ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੁਰਾਤਨ ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਅਜਾਇਬ ਘਰ ਹੈ। ਸੱਤਵੇਂ-ਅੱਠਵੇਂ ਦਹਾਕੇ 'ਚ ਪੰਜਾਬ ਵਿੱਚ ਉੱਨਤ ਖੇਤੀ ਦੇ ਪ੍ਰਚਲਨ ਨਾਲ ਨਵੀਂ ਤਕਨਾਲੋਜੀ ਵਿਕਸਤ ਹੋ ਰਹੀ ਸੀ, ਜੋ ਕਿ ਰਵਾਇਤੀ ਸੰਦਾਂ ਅਤੇ ਜੀਵਨ ਸ਼ੈਲੀ ਨੂੰ ਬਦਲ ਰਹੀ ਸੀ। ਤੇਜ਼ੀ ਨਾਲ ਆ ਰਹੇ ਇਸ ਬਦਲਾਓ ਨਾਲ ਪੰਜਾਬ ਦੇ ਇਸ ਅਮੀਰ ਸੱਭਿਆਚਾਰ ਵਿਚੋਂ, ਇਸ ਤੋਂ ਪਹਿਲਾਂ ਕਿ ਬਹੁਤ ਸਾਰਾ ਕੁਝ ਗੁਆਚ ਜਾਏ ਇਸ ਨੂੰ ਸੰਭਾਲਣ ਲਈ ਇਸ ਅਜਾਇਬ ਘਰ ਦੀ ਵਿਉਂਤ ਬਣਾਈ ਗਈ। ਇਸ ਦਾ ਸੁਪਨਾ ਡਾ. ਮਹਿੰਦਰ ਸਿੰਘ ਰੰਧਾਵਾ, ਜੋ ਇਸ ਯੂਨੀਵਰਸਿਟੀ ਦੇ ਦੂਸਰੇ ਵਾਈਸ ਚਾਂਸਲਰ ਸਨ, ਨੇ ਲਿਆ। ਉਹਨਾਂ ਨੇ ਆਪਣੀ 1970 ਈ: ਦੀ ਡੈਨਮਾਰਕ ਦੀ ਫੇਰੀ ਦੌਰਾਨ ਕੋਪਨਹੈਗਨ ਦੇ ਨੇੜੇ ਇੱਕ ਖੁੱਲਾ ਅਜਾਇਬ ਘਰ ਦੇਖਿਆ, ਜੋ 88 ਏਕੜਾਂ ਵਿੱਚ ਫੈਲਿਆ ਹੋਇਆ ਸੀ ਅਤੇ ਉਸ ਅਜਾਇਬ ਘਰ ਵਿੱਚ ਖੇਤਾਂ ਵਿੱਚ ਹਵੇਲੀਆਂ, ਛੋਟੇ ਘਰ, ਮਸ਼ੀਨੀ ਚੱਕੀਆਂ ਆਦਿ ਨੂੰ ਸੰਭਾਲ ਕੇ ਪਿਛਲੇ 300 ਸਾਲਾਂ ਦੇ ਪੇਂਡੂ ਜੀਵਨ ਦੇ ਨਕਸ਼ੇ ਨੂੰ ਖਿੱਚ ਕੇ ਰੱਖਣ ਦਾ ਯਤਨ ਕੀਤਾ ਗਿਆ ਸੀ। ਇਹ ਅਜਾਇਬ ਘਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ 'ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ' ਦਾ ਸਰੋਤ ਬਿੰਦੂ ਬਣਿਆ ਕਿਉਂਕਿ ਇਸ ਨੂੰ ਦੇਖ ਕੇ ਹੀ ਡਾ. ਮਹਿੰਦਰ ਸਿੰਘ ਰੰਧਾਵਾ 18ਵੀਂ ਤੇ 19ਵੀਂ ਸਦੀ ਦੇ ਪੰਜਾਬ ਦੇ ਪੇਂਡੂ ਜੀਵਨ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇਸ ਅਜਾਇਬ ਘਰ ਦੀ ਵਿਉਂਤ ਰਚੀ। ਇਸ ਦੀ ਇਮਾਰਤ ਹੀ ਆਪਣੇ ਆਪ ਵਿੱਚ ਅਜੂਬਾ ਹੈ, ਜੋ ਪੰਜਾਬ ਦੀ ਪੁਰਾਤਨ ਮਕਾਨ ਉਸਾਰੀ ਕਲਾ ਦਾ ਵਿਲੱਖਣ ਨਮੂਨਾ ਹੈ। ਡਾ. ਜੀਤਾ ਰਾਮ ਭੰਬੋਟਾ ਇਸ ਦੀ ਉਸਾਰੀ ਵੇਲੇ ਦੇ ਚਿਤਰ ਨੂੰ ਆਪਣੀ ਕਵਿਤਾ ਵਿੱਚ ਇਉਂ ਪੇਸ ਕਰਦੇ ਹਨ:
'ਅਜਾਇਬ ਘਰ' ਇੱਕ ਬਣ ਰਿਹਾ ਇਸ ਥਾਂ ਤੇ
ਦੁਨੀਆ ਵਿੱਚ ਜਿਹੜਾ ਬੇ-ਮਿਸਾਲ ਹੋਸੀ।
'ਕਲਚਰ' ਰੱਖੇਗਾ ਸਾਂਭ ਪੰਜਾਬੀਆਂ ਦਾ,
ਜਿਸ ਨੂੰ ਦੇਖ ਹੈਰਾਨ ਸੰਸਾਰ ਹੋਸੀ।
ਏਸ 'ਮਿਸ਼ਨ' ਨੂੰ ਪੂਰਾ ਕਰਨ ਦੇ ਲਈ,
'ਰੰਧਾਵਾ ਸਾਹਿਬ' ਪੂਰਾ ਜ਼ੋਰ ਲਾ ਰਹੇ ਨੇ।
'ਕਲਚਰ' ਮਿਟ ਨਾ ਜਾਏ ਪੰਜਾਬੀਆਂ ਦਾ,
ਲੱਭਣ ਆਪ ਚੀਜ਼ਾਂ ਥਾਂ ਥਾਂ ਜਾ ਰਹੇ ਨੇ।
ਹੁਕਮ ਹੋਇਆ ਚੀਜ਼ਾਂ ਲੱਭੋ ਪਿੰਡਾਂ ਵਿਚੋਂ,
ਲੱਭੋ ਚੀਜ਼ਾਂ ਬਹੁਤ ਪੁਰਾਣੀਆਂ ਨੂੰ।
ਪਲੰਘ, ਪੀੜ੍ਹੇ, ਚਰਖੇ, ਚਾਰਪਾਈਆਂ,
ਲੈ ਆਓ ਲੱਭ ਕੇ ਹੋਰ ਨਿਸ਼ਾਨੀਆਂ ਨੂੰ।
ਖੇਤੀਬਾੜੀ ਦੇ ਲੱਭੋ ਹਥਿਆਰ ਸਾਰੇ,
ਮਿਲ ਕੇ ਤਾਏ, ਚਾਚੇ, ਨਾਨੇ ਨਾਨੀਆਂ ਨੂੰ।
ਵਰਤੋਂ ਵਿੱਚ ਚੀਜ਼ਾਂ ਜੋ ਜੋ ਸੀ ਪਹਿਲੇ,
ਲੱਭ ਲਿਆਓ ਮਿਲ ਕੇ ਰਾਜੇ ਰਾਣੀਆਂ ਨੂੰ।
ਕੱਪੜੇ ਬੁਣਨ ਦੇ ਲੱਭੋ ਹਥਿਆਰ ਸਾਰੇ,
ਲੱਭ ਲਿਆਓ ਜਾ ਕੇ ਤੰਦ ਤਾਣੀਆਂ ਨੂੰ।
ਲਿਆ ਕੇ ਸਾਰੀਆਂ ਰੱਖੋ ਅਜਾਇਬ ਘਰ ਵਿਚ,
ਯਾਦਗਾਰਾਂ ਕੁੱਲ ਪੁਰਾਣੀਆਂ ਨੂੰ।
ਜਾਈਏ ਭੁਲ ਨਾ ਆਪਣੀ ਸਭਿਅਤਾ ਨੂੰ,
ਨਾ ਹੀ ਭੁੱਲੀਏ ਕੌਮ ਦੇ ਬਾਨੀਆਂ ਨੂੰ।[1]
ਬਿਨਾਂ ਸ਼ੱਕ ਇਸ ਅਜਾਇਬ ਘਰ ਦਾ ਮਕਸਦ ਨਵੀਂਆਂ ਪੀੜ੍ਹੀਆਂ ਨੂੰ ਪੰਜਾਬ ਦੇ ਪੁਰਾਣੇ ਤੇ ਵਿਲੱਖਣ ਸੱਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ। ਭਾਰਤ ਵਿੱਚ ਇਹ ਇਕੋ-ਇਕ ਯੂਨੀਵਰਸਿਟੀ ਹੈ, ਜਿਸ ਵਿੱਚ ਇਹੋ-ਜਿਹੇ ਅਜਾਇਬ ਘਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਗਈ ਹੈ। ਇਸ ਅਜਾਇਬ ਘਰ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਧਿਆਨ ਖਿੱਚਦੀ ਹੈ, ਉਹ ਇਸ ਦੀ ਇਮਾਰਤ ਕਲਾ ਹੈ। ਇਸ ਦੀ ਢੁਕਵੀਂ ਰੂਪ-ਰੇਖਾ ਬਣਾਉਣ ਲਈ ਪੰਜਾਬ ਦੇ ਕਈ ਪੁਰਾਣੇ ਪਿੰਡਾਂ ਅਤੇ ਕਸਬਿਆਂ ਵਿੱਚ ਪੁਰਾਣੇ ਮਕਾਨਾਂ ਦੀਆਂ ਵਿਸ਼ੇਸ਼ਤਾਈਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਉਸਾਰੀ ਕੀਤੀ ਗਈ ਹੈ। ਛੱਤਾਂ ਅਤੇ ਕੰਧਾਂ ਉੱਪਰਲੀ ਨਕਾਸ਼ੀ ਪੰਜਾਬ ਦੀ ਮੀਨਾਕਾਰੀ ਦੀ ਸ਼ਾਨਦਾਰ ਪ੍ਰੰਪਰਾ ਨੂੰ ਸੰਭਾਲੀ ਬੈਠੀਆਂ ਹਨ। ਇਸ ਨਾਲ ਸੰਬੰਧਤ ਮਿਲਦਾ ਇੱਕ ਕਿਤਾਬਚਾ 'ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ', ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਛਾਪਿਆ ਗਿਆ ਹੈ, ਵਿੱਚ ਦਰਜ ਜਾਣਕਾਰੀ ਅਨੁਸਾਰ ਜਿਥੋਂ ਕੋਈ ਪੁਰਾਣੀ ਸਮੱਗਰੀ ਜਿਵੇਂ ਸਜਾਵਟ ਵਾਲੀਆਂ ਛੱਤਾਂ ਨੂੰ ਇਮਾਰਤ ਨਾਲੋਂ ਲਾਹ ਕੇ ਉਸੇ ਤਰ੍ਹਾਂ ਹੀ ਇਸ ਅਜਾਇਬ ਘਰ ਦਾ ਹਿੱਸਾ ਬਣਾ ਦਿੱਤਾ ਗਿਆ। ਇਸ ਨੂੰ ਬਣਾਉੁਣ ਲਈ ਪੁਰਾਣੇ ਰਾਜ ਮਿਸਤਰੀਆਂ ਅਤੇ ਲੱਕੜੀ ਉੱਤੇ ਮੀਨਾਕਾਰੀ ਕਰਨ ਵਾਲੇ ਕਾਰੀਗਰਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿਚੋਂ ਲੱਭ ਕੇ ਲਿਆਂਦਾ ਗਿਆ, ਤਾਂ ਜੋ ਇਸ ਭਵਨ ਨੂੰ ਪੁਰਾਣੇ ਤਰ੍ਹਾਂ ਦੀ ਦਿੱਖ ਦੇ ਸਕਣ। ਪੁਰਾਣੇ ਨਮੂਨੇ ਦੀਆਂ ਇੱਟਾਂ ਉਚੇਚੀਆਂ ਥਪਵਾਈਆਂ ਗਈਆਂ ਤਾਂ ਕਿ ਇਹ ਭਵਨ ਪਹਿਲੇ ਸਮਿਆਂ ਦੇ ਨਮੂਨੇ ਦਾ ਘਰ ਲੱਗੇ। ਇਸ ਅਜਾਇਬ ਘਰ ਦਾ ਘੇਰਾ ਚਾਰ ਹਜ਼ਾਰ ਵਰਗ ਫੁੱਟ ਹੈ ਅਤੇ ਦਾਖਲ ਹੋਣ ਤੋਂ ਪਹਿਲਾਂ ਲਾਲ ਪੱਥਰ ਦੀਆਂ ਸਿੱਲਾਂ ਵਾਲਾ 100 ਕੁ ਗਜ਼ ਦਾ ਲੰਬਾ ਰਸਤਾ ਹੈ। ਇਸ ਦੇ ਦੋਹੇਂ ਪਾਸੇ ਪਾਣੀ ਦੇ ਖਾਲ ਹਨ। ਇਸ ਦੇ ਵੱਡੇ ਦਰਵਾਜ਼ੇ ਦੇ ਦੋਹਂੇ ਪੱਲਿਆਂ ਉੱਪਰ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ। ਦਰਵਾਜ਼ੇ ਦੇ ਦੋਹੇਂ ਪਾਸੇ ਖੂੰਜਿਆਂ ਵਿੱਚ ਬੈਠਣ ਲਈ ਦੋ ਥੜ੍ਹੇ ਹਨ। ਦਰਵਾਜ਼ੇ ਦੇ ਦੋਹੇਂ ਪਾਸੇ ਤਿੰਨਾਂ ਦਰਵਾਜ਼ਿਆਂ ਵਾਲਾ ਛੱਜਾ ਹੈ, ਜਿਸ ਨੂੰ ਵਧਾਣ ਵੀ ਕਿਹਾ ਜਾਂਦਾ ਹੈ। ਅੰਦਰ ਵੜ੍ਹਦਿਆਂ ਇੱਕ ਵਿਹੜਾ ਹੈ, ਜੋ ਪੁਰਾਣੇ ਪੰਜਾਬੀ ਘਰਾਂ ਦੀ ਖ਼ਾਸੀਅਤ ਹੁੰਦਾ ਸੀ। ਇਸ ਵਿਹੜੇ ਵਿੱਚ ਇੱਕ ਰਸੋਈ ਹੈ, ਜੋ ਪੁਰਾਣੀਆਂ ਰਸੋਈਆਂ ਵਾਂਗ ਉੱਤੋਂ ਖੁੱਲੀ ਹੈ। ਰਸੋਈ ਵਿੱਚ ਵਰਤਿਆ ਜਾਣ ਵਾਲਾ ਸਮਾਨ ਵੀ ਇਥੇ ਰੱਖਿਆ ਹੋਇਆ ਹੈ ਜਿਵੇਂ: ਵੱਡੀ ਸਾਰੀ ਪਰਾਤ, ਪੀੜ੍ਹੀ ਤੇ ਚੁੱਲਾ। ਇਸ ਤੋਂ ਅੱਗੇ ਪਹਿਲੇ ਕਮਰੇ ਵਿੱਚ ਪੁਰਾਣੇ ਸਮੇਂ ਦੀਆਂ ਉਹ ਲੱਭਤਾਂ ਰੱਖੀਆਂ ਗਈਆਂ ਹਨ, ਜੋ ਚੰਡੀਗੜ੍ਹ ਦੇ 17 ਨੰਬਰ ਸੈਕਟਰ ਵਿਚੋਂ ਨੀਹਾਂ ਪੁੱਟਣ ਵੇਲੇ ਲੱਭੀਆਂ ਸਨ। ਇਸ ਤੋਂ ਨਾਲ ਵਾਲੇ ਕਮਰੇ ਵਿੱਚ ਰੋਟੀ ਪਕਾਉਣ, ਪਾਣੀ ਲਿਆਉਣ, ਦੁੱਧ ਚੋਣ ਅਤੇ ਦੁੱਧ ਭਰ ਕੇ ਰੱਖਣ ਲਈ ਵਰਤੋਂ ਵਿੱਚ ਆਉਂਦੇ ਭਾਂਡੇ ਪਏ ਹਨ। ਇਸ ਦੀ ਵੱਡੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਨ੍ਹਾਂ ਚੀਜ਼ਾਂ ਦੇ ਨੇੜੇ-ਨੇੜੇ ਪੰਜਾਬੀ ਲੋਕ-ਗੀਤ ਲਿਖ ਕੇ ਰੱਖੇ ਗਏ ਹਨ, ਜਿਹਨਾਂ ਵਿੱਚ ਇਨ੍ਹਾਂ ਵਸਤਾਂ ਦਾ ਵਰਨਣ ਆਉਂਦਾ ਹੈ।ਇਸ ਨਾਲ ਨਾ ਕੇਵਲ ਨਮੂਨੇ ਦੀਆਂ ਵਸਤਾਂ ਹੀ ਸੰਭਾਲੀਆਂ ਹਨ, ਬਲਕਿ ਲੋਕ-ਚੇਤਿਆਂ ਵਿੱਚ ਹੁੰਦੇ ਇਨ੍ਹਾਂ ਦੇ ਜ਼ਿਕਰ ਵਾਲੇ ਲੋਕ ਗੀਤਾਂ ਨੂੰ ਵੀ ਸੰਭਾਲਿਆ ਗਿਆ ਹੈ।
ਇਸ ਦੇ ਨਾਲ ਅੱਗੇ ਇੱਕ ਹੋਰ ਕਮਰਾ ਹੈ, ਜਿਸ ਵਿੱਚ ਮੱਧਕਾਲ ਦੇ ਪੇਂਡੂ ਘਰਾਂ ਵਿੱਚ ਕੀਤੇ ਜਾਂਦੇ ਕਾਰਜਾਂ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ ਹੈ।ਚਰਖਾ ਕੱਤਣਾ, ਔਰਤਾਂ ਦਾ ਇੱਕ ਅਜਿਹਾ ਰੁਝੇਵਾਂ ਸੀ, ਜੋ ਨਾ ਕੇਵਲ ਉਹਨਾਂ ਦੇ ਵਿਹਲੇ ਸਮੇਂ ਨੂੰ ਪੂਰਦਾ ਸੀ,ਬਲਕਿ ਸਰੀਰ ਢੱਕਣ ਲਈ ਕੱਪੜੇ, ਖੇਸ ਅਤੇ ਰਜਾਈਆਂ ਕਈ ਲੋੜੀਂਦੀ ਸਮੱਗਰੀ ਲਈ ਵੀ ਅਹਿਮ ਹੁੰਦਾ ਸੀ। ਤ੍ਰਿੰਝਣ ਤੇ ਚਰਖਾ ਕੱਤਦੀਆਂ ਔਰਤਾਂ ਦੇ ਗੀਤ ਸਾਡੀ ਲੋਕਧਾਰਾ ਦਾ ਵੱਡਾ ਖਜ਼ਾਨਾ ਹਨ। ਚਰਖੇ ਦੇ ਨੇੜੇ ਹੀ ਦਾਣੇ ਸੰਭਾਲਣ ਵਾਲੀਆਂ ਭੜੋਲੀਆਂ ਬਣਾਈਆਂ ਗਈਆਂ ਹਨ। ਨਾਲੇ ਵਾਲੇ ਅੱਡੇ 'ਤੇ ਨਾਲਾ ਬੁਣਦੀ ਇੱਕ ਔਰਤ ਦਾ ਬੁੱਤ ਹੈ। ਇਸ ਦੇ ਕੋਲ ਪਿਆ ਕਪਾਹ ਵਾਲਾ ਵੇਲਣਾ ਇਹ ਯਾਦ ਕਰਵਾਉਂਦਾ ਹੈ ਕਿ ਕਪਾਹ ਵਿਚੋਂ ਵੜੇਵੇਂ ਅੱਡ ਕਰਨ ਲਈ ਇਹ ਇੱਕ ਸਧਾਰਨ ਅਤੇ ਮਹੱਤਵਪੂਰਨ ਮਸ਼ੀਨ ਹੈ। ਸੂਤ ਨਾਲ ਸੰਬੰਧਤ ਕੁਝ ਹੋਰ ਸਧਾਰਨ ਸੰਦ ਜਿਵੇਂ ਊਰੀ, ਅਟੇਰਨ ਆਦਿ ਵੀ ਰੱਖੇ ਗਏ ਹਨ। ਇਥੇ ਨਾਲ ਕੁਝ ਤਸਵੀਰਾਂ ਵੀ ਲਗਾਈਆਂ ਗਈਆਂ ਹਨ, ਜੋ ਕਿਹਰ ਸਿੰਘ ਨੇ ਬਣਾਈਆਂ ਹਨ। ਇਨ੍ਹਾਂ ਵਿੱਚ ਪੰਜਾਬ ਦੇ ਪੇਂਡੂ ਕਾਰੀਗਰਾਂ ਅਤੇ ਧੰਦਿਆਂ ਨਾਲ ਸੰਬੰਧਤ ਕੁਝ ਚਿਤਰ ਹਨ। ਇੱਕ ਹੋਰ ਕਮਰਾ ਹੈ, ਜੋ ਖਾਧ-ਖੁਰਾਕ ਨਾਲ ਸੰਬੰਧਤ ਕਾਰਜਾਂ ਨੂੰ ਦਰਸਾਉਂਦਾ ਹੈ। ਹੱਥ ਨਾਲ ਕਣਕ ਪੀਹਣ ਵਾਲੀ ਚੱਕੀ, ਅਨਾਜ ਛੱਟਣ ਦਾ ਸਮਾਨ ਅਤੇ ਕੁਝ ਛਿੱਕੂ ਵੀ ਪਏ ਹਨ।
ਪਿੰਡਾਂ ਵਿੱਚ ਮਨਪ੍ਰਚਾਵੇ ਲਈ ਵਰਤੇ ਜਾਂਦੇ ਸਾਜ਼ ਵੀ ਇਥੇ ਰੱਖੇ ਜਾਂਦੇ ਹਨ। ਇਨ੍ਹਾਂ ਲੋਕ ਸਾਜ਼ਾਂ ਵਿੱਚ ਢੱਡ, ਸਾਰੰਗੀ, ਤੂੰਬਾ, ਅਲਗੋਜ਼ਾ ਹਨ। ਇਕ ਕਮਰਾ ਨਵੀਂ ਵਿਆਹੀ ਵਹੁਟੀ ਨਾਲ ਸੰਬੰਧਤ ਬਣਾਇਆ ਗਿਆ ਹੈ।ਇਸ ਵਿੱਚ ਵੱਡਾ ਰੰਗਲਾ ਪਲੰਘ ਅਤੇ ਛੋਟੇ ਬਾਲ ਲਈ ਪੰਘੂੜਾ ਹੈ। 18ਵੀਂ ਸਦੀ ਦੇ ਸ਼ਿੰਗਾਰ ਬਾਕਸ ਦਾ ਨਮੂਨਾ ਵੀ ਇਥੇ ਰੱਖਿਆ ਗਿਆ ਹੈ। ਲੱਕੜੀ ਦੇ ਆਲਿਆਂ ਉੱਪਰ ਪੁਰਾਣੇ ਸਮੇਂ ਦੇ ਤੇਲ ਨਾਲ ਬਲਣ ਵਾਲੇ ਦੀਵੇ ਵੀ ਇਸ ਦਾ ਸ਼ਿੰਗਾਰ ਹਨ। ਇਸ ਕਮਰੇ ਤੋਂ ਬਾਅਦ ਅਗਲੇ ਹਿੱਸੇ ਵਿੱਚ ਪਸ਼ੂਆਂ ਨਾਲ ਸੰਬੰਧਤ ਲੋੜੀਂਦਾ ਤੇ ਸਜਾਵਟ ਦਾ ਸਮਾਨ ਪਿਆ ਹੈ ਜਿਵੇਂ: ਘੁੰਗਰੂ, ਸਿਹਰੇ, ਟੱਲ, ਕਾਠੀਆਂ ਇਥੇ ਦੇਖਣ ਨੂੰ ਮਿਲਦੇ ਹਨ। ਇੱਕ ਹੋਰ ਹਿੱਸੇ ਵਿੱਚ ਖੇਤੀ ਨਾਲ ਸੰਬੰਧਤ ਬਹੁਤ ਸਾਰੇ ਸੰਦ ਰੱਖੇ ਗਏ ਹਨ। ਪੁਰਾਣੇ ਨਮੂਨੇ ਦੀਆਂ ਪੌੜੀਆਂ ਇਸ ਇਮਾਰਤ ਦਾ ਸ਼ਿੰਗਾਰ ਹਨ, ਜੋ ਉੱਪਰ ਇੱਕ ਵੱਡੇ ਕਮਰੇ ਤੱਕ ਪਹੁੰਚਦੀਆਂ ਹਨ। ਇਸ ਵੱਡੇ ਕਮਰੇ ਵਿੱਚ ਔਰਤਾਂ ਦੀਆਂ ਕਲਾਵਾਂ, ਮੁੱਖ ਰੂਪ ਵਿਚ, ਫੁਲਕਾਰੀਆਂ ਨੂੰ ਸਜਾਇਆ ਗਿਆ ਹੈ। ਲੋਕਧਾਰਾ ਵਿੱਚ ਫੁਲਕਾਰੀ/ਕਸੀਦਾ ਲੋਕ ਕਲਾਕਾਰੀ ਤੇ ਬਹੁਤ ਵੱਡਾ ਕੰਮ ਕਰਨ ਵਾਲੀ ਡਾ. ਰੰਪਾ ਪਾਲ, ਡਾ. ਮਹਿੰਦਰ ਸਿੰਘ ਰੰਧਾਵਾ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸ ਕੋਲ ਫੁਲਕਾਰੀਆਂ ਦਾ ਇੱਕ ਬਹੁਤ ਵੱਡਾ ਭੰਡਾਰ ਸੀ। ਉਸ ਦੇ ਸਵਰਗਵਾਸ ਹੋ ਜਾਣ ਉਪਰੰਤ ਉਹਨਾਂ ਦੇ ਭਰਾ ਡਾ. ਬੀ. ਪੀ. ਪਾਲ, ਜੋ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਰਹੇ ਹਨ, ਨੇ ਇਹ ਖ਼ਜ਼ਾਨਾ ਇਸ ਅਜਾਇਬ ਘਰ ਨੂੰ ਮੁਫਤ ਦੇ ਦਿੱਤਾ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਸੁਪਤਨੀ ਡਾ. ਬੀਬੀ ਇਕਬਾਲ ਕੌਰ ਰੰਧਾਵਾ ਰਾਹੀਂ ਵੀ ਬਹੁਤ ਸਾਰੀਆਂ ਫੁਲਕਾਰੀਆਂ ਇਸ ਵਿੱਚ ਸ਼ਾਮਲ ਹੋਈਆਂ ਹਨ। ਇਹ ਵੱਡਾ ਕਮਰਾ, ਜਿਸ ਨੂੰ ਚੁਬਾਰਾ ਵੀ ਕਹਿ ਸਕਦੇ ਹਾਂ, ਵਿੱਚ ਕੁਝ ਪੇਂਡੂ ਜੀਵਨ ਦੇ ਦ੍ਰਿਸ਼ ਹਨ। ਇੱਕ ਥਾਂ ਦੁੱਧ ਰਿੜਕਦੀ ਔਰਤ, ਸਹੁਰੇ ਜਾਂਦੀ ਕੁੜੀ, ਤ੍ਰਿੰਝਣ ਵਿੱਚ ਕਸੀਦਾ ਕੱਢ ਰਹੀਆਂ ਕੁੜੀਆਂ, ਡੋਲੀ ਵਿੱਚ ਬੈਠੀ ਲਾੜੀ, ਪੁਰਾਣੇ ਸੱਭਿਆਚਾਰ ਦੇ ਸੁੰਦਰ ਨਮੂਨੇ ਹਨ। ਇਹ ਮੂਰਤੀਆਂ ਇਸ ਤਰ੍ਹਾਂ ਲਗਦੀਆਂ ਹਨ ਕਿ ਜਿਵੇਂ ਹੁਣੇ ਹੀ ਬੋਲਣ ਲੱਗ ਪੈਣਗੀਆਂ। ਥਾਂ-ਪਰ-ਥਾਂ ਲਿਖ ਕੇ ਰੱਖੇ ਸੰਬੰਧਤ ਲੋਕ ਗੀਤ ਇਨ੍ਹਾਂ ਵਸਤਾਂ ਅਤੇ ਦ੍ਰਿਸ਼ਾਂ ਨੂੰ ਹੋਰ ਅਰਥਵਾਨ ਕਰ ਜਾਂਦੇ ਹਨ। ਜਿਵੇ: ਪੰਜਾਬੀ ਜੁੱਤੀਆਂ ਲਾਗੇ ਲਿਖਿਆ ਇਹ ਲੋਕ ਗੀਤ:-
'ਜੁੱਤੀ ਡਿਗਪੀ ਸਿਤਾਰਿਆਂ ਵਾਲੀ
ਨਿੱਜ ਤੇਰੇ ਬੋਤੇ 'ਤੇ ਚੜੀ'
ਇਉਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ,ਲੁਧਿਆਣਾ ਵਿੱਚ ਸਥਾਪਿਤ ਇਹ 'ਪੇਂਡੂ ਸਭਿਅਤਾ ਦਾ ਅਜਾਇਬ ਘਰ',ਜਿਸ ਦਾ ਡਾ. ਮਹਿੰਦਰ ਸਿੰਘ ਰੰਧਾਵਾ ਨੇ ਨਾ ਕੇਵਲ ਸੁਪਨਾ ਲਿਆ, ਬਲਕਿ ਬਹੁਤ ਮਿਹਨਤ ਨਾਲ ਇਸ ਸੁਪਨੇ ਨੂੰ ਅਸਲੀਅਤ ਵਿੱਚ ਵੀ ਬਦਲਿਆ, ਅੱਜ ਇਹ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਪੱਖਾਂ ਨੂੰ ਵਸਤਾਂ ਅਤੇ ਦ੍ਰਿਸ਼ਾਂ ਰਾਹੀਂ ਸੰਭਾਲੀ ਬੈਠਾ ਹੈ, ਜਿਸ ਨੂੰ ਦੇਖਣ ਲਈ ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਬਾਹਰਲੇ ਰਾਜਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਦੇਖਣ ਲਈ ਦਰਸ਼ਕ ਆਉਂਦੇ ਹਨ ਅਤੇ ਇਸ ਨੂੰ ਦੇਖ ਕੇ ਮੁੜ ਮੱਧਕਾਲੀ ਪੰਜਾਬ ਦੇ ਪ੍ਰਵਾਹ ਵਿੱਚ ਵਹਿ ਜਾਂਦੇ ਹਨ। ਇਹ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਕਿ ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬੀ ਕਿਸਾਨੀ ਦੀ ਉੱਨਤੀ ਲਈ ਸਾਰੀ ਉਮਰ ਭਰਪੂਰ ਰੂਪ ਵਿੱਚ ਸਰਗਰਮ ਰਹੇ ਉਹਨਾਂ ਦੁਆਰਾ ਕੀਤਾ ਇਹ ਯਤਨ ਵੀ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਇਤਿਹਾਸ ਅਤੇ ਗੌਰਵ ਨੂੰ ਸੰਭਾਲਣ ਦਾ ਸੀ ਤਾਂ ਜੋ ਆਉਂਦੀਆਂ ਪੀੜ੍ਹੀਆਂ ਆਪਣੇ ਇਸ ਮੱਧਕਾਲੀ ਸੱਭਿਆਚਾਰ ਨੂੰ ਇਨ੍ਹਾਂ ਵਸਤਾਂ ਤੇ ਦ੍ਰਿਸ਼ਾਂ 'ਚੋਂ ਦੇਖ ਸਕਣ ਤੇ ਆਪਣੇ ਇਸ ਸੱਭਿਆਚਾਰ ਦੇ ਨਾਲ ਜੁੜੀਆਂ ਰਹਿ ਸਕਣ।ਨਿਸ਼ਚੇ ਹੀ ਕਿਸੇ ਕੌਮ ਦੇ ਭਵਿੱਖ ਦਾ ਵਿਕਾਸ ਇਤਿਹਾਸ ਨਾਲੋਂ ਟੁੱਟ ਕੇ ਨਹੀਂ ਉਲੀਕਿਆ ਜਾ ਸਕਦਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਬਣਿਆ ਪੇਂਡੂ ਸਭਿਅਤਾ ਦਾ ਅਜਾਇਬ ਘਰ ਵੀ ਪੰਜਾਬ ਦੀ ਕਿਸਾਨੀ ਦੇ ਸੱਭਿਆਚਾਰ ਦੇ ਦਰਸ਼ਨ ਹੀ ਨਹੀਂ ਕਰਵਾਉਂਦਾ, ਬਲਕਿ ਇਸ ਦੇ ਇਤਿਹਾਸਕ ਵਿਕਾਸ ਦੇ ਪੜਾਵਾਂ ਦੀ ਝਲਕ ਵੀ ਸੰਭਾਲੀ ਬੈਠਾ ਹੈ।
ਹਵਾਲੇ
ਸੋਧੋ- ↑ ਡਾ. ਮਹਿੰਦਰ ਸਿੰਘ ਰੰਧਾਵਾ ਸ਼ਾਇਰਾਂ ਦੀਆਂ ਨਜ਼ਰਾਂ ਵਿਚ. pp. 29–30.