ਵਾਰਤਕ ਸ਼ਬਦ ਦਾ ਅਰਥ

ਵਾਰਤਕ ਸ਼ਬਦਾ ਦਾ ਨਿਕਾਸ ਸੰਸਕ੍ਰਿਤ ਦੇ ‘ਵ੍ਰਿਤਿ` ਧਾਤੂ ਤੋ ਹੌਇਆ ਹੈ। ਇਸ ਦਾ ਅਰਥ ਟੀਕਾ ਹੈ ਭਾਵ ਉਹ ਗ੍ਰੰਥ ਜਿਸ ਦੁਆਰਾ ਸੂਤਰਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਵਾਰਤਕ ਦਾ ਸੰਬੰਧ ਵਾਰਤਾ ਨਾਲ ਵੀ ਹੈ ਜਿਸ ਦਾ ਭਾਵ ਗੱਲਬਾਤ ਜਾਂ ਪ੍ਰਸੰਗ ਹੈ। ਅਰਬੀ, ਫਾਰਸੀ ਅਤੇ ਉਰਦੂ ਵਿੱਚ ਵਾਰਤਕ ਲਈ ‘ਨਸਰ` ਸ਼ਬਦ ਦੀ ਵਰਤੋਂ ਹੁੰਦੀ ਹੈ ਜਿਸ ਦਾ ਅਰਥ ਹੈ ਖਿਲੇਰਨਾ ਜਾਂ ਬਿਖੇਰਨਾ ਜਿਸ ਤੋਂ ਸਪੱਸ਼ਟ ਭਾਵ ਵਿਆਖਿਆਂ ਦਾ ਨਿਕਲਦਾ ਹੈ। ਜਿਸ ਲਈ ਵਾਰਤਕ ਜਾਂ ਨਸਰ ਵਿਚਾਰਾਂ ਦਾ ਖਿਲੇਰਾ ਜਾ ਵਿਆਖਿਆ ਹੈ।

ਪਰਿਭਾਸ਼ਾ

1) ਵੇਟਲੀ ਅਨੁਸਾਰ, “ਵਾਰਤਕ ਅਤੇ ਕਵਿਤਾ ਵਿੱਚ ਫ਼ਰਕ ਧੁਨੀ ਦੀ ਬਣਤਰ ਦਾ ਹੈ। ਇਹ ਵਿਚਾਰ ਕਵਿਤਾ ਅਤੇ ਸੰਗੀਤ ਦੇ ਸਬੰਧ ਕਰ ਕੇ ਬਣਿਆ ਹੈ ਕਿਉਂਕਿ ਸਧਾਰਨ ਬੋਲਾਂ ਅਤੇ ਗੀਤ ਵਿੱਚ ਫ਼ਰਕ ਸਪਸ਼ੱਟ ਹੈ।”


2)

ਡਰਾਇਡ ਦੇ ਕਾਥਨ ਅਨੁਸਾਰ, “ਵਾਰਤਕ ਵਿੱਚ ਆਪਣਾ ਹੀ ਵਿਸ਼ੇਸ਼ ਸਮਤਾਲ ਹੁੰਦਾ ਹੈ। ਆਪਣੀ ਪੁਸਤਕ Fables ਦੀ ਪ੍ਰਸਤਾਵਨਾ ਵਿੱਚ ਉਹ ਲਿਖਦਾ ਹੈ: ਵਿਚਾਰ ਇੰਨੀ ਤੇਜ਼ੀ ਨਾਲ ਮੇਰੇ ਅੰਦਰ ਇੱਕਠੇ ਹੁੰਦੇ ਹਨ ਤਾਂ ਮੇਰੀ ਵੱਡੀ ਮੁਸ਼ਕਿਲ ਉਨ੍ਹਾਂ ਵਿਚੋ ਚੁਣਨ ਦੀ ਜਾਂ ਰਦ ਕਰਨ ਦੀ ਹੁੰਦੀ ਹੈ- ਕੀ ਉਨ੍ਹਾਂ ਨੂੰ ਕਵਿਤਾ ਵਿੱਚ ਪਰੋਇਆ ਜਾਏ ਤਾਂ ਉਨ੍ਹਾਂ ਨੂੰ ਵਾਰਤਕ ਦੇ ਵਖਰੇ ਤਾਲ ਵਿੱਚ ਸ਼ਸ਼ੋਭਤ ਕੀਤਾ ਜਾਏ।” 3) ਜੋਨੇਥਨ ਸਵਿਫ਼ਟ ਅਨੁਸਾਰ, “ਵਾਰਤਕ ਵਿੱਚ ਸਰਲਤਾ, ਸਪਸ਼ਟਤਾ ਦੇ ਗੁਣ ਹੋਣੇ ਜ਼ਰੂਰੀ ਹਨ, ਅਤੇ ਸੰਖੇਪਤਾ ਦੇ ਗੁਣ ਹੋਏ ਜ਼ਰੂਰੀ ਹਨ। ਇਹਦੇ ਤਰਕ, ਦਲੀਲ ਅਤੇ ਸੋਚ-ਉਡਾਰੀ ਦੇ ਵੀ ਹੋਰ ਉਪਯੋਗੀ ਗੁਣ ਹੁੰਦੇ ਹਨ। ਦਿਲ ਦੀ ਗਲ ਕਰਨ ਵਾਲੇ ਸ਼ਬਦ ਕਵਿਤਾ ਦਾ ਜਾਮਾ ਪਹਿਰਦੇ ਹਨ ਅਤੇ ਦਿਮਾਗ ਦੀ ਭਾਸ਼ਾ ਵਾਰਤਕ ਰਾਹੀਂ ਪ੍ਰਗਟ ਹੁੰਦੀ ਹੈ।”

2)ਸੋ ਵਾਰਤਕ ਵਿੱਚ ਲੇਖਕ ਕਿਸੇ ਛੰਦ ਦੀ ਵਰਤੋਂ ਨਹੀਂ ਕਰਦਾ, ਨਾ ਹੀ ਇਸ ਨੂੰ ਅਲੰਕਾਰਾਂ ਦੇ ਗਹਿਣਿਆ ਨਾਲ ਸਿੰਗਾਰਦਾ ਹੈ, ਇਸ ਵਿੱਚ ਸਾਹਿੱਤਕਾਰ ਆਪਣੇ ਵਿਚਾਰਾਂ ਨੂੰ ਇਸ ਪ੍ਰਕਾਰ ਲਿਪੀ ਬੱਧ ਕਰਦਾ ਹੈ ਕਿ ਉਹ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ ਅਤੇ ਉਸ ਵਿੱਚ ਬੁੱਧੀ-ਤੱਤ ਦੀ ਪ੍ਰਧਾਰਨਾ ਹੁੰਦੀ ਹੈ।

ਨਾਨਕ ਕਾਲ ਦੀ ਵਾਰਤਕ

ਕੋਈ ਵੀ ਸਾਹਿਤ ਵੰਨਗੀ ਖਲਾਅ ਵਿਚੋਂ ਪੈਦਾ ਨਹੀ ਹੁੰਦੀ ਇਹ ਵੀ ਠੀਕ ਹੈ ਕਿ ਮੁੱਢਲੀ ਪੰਜਾਬੀ ਵਾਰਤਕ ਨਾਨਕ ਦੀ ਸ਼ਖ਼ਸੀਅਤ ਦੇ ਦੁਆਲੇ ਘੁੰਮਦੀ ਹੈ। ਪਰ ਇਹ ਵੀ ਸੱਚ ਹੈ ਕਿ ਸਿਰਫ ਨਾਨਕ ਦੀ ਸ਼ਖ਼ਸੀਅਤ  ਹੀ ਕਿਸੇ ਲੇਖਕ ਤੋਂ ਵਾਰਤਕ ਨਹੀ ਲਿਖਵਾ ਸਕਦੀ। ਇਸ ਲਈ ਪਹਿਲਾ ਵਾਰਤਕ ਲੲੀ ਉਚਿਤ ਮਾਹੌਲ ਹੋਣਾ ਜਰੁਰੀ ਹੈ।

ਪੰਜਾਬੀ ਵਾਰਤਕ ਦੇ ਪਿਛੋਕੜ ਦੀ ਜੇਕਰ ਗਲ ਕਰੀਏ ਤਾਂ ਇਸਤੇ ਹੋਰ ਭਾਸ਼ਾਵਾਂ ਦਾ ਵੀ ਪ੍ਰਭਾਵ ਮਾੜਾ ਮੋਟਾ ਰਿਹਾ ਹੈ। ਜਿਸ ਵਿਚ ਸੰਸਕ੍ਰਿਤ, ਪ੍ਰਾਕਿਰਤਾਂ, ਅਪਭ੍ਰੰਸ਼, ਬ੍ਰਜ ਅਯੇ ਆਰਬੀ ਫ਼ਾਰਸੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਸ਼ਾਮਿਲ ਕੀਤਾ। ਜਿਵੇ ਕਿ ਸਾਨੂੰ ਪਤਾ ਹੈ ਕਿ ਸੰਸਕ੍ਰਿਤ ਭਾਰਤ ਦੀਆਂ ਮੁੱਢਲੀਆ ਤਿੰਨ ਭਾਸ਼ਾਵਾਂ ਵਿਚੋਂ ਇੱਕ ਹੈ।ਇਸੇ ਵਿਚੋ ਹੀ ਅਪਭ੍ਰੰਸ਼ ਤੇ ਪ੍ਰਾਕਿਰਤਾ ਦਾ ਵਿਕਾਸ  ਹੋਇਆ। ਮੱਧਕਾਲ ਵਿੱਚ ਹੀ ਇਸਲਾਮ ਦੇ ਭਾਰਤ ਵਿਚ ਪ੍ਰਵੇਸ਼ ਨਾਲ ਅਰਬੀ ਫ਼ਾਰਸੀ ਦਾ ਪ੍ਰਭਾਵ ਪਿਆ। ਪੰਜਾਬੀ ਮੱਧਕਾਲੀ ਵਾਰਤਕ ਦੇ ਜਨਮ ਤੋਂ ਪਹਿਲਾਂ ਇਹਨਾਂ ਦਾ ਸਾਹਿਤ ਮਿਲਦਾ ਹੈ ਖਾਸ ਤੌਰ ਤੇ ਵਾਰਤਕ ।

ਸਾਡੇ ਸਾਹਿਤਕਾਰਾਂ ਇੰਨਾ ਨਮੂਨਿਆਂ ਨੂੰ ਪੜਿਆ, ਮਿਸਾਲ ਵਜੋਂ ਸੰਸਕ੍ਰਿਤ ਵਿੱਚ ਹਿਤੋਉਪਦੇਸ਼ ਦੀਆਂ ਨੀਤੀਆਂ ਕਥਾਵਾਂ ਬੜੀਆਂ ਪ੍ਰਸਿੱਧ ਸਨ ਤੇ ਇਹ ਜਨ ਜਨ ਤੱਕ ਪਹੁੰਚੀਆਂ

ਇਸੇ ਤਰਾਂ ਸੰਸਕ੍ਰਿਤ ਵਿਚ ਕਥਾ ਵੀ ਰਚੀਆਂ ਗਈਆਂ। ਜੋ ਭਾਸ਼ਾਈ  ਬਦਲਾਅ ਕਾਰਨ ਜਨ ਸਧਾਰਨ ਤੱਕ ਪਹੁੰਚੀਆਂ। ਸੁਬੋਧ ਤੇ ਭਾਣ ਭੱਟ ਸੰਸਕ੍ਰਿਤ ਦੇ ਦੋ ਮਹਾਨ ਸਾਹਿਤਕਾਰ ਹੋਏ ਸਨ, ਸੁਬੋਧ ਦੀ 'ਵਾਸਵਦਤਾ' ਅਤੇ ਬਾਣ ਭੱਟ ਦੀ 'ਹਰਸ਼ ਚਰਿਤ੍ਰ' ਅਤੇ 'ਕਾਦੰਬਰੀ' ਦੋ ਬੜੀਆ ਹੀ ਪ੍ਰਸਿੱਧ ਰਚਨਾਵਾਂ ਸਨ।

ਪ੍ਰਾਕਿਰਤਾ ਵਿਚੋਂ ਪਾਲੀ ਕਾਫੀ ਪ੍ਰਚਲਿਤ ਸੀ ਮਹਾਤਮਾਂ ਬੁੱਧ ਨੇ ਆਪਣੇ ਸਾਰੇ ਗ੍ਰੰਥ ਇਸੇ ਭਾਸ਼ਾ ਵਿੱਚ ਹੀ ਉਸ ਨਾਲ ਸਬੰਧਿਤ ਬਹੁਤ ਸਾਰੀਆਂ ਜਾਤਕ ਕਥਾਵਾਂ ਇਸੇ ਭਾਸ਼ਾ ਵਿਚ ਉਪਲਬਧ ਹਨ।[1]

ਇਹਨਾਂ ਜਾਤਕ ਕਥਾਵਾਂ ਦੇ ਮੋਟਿਫ ਸਾਖੀਆਂ ਵਿੱਚ ਤਲਾਸ਼ੇ ਜਾ ਸਕਦੇ ਹਨ।

ਇਸੇ ਭਾਸ਼ਾ ਵਿਚ 1200ਸਾਲ ਤੱਕ ਨੀਤੀ ਕਥਾਵਾਂ , ਦੰਦ ਕਥਾਵਾਂ, ਰੁਮਾਂਸ ਕਥਾਵਾਂ ਅਤੇ ਪਰੀ ਕਥਾਵਾਂ ਰਚੀਆਂ ਗਈਆਂ। ਲੇਕਿਨ ਜਾਤਕ ਕਥਾਵਾਂ ਨੇ ਪੂਰੇ ਭਾਰਤ ਨੂੰ ਪ੍ਰਭਾਵਿਤ ਕੀਤਾ ਜਿੱਥੇ ਜਿੱਥੇ ਬੁੱਧ ਧਰਮ ਦਾ ਪ੍ਰਭਾਵ ਪਾਇਆ ਉਥੇ ਜਾਤਕ ਕਥਾਵਾਂ ਵੀ ਪਹੁੰਚੀਆਂ।

ਬ੍ਰਜ ਭਾਸ਼ਾ ਵਿਵਿਚ ਪ੍ਰਮੁੱਖ ਰੂਪ ਵਿਚ ਸਾਰ ਮਹਾਤਮਾਂ ਲਿਖੇ ਮਿਲਦੇ ਹਨ। ਇਸ ਦੀ ਮੁੱਢਲੀ ਰਚਨਾ 'ਗੋਰਖ ਸਾਰ' ਹੈ। ਇਸ ਦਾ ਰਚਨਾ ਕਾਲ 1360ਈ.ਦੇ ਲਗਭਗ ਹੈ। ਡਾ.ਤ੍ਰਿਲੋਚਨ ਨੇ  ਬ੍ਰਿਜ ਭਾਸ਼ਾ ਦੇ ਪ੍ਰਭਾਵ ਵਾਲੀ ਵਾਰਤਕ ਵੰਨਗੀ 'ਇਕਾਦਸ਼ੀ ਮਹਾਤਮ' ਦੀ ਖੋਜ ਕੀਤੀ ਹੈ। ਉਹਨਾਂ ਅਨੁਸਾਰ ਇਹ 13ਵੀਂ ਸਦੀ ਦੀ ਰਚਨਾ ਹੈ।

ਭਾਰਤ ਵਿਚ ਹਿੰਦੂ ਰਾਜ ਖਤਮ ਹੁੰਦਾ ਹੈ ਤੇ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੁੰਦੇ ਹਨ। ਪਿੱਛੋ ਜਾ ਕੇ ਮੁਸਲਮਾਨ ਸਾਮਰਾਜ ਦੀ ਸਥਾਪਨਾ ਹੁੰਦੀ ਹੈ।ਇਸ ਸ਼ਾਸਨ ਵਿਵਸਥਾ ਦੇ ਫਲਸਰੂਪ ਅਰਬੀ ਫ਼ਾਰਸੀ ਦੀਆਂ ਸਾਹਿਤ ਦੀਆਂ ਵੰਨਗੀਆਂ ਪ੍ਰਵੇਸ਼ ਕਰਦੀਆਂ ਹਨ।

ਫ਼ਾਰਸੀ ਸਾਹਿਤ ਦਾ 'ਮਸਨਵੀ' ਕਾਵਿ ਰੂਪ ਖ਼ਾਸ ਤੌਰ ਤੇ ਪੰਜਾਬੀ ਵਾਰਤਕ ਨੂੰ ਪ੍ਰਭਾਵਿਤ ਕਰਦਾ ਹੈ।

ਇਹਨਾਂ ਤੋਂ ਪ੍ਰਾਪਤ ਪ੍ਰਭਾਵ ਤੇ ਪ੍ਰਗਟਾਅ ਮਾਧਿਅਮ ਨੂੰ ਉਹਨਾਂ ਆਪਣੀਆਂ ਜਨਮਸਾਖੀਆਂ ਵਿਚ ਵਰਤਿਆ।ਮੱਧਕਾਲੀ ਪੰਜਾਬੀ ਵਾਰਤਕ ਦੇ ਕੁਝ ਕਾਰਨਾਂ ਵਿੱਚ, ਹਿੰਦੂ ਅਤੇ ਮੁਸਲਮਾਨ ਸਭਿਆਚਾਰ ਦੂਜੇ ਸਥਾਨ ਪ੍ਰਦਾਨ ਨੂੰ ਵੀ ਇਕ ਹੋਰ ਮਹੱਤਵਪੂਰਨ ਕਾਰਨ ਸਮਝਿਆ ਜਾ ਸਕਦਾ ਹੈ।ਇਸਲਾਮ ਦੇ ਪ੍ਰਭਾਵ ਅਧੀਨ ਦੋ ਮੁਸਲਿਮ ਬਣੇ ਉਹਨਾਂ ਲਈ ਅਰਬੀ ਫ਼ਾਰਸੀ ਅਸਲੋਂ ਨਵੀਂ ਭਾਸ਼ਾ ਸੀ।[2]

ਸੁਰਿੰਦਰ ਸਿੰਘ ਕੋਹਲੀ ਨੂੰ ਇਸ ਤਣਾਉ ਭਰੇ ਮਾਹੌਲ ਲਈ ਹੇਠ ਲਿਖੀਆਂ ਧਾਰਨਾਵਾਂ ਦਿੱਤੀਆਂ ਹਨ।

1.ਅਰਬੀ ਫ਼ਾਰਸੀ ਨਾ ਜਾਣਨ ਵਾਲੇ ਮੁਸਲਮਾਨਾਂ ਲਈ ਵਾਰਤਕ ਸਿਰਜਣਾ।

2.ਸੰਸਕ੍ਰਿਤ, ਪ੍ਰਕਿਰਤਕ, ਅਪਭ੍ਰੰਸ਼ ਨਾ ਜਾਣਨ ਵਾਲਿਆ ਲੲੀ ਸਾਹਿਤ ਰਚਨਾ

3. ਗੁਰੂ ਨਾਨਕ ਵੱਲੋਂ ਚਲਾਈ ਸਿੱਖ ਲਹਿਰ ਲਈ ਵਾਰਤਕ ਸਿਰਜਣਾ।

ਮੱਧਕਾਲੀ ਵਾਰਤਕ ਦੇ ਹੇਠ ਲਿਖੇ ਰੂਪਾਂ ਨੂੰ ਜਨਮ ਲਿਆ:

1.ਜਨਮਸਾਖੀ

'ਜਨਮਸਾਖੀ' ਸ਼ਬਦ ਦਾ ਮੂਲ 'ਸਾਖੀ' ਹੈ। ਸਾਖੀ ਸ਼ਬਦ ਦਾ ਸ਼ਾਬਦਿਕ ਅਰਥ ਹੈ, ਗਵਾਹੀ। ਪਰ ਇਥੇ ਸਾਖੀ ਸਾਹਿਤ ਰੂਪ ਤੋਂ ਭਾਵ ਹੈ-ਅੱਖੀ ਦੇਖੀ ਕਹਾਣੀ।

ਜਨਮਸਾਖੀ ਸਾਹਿਤ ਰੂਪ ਆਪਣੇ ਮੁੱਢਲੇ ਰੂਪ ਵਿਚ ਗੁਰੂ ਨਾਨਕ ਨਾਲ ਸਬੰਧਤ ਸਨ।

ਉਹ ਆਪਣੇ ਆਪ ਵਿਚ ਇਕ ਮਹਾਨ ਸ਼ਖ਼ਸੀਅਤ ਸਨ। ਇਸ ਲਈ ਮੱਧਕਾਲੀ ਪਾਠਕ/ ਸਰੋਤਾਂ  ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ਸੀ ਕਿ ਲੇਖਕ ਦੀ ਰਚਨਾ ਸੱਚ ਤੇ ਅਧਾਰਿਤ ਹੈ।ਇਸ ਸਾਹਿਤ ਰੂਪ ਦਾ ਭਾਵ ਇਹ ਸੀ -ਇਹ ਇਹ ਕਹਾਣੀ ਵਿਚ ਇਤਿਹਾਸਕ ਗਵਾਹੀ ਮਿਲੇ। ਦੂਸਰੇ ਸ਼ਬਦਾਂ ਵਿਚ ਇਹ ਕਥਾਵਾਂ ਕਾਲਪਨਿਕ ਨਹੀ ਸਗੋਂ ਯਥਾਰਥਕ ਅਤੇ ਇਤਿਹਾਸਕ ਹਨ। ਡਾ.ਕਰਨਜੀਤ ਸਿੰਘ ਅਨੁਸਾਰ, 'ਗਲਪ' ਨੂੰ 'ਤੱਥ' ਵਾਂਗ ਪੇਸ਼ ਕਰਨ ਦੀ ਵਿਧੀ ਮੱਧਕਾਲੀ ਸਾਹਿਤ ਵਿਚ ਕੲੀ ਥਾਈ ਮਿਲਦੀ ਹੈ।

ਸਾਖੀ ਅਤੇ ਜਨਮਸਾਖੀ ਵਿਚ ਹਲਕਾ ਜਿਹਾ ਭੇਦ ਹੈ। ਸਾਖੀ ਵਿੱਚ ਕਿਹੇ ਘਟਨਾ ਨੂੰ ਜਾ ਕਿਸੇ ਇੱਕ ਕਹਾਣੀ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਮਹਾਨ ਵਿਅਕਤੀ  ਦੇ ਜੀਵਨ ਨੂੰ ਵਿਸਥਾਰ-ਪੂਰਵਕ  ਅਤੇ ਤਰਤੀਬ ਵਿੱਚ ਪੇਸ਼ ਨਾ ਕੀਤਾ ਜਾਵੇ ਤਾ ਵੀ ਅਜਿਹੀ ਰਚਨਾ 'ਸਾਖੀ-ਸੰਗ੍ਰਹਿ' ਹੀ ਹੋਵੇਗੀ 'ਜਨਮ ਸਾਖੀ' ਨਹੀ।

ਜਨਮਸਾਖੀ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਜਨਮ ਤੋ ਲੈ ਕੇ ਮੌਤ ਤੱਕ ਦਾ ਜੀਵਨ ਬਿਰਤਾਂਤ ਪੇਸ਼ ਕੀਤਾ ਜਾਂਦਾ ਹੈਂ।

ਪੰਜਾਬੀ ਵਿਚ ਜਨਮ ਸਾਖੀ ਸਾਹਿਤ ਰੂਪ ਗੁਰੂ ਨਾਨਕ ਦੇ ਜੀਵਨ ਵੇਰਵਿਆਂ ਨਾਲ ਸਬੰਧਤ ਹੋ ਗਿਆ। ਦੂਸਰੇ ਵਿਅਕਤੀ ਲੲੀ ਸਾਖੀਆ ਤਾਂ ਹਨ ਜਨਮਸਾਖੀ ਨਹੀ।

ਮੱਧਕਾਲੀ ਜਨਮਸਾਖੀ ਸਾਹਿਤ ਵਿਚ ਪੁਰਾਤਨ ਜਨਮਸਾਖੀ, ਸੋਢੀ ਮਿਹਰਬਾਨ ਵਾਲੀ ਜਨਮਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ, ਆਦਿ ਸਾਖੀਆ ਅਤੇ ਭਾਈ ਬਿਧੀ ਚੰਦ ਵਾਲੀ ਜਨਮਸਾਖੀ ਪ੍ਰਮੁੱਖ ਹਨ। ਇਹ ਸਾਰੀਆਂ 16ਵੀਂ ਸਦੀ ਤੋਂ 18ਵੀਂ ਸਦੀ ਦੇ ਵਿਚਕਾਰ ਲਿਖੀਆਂ ਗਈਆਂ ਹਨ।

2.ਸਾਖੀਆਂ

ਸਾਖੀ ਅਤੇ ਜਨਮਸਾਖੀ ਵਿਚਲਾ ਅੰਤਰ ਉੱਪਰ ਸੱਪਸ਼ਟ ਕਰ ਦਿੱਤਾ ਗਿਆ ਹੈ। ਅਰਥਾਤ ਸਾਖੀਆਂ ਵਿੱਚ ਘਟਨਾ ਜ਼ਰੂਰੀ ਤੌਰ 'ਤੇ ਕਿਸੇ ਗੁਰੂ ਨਾਲ ਸਬੰਧਿਤ ਨਹੀਂ ਹੁੰਦੀ। ਸਾਖੀ ਵਿੱਚ ਗੁਰੂ ਤੋਂ ਇਲਾਵਾ ਕੋਈ ਸਾਧ, ਸੰਤ ਜਾਂ ਸਿੱਖ ਵੀ ਨਾਇਕ ਹੋ ਸਕਦਾ ਹੈ‌। 'ਸਿੱਖਾ ਦੀ ਭਗਤਮਾਲਾ ', 'ਸੌ ਸਾਖੀ' ਅਤੇ 'ਅੱਡਣ ਸ਼ਾਹ ਦੀਆ ਸਾਖੀਆ' ਇਹ ਕਿਸਮ ਦੀਆ ਰਚਨਾਵਾਂ ਹਨ। ਇਹਨਾ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਗੁਰੂ ਗੋਬਿੰਦ ਜੀ ਦੀਆਂ ਸਾਖੀਆ ਵੀ ਮਿਲਦੀਆ ਹਨ।

3.ਪਰਚੀ ਸਾਹਿਤ

ਪਰਚੀ ਸ਼ਬਦ ਸੰਸਕ੍ਰਿਤ ਦੇ 'ਪਰਿਚਯ'  ਤੋ ਬਣਿਆ ਹੈ। ਜਿਸ ਦਾ ਅਰਥ ਹੈ ਜਾਣ ਪਛਾਣ। ਇਹ ਸਾਹਿਤ ਰੂਪ ਕਿਸੇ ਮਹਾਨ ਵਿਅਕਤੀ ਦੇ ਉਪਦੇਸ਼ ਜਾਂ ਸਿੱਖਿਆ ਰਾਹੀ ਉਸ ਦਾ ਪਰਿਚਯ ਜਾ ਜਾਣ ਪਛਾਣ ਕਰਵਾਉਂਦਾ ਹੈ। ਇਸ ਦੀ ਸੁਰ ਉਪਦੇਸ਼ਾਤਮਕ ਹੁੰਦੀ ਹੈ। ਇਸ ਦੀ ਪ੍ਰਕਿਰਤੀ ਵਿਸ਼ਲੇਸ਼ਣਾਤਮਕ ਹੈ। ਇਹ ਧਾਰਮਿਕ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲਾ ਰੂਪ ਹੈ।ਮੱਧਕਾਲੀ ਪੰਜਾਬੀ  ਸਾਹਿਤ ਵਿਚ  ਪਰਚੀਆਂ ਸੇਵਾ ਦਾਸ ਅਤੇ ਪਰਚੀਆਂ ਭਾਈ ਕਨੱਈਆ ਜੀ ਪ੍ਰਮੁੱਖ ਹਨ।

4. ਰਹਿਤਨਾਮਾ ਸਾਹਿਤ

ਰਹਿਤਨਾਮਾ ਅਜਿਹਾ ਸਾਹਿਤ ਰੂਪ ਹੈ ਜੋ ਕਿਸੇ ਵਿਸ਼ੇਸ਼ ਧਰਮ ਸੰਪ੍ਰਦਾਇ ਦੇ ਲੋਕਾ ਦੀ ਰਹਿਣੀ  ਬਹਿਣੀ, ਖਾਸ ਤੌਰ ਧਾਰਮਿਕ ਰਹਿਣੀ ਬਹਿਣੀ ਨੂੰ ਠੀਖ ਰੱਖਣ ਲਈ ਨਿਰਦੇਸ਼ ਹੁੰਦੇ ਹਨ । ਇਸ ਦੀ ਖਾਸ ਲੋੜ ਉਦੋਂ  ਪਈ  ਜਦੋਂ ਗੁਰੂ ਗੋਬਿੰਦ ਨੇ ਖਾਲਸੇ ਦੀ ਸਿਰਜਣਾ ਕੀਤੀ। ਇਸ ਨਿਯਮਬੱਧਤਾ ਨੂੰ ਵਾਰਤਕ ਵਿਚ ਅੰਕਿਤ ਕਯਨ ਵਾਲੀ ਵੰਨਗੀ ਨੂੰ ਰਹਿਤਨਾਮਾ ਕਿਹਾ ਜਾਂਦਾ ਹੈ‌। ਗੁਰੂ ਗੋਬਿੰਦ ਵੱਲੋਂ ਸਥਾਪਤ ਕੀਤੀ ਸਿੱਖ ਮਰਿਆਦਾ ਨੂੰ ਭਾਈ ਦਇਆ ਸਿੰਘ , ਦੇਸਾ ਸਿੰਘ, ਚੌਪਾ ਸਿੰਘ  ਆਦਿ ਸਿੱਖਾਂ ਨੇ ਲਿਖਿਆ। ਪ੍ਰੇਮ ਸੁਮਾਰਗ ਗਰੰਥ ਅਤੇ ਸੁਧਰਾਮ ਮਾਰਗ ਗਰੰਥ ਨੇ ਵੀ ਇਸ ਕਿਸਮ ਦੀਆ ਹੀ ਰਚਨਾਵਾਂ ਹਨ। ਮੁਸਲਮਾਨਾਂ ਨੇ ਨਵ- ਮੁਸਲਮਾਨਾਂ ਨੂੰ ਇਸਲਾਮੀ ਰਹਿਤ ਮਰਯਾਦਾ ਸਮਝਾਉਣ ਲੲੀ 'ਪੱਕੀ ਰੋਟੀ' ਨਾਮ ਦੀ ਵਾਰਤਕ ਪੁਸਤਕ ਲਿਖੀ ਜੋ ਰਹਿਤਨਾਮਾ ਸਾਹਿਤ ਦੀ ਇਕ ਹੋਰ ਵੰਨਗੀ। ਇਸ ਸਾਹਿਤ ਰੂਪ ਨੂੰ  ਮੱਧਕਾਲ ਵਿੱਚ ਕਾਫ਼ੀ  ਮਕਬੂਲੀਅਤ ਪ੍ਰਾਪਤ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਥਨ ਰਾਹੀ ਇਹ ਸਥਾਪਨਾ ਪੇਸ਼ ਕਰ ਦਿੱਤੀ ਸੀ- "ਰਹਿਤ ਪਿਆਰੀ ਮੁਝ ਕਉ, ਸਿੱਖੁ ਪਿਆਰਾ ਨਾਹਿ।"

5. ਹੁਕਮਨਾਮਾ ਸਾਹਿਤ

ਹੁਕਮਨਾਮਾ ਸਾਹਿਤ ਦੀ ਅਜਿਹੀ ਵੰਨਗੀ ਹੈ, ਜੋ ਗੁਰੂ ਗੋਬਿੰਦ ਤੋ ਬਾਅਦ ਹੋਂਦ ਵਿਚ ਆਈ। ਇਸ ਦੀ ਪ੍ਰਕਿਰਤੀ ਬੜੀ ਸੰਖੇਪ ਸੀ। ਇਹ ਆਦੇਸ਼ਮਈ ਸ਼ੈਲੀ ਵਿਚ ਲਿਖੇ ਜਾਂਦੇ ਸਨ। ਇਹ ਗੁਰੂ ਵਲੋਂ ਸਿਂਖਾ ਨੂੰ ਲਿਖੇ ਗਏ ਅਜਿਹੇ ਪੱਤਰ ਹੁੰਦੇ ਸਨ ਜਿੰਨਾਂ ਵਿੱਚ ਕੋਈ ਸੂਚਨਾ ਦਿੱਤੀ ਹੁੰਦੀ ਸੀ ਜਾਂ ਕੋਈ ਫਰਮਾਇਸ਼ ਕੀਤੀ ਹੁੰਦੀ ਸੀ ਜਾਂ ਫਿਰ ਤਾਕੀਦ ਕੀਤੀ ਹੁੰਦੀ ਸੀ। ਸੰਖੇਪ ਹੋਣ ਦੇ ਬਾਵਜੂਦ ਇਹ ਭਾਸ਼ਾ, ਧਰਮ, ਗੁਰੂ ਸਿੱਖਾਂ ਸਬੰਧਾ, ਸਿੱਖਾਂ ਦੀ ਆਰਥਿਕ, ਸਮਾਜਿਕ ਅਤੇ ਧਾਰਮਿਕ ਸਥਿਤੀ ਬਾਰੇ ਕਾਫ਼ੀ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ।

6. ਬਚਨ ਅਤੇ ਸੁਖਨ

ਬਚਨ ਅਤੇ ਸੁਖਨ ਅਤਿ ਸੰਖੇਪ ਵਾਰਤਕ ਰੂਪ ਸਨ। ਇਹ ਕੁਝ ਕੁ ਅਤੇ ਸੀਮਤ ਸਤਰਾਂ ਦੇ ਹੁੰਦੇ ਸਨ। ਬਚਨ ਆਮ ਤੌਰ ਤੇ ਹਿੰਦੂ ਸਾਧਾਂ ਦੇ ਹੁੰਦੇ ਸਨ ਅਤੇ ਸੁਖਨ ਮੁਸਲਮਾਨ ਫ਼ਕੀਰਾਂ ਦੇ ਹੁੰਦੇ ਸਨ। ਇਹ ਦੋਵੇਂ ਧਰਮ ਗੁਰੂਆਂ ਵੱਲੋਂ ਮਨੁੱਖੀ ਕਲਿਆਣ ਲੲੀ ਦਿੱਤੇ ਗੲੇ ਮਹਾਨ ਵਿਚਾਰ  ਸਨ।

7.ਸਾਰ

ਮੱਧਕਾਲ ਸਾਹਿਤ ਵਿਚ ਔਖੀਆਂ ਧਾਰਮਿਕ ਸਾਰ ਰਚਨਾਵਾਂ ਦੇ ਸਾਰ ਵੀ ਆਮ ਲੋਕਾਂ ਨੂੰ ਉਪਲੱਬਧ ਕਰਵਾਏ ਗੲੇ। ਇਹ ਸਾਰੇ ਔਖੀਆਂ, ਮੁਸ਼ਕਿਲ ਅਤੇ ਗੁੰਝਲਦਾਰ ਧਾਰਮਿਕ ਰਚਨਾਵਾਂ ਨੂੰ ਲੋਕਾਂ ਦੀ ਭਾਸ਼ਾ ਵਿਚ ਅਤੇ ਲੋਕਾਂ ਦੀ ਮਨੋ ਸਥਿਤੀ ਅਨੁਸਾਰ ਸੰਖੇਪ ਰੂਪ ਸਮਝਾਉਦੇ ਸਨ। ਸਾਰ ਕਿਸੇ ਦਰਸ਼ਨ ਜਾਂ ਸਿਧਾਂਤ ਦੇ ਤੱਤ ਨੂੰ ਨਿਚੋੜ ਰੂਪ ਵਿਚ ਪੇਸ਼ ਕਰਦੇ ਹਨ। ਪੰਜਾਬੀ ਵਿਚ 'ਗੀਤਾਂ ਸਾਰ' ਅਤੇ  'ਬਿਬੇਕ ਸਾਰ' ਨਾਮ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ। ਇਹ ਰਚਨਾਵਾਂ ਮਿਲਦੀਆਂ ਹਨ। ਇਹ ਰਚਨਾਵਾਂ ਪ੍ਰਸ਼ਨ-ਉੱਤਰ ਰੂਪ ਵਿਚ ਹੁੰਦੀਆਂ ਹਨ ਅਤੇ ਗੰਭੀਰ ਨੁਕਤਿਆਂ ਨੂੰ ਸਰਲ ਵਿਧੀ ਰਾਹੀਂ ਆਮ ਉਦਾਹਰਨ ਦੇ ਕੇ ਸਮਝ ਕੇ ਸਮਝਾਉਂਦੀਆਂ ਹਨ।[3]

8.ਕਥਾਵਾਂ ਅਤੇ ਮਸਲੇ

ਕਥਾਵਾਂ ਅਤੇ ਮਸਲਿਆਂ ਦੀ ਸ਼ੈਲੀ ਜਾਣੀ ਪਛਾਣੀ ਕਥਾ ਵਾਲੀ ਹੀ ਹੁੰਦੀ ਸੀ। ਇਸ ਵਿਚ ਕਿਸੇ ਮਹਾਪੁਰਸ਼ ਨਾਲ ਸਬੰਧਿਤ ਘਟਨਾ ਨੂੰ ਸੁਣਾਇਆ ਜਾਂਦਾ ਸੀ। ਵਾਰਤਾਲਾਪ ਤੇ ਬਿਰਤਾਂਤ ਇਸਦੇ ਪ੍ਰਮੁੱਖ ਅੰਗ ਸਨ। ਕੲੀ ਵਾਰ ਕਥਾ ਨੂੰ ਮਿਥਿਹਾਸ ਵਿਚੋਂ ਲਿਆ ਹੁੰਦਾ। ਪੁਰਾਤਨ ਪੰਜਾਬੀ ਵਾਰਤਕ ਵਿਚ ਕਥਾ ਆਦਿ ਰਮਾਇਣ ਕੀ, ਨਿਰੰਕਾਰ ਅਤੇ ਬਿਹੰਗਮ ਕੀ ਕਥਾ, ਮਸਲੇ ਸੇਖ ਫਰੀਦ ਕੇ ਪ੍ਰਮੁੱਖ ਰਚਨਾਵਾਂ ਸਨ। ਇਹਨਾ ਵਿਚੋਂ ਕਥਾਵਾਂ ਉੱਤੇ ਸਾਧ ਭਾਸ਼ਾ ਦਾ ਪ੍ਰਭਾਵ ਹੈ ਜਦਕਿ ਮਸਲੇ ਇਸ ਪ੍ਰਭਾਵ ਤੋ ਮੁਕਤ ਹਨ ਅਤੇ ਪੰਜਾਬੀ ਦੇ ਬਹੁਤ ਨੇੜੇ ਹਨ।

9. ਪਰਮਾਰਥ

ਪਰਮਾਰਥ ਦੀ ਰਚਨਾ ਸ਼ਬਦ ਪਰਮੈਅਰਥ ਤੋਂ ਹੋਈ ਹੈ ਜਿਸਦਾ ਅਰਥ ਹੈ ਕਠਿਨ ਲਿਖਤਾਂ ਦੇ ਅਰਥ ਸਮਝਾਉਣਾ। ਇਹ ਓਹ ਡੂੰਗੇਰੇ ਅਰਥ ਹੁੰਦੇ ਹਨ ਜੋ ਕਿਸ ਰਚਨਾ ਦੇ ਅੰਤਰੀਵ ਵਿਚ ਲੁਕੇ ਹੁੰਦੇ ਹਨ। ਇਸ ਕਿਸਮ ਦੀ ਵਾਰਤਕ ਕੋਈ ਗਲਪੀ ਪ੍ਰਸੰਗ ਰਚ ਕੇ ਕਿਸੇ ਇਕ ਧਿਰ ਪਾਸੋਂ, ਦੂਸਰੀ ਧਿਰ ਨੂੰ ਕਿਸੇ ਵਿਸ਼ੇਸ਼ ਲਿਖਤ ਦੇ ਅਰਥ ਸਮਝਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਪਰਮਾਰਥ ਵੀ ਬਾਕੀ ਸਾਹਿਤ ਦੀਆਂ ਵੰਨਗੀਆਂ ਵਾਂਗ  ਜਨਮਸਾਖੀ ਦਾ ਭਾਗ ਬਣਾ ਕੇ ਪੇਸ਼ ਹੋਏ ਹਨ। ਪਰ ਇਹਨਾਂ ਦੀ ਰਚਨਾ ਸੁਤੰਤਰ ਰੂਪ ਵਿਚ ਨਹੀਂ ਹੋਈ। ਪੁਰਾਤਨ ਪੰਜਾਬੀ ਵਾਰਤਕ ਵਿਚ ਮੇਹਰਬਾਨ ਦੇ ਲਿਖੇ ਜਪੁਜੀ ਦੇ ਪਰਮਾਰਥ ਮਿਲਦੇ ਹਨ। ਇਸ ਤੋਂ ਇਲਾਵਾ ਗਿਆਨ ਰਤਨਾਵਲੀ, ਸਿੱਖਾਂ ਦੀ ਭਗਤਮਾਲਾ ਜਾਂ ਟੀਕਾ ਮਾਰਤੰਡ ਪੁਰਾਣ ਕਾ ਪ੍ਰਮਾਰਥਾਂ ਦੇ ਪ੍ਰਮੁੱਖ ਨਮੂਨੇ ਹਨ।

10. ਅਨੁਵਾਦ

ਅਨੁਵਾਦ ਵੀ ਮਧਕਾਲ ਵਿਚ ਪੰਜਾਬੀ ਵਾਰਤਕ ਮਹੱਤਵਪੂਰਨ ਸਥਾਨ ਰੱਖਦੇ ਹਨ। ਇਸ ਸਮੇਂ ਦੂਸਰੀਆਂ ਭਾਸ਼ਾਵਾਂ ਵਿਚ ਰਚੀਆਂ ਕਲਾਸੀਕਲ ਰਚਨਾਵਾਂ ਦੇ ਮਹੱਤਵ ਨੂੰ ਸਵੀਕਾਰ ਕਰਦਿਆਂ ਓਹਨਾਂ ਦੇ ਅਨੁਵਾਦ ਵੀ ਲਿਖੇ ਗਏ। ਇਹ ਅਨੁਵਾਦ ਪੰਜਾਬੀਆਂ ਬ੍ਰਜ ਰਲੀ ਪੰਜਾਬੀ ਵਿਚ ਕੀਤਾ ਗਿਆ ਹੈ। ਅਨੁਵਾਦਾਂ ਨੇ ਅੰਤਰ ਭਾਸ਼ਾਈ ਪੱਧਰ ਉੱਤੇ ਵਿਚਾਰਧਾਰਾ ਦੇ ਰਾਹ ਖੋਲ ਅਤੇ ਇਹਨਾਂ ਵਿਚਾਰਧਾਰਾਵਾਂ ਨੂੰ ਸਰਲਤਾ ਨਾਲ ਆਮ ਵਿਅਕਤੀ ਤਕ ਪਹੁੰਚਾਇਆ। ਇਹਨਾਂ ਅਨੁਵਾਦਾਂ ਦੇ ਫਲਸਰੂਪ ਹੀ ਪਾਰਸ ਭਾਗ ਵਰਗੀ ਸੰਸਾਰ ਪ੍ਰਸਿੱਧ ਪੁਸਤਕ ਪੰਜਾਬੀ ਵਿਚ ਅਨੁਵਾਦ ਹੋਈ। ਇਸੇ ਤਰ੍ਹਾਂ ਯੋਗ ਵਿਸ਼ਿਸ਼ਟ ਵਾਲਮੀਕੀ ਰਮਾਇਣ, ਵਿਸ਼ਨੂੰ ਪੁਰਾਣ, ਅਸ਼ਟ ਵਕਰ ਸਹਿੰਤਾ, ਭਗਵਤ ਗੀਤਾ ਅਤੇ ਹੋਰ ਗ੍ਰੰਥ ਪੰਜਾਬੀ ਵਿਚ ਅਨੁਵਾਦ ਕੀਤੇ ਗਏ।

ਇਹਨਾਂ ਸਾਰੀਆਂ ਵਾਰਤਕ ਵੰਨਗੀਆਂ ਨੂੰ ਬਿਰਤਾਂਤਕ ਅਤੇ ਵਿਆਖਿਆਤਮਕ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ - ਜਨਮਸਾਖੀ, ਸਾਖੀ, ਕਥਾਵਾਂ, ਮਸਲੇ ਆਦਿ ਬਿਰਤਾਂਤ ਸ਼ੈਲੀ ਵਿਚ ਲਿਖੇ ਗਏ। ਇਸੇ ਤਰ੍ਹਾਂ ਪਰਚੀਆਂ ਪਰਮਾਰਥ, ਅਨੁਵਾਦ, ਰਹਿਤਨਾਮੇ, ਸਾਰ ਆਦਿ ਵਿਖਿਆਤਮਕ ਸ਼ੈਲੀ ਵਿਚ ਰਚੇ ਗਏ। ਪੁਰਾਤਨ ਪੰਜਾਬੀ ਵਾਰਤਕ ਦੀ ਸ਼ੈਲੀ ਖੜੋਤ ਦਾ ਸ਼ਿਕਾਰ ਨਹੀਂ ਸੀ ਕਿਉਕਿ ਸਮੇਂ ਦੇ ਬੀਤਣ ਨਾਲ ਇਸ ਵਿਚ ਪਰਿਵਰਤਨ ਆਉਂਦਾ ਹੈ।

ਮੱਧਕਾਲੀ ਪੰਜਾਬੀ ਸਾਹਿਤ: ਸਾਂਝੀਆਂ ਵਿਸ਼ੇਸ਼ਤਾਵਾਂ[4]

1.ਇਸਕ ਦਾ ਸੰਕਲਪ

2.ਯਥਾਰਥ ਦੀ ਥਾਂ ਅਧਿਆਤਮਕਤਾ ਤੇ ਜ਼ੋਰ

3.ਇਸਤਰੀ ਜਾਤੀ ਦੀ ਨਿਖੇਧੀ

4.ਸੰਵਾਦ ਸਿਰਜਣਾ

5.ਬਿਰਤਾਂਤ ਦੀ ਪ੍ਰਧਾਨਤਾ

6.ਵਾਰਤਕ ਦੀ ਥਾਂ ਕਾਵਿ ਦੀ ਬਹੁਲਤਾ

7.ਰੂੜੀਬੱਧਤਾ ਦਾ ਪਾਲਣ

8.ਛੰਦਾਬਦੀ ਦਾ ਬੰਧੇਜ

9.ਅਰਬੀ ਫ਼ਾਰਸੀ ਪ੍ਰਧਾਨ ਪੰਜਾਬੀ

10.ਕਾਵਿ ਧਾਰਾਵਾਂ ਦਾ ਲਗਾਤਾਰ ਚੱਲਣਾ।

ਇਸ ਤਰ੍ਹਾਂ ਮੱਧਕਾਲ ਵਿੱਚ 1500ਈ. ਤੋਂ 1850ਈੰ.ਤੱਕ ਦੇ ਸਾਢੇ ਤਿੰਨ ਸਦੀਆਂ ਵਿਚ ਗਿਣਾਤਮਕ ਅਤੇ ਗੁਣਾਤਮਕ ਆਧਾਰਾ ਉੱਤੇ ਉੱਚ  ਪੱਧਰ  ਦੀ ਸਾਹਿਤ ਰਚਨਾ ਹੋਈ। ਇਹ ਕਾਲ ਪੰਜਾਬੀ ਸਾਹਿਤ ਦਾ 'ਸੁਨਹਿਰੀ ਕਾਲ' ਹੈ। ਪੰਜਾਬੀ ਸਾਹਿਤ ਦੇ ਮੌਲਿਕ ਖ਼ਾਸੇ ਦੀ ਨਿਸ਼ਾਨਦੇਹੀ ਮੱਧਕਾਲੀ ਸਾਹਿਤ ਵਿਚੋਂ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਕਿੱਸਾ,ਵਾਰ, ਜੰਗਨਾਮਾ ਜਿਹੀਆ ਕਾਵਿ ਧਾਰਾਵਾਂ ਅਤੇ ਸ਼ਬਦ, ਸਲੋਕ, ਸਤਵਾਰੇ, ਅਠਵਾਰੇ, ਬਾਰਾਂਮਾਹ, ਦੋਹੜੇ, ਗੰਢਾਂ ਜਿਹੇ ਕਾਵਿ ਰੂਪਾਂ ਵਿਚੋਂ ਪੰਜਾਬੀ ਸਾਹਿਤ ਦੀ ਮੌਲਿਕਤਾ ਤਲਾਸ਼ੀ ਜਾ ਸਕਦੀ ਹੈ।[5]

  1. ਸੇਖੋਂ, ਰਜਿੰਦਰ ਸਿੰਘ. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ. ਲਾਹੌਰ ਬੁੱਕ ਸ਼ਾਪ.
  2. ਪੁਰਾਤਨ ਪੰਜਾਬੀ ਵਾਰਤਕ,ਸਰੂਪ, ਸਿਧਾਂਤ ਤੇ ਵਿਕਾਸ. p. 168.
  3. ਮੁੱਢਲੀ ਪੰਜਾਬੀ ਵਾਰਤਕ. p. 126.
  4. ਸਿੰਘ, ਕਰਨਜੀਤ. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ.
  5. ਸੇਖੋਂ, ਰਜਿੰਦਰ ਸਿੰਘ. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ. ਲਾਹੌਰ ਬੁੱਕ ਸ਼ਾਪ. p. 400.