ਨਜ਼ਮ ਹੁਸੈਨ ਸੱਯਦ ਪ੍ਰਗਤੀਵਾਦੀ-ਮਾਰਕਸਵਾਦੀ ਪੰਜਾਬੀ ਸਾਹਿਤ ਦਾ ਇੱਕ ਉਘਾ ਨਾਮ ਹੈ। ਇਸਲਾਮੀ ਜ਼ਾਵੀਏ ਮੁਤਾਬਿਕ ਸਾਹਿਤ ਦਾ ਕਾਰਜ ਕਰਨ ਵਾਲੇ ਪਾਕਿਸਤਾਨੀ ਪੰਜਾਬੀ ਚਿੰਤਕ ਸ਼ਾਹਬਾਜ਼ ਮਲਿਕ ਨੇ ਆਪਣੀ ਪੁਸਤਕ ਮੂੰਹ ਆਈ ਗੱਲ਼ ਵਿੱਚ ਟਿੱਪਣੀ ਕਰਦੇ ਹੋਏ ਲਿਖਿਆਂ ਹੈ ਕਿ ‘ਨਜ਼ਮ ਹੁਸੈਨ ਸੱਯਦ ਦੇ ਤਕਨੀਕ ਦੇ ਢੰਗ ਨੂੰ ਭਾਰਤੀ ਪੰਜਾਬ ਦੇ ਮਾਰਕਸਵਾਦੀ ਲਿਖਾਰੀਆਂ ਨੇ ਵੀ ਹੱਥੋ ਹੱਥ ਲਿਆ ਤੇ ਨਵਾਂ ਤੇ ਤਰੱਕੀਵੱਦ ਮਿਥਿਆ।’ ਪੰਜਾਬੀ ਦੇ ਬਹੁਤ ਸਾਰੇ ਚਿੰਤਕਾਂ ਜਿਵੇਂ ਡਾ ਅਤਰ ਸਿੰਘ, ਡਾ ਹਰਭਜਨ ਸਿੰਘ,ਡਾ ਤੇਜਵੰਤ ਸਿੰਘ ਗਿੱਲ,ਡਾ ਸਤਿੰਦਰ ਸਿੰਘ ਨੂਰ, ਡਾ ਜਗਬੀਰ ਸਿੰਘ ਅਤੇ ਡਾ ਸੁਰਜੀਤ ਸਿੰਘ ਭੱਟੀ ਆਦਿ ਨੇ ਉਸਦੇ ਚਿੰਤਨ ਸੰਬੰਧੀ ਨਿੱਠ ਕੇ ਵਿਚਾਰ- ਚਰਚਾ ਕੀਤੀ ਅਤੇ ਉਸਦੇ ਚਿੰਤਨ ਦੀ ਵਿਲੱਖਣਤਾ ਦੀ ਪਛਾਣ ਕਰਕੇ ਲਈ ਸੂਤਰ ਪੇਸ਼ ਕੀਤੇ ਹਨ। ਏਧਰਲੇ ਪੰਜਾਬ ਵਿੱਚ ਅੱਠਵੇਂ ਦਹਾਕੇ ਦੇ ਸ਼ੁਰੂ ਤੋਂ ਉਸ ਦੀਆਂ ਸਮੀਖਿਆ ਪੁਸਤਕਾਂ ਅਤੇ ਮਜ਼ਮੂਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।ਸੇਧਾਂ, ਸਾਰਾਂ,ਸੱਚ ਸਦਾ ਅਬਾਦੀ ਕਰਨਾ, ਅਕੱਬ ਕਹਾਣੀ, ਹੀਰ ਦਮੋਦਰ ਬਾਰੇ ਕੁਝ ਗੱਲਾਂ ਅਤੇ ਰੰਗ: ਫਰੀਦੋਂ ਨਾਨਕ ਨਾਨਕੇਂ ਫਰੀਦ ਆਦਿ ਉਸ ਦੀਆਂ ਪ੍ਰਮੁੱਖ ਆਲੋਚਨਾ ਪੁਸਤਕਾਂ ਹਨ।ਪੰਜਾਬੀ ਦੇ ਅਕਸਰ ਵਿਦਵਾਨ ਉਸਦੀ ਅੰਗਰੇਜ਼ੀ ਪੁਸਤਕ Recurrent patterns in punjabi poetry ਨੂੰ ਵੀ ਉਸਦੀ ਨਵੇਕਲੀ ਮੌਲਿਕ ਕਿਰਤ ਵਜੋਂ ਪੇਸ਼ ਕਰਦੇ ਹਨ। ਅਸਲ ਵਿੱਚ ਮਜਲਿਸ ਸ਼ਾਹ ਹੁਸੈਨ ਲਾਹੌਰ ਵੱਲੋਂ 1968 ਵਿੱਚ ਪ੍ਰਕਾਸਿਤ ਇਸ ਪੁਸਤਕ ਵਿਚਲੀ ਸਮਗਰੀ ਉਸਦੀਆਂ ਦੋਵਾਂ ਪੁਸਤਕ ਸੇਧਾਂ ਤੇ ਸਾਰ ਵਿੱਚ ਹੀ ਲਈ ਗਈ ਹੈ।

ਨਜਮ ਹੁਸੈਨ ਸੱਯਦ ਨੇ ਸਾਹਿਤ ਸਿੱਧਾਤਕਾਰੀ ਦਾ ਕਾਰਜ ਨਹੀਂ ਕੀਤਾ।ਉਸਨੇ ਆਪਣੇ ਧਿਆਨ ਦਾ ਮਰਕਜ਼ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਬਣਾਇਆਂ ਅਤੇ ਲੋਕ ਮੁਹਾਵਰੇ ਵਿੱਚ ਆਪਣੀਆਂ ਧਾਰਨਾਵਾਂ ਪ੍ਰਸਤੁਤ ਕਰਕੇ ਆਪਣੀ ਵੱਖਰਤਾ ਸਥਾਪਿਤ ਕੀਤੀ। ਮੱਧਕਾਲੀ ਸੂਫ਼ੀ ਤੇ ਕਿੱਸਾ ਕਾਵਿ ਪਰੰਪਰਾ ਸੰਬੰਧੀ ਉਸ ਦੀਆਂ ਮਾਰਕਸਵਾਦੀ ਵਿਚਾਰਧਾਰਾ ਦੇ ਜਮਾਤੀ ਫ਼ਲਸਫ਼ੇ ਉੱਪਰ ਮਥਨੀ ਧਾਰਨਾਵਾਂ ਪ੍ਰੋ ਕਿਸਨ ਸਿੰਘ ਦੀਆਂ ਇਸ ਸਾਹਿਤ ਸੰਬੰਧੀ ਪ੍ਰਸਤੁਤ ਧਾਰਨਾਵਾਂ ਨਾਲ ਮੇਲ ਖਾਂਦੀਆਂ ਹਨ। ਮਾਰਕਸਵਾਦੀ ਵਿਚਾਰਧਾਰਾ ਤੋਂ ਇਲਾਵਾ ਪਾਠ-ਮੂਲਕ, ਚਿਹਨ ਵਿਗਿਆਨਿਕ ਅਤੇ ਅੰਤਰੰਗ ਅਧਿਐਨ ਵਿਧੀਆਂ ਸੱਯਦ ਦੁਆਰਾਂ ਵਰਤੋਂ ਤੋਂ ਪਿੱਛੋਂ ਬੋਝਲ ਅਤੇ ਨਿਰਵਿਵੇਕ ਪ੍ਰਤੀਤ ਨਹੀਂ ਹੁੰਦੀਆਂ। ਅਸਲ ਵਿੱਚ ਇਨ੍ਹਾਂ ਵਿਧੀਆਂ ਦੀ ਸਹਾਇਤਾ ਨਾਲ ਉਹ ਪੰਜਾਬੀ ਸਭਿਆਚਾਰ ਦੇ ਲੋਕਯਾਨਕ ਵਿਰਸੇ ਦੇ ਅੰਦਰਵਾਰ ਝਾਕਦਾ ਹੈ।

ਏਧਰਲੇ ਪੰਜਾਬ ਵਿੱਚ ਸੱਯਦ- ਚਿੰਤਨ ਨੂੰ ਵਿਦਵਾਨਾਂ ਨੇ ਨਿੱਠ ਕੇ ਗੋਲਿਆਂ ਹੈ। ਸਭ ਤੋਂ ਪਹਿਲਾਂ ਜਿਸ ਚਿੰਤਕ ਨੇ ਸੱਯਦ-ਚਿੰਤਨ ਦੀ ਭਰਵੀ ਸਿਫ਼ਤ-ਸਲਾਹ ਕੀਤੀ ਉਹ ਸੀ ਡਾ ਅਤਰ ਸਿੰਘ। ਉਸਨੇ ਸੱਯਦ ਦੀ ਸਾਹਿਤਕ ਸੰਵੇਦਨਾ ਨੂੰ ਸੂਖਮ, ਉਸਦੇ ਅਧਿਐਨ ਨੂੰ ਵਿਸਾਲ, ਉਸਦੀ ਨਜ਼ਰ ਨੂੰ ਘੋਖਵੀ ਤੇ ਤੀਬਰ, ਉਸਦੇ ਦਿ੍ਰਸਟੀਕੋਣ ਨੂੰ ਨਰੋਆ ਤੇ ਗਤੀਸ਼ੀਲ ਅਤੇ ਉਸਦੀ ਸ਼ੈਲੀ ਨੂੰ ਠੇਠ, ਰਸਦਾਇਕ,ਸਪਸ਼ਟ ਤੇ ਸਹਿਜ ਸੁਭਾਵਿਕ ਦੱਸਿਆ। ਸੱਯਦ- ਆਲੋਚਨਾ ਦੀ ਤਾਰੀਫ਼ ਉਸ ਸੁਪਰਲੇਟਿਵ ਡਿਗਰੀ ਵਿੱਚ ਕਰਦੇ ਹੋਏ ਏਥੋਂ ਤਕ ਆਖ ਦਿੱਤਾ ਕਿ ‘ਪੰਜਾਬੀ ਸਾਹਿਤ ਸੰਬੰਧੀ ਇਤਨੀ ਸੁਗਮ, ਇਤਨੀ ਸਾਰਥਿਕ ਤੇ ਇਤਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿੱਚ ਕਦੀ ਨਹੀਂ ਰਚੀ ਗਈ।

ਸੱਯਦ ਆਲੋਚਨਾ ਸੰਬੰਧੀ ਦੂਸਰੀ ਭਾਂਤ ਦੀਆਂ ਟਿੱਪਣੀਆਂ ਸੇਖੋਂ ਆਲੋਚਨਾ ਦੇ ਅਨੁਯਾਈਆਂ ਵੱਲੋਂ ਕੀਤੀਆਂ ਗਈਆਂ ਹਨ। ਅਜਿਹੇ ਟਿੱਪਣੀਕਾਰ ਵਿੱਚੋਂ ਉਘੜਵਾਂ ਨਾਂ ਡਾ ਤੇਜਵੰਤ ਸਿੰਘ ਗਿੱਲ ਦਾ ਹੈ। ਉਸਨੇ ਇਸ ਅਲੋਚਨਾ ਦਾ ਵੱਡਾ ਪਛਾਣ-ਚਿੰਨ੍ਹ ਇਸਦੀ ਵਿਆਖਾਤਮਕ ਰੁਚੀ ਨੂੰ ਦੱਸਿਆ ਹੈ। ਨਾਲ ਹੀ ਇਸ ਵਿਖਿਆਤਮਕ ਰੁਚੀ ਦੀ ਸੀਮਾ ਨੂੰ ਪਛਾਣਦੇ ਸਮੇਂ ਇਹ ਸਥਾਪਨਾ ਵੀ ਪੇਸ਼ ਕੀਤੀ ਕਿ ਜੇ ਵਿਆਖਿਆ ਵਿਸ਼ਲੇਸ਼ਣ ਰਾਹੀਂ ਮੁਲਅੰਕਣ ਤੇ ਪਹੁੰਚਣ ਦੀ ਥਾਂ ਆਪਣੇ ਆਪ ਨੂੰ ਲਕਸ਼ ਠਹਿਰਾ ਹੋਵੇ ਤਾਂ ਇਹ ਵਿਆਖਿਆ ਸਿੱਧਾਂਤਾਂ ਵਿੱਚ ਤਾਂ ਅਵਸ ਹੀ ਢਲ ਜਾਂਦੀ ਹੈ, ਪਰ ਨਾਲ ਹੀ ਆਲੋਚਨਾਤਮਕ ਅਮਲ ਨੂੰ ਵਿਸ਼ੇਸ਼ ਤਰੁਟੀ ਤਕ ਸੀਮਾਬੱਧ ਵੀ ਕਰ ਲੈਂਦੀ ਹੈ। ਇਹ ਵਿਸ਼ੇਸ਼ ਤਰੁਟੀ ਨਜ਼ਮ ਹੁਸੈਨ ਸੱਯਦ ਦੀ ਆਲੋਚਨਾ ਦਾ ਕਿਤੇ ਵੀ ਖਹਿੜਾ ਨਹੀਂ ਛੱਡਦੀ। ਇਸ ਪ੍ਰਸੰਗ ਵਿੱਚ ਉਸਦੀ ਇਹ ਟਿੱਪਣੀ ਖਾਸੀ ਵਜਨਦਾਰ ਹੈ ਕਿ ਨਜ਼ਮ ਹੁਸੈਨ ਸੱਯਦ ਅਤੀਤ ਦੇ ਸਨਮੁੱਖ ਹੋ ਕੇ ਪਿੱਛਲ- ਖੋੜੀ ਵਰਤਮਾਨ ਵੱਲ ਵਿਕਾਸ ਕਰਨ ਦਾ ਉਤਸੁਕ ਹੈ। ਨਿਰਸੰਦੇਹ ਇਹ ਬਹੁਤ ਹੀ ਨਿਰਬਲ ਉਤਸੁਕਤਾ ਹੈ ਅਤੇ ਇਸ ਉਤਸੁਕਤਾ ਦੀ ਇਸ ਨਿਰਬਲਤਾ ਦੇ ਪ੍ਰਮਾਣ ਵਜੋਂ ਹੀ ਆਧੁਨਿਕ ਸਾਹਿਤ ਉਸਦੇ ਅਧਿਐਨ ਤੋਂ ਪੂਰਨ ਤੌਰ ਤੇ ਬੇਲਾਗ ਹੈ। ਇੱਕ ਅੱਧ ਥਾਂ ਉੱਪਰ ਡਾ ਗਿੱਲ ਨੇ ਇਸ ਆਲੋਚਨਾ ਦਾ ਸੇਖੋਂ-ਆਲੋਚਨਾ ਨਾਲ ਤੁਲਨਾਤਮਿਕ ਪਰਿਪੇਖ ਵੀ ਖੋਲਿਆਂ ਹੈ।ਇਸ ਸੰਦਰਭ ਵਿੱਚ ਉਹ ਸੇਖੋਂ-ਆਲੋਚਨਾ ਨੂੰ ਬੁੱਧੀ ਗ੍ਰਸਤ ਅਤੇ ਸੱਯਦ-ਆਲੋਚਨਾ ਨੂੰ ਨਿੱਘੀ-ਆਲੋਚਨਾ ਦਾ ਨਾਂ ਦੇਦਾ ਹੈ।

ਸੱਯਦ ਆਲੋਚਨਾ ਸੰਬੰਧੀ ਆਪਣੀ ਰਾਇ ਪ੍ਰਗਟ ਕਰਨ ਵਾਲਾ ਤੀਸਰਾ ਵਰਗ ਇਸ ਨੂੰ ਪ੍ਰਮਾਣਿਕ ਆਲੋਚਨਾ ਮੰਨਣ ਵਾਲ਼ਿਆਂ ਦਾ ਹੈ। ਇਹ ਵਰਗ ਸੱਯਦ ਦੁਆਰਾਂ ਵਰਤੀ ਲੋਕ ਬੋਲੀ, ਲੋਕ ਮੁਹਾਵਰੇ ਅਤੇ ਲੋਕ ਸ਼ੈਲੀ ਦੀ ਪ੍ਰਸੰਸ ਵੀ ਕਰਦਾ ਹੈ ਅਤੇ ਉਸਦੀ ਸਾਹਿਤਕ ਵਿਰਸੇ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਨੂੰ ਮਾਰਕਸਵਾਦੀ ਵੀ ਦੱਸਦਾ ਹੈ। ਇਹ ਵਰਗ ਸੱਯਦ ਦੀ ਮਾਰਕਸਵਾਦੀ ਸ਼ਬਦਾਵਲੀ ਨੂੰ ਨਾ ਵਰਤਣ ਜਾਂ ਦਾਰਸ਼ਨਿਕ ਸੰਕਲਪਾਂ ਦੀ ਵਰਤੋਂ ਨਾਂ ਕਰਨ ਵਿੱਚੋਂ ਇਸਦੀ ਲੋਕ-ਪੱਖੀ ਰੁਚੀ ਨੂੰ ਦੇਖਦਾ ਹੈ। ਪਾਠ-ਮੂਲਕ, ਚਿੰਨ-ਮੂਲਕ,ਅਦਵੈਤਵਾਦੀ, ਸ਼ਾਮਿਆਕ ਤੇ ਸਦੀਵੀ ਮਾਨਵੀ ਸਮੱਸਿਆਵਾਂ ਨੂੰ ਪੇਸ਼ ਕਰਦੀ ਅਤੇ ਕਿਰਤਾਂ ਵਿੱਚੋਂ ਜਮਾਤੀ ਸੰਘਰਸ਼ ਨੂੰ ਪਛਾਣਦੀ ਆਦਿ ਸੂਤਰਾਂ ਨੂੰ ਇਸ ਵਰਗ ਦੇ ਚਿੰਤਕਾਂ ਨੇ ਸੱਯਦ -ਆਲੋਚਨਾ ਦੀ ਗੌਰਵਸਾਲੀ ਪ੍ਰਾਪਤੀ ਵਜੋਂ ਉਘਾੜਿਆ ਹੈ। ਇਹ ਵਰਗ ਲੋਕ-ਵਿਰਸੇ ਦੀ ਇਨਕਲਾਬੀ ਵਿਆਖਿਆ ਦਾ ਹਾਮੀ ਹੈ। ਇਸਨੂੰ ਇਸੇ ਲਈ ਸੇਖੋਂ-ਆਲੋਚਨਾ ਨਾਲ਼ੋਂ ਕਿਸਨ ਸਿੰਘ ਆਲੋਚਨਾ ਵਧੇਰੇ ਪ੍ਰਮਾਣਿਕ ਜਾਪਦੀ ਹੈ। ਸੱਯਦ ਆਲੋਚਨਾ ਵਿਰਸੇ ਦੀ ਵਿਆਖਿਆ ਸਮੇਂ ਕਿਸਨ ਸਿੰਘ ਆਲੋਚਨਾ ਵਾਲੇ ਹੀ ਮੂਲ-ਮਾਡਲ ਨੂੰ ਅਪਣਾਉਂਦੀ ਹੈ।ਦੋਵਾ ਨੂੰ ਵਿਰਸਾ ਸ਼ਾਂਤੀ,ਮੁਕਤੀ, ਪ੍ਰੇਰਨਾ, ਆਜ਼ਾਦੀ ਅਤੇ ਨਾਬਰੀ ਦਾ ਰਾਹ ਦਿਖਾਉਂਦਾ ਪ੍ਰਤੀਤ ਹੁੰਦਾ ਹੈ। ਗੁਰਦੇਵ ਸਿੰਘ ਪੰਨੂ, ਡਾ ਰਵਿੰਦਰ ਸਿੰਘ ਰਵੀ ਅਤੇ ਡਾ ਸੁਰਜੀਤ ਸਿੰਘ ਭੱਟੀ ਸੱਯਦ ਆਲੋਚਨਾ ਨੂੰ ਇਸੇ ਲਈ ਪ੍ਰਮਾਣਿਕ ਸਿੱਧ ਕਰਦੇ ਹਨ ਕਿਉਂਕਿ ਉਹ ਬੁਨਿਆਦੀ ਤੌਰ ਉੱਪਰ ਕਿਸਨ ਸਿੰਘ ਆਲੋਚਨਾ ਦੇ ਮੂਲ ਮਾਡਲ ਦੇ ਪੱਖੀ ਹਨ। ਸੱਯਦ-ਆਲੋਚਨਾ ਨੂੰ ਅਧਿਐਨ-ਵਸਤੂ ਬਣਾਉਣ ਵਾਲਾ ਚੌਥਾ ਵਰਗ ਸੰਰਚਨਾ ਆਧਾਰਿਤ ਆਲੋਚਨਾ ਨੂੰ ਪ੍ਰਮਾਣਕ ਆਲੋਚਨਾ ਮੰਨਣ ਵਾਲ਼ਿਆਂ ਦਾ ਹੈ। ਇਸ ਵਰਗ ਦੇ ਪ੍ਰਮੁੱਖ ਵਕਤੇ ਡਾ ਹਰਭਜਨ ਸਿੰਘ ਦੀ ਸਥਾਪਨਾ ਹੈ ਕਿ ਸੱਯਦ ਸਾਹਿਤ ਆਲੋਚਨਾ ਮੂਲ ਰੂਪ ਵਿੱਚ ਸਾਹਿਤ ਦੀ ਰੀਤ, ਰਮਜ਼, ਬੁਣਤੀ, ਅਤੇ ਬਣਤਰ ਨੂੰ ਪਛਾਣਨ ਦਾ ਯਤਨ ਕਰਦੀ ਹੈ, ਉਪਰੀ ਨਜ਼ਰ ਇਹ ਵੀ ਫੈਲਾਉਂਦੀ ਹੋਣ ਦਾ ਝਾਉਲਾ ਦੇਂਦੀ ਹੈ, ਪਰ ਇਸਦੀ ਨਿਸਤਤ ਦੀ ਵਿਧੀ ਹੈ, ਇਹ ਸਮਿਖਿਆਕਾਰ ਦੀ ਮਰਜ਼ੀ,ਮਜਬੂਰੀ ਜਾਂ ਮਨੋਰਥ ਦੇ ਰੁਖ ਫੈਲਣ ਦੀ ਬਜਾਏ ਸਾਹਿਤ ਕਿਰਤ ਦੀ ਰਚਨਾ-ਸੰਰਚਨਾ,ਰੂਪ ਵਿਧੀ ਅਤੇ ਪ੍ਰਤੀਕ ਦੇ ਰੁਖ ਵਿਆਖਿਆ ਕਰਦਾ ਹੈ। ਉਹ ਸੱਯਦ ਦੀ ਅਲੋਚਨਾ ਦੀ ਵਿਧੀ ਨੂੰ ਵੀ ਪਛਾਣਦਾ ਹੈ,ਮੂਲ ਪਛਾਣ- ਚਿੰਨਾਂ ਨੂੰ ਵੀ ਪਰੰਤੂ ਉਸ ਦੀ ਪਹੁੰਚ ਵਿਚਲੀ ਨਿਸਚਿਤਤਾ ਅਤੇ ਮੂਲ ਤਨਾਉ ਨੂੰ ਨਹੀਂ ਪਕੜਦਾ। ਸਪਸ਼ਟ ਹੈ ਸੱਯਦ-ਆਲੋਚਨਾ ਪ੍ਰਤਿ ਮੁੱਖ ਰੂਪ ਵਿੱਚ ਚਾਰ ਪਹੁੰਚਾਂ ਦਿਖਾਈ ਦੇਂਦੀ ਹਨ: ਪਹਿਲੀ,ਉਪਭਾਵੁਕਤਾ ਦੀ ਹੋਂਦ ਤੱਕ ਸਦਭਾਵੀ ਪਹੁੰਚ: ਦੂਸਰੀ, ਸੱਯਦ ਆਲੋਚਨਾ ਨਾਲ ਸੰਵਾਦ ਸਿਰਜਣ ਵਾਲੀ ਪਹੁੰਚ ; ਤੀਸਰੀ, ਵਿਰਸੇ ਦੀ ਵਿਆਖਿਆ ਕਰਨ ਕਾਰਣ ਉਸਦੀ ਭਰਵੀ ਸਰਾਹਨਾ ਕਰਨ ਵਾਲੀ ਪਹੁੰਚ ਅਤੇ ਚੌਥੀ, ਉਸਦੀ ਸੰਰਚਨਾ -ਆਧਾਰਿਤ ਪਹੁੰਚ ਵਿਧੀ ਦੀ ਪ੍ਰਸੰਸਾ ਕਰਨ ਵਾਲੀ ਪਹੁੰਚ। ਇਸ ਕਾਰਜ ਨੇ ਸੱਯਦ- ਆਲੋਚਨਾ ਦੇ ਪਛਾਣ-ਚਿੰਨ੍ਹਾਂ ਤੋਂ ਅਗਾਂਹ ਸਰਕ ਕੇ ਇਸ ਆਲੋਚਨਾ ਵਿਚਲੇ ਮੂਲ ਤਨਾਉ ਅਤੇ ਨਿਸਚਿਤਤਾ ਨੂੰ ਨਹੀਂ ਗੋਲਿਆਂ।

ਨਜਮ ਹੁਸੈਨ ਸੱਯਦ ਨੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਆਪਣੀ ਉਚੇਚੀ ਗਿਆਨ ਸਾਧਨਾਂ ਦਾ ਵਿਸ਼ਾ ਬਣਾਇਆਂ ਹੈ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਵਿੱਚੋਂ ਵੀ ਸੂਫੀ ਕਾਵਿ, ਕਿੱਸਾ ਕਾਵਿ ਅਤੇ ਦੰਤ-ਕਥਾਵਾਂ ਉਸਦੇ ਅਧਿਐਨ ਦਾ ਕੇਂਦਰੀ ਵਸਤੂ ਬਣੇ ਹਨ। ਪੰਜਾਬੀ ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਦੀਆਂ ਸਮੁੱਚੀਆਂ ਧਾਰਾਵਾਂ ਜਾਂ ਸਾਰੇ ਕਵੀ ਵੀ ਉਸਦੇ ਧਿਆਨ ਦਾ ਕੇਂਦਰ ਬਿੰਦੂ ਨਹੀਂ ਬਣੇ, ਸਗੋਂ ਸ਼ਾਹਕਾਰ ਕਵੀਆਂ ਦੀਆਂ ਸ਼ਾਹਕਾਰ ਕਿਰਤਾਂ ਉਸਦੀ ਆਲੋਚਨਾ ਦਾ ਮਰਕਜ਼ ਹਨ। ਇਨ੍ਹਾਂ ਕਿਰਤਾਂ ਦਾ ਉਸ ਮਾਇਕ੍ਰੋ ਨਾਲ ਵਿਸ਼ਲੇਸ਼ਣ ਕੀਤਾ। ਧਿਆਨਯੋਗ ਹੈ ਕਿ ਉਸਨੇ ਸਾਹਿਤ ਸਿਧਾਂਤ ਅਤੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।ਨਿਰਸੰਦੇਹ, ਨਜਮ ਹੁਸੈਨ ਸੱਯਦ ਨੇ ਆਪਣੇ ਸਮੁੱਚੇ ਆਲੋਚਨਾਤਮਿਕ ਅਮਲ ਵਿੱਚ ਕੋਈ ਸਿੱਧਾਤਕ ਮਜ਼ਮੂਨ ਨਹੀਂ ਲਿਖਿਆਂ, ਆਪਣੇ ਚਿੰਤਨ ਦੇ ਸੋਮਿਆਂ ਨੂੰ ਛੁਪਾ ਕੇ ਰੱਖਿਆਂ ਹੈ ਪਰੰਤੂ ਉਸਨੇ ਆਪਣੇ ਚਿੰਤਨ ਕਾਰਜ ਵਿੱਚ ਵੱਖ ਵੱਖ ਥਾਂਵਾਂ ਉੱਪਰ ਸ਼ਾਇਰੀ ਦੀ ਪ੍ਰਕਿਰਤੀ ਸਾਇਰੀ ਦੀ ਅਧਿਐਨ ਵਿਧੀ ਸ਼ਾਇਰੀ ਦੇ ਸਮਾਜ ਸਭਿਆਚਾਰ ਤੇ ਸਿਆਸਤ ਨਾਲ ਰਿਸ਼ਤੇ ਅਤੇ ਸ਼ਾਇਰ ਦੀ ਦਿ੍ਰਸਟੀ ਸੰਬੰਧੀ ਕੁਝ ਟਿੱਪਣੀਆਂ ਜ਼ਰੂਰ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਨੂੰ ਇਕਾਈ ਵਜੋਂ ਦੇਖਣ ਨਾਲ ਉਸਦੇ ਸਿੱਧਾਤਕ ਚੌਖਟੇ ਨੂੰ ਉਸਾਰਿਆ ਜ਼ਰੂਰ ਜਾ ਸਕਦਾ ਹੈ। ਮਿਸਾਲ ਵਜੋਂ ਸੈਨਤ,ਰਮਜ਼, ਅਟਕਲ, ਭੇਦ,ਜ਼ਾਹਰ, ਬਾਤਨ,ਸਤਹ-ਡੂੰਘ ਰੂਪ ਤੇ ਰਸ ਲਿਖਤ, ਪੜਤ, ਵਸੇਬ, ਗਵੇੜਣਾ ਅਤੇ ਰੀਤ ਆਦਿ। ਉਸ ਦੀ ਵਿਧੀ ਜਾਂ ਨਿਕਟ ਜਾਂ ਮਾਇਕ੍ਰੋ ਅਧਿਐਨ ਦੀ ਹੈ। ਉਹ ਆਪਣਾ ਧਿਆਨ ਸਾਹਿਤ ਦੀ ਭਾਸ਼ਾ ਉੱਪਰ ਟਿਕਾਉਂਦਾ ਹੋਇਆੱ ਸਾਇਰੀ ਦੇ ਮੁਖਤਲਫ ਅੰਦਾਜ਼ ਰਾਹੀਂ ਮਹੀਨਾ ਤੱਕ ਅੱਪੜਣ ਦਾ ਯਤਨ ਕਰਦਾ ਹੈ।

ਲਿਖਤ ਤੇ ਪੜਤ ਦੇ ਨਿਖੇੜੇ,ਪੜਤਾਂ ਦੀ ਵੰਨਸਵੰਨਤਾ, ਪੜਤਾਂ ਦੀਆਂ ਵਿਭਿੰਨ ਕਿਸਮਾਂ ਪਿੱਛੇ ਕੰਮ ਕਰਦੇ ਕਾਰਣਾਂ ਦੀ ਉਸ ਨੂੰ ਭਲੀ-ਭਾਂਤ ਸੋਝੀ ਹੈ। ਅਸਲ ਵਿੱਚ ਪਾਠ ਦੀਆ ਡੂੰਘੀਆਂ ਪਰਤਾਂ ਹੇਠ ਛੁਪਿਆ ਰਮਜ਼ਾਂ ਸੈਨਤਾਂ ਅਤੇ ਅਟਕਲਾਂ ਦੀ ਪਛਾਣ ਉੱਪਰ ਬਲ ਦੇ ਕੇ ਉਹ ਮਹਾਂਪਾਠਕ ਦਾ ਸੰਕਲਪ ਪ੍ਰਸਤੁਤ ਵੀ ਕਰਦਾ ਹੈ ਅਤੇ ਇਸ ਮਹਾਂਪਾਠਕ ਦੇ ਸੰਕਲਪ ਨੂੰ ਆਪਣੇ ਸਮੀਖਿਅਕ ਅਮਲ ਰਾਹੀਂ ਪੁਸਟ ਕਰਕੇ ਵੀ ਦਿਖਾਉਂਦਾ ਹੈ। ਨਜਮ ਹੁਸੈਨ ਸੱਯਦ ਸ਼ਾਹਿਤਕ ਕਿਰਤ ਦੇ ਅਧਿਐਨ ਲਈ ਪੂਰਵ ਨਿਸਚਿਤ ਧਾਰਨਾਵਾਂ ਨਿਸ਼ਚੇਵਾਦੀ ਬਿਰਤੀ ਤੇ ਅਟਕਲਪੱਚੂ ਨੂੰ ਤਿਲਾਂਜਲੀ ਦੇਣ ਲਈ ਆਖਦਾ ਹੈ। ਰਚਨਾ ਪਾਠਾਂ ਦੀ ਬਣਤਰ ਉਸ ਲਈ ਖ਼ਾਸੀ ਮਹੱਤਵਪੂਰਨ ਹੈ ਅਤੇ ਸ਼ਾਇਰੀ ਦੀ ਬਣਤਰ ਥਾਣੀ ਗੁਜ਼ਰ ਕੇ ਹੀ ਉਹ ਆਪਣੇ ਅਧਿਐਨ ਯਾਤਰਾ ਸੰਪੂਰਨ ਕਰਦਾ ਹੈ। ਸ਼ਾਇਰੀ ਨੂੰ ਸ਼ਾਇਰੀ ਵਜੋਂ ਸਮਝਣ ਦਾ ਸੰਬੰਧ ਉਸ ਦੀਆ ਰਮਜ਼ਾਂ ਤੇਤਾਲਾਂ ਨੂੰ ਪਛਾਣਨ ਅਤੇ ਬਣਤਰ ਦੀਆ ਘੂਡੀਆਂ ਨੂੰ ਖੋਲ੍ਹਣ ਲਈ ਸਿਆਣਪ ਅਤੇ ਸੁਰਤ ਸੰਭਾਲ਼ ਨਾਲ ਹੈ। ਉਸਦੀ ਧਾਰਨਾ ਹੈ ਕਿ ਸਾਹਿਤ ਰਚਨਾਵਾਂ ਵਿਲੱਖਣ ਤੇ ਨਿਵੇਕਲੇ ਸੁਭਾਅ ਦੀਆਂ ਧਾਰਣੀ ਹੋਣ ਦੇ ਬਾਵਜੂਦ ਸਾਂਝ ਦੇ ਸੂਤਰ ਵਿੱਚ ਪਰੂਚੀਆਂ ਹੁੰਦੀਆਂ ਹਨ। ਪੰਜਾਬੀ ਸ਼ਿਅਰ ਰੀਤ ਦੇ ਸਦੀਵੀ ਸੁਭਾਅ ਤੇ ਬੁੱਲੇ ਸ਼ਾਹ ਨਾਮੀ ਮਜ਼ਮੂਨ ਵਿੱਚ ਉਸ ਤੁਲਨਾਤਮਿਕ ਵਿਧੀ ਰਾਹੀਂ ਪੰਜਾਬੀ ਸ਼ਿਅਰ ਰੀਤ ਦੇ ਸਦੀਵੀ ਸੁਭਾਵਾਂ ਨੂੰ ੳਘਾੜਿਆ ਹੈ। ਕਲਾ ਤੇ ਕੱਥ ਦੀ ਏਕਤਾ ਰਮਜ਼ ਤੇ ਵਸੇਬੇ ਦੀ ਸਾਖ ਕੱਥ ਸੁਣਾਉਣਾ ਦੀ ਬਜਾਏ ਰਹੱਸ ਖੇਡਣ ਉੱਪਰ ਬਲ ਸਿੰਧ ਪੱਧਰੇ ਮੁਹਾਦਰੇ ਤੇ ਮਹੀਨ ਅਸਲੇ ਵਿਚਕਾਰ ਰਿਸ਼ਤੇ ਅਤੇ ਮੁੱਢਲੇ ਤੇ ਅੰਤਲੇ ਸਵਾਲਾਂ ਨਾਲ ਵਾਹ ਉਸ ਵਲੋ ਪਛਾਣੇ ਪੰਜਾਬੀ ਸ਼ਿਅਰ ਰੀਤ ਦੇ ਸਦੀਵੀ ਸੁਭਾਅ ਹਨ। ਉਸ ਪਾਸ ਸ਼ਾਇਰੀ ਤੇ ਫ਼ਲਸਫ਼ੇ ਵਾਲਾ ਵਿਚਾਰ ਦਾ ਉਸਾਰ ਉਸਾਰਦਾ ਹੈ ਅਤੇ ਸ਼ਾਇਰ ਲਫ਼ਜ਼ਾਂ ਤਾਲਾਂ ਰਮਜ਼ਾਂ ਰਾਹੀਂ ਆਪਣੀ ਬਣਤਰ ਬਣਾਉਂਦਾ ਹੈ ਰਾਹੀਂ ਦੇਂਦਾ ਹੈ। ਉਸਦੀ ਧਾਰਨਾ ਹੈ ਕਿ ਬਾਹਰ ਦਾ ਸਿੱਧੜਾਪਾ ਅਸਲੋਂ ਅਸਲੀ ਸ਼ਿਅਰ ਦੀਆਂ ਉਨ੍ਹਾਂ ਗੁੱਝੀਆਂ ਪੱਧਰਾਂ ਉਤੇ ਇੱਕ ਪਰਦਾ ਏ ਜਿੱਥੇ ਕਲਾ ਦਾ ਹੱਥ ਜਜਬੇ ਤੇ ਵਿਚਾਰ ਦੀਆਂ ਮਹੀਨ ਗੁੰਝਲਾਂ ਨਾਲ ਪਿਆਂ ਨਜਿੱਠਦਾ ਏ ਉਸ ਦਾ ਸਾਰਾ ਬਲ ਬਣਤਰ ਦੇ ਅਸਲੇ ਤੱਕ ਪਹੁੰਚਣ ਅਤੇ ਉਸ ਦੀਆਂ ਅਰਥ- ਦਿਸ਼ਾਵਾਂ ਨੂੰ ਪਛਾਣਨ ਉਪਰ ਹੁੰਦਾ ਹੈ। ਇਸ ਤੱਥ ਵਿੱਚ ਕੋਈ ਸੰਦੇਹ ਨਹੀਂ ਕਿ ਸੱਯਦ -ਆਲੋਚਨਾ ਦੀ ਮੂਲ ਬਿਰਤੀ ਅਤੀਤਮੁਖੀ ਹੈ ਅਰਥਾਤ ਉਹ ਮੱਧਕਾਲੀਨ ਸਾਹਿਤ ਦੇ ਗਿਣਵੇ ਚੁਣਵੇ ਪਾਠਾਂ ਰਾਹੀਂ ਅਤੀਤ ਵਿੱਚ ਮਨਮਰਜ਼ੀ ਦੇ ਰੰਗ ਭਰਦਾ, ਮੁੜ ਉਨ੍ਹਾਂ ਨੂੰ ਉਚਿਆਉਂਦਾ ਅਤੇ ਮੁੜ ਮੁੜ ਦੁਹਰਾਉਂਦਾ ਹੈ। ਭਾਸਾਈ ਟੇਢ ਸੰਦਰਭ ਨੂੰ ਮਨਮਰਜ਼ੀ ਦੇ ਰੁਖ ਮੋੜ ਲੈਣ ਵਾਲੀ ਅਟਕਲ ਉਸ ਨੂੰ ਖ਼ੂਬ ਆਉਂਦੀ ਹੈ।

ਨਜਮ ਹੁਸੈਨ ਸੱਯਦ ਦੀ ਪੁਸਤਕ ਸਾਰਾਂ ਵਿਚਲੇ ਕੁਲ ਪੰਜ ਮਜ਼ਮੂਨ ਨਦੀਓਂ ਪਾਰ ਰਾਂਝਣ ਦਾ ਠਾਣਾ ਰਾਂਝਣ ਯਾਰ ਤਬੀਬ ਪੂਰਨ ਤੇ ਰਸਾਲੂ ਭਾਜੜ ਤਖਤ ਲਾਹੌਰ ਅਤੇ ਦੁੱਲ਼ੇ ਦੀ ਕਹਾਣੀ ਪ੍ਰੇਮ ਕਥਾਵਾਂ ਅਤੇ ਦੰਤ ਕਥਵਾਂ ਹਨ ਅਤੇ ਪਹੁੰਚ ਬਿੰਦੂ ਜਮਾਤੀ ਸੰਘਰਸ਼ ਜਾ ਸਥਾਪਤੀ ਵਿਰੋਧੀ ਅਤੇ ਲੋਕਹਿਤੀ ਪੈਂਤੜਾ। ਨਜ਼ਮ ਹੁਸੈਨ ਸੱਯਦ ਦੀ ਆਲੋਚਨਾ ਵਿੱਚ ਇੱਕ ਮੂਲ ਤਣਾਉ ਮੌਜੂਦ ਹੈ।ਇਹ ਤਣਾਉ ਇੱਕ ਪਾਸੇ ਰਚਨਾ- ਪਾਠ ਵਿੱਚੋਂ ਉਸ ਦੀਆ ਰਮਜ਼ਾਂ,ਸੈਨਤਾਂ ਅਤੇ ਰੰਗਾਂ ਰਾਹੀਂ ਉਸ ਦੀ ਅਧਿਐਨ ਵਿਧੀ ਘੋਖਣ ਅਤੇ ਦੂਸਰੇ ਪਾਸੇ ਨਿਸਚਿਤ ਵਿਚਾਰਧਾਰਾ ਨੂੰ ਰਚਨਾ-ਪਾਠਾਂ ਉੱਪਰ ਥੋਪਣ ਵਿੱਚੋਂ ਉਜਾਗਰ ਹੁੰਦਾ ਹੈ। ਕਥਨੀ ਦੀ ਪੱਧਰ ਉੱਪਰ ਉਹ ਚੋਖੀਆਂ ਸਿਆਣੀਆਂ ਗੱਲਾਂ ਕਰਦਾ ਹੈ ਪਰ ਕਰਨੀ ਦੀ ਪੱਧਰ ਉੱਪਰ ਉਹ ਆਪ ਹੀ ਆਪਣੇ ਕਹੇ ਤੇ ਅਮਲ ਨਹੀਂ ਕਰਦਾ। ਕਿਧਰੇ ਵੀ ਉਸਦੇ ਚਿਰ ਧਰੇ ਮਤਲਬ ਉਸਦਾ ਖਹਿੜਾ ਨਹੀਂ ਛੱਡਦੇ। ਸਿੱਟਾ ਵਿਚਾਰਧਾਰਕ ਨਿਸਚਿਤਤਾ ਵਿੱਚ ਨਿਕਲਦਾ ਹੈ। ਉਸ ਵੱਲੋਂ ਵਰਤੀ ਵਿਚਾਰਧਾਰ ਦੀ ਪ੍ਰਮਾਣਕਤਾ ਨਿਰਵਿਵਾਦ ਹੈ ਪਰੰਤੂ ਇਸ ਵਿਚਾਰਧਾਰਾ ਦਾ ਠੁਲ੍ਹਾ ਆਰੋਹਣ ਸਵੀਕਾਰਣਯੋਗ ਨਹੀਂ। ਬੀਤੇ ਨੂੰ ਏਸ ਹੱਦ ਤੱਕ ਉਚਿਆਉਣ ਕਿ ਉਸਦੀ ਉਚਾਈ ਹੇਠ ਵਰਤਮਾਨ ਹੀ ਬੌਣਾ ਜਾਪੇ ਕਦਾਚਿਤ ਤਰਕਸੰਗਤ ਨਹੀਂ।ਉਹ ਅਮਲ ਦੀ ਪੱਧਰ ਕੋਡਾਂ ਦੀ ਸਲਾਮ ਸਬੂਤੀ ਹੋਂਦ ਨੂੰ ਪ੍ਰਵਾਨ ਨਹੀਂ ਕਰਦਾ,ਉਨ੍ਹਾਂ ਦੀ ਵਿਆਖਿਆ ਨੂੰ ਆਪਣੇ ਸੰਦੇਸ਼ ਦੇ ਰੁਖ ਫੈਲਾਉਣ ਦੀ ਕਾਹਲ ਜ਼ਰੂਰ ਕਰਦਾ ਹੈ। ਉਸਦੀ ਅਧਿਐਨ ਵਿਧੀ ਦਾ ਮੁਹਾਂਦਰਾ ਹਰ ਘਟਨਾ ਨੂੰ ਨਿਸ਼ਾਨ ਸਿੱਧ ਕਰਨ ਕਰਕੇ ਪ੍ਰੋ ਕਿਸਨ ਸਿੰਘ ਅਧਿਐਨ ਵਿਧੀ ਨਾਲ ਮੇਲ ਖਾਂਦਾ ਹੈ। ਉਹ ਮੂਲ ਰੂਪ ਵਿੱਚ ਵਿਰਸੇ ਦੀ ਚਕਾਚੌਂਧ ਕਰ ਦੇਣ ਵਾਲੀ ਪ੍ਰਤੀਕਵਾਦੀ ਵਿਆਖਿਆ ਕਰਨ ਵਾਲਾ ਆਲੋਚਕ ਹੈ।

ਪੁਸਤਕ ਸੰਬੰਧੀ ਜਾਣਕਾਰੀ
ਹਰਿਭਜਨ ਸਿੰਘ ਭਾਟੀਆ, ‘ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ’, ਸਾਹਿਤ ਅਕਾਦਮੀ,ਦਿੱਲ਼ੀ,2004