ਪਰਿਵਰਤਨ ਕਾਲ ਦੀ ਵਾਰਤਕ

ਪਰਿਵਰਤਨ ਕਾਲ ਦੀ ਵਾਰਤਕ

ਪੁਰਾਤਨ ਜਨਮ ਸਾਖੀ ਤੋਂ ਪੂਰਵ ਜਿਸ ਵਾਰਤਕ ਦੇ ਅੰਦਾਜ਼ੇ ਲਗਾਏ ਜਾਂਦੇ ਹਨ ਉਹ ਅਨੁਮਾਨ ਸਹੀ ਜਾਪਦੇ ਪੰਜਾਬੀ ਹਨ। ਪੰਜਾਬੀ ਵਿਚ ਜਨਮ ਸਾਖੀ ਵਰਗਾ ਸਮਰੱਥ ਵਾਰਤਕ ਰੂਪ ਇਕਦਮ ਜਾਂ ਖਲਾਅ ਵਿਚੋਂ ਨਹੀਂ ਪੈਂਦਾ ਹੋ ਸਕਦਾ।ਇਸ ਨੂੰ ਸਮਰੱਥ ਬਣਾਉਣ ਵਿੱਚ ਸੰਸਕ੍ਰਿਤ,ਪ੍ਰਾਕਿਰਤਾਂ, ਬ੍ਰਜ ਅਤੇ ਅਰਬੀ ਫਾਰਸੀ ਭਾਸ਼ਾਵਾਂ ਦੇ ਵਾਰਤਕ ਸਾਹਿਤ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਹਨਾਂ ਭਾਸ਼ਾਵਾਂ ਦੇ ਪ੍ਰਭਾਵ ਸਦਕਾ ਮੱਧਕਾਲੀ ਪੰਜਾਬੀ ਵਾਰਤਕ ਦੇ ਹੇਠ ਲਿਖੇ ਰੂਪਾਂ ਨੇ ਜਨਮ ਲਿਆ:

ਜਨਮ ਸਾਖੀਆਂ:

ਜਨਮ ਸਾਖੀਆਂ ਮੱਧਕਾਲੀ ਪੰਜਾਬੀ ਵਾਰਤਕ ਦਾ ਸਭ ਤੋਂ ਪ੍ਰਾਚੀਨ ਪ੍ਰਮੁੱਖ ਅਤੇ ਮਹੱਤਵਪੂਰਨ ਰੂਪ ਹਨ। 'ਜਨਮ ਸਾਖੀ' ਸ਼ਬਦ ਦਾ ਮੂਲ 'ਸਾਖੀ' ਹੈ। ਸਾਖੀ ਸ਼ਬਦ ਦਾ ਸ਼ਾਬਦਿਕ ਅਰਥ ਹੈ ਗਵਾਹੀ।ਪਰ ਇਥੇ ਸਾਖੀ ਸਾਹਿਤ ਰੂਪ ਤੋਂ ਭਾਵ ਹੈ ਅੱਖੀਂ ਦੇਖੀ ਕਹਾਣੀ। ਜਨਮ ਸਾਖੀ‌ ਸਾਹਿਤ ਰੂਪ ਆਪਣੇ ਮੁੱਢਲੇ ਰੂਪ ਵਿਚ ਗੁਰੂ ਨਾਨਕ ਨਾਲ ਸੰਬੰਧਿਤ ਸਨ।ਉਹ ਆਪਣੇ ਆਪ ਵਿੱਚ ਇੱਕ ਮਹਾਨ ਸ਼ਖ਼ਸੀਅਤ ਸਨ। ਇਸ ਲਈ ਮੱਧਕਾਲੀ ਪਾਠਕ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ਸੀ ਕਿ ਲੇਖਕ ਵੱਲੋਂ ਰਚੀ ਗਈ ਰਚਨਾ ਸੱਚ ਅਧਾਰਿਤ ਹੈ। ਉਸ ਨੂੰ ਵਿਸ਼ਵਾਸ ਦਿਵਾਉਣ ਲਈ ਹੀ ਇਸ ਸਾਹਿਤ ਰੂਪ ਦਾ ਨਾਮ' ਸਾਖੀ' ਰੱਖਿਆ ਗਿਆ। ਇਸ ਸਾਹਿਤ ਰੂਪ ਦਾ ਭਾਵ ਇਹ ਸੀ ਉਹ ਕਹਾਣੀ ਜਿਸ ਵਿੱਚ ਇਤਿਹਾਸਕ ਗਵਾਹੀ ਮਿਲੇ।

'ਸਾਖੀ ਅਤੇ ਜਨਮਸਾਖੀ' ਵਿਚ ਹਲਕਾ ਜਿਹਾ ਭੇਦ ਹੈ। ਸਾਖੀ ਵਿੱਚ ਕਿਸੇ ਘਟਨਾ ਨੂੰ ਜਾਂ ਕਿਸੇ ਇੱਕ ਕਹਾਣੀ ਨੂੰ ਅਧਾਰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਮਹਾਨ ਵਿਅਕਤੀ ਦੇ ਜੀਵਨ ਨੂੰ ਵਿਸਥਾਰ ਪੂਰਵਕ ਅਤੇ ਤਰਤੀਬ ਵਿੱਚ ਪੇਸ਼ ਨਾ ਕੀਤਾ ਜਾਵੇ ਤਾਂ ਵੀ ਅਜਿਹੀ  ਰਚਨਾ 'ਸਾਖੀ ਸੰਗ੍ਰਹਿ ਹੀ ਹੋਵੇਗੀ 'ਜਨਮ ਸਾਖੀ ਨਹੀਂ। ' ਜਨਮ ਸਾਖੀ' ਵਿਚ ਕਿਸੇ ਮਹਾਨ ਵਿਅਕਤੀ ਦੇ ਜੀਵਨ ਬਿਰਤਾਂਤ ਨੂੰ ਜਨਮ ਤੋਂ ਲੈ ਕੇ ਉਸ ਦੀ ਜੀਵਨ ਲੀਲ੍ਹਾ ਸਮਾਪਤ ਹੋਣ ਤੱਕ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿਚ ਜਨਮ ਸਾਖੀ ਸਾਹਿਤ ਰੂਪ ਗੁਰੂ ਨਾਨਕ ਦੇ ਜੀਵਨ ਵੇਰਵਿਆਂ ਨਾਲ ਹੀ ਸੰਬੰਧਿਤ ਹੋ ਗਿਆ। ਦੂਸਰੀ ਮਹਾਨ ਵਿਅਕਤੀਆਂ ਲਈ ਸਾਖੀਆਂ ਤਾਂ ਹਨ ਪਰ ਜਨਮ ਸਾਖੀਆਂ ਨਹੀਂ।

     ਮੱਧਕਾਲੀ ਜਨਮ ਸਾਖੀ ਸਾਹਿਤ ਵਿੱਚ ਪੁਰਾਤਨ ਜਨਮ ਸਾਖੀ, ਸੋਢੀ ਮਿਹਰਬਾਨ ਵਾਲੀ ਸਾਖੀ,ਭਾਈ ਬਾਲੇ ਵਾਲੀ ਜਨਮ ਸਾਖੀ,ਭਾਈ ਮਨੀ ਸਿੰਘ ਵਾਲੀ ਜਨਮ ਸਾਖੀ,ਆਦਿ ਸਾਖੀਆਂ ਅਤੇ ਭਾਈ ਬਿਧੀ ਚੰਦ ਵਾਲੀ ਜਨਮ ਸਾਖੀ ਪ੍ਰਮੁੱਖ ਹਨ। ਇਹ ਸਾਰੀਆਂ 16ਵੀਂ ਸਦੀ ਤੋਂ 18 ਵੀ ਸਦੀ ਦੇ ਵਿਚਕਾਰ ਲਿਖੀਆਂ ਗਈਆਂ ਹਨ।

ਸਾਖੀਆਂ:

ਸਾਖੀ ਅਤੇ ਜਨਮ ਸਾਖੀ ਵਿਚਲਾ ਅੰਤਰ ਉੱਪਰ ਸਪੱਸ਼ਟ ਕਰ ਦਿੱਤਾ ਗਿਆ ਹੈ। ਅਰਥਾਤ ਸਾਖੀਆਂ ਵਿੱਚ ਘਟਨਾ ਜ਼ਰੂਰੀ ਤੌਰ ਤੇ ਕਿਸੇ ਗੁਰੂ ਨਾਲ ਸੰਬੰਧਿਤ ਨਹੀਂ ਹੁੰਦੀ। ਸਾਖੀ ਵਿੱਚ ਗੁਰੂ ਤੋਂ ਇਲਾਵਾ ਕੋਈ ਸਾਧ,ਸੰਤ, ਜਾਂ ਸਿੱਖ ਵੀ ਨਾਇਕ ਹੋ ਸਕਦਾ ਹੈ। 'ਸਿੱਖਾ ਦੀ ਭਗਤਮਾਲਾ', 'ਸੌ ਸਾਖੀ' ਅਤੇ ਅੱਡਣ ਸ਼ਾਹ ਦੀਆਂ ਸਾਖੀਆਂ' ਇਸ ਕਿਸਮ ਦੀਆਂ ਰਚਨਾਵਾਂ ਹਨ। ਇਹਨਾਂ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਵੀ ਮਿਲਦੀਆਂ ਹਨ।

ਪਰਚੀ ਸਾਹਿਤ:

'ਪਰਚੀ' ਸ਼ਬਦ ਸੰਸਕ੍ਰਿਤ ਦੇ ਪਰਿਚਯ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਜਾਣ ਪਛਾਣ। ਇਹ ਸਾਹਿਤ ਰੂਪ ਕਿਸੇ ਮਹਾਨ ਵਿਅਕਤੀ ਦੇ ਉਪਦੇਸ਼ ਜਾਂ ਸਿਖਿਆ ਰਾਹੀਂ ਉਸ ਦਾ ਪਰਿਚਯ ਜਾਂ ਜਾਣ ਪਛਾਣ ਕਰਵਾਉਂਦਾ ਹੈ। ਇਸ ਦੀ ਸੁਰ ਉਪਦੇਸ਼ਾਤਮਕ ਹੁੰਦੀ ਹੈ। ਇਸ ਦੀ ਪ੍ਰਾਕਿਰਤੀ ਵਿਸ਼ਲੇਸ਼ਣਾਤਮਿਕ ਹੈ। ਇਹ ਧਾਰਮਿਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲਾ ਸਾਹਿਤ ਰੂਪ ਹੈ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਪਰਚੀਆਂ ਸੇਵਾ ਦਾਸ ਅਤੇ ਪਰਚੀਆਂ ਭਾਈ ਕਨੱਈਆ ਜੀ ਪ੍ਰਮੱਖ ਹਨ।

ਰਹਿਤਨਾਮਾ ਸਾਹਿਤ:

ਰਹਿਤਨਾਮਾ ਅਜਿਹਾ ਸਾਹਿਤ ਰੂਪ ਹੈ ਸੋ ਕਿਸੇ ਵਿਸ਼ੇਸ਼ ਧਰਮ ਜਾਂ ਸ੍ਰੰਪਦਾਇ ਦੇ ਲੋਕਾਂ ਦੇ ਜੀਵਨ ਢੰਗ ਨੂੰ ਨਿਯੰਤਰਿਤ ਕਰਦਾ ਹੈ। ਇਸ ਵਿੱਚ ਕਿਸੇ ਖਾਸ ਧਰਮ ਦੇ ਮੰਨਣ ਵਾਲੇ ਲੋਕਾਂ ਦੀ ਰਹਿਣੀ-ਬਹਿਣੀ, ਖਾਸ ਤੌਰ ਤੇ ਧਾਰਮਿਕ ਰਹਿਣੀ-ਬਹਿਣੀ ਨੂੰ ਠੀਕ ਰੱਖਣ ਲਈ ਨਿਰਦੇਸ਼ ਹੁੰਂਦੇ ਹਨ। ਇਸ ਦੀ ਵਿਸ਼ੇਸ਼ ਲੋੜ ਉਦੋਂ ਪਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ। ਇਸ ਨਿਯਮ ਬੱਧਤਾ ਨੂੰ ਵਾਰਤਕ ਵਿਚ ਅੰਕਿਤ ਕਰਨ ਵਾਲੀ ਵੰਨਗੀ ਨੂੰ ਰਹਿਤਨਾਮਾ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਵਲੋਂ ਸਥਾਪਤ ਕੀਤੀ ਸਿੱਖ ਰਹਿਤ ਮਰਿਯਾਦਾ ਨੂੰ ਭਾਈ ਦਇਆ ਸਿੰਘ ਵਲੋਂ ਸਥਾਪਤ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਭਾਈ ਦਇਆ ਸਿੰਘ,ਦੇਸ਼ਾਂ ਸਿੰਘ,ਚੌਪਾ ਸਿੰਘ ਆਦਿ ਸਿੱਖਾਂ ਨੇ ਲਿਖਿਆ। ਮੁਸਲਮਾਨਾਂ ਨੇ ਨਵ ਮੁਸਲਮਾਨਾਂ ਨੂੰ ਇਸਲਾਮੀ ਰਹਿਤ ਮਰਿਆਦਾ ਸਮਝਾਉਣ ਲਈ 'ਪੱਕੀ ਰੋਟੀ' ਨਾਮ ਦੀ ਵਾਰਤਕ ਪੁਸਤਕ ਲਿਖੀ ਜੋ ਰਹਿਤਨਾਮਾ ਸਾਹਿਤ ਦੀ ਇਕ ਹੋਰ ਵੰਨਗੀ। ਇਸ ਸਾਹਿਤ ਰੂਪ ਨੂੰ ਵੀ ਮੱਧਕਾਲ ਵਿੱਚ ਕਾਫੀ ਮਕਬੂਲੀਅਤ ਪ੍ਰਾਪਤ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਥਨ ਰਾਹੀਂ ਇਹ ਸਥਾਪਨਾ ਪੇਸ਼ ਕਰ ਦਿੱਤੀ ਸੀ "ਰਹਿਤ ਪਿਆਰੀ ਮੁਝ ਕਉ, ਸਿੱਖੁ ਪਿਆਰਾ ਨਾਹਿ।"

ਹੁਕਮਨਾਮਾ ਸਾਹਿਤ:

ਹੁਕਮਨਾਮਾ ਸਾਹਿਤ ਮੱਧਕਾਲੀ ਵਾਰਤਕ ਦੀ ਅਜਿਹੀ ਵੰਨਗੀ ਹੈ ਸੋ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵਿਚ ਹੋਂਦ ਵਿੱਚ ਆਈ। ਇਸ ਦੀ ਪ੍ਰਾਕਿਰਤੀ ਬੜੀ ਸੰਖੇਪ ਸੀ। ਇਹ ਆਦੇਸ਼ਮਈ ਸ਼ੈਲੀ ਵਿਚ ਲਿਖੇ ਜਾਂਦੇ ਸਨ। ਇਹ ਗੁਰੂ ਵੱਲੋਂ ਸਿੱਖਾਂ ਨੂੰ ਲਿਖੇ ਗਏ ਅਜਿਹੇ ਪੱਤਰ ਹੁੰਦੇ ਸਨ ਜਿਨ੍ਹਾਂ ਵਿੱਚ ਕੋਈ ਸੂਚਨਾ ਦਿੱਤੀ ਹੁੰਦੀ ਸੀ ਜਾਂ ਕੋਈ ਫਰਮਾਇਸ਼ ਕੀਤੀ ਸੀ ਜਾਂ ਫਿਰ ਤਾਕੀਦ ਕੀਤੀ ਹੁੰਦੀ ਸੀ। ਸੰਖੇਪ ਹੋਣ ਦੇ ਬਾਵਜੂਦ ਇਹ ਭਾਸ਼ਾ,ਧਰਮ, ਗੁਰੂ ਸਿੱਖ ਸੰਬੰਧਾਂ ਦੀ ਆਰਥਿਕ, ਸਮਾਜਿਕ ਅਤੇ ਧਾਰਮਿਕ ਸਥਿਤੀ ਬਾਰੇ ਕਾਫੀ ਜਾਣਕਾਰੀ ਉਪਲੱਬਧ ਕਰਵਾਉਂਦੇ ਸਨ।

ਬਚਨ ਅਤੇ ਸੁਖ਼ਨ:

ਬਚਨ ਅਤੇ ਸੁਖ਼ਨ ਅਤਿ ਸੰਖੇਪ ਵਾਰਤਕ ਰੂਪ ਸਨ। ਇਹ ਕੁਝ ਕੁਝ ਅਤੇ ਸੀਮਤ ਸਤਰਾਂ ਦੇ ਹੁੰਦੇ ਸਨ। ਬਚਨ ਆਮ ਤੌਰ ਤੇ ਹਿੰਦੂ ਸਾਧਾਂ ਦੇ ਹੁੰਦੇ ਸਨ ਅਤੇ ਸੁਖ਼ਨ ਮੁਸਲਮਾਨ ਫ਼ਕੀਰਾਂ ਦੇ ਹੁੰਦੇ ਸਨ। ਇਹ ਦੋਵੇਂ ਧਰਮ ਗੁਰੂਆਂ ਵੱਲੋਂ ਮਨੁੱਖੀ ਕਲਿਆਣ ਲਈ ਦਿੱਤੇ ਗਏ ਮਹਾਨ ਵਿਚਾਰ ਸਨ।

ਇੱਕ ਇੱਕ ਜਾਂ ਦੋ ਦੋ ਵਾਕਾਂ ਵਿਚ ਇਹ ਜੀਵਨ ਦਾ ਸਾਰ ਤੱਤ ਪੇਸ਼ ਕਰਦੇਂ ਸਨ। ਬਚਨ ਅਤੇ ਸੁਖਮ ਮਿਲਵੇ ਰੂਪ ਵਿਚ ਵੀ ਮਿਲਦੇ ਹਨ। ਕਿਉਂਕਿ ਇਹ ਆਪਣੀ ਮੂਲ ਪ੍ਰਕਿਰਤੀ ਵਿੱਚ ਅਧਿਆਤਮਕ ਹੁੰਦੇ ਹਨ, ਸੰਪਰਦਾਇ ਨਹੀਂ। ਪੰਜਾਬੀ ਵਾਰਤਕ ਵਿਚ ਇਸ ਵੰਨਗੀ ਦੇ ਸੰਗ੍ਰਹਿ ਵੀ ਮਿਲਦੇ ਹਨ।

ਸਾਰ :

ਮੱਧਕਾਲੀ ਸਾਹਿਤ ਵਿੱਚ ਔਖੀਆਂ ਧਾਰਮਿਕ ਸਾਰ ਰਚਨਾਵਾਂ ਦੇ ਸਾਰ ਵੀ ਆਮ ਲੋਕਾਂ ਨੂੰ ਉਪਲੱਬਧ ਕਰਵਾਏ ਗਏ। ਇਹ ਸਾਰੇ ਔਖੀਆਂ, ਮੁਸ਼ਕਿਲ ਅਤੇ ਗੁੰਝਲਦਾਰ ਧਾਰਮਿਕ ਰਚਨਾਵਾਂ ਨੂੰ ਲੋਕਾਂ ਦੀ ਭਾਸ਼ਾ ਵਿਚ ਅਤੇ ਲੋਕਾਂ ਦੀ ਮਨੋ ਸਥਿਤੀ ਅਨੁਸਾਰ ਸੰਖੇਪ ਰੂਪ ਵਿੱਚ ਪੇਸ਼ ਕਰਦੇ ਸਨ। ਸਾਰ ਕਿਸੇ ਦਰਸ਼ਨ ਜਾਂ ਸਿਧਾਂਤ ਦੇ ਤੱਤ ਨੂੰ ਨਿਚੋੜ ਰੂਪ ਵਿਚ ਪੇਸ਼ ਕਰਦੇਂ ਸਨ।

ਕਥਾਵਾਂ ਅਤੇ ਮਸਲੇ:

ਕਥਾਵਾਂ ਅਤੇ ਮਸਲਿਆਂ ਦੀ ਸ਼ੈਲੀ ਜਾਣੀ ਪਛਾਣੀ ਕਥਾ ਵਾਲੀ ਹੁੰਦੀ ਸੀ। ਇਸ ਵਿੱਚ ਕਿਸੇ ਮਹਾਂਪੁਰਖ ਨਾਲ ਸੰਬੰਧਿਤ ਘਟਨਾ ਨੂੰ ਸੁਣਾਇਆ ਜਾਂਦਾ ਸੀ। ਵਾਰਤਾਲਾਪ ਅਤੇ ਬਿਰਤਾਂਤ ਇਸ ਦੇ ਪ੍ਰਮੁੱਖ ਅੰਗ ਸਨ। ਕੲੀ ਵਾਰ ਕਥਾ ਨੂੰ ਮਿਥਿਹਾਸ ਵਿੱਚ ਲਿਆ ਹੁੰਦਾ ਸੀ। ਪੁਰਾਤਨ ਪੰਜਾਬੀ ਵਾਰਤਕ ਵਿਚ ਕਥਾ ਆਦਿ ਰਮਾਇਣ ਕੀ, ਨਿਰੰਕਾਰ ਅਤੇ ਬਿਹੰਗਮ ਦੀ ਕਥਾ, ਮਸਲੇ ਸ਼ੇਖ ਫਰੀਦ ਦੇ ਪ੍ਰਮੁੱਖ ਰਚਨਾਵਾਂ ਸਨ। ਇਹਨਾਂ ਵਿਚੋਂ ਕਥਾਵਾਂ ਉਤੇ ਸਾਧ ਭਾਸ਼ਾ ਦਾ ਪ੍ਰਭਾਵ ਹੈ ਜਦ ਕਿ ਮਸਲੇ ਇਸ ਪ੍ਰਭਾਵ ਤੋਂ ਮੁਕਤ ਹਨ ਅਤੇ ਪੰਜਾਬੀ ਦੇ ਬਹੁਤ ਨੇੜੇ ਹਨ।

ਪਰਮਾਰਥ:

ਪਰਮਾਰਥ ਦੀ ਰਚਨਾ ਸ਼ਬਦ ਪਰਮੈਂਅਰਥ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਠਿਨ ਲਿਖਤਾਂ ਦੇ ਅਰਥ ਸਮਝਾਉਣਾ। ਇਹ ਉਹ ਡੂੰਘੇਰੇ ਅਰਥ ਹੁੰਦੇ ਹਨ ਜੋਂ ਕਿਸੇ ਰਚਨਾ ਦੇ ਅੰਤਰੀਵ ਵਿਚ ਲੁਕੇ ਹੁੰਦੇ ਹਨ।ਇਸ ਕਿਸਮ ਦੀ ਵਾਰਤਕ ਕੋਈ ਗਲਪੀ ਪ੍ਰਸੰਗ ਰਚਕੇ ਕਿਸੇ ਇੱਕ ਧਿਰ ਪਾਸੋਂ, ਦੂਸਰੀ ਧਿਰ ਨੂੰ ਕਿਸੇ ਵਿਸ਼ੇਸ਼ ਲਿਖਤ ਦੇ ਅਰਥ ਸਮਝਾਉਣ ਦੀ ਬੇਨਤੀ ਕੀਤੀ ਜਾਂਦੀ ਹੈ।ਪਰਮਾਰਥ ਵੀ ਬਾਕੀ ਸਾਹਿਤ ਦੀਆਂ ਵੰਨਗੀਆਂ ਵਾਂਗ ਜਨਮ ਸਾਖੀਆਂ ਦਾ ਭਾਗ ਬਣਾ ਕੇ ਪੇਸ਼ ਹੋਏ ਹਨ ਪਰ ਇਹਨਾਂ ਦੀ ਰਚਨਾ ਸੁਤੰਤਰ ਰੂਪ ਵਿੱਚ ਵੀ ਹੋਈ ਹੈ। ਪੁਰਾਤਨ ਪੰਜਾਬੀ ਵਾਰਤਕ ਵਿਚ ਮਿਹਰਬਾਨ ਦੇ ਲਿਖੇ ਜਪੁਜੀ ਦੇ ਪਰਮਾਰਥ ਮਿਲਦੇ ਹਨ। ਇਸ ਤੋਂ ਇਲਾਵਾ ਗਿਆਨੀ ਰਤਨਾਵਲੀ, ਸਿੱਖਾਂ ਦੀ ਭਗਤਮਾਲਾ ਜਾਂ ਟੀਕੇ ਮਾਰਤੰਡ ਪੁਰਾਣ ਕਾ ਪਰਮਾਰਥਾਂ ਦੇ ਪ੍ਰਮੁੱਖ ਨਮੂਨੇ ਹਨ।

ਅਨੁਵਾਦ:

ਅਨੁਵਾਦ ਵੀ ਮੱਧਕਾਲੀ ਪੰਜਾਬੀ ਵਾਰਤਕ ਵਿਚ ਮਹੱਤਵਪੂਰਨ ਸਥਾਨ ਰੱਖਦੇ ਹਨ। ਇਸ ਸਮੇਂ ਤੱਕ ਦੂਸਰੀ ਭਾਸ਼ਾਵਾਂ ਵਿੱਚ ਰਚੀਆਂ ਕਲਾਸੀਕਲ ਰਚਨਾਵਾਂ ਦੇ ਮਹੱਤਵ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਅਨੁਵਾਦ ਵਿੱਚ ਲਿਖੇ ਗਏ। ਇਹ ਅਨੁਵਾਦ ਪੰਜਾਬੀ ਜਾਂ ਬ੍ਰਜ ਰਲੀ ਪੰਜਾਬੀ ਵਿਚ ਕੀਤਾ ਗਿਆ। ਅਨੁਵਾਦਾਂ ਨੇ ਅੰਤਰ ਭਾਸ਼ਾਈ ਪੱਧਰ ਉੱਤੇ ਵਿਚਾਰਧਾਰਾ ਦੇ ਰਾਹ ਖੋਲ੍ਹੇ ਅਤੇ ਇਹਨਾਂ ਵਿਚਾਰਧਾਰਵਾਂ ਨੂੰ ਸਰਲਤਾ ਨਾਲ ਆਮ ਵਿਅਕਤੀ ਤੱਕ ਵੀ ਪਹੁੰਚਾਇਆ।

ਇਹਨਾਂ ਸਾਰੀਆਂ ਵਾਰਤਕ ਵੰਨਗੀਆਂ ਨੂੰ ਬਿਰਤਾਂਤਕ ਅਤੇ ਵਿਆਖਿਆਤਮਕ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਜਨਮ ਸਾਖੀਆਂ, ਸਾਖੀਆਂ, ਕਥਾਵਾਂ, ਮਸਲੇ ਆਦਿ ਬਿਰਤਾਂਤਕ ਸ਼ੈਲੀ ਵਿੱਚ ਲਿਖੇ ਗਏ। ਇਸੇ ਤਰ੍ਹਾਂ ਪਰਚੀਆਂ ਪਰਮਾਰਥ, ਅਨੁਵਾਦ, ਰਹਿਤਨਾਮੇ, ਸਾਰ ਆਦਿ ਵਿਆਖਿਆਤਮਕ ਸ਼ੈਲੀ ਵਿਚ ਰਚੇ ਜਾਂਦੇ ਸਨ। ਇਹਨਾਂ ਦਾ ਸਰੂਪ ਵਿਸ਼ਲੇਸ਼ਣਾਤਮਿਕ ਸੀ। ਪੁਰਾਤਨ ਪੰਜਾਬੀ ਵਾਰਤਕ ਦੀ ਸ਼ੈਲੀ ਖੜੋਤ ਦਾ ਸ਼ਿਕਾਰ ਨਹੀਂ ਸੀ ਕਿਉਂਕਿ ਸਮੇਂ ਦੇ ਬੀਤਣ ਨਾਲ ਇਸ ਪਰਿਵਰਤਨ ਤੇ ਵਿਕਾਸ ਆਉਂਦਾ ਰਿਹਾ ਹੈ।


ਹਵਾਲੇ

ਡਾ. ਰਾਜਿੰਦਰ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਇਤਿਹਾਸ

(ਆਦਿ ਕਾਲ ਤੋਂ ਸਮਕਾਲ ਤੱਕ)