ਨੀਤੂ
ਨੀਤੂ (ਜਨਮ 12 ਜੁਲਾਈ 1979) ਪੰਜਾਬੀ ਕਵਿੱਤਰੀ ਅਤੇ ਅਧਿਆਪਿਕਾ ਹਨ।
ਨੀਤੂ | |
---|---|
ਜਨਮ | |
ਪੇਸ਼ਾ | ਅਧਿਆਪਕ, ਕਵੀ,ਆਲੋਚਕ |
ਨੀਤੂ ਨੇ ਸਰਕਾਰੀ ਸੈਕੰਡਰੀ ਸਕੂਲ, ਭਗਤਾ ਭਾਈ ਕਾ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਤੋਂ ਐੱਮ.ਏ. ਪੰਜਾਬੀ, ਪੰਜਾਬੀ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਹੁਣ ਉਹ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਵਿੱਚ ਸਹਾਇਕ ਪ੍ਰੋਫ਼ੈਸਰ ਹਨ।
ਪੁਸਤਕਾਂ
ਸੋਧੋ- ਸੁਆਲਾਂ ਦੇ ਸਨਮੁਖ (ਕਾਵਿ-ਸੰਗ੍ਰਹਿ-2008)
- ਮੈਂ ਇੱਥੇ ਕਿਤੇ (ਕਾਵਿ-ਸੰਗ੍ਰਹਿ-2016)
- ਮੈਨੂੰ ਛੁੱਟੀ ਚਾਹੀਦੀ ਐ (ਅਨੁਵਾਦ-2019)
- ਸਮਕਾਲੀ ਪੰਜਾਬੀ ਕਵਿਤਾ:ਪ੍ਰਤੀਰੋਧੀ ਪ੍ਰਵਚਨ
ਕਾਵਿ ਨਮੂਨਾ
ਸੋਧੋਸੁਪਨਸਾਜ਼
ਉਹ ਸਮਝਦੇ ਹਨ
ਮੈਂ ਖ਼ਤਰਨਾਕ ਔਰਤ ਹਾਂ
ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ
ਚੂੜੀਆਂ ਨਹੀਂ ਪਾਉਂਦੀਆਂ
ਗਹਿਣਿਆਂ ਦੀ ਥਾਂ
ਕਿਤਾਬਾਂ ਖ਼ਰੀਦਦੀਆਂ ਹਨ
ਜਿਹਨਾਂ ਦੇ ਪਰਸਾਂ ਵਿੱਚ
ਕੰਘਾ ਸ਼ੀਸ਼ਾ ਨਹੀਂ
ਕਾਗਜ਼ ਤੇ ਕਲਮਾਂ ਹੁੰਦੀਆਂ
ਅਜਿਹੀਆਂ ਔਰਤਾਂ ਖ਼ਤਰਨਾਕ ਹੁੰਦੀਆਂ
ਉਹ ਮੈਨੂੰ ਖ਼ਤਰਨਾਕ ਸਮਝ
ਮੇਰਾ ਪਿੱਛਾ ਕਰਦੇ ਹਨ
ਮੇਰੇ ਘਰ ਦਾ ਹਰ ਕੋਨਾ ਫਰੋਲਦੇ
ਖਾਲੀ ਹੱਥ ਪਰਤ ਜਾਂਦੇ
ਕਿਤੋਂ ਕੁਝ ਖ਼ਤਰਨਾਕ ਨਹੀਂ ਮਿਲਦਾ
ਬਸ ਉਹ ਮੇਰੀਆਂ
ਅੱਖਾਂ ਵੱਲ ਦੇਖਣਾ ਭੁੱਲ ਜਾਂਦੇ ਹਨ
ਤੇ ਤਲਾਸ਼ੀ ਬਿਨਾਂ ਬਚੀ ਰਹਿੰਦੀ ਹੈ
ਇਹ ਇੱਕੋ ਇੱਕ ਜਗ੍ਹਾ
ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ
ਧੁੰਦ
ਅੱਜ ਸਵੇਰੇ
ਡਾਢੀ ਧੁੰਦ ਨੂੰ ਦੇਖ
ਮਾਂ ਆਖਦੀ ਸੀ
ਕਿੰਨੀ ਗਹਿਰੀ ਧੁੰਦ ਹੈ
ਬੰਦੇ ਨੂੰ ਬੰਦਾ ਨੀ ਦੀਂਹਦਾ
ਮੈਂ ਮੁਸਕੁਰਾ ਕੇ ਆਖਿਆ
ਮਾਂ ਤੈਨੂੰ ਅੱਜ ਪਤਾ ਲੱਗਿਐ ?
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਉੱਥੇ ਲੋਕ
ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਹਨ
ਚੰਦ ਮਾਮਾ ਨਹੀਂ ਰਹਿੰਦਾ
ਤੇ ਬੱਚੇ
ਸੂਰਜ ਨੂੰ ਫੁੱਟਬਾਲ ਬਣਾ
ਤਪਦੀਆਂ ਗਲੀਆਂ ਵਿੱਚ ਨਹੀਂ ਖੇਡਦੇ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਉੱਥੇ ਲੋਕ
ਆਪਣੀ ਮੌਤ ਦੇ ਗੀਤਾਂ 'ਤੇ ਨੱਚਦੇ
ਸਿਨੇਮਾ ਘਰਾਂ ਵਿੱਚ ਕਲਾ ਦੀ ਮੌਤ 'ਤੇ ਤਾੜੀਆਂ ਮਾਰਦੇ
ਪੌਪ ਕੌਰਨ ਖਾ
ਪੈਪਸੀ ਪੀ ਘਰਾਂ ਨੂੰ ਪਰਤ ਆਉਂਦੇ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ
ਉਸ ਦੀ ਕਥਾ
ਬਾਜ਼ਾਰ ਵਿੱਚ ਨੀਲਾਮ ਹੋ ਜਾਂਦੀ ਹੈ
ਮਹਿਫਲਾਂ ਵਿੱਚ ਇਤਿਹਾਸ ਦੇ ਲਤੀਫ਼ੇ 'ਤੇ ਤਾੜੀਆਂ ਵਜਦੀਆਂ
ਨਾਇਕ ਖਲਨਾਇਕ ਸਭ ਬਦਲ ਦਿੱਤੇ ਜਾਂਦੇ
ਤੇ ਬੰਦੇ ਜਿੳਂਦੇ ਪ੍ਰੇਤ ਹੋ ਜਾਂਦੇ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਉਥੇ ਹਾਕਮ ਬੇਖ਼ੌਫ਼ ਹੋ ਜਾਂਦਾ
ਰੱਬ ਉਸਦਾ ਚੁੱਲਾ ਚੌਂਕਾ ਕਰਦਾ
ਤੇ ਲੋਕ ਦਰਵਾਜੇ ਹੀ ਨਹੀਂ
ਮੂੰਹ ਵੀ ਬੰਦ ਰੱਖਦੇ ਹਨ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਉਥੇ ਹੌਂਸਲਾ ਵੀ ਛੋਟਾ ਰਹਿ ਜਾਂਦਾ
ਕਲਪਨਾ ਵੀ ਹਕੀਕਤ ਵੀ
ਤੇ ਬੰਦੇ ਵੀ ਵੱਡੇ ਨਹੀਂ ਰਹਿੰਦੇ
ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
ਉਥੇ ਔਰਤਾਂ ਪਾਗ਼ਲ ਹੋ ਜਾਂਦੀਆਂ