੀਨੇ ਕਾਂਗੜ ਰਹੇ। ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ੍ਹ ਜਫ਼ਰਨਾਮਾ ਬਣਿਆ ਹੈ। ਬਾਬਾ ਮਿਹਰਮਿੱਠੇ ਦੀ ਬੰਸ ਬਹੁਤ ਵਧੀ ਫੁੱਲੀ। ਇਸ ਦੇ ਇੱਕ ਪੁੱਤਰ ਚੰਨਬੇਗ ਨੇ ਅਕਬਰ ਦੀ ਸਹਾਇਤਾ ਨਾਲ ਧੌਲਪੁਰ ਤੇ ਵੀ ਕਬਜ਼ਾ ਕਰ ਲਿਆ। ਇਸ ਬੰਸ ਦੇ ਕੁਝ ਧਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ। ਸਹਾਰਨਪੁਰ ਵਿੱਚ ਧੂਲੀ ਗੋਤ ਦੇ ਜਾਟ ਵੀ ਧਾਲੀਵਾਲੇ ਬਰਾਦਰੀ ਵਿਚੋਂ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਵੀ ਕੁਝ ਹਿੰਦੂ ਜਾਟ ਧਾਲੀਵਾਲ ਹਨ। ਕੁਝ ਧਾਲੀਵਾਲ ਸਿੱਖ ਜੱਟ ਵੀ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲੋਕਟ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਸਨ। ਬਹੁਤੇ ਮੁਸਲਮਾਨ ਬਣ ਗਏ ਸਨ। ਪੰਜਾਬ ਵਿੱਚ ਧਾਲੀਵਾਲ ਨਾਮ ਦੇ ਕਈ ਪਿੰਡ ਹਨ।

ਸਾਂਝੇ ਪੰਜਾਬ ਵਿੱਚ ਧਾਲੀਵਾਲ ਗੋਤ ਦੇ ਜੱਟਾਂ ਦੀ 1881 ਈਸਵੀਂ ਵਿੱਚ ਕੁੱਲ ਗਿਣਤੀ 77660 ਸੀ। ਧੰਨਾ ਭਗਤ ਵੀ ਰਾਜਸਥਾਨ ਦਾ ਧਾਲੀਵਾਲ ਜੱਟ ਸੀ। ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਘੇਲ ਸਿੰਘ ਵੀ ਰਾਊਕੇ ਪਿੰਡ ਦਾ ਧਾਲੀਵਾਲ ਜੱਟ ਸੀ।

ਧਾਲੀਵਾਲਾਂ ਬਾਰੇ ‘ਇਤਿਹਾਸ ਧਾਲੀਵਾਲੀ ਵੰਸਾਵਲੀ’ ਪੁਸਤਕ ਵਿੱਚ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਇਹ ਖੋਜ ਭਰਪੂਰ ਪੁਸਤਕ ਚਤਿੰਨ ਸਿੰਘ ਧਾਲੀਵਾਲ ਨੇ ਲਿਖੀ ਹੈ। ਨੰਬਰਦਾਰ ਕਰਤਾਰ ਸਿੰਘ ਲੁਹਾਰਾ ਨੇ ਵੀ ‘ਧਾਲੀਵਾਲ ਇਤਿਹਾਸ’ ਬਾਰੇ ਇੱਕ ਪੁਸਤਕ ਲਿਖੀ ਹੈ। ਅੰਗਰੇਜ਼ ਖੋਜੀਆਂ ਇੱਬਟਸਨ ਤੇ ਐਚ• ਏ• ਰੋਜ਼ ਨੇ ਵੀ ਧਾਲੀਵਾਲਾਂ ਬਾਰੇ ਕਾਫ਼ੀ ਲਿਖਿਆ ਹੈ। ਧਾਲੀਵਾਲਾ ਖ਼ਾਨਦਾਨ ਜੇਟੀ ਕੌਮ ਨਾਲ ਸਿੱਧਾ ਸੰਬੰਧ ਰੱਖਣ ਵਾਲਾ ਪ੍ਰਸਿੱਧ ਖ਼ਾਨਦਾਨ ਹੈ। ਇਹ ਵੀ ਰਾਜਪੂਤਾਂ ਦੇ ਛੱਤੀ ਸ਼ਾਹੀ ਘਰਾਣਿਆਂ ਵਿਚੋਂ ਇੱਕ ਹੈ। ਧਾਲੀਵਾਲ ਜਗਤ ਪ੍ਰਸਿੱਧ ਗੋਤ ਹੈ।