ਨਿਜਤਾ ਦਾ ਕਾਨੂੰਨ ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਹ ਦਰਸ਼ਾਉਂਦਾ ਹੈ ਕਿ ਹਰ ਇੱਕ ਚੀਜ਼ ਦਾ ਆਪਣਾ ਇੱਕ ਅਸਤਿਤਵ ਹੁੰਦਾ ਹੈ ਅਤੇ ਕੋਈ ਵੀ ਦੋ ਚੀਜ਼ਾਂ ਬਿਲਕੁਲ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇੱਥੋਂ ਤੱਕ ਕਿ ਇੱਕੋ ਮਸ਼ੀਨ ਅਤੇ ਇੱਕੋ ਜੱਥੇ ਵਿੱਚ ਬਣੀਆਂ ਚੀਜ਼ਾਂ ਵੀ ਸਮਾਨ ਨਹੀਂ ਹੁੰਦੀਆਂ ਅਤੇ ਉਹਨਾਂ ਵਿੱਚ ਕੁਝ ਮਾਮੂਲੀ ਫ਼ਰਕ ਰਹਿ ਜਾਂਦੇ ਹਨ। ਇਹੀ ਫ਼ਰਕ ਅੱਗੇ ਜਾ ਕੇ ਵਿਅਕਤੀਗਤ ਪਛਾਣ ਵਿੱਚ ਸਹਾਈ ਹੁੰਦੇ ਹਨ। ਜਿਵੇਂ ਕਿ ਇੱਕੋ ਇਨਸਾਨ ਦੁਆਰਾ ਵੱਖ ਵੱਖ ਸਮੇਂ ਤੇ ਲਿਖੇ ਗਏ ਦਸਤਾਵੇਜਾਂ ਵਿੱਚ ਵੀ ਲਿਖਾਵਟ ਦਾ ਫ਼ਰਕ ਹੁੰਦਾ ਹੈ, ਇੱਕੋ ਥਾਂ ਅਤੇ ਇੱਕੋ ਜੱਥੇ ਵਿੱਚ ਬਣੇ ਸੰਦ, ਹਥਿਆਰ ਆਦਿ ਵੀ ਅਲੱਗ ਅਲੱਗ ਹੁੰਦੇ ਹਨ। ਇਸਨੂੰ ਅੰਗ੍ਰੇਜ਼ੀ ਵਿੱਚ Law of Individuality ਕਹਿੰਦੇ ਹਨ।