ਪਲੈਟੋ ਦਾ ਕਲਾ ਸਿਧਾਂਤ

ਪਲੈਟੋ ਦੇ ਜੀਵਨ ਦੀ ਜਾਣ-ਪਛਾਣ

ਸੋਧੋ

ਪਲੈਟੋ ਦੇ ਜੀਵਨ ਬਿਰਤਾਂਤ ਸੰਬੰਧੀ ਜਾਣਕਾਰੀ ਦੇ ਉਹ ਪਾਤਰ ਹਨ ਜੋ ਉਸਨੇ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿਚ ਲਿਖੇ। ਬਰਨੇਟ ਅਨੂਸਾਰ ਜੋ ਇਹ ਪੱਤਰ ਵਾਸਤਵਿਕ ਹਨ ਜਿਵੇਂ ਕਿ ਕੁਝ ਮਹਾਨ - ਵਿਦਵਾਨ ਬੇਨਤਾਲੀ ਤੇ ਕੇਬੇਟ ਅਤੇ ਇਤਿਹਾਸਕਾਰ ਕਹਿੰਦੇ ਹਨ, ਤਾਂ ਇਹ ਜੀਵਨ ਸੰਬੰਧੀ ਕਿਸੇ ਵੀ ਪ੍ਰਾਚੀਨ ਦਾਰਸ਼ਨਿਕ ਦੇ ਮੁਕਾਬਲੇ ਵਿਚ ਵਧੇਰੇ ਜਾਣਕਾਰੀ ਦਿੰਦੇ ਹਨ।[1] ਵਾਸਤਵ ਵਿੱਚ ਪਲੈਟੋ ਸੰਬੰਧੀ ਬਹੁਤਾ ਵਿਵਰਣ ਇਹਨਾਂ ਪਤਰਾ ਉੱਪਰ ਹੀ ਅਧਾਰਿਤ ਹੈ।ਪਰ ਕੁਝ ਲੋਕ ਇਹਨਾਂ ਦੀ ਭਾਵੇਂ ਪਲੂਤਾਰਕ ਦੀ ਲਾਈਫ ਆਫ ਡੀਆਨ ਨੂੰ ਆਧਾਰ ਬਣਾਉਂਦੇ ਹਨ।

ਪਲੈਟੋ ਯੂਨਾਨ ਦਾ ਇਕ ਸਾਹਿਤਕਾਰ ਸੀ।ਪਲੈਟੋ ਦਾ ਜਨਮ 428 ਈਸਵੀ ਪੂਰਵ ਵਿਚ ਹੋਇਆ ਮੰਨਿਆ ਜਾਂਦਾ ਹੈ।ਪਲੈਟੋ ਨੂੰ ਅਫ਼ਲਾਤੂਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਪਲੈਟੋ ਦਾ ਪਿਤਾ ਐਰਿਸਟਣ ਇਕ ਮਹਾਨ ਵਿਅਕਤੀ ਸੀ। ਪਲੈਟੋ ਦੀ ਬਾਲ ਅਵਸਥਾ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਫਿਰ ਉਸਦੀ ਮਾਤਾ ਪੈਰਿਕਤੀਆਣ ਨੇ ਪੀਰਿਲੈਂਪੀਜ ਨਾਲ ਵਿਆਹ ਕਰਵਾ ਲਿਆ।

ਪਲੈਟੋ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਦਾ ਸ਼ਿਸ ਸੀ।ਬਰਨੋਟ ਦੇ ਅਨੁਸਾਰ ਪਲੈਟੋ ਦੀ ਵੀਹ ਸਾਲ ਦੀ ਉਮਰ ਵਿਚ ਸੁਕਰਾਤ ਨਾਲ ਮਿਲਿਆ।

ਆਪਣੇ ਜੀਵਨ ਦੀ ਸ਼ੁਰੂਆਤ ਇਕ ਕਵੀ ਤੇ ਨਾਟਕਕਾਰ ਦੇ ਤੌਰ ਤੇ ਕੀਤੀ। ਉਸ ਨੇ ਰਾਜਨੀਤਿਕ,ਸਮਾਜ - ਸ਼ਾਸਤਰ ਆਦਿ ਵਿਸ਼ਿਆਂ ਦਾ  ਡੂੰਘਾ ਅਧਿਐਨ ਕੀਤਾ।[2]

ਰਚਨਾਵਾਂ

ਸੋਧੋ

ਪਲੈਟੋ ਨੇ ਕੁੱਲ ਤੀਹ ਗ੍ਰੰਥਾਂ ਦੀ ਰਚਨਾ ਕੀਤੀ।ਉਸ ਦੀਆਂ ਸਾਰੀਆਂ ਪੁਸਤਕਾਂ ਦਾ ਅੰਗਰੇਜੀ ਵਿਚ ਅਨੁਵਾਦ ਹੋ ਚੁੱਕਿਆ ਹੈ। ਫਾਇਦੁਸ, ਆਯੋੰਨ, ਰਿਪਬਲਿਕ, ਪੋਲਿਤਿਕਸ, ਪ੍ਰੋਕੈਂਗ੍ਰਸ,ਆਦਿ ਇਸ ਦੀਆਂ ਰਚਨਾਵਾਂ ਹਨ।

ਪਲੈਟੋ ਦਾ ਕਲਾ ਸਿਧਾਂਤ

ਸੋਧੋ

ਪਲੈਟੋ ਇਸ ਅਧਿਆਇ ਵਿੱਚ ਅਨੁਕਰਣ ਬਾਰੇ ਵਿਚਾਰ ਪੇਸ਼ ਕਰਦਾ ਹੈ।ਉਹ ਇਸ ਵਿੱਚ ਅਸਲੀਅਤ ਅਤੇ ਅਨੁਕਰਣ ਦੇ ਵਖਰੇਵਿਆਂ ਬਾਰੇ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਕਲਾਕਾਰਾਂ ਨੂੰ ਅਸਲੀਅਤ ਦਾ ਬਹੁਤ ਹੀ ਅਧੂਰਾ ਗਿਆਨ ਹੁੰਦਾ ਹੈ।ਜਿਸ ਨੂੰ ਉਹ ਛੰਦ,ਲੈਅ,ਤਾਲ ਅਤੇ ਸ਼ਬਦ ਸੁਹਜ ਨਾਲ ਸੰਜੋ ਕੇ ਮੰਨੋਰਜਕ ਬਣਾ ਦਿੰਦੇ ਹਨ ਅਤੇ ਦਰਸ਼ਕ, ਸਰੋਤੇ ਉਨ੍ਹਾਂ ਦੀਆਂ ਬਣਾਈਆਂ ਤਸਵੀਰਾਂ ਦੀ ਗਰਿਫ਼ਤ ਵਿੱਚ ਆ ਜਾਂਦੇ ਹਨ।

ਪਲੈਟੋ ਗਲਾਕਨ ਨੂੰ ਕਹਿੰਦਾ ਹੈ ਕਿ ਉਹ ਇਹ ਗੱਲਬਾਤ ਦੋਹਾਂ ਤੱਕ ਹੀ ਸੀਮਿਤ ਰੱਖੇ ਅਤੇ ਤੑਾਸਦੀ ਨਾਟਕਕਾਰਾਂ ਅਤੇ ਨਕਲੀਆਂ ਦੀਆਂ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਨਾ ਦੱਸੇ।

ਪਲੈਟੋ ਅਨੁਕਰਣਾਤਮਕ ਕਵਿਤਾ ਨੂੰ ਰਿਆਸਤ ਵਿੱਚੋਂ ਬਾਹਰ ਰੱਖਣ ਦੇ ਕਾਰਣਾਂ ਲਈ ਦਲੀਲਾਂ ਦਿੰਦਾ ਹੈ।ਉਸ ਅਨੁਸਾਰ "ਸਾਰੇ ਕਾਵਿਮਈ ਦਰਸ਼ਕਾਂ ਦੇ ਮਨ ਉੱਤੇ ਮਾਰੂ ਪੑਭਾਵ ਪਾਉਂਦੇ ਹਨ ਜਦੋਂ ਤੱਕ ਕਿ ਉਹਨਾਂ ਨੂੰ ਇਸ ਦੇ ਅਸਲੀ ਸਰੂਪ ਦਾ ਗਿਆਨ ਨਹੀਂ ਹੋ ਜਾਂਦਾ" (ਇਸ ਦਾ ਮਤਲਬ ਜੇ 'ਦਰਸ਼ਕ' ਕਾਵਿਮਈ ਅਨੁਕਰਣ ਦੇ ਅਸਲ ਸੁਭਾਅ ਤੋਂ ਵਾਕਿਫ਼ ਹੈ ਤਾਂ ਉਹ ਇਸ ਦੇ ਮਾਰੂ ਪੑਭਾਵਾਂ ਤੋਂ ਬਚ ਸਕਦਾ ਹੈ।)

ਪਲੈਟੋ ਕਹਿੰਦਾ ਹੈ ਕਿ ਹੋਮਰ ਵੱਡਾ ਕਵੀ ਹੈ ਅਤੇ ਉਸ ਦੇ ਮਨ ਵਿੱਚ ਹੋਮਰ ਲਈ ਸ਼ਰਧਾ ਹੈ ਪਰ ਉਹ ਸੱਚ ਤੋਂ ਜਿਆਦਾ ਸਨਮਾਨਜਨਕ ਨਹੀਂ ਹੋ ਸਕਦਾ। ਹੋਮਰ ਨੂੰ ਸੱਚ ਦਾ ਕੋਈ ਅਜਿਹਾ ਗਿਆਨ ਨਹੀਂ ਸੀ ਜਿਸ ਦੀ ਜਨਤਕ ਅਤੇ ਰਾਜਕੀਤ ਤੌਰ ਤੇ ਲੋਕਾਂ ਦੀ ਭਲਾਈ ਲਈ ਵਰਤੋਂ ਕੀਤੀ ਜਾ ਸਕਦੀ ਹੋਵੇ।

ਅਸਲੀਅਤ ਅਤੇ ਅਨੁਕਰਣ ਦੇ ਵਖਰੇਵੇਂ ਬਾਰੇ ਚਰਚਾ ਕਰਦਿਆਂ ਪਲੈਟੋ ਕਹਿੰਦਾ ਹੈ ਕਿ ਮੂਲ ਰਚਨਾਕਾਰ ਅਤੇ ਸ਼ਿਲਪਕਾਰ ਰੱਬ ਜਾਂ ਪਰਮਾਤਮਾ ਹੈ ਜਿਸ ਨੇ ਧਰਤੀ,ਅਸਮਾਨ,ਅਸਮਾਨ ਤੋਂ ਉੱਪਰਲੀਆਂ ਸਾਰੀਆਂ ਚੀਜ਼ਾਂ,ਪਾਤਾਲ,ਸਾਰੀ ਸ਼ਿੑਸਟੀ, ਬਿਰਛ,ਪਸ਼ੂ ਹੀ ਨਹੀਂ ਆਪਣੇ ਆਪ ਨੂੰ ਵੀ ਬਣਾਉਣ ਵਾਲਾ ਹੈ।ਪਲੈਟੋ ਅਨੁਸਾਰ ਇਹ ਬਣਾਉਣ ਦਾ ਕਾਰਜ ਕਰਨਾ ਆਮ ਬੰਦੇ ਲਈ ਵੀ ਆਸਾਨ ਹੋ ਸਕਦਾ ਹੈ ਜਦੋਂ ਉਹ ਇੱਕ ਸ਼ੀਸ਼ਾ ਲੈ ਕੇ ਉਸ ਨੂੰ ਤੇਜ਼ੀ ਨਾਲ ਘੁਮਾ ਕੇ ਉਹ ਸਭ ਚੀਜ਼ਾਂ ਆਪਣੇ ਨੇੜੇ ਸ਼ੀਸ਼ੇ ਵਿੱਚ ਪੈਦਾ ਕਰ ਸਕੇਗਾ।ਉਸ ਅਨੁਸਾਰ ਚਿੱਤਰਕਾਰ ਇਸ ਸ਼ੇੑਣੀ ਦਾ ਕਲਾਕਾਰ ਹੈ ਜੋ ਕੁਦਰਤ ਅਤੇ ਸੰਸਾਰ ਵਿੱਚ ਪਹਿਲਾਂ ਤੋਂ ਸਿਰਜੀਆਂ ਪਈਆਂ ਚੀਜ਼ਾਂ ਦਾ ਪੑਤਿਬਿੰਬ ਮਾਤਰ ਬਣਾਉਂਦਾ ਹੈ।

ਸਿਧਾਂਤ ਤੇ ਢੁਕਵੀਂ ਉਦਾਹਰਨ

ਸੋਧੋ

ਪਲੈਟੋ ਪਲੰਘ ਦੀ ਉਦਾਹਰਣ ਦੇ ਕੇ ਸਮਝਾਉਂਦਾ ਹੈ ਕਿ ਹਰ ਪਲੰਘ ਬਣਾਉਣ ਵਾਲਾ ਕਾਰੀਗਰ ਇੱਕ ਦੂਜੇ ਤੋਂ ਵੱਖਰਾ ਪਲੰਘ ਬਣਾਉਂਦੇ ਹਨ ਤਾਂ ਇਸ ਦਾ ਮਤਲਬ ਪਲੰਘ ਦੇ ਅਮੂਰਤ ਆਕਾਰ ਦੀ ਹੋਂਦ ਉਨ੍ਹਾਂ ਤੋਂ ਪਹਿਲਾਂ ਪ੍ਕਿਰਤੀ ਵਿੱਚ ਮੌਜੂਦ ਹੈ।ਇਸ ਲਈ ਉਸ ਦਾ ਸੁਝਾਅ ਹੈ ਕਿ ਉਹ ਪੂਰਵ-ਆਕਾਰ ਕਾਰੀਗਰ ਤੋਂ ਪਹਿਲਾਂ ਰੱਬ ਨੇ ਬਣਾਇਆ ਹੈ।

ਇਸ ਦੀ ਹੋਂਦ ਵਿਚਾਰਗਤ/ਖਿਆਲ / ਆਦਰਸ਼ ਦੇ ਰੂਪ ਵਿੱਚ ਹੈ।ਜਿਸ ਦੀ ਸਿਰਜਣਾ ਰੱਬ ਨੇ ਕੀਤੀ ਹੈ ਅਤੇ ਇਹੀ ਅਸਲੀ ਹੈ ਪਰ ਤਰਖਾਣ ਇਸ ਦੀ ਨਕਲ ਬਣਾਉਂਦਾ ਹੈ।ਉਸ ਅਨੁਸਾਰ ਚਿੱਤਰਕਾਰ ਅਸਲ ਪਲੰਘ ਨਹੀਂ ਬਣਾਉਂਦਾ ਸਗੋਂ ਉਹ ਤਾਂ ਪਲੰਘ ਦੀ ਤਸਵੀਰ ਬਣਾਉਂਦਾ ਹੈ।ਇੰਝ ਉਹ ਅਸਲ ਤੋਂ ਤਿੰਨ ਮੰਜ਼ਿਲਾਂ ਦੂਰ ਹੈ। ਪਲੈਟੋ ਅਨੁਸਾਰ ਪਲੰਘ ਦੇ ਮਾਮਲੇ ਵਿੱਚ ਰੱਬ ਰਚਨਾਹਾਰ ਹੈ,ਤਰਖਾਣ, ਨਿਰਮਾਤਾ ਅਤੇ ਚਿੱਤਰਕਾਰ ਨਕਲੀਆਂ ਜਾਂ ਅਨੁਕਰਣ ਕਰਨ ਵਾਲਾ।

ਪਲੈਟੋ ਇਹ ਵੀ ਕਹਿੰਦਾ ਹੈ ਕਿ ਦਾਅਵਾ ਕਰਨ ਦੇ ਬਾਵਜੂਦ ਚਿੱਤਰਕਾਰ ਕਦੇ ਵੀ ਪਲੰਘ ਦੀ ਮੁਕੰਮਲ ਤਸਵੀਰ ਪੇਸ਼ ਨਹੀਂ ਕਰ ਸਕਦਾ ਕਿਉਂਕਿ ਇਸ ਦੀ ਤਸਵੀਰ ਉਹੋ ਜਿਹੀ ਹੋਵੇਗੀ ਜਿਸ ਤਰ੍ਹਾਂ ਦੀ ਇੱਕ ਖਾਸ ਕੋਣ ਤੇ ਬੈਠ ਕੱਟੇ ਉਸ ਨੂੰ ਦਿਖਦੀ ਹੋਵੇਗੀ। ਇਸ ਲਈ ਉਹ ਪਲੰਘ ਦੇ ਅਸਲ ਦੀ ਤਸਵੀਰ ਨਹੀਂ ਸਗੋਂ ਅਸਲ ਪਲੰਘ ਦੇ ਅਹਿਸਾਸ ਦਾ ਅਨੁਕਰਣ ਕਰ ਰਿਹਾ ਹੋਵੇਗਾ ਜਾਂ ਉਸ ਅਹਿਸਾਸ ਦਾ ਬਿੰਬ ਘੜੵ ਰਿਹਾ ਹੋਵੇਗਾ।ਇੰਝ ਉਹ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇ ਰਿਹਾ ਹੋਵੇਗਾ। ਇੰਝ ਦੂਜੇ ਪੱਧਰ ਦੀ ਅਸਲੀਅਤ ਵਿਚਕਾਰ ਅਹਿਸਾਸ ਦੀ ਮਦਾਖਲਤ ਨਾਲ ਚਿੱਤਰਕਾਰ ਦੀ ਤਸਵੀਰ ਅਸਲ ਤੋਂ ਤੀਜੇ ਹੀ ਨਹੀਂ ਚੌਥੇ ਪੱਧਰ ਦੀ ਨਕਲ ਬਣ ਜਾਵੇਗੀ। ਇਸ ਲਈ ਕਲਾਕਾਰ ਅਸਲੀਅਤ ਦੀ ਪੇਸ਼ਕਾਰੀ ਨਹੀਂ ਕਰਦੇ ਸਗੋਂ ਅਹਿਸਾਸ ਦੀ ਪੇਸ਼ਕਾਰੀ ਕਰਦੇ ਹਨ।

ਪਲੈਟੋ ਕਹਿੰਦਾ ਹੈ ਕਿ "ਤੑਾਸਦੀਕਾਰ ਕਵੀ ਵੀ ਕਿਉਂਕਿ ਅਨੁਕਰਣਕਾਰ ਹੈ, ਇਸ ਲਈ ਦੂਜੇ ਨਕਲੀਆਂ ਵਾਂਗ ਇਹ ਵੀ ਸੱਚਾਈ ਦੇ ਤਖ਼ਤ ਤੋਂ ਤਿੰਨ ਗੁਣਾਂ ਦੂਰ ਹੈ ਅਤੇ ਇਹੋ ਗੱਲ ਬਾਕੀ ਕਲਾਕਾਰਾਂ ਬਾਰੇ ਆਖੀ ਜਾ ਸਕਦੀ ਹੈ।" ਪਲੈਟੋ ਕਹਿੰਦਾ ਹੈ ਕਿ ਜਿਹੜਾ ਕਲਾਕਾਰ ਅਸਲ ਵਸਤੂ ਬਣਾ ਸਕਦਾ ਹੋਵੇਗਾ,ਉਹ ਅਸਲ ਹੀ ਬਣਾਏਗਾ ਅਤੇ ਬਹੁਤ ਸਾਰੇ ਸ਼ੑੇਸਠ ਕੰਮ ਕਰਕੇ ਆਪਣੀ ਯਾਦ ਛੱਡੇਗਾ।ਉਹ ਪੑਸ਼ਾਸਤਮਕ ਕਵਿਤਾਵਾਂ ਲਿਖਣ ਦੀ ਥਾਂ ਤੇ ਆਪ ਉਨ੍ਹਾਂ ਕਵਿਤਾਵਾਂ ਦਾ ਵਿਸ਼ਾ ਵਸਤੂ ਬਣਨਾ ਪਸੰਦ ਕਰੇਗਾ।

ਹੋਮਰ ਬਾਰੇ ਗੱਲ ਕਰਦਾ ਪਲੈਟੋ ਸਵਾਲ ਉਠਾਉਂਦਾ ਹੈ ਕਿ ਉਸ ਕੋਲ ਯੁੱਧ ਕਲਾ, ਰਾਜਨੀਤੀ ਅਤੇ ਸਿੱਖਿਆ ਬਾਰੇ ਕੋਈ ਵਾਸਤਵਿਕ ਗਿਆਨ ਹੈ ਜਿਸ ਦਾ ਲਾਭ ਸਮਾਜ ਨੂੰ ਹੋ ਸਕਦਾ ਹੋਵੇ ? ਉਸ ਦਾ ਮੰਨਣਾ ਹੈ ਕਿ ਕਵੀ ਅਤੇ ਕਲਾਕਾਰਾਂ ਨੂੰ ਵਾਸਤਵਿਕਤਾ ਦਾ ਕੋਈ ਜਿਆਦਾ ਗਿਆਨ ਨਹੀਂ ਹੁੰਦਾ,ਉਹਨਾਂ ਨੇ ਕੋਈ ਅਜਿਹੀ ਈਜਾਦ ਨਹੀਂ ਕੀਤੀ ਹੁੰਦੀ ਜਿਹੜੀ ਲੋਕਾਂ ਅਤੇ ਰਾਜ ਦੇ ਕਿਸੇ ਕੰਮ ਆ ਸਕਦੀ ਹੋਵੇ, ਉਨ੍ਹਾਂ ਦੀਆਂ ਸਲਾਹਾਂ ਨਾਲ ਕੋਈ ਰਾਜ ਨਹੀਂ ਚੱਲਦੇ। ਸਗੋਂ ਉਹ ਤਾਂ ਦਰ- ਦਰ ਮਾਰੇ ਫਿਰਦੇ ਰਹਿੰਦੇ ਹਨ ਅਤੇ ਕੋਈ ਉਨ੍ਹਾਂ ਦੀਆਂ ਪੑਾਪਤੀਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਕੋਈ ਤਰੱਦਦ ਨਹੀਂ ਕਰਦਾ।ਉਸ ਦੇ ਸ਼ਬਦਾਂ ਵਿੱਚ :

" ਫਿਰ ਅਸੀਂ ਇਹ ਨਤੀਜਾ ਕਿਉਂ ਨਾ ਕੱਢੀਏ ਕਿ ਸਾਰੇ ਸ਼ਾਇਰ ਹੋਮਰ ਤੋਂ ਲੈ ਕੇ ਹੁਣ ਤੱਕ ਕੇਵਲ ਨਕਲੀਏ ਹਨ।ਇਹ ਨੇਕੀ ਅਤੇ ਦੂਜੀਆਂ ਵਸਤੂਆਂ ਦੇ ਪੑਤਿਬਿੰਬਾਂ ਦੀ ਨਕਲ ਕਰਦੇ ਹਨ ਪਰ ਅਸਲੀਅਤ ਤਕ ਕਦੇ ਵੀ ਨਹੀਂ ਪਹੁੰਚਦੇ।ਕਵੀ ਦੀ ਮਿਸਾਲ ਉਸ ਚਿੱਤਰਕਾਰ ਵਾਂਗੂ ਹੈ,ਜੋ ਮੋਚੀ ਦੀ ਤਸਵੀਰ ਬਣਾ ਦਿੰਦਾ ਹੈ ਭਾਵੇਂ ਉਸ ਦੀ ਕਲਾ ਨੂੰ ਜ਼ਰਾ ਵੀ ਨਹੀਂ ਸਮਝਦਾ। ਇਸ ਦੀ ਤਸਵੀਰ ਤਾਂ ਬੱਸ ਉਹਨਾਂ ਲਈ ਹੀ ਠੀਕ ਹੈ ਜੋ ਆਪ ਉਸ ਤੋਂ ਵਧੇਰੇ ਨਹੀਂ ਜਾਣਦੇ ਅਤੇ ਕੇਵਲ ਰੰਗ ਤੇ ਸ਼ਕਲ ਦੇਖ ਕੇ ਹੀ ਫ਼ੈਸਲਾ ਕਰ ਲੈਂਦੇ ਹਨ।"

ਪਲੈਟੋ ਅਨੁਸਾਰ ਕਵੀ ਆਪਣੇ ਸ਼ਬਦਾਂ ਅਤੇ ਰੰਗਾਂ ਰਾਹੀਂ ਜਿਹੜੀ ਤਸਵੀਰ ਪੈਦਾ ਕਰਦਾ ਹੈ। ਉਸ ਵਿੱਚ ਅਸਲ ਜੀਵਨ ਬਾਰੇ ਉਣੀ ਹੀ ਜਾਣਕਾਰੀ ਹੁੰਦੀ ਹੈ ਜਿੰਨੀ ਇਕ ਨਕਲੀਏ ਨੂੰ ਹੁੰਦੀ ਹੈ।ਲੋਕ ਵੀ ਮੂਰਖਤਾ ਵਸ ਉਸ ਦੁਆਰਾ ਲੇਅ ਅਤੇ ਤਾਲ ਦੀ ਸੁੰਦਰਤਾ ਉਤੇ ਧਿਜ ਜਾਂਦੇ ਸਨ ਅਤੇ ਸਮਝਦੇ ਹਨ ਕਿ ਮੋਚੀ ਦੇ ਕੰਮ ਬਾਰੇ ਤੇ ਫੌਜੀ ਦੇ ਕਰਤਬਾਂ ਬਾਰੇ ਉਸ ਦੀ ਪੇਸ਼ਕਾਰੀ ਬਹੁਤ ਮਨੋਰੰਜਕ ਹੈ। ਪਲੈਟੋ ਦਾ ਕਹਿਣਾ ਹੈ ਕਿ ਜੇ ਕਵੀ ਦੀਆਂ ਕਵਿਤਾਵਾਂ ਨੂੰ ਸੰਗੀਤ ਲੀਮੇਇਤਾ ਤੋਂ ਵੱਖ ਕਰਕੇ ਸਧਾਰਨ ਗਧ ਵਿਚ ਪੇਸ਼ ਕੀਤਾ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਉਹਨਾ ਨੂੰ ਅਸਲੀਅਤ ਦਾ ਪੇਤਲਾ ਤੇ ਹੋਲਾ ਗਿਆਨ ਹੈ। ਇਹ ਅਨੁਕਰਨਕਰਤਾ ਜਾਂ ਨਕਲੀਏ ਅਸਲੀਅਤ ਦੇ ਕੇਵਲ ਉਪਰਲੇ ਆਕਾਰਾ ਨੂੰ ਜਾਣਦੇ ਹੁੰਦੇ ਹਨ ਅਤੇ ਇਸ ਅਧੂਰੇ ਗਿਆਨ ਨੂੰ ਉਹ ਸੰਗੀਤ ਛੰਦ, ਲੈਅ,ਤਾਲ ਅਤੇ ਸ਼ਾਬਦਿਕ ਸੁਹਜ ਨਾਲ ਪੇਸ਼ ਕਰ ਦਿੰਦੇ ਹਨ ਕਿ ਇਹ ਸਭ ਮਨੋਰੰਜਕ ਲਗਦਾ ਹੈ ਪਰ ਉਹਨਾਂ ਦੀਆਂ ਬਣਾਈਆਂ ਆਕ੍ਰਿਤੀਆਂ ਉਹਨਾਂ ਜੋਬਨ ਗਵਾ ਚੁੱਕੇ ਚੇਹਰਿਆਂ ਵਰਗੀਆਂ ਹੁੰਦੀਆ ਹਨ ਜਿਨ੍ਹਾਂ ਨੂੰ ਤੜਕ ਭੜ੍ਹਕ ਨਾਲ ਸਜਾ ਦਿੱਤਾ ਜਾਂਦਾ ਹੈ।

ਕਵੀ ਅਤੇ ਕਲਾਕਾਰ ਬਾਰੇ ਧਾਰਨਾਵਾਂ

ਸੋਧੋ

ਇਸ ਅਧਿਆਇ ਦੇ ਆਖੀਰ ਉਤੇ ਪਲੈਟੋ ਕਹਿੰਦਾ ਹੈ ਕਿ ਕਵੀ ਅਤੇ ਕਲਾਕਾਰ ਜਿਹਨਾਂ ਚੀਜਾਂ ਦਾ ਅਨੁਕਰਣ ਅਪਣੀਆਂ ਕਵਿਤਾਵਾਂ ਵਿਚ ਕਰਦੇ ਹਨ, ਉਹਨਾ ਚੀਜਾਂ ਬਾਰੇ ਉਹਨਾਂ ਨੂੰ ਵਰਨਣਯੋਗ ਗਿਆਨ ਨਹੀਂ ਹੁੰਦਾ।ਉਸ ਅਨੁਸਾਰ ਅਨੁਕਰਣ ਇਕ ਤਰ੍ਹਾਂ ਦੀ ਖੇਡ ਹੈ ਅਤੇ ਸਾਰੇ ਕਵੀ ਤੇ ਤ੍ਰਸਦੀਕਰੇ ਇਸ ਵਿਚ ਬਹੁਤ ਨਿਪੁੰਨ ਹੁੰਦੇ ਹਨ ਉਹ ਭਾਵੇਂ ਕਿਸੇ ਵੀ ਛੰਦ ਵਿਚ ਕਵਿਤਾ ਲਿਖਦੇ ਹੋਣ ਜਾਂ ਉਹ ਕਵਿਤਾ ਤ੍ਰਾਸਦੀ ਤੋਂ ਬਿਨਾਂ ਕਿਸੇ ਹੋਰ ਕਾਵਿ ਰੂਪਾਂ ਮਹਾਂਕਾਵਿ ਜਾਂ ਨਾਟਕ ਲਿਖਦੇ ਹੋਣ ਉਹ ਅਨੁਕਰਣ ਦੀ ਹੀ ਖੇਡ ਖੇਡਦੇ ਹਨ।ਉਹਨਾ ਦੀਆਂ ਰਚਨਾਵਾਂ ਅਸਲ ਦਾ ਅਜਿਹਾ ਅਨੁਕਰਣ ਹੁੰਦੀਆਂ ਹਨ ਜਿਸ ਵਿਚ ਜਿੰਦਗੀ ਦਾ ਸੱਚ ਨਹੀਂ ਸਗੋਂ ਸੱਚ ਬਾਰੇ ਕਵੀਆਂ ਦੇ ਅਹਿਸਾਸ ਹੀ ਪੇਸ਼ ਹੋਏ ਹੁੰਦੇ ਹਨ।

ਪਲੈਟੋ ਦੇ ਇਸ ਵਿਚਾਰਾਂ ਨਾਲ ਆਲੋਚਨਾਤਮਕ ਸੰਵਾਦ ਰਚਾਇਆ ਜਾ ਸਕਦਾ ਹੈ।ਪਲੰਘ ਦੀ ਉਦਾਹਰਨ ਲੈ ਕੇ ਪਲੈਟੋ ਜਿਸ ਨੂੰ ਰੱਬ ਦਾ ਬਣਾਇਆ ਆਦਰਸ਼ ਜਾਂ ਅਸਲ ਕਹਿੰਦਾ ਹੈ ਤਾਂ ਉਹ ਆਧੁਨਿਕ ਭਾਸ਼ਾ ਵਿਗਿਆਨ ਦੀ ਸ਼ਬਦਾਬਲੀ ਵਿਚ ਚਿੰਤਨ ਦੀ ਗੱਲ ਹੀ ਕਰ ਰਿਹਾ ਹੈ ਜਿਹੜਾ ਕਿਸੇ ਉਚਾਰ ਤੋਂ ਪਹਿਲਾਂ ਵਕਤਾ ਸਰੋਤਾ ਦੇ ਮਨ ਵਿਚ ਪਹਿਲਾਂ ਤੋਂ ਮੌਜੂਦ ਹੈ। ਅਸਲੀ ਗੱਲ ਕੀ ਚਿੱਤਰਕਲਾ ਬਾਰੇ ਗੱਲ ਕਰਦਾ ਪਲੈਟੋ  ਚਿਤਰਕਲਾ ਦੇ ਸਭ ਤੋਂ ਸਧਾਰਨ ਰੂਪਾਂ ਦੀ ਉਦਾਹਰਨ ਦੇ ਰਿਹਾ ਹੈ ਜਿਹਨਾਂ ਵਿਚ ਕਲਾਕਾਰ ਅਸਲ ਆਕ੍ਰਿਤੀਆਂ ਦੇ ਸੈਕਚ ਬਣਾਉਂਦਾ ਹੈ। ਹੁਣ ਤਾਂ ਫੋਟੋਗ੍ਰਾਫੀ ਨੂੰ ਵੀ ਕਲਾ ਮੰਨਿਆ ਜਾਣਾ ਸ਼ੁਰੂ ਹੋ ਗਿਆ ਹੈ।ਅਤੇ ਚਿੱਤਰਕਲਾ ਦੇ ਅਨੇਕਾ ਰੂਪ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚ ਅਸਲ ਵਸਤੂਆਂ ਦੀ ਇਨ ਬਿਨ ਤਸਵੀਰ ਨਹੀਂ ਬਣਾਈ ਜਾਂਦੀ ਸਗੋਂ ਕਲਾਕਾਰ ਆਪਣੇ ਵਿਸ਼ੇਸ਼ ਪ੍ਰਤਖਣ ਨੂੰ ਚਿੱਤਰਦਾ ਹੈ ਪਲੈਟੋ ਕਲਾ ਤੋਂ ਸਮਾਜਿਕ ਉਪਜੋਗਤਾ ਦੀ ਮੰਗ ਕਰਦਾ ਹੈ। ਅਤੇ ਵਸਤਾਂ ਦੇ ਉਤਪਾਦਨ ਨਾਲੋ ਕਲਾਤਮਕ ਕਿਰਤੀਆਂ ਦੇ ਉਤਪਾਦਨ ਨੂੰ ਨਿਗੂਣੀ ਚੀਜ ਸਮਝਦਾ ਹੈ। ਪਲੈਟੋ ਦੀਆਂ ਲਿਖਤਾਂ ਵਿਚ ਕਲਾ ਅਤੇ ਕਵਿਤਾ ਦੀ ਅਪੀਲ ਬਾਰੇ ਜੌ ਧਾਰਨਾਵਾਂ ਪੇਸ਼ ਕਰਦਾ ਹੈ,ਉਹਨਾ ਧਾਰਨਾਵਾਂ ਦੀਆਂ ਜੜ੍ਹਾਂ  ਉਸ ਦੀ ਅਨੁਕਰਣ ਬਾਰੇ ਸਮਝ  ਵਿਚ ਹੀ ਪਈਆ ਹਨ।

ਹਵਾਲੇ

ਸੋਧੋ
  1. ਮਨਮੋਹਨ ਸਿੰਘ, ਡਾ. (1998). ਯੂਨਾਨੀ ਦਰਸ਼ਨ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 131. ISBN 81-7380-389-7.
  2. ਮਨਮੋਹਨ ਸਿੰਘ, ਡਾ. (1998). ਯੂਨਾਨੀ ਦਰਸ਼ਨ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 131. ISBN 81-7380-389-7.