ਪੰਜਾਬੀ ਲੋਕ ਸਾਹਿਤ ਦੇ ਵਿਭਿੰਨ ਰੂਪਾਂ ਵਿਚੋਂ ਅਖਾਣ ਇਕ ਹੈ।ਇਸ ਲਈ ਪੰਜਾਬੀ ਵਿਚ ਅਖੌਤ,ਕਹਾਵਤ ਸ਼ਬਦ ਵੀ ਵਰਤੇ ਜਾਂਦੇ ਹਨ। ਅਖਾਣ ਅਜਿਹੀ ਸੂਤਰਿਕ ਲੋਕ ਸ਼ਕਤੀ ਦਾ ਰੂਪ ਹਨ,ਜਿਸ ਵਿਚ ਜਿੰਦਗੀ ਦੇ ਅਨੁਭਵੀ ਸੱਚ ਦੇ ਵਿਸ਼ੇਸ਼ ਅੰਸ਼ ਨੂੰ ਮੌਖਿਕ ਰੂਪ ਵਿਚ ਮੌਕੇ ਮੁਤਾਬਿਕ ਠੁਕਦਾਰ ਲੋਕ ਬੋਲਾਂ ਵਿੱਚ ਉਚਾਰਿਆ ਜਾਂਦਾ ਹੈ। ਅਖਾਣ ਦੀ ਸਭਿਆਚਾਰ,ਸਾਹਿਤਕ ਅਤੇ ਭਾਸ਼ਾਈ ਮਹੱਤਤਾ ਇਸਦੇ ਨਿਰੰਤਰ ਪ੍ਰਯੋਗ ਤੇ ਅਖੁਟ ਭੰਡਾਰ ਵਿਚੋਂ ਸਹਿਜੇ ਹੀ ਪਛਾਣੀ ਜਾ ਸਕਦੀ ਹੈ।ਆਪਣੇ ਸਭਿਆਚਾਰਕ ਜੀਵਨ ਢੰਗ ਨਾਲ ਜੁੜੇ ਵਿਅਕਤੀ ਲਈ ਅਖਾਣ ਬੋਲਣ ਦਾ ਕੰਮ ਓਨਾ ਹੀ ਸਹਿਜ ਅਤੇ ਸੁਭਾਵਕ ਹੁੰਦਾ ਹੈ ,ਜਿੰਨ੍ਹਾਂ ਜਿੰਦਗੀ ਦੀਆਂ ਬੁਨਿਆਦੀ ਲੋੜਾਂ ਦਾ ਕੰਮ।

ਡਾ.ਵਣਜਾਰਾ ਬੇਦੀ ਨੇ ਅਖਾਣ ਦੀ ਪਰਿਭਾਸ਼ਾ ਦਿੰਦਿਆਂ ਲਿਖਿਆ ਹੈ ਕਿ ਅਖਾਣ ਵਿੱਚ ਮਨੁੱਖੀ ਜੀਵਨ ਨਾਲ ਸਬੰਧਿਤ ਕੋਈ ਅਨੁਭਵ ਸੂਤਰਬੱਧ ਕਰਕੇ ਦਿਲਖਿੱਚਵੀਂ ਜਾ ਅਲੰਕਾਰਕ ਬੋਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। [1] ਸੋਧੋ

ਪੰਜਾਬੀ ਅਖਾਣਾਂ ਦੀ ਇਹ ਬਹੁਵਿਧਤਾ,ਵਿਸ਼ਾਲਤਾ ਤੇ ਵਿਆਪਕ ਹੋਂਦ ਕਾਰਣ ਇਹ ਲੋਕ ਸਾਹਿਤ ਦਾ ਅਧਿਕ ਚਰਚਿਤ, ਪ੍ਰਯੁਕਤ ਤੇ ਸਵੀਕਿਰਤ ਰੂਪ ਹੈ। ਲੋਕ-ਸੂਝ ਦਾ ਪ੍ਰਮਾਣਿਕ ਸਰੂਪ ਅਖਾਣਾਂ ਵਿਚੋਂ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।ਅਖਾਣ ਪ੍ਰਮੁੱਖ ਰੂਪ ਵਿਚ ਵਿਭਿੰਨ ਸਭਿਆਚਾਰਾਂ ਵਿਚਲੇ ਵਿਲੱਖਣ ਅਨੁਭਵ ਅਨੁਕੂਲ ਸਿਰਜੇ ਜਾਂਦੇ ਹਨ। ਪੰਜਾਬੀ ਵਿੱਚ ਕਈ ਅਖਾਣ ਫ਼ਾਰਸੀ ਤੇ ਅੰਗਰੇਜ਼ੀ ਤੋ ਪ੍ਰਭਾਵਿਤ ਹੋ ਕੇ ਸਿਰਜੇ ਗਏ ਹਨ।

ਅਖਾਣਾਂ ਦੀ ਸਿਰਜਣ ਪ੍ਰਕਿਰਿਆ ਲੋਕ ਸਾਹਿਤ ਵਾਂਗ ਹੀ ਸਮੂਹ ਦੀ ਪ੍ਰਵਾਨਗੀ ਨਾਲ ਜੁੜੀ ਹੋਈ ਹੈ ਤੇ ਸਿਰਜਕ ਉਸੇ ਵਾਂਗ ਹੀ ਗੁੰਮਨਾਮ ਹੁੰਦਾ ਹੈ। ਵਿਸ਼ਿਸ਼ਟ ਸਾਹਿਤ ਵਿੱਚ ਇਹਨਾਂ ਅਖਾਣਾਂ ਦਾ ਪ੍ਰਯੋਗ ਆਮ ਵਰਤਾਰਾ ਹੈ। ਕਈ ਵਾਰ ਤਾਂ ਕੋਈ ਸਾਹਿਤਕਾਰ ਜ਼ਿੰਦਗੀ ਦੇ ਸੱਚ ਨੂੰ ਇਤਨੇ ਸੰਖਿਪਤ ਤੇ ਸੰਜਮੀ, ਪਰ ਵਿਆਪਕ ਰੂਪ ਵਿਚ ਪ੍ਰਗਟ ਕਰ ਜਾਂਦਾ ਹੈ ਕਿ ਉਸਦੀ ਉਕਤੀ ਅਖਾਣ ਬਣ ਜਾਂਦੀ ਹੈ। ਪੰਜਾਬੀ ਸਾਹਿਤ ਵਿੱਚ ਗੁਰਮਤਿ ਸਾਹਿਤ ਅਤੇ ਕਿੱਸਾ ਕਾਵਿ ਵਿੱਚ ਇਸਦੇ ਅਨੇਕ ਪ੍ਰਮਾਣ ਉਪਲੱਬਧ ਹਨ। ਉਦਾਹਰਣ ਵਜੋਂ:

ਮਨ ਜੀਤੇ ਜਗ ਜੀਤ।

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ।

ਨੀਵੈ ਸੁ ਗਉਰਾ ਹੋਇ।

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਪੰਜਾਬੀ ਅਖਾਣਾਂ ਦਾ ਲੋਕ ਸਾਹਿਤ ਸ਼ਾਸਤਰੀ ਪਰਿਪੇਖ ਵਿੱਚ ਅਧਿਐਨ ਕਰਦਿਆਂ ਇਸ ਨੂੰ ਵੀ ਤਿੰਨ ਮੁੱਖ ਪਹਿਲੂਆਂ ਤੋਂ ਵਿਚਾਰਿਆ ਜਾਣਾ ਜ਼ਰੂਰੀ ਹੈ;

ਸਭਿਆਚਾਰਕ ਅਨੁਭਵ  : ਸੂਤਰਿਕ ਸੱਚ ਸੋਧੋ

ਰੂਪ - ਵਿਧਾਨਕ ਬਣਤਰ ਦੇ ਨਿਯਮ ਸੋਧੋ

ਪੇਸ਼ਕਾਰੀ : ਪ੍ਰਸੰਗ, ਵਿਧੀ ਤੇ ਪਾਠ ਸੋਧੋ

ਸਭਿਆਚਾਰਕ ਅਨੁਭਵ : ਸੂਤਰਿਕ ਸੱਚ ਸੋਧੋ

ਅਖਾਣ ਪੰਜਾਬੀ ਸਭਿਆਚਾਰ ਦੇ ਵਿਸ਼ਾਲ ਅਨੁਭਵੀ ਪਸਾਰਾਂ ਦੇ ਨਿਕਟਤਮ ,ਆਸ਼ਿਕ ਤੇ ਪ੍ਰਸੰਗਿਕ ਸੱਚ ਨੂੰ ਰੂਪਾਇਤ ਕਰਨ ਦਾ ਕਾਰਗਰ ਮਾਧਿਅਮ ਹੈ। ਸਾਡੇ ਜੀਵਨ ਦੇ ਪ੍ਰਤਿਮਾਨਕ, ਕੀਮਤਮੂਲਕ , ਲੋਕਧਾਰਾਈ ਸਰੋਕਾਰਾਂ ਨੂੰ ਪ੍ਰਗਟ ਕਰਨ ਦਾ ਅਖਾਣ ਅਤਿਅੰਤ ਸਹਿਜ ਅਤੇ ਵਿਵਹਾਰਕ ਮਾਧਿਅਮ ਹੈ।ਇਹ ਸਿੱਖਿਆ ਪ੍ਰੇਰਨਾ ਦਾ ਉਤਮ ਢੰਗ ਹੈ। ਪੰਜਾਬੀ ਅਖਾਣ ਸਾਹਿਤ ਵਿੱਚੋ ਪੰਜਾਬੀ ਸਭਿਆਚਾਰ ਦੇ ਇਕਾਗਰ, ਇਕਹਿਰੇ ਮਾਰਮਿਕ ਚਿੱਤਰਾਂ ਅਤੇ ਸੂਝ ਸੰਕਲਪਾਂ ਦੀ ਭਰਮਾਰ ਹੈ। ਵਿਭਿੰਨ ਜਾਤਾਂ,ਵਰਗਾਂ, ਵਿਵਹਾਰਾਂ,ਕੰਮਾਂ, ਆਦਤਾਂ, ਮੌਕਿਆਂ,ਮਾਨਤਾਵਾਂ ,ਕੀਮਤਾਂ, ਪ੍ਰਤਿਮਾਨਾਂ ,ਰਿਸ਼ਤਿਆਂ ਪ੍ਰਤਿ ਸੂਝ ਜਾਂ ਹੁੰਗਾਰੇ ਦਾ ਨਿਚੋੜ ਅਖਾਣਾਂ ਵਿਚੋਂ ਉਜਾਗਰ ਹੁੰਦਾ ਹੈ।

ਅਖਾਣ, ਕਿਉਂਕਿ ਲੋਕ ਅਨੁਭਵ ਵਿਚੋਂ ਕਸ਼ੀਦਿਆ ਸੂਤਰਿਕ ਸੱਚ ਹੁੰਦਾ ਹੈ, ਇਸ ਵਾਸਤੇ ਇਸਦੀ ਸਿਰਜਣਾ ਪਿਛੇ ਕੋਈ ਵਿਸ਼ੇਸ਼ ਲੋਕ ਅਨੁਭਵ ਦੀ ਠੋਸ ਘਟਨਾ, ਸਥਿਤੀ, ਵਰਤਾਰਾ ਜਾਂ ਸਥਾਈ ਆਦਤ ਹੁੰਦੀ ਹੈ, ਜਿਸਦਾ ਨਿਚੋੜ ਅਖਾਣ ਦੇ ਰੂਪ ਵਿੱਚ ਰੂੜਗਤ ਹੋ ਕੇ ਸੰਚਾਰਿਤ ਹੁੰਦਾ ਹੈ। ਇਸ ਵਿਸ਼ੇਸ਼ ਸਿਰਜਣਾ ਪ੍ਰਸੰਗ ਦੀ ਪ੍ਰਕਿਰਤੀ ਸਾਮਾਨਯ ਲੋਕ ਅਨੁਭਵ ਦੇ ਕਿਸੇ ਸਦੀਵੀ ਸਰੋਕਾਰ ਦੀ ਧਾਰਨੀ ਹੋਣ ਕਰਕੇ ਹੀ ਇਹ ਸਮੂਹਿਕ ਸਿਰਜਣਾ ਵਜੋਂ ਮੌਖਿਕ ਸੰਚਾਰਿਤ ਹੋਣ ਦੀ ਸਮਰੱਥਾ ਰੱਖਦਾ ਹੈ। [2]

ਰੂਪ - ਵਿਧਾਨਕ ਬਣਤਰ ਦੇ ਨਿਯਮ ਸੋਧੋ

ਅਖਾਣ ਦੀ ਰੂਪ ਵਿਧਾਨਕ ਪੱਖ ਤੋਂ ਕੇਂਦਰੀ ਪਛਾਣ ਇਸਦਾ ਮੁੱਖ ਰੂਪ ਵਿਚ ਸਾਹਿਤਕ ਪ੍ਰਗਟਾ ਹੈ।ਡਾ.ਵਣਜਾਰਾ ਬੇਦੀ ਅਨੁਸਾਰ "ਅਖਾਣ ਗਦ ਰੂਪ ਵਿਚ ਵੀ ਹੁੰਦੇ ਹਨ ਅਤੇ ਪਦਰੂਪ ਵਿੱਚ ਵੀ"।ਭਾਵ ਅਖਾਣ ਦੀ ਰੂਪ ਵਿਧਾਨਕ ਬਣਤਰ ਸਾਧਾਰਣ ਵਾਰਤਕ ਦੇ ਵਾਕਾਂ ਵਰਗੀ ਵੀ ਹੁੰਦੀ ਹੈ ਅਤੇ ਕਾਵਿ ਬਣਤਰ ਵਾਲੀ ਵੀ। ਇਸ ਕਰਕੇ ਅਖਾਣ ਨੂੰ ਲੋਕ ਕਾਵਿ ਰੂਪ ਮੰਨਣਾ ਮੁਨਾਸਿਬ ਨਹੀਂ।

ਗਦ ਰੂਪ ਵਾਲੇ ਅਖਾਣ ਸੋਧੋ

ਘੁਮਿਆਰੀ ਹਮੇਸ਼ਾ ਆਪਣਾ ਭਾਂਡਾ ਹੀ ਸਲਾਹੁੰਦੀ ਹੈ।

ਪੁੰਨ ਦੀ ਗਊ ਦੇ ਦੰਦ ਕੌਣ ਵੇਖਦਾ ਹੈ।

ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਤਾਂ ਉਹ ਸ਼ਹਿਰ ਵੱਲ ਦੌੜਦਾ ਹੈ।

ਗਦ ਰੂਪ ਅਖਾਣਾਂ ਦਾ ਕੇਂਦਰੀ ਜੁਜ਼ ਮਨੁੱਖੀ ਅਨੁਭਵ ਜਾਂ ਪ੍ਰਕਿਰਤਕ ਵਰਤਾਰੇ ਰਾਹੀ ਕਿਸੇ ਮੂਲ ਮਨੁੱਖੀ ਸੂਝ/ ਸੱਚ ਨੂੰ ਪ੍ਰਕਾਸ਼ਮਾਨ ਕਰਨਾ ਹੁੰਦਾ ਹੈ। ਅਜਿਹੇ ਅਖਾਣ ਪੰਜਾਬੀ ਭਾਸ਼ਾ ਦੀ ਸਧਾਰਨ ਵਾਕ ਬਣਤਰ ਦੇ ਅਧਿਕ ਨੇੜੇ ਹੁੰਦੇ ਹਨ ਅਤੇ ਅਰਥ ਪੇਸ਼ ਦ੍ਰਿਸ਼, ਘਟਨਾ, ਕਾਰਜ ਜਾ ਪਾਤਰ ਦੇ ਸਮੂਰਤ ਬਿੰਬ ਵਿਚੋਂ ਸਹਿਜ ਪਨਪਦਾ ਹੈ।

ਕਾਵਿ ਬਣਤਰ ਵਾਲੇ ਅਖਾਣ ਦੀ ਮੁੱਖ, ਭਾਰੂ ਅਤੇ ਫੈਸਲਾਕੁੰਨ ਜੁਗਤ ਕਾਵਿਕਤਾ ਹੁੰਦੀ ਹੈ। ਇਸ ਵਿੱਚ ਤੁਕਾਂਤ ,ਲੈਅ , ਚਿੰਨ੍ਹ, ਪ੍ਰਤੀਕ ਆਦਿ ਵਿਭਿੰਨ ਕਾਵਿ ਜੁਗਤਾਂ ਦਾ ਪ੍ਰਯੋਗ ਹੁੰਦਾ ਹੈ ।ਰੂਪਕ ਅਤੇ ਬਿੰਬ ਅਖਾਣ ਦੀਆਂ ਕੇਂਦਰੀ ਸਰੰਚਨਾਤਮਕ ਕਾਵਿਕ ਜੁਗਤਾਂ ਹਨ ।ਤੁਕਾਂਤ ਦੀ ਦ੍ਰਿਸ਼ਟੀ ਤੋਂ ਅਖਾਣ ਦਾ ਅਧਿਐਨ ਕਾਫ਼ੀ ਰੋਚਕ ਹੈ ।ਪਰ ਜਿੰਨਾ ਅਖਾਣਾਂ ਵਿੱਚ ਤੁਕਾਂਤ ਵਿਉਂਤ ਹੁੰਦੀ ਹੈ ਉਨ੍ਹਾਂ ਵਿਚ ਤੁਕਾਂਤ ਸਿਰਜਣ ਦੀਆਂ ਬਹੁਤ ਕਲਾਤਮਕ ਵਿਧੀਆਂ ਦਾ ਸਹਿਜ ਪ੍ਰਯੋਗ ਹੁੰਦਾ ਹੈ ।ਮਿਸਾਲ ਵਜੋਂ ਜਿਹੜੇ ਅਖਾਣ ਇੱਕ ਤੋਂ ਵਧੇਰੇ ਪੰਗਤੀਆਂ ਦੇ ਹੁੰਦੇ ਹਨ ਉਨ੍ਹਾਂ ਵਿੱਚੋਂ ਇਹ ਤੁਕਾਂਤ ਅੰਤਲੇ ਚਰਨ ਤੇ ਦੁਹਰਾਓ ਰਾਹੀਂ ਮੇਲਿਆ ਜਾਂਦਾ ਹੈ ਜਿਵੇਂ

ਨਾ ਬਾਣੀਆ ਮੀਤ ਨਾ ਵੇਸਵਾ ਜਤੀ ।

ਨਾ ਕਾਕਾ ਹੰਸ ਨਾ ਖੋਤਾ ਜਤੀ ।

ਤਿੱਤਰ ਖੰਭੀ ਬੱਦਲੀ ਰੰਨ ਮਲਾਈ ਘਾਹ

ਉਹ ਵੱਸੇ ਉਹ ਉੱਜੜੇ ਆਹਲੀ ਮੂਲ ਨਾ ਜਾਹ ।

ਅਖਾਣ ਦੀ ਬਣਤਰ ਦਾ ਇੱਕ ਹੋਰ ਪ੍ਰਮੁੱਖ ਨਿਯਮ ਇਸ ਵਿਚ ਵਿਰੋਧ ਮੁਲਕ ਸਭ ਰੂਪਕ ਬਿੰਬ ਚਿੰਨ੍ਹ ਜਾਂ ਉਪਮਾ ਸਿਰਜਦਾ ਹੈ। ਅਖਾਣ ਦੇ ਸਿਰਜਣਾਤਮਕ ਸੰਗਠਨ ਵਿਚ ਅਨੁਭਵੀ ਸੱਚ ਨੂੰ ਪਰਸਪਰ ਵਿਪਰੀਤ/ ਸਮਰੂਪੀ ,ਟਾਕਰਵੇਂ/ ਮਿਲਵੇਂ ਬਿੰਬ ਚਿੰਨ੍ਹਾਂ ਰਾਹੀਂ ਸਮਰੂਪ ਮੂਰਤਾਂ ,ਸੰਘਣਤਾ ਅਤੇ ਪ੍ਰਚੰਡਤਾ ਪ੍ਰਦਾਨ ਕੀਤੀ ਜਾਂਦੀ ਹੈ ।ਖਾਸ ਕਰਕੇ ਵਿਰੋਧ ਮੁਲਕ ਬਿੰਬ ਚਿੰਨ੍ਹ ਸਥਿਤੀ ਦੇਵਪ੍ਰੀਤ ਅਰਥੀ ਬੁਣਤਰ ਰਾਹੀਂ ਟਕਰਾਓ ਵਿਰੋਧੀ ਭਾਵ ਉਤਪਨ ਕਰ ਕੇ ਨਵੇਂ ਭਾਵ ਖੇਤਰ ਨੂੰ ਉਸਾਰਦੇ ਹਨ ।[3]

ਵਿਰੋਧ ਮੁਲਕ ਜਾਂ ਟਕਰਾਵੇਂ ਬਿੰਬ ਵਾਲੇ ਅਖਾਣ  : ਸੋਧੋ

ਨਾਚ ਨਾ ਜਾਣੇ ,ਆਂਗਨ ਟੇਢਾ ।

ਨੌੰ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ।

ਕੁੱਛਡ਼ ਕੁਡ਼ੀ ਸ਼ਹਿਰ ਢੰਡੋਰਾ ।

ਸਾਮਾਨ ਭਾਵੀ ਜਾਂ ਸਮ ਰੂਪਕ ਸੋਧੋ

ਦੋ ਜੁੜਵੇਂ ਬਿੰਬਾਂ ਦੀ ਬਣਤਰ ਰਾਹੀਂ ਲੋਕ ਸੱਚ ਰੂਪਾਇਤ ਵਾਲੇ ਅਖਾਣ

ਰੱਬ ਮਿਲਾਈ ਜੋੜੀ ਇਕ ਅੰਨ੍ਹਾ ਤੇ ਇੱਕ ਕੋਹੜੀ ।

ਸੌ ਚਾਚਾ ਇੱਕ ਪਿਓ ਸੌ ਦਾਰੂ ਇੱਕ ਘਿਓ ।

ਜਿੰਨੀ ਗੋਡੀ ਓਨੀ ਡੋਡੀ ।

ਅਖਾਣ ਦੀ ਬਣਤਰ ਅਤੇ ਪੇਸ਼ਕਾਰੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਅਖਾਣ ਤੋਂ ਬੁਝਾਰਤ ਤੱਕ ਦਾ ਸਫ਼ਰ ਸਹਿਜ ਹੁੰਦਾ ਹੈ ਬਹੁਤ ਸਾਰੇ ਅਖਾਣ ਬਦਲਦੇ ਹੋਏ ਬੁਝਾਰਤ ਬਣਦੇ ਰਹਿੰਦੇ ਹਨ ਕਈ ਅਖਾਣਾਂ ਦਾ ਪ੍ਰਯੋਗ ਇਸ ਵੱਖਰਤਾ ਨੂੰ ਸਪਸ਼ਟ ਕਰਦਾ ਹੈ ।ਅਖਾਣ ਅਤੇ ਬੁਝਾਰਤ ਦੀ ਦੀ ਇਹ ਨਿਡਰ ਸਾਂਝ ਇਨ੍ਹਾਂ ਦੇ ਰੂਪ ਵਿਧਾਨ ਆਕਾਰ ਪ੍ਰਗਟਾ ਲਹਿਜੇ ਤੇ ਪੇਸ਼ਕਾਰੀ ਪ੍ਰਸੰਗ ਕਾਰਨ ਹੈ ਜਿਵੇਂ

ਮਾਂ ਜੰਮੇ ਨਾ ਜੰਮੇ ਪੁੱਤ ਛੱਤ ਪਲੰਮੇ ।(ਧੂੰਆਂ )

ਇੰਨੀ ਕੁ ਰਾਹੀਂ ਸਾਰੇ ਪਿੰਡ ਚ ਖਿੰਡਾਈ ।(ਅੱਗ )

ਮੁਹਾਵਰਾ ਸੋਧੋ

ਲੋਕ ਸਾਹਿਤ ਦੇ ਵਿਭਿੰਨ ਸੂਤ੍ਰਿਕ ਰੂਪਾਂ ਵਿੱਚੋਂ ਅਖਾਣ ਦੇ ਨਾਲ ਹੀ ਮੁਹਾਵਰੇ ਦਾ ਜ਼ਿਕਰ ਵੀ ਜ਼ਰੂਰੀ ਹੈ ।ਮੁਹਾਵਰਾ ਅਜਿਹਾ ਲਘੂਤਮ ਭਾਸ਼ਾਈ ਪ੍ਰਗਟਾਅ ਰੂਪ ਹੈ ;ਜਿਸ ਵਿੱਚ ਗਿਣਤੀ ਦੇ ਸ਼ਬਦਾਂ ਰਾਹੀਂ ਸਮੂਹਿਕ ਅਨੁਭਵ ਦੇ ਕਿਸੇ ਸਾਰ ਤੱਤ ,ਨਿਚੋੜ ਜਾਂ ਵਰਤਾਰੇ ਨੂੰ ਵਿਅੰਜਕ ਲਹਿਜੇ ਵਿੱਚ ਪ੍ਰਗਟਾਇਆ ਜਾਂਦਾ ਹੈ ।ਮੁਹਾਵਰੇ ਦੀ ਭਾਸ਼ਾ ਵਿੱਚ ਸ਼ਬਦਾਂ ਦੇ ਸਧਾਰਨ ਪ੍ਰਚੱਲਤ ਅਰਥ ਆਪਣੇ ਨਵੇਂ ਪ੍ਰਸੰਗ ਅਤੇ ਪ੍ਰਯੋਗ ਵਿੱਚ ਵੱਖਰੇ ਵਿਸਥਾਰਿਤ ਅਰਥ ਗ੍ਰਹਿਣ ਕਰਦੇ ਹਨ ।ਨਵੇਂ ਉਤਪੰਨ ਅਰਥਾਂ ਅਤੇ ਸ਼ਬਦਾਂ ਦੇ ਸਾਧਾਰਨ ਅਰਥਾਂ ਵਿਚ ਉਹ ਪ੍ਰਤੱਖ ਸਾਂਝ ਦੇ ਬਾਵਜੂਦ ਵੀ ਸ਼ਬਦਾਂ ਦੇ ਸਧਾਰਨ ਅਰਥ ਅਸਲੀ ਅਰਥਾਂ ਦੇ ਸੂਚਕ ਨਹੀਂ ਹੁੰਦੇ।ਇਨ੍ਹਾਂ ਨੂੰ ਸੱਭਿਆਚਾਰਕ ਵਰਤਾਰੇ ਦੇ ਪ੍ਰਕਰਣ ਵਿੱਚ ਸ਼ਬਦਾਂ ਦੇ ਸੁਝਾਓ ਅਰਥਾਂ ਵਿੱਚ ਨਹੀਂ ਵਿਚਾਰਿਆ ਜਾਂਦਾ ।ਜਿਵੇਂ ਚਾਂਦੀ ਦੀ ਜੁੱਤੀ ਮਾਰਨਾ ਮੁਹਾਵਰੇ ਦੇ ਸ਼ਾਬਦਿਕ ਅਰਥ ਇਸਦੇ ਚਿੰਤਨ ਅਰਥਾਂ ਵੱਲ ਅਤਿ ਸਾਧਾਰਨ ਸੰਕੇਤ ਤਾਂ ਕਰਦੇ ਹਨ ,ਪਰ ਇਹ ਸਹੀ ਤੇ ਸਮੁੱਚੇ ਸਾਰ ਤੱਤ ਨੂੰ ਉਨਾ ਚਿਰ ਆਪਣੇ ਆਪ ਸਪਸ਼ਟ ਨਹੀਂ ਕਰਦੇ ਜਿੰਨਾ ਚਿਰ ਚਾਂਦੀ ਦੇ ਸੱਭਿਆਚਾਰਕ ਮੁੱਲ ਅਤੇ ਵੱਡੀ ਦੇ ਅਮਲ ਨੂੰ ਜੁੱਤੀ ਮਾਰਨ ਦੇ ਸਮਵਿੱਥ ਨਾ ਕਲਪਿਆ ਜਾ ਸਕੇ ।ਮੁਹਾਵਰਾ ਸ਼ਬਦਾਂ ਦੀ ਨਵੀਂ ਭਾਸ਼ਾ ਜੁਗਤ ਵਿੱਚੋਂ ਬਿਲਕੁਲ ਵੱਖਰੇ ਅਰਥਾਂ ਦਾ ਵਿਸਫੋਟ ਹੈ ।ਇਸ ਦੀ ਬਣਤਰ ਪੀਡੀ, ਸਥਿਰ ਅਤੇ ਨਿਸ਼ਚਿਤ ਹੁੰਦੀ ਹੈ ।ਬਹੁਤ ਘੱਟ ਮੁਹਾਵਰੇ ਨਾਮ ਜਾਂ ਪੜਨਾਂਵ ਮੁਲਕ ਹੁੰਦੇ ਹਨ ਇਹ ਜੀਵਨ ਵਿਵਹਾਰ ਵਿੱਚੋਂ ਰੂੜ੍ਹ ਹੁੰਦੇ ਰਹਿੰਦੇ ਹਨ ।

ਅਖਾਣ ਅਤੇ ਮੁਹਾਵਰਾ ਇੱਕੋ ਖੇਤਰ ਅਤੇ ਮੁਕਾਬਲਤਨ ਰੂਪਗਤ ਸਾਂਝ ਦੇ ਬਾਵਜੂਦ ਵੱਖੋ ਵੱਖਰੀ ਬਣਤਰ ਅਰਥ ਸਿਰਜਣ ਪ੍ਰਕਿਰਿਆ ਅਤੇ ਨਿਯਮਾਂ ਦੇ ਧਾਰਨੀ ਹਨ ।ਜਿੱਥੇ ਮੁਹਾਵਰੇ ਵਿੱਚ ਪ੍ਰਸੰਗ ਅਨੁਸਾਰ ਲਿੰਗ, ਪੁਲਿੰਗ, ਕਿਰਿਆ, ਵਿੱਚ ਪਰਿਵਰਤਨ ਆਉਂਦਾ ਹੈ, ਅਖਾਣ ਵਧੇਰੇ ਨਿਸ਼ਚਤ ਸਰੂਪ ਵੱਲ ਹੋਣ ਕਾਰਨ ਇਸ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ।ਮੁਹਾਵਰੇ ਵਿੱਚ ਅਰਥ ਵਿਸਥਾਰ ਹੁੰਦਾ ਹੈ ਜਦਕਿ ਅਖਾਣ ਵਿਚ ਸਮਾਜਿਕ ਜ਼ਿੰਦਗੀ ਤੇ ਪਰਸਪਰ ਟਾਕਰੇ ਜਾਂ ਸੁਮੇਲ ਦੇ ਇਕਾਗਰ ਰੂਪਕ ਬਿੰਬ ਵਿੱਚੋਂ ਨਵੇਂ ਅਰਥ ਉਤਪੰਨ ਕੀਤੇ ਜਾਂਦੇ ਹਨ ।

ਅਖਾਣ ਦੇ ਸਮਵਿੱਥ ਹੀ ਕਈ ਵਾਰੀ ਸਿਆਣਪ ਤੇ ਟੋਟੇ ਨੂੰ ਵੱਖਰਾ ਲੋਕ ਸਾਹਿਤ ਰੂਪ ਮੰਨ ਲਿਆ ਜਾਂਦਾ ਹੈ ।ਇਸ ਵਿਚ ਪਰਗਟ ਮਾਨਵੀ ਸੰਚਿਤ ਸੱਚ ਵਿਵਹਾਰਕ ਸੂਝ ਦਾ ਸਾਰ ਅਤੇ ਸੁਭਾਅ ਅਖਾਣ ਦਾ ਹੀ ਸਹਿਜ ਅੰਗ ਬਣ ਜਾਂਦਾ ਹੈ ।ਇਸੇ ਕਾਰਨ ਹੀ ਇਸ ਅਧਿਐਨ ਵਿੱਚ ਅਖਾਣ ਦੇ ਸਮੁੱਚੇ ਵਿਧਾਗਤ ਭੇਦ ਦੇ ਅੰਤਰਗਤ ਹੀ ਇਨ੍ਹਾਂ ਸੂਤਕ ਕਥਨਾਂ ਨੂੰ ਸ਼ਾਮਲ ਕੀਤਾ ਗਿਆ ਹੈ ।ਇਹ ਟੋਟੇ ਜਾਂ ਕਥਨ ਸਹੀ ਅਤੇ ਸਹਿਜ ਰੂਪ ਵਿੱਚ ਅਖਾਣ ਦਾ ਹੀ ਅੰਗ ਹਨ ।

ਪੇਸ਼ਕਾਰੀ :ਪ੍ਰਸੰਗ, ਵਿਧੀ ਅਤੇ ਪਾਠ ਸੋਧੋ

ਅਖਾਣ ਦਾ ਪ੍ਰਮਾਣਿਕ ਪਾਠ ਸਿਰਫ਼ ਇਸ ਦੇ ਪ੍ਰਵਚਨ ਵਿਚ ਹੀ ਨਹੀਂ ਹੁੰਦਾ ,ਸਗੋਂ ਇਸ ਪ੍ਰਵਚਨ ਦੇ ਸਮਾਨੰਤਰ ਸਭਿਆਚਾਰਕ ਪ੍ਰਸੰਗ ਵੀ ਇਸਦੇ ਪ੍ਰਮਾਣਿਕ ਪਾਠ ਦਾ ਲਾਜ਼ਮੀ ਅੰਗ ਹੈ।ਹੁਣ ਤੱਕ ਬਹੁਤੇ ਪ੍ਰਾਪਤ ਅਖਾਣ ਸੰਗ੍ਰਹਿ ਸਿਰਫ਼ ਅਖਾਣ ਦੇ ਭਾਸ਼ਾਗਤ ਪਾਠ ਤਕ ਹੀ ਮਹਿਦੂਦ ਹਨ, ਜਦਕਿ ਅਖਾਣ ਦੀ ਸਮੁੱਚੀ ਹੋਂਦ ਇਸਦੇ ਭਾਸ਼ਾਗਤ ਪਾਠ ਦੇ ਨਾਲ ਹੀ ਇਸਦੇ ਪੇਸ਼ਕਾਰੀ ਪ੍ਰਸੰਗ ਅਤੇ ਸਿਰਜਣ ਪ੍ਰਸੰਗ ਦੇ ਇਕਾਗਰ ਸਮੁੱਚ ਵਿੱਚੋਂ ਹੀ ਗ੍ਰਹਿਣ ਕੀਤੀ ਜਾ ਸਕਦੀ ਹੈ।ਇਸ ਕਰਕੇ ਸਿਰਫ਼ ਭਾਸ਼ਾਗਤ ਪਾਠ ਨੂੰ ਇਕੱਤਰ ਕਰਨਾ ਅਖਾਣ ਦੇ ਪ੍ਰਮਾਣਿਕ ਪਾਠ ਦਾ ਨਮੂਨਾ ਨਹੀਂ ਬਣਦਾ ।ਪ੍ਰਮਾਣਿਕ ਅਖਾਣ ਭਾਸ਼ਾਗਤ ਪਾਠ ਅਤੇ ਪੇਸ਼ਕਾਰੀ ਪ੍ਰਸੰਗ ਦੇ ਨਾਲ ਹੀ ਸੱਭਿਆਚਾਰਕ ਵਿਵੇਕ ਦੇ ਤੀਹਰੇ ਕਾਰਜ ਵਿੱਚੋਂ ਵੀ ਸਰੂਪ ਗ੍ਰਹਿਣ ਕਰਦਾ ਹੈ ।ਇਹ ਕਾਰਨ ਹੈ ਕਿ ਸਾਰੇ ਅਖਾਣਾਂ ਨੂੰ ਦੂਸਰੇ ਸੱਭਿਆਚਾਰਕ ਅਤੇ ਭਾਸ਼ਾਈ ਸਮੂਹ ਸਹਿਜੇ ਜਾਂ ਅਚੇਤ ਹੀ ਸਮਝਣ ਦੇ ਸਮਰੱਥ ਨਹੀਂ ਹੁੰਦੇ ।ਭਾਵੇਂ ਕੁਝ ਇੱਕ ਅਖਾਣ ਇੱਕ ਤੋਂ ਵਧੇਰੇ ਸੱਭਿਆਚਾਰਾਂ ਵਿੱਚ ਸਿਰਜੇ ਤੇ ਪ੍ਰਚੱਲਤ ਹੋ ਸਕਦੇ ਹਨ, ਪਰ ਅਖਾਣ ਦਾ ਜ਼ਿਆਦਾ ਭੰਡਾਰ ਉਸ ਸਭਿਆਚਾਰ ਦੇ ਨਿੱਖੜਨ ਅਨੁਭਵ ਦਾ ਮੁਲਕ ਪ੍ਰਗਟਾਅ ਹੁੰਦਾ ਹਨ ।

ਦੁਹਰਾਓ ਮੂਲਕ ,ਸਮਭਾਵੀ ਜਾਂ ਅਨੂਕੁਲਿਤ ਸਥਿਤੀ ਅਖਾਣ ਦਾ ਪੇਸ਼ਕਾਰੀ ਪ੍ਰਸੰਗ ਹੈ ।ਇਹ ਆਮ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੈਨੂੰ ਅਖਾਣ ਤਾਂ ਬਹੁਤ ਆਉਂਦੇ ਨੇ ,ਪਰ ਵਕਤ ਸਿਰ ਔੜ ਨੇ ਨਹੀਂ ਜਾਂ ਵਰਤਣੇ ਨਹੀਂ ਆਉਂਦੇ ।ਵਕਤ ਸਿਰਫ ਅਖਾਣ ਫੋਰਨ ਪਿੱਛੇ ਵਿਅਕਤੀ ਵਿਸ਼ੇਸ਼ ਦੀ ਯਾਦ ਸ਼ਕਤੀ ਹੀ ਨਹੀਂ ,ਸਗੋਂ ਉਸ ਦੀ ਮੌਕੇ ਦੀ ਸੂਝ ਤੇ ਹਾਜ਼ਰ ਜੁਆਬੀ ਫ਼ੈਸਲਾਕੁੰਨ ਹੈ ।ਅਖਾਣ ਨੂੰ ਘੋਟਾ ਨਹੀਂ ਲੈ ਜਾ ਸਕਦਾ, ਨਾ ਹੀ ਇਸ ਨੂੰ ਨਿਰਾ ਪੁਸਤਕੀ ਗਿਆਨ ਵਾਂਗ ਗ੍ਰਹਿਣ ਕੀਤਾ ਜਾ ਸਕਦਾ ਹੈ । ਇਨ੍ਹਾਂ ਦੀ ਸਮਝ ਤੇ ਵਰਤੋਂ ਜੀਵਨ ਦਾ ਸਹਿਜ ਤੇ ਜੀਵੰਤ ਅਮਲ ਹੈ ।ਢੁੱਕਵੇਂ ਅਤੇ ਉਚਿਤ ਮੌਕੇ ਤੇ ਲੰਮੇਰੇ ਬਿਰਤਾਂਤ ਜਾਂ ਵਖਿਆਨ ਦੀ ਥਾਂ ਅਖਾਣ ਦਾ ਇਹ ਪ੍ਰਯੋਗ ਨਾ ਸਿਰਫ਼ ਰੌਚਕਤਾ, ਅਰਥ ਵਿਸ਼ਾਲਤਾ, ਸਮਭਾਵੀ ਰੂਪਕ ਅਤੇ ਸੁਹਜ ਦਾ ਸਰੋਤ ਬਣਦਾ ਹੈ, ਸਗੋਂ ਇਹ ਮੌਕੇ ਦੀ ਨਜ਼ਾਕਤ, ਉਚਾਰਨ ਦੀ ਨਿਪੁੰਨਤਾ ਅਤੇ ਸੰਬੋਧਿਤ ਦੀ ਸਥਿਤੀ ਦਾ ਵਿਵੇਕ ਪ੍ਰਸਤੁਤ ਕਰਦਾ ਹੈ ।ਅਖਾਣ ਦਾ ਪੇਸ਼ਕਾਰੀ ਪ੍ਰਸੰਗ ਸੰਪੂਰਨ ਰੂਪ ਵਿੱਚ ਪੂਰਵ ਨਿਰਧਾਰਿਤ ਨਹੀਂ ਹੁੰਦਾ ਸਗੋਂ ਇਹ ਉਤਪਨ ਸਥਿਤੀ ,ਪਾਤਰ, ਘਟਨਾ ਜਾਂ ਕਿਸੇ ਵਰਤਾਰੇ ਦੇ ਆਂਤਰਿਕ ਵਿਵੇਕ ਦੇ ਅਨੁਕੂਲ ਪ੍ਰਚੱਲਿਤ ਉਕਤੀ ਦਾ ਫੌਰੀ ਉਚਾਰ ਹੁੰਦਾ ਹੈ ।ਇੱਕੋ ਆਦਤ, ਸਥਿਤੀ ਦੀ ਪ੍ਰਕਿਰਤੀ ਅਨੁਕੂਲ ਇਕ ਤੋਂ ਵੱਧ ਅਖਾਣ ਵੀ ਹੋ ਸਕਦੇ ਹਨ। ਜਿਵੇਂ  :

ਉੱਠ ਹੋਵੇ ਨਾ, ਫਿੱਟੇ ਮੂੰਹ ਗੋਡਿਆਂ ਦਾ ।

ਨਾਚ ਨਾ ਜਾਣੇ ,ਆਂਗਣ ਟੇਢਾ ।

ਉੱਜੜੇ ਪਿੰਡ ,ਭੜੋਲਾ ਮਹਿਲ ।

ਉੱਜੜੇ ਬਾਗਾਂ ਦੇ, ਗਾਲ੍ਹੜ ਪਟਵਾਰੀ ।

ਅਖਾਣ ਦੀ ਪੇਸ਼ਕਾਰੀ ਵਿਧੀ ਵਿੱਚ ਸੁਰ ਸੰਬੋਧਨੀ ਹੁੰਦੀ ਹੈ ।ਕੇਂਦਰੀ ਵਿਅਕਤੀ ਅਖਾਣ ਉਚਾਰਨ ਵਾਲਾ ਹੁੰਦਾ ਹੈ ਅਤੇ ਜਿਸ ਨੂੰ ਸੰਬੋਧਿਤ ਕੀਤਾ ਜਾਂਦਾ ਹੁੰਦਾ ਹੈ ,ਉਹ ਵੀ ਹਾਜ਼ਰ ਹੁੰਦਾ ਹੈ ।ਇਸ ਕਰਕੇ ਅਖਾਣ ਪ੍ਰਤੱਖ ਅਤੇ ਹਾਜ਼ਰ ਸੰਬੋਧਨ ਸ਼ੈਲੀ ਦਾ ਧਾਰਨੀ ਹੁੰਦਾ ਹੈ ।ਸੰਬੋਧਕ ਅਤੇ ਸੰਬੋਧਿਤ ਧਿਰਾਂ ਦੀ ਹੋਂਦ ਭਾਵੇਂ ਜ਼ਰੂਰੀ ਹੈ ,ਪਰ ਕਈ ਵਾਰ ਅਖਾਣ ਦਾ ਉਹ ਪਾਤਰ ,ਜਿਸ ਦਾ ਜ਼ਿਕਰ ਹੋ ਰਿਹਾ ਹੈ ,ਗ਼ੈਰ ਹਾਜ਼ਰ ਵੀ ਹੋ ਸਕਦਾ ਹੈ ਪਰ ਸੰਬੋਧਿਤ ਧਿਰ ਜ਼ਰੂਰ ਹਾਜ਼ਰ ਹੁੰਦੀ ਹੈ ।ਵਡੇਰੀ ਉਮਰ ਜਾਂ ਮਾਂ ਬਾਪ ਦਾ ਅਖਾਣ ਉਚਾਰ ਇਸ ਪੱਖੋਂ ਵਰਨਣਯੋਗ ਹੈ ।ਅਖਾਣ ਦਾ ਸੰਬੋਧਨ ਪ੍ਰਸੰਗ ਅਨੁਕੂਲ ਕੋਸਣ ,ਪ੍ਰੇਰਨ, ਵਿਅੰਗ ਜਾਂ ਮਖੌਲ, ਪ੍ਰਸੰਸਾ ਆਦਿ ਦਾ ਸੂਚਕ ਹੁੰਦਾ ਹੈ ।ਜਿਵੇਂ :[4]

ਕੋਸਣ  : ਕੋਹ ਨਾ ਤੁਰੀ, ਬਾਬਾ ਤਿਹਾਈ । ਸੋਧੋ

ਬੁੱਢਾ ਚੋਰ, ਮਸੀਤੀ ਡੇਰੇ । ਸੋਧੋ

ਪ੍ਰੇਰਨਾ :ਦੱਬ ਕੇ ਵਾਹ, ਤੇ ਰੱਜ ਕੇ ਖਾਹ । ਸੋਧੋ

ਉੱਦਮ ਅੱਗੇ ਲੱਛਮੀ ,ਪੱਖੇ ਅੱਗੇ ਪੌਣ । ਸੋਧੋ

ਪ੍ਰਸੰਸਾ :ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ । ਸੋਧੋ

ਵਿਅੰਗ :ਸੱਦੀ ਨਾ ਬੁਲਾਈ ,ਮੈਂ ਲਾੜੇ ਦੀ ਤਾਈਂ। ਸੋਧੋ

ਮਖ਼ੌਲ :ਵਿਹਲੀ ਰਨ ,ਪ੍ਰਾਹੁਣਿਆਂ ਜੋਗੀ । ਸੋਧੋ

ਪੰਜਾਬੀ ਅਖਾਣ ਦਾ ਪ੍ਰਮਾਣਿਕ ਪਾਠ ਪੰਜਾਬੀ ਸਭਿਆਚਾਰ ਦੀ ਬੋਲ ਚਾਲ ਦੀ ਭਾਸ਼ਾ ਵਿੱਚ ਹੀ ਜੀਵਤ ਰਹਿੰਦਾ ਹੈ ।ਇਸ ਭਾਸ਼ਾ ਦਾ ਵੀ ਅੱਗੇ ਉਪਭਾਸ਼ਾਈ ਦਾਇਰਿਆਂ ਅਨੁਸਾਰ ਅਖਾਣ ਦੀ ਭਾਸ਼ਾ ,ਲਹਿਜੇ, ਸੁਰ ਅਤੇ ਧੁਨਾਂ ਵਿੱਚ ਪਛਾਣਨਯੋਗ ਅੰਤਰ ਹੁੰਦਾ ਹੈ ।ਕਿਉਂਕਿ ਅਖਾਣ ਦੀ ਸਿਰਜਣਾ ਅਤੇ ਸੰਚਾਰ ਲੋਕ ਆਪਣੇ ਜੀਵਨ ਵਿਵਹਾਰ ਵਿੱਚੋਂ ਕਰਦੇ ਰਹਿੰਦੇ ਹਨ, ਇਸ ਕਾਰਨ ਇਸ ਦਾ ਪ੍ਰਮਾਣਿਕ ਪਾਠ ਉਨ੍ਹਾਂ ਦੇ ਉਪਭਾਸ਼ਾਈ ਦਾਇਰੇ ਵਿੱਚ ਹੀ ਸੰਭਵ ਹੈ ।ਇਸ ਕਾਰਨ ਅਖਾਣ ਦਾ ਪ੍ਰਮਾਣਿਕ ਪਾਠ ਉਪਭਾਸ਼ਾਈ ਦਾਇਰਿਆਂ ਦੇ ਉਚਾਰ ਦਾ ਹੀ ਹੁੰਦਾ ਹੈ ਅਤੇ ਇਸ ਨੂੰ ਇਕੱਤਰ ਕਰਨਾ ਉਚਿਤ ਹੈ ।

ਵਿਵਹਾਰਿਕ ਅਧਿਐਨ: ਇਕ ਨਮੂਨਾ ਸੋਧੋ

ਉੱਤਮ ਖੇਤੀ, ਮੱਧਮ ਵਪਾਰ।

ਨਖਿੱਧ ਚਾਕਰੀ ,ਭੀਖ ਨਦਾਰ ।

ਇਹ ਅਖਾਣ ਪੰਜਾਬੀ ਸੱਭਿਆਚਾਰ ਵਿੱਚ ਖੇਤਰੀ ਅਰਥਚਾਰੇ ਦੀ ਪ੍ਰਧਾਨਤਾ ਅਤੇ ਉੱਤਮਤਾ ਵਿੱਚੋਂ ਉਤਪਨ ਅਨੁਭਵ ਦੇ ਗੌਰਵ ਨੂੰ ਪ੍ਰਗਟਾਉਂਦਾ ਹੈ ।ਹਰੇਕ ਸੱਭਿਆਚਾਰਕ ਸਮੂਹ ਆਪਣੀ ਕਿਰਤ ਦੇ ਅਮਲ ਨੂੰ ਮਨੁੱਖੀ ਜ਼ਿੰਦਗੀ ਜਿਊਣ ਦੇ ਮਾਨਵ ਹਿੱਤ ਵਧੇਰੇ ਅਨੁਕੂਲ ਅਤੇ ਉੱਤਮ ਮੰਨਦਾ ਹੈ।ਇਸ ਤੋਂ ਬਿਨਾਂ ਉਹ ਸੱਭਿਆਚਾਰਕ ਸਮੂਹ ਅਪਣੀ ਕਿਰਤ ਦੇ ਅਮਲ ਨੂੰ ਨਿਰੰਤਰ ਜਾਰੀ ਰੱਖਣ ਅਤੇ ਇਸ ਨੂੰ ਜੀਵਨ ਦਾ ਸਰਵੋਤਮ ਅੰਗ ਬਣਾਉਣ ਦੇ ਸਮਰੱਥ ਨਹੀਂ ਹੋ ਸਕਦਾ।ਇਹ ਅਖਾਣ ਪੰਜਾਬੀਆਂ ਦੇ ਖੇਤੀ ਪ੍ਰਧਾਨ ਕਿਰਤ ਅਮਲ ਨੂੰ ਦੂਸਰੇ ਕਿੱਤਿਆਂ ਦੇ ਮੁਕਾਬਲੇ ਨਾ ਸਿਰਫ ਵਡਿਆਉਣ ਸਗੋਂ ਦੂਸਰੇ ਕਿੱਤਿਆਂ ਦੀ ਸਥਿਤੀ ਨੂੰ ਕਰਮਵਾਰ ਮੁਕਾਲਤਨ ਕਰਨ ਪ੍ਰਤੀ ਉਨਮੁੱਖ ਹੈ। ਖੇਤੀ ਨੂੰ ਸਭ ਤੋਂ ਉੱਤਮ ਪੇਸ਼ਾ ਅਤੇ ਕੰਮ ਸਵੀਕਾਰਿਆ ਗਿਆ ਹੈ। ਪੰਜਾਬ, ਸਮਾਜਕ ਬਣਤਰ ਵਿੱਚ ਆਪਣੀ ਭੂਗੋਲਿਕ ਵਿਸ਼ੇਸ਼ਤਾ ਅਨੁਸਾਰ ਨਿਰਸੰਦੇਹ ਖੇਤੀਬਾੜੀ ਪੱਖੋਂ ਭਾਰਤ ਦਾ ਸਭ ਤੋਂ ਬਿਹਤਰ ਇਲਾਕਾ ਹੈ ਅਤੇ ਖੇਤੀ ਇਸਦਾ ਪੂਰਵ ਇਤਿਹਾਸਕ ਕਾਲ ਤੋਂ ਅੱਜ ਤੱਕ ਭਾਰੂ ਪੇਸ਼ਾ ਅਤੇ ਉਤਪਾਦਨ ਦਾ ਇਕੋ ਇਕ ਮੂਲ ਸਾਧਨ ਰਿਹਾ ਹੈ । ਪੰਜਾਬੀ ਦੇ ਬਹੁਤ ਸਾਰੇ ਹੋਰ ਅਖਾਣਾਂ ਅਤੇ ਲੋਕ ਗੀਤਾਂ ਵਿੱਚ ਜੱਟ ਦੀ ਮੰਦਹਾਲੀ ,ਗ਼ਰੀਬੀ ,ਕਠੋਰ ਮਿਹਨਤ ਅਤੇ ਇਸਦੇ ਉਤਪੰਨ ਪਰਿਵਾਰਕ ਕਸ਼ਟ ,ਕਲੇਸ਼ ਅਤੇ ਹੋਰ ਮੁਸ਼ਕਲਾਂ ਦਾ ਭਰਪੂਰ ਅਤੇ ਦੁਖਪੂਰਨ ਵਰਣਨ ਹੋਇਆ ਹੈ, ਜਿਵੇਂ

ਜੱਟ ਤੇ ਸੂਰ ਬਰਾਬਰ ਈ, ਜੱਟ ਤੋਲੀ ਭਾਰਾ ।

ਸੂਰ ਪੱਟੇ ਮਰਲਾ ,ਜੱਟ ਵਿੱਘਾ ਸਾਰਾ ।(ਅਖਾਣ )

ਵਪਾਰ ਜੋ ਕਿ ਅਜੋਕੀ ਭਾਰਤੀ ਅਰਥਵਿਵਸਥਾ ਦਾ ਅਹਿਮ ਲਾਹੇਵੰਦ ਅਤੇ ਭਾਰੂ ਪੇਸ਼ਾ ਬਣ ਗਿਆ ਰਿਹਾ ਹੈ ,ਇਸ ਅਖਾਣ ਵਿੱਚ ਇਸ ਨੂੰ ਮੱਧਮ ਅਰਥਾਤ ਬਹੁਤ ਚੰਗਾ ਅਤੇ ਲਾਹੇਵੰਦ ਨਹੀਂ ਮੰਨਿਆ ਗਿਆ ।ਵਪਾਰੀ ਪੇਸ਼ੇ ਨੂੰ ਸਾਡੇ ਸੱਭਿਆਚਾਰ ਵਿੱਚ ਬਹੁਤਾ ਸਤਿਕਾਰਤ ਕੰਮ ਨਹੀਂ ਮੰਨਿਆ ਜਾਂਦਾ।ਵਪਾਰੀ ,ਬਾਣੀਆ ਹਮੇਸ਼ਾਂ ਘ੍ਰਿਣਾ ,ਤ੍ਰਿਸਕਾਰ, ਮਖੌਲ ਅਤੇ ਵਿਅੰਗ ਦਾ ਸ਼ਿਕਾਰ ਰਿਹਾ ਹੈ। ਬਾਣੀ ਅਤੇ ਜੱਟ ਵਿਚਕਾਰ ਪੰਜਾਬੀ ਸਭਿਆਚਾਰ ਵਿੱਚ ਨਿਰੰਤਰ ਦੁਫੇੜ, ਵਿਰੋਧ,ਈਰਖਾ ਅਤੇ ਟਕਰਾਅ ਰਿਹਾ ਹੈ ਇਸੇ ਕਾਰਨ ਹੀ ਪੰਜਾਬ ਦੇ ਲੋਕ ਸਾਹਿਤ ਵਿੱਚ ਕਰਾੜ, ਬਾਣੀਆਂ ਆਦਿ ਬਾਰੇ ਅਤਿਅੰਤ ਰੌਚਕ ਗੀਤ ,ਅਖਾਣ ਅਤੇ ਚੁਟਕਲੇ ਪ੍ਰਚੱਲਿਤ ਹਨ ,ਜਿਨ੍ਹਾਂ ਵਿੱਚ ਬਾਣੀਏ ਦੇ ਅੰਨ੍ਹੇ ਲਾਲਚ ,ਮੌਕਾਪ੍ਰਸਤ, ਡਰੂ, ਚੁਸਤ, ਚਾਲਬਾਜ਼ ਅਤੇ ਪਾਖੰਡੀ ਹੋਣ ਨੂੰ ਉਜਾਗਰ ਕੀਤਾ ਗਿਆ ਹੈ :

ਨਾ ਬਾਣੀਆ ਮੀਤ, ਨਾ ਵੇਸਵਾ ਜੁੱਤੀ।

ਨਾ ਕਾਗਾ ਹੰਸ, ਨਾ ਖੋਤਾ ਜੁਤੀ ।

ਕਾਂ ,ਕਰਾੜ ,ਕੁੱਤੇ ਦਾ ,ਵਿਸਾਹ ਨਾ ਖਾਈਏ ਸੁੱਤੇ ਦਾ ।

ਇਹ ਅਖਾਣ ਮੂਲ ਰੂਪ ਵਿੱਚ ਪੰਜਾਬ ਦੀ ਜਗੀਰਦਾਰੀ ਅਰਥਵਿਵਸਥਾ ਵਿੱਚ ਸਿਰਜਿਆ ਗਿਆ ਹੈ ਜਿਸ ਵਿੱਚ ਕਿਰਤ ਵੰਡ ਪ੍ਰਤੀ ਉਸੇ ਯੁੱਗ ਦੀ ਚੇਤਨਾ ,ਸਮਾਜਿਕ ਸਾਰ ,ਅਨੁਭਵ ਅਤੇ ਕੀਮਤ ਪ੍ਰਬੰਧ ਅਨੁਕੂਲ ਪੇਸ਼ੀਆਂ ਦੀ ਉਤਮਤਾ, ਮੱਧਮਤਾਂ ,ਨਖਿੱਧਤਾ ਅਤੇ ਨਾਦਾਰੀ ਬਿਆਨ ਹੋਈ ਹੈ ।ਭੀਖ ਮੰਗਣਾ ਸਭ ਤੋਂ ਘਟੀਆ ਹੀ ਨਹੀਂ, ਸਗੋਂ ਤ੍ਰਿਸਕਾਰਤ ਅਤੇ ਅਣਮਨੁੱਖੀ ਅਮਲ ਹੈ ।ਪੰਜਾਬੀ ਸੱਭਿਆਚਾਰ ਵਿੱਚ ਕਿਰਤ ਦੀ ਵਡਿਆਈ ਹੋਈ ਹੈ ਤੇ ਕਿਰਤ ਦਾ ਲੋਕ ਮਨ ਵਿੱਚ ਸਤਿਕਾਰ ਤੇ ਸਨਮਾਨ ਹੈ ਜਿਵੇਂ  :

ਘਰ ਕਾਰ ,ਨਾ ਆਵੇ ਹਾਰ ।

ਕਰ ਮਜੂਰੀ ,ਖਾ ਚੂਰੀ।

ਬੇਕਾਰ ਨਾਲੋਂ, ਵੰਗਾਰ ਭਲੀ ।

ਮੰਗਤੇ ਨੂੰ ਤਾਂ ਨੀਚ, ਵਿਹਲੜ ,ਪਖੰਡੀ ਅਤੇ ਮਨਖਟ ਮੰਨਿਆ ਜਾਂਦਾ ਹੈ। ਮੰਗਣਾ ਮਨੁੱਖੀ ਹੋਂਦ ਤੋਂ ਗਿਰਨਾ ਹੈ। ਜਿਵੇਂ :

ਮੰਗਣ ਗਿਆ ਸੋ ਮਰ ਗਿਆ ,ਮੰਗਣ ਮੂਲ ਨਾ ਜਾ।

ਇਸ ਅਖਾਣ ਦੀ ਬਣਤਰ ਵਿੱਚ ਇੱਕ ਨਿਸ਼ਚਿਤ ਵਿਉਂਤ ਤੇ ਕਰਮ ਹੈ। ਪੇਸ਼ਿਆਂ ਤੇ ਸਭਿਆਚਾਰਕ ਗੌਰਵ ਅਤੇ ਪੱਧਰ ਅਨੁਸਾਰ ਪਹਿਲਾਂ ਉੱਤਮ ,ਫਿਰ ਮੱਧਮ ,ਫਿਰ ਨਖਿੱਧ ਅਤੇ ਅੰਤ ਤੇ ਨਦਾਰ ਦਾ ਇਹ ਕਰਮ ਲੋਕ ਪ੍ਰਗਟਾਵੇ ਦੀ ਅਚੇਤ ਪਰ ਨਿਸ਼ਚਿਤ ਵਿਉਂਤ ਦਾ ਪ੍ਰਮਾਣਿਕ ਰੂਪ ਹੈ ।ਇਹ ਕਰਮ ਅਨੁਭਵੀ ਹੈ; ਅਚੇਤ ਹੈ ।ਇਸੇ ਕ੍ਰਮ ਵਿਚ ਹੀ ਕ੍ਰਮਵਾਰ ਖੇਤੀ, ਵਪਾਰ, ਚਾਕਰੀ ਅਤੇ ਭੀਖ ਨੂੰ ਬਿਆਨਿਆ ਗਿਆ ਹੈ ।ਇਹ ਚਾਰੇ ਜੁੱਟ ਉਚਾਰ ਅਨੂਰੂਪ ਪਰਸਪਰ ਸਬੰਧਿਤ ਹੁੰਦੇ ਹੋਏ ਮੂਲ ਪ੍ਰਯੋਜਨ ਅਨੁਰੂਪ ਕਿਰਤ ਅਮਲ ਦੀ ਵਿਭਿੰਨਤਾ ਅਤੇ ਸੱਭਿਆਚਾਰਕ ਸਾਰ ਸਾਰਥਕਤਾ ਨੂੰ ਪ੍ਰਗਟ ਕਰਦੇ ਹਨ ।

  1. ਬੇਦੀ, ਵਣਜਾਰਾ. ਲੋਕ ਆਖਦੇ ਹਨ. pp. ੧੫.
  2. ਸਿੰਘ, ਡਾ. ਜਸਵਿੰਦਰ (੨੦੦੩). ਪੰਜਾਬੀ ਲੋਕ ਸਾਹਿਤ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. ੧੦੩. ISBN ੮੧-੭੩੮੦-੪੨੯-੫. {{cite book}}: Check |isbn= value: invalid character (help); Check date values in: |year= (help)
  3. ਸਿੰਘ, ਡਾ ਜਸਵਿੰਦਰ (੨੦੦੩). ਪੰਜਾਬੀ ਲੋਕ ਸਾਹਿਤ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. ੧੦੫. ISBN ੮੧-੭੩੮੦-੮੨੯-੫. {{cite book}}: Check |isbn= value: invalid character (help); Check date values in: |year= (help)
  4. ਸਿੰਘ, ਡਾ ਜਸਵਿੰਦਰ (੨੦੦੩). ਪੰਜਾਬੀ ਲੋਕ ਸਾਹਿਤ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. ੧੦੮. ISBN ੮੧-੭੩੮੦-੮੨੯-੫. {{cite book}}: Check |isbn= value: invalid character (help); Check date values in: |year= (help)