ਨਟ ਕਬੀਲਾ
ਨਟ ਕਬੀਲਾ
ਸੋਧੋ"ਨਟ" ਸੰਸਕ੍ਰਿਤ ਦੇ ਸ਼ਬਦ ਨਟਾ ਤੋਂ ਬਣਿਆ ਹੈ, ਜਿਸਦਾ ਭਾਵ ਨਾਚ ਕਰਨ ਵਾਲੇ ਤੋਂ ਹੈ[1]।ਭਾਈ ਕਾਨ੍ਹ ਸਿੰਘ ਨਾਭਾ ਨਟ ਦੀ ਪਰਿਭਾਸ਼ਾ ਨੱਚਣ,ਦਿਖਾਉਣ,ਕੰਬਣ, ਸੰਗਯਾ ਨਾਟਕ ਖੇਡਣ ਵਾਲਾ ਅਤੇ ਦ੍ਰਿਸ਼ਯਕਾਵਯ ਦਿਖਾਉਣ ਵਾਲੇ ਤੋਂ ਕਰਦੇ ਹਨ[2]। ਨਟ ਅਤੇ ਬਾਜ਼ੀਗਰ ਦੋਵੇਂ ਕੌਮਾਂ ਦੇ ਕਿੱਤੇਗਤ ਨਾਮ ਹਨ। ਨਟ ਕਬੀਲਾ ਨੂੰ ਸਮਝਣ ਲਈ ਇਹਨਾਂ ਲੋਕਾਂ ਦੇ ਕਿੱਤੇਗਤ ਸੰਕਲਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਟ ਇਕ ਜਾਂਬਾਜ ਅਤੇ ਬਹਾਦਰ ਕਬੀਲਾ ਹੈ,ਜਿਹੜਾ ਕਿ ਮੁਗ਼ਲਾਂ ਅਤੇ ਰਾਜਪੂਤਾਂ ਵਿਚ ਹੋਈਆਂ ਖ਼ੂਨੀ ਝੜਪਾਂ ਦੌਰਾਨ, ਰਾਜਪੂਤਾਂ ਦੀ ਹਾਰ ਹੋ ਜਾਣ ਤੇ ਜਾਨ ਮਾਲ ਦੀ ਰਾਖੀ ਲਈ ਜੰਗਲਾਂ ਵਿਚ ਰੂਪੋਸ਼ ਹੋ ਗਿਆ ਸੀ।ਆਪਣੀ ਹਾਰ ਤੋਂ ਬਾਅਦ ਵੀ ਇਹ ਲੋਕ ਲੰਮਾ ਸਮਾਂ ਸੱਤਾ ਪ੍ਰਾਪਤੀ ਸੰਘਰਸ਼ ਕਰਦੇ ਰਹੇ ਹਨ।ਨਟ ਦੇ ਕਲਾ ਕਰਤੱਬ ਰੱਸੀ ਦੇ ਆਲੇ ਦੁਆਲੇ ਘੁੰਮਦੇ ਹਨ ਜਦਕਿ ਬਾਜ਼ੀਗਰ ਖੋਦੀ ਤੋਂ ਕੁੱਦ ਕੇ ਕਈ ਤਰ੍ਹਾਂ ਦੀਆਂ ਉੱਚੀਆਂ ਲੰਮੀਆਂ ਛਾਲਾਂ ਦੇ ਨਾਲ ਨਾਲ ਕਈ ਦੀਆਂ ਖਤਰਨਾਕ ਛਾਲਾਂ ਦਾ ਵੀ ਪ੍ਰਦਰਸ਼ਨ ਕਰਦਾ ਹੈ। ਨਟ ਆਪਣੀ ਖੇਡ ਦੇ ਸਾਰੇ ਪ੍ਰਦਰਸ਼ਨ ਰੱਸੀ ਅਤੇ ਬਾਂਸ ਰਾਹੀਂ ਕਰਦਾ ਹੈ।
ਨਟਾਂ ਦੇ ਇਤਿਹਾਸਕ ਪਿਛੋਕੜ ਬਾਰੇ ਵੱਖ ਵੱਖ ਧਾਰਨਾਵਾਂ ਪ੍ਰਚਲਿਤ ਹਨ। ਇਹਨਾਂ ਵਿੱਚੋਂ ਬਹੁਤੀਆਂ ਧਾਰਨਾਵਾਂ ਅਤੇ ਹਵਾਲੇ ਇਹਨਾਂ ਲੋਕਾਂ ਨੂੰ ਰਾਜਪੂਤ ਘਰਾਣਿਆਂ ਅਤੇ ਕਬੀਲਿਆਂ ਵਿਚੋਂ ਨਿਖੜੇ ਹੋਏ ਸਿੱਧ ਕਰਦੇ ਹਨ।ਨ ਵਾਂਗ ਪੰਜਾਬ ਦੇ ਸਾਰੇ ਹੀ ਕਬੀਲਿਆਂ ਵਿਚ ਇਹੀ ਧਾਰਨਾ ਪ੍ਰਚਲਿਤ ਹੈ।ਜੇਕਰ ਨਟਾਂ ਦੇ ਆਦਿਕਾਲੀ ਜੀਵਨ ਬਾਰੇ ਪਿਛ ਝਾਤ ਮਾਰੀ ਜਾਵੇ ਤਾਂ ਇਹ ਲੋਕ ਆਦਿਕਾਲੀ ਜੰਗਲੀ ਕੌਮਾਂ ਹਨ। ਜਿਹੜੀਆਂ ਕਿ ਕੁਦਰਤ ਦੀ ਗੋਦ ਵਿਚ ਆਪਣਾ ਜੀਵਨ ਨਿਰਬਾਹ ਕਰ ਰਹੀਆਂ ਸਨ। ਇਹ ਉਹ ਸਮਾਂ ਸੀ ਜਦੋਂ ਭਾਰਤ ਤੋਂ ਇਲਾਵਾ ਦੁਨੀਆਂ ਭਰ ਦੀਆਂ ਕਈ ਹੋਰ ਕੌਮਾਂ ਵੀ ਖਾਨਾਬਦੋਸ਼ੀ ਹੰਢਾ ਰਹੀਆਂ ਸਨ।
ਨਟ ਜੰਗਲੀ ਕਿਸਮ ਦੇ ਸ਼ਿਕਾਰੀ ਕੁੱਤੇ ਰੱਖਣ ਲਈ ਮਸ਼ਹੂਰ ਹਨ।ਅੱਜ ਵੀ ਨਟ ਲੋਕ ਗਧੇ ਗਧੀਆਂ ਤੇ ਆਪਣਾ ਸਮਾਨ ਲੱਦੀ ਇਕ ਥਾਂ ਤੋਂ ਦੂਜੀ ਥਾਂ ਘੁੰਮਦੇ ਨਜ਼ਰ ਆ ਜਾਂਦੇ ਹਨ।ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਕੂਚ ਕਰਨ ਲੱਗੇ ਆਪਣਾ ਪਸ਼ੂ ਪਠੋਰਾ ਅਤੇ ਮੁਰਗੇ ਮੁਰਗੀਆਂ ਵੀ ਨਾਲ ਰੱਖਦੇ ਹਨ।ਨਟ ਲੋਕਾਂ ਵਿਚ ਪਿਤਾ ਪੁਰਖੀ ਪ੍ਰੰਪਰਾਵਾਂ ਅਤੇ ਰੀਤਾਂ ਇਸ ਕਦਰ ਭਾਰੂ ਹਨ ਕਿ ਇਹ ਲੋਕ ਅੱਜ ਵੀ ਖਾਨਾਬਦੋਸੀ਼ ਦਾ ਜੀਵਨ ਹੰਢਾ ਰਹੇ ਹਨ। ਇਹ ਲੋਕ ਨਟ ਕਲਾ ਲਈ ਚੰਗੀਆਂ ਬਖਸ਼ਿਸ਼ ਮਿਲਣ ਵਾਲੇ ਇਲਾਕਿਆਂ ਵੱਲ ਕੂਚ ਕਰਦੇ ਰਹਿੰਦੇ ਹਨ।ਇਸ ਤਰ੍ਹਾਂ ਹਰੀਆਂ ਚਰਾਗਾਹਾਂ ਦੀ ਤਲਾਸ਼ ਵਿਚ ਨਿਕਲੇ ਹੋਏ ਇਹ ਲੋਕ ਪੰਜਾਬ,ਹਰਿਆਣਾ ਅਤੇ ਹਿਮਾਚਲ ਦੇ ਵੱਖ ਵੱਖ ਇਲਾਇਆ ਵਿਚ ਵਸੇ ਹੋਏ ਹਨ।
ਪੰਜਾਬ ਵਿੱਚ ਨਟਾਂ ਦੀ ਸੰਖਿਆ ਦੂਜੇ ਕਬੀਲਿਆਂ ਦੇ ਮੁਕਾਬਲੇ ਬਹੁਤ ਘੱਟ ਹੈ।ਪੰਜਾਬ ਦੀ 2001 ਦੀ ਜਨਗਣਨਾ ਮੁਤਾਬਕ ਨਟਾਂ ਦੀ ਕੁਲ ਗਿਣਤੀ ਇੱਕ ਹਜ਼ਾਰ ਇਕੱਤਰ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਪਛੜੇ ਇਲਾਕਿਆਂ ਵਿਚ ਨਦੀਆਂ , ਨਹਿਰਾਂ, ਜੰਗਲਾਂ ਅਤੇ ਰੋਹੀਆਂ ਆਦਿ ਵਿੱਚ ਛਪਰੀਆਂ ਬਣਾ ਕੇ ਰਹਿ ਰਹੇ ਹਨ। ਪੰਜਾਬ ਦੇ ਨਟ ਆਪਣਾ ਪਿੱਛਾ ਰਾਜਸਥਾਨ ,ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਨਾਲ ਜੋੜਦੇ ਹਨ।ਇਹ ਲੋਕ ਆਪਣਾ ਮੂਲ ਪ੍ਰਸਿਧ ਰਾਜਪੂਤ ਯੋਧੇ ਅਮਰ ਸਿੰਘ ਰਾਠੌਰ ਨਾਲ ਜੋੜ ਦੇ ਹਨ।
ਉਪਰੋਕਤ ਸਾਰੇ ਅਧਿਅੈਨ ਤੋਂ ਬਾਅਦ ਜੇਕਰ ਪੰਜਾਬ ਦੇ ਨਟਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਸਮਾਜ ਸਭਿਆਚਰ ਅਤੇ ਮੌਜੂਦਾ ਸਥਿਤੀ ਸਬੰਧੀ ਸਾਰੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।ਜੇਕਰ ਇਨ੍ਹਾਂ ਲੋਕਾਂ ਦੇ ਜੀਵਨ ਦੇ ਸਾਰੇ ਪੱਖਾਂ ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਇਨ੍ਹਾਂ ਦੇ ਸਮਕਾਲੀ ਹਾਲਾਤਾਂ ਦੀ ਬੜੀ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਉਂਦੀ ਹੈ ਇਹ ਲੋਕ ਆਦਿ ਕਾਲ ਤੋਂ ਜਿੱਥੇ ਖਾਨਾਬਦੋਸ਼ੀ ਹੰਢਾ ਰਹੇ ਹਨ,ਉਸਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਆਪਣੇ ਧਰਮ ਅਤੇ ਅਣਖ ਲਈ ਅਨੇਕਾਂ ਹੀ ਜੰਗਾਂ ਯੁੱਧਾਂ ਵਿਚ ਲੰਘਣਾ ਪਿਆ ਹੈ।ਮੁਗ਼ਲ ਕਾਲ ਵਿੱਚ ਰੂਪੋਸ਼ ਜੀਵਨ ਬਿਤਾਉਣ ਤੋਂ ਇਲਾਵਾ ਅੰਗਰੇਜ਼ੀ ਹਕੂਮਤ ਦੌਰਾਨ ਜਰਾਇਮ ਪੇਸ਼ਾ ਐਕਟ ਲੱਗਣ ਨਾਲ ਇਹ ਲੋਕ ਆਪਣੀਆਂ ਜਾਨਾਂ ਬਚਾਉਂਦੇ ਐਧਰ ਓਧਰ ਭਟਕਦੇ ਰਹੇ ਹਨ।
ਜੇਕਰ ਇਨ੍ਹਾਂ ਲੋਕਾਂ ਦੇ ਸਨਮਾਨ ਅਤੇ ਮੁੜ ਵਸੇਬੇ ਲਈ ਠੋਸ ਕਦਮ ਚੁਕੇ ਜਾਣ ਤਾਂ ਭਾਰਤ ਦੇ ਬਹੁਰੰਗੀ ਸਭਿਆਚਰ ਦੀ ਜਿੰਦ ਜਾਨ ਕਹਾਉਣ ਵਾਲੇ ਇਹ ਕਬੀਲੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ।[3]
- ↑ ਐੱਚ.ਏ.ਰੋਜ਼, ਡੇਂਜਲ ਇਬਟਸਨ. ਟਰਾਈਬਜ਼ ਐਂਡ ਕਾਸ਼ਨੀ ਆਫ਼ ਪੰਜਾਬ. ਤੀਜਾ. p. 163.
- ↑ ਨਾਭਾ, ਭਾਈ ਕਾਨ੍ਹ. ਮਹਾਨ ਕੋਸ਼. p. 679.
- ↑ ਤਿਆਗੀ, ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨਵੀਂ ਦਿੱਲੀ: ਨੈਸ਼ਨਲ ਬੁੱਕ ਟਰੱਸਟ ਇੰਡੀਆ. p. 211. ISBN 978-81-237-7098-7.