ਨਿਸ਼ਾਨਵਾਲੀਆ ਮਿਸਲ

(ਨਸ਼ਾਨਵਾਲੀ ਮਿਸਲ ਤੋਂ ਮੋੜਿਆ ਗਿਆ)

ਨਿਸ਼ਾਨਵਾਲੀਆ ਮਿਸਲ ਦੇ ਬਾਨੀਆਂ ਵਿੱਚ ਸੰਗਤ ਸਿੰਘ ਤੇ ਦਸੌਂਧਾ ਸਿੰਘ ਦੋ ਭਰਾਵਾਂ ਦਾ ਨਾਂ ਆਂਉਦਾ ਹੈ। ਇਹ ਦੋਵੇਂ ਪਿੰਡ ਮਨਸੂਰਵਾਲ ( ਜਿਲ੍ਹਾ ਫਿਰੋਜ਼ਪੁਰ) ਦੇ ਰਹਿਣ ਵਾਲੇ ਸਨ |ਇਹ ਦੋਵੇਂ ਭਰਾ ਹਕਮੂਤ ਤੋਂ ਦੁਖੀ ਹੋ ਕੇ ਖਾਲਸਾ ਪੰਥ ਵਿੱਚ ਜਾ ਸ਼ਾਮਿਲ ਹੋਏ | ਇੰਨਾ ਦੋਵਾਂ ਨੇ ਸ੍ਰੀ ਹਰਿਮੰਦਿਰ ਸਾਹਿਬ ਹੈਡ ਗ੍ਰੰਥੀ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ | 1734 ਵਿੱਚ ਦਸੌਂਧਾ ਸਿੰਘ ਤਰੁਨਾ ਦਲ ਦੇ ਮੋਹਰੀਆਂ ਵਿੱਚੋਂ ਇੱਕ ਸੀ। ਉਹ ਬੜਾ ਜਾਨਦਾਰ ਅਤੇ ਮਜ਼ਬੂਤ ਵਿਅਕਤੀ ਸੀ ਇਸ ਲਈ ਜਦੋਂ ਕਦੀ ਦਲ ਖਾਲਸਾ ਇੱਕ ਸਥਾਨ ਤੋਂ ਦੂਸਰੇ ਸਥਾਨ ਲਈ ਕੂਚ ਕਰਦਾ ਤਾਂ ਦਸੌਂਧਾ ਸਿੰਘ ਦਲ ਖਾਲਸਾ ਦੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਮਾਰਚ ਕਰਦਾ। ਦਸੌਂਧਾ ਸਿੰਘ ਤੇਗ਼ ਦਾ ਬੜਾ ਧਨੀ ਸੀ। ਕਹਿੰਦੇ ਹਨ ਕਿ ਉਹ ਰੁਸਤਮ ਵਾਂਗ ਸ਼ਮਸ਼ੀਰ ਦੇ ਜਹੁਰ ਦਿਖਾਉਂਦਾ ਸੀ। ਜਨਵਰੀ 1764 ਵਿੱਚ ਉਸ ਨੇ ਵੀ ਹੋਰ ਮਿਸਲਦਾਰਾਂ ਵਾਂਗ ਸਰਹਿੰਦ ਦੀ ਲੜਾਈ ਵਿੱਚ ਸ਼ਮੂਲੀਅਤ ਕੀਤੀ। ਉਸ ਸਮੇਂ ਉਸ ਨੂੰ ਉਸ ਦੇ ਹਿੱਸੇ ਵਿੱਚ ਸਿੰਘਾਂਵਾਲਾ, ਸਾਹਨੇਵਾਲ, ਸਰਾਏ ਲਸ਼ਕਰੀ ਖ਼ਾਨ, ਦੋਰਾਹਾ, ਅਮਲੋਹ, ਜ਼ੀਰਾ ਅਤੇ ਲਿੱਧੜ ਦੇ ਪਿੰਡ ਮਿਲੇ। ਬਾਅਦ ਵਿੱਚ ਉਸ ਨੇ ਅੰਬਾਲਾ ਅਤੇ ਸ਼ਾਹਬਾਦ ਮਾਰਕੰਡਾ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਅੰਬਾਲਾ ਨੂੰ ਆਪਣਾ ਸਦਰ ਮੁਕਾਮ ਬਣਾਇਆ। ਦਸੌਂਧਾ ਸਿੰਘ 1767 ਵਿੱਚ ਸਿੰਘਾਂਵਾਲਾ ਤੋਂ 10-11 ਕਿਲੋਮੀਟਰ ਦੇ ਫ਼ਾਸਲੇ ਉੱਤੇ ਸਥਿਤ ਪਿੰਡ ਡਰੋਲੀ ਵਿਖੇ ਬਰਾੜਾਂ ਨਾਲ ਲੜਾਈ ਵਿੱਚ ਮੱਥੇ ਵਿੱਚ ਗੋਲੀ ਲੱਗਣ ਨਾਲ ਮਾਰਿਆ ਗਿਆ। ਦਸੌਂਧਾ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਸੰਗਤ ਸਿੰਘ ਨਿਸ਼ਾਨਵਾਲੀਆ ਮਿਸਲ ਦਾ ਸਰਦਾਰ ਬਣਿਆਂ। ਉਹ ਬਹੁਤ ਦਲੇਰ ਅਤੇ ਬਹਾਦਰ ਯੋਧਾ ਸੀ। ਉਸ ਨੇ ਦੂਸਰੀ ਵਾਰੀ ਸਰਹਿੰਦ ਉੱਤੇ ਹਮਲਾ ਕੀਤਾ। ਉਸ ਨੇ ਆਪਣੀ ਰਾਜਧਾਨੀ ਅੰਬਾਲਾ ਨੂੰ ਚੋਰਾਂ-ਡਾਕੂਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਦੇ ਗਿਰਦ ਮਜ਼ਬੂਤ ਦੀਵਾਰ ਬਣਵਾਈ। ਸੰਗਤ ਸਿੰਘ ਅੰਬਾਲਾ ਵਿਖੇ ਬਹੁਤੀ ਦੇਰ ਨਾ ਰਿਹਾ ਕਿਉਂਕਿ ਉਸ ਨੂੰ ਇੱਥੋਂ ਦੀ ਆਬੋ-ਹਵਾ ਅਤੇ ਪਾਣੀ ਮੁਆਫ਼ਕ ਨਾ ਆਏ। ਉਸ ਨੇ ਅੰਬਾਲਾ ਦਾ ਚਾਰਜ ਆਪਣੇ ਸਾਲੇ ਧਿਆਨ ਸਿੰਘ ਨੂੰ ਦੇ ਦਿੱਤਾ ਅਤੇ ਆਪ ਸਿੰਘਾਂਵਾਲੇ ਜਾ ਕੇ ਰਹਿਣ ਲੱਗ ਪਿਆ। ਧਿਆਨ ਸਿੰਘ ਨੇ ਆਪਣੇ ਚਚੇਰਿਆਂ ਗੁਰਬਖ਼ਸ਼ ਸਿੰਘ ਅਤੇ ਲਾਲ ਸਿੰਘ ਨੂੰ ਇਨ੍ਹਾਂ ਇਲਾਕਿਆਂ ਦੇ ਥਾਣੇਦਾਰ ਨਿਯੁਕਤ ਕੀਤਾ ਅਤੇ ਉਹ ਵੀ ਸਿੰਘਾਂਵਾਲਾ ਜਾ ਕੇ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ 1774 ਵਿੱਚ ਸੰਗਤ ਸਿੰਘ ਅਕਾਲ ਚਲਾਣਾ ਕਰ ਗਿਆ। ਧਿਆਨ ਸਿੰਘ ਨੇ ਅੰਬਾਲਾ ਵੱਲ ਕੋਈ ਧਿਆਨ ਨਾ ਦਿੱਤਾ ਜਿਸ ਕਰ ਕੇ ਗੁਰਬਖ਼ਸ਼ ਸਿੰਘ ਅਤੇ ਲਾਲ ਸਿੰਘ ਉਥੇ ਸੁਤੰਤਰ ਰਾਜੇ ਬਣ ਬੈਠੇ। ਲਾਲ ਸਿੰਘ ਦੇ ਤਿੰਨ ਪੁੱਤਰ ਸਨ-ਮੋਹਰ ਸਿੰਘ, ਕਪੂਰ ਸਿੰਘ ਤੇ ਅਨੂਪ ਸਿੰਘ। ਮੋਹਰ ਸਿੰਘ ਸਤਲੁੱਜ ਪਾਰ ਦੇ ਸਿੱਖ ਸਰਦਾਰਾਂ ਵਿੱਚ ਚੰਗਾ ਅਸਰ ਰਸੂਖ਼ ਰੱਖਦਾ ਸੀ। ਨਿਸ਼ਾਨਵਾਲੀਆ ਮਿਸਲ ਦੀ ਤਾਕਤ ਸੰਗਤ ਸਿੰਘ ਦੇ ਦਿਨਾਂ ਵਿੱਚ 12,000 ਘੋੜ-ਸੁਆਰਾਂ ਤੱਕ ਪਹੁੰਚ ਗਈ ਸੀ। ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਰਾਣੀ ਦਇਆ ਕੌਰ ਅੰਬਾਲਾ ਕੇ ਕੁਝ ਇਲਾਕਿਆਂ ਉੱਤੇ ਰਾਜ ਕਰਦੀ ਰਹੀ। ਉਹ ਬੜੀ ਕੁਸ਼ਲ ਪ੍ਰਸ਼ਾਸਕ ਸੀ। ਲੈਪਲ ਗ੍ਰਿਫ਼ਿਨ ਨੇ ਉਸ ਬਾਰੇ ਲਿਖਿਆ ਹੈ: She was an excellent ruler and her estate was one of the best managed in the protected territory. ਰਾਣੀ ਦਇਆ ਕੌਰ ਬੜੀ ਇਨਸਾਫ਼ਪਸੰਦ ਸ਼ਾਸਕ ਸੀ। ਜੇ ਕਦੀ ਕੋਈ ਚੋਰੀ ਕਰਦਾ ਫੜਿਆ ਜਾਂਦਾ ਤਾਂ ਰਾਣੀ ਉਸ ਵਿਅਕਤੀ ਦੇ ਹੱਥ ਕਟਵਾ ਦਿੰਦੀ। ਜਿਹੜੇ ਕੁੜੀਆਂ ਨੂੰ ਛੇੜਦੇ ਸਨ, ਉਹਨਾਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸਨ। ਸਖ਼ਤ ਸਜ਼ਾਵਾਂ ਦੇਣ ਕਾਰਨ ਰਾਣੀ ਦੇ ਅੰਬਾਲਾ ਸ਼ਹਿਰ ਵਿੱਚਲੇ ਘਰ ਨੂੰ 'ਜ਼ੁਲਮਗੜ੍ਹ' ਕਿਹਾ ਜਾਂਦਾ ਸੀ। ਇਹ ਖ਼ੂਬਸੂਰਤ ਘਰ ਹੁਣ ਢਹਿ ਢੇਰੀ ਹੋਇਆ ਹੈ ਤੇ ਇਸ ਦੀਆਂ ਕੁਝ ਦੀਵਾਰਾਂ ਹੀ ਖੰਡਰ ਦੇ ਰੂਪ ਵਿੱਚ ਖੜ੍ਹੀਆਂ ਹਨ।