ਨਕਸ਼ਬੰਦੀ ਸਿਲਸਿਲਾ

ਨਕਸ਼ਬੰਦੀ ਸੰਪਰਦਾਇ ਸੂਫ਼ੀਵਾਦ ਦੇ ਪ੍ਰਚਾਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਮਹੱਤਵਪੂਰਨ ਸੰਪਰਦਾਇ ਹੈ। ਇਸ ਸੰਪਰਦਾਇ ਨੇ ਚਿਸ਼ਤੀ ਤੇ ਸਹੁਰਦਾਵਰਦੀ ਸੰਪ੍ਰਦਾਇ ਦੀ ਤਰ੍ਹਾਂ ਅਨੇਕਾਂ ਦੇਸ਼ਾਂ ਵਿੱਚ ਆਪਣੀਆਂ ਪੀਰੀਆਂ - ਮੁਰਦੀਆਂ ਸਥਾਪਿਤ ਕੀਤੀਆਂ। ਇਸ ਸੰਪ੍ਰਦਾਇ ਨੂੰ “ਸਿਲਸਿਲਾ - ਏ - ਖਾਜਗਾਨ” ਵੀ ਕਿਹਾ ਜਾਂਦਾ ਹੈ। ਇਹ ਟੁਰਕਸਤਾਨ ਵਿੱਚ ਕਾਮਿ ਹੋਈ ਸੀ। ਜਿਸ ਦਾ ਸੰਚਾਲਕ ਅਬੂ ਯਕਿੂਬ - ਅਲ - ਹਮਦਾਨੀ (ਮੌਤ 1140 ਈ.) ਸੀ। ਉਸ ਤੋਂ ਬਾਅਦ ੳੋਸਦਾ ਖਲੀਫ਼ਾ ਅਬਦੁਲ ਖਲੀਕ ਅਲ ਗੁਜਦਵਾਨੀ (ਮੌਤ 1220 ਈਂ) ਸੀ। ਖੁਆਜਾ ਬਹਾ - ਉਦ - ਦੀਨ ਨਕਸ਼ਬੰਦ (1318 - 1389 ਈ.) ਇਸ ਸੰਪ੍ਰਦਾਇ ਦੇ ਸੰਸਥਾਪਕ ਸਨ।ਨਕਸ਼ਬੰਦੀ ਸੰਪਰਦਾਇ ਉਹਨਾਂ ਦੇ ਨਾਂ ਨਾਲ ਹੀ ਸਬੰਧਿਤ ਹੈ। ਭਾਰਤ ਵਿੱਚ ਇਸ ਦੀ ਸਥਾਪਨਾ ਹਜ਼ਰਤ ਬਾਕੀ ਬਿਲਾੱਹ (1564 - 1603 ਈ.) ਨੇ ਕੀਤੀ ਅਤੇ ਇਨ੍ਹਾਂ ਦੇ ਪ੍ਰਮੁੱਖ ਮੁਰੀਦ ਹਜ਼ਰਤ ਸ਼ੇਖ਼ ਅਹਿਮਦ ਸਰਹਿੰਦੀ ਮੁਜੱਦਿਦ ਅਲਿਫਸਾਨੀ (1564 - 1624 ਈ.) ਦੁਆਰਾ ਇਸ ਸੰਪ੍ਰਦਾਇ ਦਾ ਵਿਸ਼ੇਸ਼ ਪ੍ਰਚਾਰ ਅਤੇ ਪ੍ਰਸਾਰ ਹੋਇਆ। ਉਸ ਦੇ ਕਾਰਨ ਹੀ ਇਹ ਸਿਲਸਿਲਾ ਮੁਜੱਦੀ ਦੀਆਂ ਸਿਲਸਿਲਾ ਦੇ ਨਾਮ ਨਾਲ ਮਸ਼ਹੂਰ ਹੈ। ਸ਼ਰੀਅਤ ਦੇ ਨਿਯਮਾਂ ਦੀ ਸੰਪੂਰਨ ਪਾਲਣਾ ਤੇ ਅਤਿ ਅਧਿਕ ਬਲ ਦੇਣਾ ਇਸ ਸੰਪਰਦਾਇ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਹਜ਼ਰਤ ਮੁਹੰਮਦ ਅਲਿਫ਼ਸਾਨੀ ਲਿਖਦੇ ਹਨ ਕਿ ਜੋ ਕੁਝ ਅਸਾਨੂੰ ਬਖ਼ਸ਼ਿਸ਼ ਹੋਈ ਹੈ, ਉਹ ਮਹਿਜ਼ ਅੱਲਾਹ ਦਾ ਫ਼ਜ਼ਲ ਅਤੇ ਕਰਮ ਹੈ। ਜੇਕਰ ਇਸ ਮਿਹਰਬਾਨੀ ਦੇ ਲਈ ਕੋਈ ਸਾਧਨ ਬਣਿਆ ਹੈ ਤਾਂ ਉਹ ਹਜ਼ਰਤ ਮੁਹੰਮਦ (ਸ.) ਦੀ ਪੈਰਵੀ ਅਤੇ ਗ਼ੁਲਾਮੀ ਹੈ ਅਤੇ ਜੋ ਕੁਝ ਅਸਾਨੂੰ ਨਹੀਂ ਦਿੱਤਾ ਗਿਆ ਉਸ ਦੀ ਵਜ੍ਹਾ ਇਹ ਹੈ ਕਿ ਸ਼ਰੀਅਤ ਦੇ ਹੁਕਮਾਂ ਦੀ ਪਾਲਣਾ ਵਿੱਚ ਕੋਈ ਕਮੀਂ ਰਹਿ ਗਈ ਹੋਵੇਗੀ। ਇਸ ਸੰਪਰਦਾਇ ਦੇ ਅਨੁਯਾਈਆਂ ਵਾਸਤੇ ਇਨ੍ਹਾਂ 11 ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ:

  1. ਹੋਸ਼ - ਦਰ- ਦਮ (ਹਰ ਸਾਂਹ ਨਾਲ ਰੱਬ ਨੂੰ ਯਾਦ ਕੀਤਾ ਜਾਵੇ),
  2. ਨਜ਼ਰ- ਬਰ- ਕਦਮ (ਸਾਲਿਕ ਆਪਣੇ ਕਦਮਾਂ ਤੇ ਹੀ ਨਜ਼ਰ ਰੱਖੇ ਅਤੇ ਹਰ ਬੁਰਾਈ ਵਾਲੀ ਥਾਂ ਤੋਂ ਨਜ਼ਰ ਬਚਾਵੇ)
  3. ਸਫ਼ਰ- ਦਰ- ਬਤਨ(ਮਾਨਵੀ ਸਿਫ਼ਤਾਂ ਤੋਂ ਫ਼ਰਿਸ਼ਤਿਆਂ ਦੀ ਸਿਫ਼ਤ ਵੱਲ ਯਾਤਰਾ ਕਰਦਿਆਂ ਸਾਲਿਕ ਦਿਲ ਦੀ ਪਵਿੱਤਰਤਾ ਤੇ ਨਜ਼ਰ ਰੱਖੇ)
  4. ਖ਼ਿਲਵਤ - ਦਰ - ਅੰਜੁਮਨ (ਹਰ ਸਾਲ ਵਿੱਚ ਦਿਲੋਂ ਰੱਬ ਨਾਲ ਜੁੜਿਆ ਰਹੇ)
  5. ਯਾਦ - ਕਰਦ (ਮੁਰਸ਼ਿਦ ਦੁਆਰਾ ਦੱਸੇ ਜ਼ਿਕਰ ਦਾ ਹਰ ਦਮ ਜਾਪ ਕਰਦਾ ਰਹੇ)
  6. ਬਾਜ਼ਗਸ਼ਤ (ਜ਼ਿਕਰ ਤੋਂ ਬਾਅਦ ਸਾਲਿਕ ਆਪਣੇ ਮੰਤਵ ਦੀ ਪ੍ਰਾਪਤੀ ਲਈ ਰੱਬ ਅੱਗੇ ਦੁਆਵਾਂ ਕਰੇ)
  7. ਨਿਗਾਹਦਾਸ਼ਤ (ਹਰ ਪਲ ਗੁਨਾਹਾਂ ਅਤੇ ਦਿਲ ਦੇ ਵਸਵਸਿਆਂ ਪ੍ਰਤੀ ਸਾਵਧਾਨ ਰਹੇ)
  8. ਯਾਦਦਾਸ਼ਤ (ਹਰ ਸਮੇਂ ਰੱਬੀ ਧੁਨ ਵਿੱਚ ਲੀਨ ਰਹੇ)
  9. ਵੁਕੂਫ਼ - ਏ ਜ਼ਮਾਨੀ (ਨਿਰੰਤਰ ਆਤਮ - ਵਿਸ਼ਲੇਸ਼ਣ ਕਰੇ ਕਿ ਦਿਲ ਵਿੱਚ ਕਿਤੇ ਗਫ਼ਲਤ ਤਾਂ ਨਹੀਂ ਆਈ)
  10. ਵੁਕੂਫ਼ - ਏ - ਕਲਬੀ (ਦਿਲ ਦੀ ਭਟਕਣ ਦੀ ਪੂਰਨ ਰੂਪ ਵਿੱਚ ਰੋਕਥਾਮ ਕਰੇ)
  11. ਵੁਕੂਫ਼ - ਏ - ਅਦੀਦ (ਜ਼ਿਕਰ ਤਾਕ ਅਰਥਾਤ ਤਿੰਨ, ਪੰਜ, ਸੱਤ ਆਦਿ ਦੀ ਸੰਖਿਆ ਅਨੁਸਾਰ ਕਰੇ)

ਨਕਸ਼ਬੰਦੀ ਸੰਪਰਦਾਇ ਦੇ ਹੋਰ ਪ੍ਰਮੁੱਖ ਦਰਵੇਸ਼ਾਂ ਵਿੱਚ ਖਵਾਜਾ ਯਾਕੂਬ ਚਰਖੀ, ਖਵਾਜਾ ਨਸੀਰ - ਉਦ - ਦੀਨ ਅਹਿਰਾਰ, ਫੈਯਾਜ਼ੀ ਬਖ਼ਾਰੀ, ਖਵਾਜਾ ਹੁਸਾਮ - ਉਦ - ਦੀਨ, ਸ਼ੇਖ਼ ਬਦਰ - ਉਦ - ਦੀਨ, ਅਲਵੀ ਹੁਸੈਨੀ ਆਦਿ ਦਾ ਉਲੇਖ ਕੀਤਾ ਜਾ ਸਕਦਾ ਹੈ। ਅਰਬ ਦੇਸ਼ਾਂ ਤੋਂ ਬਿਨਾਂ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ,ਤਾਸ਼ਕੰਦ, ਤੁਰਕੀ ਆਦਿ ਦੇਸ਼ਾਂ ਵਿੱਚ ਇਸ ਸੰਪ੍ਰਦਾਇ ਦੇ ਕੇਂਦਰ ਸਥਾਪਿਤ ਹੋਏ। ਹਜ਼ਰਤ ਮੁਜੱਦਿਦ ਦਾ ਮਜ਼ਾਰ ਪੰਜਾਬ ਵਿੱਚ ਸਰਹਿੰਦ ਵਿਖੇ ਸਥਿਤ ਹੈ।

ਹਵਾਲੇ

ਸੋਧੋ

1.ਇਸਲਾਮ ਅਤੇ ਸੂਫੀਵਾਦ - ਗੁਲਵੰਤ ਸਿੰਘ 2.ਸੂਫ਼ੀਅਤ ਅਤੇ ਪੰਜਾਬੀ ਸੂਫ਼ੀ ਕਾਵਿ - ਪ੍ਰੋਰ. ਬਿਕਰਮ ਸਿੰਘ ਘੁੰਮਣ 3.ਪੰਜਾਬੀ ਸੂਫ਼ੀ ਕਾਵਿ ਦਾ ਸੰਚਾਰ - ਵਿਧਾਨ - ਡਾ. ਹਰਪ੍ਰੀਤ ਰੂਬੀ 4.ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ - ਡਾ. ਅਨਵਰ ਚਿਰਾਗ