ਹਲਟ ਵਾਲੇ ਖੂਹ ਤੇ ਤੇ ਰੱਖੇ ਲੋਹੇ ਦੇ ਉਸ ਭਾਂਡੇ ਨੂੰ ਪਾੜਛਾ ਕਹਿੰਦੇ ਹਨ ਜਿਸ ਵਿਚ ਪਾਣੀ ਦੀਆਂ ਭਰੀਆਂ ਹੋਈਆਂ ਟਿੰਡਾਂ ਦੀ ਮਾਲ੍ਹ ਦਾ ਪਾਣੀ ਪਹਿਲਾ ਡਿੱਗਦਾ ਹੈ ਤੇ ਫੇਰ ਨਸ਼ਾਰ/ਪਰਨਾਲੇ ਵਿਚ ਪਹੁੰਚਦਾ ਹੈ। ਹਲਟ ਵਾਲੇ ਖੂਹ ਵਿਚ ਲੱਕੜ ਦਾ ਸ਼ਤੀਰ ਜਾਂ ਲੋਹੇ ਦਾ ਗਾਡਰ ਪਾਇਆ ਹੁੰਦਾ ਹੈ ਜਿਸ ਨੂੰ ਝੱਲਣ ਕਹਿੰਦੇ ਹਨ। ਝੱਲਣ ਉਪਰ ਹਲਟ ਦੀ ਬੈੜ ਵਾਲੀ ਲੱਠ ਦਾ ਸਿਰਾ ਰੱਖਿਆ ਹੁੰਦਾ ਹੈ। ਜੇ ਝੱਲਣ ਸ਼ਤੀਰ ਦਾ ਪਾਇਆ ਹੁੰਦਾ ਹੈ ਤਾਂ ਉਸ ਉਪਰ ਲੱਕੜ ਦੇ ਦੋ ਡੰਡੇ ਜੜੇ ਜਾਂਦੇ ਹਨ। ਜੇ ਝੱਲਣ ਲੋਹੇ ਦੇ ਗਾਡਰ ਦਾ ਹੁੰਦਾ ਹੈ ਤਾਂ ਉਸ ਉਪਰ ਦੋ ਇੰਗਲਾਰਨ ਜੜੇ ਜਾਂਦੇ ਸਨ। ਝੱਲਣ ਉਪਰ ਤੇ ਝੱਲਣ ਉਪਰ ਲੱਗੇ ਉਨ੍ਹਾਂ ਡੰਡਿਆਂ/ਇੰਗਲਾਰਨਾ ਉਪਰ ਪਾੜਛਾ ਫਿੱਟ ਕੀਤਾ ਜਾਂਦਾ ਹੈ।

ਪਾੜਛਾ ਲੋਹੇ ਦੀ ਜਿਸਤੀ ਚੱਦਰ ਦਾ ਬਣਿਆ ਹੁੰਦਾ ਹੈ। ਪਾੜਛੇ ਦਾ ਉਹ ਹਿੱਸਾ ਜਿਸ ਉਪਰ ਪਾਣੀ ਨਾਲ ਭਰੀਆਂ ਟਿੰਡਾਂ ਦੀ ਮਾਲ੍ਹ ਦਾ ਪਾਣੀ ਡਿੱਗਦਾ ਹੈ ਉਹ ਆਮ ਤੌਰ 'ਤੇ 5/6 ਕੁ ਫੁੱਟ ਲੰਮਾ ਤੇ 3 ਕੁ ਫੁੱਟ ਚੌੜਾ ਹੁੰਦਾ ਹੈ। ਇਸ ਦੇ ਲੰਬਾਈ ਵਾਲੇ ਇਕ ਪਾਸੇ ਪਰਨਾਲੇ ਲਈ ਥੋੜੀ ਜਿਹੀ ਥਾਂ ਛੱਡ ਕੇ 10 ਕੁ ਇੰਚ ਦੀ ਉਚਾਈ ਦੇ ਕੰਢੇ/ਕਿਨਾਰੇ ਬਣੇ ਹੁੰਦੇ ਸਨ। ਪਰਨਲੇ ਵਾਲੀ ਥਾਂ ਲੋਹੇ ਦੀ ਚੰਦਰ ਦਾ ਪਰਨਾਲਾ ਬਣਾਇਆ ਜਾਂਦਾ ਹੈ। ਪਰਨਾਲਾ ਆਮ ਤੌਰ 'ਤੇ 5 ਕੁ ਫੁੱਟ ਲੰਮਾ 7 ਕੁ ਇੰਚ ਚੌੜਾ ਤੇ ਪਾੜਛੇ ਦੇ ਮੁੱਖ ਹਿੱਸੇ ਜਿਨੀਂ 10 ਕੁ ਇੰਚ ਦੀ ਉਚਾਈ ਵਾਲਾ ਹੁੰਦਾ ਹੈ। ਇਸ ਤਰ੍ਹਾਂ ਪਾੜਛਾ ਬਣਦਾ ਹੈ। ਪਾੜਛੇ ਵਿਚੋਂ ਪਾਣੀ ਨਿਕਲ ਤੇ ਨਸਾਰ ਰਾਹੀਂ ਔਲੂ/ਚੁਬੱਚੇ ਵਿਚ ਜਾਂਦਾ ਹੈ ਜਾਂ ਸਿੱਧਾ ਖਾਲ ਵਿਚ ਚਲਿਆ ਜਾਂਦਾ ਹੈ।

ਹੁਣ ਤਾਂ ਹਲਟ ਹੀ ਨਹੀਂ ਰਹੇ। ਹਲਟਾਂ ਦੇ ਨਾਲ ਹੀ ਪਾੜਛੇ ਅਲੋਪ ਹੋ ਗਏ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.