ਨਾਨਕ-ਪੰਥੀ ਸਤਿਗੁਰੂ ਨਾਨਕ ਦੇਵ ਦੇ ਦੱਸੇ ਰਾਹ ਤੇ ਤੁਰਨ ਵਾਲਾ ਜਾਂ ਗੁਰਸਿੱਖ ਨਾਨਕ-ਪੰਥੀ ਅਖਵਾਉਂਦਾ ਹੈ। ਨਾਨਕ-ਪੰਥੀਆਂ ਦੇ ਅਨੇਕ ਫਿਰਕਿਆਂ ਵਿਚੋਂ ਤਿੰਨ ਬਹੁਤ ਪ੍ਰਸਿੱਧ ਹਨ-(1)ਉਦਾਸੀ (2)ਸਹਜਧਾਰੀ ਅਤੇ(3) ਸਿੰਘ (ਇਸ ਵਿੱਚ ਨਿਹੰਗ,ਨਿਰਮਲੇ ਤੇ ਕੂਕੇ ਆਦਿ ਸ਼ਾਮਲ ਹਨ)। 1699 ਈ: ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਦੇ ਸਥਾਨ ਤੇ ਸੰਗਤਾਂ ਨੂੰ ਸਿੰਘ ਜਾਂ ਖਾਲਸਾ ਸਾਜਣ ਮਗਰੋਂ ਸਿੱਖ ਖਾਲਸਾ ਪੰਥੀ ਹੋ ਗਏ। ਹਰ ਖਾਲਸਾ ਨਾਨਕ-ਪੰਥੀ ਅਖਵਾ ਸਕਦਾ ਹੈ।ਪਰੰਤੂ ਹਰ ਨਾਨਕ-ਪੰਥੀ ਖਾਲਸਾ ਨਹੀਂ ਕਹਿਲਵਾ ਸਕਦਾ ਕਿਉਂਜੋ ਹਰ ਨਾਨਕ-ਪੰਥੀ ਪੰਜ ਕਕਾਰੀ ਨਹੀਂ ਹੁੰਦਾ।ਇਹੀ ਕਾਰਣ ਹੈ ਕਿ ਪ੍ਰਸਿੱਧ ਫਾਰਸੀ ਪੁਸਤਕ 'ਦਬਿਸਤਾਨੇ-ਮਜਾਹਿਬ' ਦਾ ਕਰਤਾ ਮੁਹਸਨ ਫਾਨੀ ਗੁਰੂ ਹਰਗੋਬਿੰਦ ਸਾਹਿਬ ਤਕ ਦੇ ਸਮੇਂ ਦੇ ਸਿੱਖਾਂ ਦਾ ਸੰਖਿਪਤ ਇਤਿਹਾਸ ਲਿਖਦੇ ਸਮੇਂ ਉਹਨਾਂ ਨੂੰ(ਕਬੀਰ ਪੰਥੀਆਂ ਤੇ ਦਾਦੂ ਪੰਥੀਆਂ ਵਾਂਗ) ਨਾਨਕ-ਪੰਥੀ ਹੀ ਆਖਦਾ ਹੈ।