ਪਾਣੀ ਦੇ ਜਿਸਮ ਵਾਲੀ ਔਰਤ

ਪਾਣੀ ਦੇ ਜਿਸਮ ਵਾਲੀ ਔਰਤ ਪੰਜਾਬੀ ਦੇ ਸ਼ਾਇਰ ਹਰਵਿੰਦਰ ਸਿੰਘ (ਚੰਡੀਗੜ੍ਹ) ਦੀ ਔਰਤ ਬਾਰੇ ਲਿਖੀ ਇੱਕ ਮਕਬੂਲ ਨਜ਼ਮ ਹੈ। ਇਸ ਨਜ਼ਮ ਵਿੱਚ ਔਰਤ ਨੂੰ ਇੱਕ ਔਰਤ ਜਾਂ ਜਿਸਮ ਵਜੋਂ ਨਹੀਂ ਬਲਕਿ ਇਨਸਾਨ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਨਜ਼ਮ ਔਰਤ ਦੇ ਅੰਦਰੂਨੀ ਭਾਵਾਂ ਅਤੇ ਜਜ਼ਬਿਆਂ ਨੂੰ ਪੇਸ਼ ਕਰਦੀ ਹੈ। ਇਹ ਨਜ਼ਮ ਪੰਜਾਬੀ ਅਕਾਦਮੀ ਦਿੱਲੀ ਦੇ ਪ੍ਰਕਾਸ਼ਤ ਹੁੰਦੀ ਮੈਗਜ਼ੀਨ ਸਮਦਰਸ਼ੀ ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ ਅਤੇ ਇਸਦਾ ਉਰਦੂ ਵਿੱਚ ਵੀ ਤਰਜਮਾ ਕਰਕੇ ਆਨਲਾਈਨ ਸੋਸ਼ਲ ਸਾਇਟਸ ਤੇ ਪ੍ਰਕਾਸ਼ਤ ਕੀਤਾ ਜਾ ਚੁੱਕਾ ਹੈ। ਇਹ ਨਜ਼ਮ ਯੂਟਿਊਬ ਤੇ ਵੀ ਉਪਲਬਧ ਹੈ।[1]

ਨਜ਼ਮ ਸੋਧੋ


ਪਾਣੀ ਦੇ ਜਿਸਮ ਵਾਲੀ ਔਰਤ

ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ
ਉਸਨੂੰ ਛੂਹਿਆ ਤਾਂ ਜਾ ਸਕਦਾ ਹੈ
ਫੜਿਆ ਨਹੀਂ ਜਾ ਸਕਦਾ
ਉਸ ਨਾਲ ਤਰਲ ਹੋ ਕੇ ਰਲਿਆ ਜਾ ਸਕਦਾ ਹੈ
ਉਸਨੂੰ ਕਲਾਵੇ ਵਿੱਚ ਨਹੀਂ ਲਿਆ ਜਾ ਸਕਦਾ
ਕਲਾਵੇ ਵਿੱਚ ਮਹਿਸੂਸ ਹੁੰਦਾ ਉਸਦਾ ਵਜੂਦ
ਮਹਿਜ ਛਲਾਵਾ ਹੁੰਦਾ ਹੈ

ਔਰਤ ਦੇ ਤਨ ਤੱਕ ਪਹੁੰਚਣ ਦਾ ਪੈਂਡਾ
ਉਸਦੇ ਮਨ ਦੀਆਂ ਪਗਡੰਡੀਆਂ ਵਿਚੋਂ ਦੀ ਹੋ ਕੇ ਗੁਜਰਦਾ ਹੈ
ਸ਼ਾਹਰਾਹਾਂ ਰਾਹੀਂ ਸਿੱਧੇ ਔਰਤ ਦੇ ਤਨ ਤੱਕ
ਪਹੁੰਚਣ ਵਾਲੇ ਸ਼ਾਹਸਵਾਰ
ਅਕਸਰ ਉਸਦੇ ਮਨ ‘ਚੋ ਡਿੱਗ ਜਾਂਦੇ ਹਨ

ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ
ਉਸ ਤੱਕ ਪਹੁੰਚਣ ਲਈ ਪਾਣੀ ਬਣਨਾ ਪੈਂਦਾ ਹੈ
ਜੇ ਤੁਹਾਨੂੰ ਉਸਦੀਆਂ ਅੱਖਾਂ ਦੇ
ਖਾਰੇ ਸਮੁੰਦਰਾਂ ‘ਚ ਤੈਰਨ ਦੀ ਜਾਚ ਆਉਂਦੀ ਹੈ
ਤਾਂ ਉਹ ਤੁਹਾਨੂੰ ਸੱਤ ਸਮੁੰਦਰਾਂ ਤੋਂ ਵੀ
ਅਗਾਂਹ ਦੀ ਸੈਰ ਕਰਵਾ ਸਕਦੀ ਹੈ
ਤੇ ਅਧਭੁਤ ਟਾਪੂਆਂ ਦੇ
ਆਲੌਕਿਕ ਦ੍ਰਿਸ਼ ਵਿਖਾ ਸਕਦੀ ਹੈ -
ਜਿੱਥੇ ਸਿਰਫ
ਹਵਾ ਤੇ ਪਰਿੰਦੇ ਬੋਲਦੇ ਨੇ
ਸੈਆਂ ਸਦੀਆਂ ਤੋਂ ਰਿਸ਼ੀਆਂ ਵਾਂਗ ਖੜ੍ਹੇ ਪਹਾੜਾਂ ਦੀ
ਚੁੱਪ ਦੀ ਆਵਾਜ਼ ਸੁਣਾਈ ਦਿੰਦੀ ਹੈ
ਚੋਟੀਆਂ ਤੋਂ ਵਹਿੰਦੇ ਝਰਨਿਆਂ ਦੀ ਕਲ ਕਲ
ਰੂਹ ਵਿੱਚ ਝਰਨਾਹਟ ਛੇੜਦੀ ਹੈ
ਜਿਥੇ ਚਾਰ ਚੁਫੇਰੇ ਉਕਰੀ ਹਰੀ ਕਚੂਰ ਇਬਾਬਤ
ਤੁਹਾਨੂੰ ਮਹਾਂ ਸੁੰਨ ‘ਚ ਲੈ ਜਾਂਦੀ ਹੈ
ਤੇ ਤੁਸੀਂ ਆਪਣੇ ਆਪ ਵਿੱਚ ਤੈਰਨ ਲਗਦੇ ਹੋ |

ਔਰਤ ਦੇ ਹਾਸਿਆਂ ਦੇ ਸ਼ਰਾਟਿਆਂ ਦੀ ਗੀਤ ਮਾਨਣ ਲਈ
ਉਸਦੇ ਹਉਕੇ ਹਟਕੋਰਿਆਂ ਦਾ ਵੈਰਾਗਮਈ ਸੰਗੀਤ ਵੀ ਸੁਣਨਾ ਪੈਂਦਾ ਹੈ
ਜੇ ਤੁਸੀਂ ਉਸਦੀ ਜਿੰਦਗੀ ‘ਚ ਮੀਲਾਂ ਤੀਕ ਫੈਲੇ ਖੁਸ਼ਕ ਮਾਰੂਥਲਾਂ ‘ਚ
ਉਸਦੇ ਅੰਗ ਸੰਗ ਨਾਲ ਨਾਲ ਤੁਰਦੇ ਹੋ
ਫਿਰ ਉਹ ਤੁਹਾਨੂੰ ਕਦੇ ਕੋਹਕਾਫ਼ ਦੇ ਪਰੀ ਦੇਸ ‘ਚ
ਕਦੇ ਆਕਾਸ਼ ਗੰਗਾ ‘ਚ ਉਡਾ ਕੇ ਲਿਜਾ ਸਕਦੀ ਹੈ

ਔਰਤ ਅਸੰਖ ਤਹਿਆਂ ‘ਚ ਬੇਅੰਤ ਜ਼ਿੰਦਗੀਆਂ ਜਿਊਂਦੀ ਹੈ
ਤੇ ਇਹਨਾਂ ਸਾਰੀਆਂ ਤਹਿਆਂ ਦੀਆਂ ਪੌੜੀਆਂ ਉਤਰਨਾ
ਹਾਰੀ ਸਾਰੀ ਦੇ ਵੱਸ ਨਹੀਂ ਹੁੰਦਾ
ਔਰਤ ਨੂੰ ਜਿਸਮ ਸਮਝ ਕੇ ਮਿਲਣ ਵਾਲੇ ਮਰਦ
ਅਮ੍ਰਿਤਪਾਨ ਦੀ ਬਜਾਏ ਉਸਦੇ ਪਹਿਲੇ ਪੱਤਣਾ ਦੇ
ਗੰਧਲੇ ਪਾਣੀਆਂ ‘ਚ ਹੀ ਡੁੱਬ ਮਰਦੇ ਨੇ
ਖੂੰਖਾਰੀ ਹੰਕਾਰੀ ਤੇ ਹੁਕਮਰਾਨ ਲਹਿਜੇ ਵਾਲੇ
ਔਰਤ ਦੇ ਵਜੂਦ ਦੀਆਂ ਬਰੂਹਾਂ ਦੇ
ਬਾਹਰ ਖੜੇ ਹੀ ਜੇਤੂ ਹੋਣ ਦਾ
ਭਰਮ ਪਾਲੀ ਰੱਖਦੇ ਹਨ
ਔਰਤ ਨੂੰ ਮਿਲਣ ਲਈ
ਜੇਤੂ ਜਰਨੈਲ ਵਾਂਗ ਨਹੀ
ਬਲਕਿ ਕਿਸੇ ਮੁਕੱਦਸ ਅਸਥਾਨ ਦੀ
ਜ਼ਿਆਰਤ ਕਰਨ ਆਏ ਫਕੀਰ ਵਾਂਗ
ਜੁੱਤੀ ਬਾਹਰ ਲਾਹ ਕੇ ਆਉਣਾ ਪੈਂਦਾ ਹੈ
ਉਸਦੇ ਮਨ ਦੇ ਮਾਨਸਰੋਵਰਾਂ ‘ਚ
ਇਸ਼ਨਾਨ ਕਰਨਾ ਪੈਂਦਾ ਹੈ
ਸਤਿਕਾਰ ਨਾਲ ਪਰਿਕਰਮਾ ਕਰਨੀ ਪੈਂਦੀ ਹੈ
ਔਰਤ ਤਨ-ਜੀਵ ਨਹੀਂ ਮਨ-ਜੀਵ ਹੈ
ਔਰਤ ਜਿੰਦਗੀ ਨਹੀਂ ਜਜ਼ਬੇ ਜੀਂਦੀ ਹੈ
ਔਰਤ ਨੂੰ ਮਿਲਣ ਲਈ ਮਰਦ ਨਹੀਂ
ਔਰਤ ਬਣਨਾ ਪੈਂਦਾ ਹੈ
ਔਰਤ ਨੂੰ ਮਿਲਣ ਲਈ ਬੰਦੇ ਜਿੱਡਾ ਨਹੀਂ
ਕਾਇਨਾਤ ਜਿੱਡਾ ਬਣਨਾ ਪੈਂਦਾ ਹੈ |


ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ