ਪੰਜਾਬੀ ਚਿੱਤਰਕਾਰੀ
ਕਲਾ ਕੀ ਹੈ
ਸੋਧੋਕਲਾ ਦਾ ਆਰੰਭ ਮਨੁੱਖ ਦੇ ਵਜੂਦ ਵਿੱਚ ਆਉਣ ਨਾਲ ਹੀ ਹੁੰਦਾ ਹੈ। ਭਾਵੇਂ ਮੁੱਢਲੇ ਕਲਾਕਾਰ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਦੇ ਕਿਸੇ ਭਰਮ ਤੇ ਕਲਾ ਹੋਂਦ ਵਿੱਚ ਆਉਂਦੀ ਹੈ। ਪੂਰਨ ਇਤਿਹਾਸਕ ਕਲਾ ਵਿੱਚ ਕਲਾ ਦੀ ਉਤਪੱਤੀ ਮਨੁੱਖੀ ਕ੍ਰਿਤ ਵਿੱਚ ਹੋਈ ਸੀ। ਇਸ ਦੇ ਦੋ ਮੁੱਖ ਪੱਖ ਹਨ। ਪਹਿਲਾ ਇਹ ਹੈ ਕਿ ਮਨੁੱਖ ਨੇ ਆਪਣੀਆਂ ਨਿੱਜੀ ਲੋੜਾਂ ਲਈ ਕੁੱਝ ਹਥਿਆਰ ਘੜੇ ਸਨ। ਦੂਸਰਾ ਪੱਖ ਇਹ ਹੈ ਕਿ ਰੀਤੀ ਰਿਵਾਜ਼ਾਂ ਦੁਆਰਾ ਜਾਦੂ—ਟੂਣੇ ਦਾ ਕੰਮ ਸਾਰਨ ਲਈ ਕਲਾ ਦੀ ਵਰਤੋਂ ਕੀਤੀ ਸੀ। ਜਦੋਂ ਮਨੁੱਖ ਨੇ ਆਪਣੀਆਂ ਨਿੱਤ ਦੀਆਂ ਲੋੜਾਂ ਲਈ ਹਥਿਆਰ ਬਣਾਏ ਬਰਤਨ ਘੜੇ ਜਾਂ ਸੰਦ ਬਣਾਏ ਤਾਂ ਉਸ ਨੇ ਸਾਰੀਆਂ ਵਸਤੂਆਂ ਦਾ ਨਿਰਮਾਣ ਕਿਸੇ ਅੰਦਰੂਨੀ ਰੀਝ ਅਧੀਨ ਹੋ ਕੇ ਕੀਤਾ ਅਤੇ ਇਹ ਅੰਦਰੂਨੀ ਰੀਝ ਉਸ ਦੀਆਂ ਬਾਹਰਲੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲਦੀ ਰਹੀ। ਇਸੇ ਕਾਰਣ ਕਲਾ ਨੂੰ ਵਿਕਾਸ ਕਰਨ ਵਿੱਚ ਕਲਾਕਾਰਾਂ ਦੀਆਂ ਕਈ ਪੀੜ੍ਹੀਆਂ ਦਾ ਹਿੱਸਾ ਹੈ ਅਤੇ ਇਹ ਸਭ ਕੁੱਝ ਕਈ ਯੁੱਗਾਂ ਵਿੱਚ ਹੋਇਆ। ਕਲਾ ਦਾ ਮੁੱਢ ਕਦੀਮ ਜਾਦੂ—ਟੂਣੇ, ਰਹੁ—ਰੀਤ ਦੇ ਆਦਿ ਕਾਲ ਦਾ ਹੈ ਪਰੰਤੂ ਜਾਣੂ—ਟੂਣੇ ਅਤੇ ਰਹੁ—ਰੀਤਾਂ ਅਜੇ ਵੀ ਮਨੁੱਖੀ ਜੀਵਨ ਤੇ ਛਾਏ ਹੋਏ ਹਨ। ਅੱਜ ਤੋਂ ਪੰਦਰਾਂ ਹਜ਼ਾਰ ਵਰ੍ਹੇ ਪਹਿਲੇ ਮਨੁੱਖ ਨੇ ਆਪਣੇ ਪਹਿਲੇ ਗੁਫ਼ਾ ਚਿੱਤਰ ਬਣਾਏ ਤੇ ਇਹ ਉਸ ਦੀ ਬਿਰਜਨਾਤਮਕ ਸ਼ਕਤੀ ਦਾ ਉਸ ਦੀ ਕਲਾ ਦਾ ਪਹਿਲਾ ਪ੍ਰਗਟਾਵਾ ਸੀ। ਇਸ ਮਨੁੱਖ ਨੇ ਜਿਹੜੇ ਆਰੰਭਿਕ ਚਿੱਤਰ ਬਣਾਏ ਉਹ ਉਹਨਾਂ ਜਾਨਵਰਾਂ ਦੇ ਬਣਾਏ ਜਿਹਨਾਂ ਦਾ ਕਿ ਉਹ ਸ਼ਿਕਾਰ ਖੇਡਦਾ ਸੀ ਜਾਂ ਇਹ ਚਿੱਤਰ ਉਹਨਾਂ ਵਿਅਕਤੀਆਂ ਦੇ ਸਨ, ਜਿਹਨਾਂ ਨਾਲ ਕਿ ਉਸ ਦਾ ਨਿੱਤ ਦੇ ਜੀਵਨ ਵਿੱਚ ਵਾਹ ਪੈਂਦਾ ਸੀ। ਇਸ ਪ੍ਰਕਾਰ ਦੇ ਚਿੱਤਰ ਬਣਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਪ੍ਰਾਕ੍ਰਿਤੀ ਦੀ ਨਕਲ ਦੁਆਰਾ ਪ੍ਰਾਕ੍ਰਿਤੀ ਉਤੇ ਉਹ ਅਧਿਕਾਰ ਪ੍ਰਾਪਤ ਹੋ ਜਾਏ, ਜਿਸ ਦੁਆਰਾ ਪ੍ਰਾਕ੍ਰਿਤੀ ਨੂੰ ਲਤਾੜਿਆ ਜਾ ਸਕੇ ਤੇ ਉਸ ਉਤੇ ਸਰਦਾਰੀ ਹਾਸ਼ਲ ਕੀਤੀ ਜਾ ਸਕੇ। ਕਲਾ ਸਧਾਰਨ ਸ਼ਬਦਾਂ ਵਿੱਚ ਪੁਰਸ਼ ਦੇ ਹੱਥ ਦੀ ਕਿਰਤ ਦਾ ਨਮੂਨਾ ਜਾਂ ਵਸਤੂ ਕਹਿ ਸਕਦੇ ਹਾਂ। ਜੀਵਾਂ ਵਿੱਚੋਂ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਬਹੁਤ ਪ੍ਰਕਾਰ ਦੇ ਕੰਮ ਜਾਣਦਾ ਹੈ ਤੇ ਕਰਦਾ ਹੈ। ਜਿਵੇਂ ਕਿ ਘਰ ਵਿੱਚ ਦੇਖ—ਭਾਲ ਦਾ ਕੰਮ ਜਾਂ ਕਿਸੇ ਪ੍ਰਕਾਰ ਦੇ ਚਿੱਤਰ ਜਾਂ ਮੂਰਤੀਆਂ, ਵਸਤੂਆਂ ਆਦਿ ਦੇ ਬਣਾਉਣ ਦਾ ਕੰਮ। ਜਪਾਨ ਵਾਲੇ ਰੀਤੀ—ਰਿਵਾਜ਼ ਰਾਗ, ਨਾਚ ਤੀਰ ਅੰਦਾਜੀ ਤੇ ਸੁੰਦਰ ਲਿਖਾਈ ਨੂੰ ਵੀ ਕਲਾ ਮੰਨਦੇ ਹਨ।
ਕੋਮਲ ਕਲਾਵਾਂ
ਸੋਧੋਕਲਾ ਜਾਂ ਸਾਹਿਤ, ਸਮਕਾਲੀ ਜੀਵਨ ਦਾ ਦਰਪਣ ਹੁੰਦਾ ਹੈ। ਕਲਾਕਾਰ ਜਾਂ ਸਾਹਿਤਕਾਰ ਆਪਣੇ ਸਮੇਂ ਦੀ ਤਸਵੀਰ ਤੂਲਕ ਜਾਂ ਕਲਮ ਰਾਹੀਂ ਬਿਆਨ ਕਰਦਾ ਹੈ। ਸਾਡੇ ਸਮਾਜਿਕ ਜੀਵਨ ਦੀ ਤਸਵੀਰ ਪ੍ਰਚੱਲਿਤ ਰਾਜਨੀਤਿਕ ਢਾਂਚੇ ਵਿਚੋਂ ਹੀ ਦੇਖੀ ਜਾ ਸਕਦੀ ਹੈ। ਇਸ ਲਈ ਇਹੋ ਜਿਹਾ ਰਾਜਨੀਤਿਕ ਪੱਧਰ ਹੋਵੇਗਾ, ਉਹੋ ਜਿਹਾ ਜੀਵਨ, ਕਲਾ ਜਾਂ ਸਾਹਿਤ ਦੀ ਰਚਨਾ ਕਰੇਗਾ। ਕਲਾ ਦੀ ਵੱਖ—ਵੱਖ ਵਿਦਵਾਨਾਂ ਨੇ ਵੱਖੋ ਵੱਖਰੀ ਪਰਿਭਾਸ਼ਾ ਦਿੱਤੀ ਹੈ। ਇਹਨਾਂ ਵਿੱਚ ਪ੍ਰਮੁੱਖ ਚਿੰਤਕ ਹਨ: ਤਲੋਟੀਨਮ, ਰਸਕਿਨ, ਟਾਲਸਟਾਏ, ਅਰਸਤੂ, ਕਾਂਤ, ਕ੍ਰੋਚੇ ਅਤੇ ਸਪਿਨ ਗਾਰਨ ਆਦਿ। ਕਿਸੇ ਇੱਕ ਸਮੇਂ ਕਾਲ ਦੀ ਇਕੋ ਪਰਿਭਾਸ਼ਾ ਸ਼ਰਵ ਪ੍ਰਵਾਨਤ ਨਹੀਂ ਰਹੀ, ਸਗੋਂ ਵੱਖੋ—ਵੱਖ ਵਿਦਵਾਨ ਕਲਾ ਦੀਆਂ ਵੱਖੋ—ਵੱਖ ਪਰਿਭਾਸ਼ਾ ਦੇਂਦੇ ਰਹੇ ਹਨ। ਅਜੇ ਤੱਕ ਵੀ ਕੋਈ ਸਥਾਈ ਅਤੇ ਨਿਸ਼ਚਿਤ ਪਰਿਭਾਸ਼ਾ ਨਹੀਂ ਮੰਨੀ ਗਈ ਅਤੇ ਨਾ ਹੀ ਮੰਨੀ ਜਾਵੇਗੀ, ਕਿਉਂਕਿ ਪਰਿਵਰਤਨ—ਸ਼ੀਲਤਾ ਇਸ ਬ੍ਰਹਿਮੰਡ ਦਾ ਪ੍ਰਮੁੱਖ ਗੁਣ ਹੈ। ਸਮੇਂ ਦੇ ਨਾਲ—ਨਾ ਮਾਨਵ ਬਦਲ ਰਿਹਾ ਹੈ, ਸਭਿਅਤਾ ਬਦਲ ਰਹੀ ਹੈ, ਵਿਚਾਰ ਬਦਲ ਰਹੇ ਹਨ। ਸੋ ਇਸ ਸਭ ਕੁੱਝ ਦੇ ਨਾਲ—ਨਾਲ ਕਲਾ ਦੀ ਪਰਿਭਾਸ਼ਾ ਦਾ ਬਦਲਦੇ ਰਹਿਣਾ ਸੁਭਾਵਿਕ ਹੈ। ਪਰ ਇਸ ਨਾਲ ਸਾਰੇ ਸਹਿਮਤ ਹਨ ਕਿ ਕਲਾ ਰਾਹੀਂ ਮਨੁੱਖ ਆਪਣੇ ਵਿਚਾਰਾਂ ਦਾ ਪ੍ਰਗਟਾਵਾਂ ਕਰਦਾ ਹੈ ਅਤੇ ਮਨ ਦੀ ਬਹਿਬਲਤਾ ਨੂੰ ਦੂਜਿਆ ਅੱਗੇ ਰੱਖ ਸਕਦਾ ਹੈ। 400 ਈਸਵੀਂ ਪੂਰਵ ਵਿੱਚ ਕੋਟੱਲਿਆ ਨੇ ਕਲਾ ਨੂੰ ਦੋ ਮੁੱਖ ਰੂਪਾਂ ਵਿੱਚ ਵੰਡਿਆ ਹੈ।
1. ਉਪਯੋਗਤਾਵਾਦੀ ਕਲਾ:— ਜਿਸ ਵਿੰਚ ਕੇਵਲ ਉਪਯੋਗਤਾ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਸੀ। ਉਦਾਹਰਣ:— ਮੇਜ, ਕੁਰਸੀ, ਪੈਨ, ਮਕਾਨ, ਕੋਟ, ਪਤਲੂਨ, ਰੇਡੀਓ ਜਾਂ ਟੈਲੀਵਿਜ਼ਨ ਦਾ ਸੈਟ ਆਦਿ ਹਨ।
2. ਲਲਿਤ ਕਲਾ:— ਇਸ ਦੇ ਖੇਤਰ ਵਿੱਚ ਆਰਥਿਕ ਅਤੇ ਸਮਾਜਕ ਉਪਯੋਗ ਲਲਿਤ ਕਲਾ ਦੇ ਨਮੂਨੇ ਕਵਿਤਾ, ਚਿੱਤਰ, ਮੂਰਤੀ, ਰਾਗ ਅਤੇ ਹਰਿਮੰਦਰ ਸਾਹਿਬ ਜਾਂ ਲਾਲ ਕਿਲ੍ਹਾਂ।
ਲਲਿਤ ਕਲਾ ਸ਼ੁਰੂ—ਸ਼ੁਰੂ ਵਿੱਚ ਪੰਜ ਗਿਣੀਆਂ ਜਾਂਦੀਆਂ ਸਨ ਜਿਵੇਂ ਕਿ:—
1. ਰਾਗ
2. ਸੰਗੀਤ
3. ਚਿੱਤਰਕਾਰੀ
4. ਮੂਰਤੀ ਕਲਾ
5. ਸ਼ਿਲਪ ਕਲਾ।
ਪਰ ਯੂਰਪੀਅਨ ਵਿਦਵਾਨਾਂ ਨੇ ਕਲਾ ਵਿੱਚ ਉਪਯੋਗਤਾ ਦੀ ਖੋਜ ਨੂੰ ਠੀਕ ਨਹੀਂ ਮੰਨਿਆ ਹੈ। ਉਹਨਾਂ ਨੇ ਕਲਾ ਦਾ ਉਦੇਸ਼ ਅਭਿਵਿਅੰਜਨ ਦੱਸਿਆ ਹੈ। ਪਰ ਭਾਰਤੀ ਲਲਿਤ ਕਲਾ—ਵਿਗਿਆਨ ਵਿੱਚ ਵਸਤੂ ਦੇ ਭੌਤਿਕ ਅਤੇ ਅਧਿਆਤਮਕ (ਆਂਤਰਿਕ ਅਤੇ ਬਾਹਰੀ) ਦੋਹਾਂ ਪੱਖਾਂ ਨੂੰ ਸਮਾਨ ਦਰਜਾ ਦਿੱਤਾ ਗਿਆ ਹੈ।
ਲਲਿਤ ਕਲਾ ਦੀ ਪਰਿਭਾਸ਼ਾ
ਸੋਧੋਲਲਿਤ ਕਲਾ ਦੀ ਪਰਿਭਾਸ਼ਾ ਇਸ ਤਰ੍ਹਾਂਤੀ ਗਈ ਹੈ: “ਕਲਾ ਯਥਾਰਥਕਤਾ ਦੇ ਇੱਕ ਪੱਖ ਦਾ ਸਰੂਪ ਹੈ, ਭਾਵੇਂ ਇਹ ਭੌਤਿਕ ਹੋਵੇ ਜਾਂ ਕਲਪਿਤ। ਕਲਾ ਯਥਾਰਥਕਤਾ ਦਾ ਇੱਕ ਟੁੱਕੜਾ ਨਹੀਂ ਪਰ ਸੰਪੂਰਨ ਝਾਤ ਹੈ। ਇਸੇ ਪੱਖ ਦੀ ਯਥਾਰਥਕਤਾ ਦੇ ਅਨੇਕ ਰੂਪ ਹੁੰਦੇ ਹਨ। ਜਿਵੇਂ:— ਦਰਿਆ, ਸਮੁੰਦਰ, ਪਹਾੜ ਆਦਿ ਯਥਾਰਥਵਾਦ ਦੇ ਪੱਖ ਹਨ। ਆਕਾਸ਼ ਦੇ ਕਈ ਪੱਖ ਹਨ। ਆਦਮੀ ਜਾਂ ਤੀਵੀਂ ਦੇ ਭਿੰਨ—ਭਿੰਨ ਪੱਖ ਹਨ। ਕਲਾ ਇਹਨਾਂ ਦੀ ਨਕਲ ਜਾਂ ਫ਼ੋਟੋ ਨਹੀਂ ਹੈ। ਇਹਨਾਂ ਦਾ ਕੇਵਲ ਰੂਪ ਹੀ ਨਹੀਂ, ਪਰ ਕਲਾ ਇਹਨਾਂ ਦਾ ਸਰੂਪ ਹੈ। ‘ਸਰੂਪ’ ਵਿੱਚ ਰੂਪ ਨੂੰ ਸੁੰਦਰ ਬਣਾ ਕੇ ਪੇਸ਼ ਕੀਤਾ ਗਿਆ ਹੈ।
ਚਿੱਤਰਕਾਰੀ
ਸੋਧੋਭਾਰਤ ਵਿੱਚ ਚਿੱਤਰਕਾਰੀ ਦੀ ਪਰੰਪਰਾ ਬਹੁਤ ਪੁਰਾਣੀ ਹੈ। ਅਜੇ ਤੱਕ ਭਾਰਤ ਵਿੱਚ ਮਨੁੱਖ ਦੇ ਜੀਵਨ ਦੀ ਪੁਰਾਤਨਤਾ ਦਾ ਸਹੀ ਸਮਾਂ ਨਿਸ਼ਚਿਤ ਨਹੀਂ ਕੀਤਾ ਜਾ ਸਕਿਆ। ਪਰ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਰਤ ਵਿੱਚ ਮਨੁੱਖ ਦਾ ਜੀਵਨ ਲਗਭਗ ਪੰਜ ਲੱਖ ਸਾਲ ਪਹਿਲੇ ਆਰੰਭ ਹੋਇਆ, ਉਹ ਲੋਕ ਕਿਸੇ ਥਾਂ ਸਥਾਈ ਤੌਰ ’ਤੇ ਬੱਝ ਕੇ ਨਹੀਂ ਸਨ ਰਹਿੰਦੇ ਸਗੋਂ ਸ਼ਿਕਾਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੀ ਭਾਲ ਵਿੱਚ ਜੰਗਲਾਂ ਵਿੱਚ ਫ਼ਿਰਦੇ ਰਹਿੰਦੇ ਸਨ। ਪਾਣੀ ਦੀ ਥੁੜ੍ਹ ਤੋਂ ਬਚਣ ਲਈ ਉਹ ਆਮ ਤੌਰ ’ਤੇ ਨਦੀਆਂ ਦੇ ਲਾਗੇ ਝੌਪੜੀਆਂ ਬਣਾ ਕੇ ਤੇ ਜਾਂ ਗੁਫ਼ਾਵਾਂ ਵਿੱਚ ਰਹਿੰਦੇ ਸਨ। ਇਹ ਲੋਕ ਪੱਥਰ ਦੇ ਭੱਦੇ ਜਿਹੇ ਸੰਦਾਂ ਦੀ ਵਰਤੋਂ ਕਰਦੇ ਸਨ। ਧਾਤਾਂ ਦੀ ਵਰਤੋਂ ਦਾ ਇਹਨਾਂ ਨੂੰ ਕੋਈ ਗਿਆਨ ਨਹੀਂ ਸੀ। ਇਸ ਜੰਗਲੀ ਮਾਨਵ ਦੀ ਸੰਤਾਨ ਦੇ ਕਬੀਲੇ ਅਜੇ ਵੀ ਦੱਖਣੀ ਭਾਰਤ ਵਿੱਚ ਅਤੇ ਅੰਡੇਮਾਨ ਟਾਪੂਆਂ ਵਿੱਚ ਮਿਲਦੇ ਹਨ। ਇਹਨਾਂ ਲੋਕਾਂ ਵਿੱਚ ਚਿੱਤਰ ਬਣਾਉਣ ਦੀ ਰੁਚੀ ਸੀ। ਪੂਰਵ ਇਤਿਹਾਸਕ ਗੁਫ਼ਾ—ਚਿੱਤਰਾਂ ਨੂੰ ਵੇਖਦਿਆਂ ਆਦਿ ਮਾਨਵ ਦੀ ਕਲਾ—ਰੁਚੀ ਨੂੰ ਅਨੁਭਵ ਕਰ ਕੇ ਬੜੀ ਹੈਰਾਨੀ ਹੁੰਦੀ ਹੈ। ਇਹ ਪੁਰਾਣੀਆਂ ਕਲਾ ਕ੍ਰਿਤੀਆਂ ਹੀ ਮਾਨਵ ਦੀ ਪ੍ਰਗਤੀ ਦਾ ਵਿਸ਼ਵਾਸ ਯੋਗ ਇਤਿਹਾਸ ਹਨ। ਅਜਿਹੇ ਗੁਫ਼ਾ—ਚਿੱਤਰ ਭਾਰਤ ਤੋਂ ਸਿਵ ਸਪੇਨ, ਫ਼ਰਾਂਸ, ਅਲਾਸਕਾ, ਲੌਸੇਕਸ ਅਤੇ ਦੱਖਣੀ ਰੋਡੇਸ਼ੀਆਂ ਆਦਿ ਥਾਵਾਂ ’ਤੇ ਵੀ ਮਿਲੇ ਹਨ, ਜਿਹਨਾਂ ਦਾ ਸਮਾਂ 50,000 ਈਸਵੀਂ ਪੂਰਵ ਤੋਂ 10,000 ਈਸਵੀਂ ਪੂਰਵ ਦਾ ਨਿਸ਼ਚਿਤ ਕੀਤਾ ਗਿਆ ਹੈ। ਇਸ ਤੋਂ ਪਿਛੋਂ ਲਗਭਗ 4,000 ਈਸਵੀਂ ਪੂਰਵ ਤੱਕ ਦੇ ਹਜ਼ਾਰਾਂ ਸਾਲਾਂ ਦੇ ਕਲਾ—ਨਮੂਨੇ ਨਹੀਂ ਮਿਲੇ। ਇੱਥੋਂ ਤੱਕ ਪਹੁੰਚ ਕੇ ਮਾਨਵ ਨੂੰ ਧਾਂਤ ਦੀ ਵਰਤੋਂ ਦਾ ਪਤਾ ਲੱਗ ਚੁੱਕਾ ਸੀ। ਉਪਰੋਕਤ ਥਾਵਾਂ ਤੋਂ ਪੂਰਵ—ਪੱਥਰ ਯੁੱਗ ਦੇ ਮਿਲੇ ਸਾਰੇ ਚਿੱਤਰਾਂ ਵਿੱਚ ਜੰਗਲੀ ਪਸ਼ੂ ਅਤੇ ਉਹਨਾਂ ਦੇ ਸ਼ਿਕਾਰ ਦਾ ਵਿਸ਼ਾ ਹੀ ਪ੍ਰਧਾਨ ਹੈ। ਭਾਰਤ ਵਿੱਚ ਅਜਿਹੇ ਚਿੱਤਰ ਮੱਧ ਪ੍ਰਦੇਸ਼ ਦੇ ਪੰਚਮੜੀ, ਆਦਮਗੜ੍ਹ, ਰਾਏਗੜ੍ਹ ਰਿਆਸਤ ਵਿੰਚ ਸਿੰਘਨਪੁਰ, ਮਿਰਜ਼ਾਪੁਰ, ਧੋਮਰਪੁਰ ਵਾਲੇ ਚਿੱਤਰਾਂ ਦਾ ਸਮਾਂ 3000 ਈਸਵੀਂ ਪੂਰਵ ਮਿਥਿਆ ਗਿਆ ਹੈ। ਭਾਰਤ, ਮੱਧ ਏਸ਼ੀਆ ਅਤੇ ਚੀਨ ਦੀ 4000 ਤੋਂ 3000 ਈਸਵੀਂ ਪੂਰਵ ਦੀ ਸਭਿਅਤਾ ਨੂੰ ‘ਮੁਰਦਿਆਂ ਦੇ ਭਾੜਿਆਂ’ ਦੀ ਸਭਿਅਤਾ ਕਿਹਾ ਜਾਂਦਾ ਹੈ। ਭਾਰਤ ਵਿੱਚ ਮੋਹਿੰਜੋਦੜੇ, ਹੜੱਪਾ ਅਤੇ ਲੋਥਲ ਤੋਂ ਮਿੱਟੀ ਦੇ ਪਕਾਏ ਹੋਏ ਭਾਂਡੇ ਮਿਲੇ ਹਨ, ਜਿਨ੍ਹਾਂ ਉਪਰ ਜ਼ਿਆਮਿਤਕ ਅਤੇ ਫੁੱਲ ਪੱਤੀਆਂ ਦੇ ਅਲਕਰਣ ਮਾਨਵ ਅਤੇ ਪਸ਼ੂ ਪੰਛੀਆਂ ਦੀਆਂ ਆਕ੍ਰਿਤੀਆਂ ਬਣੀਆਂ ਹੋਈਆਂ ਹਨ।
ਲਗਭਗ 1400 ਈ. ਪੂਰਵ ਤੱਕ ਆਰੀਆ ਭਰਤ ਵਿੱਚ ਆਉਣ ਲੱਗ ਪਏ ਸਨ। ਇਸ ਸਮੇਂ ਹੜੱਪਾ, ਸਭਿਅਤਾ, ਸਵਾਰਾਸ਼ਟਰ ਅਤੇ ਗੁਜਰਾਤ ਵਿੱਚ ਜਿਉਂਦੀ ਸੀ। ਇਸ ਸਮੇਂ ਦੇ ਕੁੱਝ ਸ਼ਿਲਾਚਿੱਤਰ ਹੋਸ਼ੰਗਾਬਾਦ, ਪੰਚਮੜੀ, ਮਿਰਜ਼ਾਪੁਰ ਅਤੇ ਨਾਮਕ ਥਾਵਾਂ ’ਤੇ ਮਿਲੇ ਹਨ। ਇਸ ਤੋਂ ਪਿੱਛੋਂ ਬੁੱਧ ਮਤ ਦੇ ਸਮੇਂ ਅਰਥਾਤ 500 ਈਸਵੀਂ ਪੂਰਵ ਤੋਂ ਕਲਾ ਨੂੰ ਰਾਜਿਆਂ ਦੀ ਸਰਪਰਸਤੀ ਦਾ ਮਾਣ ਮਿਲਦਾ ਹੈ। ਇਸ ਪਿੱਛੋਂ ਮੁਸਲਮਾਨਾਂ ਦੇ ਆਉਣ ਨਾਲ ਭਾਰਤ ਵਿੱਚ ਚਿੱਤਰ ਕਲਾ ਵਿੱਚ ਨਵਾਂ ਨਿਖਾਰ ਆਇਆ। ਈਰਾਨ ਆਦਿ ਦੇਸ਼ਾਂ ਤੋਂ ਆਏ ਕਲਾਕਾਰਾਂ ਨੇ ਆਪਣੇ ਆਪ ਨੂੰ ਨਵੇਂ ਵਾਤਾਵਰਣ ਅਨੁਸਾਰ ਢਾਲ ਲਿਆ। ਭਾਰਤੀ ਕਲਾਕਾਰਾਂ ਨਾਲ ਮਿਲ ਕੇ ਕੰਮ ਕਰਨ ਨਾਲ ਉਹਨਾਂ ਦੀ ਈਰਾਨੀ ਕਲਾ ਸ਼ੈਲੀ ਵਿੱਚ ਕੁੱਝ ਪਰਿਵਰਤਨ ਆ ਗਿਆ। ਇਸ ਤਰ੍ਹਾਂ ਭਾਰਤੀ ਪ੍ਰਭਾਵ ਸਦਕਾ ਇੱਕ ਨਵੀਂ ਕਲਾ ਸ਼ੈਲੀ ਦਾ ਜਨਮ ਹੋਇਆ, ਜਿਸਦਾ ਨਾਉਂ ਮੁਗਲ ਸ਼ੈਲੀ ਰੱਖਿਆ ਗਿਆ।
ਈਰਾਨ ਵਿੱਚੋਂ ਆਏ ਅਬਦੁਲ ਸਮੱਦ ਸ਼ੀਰਾਜੀ ਅਤੇ ਮੀਰ ਸੱਯਦ ਅਲੀ ਤਬਰੀਜ਼ ਦੋ ਉੱਘੇ ਕਲਾਕਾਰਾਂ ਨੇ ਭਾਰਤੀ ਕਲਾਕਾਰਾਂ ਬਾਮਵਾਨ, ਦਸਵੰਧ, ਕੇਸ਼ੋਰਾਮ ਆਦਿ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ। ਆਪਸੀ ਪ੍ਰਭਾਵ ਕਾਰਨ ਹੌਲੀ—ਹੌਲੀ ਉਹਨਾਂ ਦੀ ਕਲਾ ਵੀ ਭਾਰਤੀ ਕਲਾ ਦਾ ਰੂਪ ਧਾਰਨ ਕਰ ਗਈ। ਮੁਗਲ ਕਲਾ ਦਾ ਵਿਸ਼ੇਸ਼ ਚਿੰਨ੍ਹ ਯਕਾਰਥਵਾਦ ਹੀ ਰਿਹਾ ਹੈ। ਭਾਵ ਇਹ ਹੈ ਕਿ ਕੁਦਰਤ ਨੂੰ ਹੂ—ਬ—ਹੂ ਚਿਤਰਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ। ਉਹਨਾਂ ਦੀ ਕਲਾ ਦਾ ਮੁੱਖ ਵਿਸ਼ਾ ਦਰਬਾਰੀ ਸ਼ਾਨ ਦਾ ਪ੍ਰਗਟਾਵਾ ਕਰਨਾ ਹੀ ਸੀ। ਮੁੱਢਲੇ ਸਮੇਂ ਵਿੱਚ ਚਿੱਤਰਾਂ ਦਾ ਆਕਾਰ ਛੋਟੇ ਰੂਪ ਦਾ ਹੀ ਰਿਹਾ ਹੈ। ਮਹਾਨ ਅਕਬਰ ਤੋਂ ਪਿਛੋਂ ਉਸ ਦੇ ਪੁੱਤਰ ਜਹਾਂਗੀਰ ਦੇ ਸਮੇਂ ਕਲਾ ਹੋਰ ਵੀ ਪ੍ਰਫੁੱਲਤ ਹੋਈ। ਚਿੱਤਰਾਂ ਦਾ ਆਕਾਰ ਵੀ ਵੱਡਾ ਹੋ ਗਿਆ। ਵਿਸ਼ੇ ਦਾ ਘੇਰਾ ਵੀ ਚੌੜਾ ਹੋ ਗਿਆ ਹੁਣ ਪਰੋਤਰੇਤ ਤੇ ਸ਼ਿਕਾਰ ਦੇ ਦ੍ਰਿਸ਼ ਬੜੀ ਮਿਹਨਤ ਤੇ ਲਗਨ ਨਾਲ ਬਣਾਏ ਜਾਣ ਲੱਗ ਪਏ। ਕੁਦਰਤੀ ਫੁੱਲ, ਫ਼ਲ, ਜਾਨਵਰ, ਪੰਛੀ ਆਦਿ ਬੜੇ ਹੀ ਸ਼ੌਂਕ ਤੇ ਗਹੁ ਨਾਲ ਚਿੱਤਰੇ ਗਏ। ਜਹਾਂਗੀਰ ਦੇ ਸਮੇਂ ਅੰਗਰੇਜ਼ ਕਲਾਕਾਰ ਵੀ ਭਾਰਤ ਆਉਣ ਲੱਗ ਪਏ ਸਨ। ਉਹਨਾਂ ਦੀਆਂ ਤਸਵੀਰਾਂ ਵੀ ਨਕਲ ਹੋਣ ਲੱਗ ਪਈਆਂ। ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਸੀ।
ਕਲਾ ਦਾ ਪੱਧਰ ਜਿਹੜਾ ਕਿ ਜਹਾਂਗੀਰ ਦੇ ਸਮੇਂ ਸਿਖਰ ’ਤੇ ਪੁੱਜ ਗਿਆ ਸੀ, ਉਸਦੇ ਪੁੱਤਰ ਸ਼ਾਹ ਜਹਾਨ ਦੇ ਸਮੇਂ ਕੁੱਝ ਢਹਿੰਦੀਆਂ ਕਲਾ ਵੱਲ ਚਲਾ ਗਿਆ ਸੀ। ਪ੍ਰਸਤਾਵਨ, ਰਚੜਨਾ ਤੇ ਰੰਗਾਂ ਵਿੱਚ ਅੀਮਰਬੀ ਆ ਗਈ ਸੀ ਪਰ ਇਹ ਜ਼ਿਆਦਾਤਰ ਸਜਾਵਟੀ ਬਣ ਗਏ ਅਤੇ ਇਹਨਾਂ ਵਿੱਚ ਕੁਦਰਤੀ ਸਾਦਗੀ ਨਾ ਰਹੀ। ਸ਼ਾਹ ਜਹਾਨ ਦੀ ਚਿੱਤਰ ਕਲਾ ਨਾਲੋਂ ਸ਼ਿਲਪ ਕਲਾ ਵਿੱਚ ਵਧੇਰੇ ਰੁਚੀ ਸੀ। ਔਰੰਗਜ਼ੇਬ ਦੀ ਕਲਾ ਵਿੱਚ ਕੋਈ ਵਿਸ਼ੇਸ਼ ਰੁਚੀ ਨਹੀਂ ਸੀ, ਜਿਸ ਕਾਰਨ ਕਲਾ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਦਰਬਾਰੀ ਕਲਾਕਾਰ ਆਪਣੀ ਰੋਜ਼ੀ ਲਈ ਹੋਰ ਥਾਵਾਂ ’ਤੇ ਚਲੇ ਗਏ। ਉਹਨਾਂ ਰੋਜ਼ੀ ਖ਼ਾਤਰ ਬਜ਼ਾਰੀ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ—ਹੌਲੀ ਮੁਗਲ ਕਲਾ ਦਾ ਅੰਤ ਹੀ ਹੋ ਗਿਆ। ਮੁਗਲਾਂ ਤੋਂ ਬਾਅਦ ਪਾਰਤ ਵਿੱਚ ਅੰਗਰੇਜ਼ੀ ਰਾ ਜਆ ਗਿਆ। ਅੰਗਰੇਜ਼ ਮੁਸਲਮਾਨਾਂ ਵਾਂਗ ਆਪ ਇੱਥੋਂ ਦੇ ਵਾਸੀ ਨਹੀਂ ਬਣੇ। ਉਹ ਬਾਹਰੋਂ ਆਏ ਸਨ, ਬਾਹਰਲੇ ਹੀ ਰਹੇ ਅਤੇ ਬਾਹਰੋਂ ਹੀ ਰਾਜ ਕਰਦੇ ਰਹੇ। ਮੁਸਲਮਾਨ ਰਾਜਿਆਂ ਨੇ ਭਾਰਤ ਨੂੰ ਆਪਣਾ ਘਰ ਹੀ ਨਹੀਂ ਸੀ ਬਣਾਇਆ ਸਗੋਂ ਆਪ ਵੀ ਭਾਰਤੀ ਬਣ ਗਏ ਸਨ। ਅੰਗਰੇਜ਼ੀ ਸਭਿਅਤਾ ਦਾ ਸਭ ਤੋਂ ਵੱਧ ਪ੍ਰਭਾਵ ਕਲਾ ਉੱਤੇ ਪਿਆ। ਭਾਰਤ ਵਿੱਚ ਪਾਣੀ ਦੇ ਰੰਗ ਵਾਲੇ ਲਘੂ ਚਿੱਤਰਾਂ ਅਤੇ ਦੀਵਾਰੀ ਚਿੱਤਰਾਂ ਦੀ ਥਾਂ ਤੇਲ ਵਾਲੇ ਰੰਗਾਂ ਰਾਹੀਂ ਤਿਆਰ ਕੀਤੀਆਂ ਤਸਵੀਰਾਂ ਨੇ ਲੈ ਲਈ। ਚਿੱਤਰ ਕਲਾ ਅਧਿਆਤਮਕ ਹੋਣ ਦੀ ਥਾਂ ਰੁਮਾਂਟਿਕ ਹੋ ਗਈ। 1947 ਈਸਵੀਂ ਵਿੱਚ ਭਾਰਤ ਸੁਤੰਤਰ ਹੋ ਗਿਆ। ਆਜ਼ਾਦ ਭਾਰਤ ਦੇ ਜੀਵਨ ਦੀਆਂ ਕੀਮਤਾਂ ਵਿੱਚ ਪਰਿਵਰਤਨ ਆਉਣਾ ਆਰੰਭ ਹੋ ਗਿਆ ਹੈ ਅਤੇ ਇਸ ਭਾਵਨਾ ਦਾ ਪ੍ਰਭਾਵ ਕਲਾ ਦੇ ਖੇਤਰ ਵਿੱਚ ਬਹੁਤ ਮਹਿਸੂਸ ਕੀਤਾ ਗਿਆ।
ਪੰਜਾਬ ਵਿੱਚ ਚਿੱਤਰਕਾਰੀ
ਸੋਧੋਪੰਜਾਬ ਦੀ ਲੋਕ ਕਲਾ ਵਧੇਰੇ ਕਾਂਗੜੇ ਨਾਲ ਸੰਬੰਧਿਤ ਹੈ। ਔਰੰਗਜ਼ੇਬ ਦੀ ਜਦੋਂ ਕਲਾ ਵੱਲ ਅਰੁੱਚੀ ਹੋ ਗਈ ਤਾਂ ਬਹੁਤੇ ਕਲਾਕਾਰ ਕਾਂਗੜੇ ਦੀਆਂ ਪਹਾੜੀਆਂ ਵੱਲ ਚੱਲ ਗਏ। ਉਥੇ ਉਨ੍ਹਾਂ ਨੇ ਆਪਣੇ ਸ਼ੌਂਕ ਨੂੰ ਜਾਰੀ ਰੱਖਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਖਿੱਤੇ ’ਤੇ ਅਧਿਕਾਰ ਕਰ ਲਿਆ ਤਾਂ ਇੱਥੋਂ ਦੇ ਕਲਾਕਾਰਾਂ ਨੇ ਪੰਜਾਬ ਦੇ ਲੋਕ ਜੀਵਨ ਵਿੱਚ ਵਧੇਰੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਕਾਂਗੜੇ ਦੀ ਕਲਾ ਸ਼ੈਲੀ ਦੇ ਨਮੂਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ, ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਕਿਤ ਕਲਾ ਚਿੱਤਰਾਂ ਵਿੱਚ ਮਿਲਦੇ ਹਨ। ਪੰਜਾਬ ਦੀ ਚਿੱਤਰਕਾਰੀ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:—
1. ਆਮ ਚਿੱਤਰਕਾਰੀ
2. ਹੁਨਰੀ ਚਿੱਤਰਕਾਰੀ
1. ਆਮ ਚਿੱਤਰਕਾਰੀ:— ਇਹ ਚਿੱਤਰਕਾਰੀ ਘਰੇਲੂ ਔਰਤਾਂ ਵੱਲੋਂ ਆਪਣੇ ਕੱਚੇ
ਘਰਾਂ ਨੂੰ ਸਜਾਉਣ ਲਈ ਕੀਤੀ ਜਾਂਦੀ ਹੈ। ਸਾਧਾਰਨ ਪੇਂਡੂ ਔਰਤਾਂ ਕੱਚੀਆਂ ਕੰਧਾਂ ਉੱਪਰ ਪੇਂਡੂ ਫੇਰਦੀਆਂ ਹਨ ਅਤੇ ਫਿਰ ਕਲੀ/ਚੂਨੇ, ਗੇਰੂ, ਕਾਲੇ ਆਦਿ ਰੰਗਾਂ ਨਾਲ ਇਹਨਾਂ ਉਪਰ ਚਿੱਤਰਕਾਰੀ ਕਰਦੀਆਂ ਹਨ। ਇਹਨਾਂ ਕੰਧਾਂ ਉੱਪਰ ਚੰਡੀ ਮਾਈ, ਸਾਂਝੀ ਮਾਈ, ਕੁੱਤੇ, ਬਿੱਲੀਆਂ, ਖ਼ਰਗੋਸ਼, ਮੋਰ, ਹਿਰਨ, ਚਿੜੀਆਂ, ਸ਼ੇਰ, ਹਾਥੀ, ਮਿਰਗ ਆਦਿ ਦੇ ਚਿੱਤਰ ਬਣਾਉਂਦੀਆਂ ਹਨ। ਇਹ ਚਿੱਤਰ ਉਹ ਘਰ ਵਿੱਚ ਦਾਣਿਆਂ ਵਾਲੀ ਕੋਠੀ ਆਦਿ ਉੱਪਰ ਵੀ ਬਣਾਉਂਦੀਆ ਹਨ। ਇਹ ਚਿੱਤਰਕਾਰੀ ਸੰਬੰਧੀ ਉਹ ਕੋਈ ਟਰੇਨਿੰਗ ਪ੍ਰਾਪਤ ਨਹੀਂ ਕਰਦੀਆਂ ਹਨ। ਸਗੋਂ ਇਹ ਕੰਮ ਉਹ ਮਹਿਜ ਸੁਭਾ ਜਾਂ ਦੂਜੇ ਘਰਾਂ ਦੀਆਂ ਇਸਤਰੀਆਂ ਵੱਲੋਂ ਚਿੱਤਰੇ ਚਿੱਤਰ ਤੋਂ ਵੇਖ ਕੇ ਕਰ ਲੈਂਦੀਆਂ ਹਨ। ਭਾਵੇਂ ਇਹ ਕਿਸੇ ਖ਼ਾਸ ਤਰਤੀਬ ਵਿੱਚ ਨਹੀਂ ਬਣੇ ਹੁੰਦੇ ਪਰ ਫਿਰ ਵੀ ਚੰਗੇ ਲੱਗਦੇ ਹਨ। ਪਰ ਹੁਣ ਇਹ ਚਿੱਤਰਕਾਰੀ ਦੇ ਪੁਰਾਣੇ ਨਮੂਨੇ ਹੋ ਰਹੇ ਹਨ ਕਿਉਂਕਿ ਲੋਕਾਂ ਦੇ ਪੱਕੇ ਮਕਾਨ ਬਣ ਗਏ ਹਨ। ਦਾਣੇ ਆਦਿ ਰੱਖਣ ਲਈ ਵੀ ਪੱਕੀਆਂ ਕੋਠੀਆਂ ਜਾਂ ਲੋਹੇ ਦੇ ਢੋਲਾਂ ਆਦਿ ਦੀ ਵਰਤੋਂ ਹੋਣ ਲੱਗ ਪਈ ਹੈ। ਨਵੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਅਜਿਹੀ ਚਿੱਤਰਕਾਰੀ ਵਿੱਚ ਕੋਈ ਦਿਲਚਸਪੀ ਨਹੀਂ ਹੈ।
2. ਹੁਨਰੀ ਚਿੱਤਰਕਾਰੀ:— ਇਹ ਚਿੱਤਰਕਾਰੀ ਹੁਨਰਮੰਦ ਕਲਾਕਾਰ ਵੱਲੋਂ ਕੀਤੀ ਜਾਂਦੀ ਹੈ। ਉਹ ਇਸ ਸੰਬੰਧੀ ਕਿਸੇ ਚੰਗੇ ਕਲਾਕਾਰ ਪਾਸੋਂ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਇਹਨਾਂ ਵਿੱਚ ਵਰਤੇ ਰੰਗਾਂ ਨੂੰ ਇੱਕ ਵਿਸ਼ੇਸ਼ ਤਰਤੀਬ ਦਿੱਤੀ ਹੁੰਦੀ ਹੈ। ਇਹਨਾਂ ਚਿੱਤਰਾਂ ਵਿੱਚ ਵਿਅਕਤੀ ਦੀ ਮਨੋਵਿਗਿਆਨਕ ਸਥਿਤੀ ਦਾ ਚਿਤਰਨ ਵੀ ਹੁੰਦਾ ਹੈ। ਇਹਨਾਂ ਵਿੱਚ ਫ਼ਿਲਾਸਫ਼ੀਕਲ ਚਿੱਤਰ ਹੁੰਦਾ ਹੈ। ਉਹ ਵਿਅਕਤੀ ਦੀ ਕਿਸੇ ਵਿਸ਼ੇਸ਼ ਮਾਨਸਿਕ ਸਥਿਤੀ ਨੂੰ ਪ੍ਰਤੀਕਾਂ ਰਾਹੀਂ ਚਿਤਰਿਤ ਕਰਦੇ ਹਨ। ਇਸ ਦੁਆਰਾ ਲੋਕ ਪਰੰਪਰਾ ਦਾ ਚਿਤਰਨ ਵੀ ਕੀਤਾ ਜਾਂਦਾ ਹੈ। ਮਹਾਂਭਾਰਤ ਅਤੇ ਰਮਾਇਣ ਵਿੱਚੋਂ ਝਾਕੀਆਂ ਚਿੱਤਰੀਆਂ ਜਾਂਦੀਆਂ ਹਨ। ਪਟਿਆਲੇ ਦੇ ਸ਼ੀਸ਼ ਮਹੱਲ ਆਰਟ ਗੈਲਰੀ ਵਿੱਚ ਕ੍ਰਿਸ਼ਨ ਦੀਆਂ ਗੋਪੀਆਂ ਦੀ ਅਵਸਥਾ ਦਰਸਾਉਣ ਲਈ ਵੱਖਰੇ—ਵੱਖਰੇ ਪ੍ਰਤੀਕ ਵਰਤੇ ਗਏ ਹਨ। ਇੱਥੇ ਕੁੱਝ ਰਾਜਪੁਰੀ ਸ਼ੈਲੀ ਦੇ ਚਿੱਤਰ ਵੀ ਲੱਗੇ ਹੋਏ ਹਨ ਜ਼ੋ ਪੰਜਾਬੀ ਸ਼ੈਲੀ ਤੋਂ ਭਿੰਨ ਹਨ। ਇੱਥੇ ਸਿੱਖ ਗੁਰੂਆਂ ਦੇ ਚਿੱਤਰਾਂ ਵਿੱਚ ਮੁਸਲਮਾਨ ਅਤੇ ਕਾਂਗੜਾ ਸ਼ੈਲੀ ਦਾ ਪ੍ਰਭਾਵ ਪ੍ਰਤੱਖ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦੀ ਚਿੱਤਰਕਾਰੀ ਦੇ ਨਮੂਨੇ ਪੰਜਾਬ ਦੇ ਪਿੰਡਾਂ ਵਿੱਚ ਵੱਡੀਆਂ ਹਵੇਲੀਆਂ, ਮੰਦਰਾਂ, ਗੁਰਦੁਆਰਿਆਂ ਵਿੱਚ ਮਿਲਦੇ ਹਨ। ਪੰਜਾਬ ਦੀ ਚਿੱਤਰਕਲਾ ਉੱਤੇ ਮੁਸਲਿਮ ਸ਼ੈਲੀ ਦਾ ਪ੍ਰਤੱਖ ਪ੍ਰਭਾਵ ਵਿਖਾਈ ਦਿੰਦਾ ਹੈ ਜਿਵੇਂ ਕਿ ਅਸੀਂ ਪਹਿਲੇ ਬਿਆਨ ਕਰ ਚੁੱਕੇ ਹਾਂ। ਇਹੋ ਬਣੇ ਚਿੱਤਰ ਜਨਮ ਸਾਖੀਆਂ ਅਤੇ ਹੱਥ—ਲਿਖਤਾਂ ਵਿੱਚ ਮਿਲਦੇ ਹਨ। ਪੁਰਾਤਨ ਜਨਮ ਸਾਖੀ ਵਿੱਚ ਅਜਿਹੇ ਚਿੱਤਰਾਂ ਦੀ ਬਹੁਤਾਤ ਹੈ। ਇੱਥੇ ਗੁਰੂ ਨਾਨਕ, ਬਾਲਾ, ਮਰਦਾਨਾ, ਗੋਰਖਨਾਥ ਆਦਿ ਦੇ ਚਿੱਤਰ ਮਿਲਦੇ ਹਨ।
ਸਿੱਖ ਰਾਜ ਸਮੇਂ ਚਿੱਤਰਕਾਰੀ
ਸੋਧੋਸਿੱਖ ਰਾਜ ਸਮੇਂ ਦੀ ਚਿੱਤਰਕਾਰੀ ਵਿੱਚ ਕਾਂਗੜਾ ਕਲਾ ਤੇ ਬਸੌਲੀ, ਚੰਬਾ, ਨੂਰਪੁਰ ਤੇ ਕੁਲੂ ਵਾਦੀ ਦੀਆਂ ਪਹਾੜੀ ਪਰਾਪਾਟੀਆਂ ਦੀ ਚਿੱਤਰਕਾਰੀ ਦੇ ਬਚੇ—ਖੁਚੇ ਅੰਸ਼ ਹਨ। ਇਹਨਾਂ ਸਭ ਦੇ ਦਰਾਂ ਦੀਆਂ ਸ਼ੈਲੀਆਂ ਵੱਖੋਂ—ਵੱਖਰੀਆਂ ਸਨ ਤੇ ਸਭ ਨੂੰ ਮਿਲਾ ਕੇ ਇਸਨੂੰ ਹਿਮਾਲੀਆਂ ਦੀ ਕਲਾ ਆਖਿਆ ਜਾਂਦਾ ਸੀ। ਇਸ ਕਲਾ ਦੀ ਪ੍ਰਮੁੱਖ ਵਿਲੱਖਣਤਾ ਚੇਤੰਨ ਸੰਗੀਤਕਤਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਮੰਦਰਾਂ ਤੇ ਮਹਾਂਕਾਵਿ ਪਲੱਸਤਰ—ਚਿੱਤਰਕਾਰੀ ਦੇ ਕਾਗਜ਼ ਉੱਤੇ ਆਉਣ ਤੱਕ ਦਰਬਾਰੀ ਚਿੱਤਰਕਾਰੀ ਵਾਲੇ ਉਘੜ੍ਹਵੀਂ ਲੈ ਬੱਸ ਰੇਖਾ ਦੇ ਚਿੱਤਰਕਾਰਾਂ ਨੇ ਦਰਬਾਰੀ ਵਾਤਾਵਰਣ ਦੀ ਕੋਮਲਤਾ ਤੇ ਸੁੱਘੜਤਾ ਨੂੰ ਆਪਣੀ ਕਲਾ ਵਿੱਚ ਰਚਾ ਕੇ ਇੱਕ ਨਵਾਂ ਮਿਸ਼ਰਨ ਜਿਹਾ ਬਣਾ ਲਿਆ ਹੋਇਆ ਹੈ। ਇਸ ਕਲਾ ਦਾ ਰੂਪ ਆਪਣੇ ਆਪ ਵਿੱਚ ਤਾਂ ਆਮ ਤੌਰ ’ਤੇ ਰਿਵਾਇਤੀ ਹੀ ਸੀ ਪਰ ਮੌਲਿਕ ਜਜ਼ਬਿਆਂ ਨਾਲ ਭਰਪੂਰ ਸੀ ਅਤੇ ਇਹ ਜਜ਼ਬੇ ਚਿੱਤਰਕਾਰਾਂ ਦੀ ਵਿਅਕਤੀਗਤ ਪ੍ਰਤਿਭਾ ਦੀਆਂ ਉਪਜਾਂ ਸਨ।
ਸਿੱਖਾਂ ਦੇ ਰਾਜ ਦੇ ਛੋਟੇ ਜਿਹੇ ਸਮੇਂ ਵਿੱਚ ਬਣਾਏ ਚਿੱਤਰਾਂ ਵਿੱਚ ਵੰਨ—ਸੁਵੰਨਤਾ ਜ਼ਰੂਰ ਸੀ। ਇਸਦਾ ਕਾਰਨ ਇਹ ਸੀ ਕਿ ਸਰਪਰਸਤੀ ਕੇਵਲ ਕੇਂਦਰੀ ਦਰਬਾਰ ਤੱਕ ਹੀ ਸੀਮਤ ਨਹੀਂ ਸੀ। ਸਗੋਂ ਵੱਖੋਂ—ਵੱਖ ਸੂਬੇਦਾਰਾਂ ਨੇ ਵੀ ਕਾਂਗੜੇ ਤੇ ਲਾਹੌਰ ਦੇ ਕੁੱਝ ਕੁ ਕਲਾਕਾਰਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਥੋੜ੍ਹੀ ਬਹੁਤ ਮਹਾਨਤਾ ਵਾਲੇ ਸਰਦਾਰਾਂ ਨੇ ਵੀ ਚਿੱਤਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਹ ਆਪਣੇ ਅਤੇ ਆਪਣੇ ਖ਼ਾਨਦਾਨ ਨਾਲ ਸੰਬੰਧਿਤ ਚਿੱਤਰ ਵੀ ਇਕੱਠੇ ਕਰਦੇ ਪਰ ਇਹ ਚਿੱਤਰ ਮੁਗ਼ਲੀਆ ਦਰਬਾਰ ਦੇ ਚਿੱਤਰਾਂ ਵਰਗੇ ਕੋਮਲ ਨਹੀਂ ਸਨ। ਇਹੋ ਚੀਜ਼ ਕਿਲਿ੍ਹਆਂ, ਮੰਦਰਾਂ ਤੇ ਸਿੱਖ ਹਾਕਮਾਂ ਤੇ ਸਰਦਾਰਾਂ ਦੀਆਂ ਸਮਾਧੀਆਂ ਦੀਆਂ ਕੰਧਾਂ ਉੱਤੇ ਬਣਾਏ ਗਿੱਲੇ ਪਲੱਸਤਰ ਉੱਤਲੇ ਚਿੱਤਰਾਂ ’ਤੇ ਵੀ ਲਾਗੂ ਹੁੰਦੀ ਹੈ। ਇਹ ਚਿੱਤਰਕਾਰੀ ਪਹਾੜਾਂ ਦੀ ਦੀਵਾਰੀ ਚਿੱਤਰਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ। ਆਪਣੇ ਮੌਲਿਕ ਵਾਤਾਵਰਣ ਵਿੱਚ ਇਸ ਪ੍ਰਣਾਲੀ ਵਿੱਚ ਉਹ ਜਾਤੀ—ਭਾਵਨਾ ਵਿਆਪਕ ਦਿੱਸਦੀ ਹੈ ਜੋ ਹਿੰਦੂ ਪਹਾੜੀ ਸਮਾਜ ਨੂੰ, ਵੈਸ਼ਨਵ ਮਤ ਦਾ ਸ਼ਰਧਾਲੂ ਹੋਣ ਕਾਰਨ, ਆਪਸ ਵਿੱਚ ਇਕੱਠਿਆਂ ਰੱਖਦੀ ਹੈ। ਜਦੋਂ ਇਸ ਤਕਨੀਕ ਨੂੰ ਉਥੋਂ ਲਿਆ ਕੇ ਪੰਜਾਬ ਦੇ ਮੈਦਾਨਾਂ ਵਿੱਚ ਇੱਕ ਹੋਰ ਧਰਮ ਲਈ ਵਰਤਿਆ ਗਿਆ ਤਾਂ ਕਾਂਗੜੇ ਦੇ ਹਿੰਦੂ ਕਲਾਕਾਰ ਉਹ ਜਜ਼ਬਾ ਪੈਦਾ ਨਾ ਕਰ ਸਕੇ ਜਿਸਦੀ ਉਹਨਾਂ ਨੂੰ ਘਰ ਵਿੱਚ ਪ੍ਰੇਰਨਾ ਮਿਲੀ ਸੀ ਅਤੇ ਨਾ ਹੀ ਏਨਾ ਸਮਾਂ ਸੀ ਕਿ ਸਿੱਖਧਰਮ ਦੇ ਅਨੁਕੂਲ ਸਪਿਆਚਾਰਕ ਵੰਨਗੀਆਂ ਵਾਸਤੇ ਸਿੱਖ ਕਲਾਕਾਰਾਂ ਨੂੰ ਸਿਖਲਾਈ ਦਿੱਤੀਜਾ ਸਕਦੀ।
(ਪੰਜਾਬ, ਸੰਪਾਦਕ ਮਹਿੰਦਰ ਸਿੰਘ ਰ ੰਧਾਵਾ, ਪੰਨੇ 84—85)
ਪੰਜਾਬ ਦੇ ਉੱਘੇ ਚਿੱਤਰਕਾਰ
ਸੋਧੋ1. ਸੋਭਾ ਸਿੰਘ:— ਸਰਦਾਰ ਸੋਭਾ ਸਿੰਘ ਪੰਜਾਬ ਦੇ ਉਹਨਾਂ ਚਿੱਤਰਕਾਰਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਪੰਜਾਬੀ ਸਭਿਆਚਾਰ ਦੇ ਅਨੇਕਾਂ ਪੱਖਾਂ ਨੂੰ ਆਪਣੀ ਚਿੱਤਰਕਲਾ ਦਾ ਵਿਸ਼ਾ ਬਣਾਇਆ। ਪੰਜਾਬ ਦੀਆਂ ਲੋਕ ਕਥਾਵਾਂ, ਲੋਕ—ਗੀਤ ਅਤੇ ਲੋਕ ਵਿਸ਼ਵਾਸ ਉਹਨਾਂ ਦੇ ਰੰਗਾਂ ਨਾਲ ਚਿੱਤਰਾਂ ਦੇ ਰੂਪ ਵਿੱਚ ਅਰਮ ਹੋ ਗਏ ਤੇ ਉਹ ਖੁਦ ਪੰਜਾਬੀਅਤ ਦਾ ਪ੍ਰਤੀਕ ਬਣ ਚਿੱਤਰਕਲਾ ਦੇ ਆਕਾਸ਼ ਤੇ ਛਾ ਗਏ। ਸੋਭਾ ਸਿੰਘ ਨੇ ਕਲਾ ਦੀ ਰਵਾਇਤੀ ਅਤੇ ਨਵੀਆਂ ਸ਼ੈਲੀਆਂ ਨੂੰ ਚਲਾ ਕੇ ਇੱਕ ਅਜਿਹੀ ਸ਼ੈਲੀ ਵਿੰਚ ਚਿੱਤਰ ਉਲੀਕੇ ਜਿਸ ਵਿੱਚ ਭਾਰਤ ਦੀ ਆਤਮਾ ਅਤੇ ਉਸ ਦਾ ਇਤਿਹਾਸ ਝਲਕਾ ਮਾਰਦਾ ਹੈ। ਸਰਦਾਰ ਸੋਭਾ ਸਿੰਘ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਿਗੋਬਿੰਦਪੁਰ ਨਗਰ ਵਿੱਚ ਸੰਨ 1901 ਵਿੱਚ ਸਰਦਾਰ ਦੇਵ ਸਿੰਘ ਦੇ ਘਰ ਹੋਇਆ। 1923 ਵਿੱਚ ਗੁਰੂ ਦਾ ਬਾਗ ਮੋਰਚੇ ਤੇ ਜਾਂਦੇ ਹੋਏ ਸਿੰਘਾਂ ਦੇ ਮੂੰਹ ਤੇ ਰੂਹਾਨੀ ਰੌਸ਼ਨੀ ਵੇਖ ਕੇ ਸੋਭਾ ਸਿੰਘ ਦੇ ਅੰਦਰ ਦਾ ਕਲਾਕਾਰ ਬਹੁਤ ਪ੍ਰਭਾਵਿਤ ਹੋਇਆ। ਇਸ ਪ੍ਰਭਾਵ ਹੇਠ ਹੀ ਉਸਨੇ ਸਿੱਖ ਗੁਰੂਆਂ ਦੇ ਚਿੱਤਰਾਂ ਨੂੰ ਉਲੀਕਿਆ ਹੈ। ਸੋਭਾ ਸਿੰਘ ਤਾਂ ਜ਼ਿੰਦਗੀ ਪਰ ਪਿਆਰ ਸ਼ਾਂਤੀ ਅਤੇ ਭਾਈਚਾਰੇ ਦਾ ਸੁਨੇਹਾ ਆਪਣੇ ਚਿੱਤਰਾਂ ਰਾਹੀਂ ਦਿੰਦਾ ਹੈ। 1934 ਵਿੱਚ ਉਸਨੇ ਗੁਰੂ ਨਾਨਕ ਦਾ ਇੱਕ ਚਿੱਤਰ ਬਦਾਇਆ। 1948 ਵਿੱਚ ਲੋਕ ਸੰਪਰਕ ਵਿਭਾਗ ਲਈ ਇਹਨਾਂ ਨੇ ਮਹਾਤਮਾ ਗਾਂਧੀ ਦਾ ਇੱਕ ਚਿੱਤਰ ਬਣਾਇਆ। ਉਹਨਾਂ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦਾ ਵੀ ਇੱਕ ਚਿੱਤਰ ਬਣਾਇਆ। ਸੋਭਾ ਸਿੰਘ ਨੇ ਆਪਣੇ ਜੀਵਨ ਵਿੱਚ ਅਨੇਕਾਂ ਚਿੱਤਰ ਬਣਾਏ। ਸੋਭਾ ਸਿੰਘ ਪੰਜਾਬ ਦੇ ਲੋਕਾਂ ਦਾ ਕਲਾਕਾਰ ਰਿਹਾ ਹੈ। ਪੰਜਾਬੀਅਤ ਉਸਦੀ ਨਸ—ਨਸ ਵਿੱਚ ਵਸਦੀ ਹੈ। ਇਸੇ ਲਈ ਸੰਨ 1974 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਰਾਜ ਕਲਾਕਾਰ ਦਾ ਅਹੁਦਾ ਦੇ ਕੇ ਸਨਮਾਨਿਤ ਕੀਤਾ। 1982 ਵਿੱਚ ਪੰਜਾਬ ਆਰਟਿਸ਼ਟ ਕੌਸ਼ਲ ਨੇ ਉਹਨਾਂ ਨੂੰ ਆਪਣੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਨੇ 1983 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਕੇ ਨਿਵਾਜਿਆ। ਆਉਣ ਵਾਲੀਆਂ ਪੀੜ੍ਹੀਆਂ ਸਦਾ ਹੀ ਇਸ ਮਹਾਨ ਕਲਾਕਾਰ ਦੀਆਂ ਕਰਜਾਈ ਰਹਿਣਗੀਆਂ ਜਿਹਨਾਂ ਨੂੰ ਸੋਭਾ ਸਿੰਘ ਦੇ ਚਿੱਤਰ ਹਮੇਸ਼ਾ ਰਾਹ ਵਿਖਾਉਂਦੇ ਰਹਿਣਗੇ।
2. ਅੰਮ੍ਰਿਤਾ ਸ਼ੇਰਗਿੱਲ:— ਕਲਾ ਦੇ ਖੇਤਰ ਵਿੱਚ ਕਲਾਕਾਰ ਲਈ ਪਰੰਪਰਾਗਤ ਲੀਹਾਂ ਨੂੰ ਛੱਡ ਕੇ ਨਵੇਂ ਰਸਤੇ ਬਣਾਉਣੇ ਬੜੇ ਹ ੌਂਸਲੇ ਅਤੇ ਹਿੰਮਤ ਦਾ ਕੰਮ ਹੁੰਦਾ ਹੈ। ਇਹ ਕੰਮ ਅੰਮ੍ਰਿਤਾ ਸ਼ੇਰਗਿੱਲ ਨੇ ਕਰ ਵਿਖਾਇਆ। ਜਨਮ: ਅੰਮ੍ਰਿਤਾ ਸ਼ੇਰਗਿੱਲ ਦਾ ਜਨਮ ਸੰਨ 30 ਜਨਵਰੀ, 1913 ਨੂੰ ਸ਼ੁੱਕਰਵਾਰ ਵਾਲੇ ਦਿਨ ਅੰਮ੍ਰਿਤਾ ਦਾ ਜਨਮ ਹੋਇਆ। ਅੰਮ੍ਰਿਤਾ ਦੇ ਪਿਤਾ ਸਰਦਾਰ ਉਸਰਾਵ ਸਿੰਘ ਜ਼ਿਲ੍ਹੇ ਦੇ ਮਸ਼ਹੂਰ ਜੱਟ ਪਰਿਵਾਰ ਵਿੱਚੋਂ ਸਨ ਅਤੇ ਮਾਂ ਅ ੈਨੋਟੋਨਿਟੀ ਸ਼ੇਰਗਿੱਲ ਹੰਗਾਰੀ ਦੀ ਪ੍ਰਤਿਭਾਵਾਨ ਔਰਤ ਸੀ। ਅੰਮ੍ਰਿਤਾ ਸ਼ੇਰਗਿੱਲ ਨੂੰ ਚਿੱਤਰਕਲਾ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਉਸਦੇ ਮਾਤਾ—ਪਿਤਾ ਨੇ ਉਸਦੇ ਸ਼ੌਂਕ ਨੂੰ ਦੇਖਦੇ ਹੋਏ ਕਲਾ ਦੀ ਸਿੱਖਿਆ ਲੈਣ ਲਈ ਇਟਲੀ ਦੇ ਫਲੋਰੈਸ ਸ਼ਹਿਰ ਵਿੱਚ ਭੇਜਿਆ। ਇਥੋਂ ਦੀ ਸਿੱਖਿਆ ਖ਼ਤਮ ਕਰਕੇ ਅੰਮ੍ਰਿਤਾ ਸ਼ੇਰਗਿੱਲ ਭਾਰਤ ਆਈ ਤੇ ਕੁਝ ਸਮੇਂ ਬਾਅਦ ਪੈਰਿਸ ਪਰਤ ਗਈ ਸੀ। ਪੈਰਿਸ ਵਿੱਚ 1931 ਵਿੱਚ ਇਹਨਾਂ ਦੇ ਚਿੱਤਰਾਂ ਦੀ ਇੱਕ ਨੁਮਾਇਸ਼ ਲੱਗੀ ਅਤੇ ਇਹਨਾਂ ਨੇ ਦੋ ਚਿੱਤਰਾਂ ‘ਧੜ’ ਅਤੇ ‘ਮੁਟਿਆਰਾਂ’ ਨੇ ਲਿਨ ਫਰਾਂਸ ਵਿੱਚ ਇਹਨਾਂ ਨੂੰ ਮਸ਼ਹੂਰ ਕਰ ਦਿੱਤਾ।
1. ਕੇਲੇ ਵੇਚਣ ਵਾਲੇ
2. ਬਾਲਿਕਾ ਵਧੂ
3. ਪੇਂਡੂ ਮੁਟਿਆਰ
4. ਊਠ
5. ਵਹੁਟੀ
6. ਬ੍ਰਹਮਚਾਰੀ
7. ਹਲਦੀ ਕੁੱਟਣ ਵਾਲੀਆਂ
8. ਦੱਖਣੀ ਭਾਰਤੀ ਪੇਂਡੂ
9. ਔਰਤ ਦਾ ਧੜ
10. ਪਹਾੜੀ ਆਦਮੀ।
ਇਸ ਤਰ੍ਹਾਂ ਅੰਮ੍ਰਿਤਾ ਸ਼ੇਰਗਿੱਲ ਦੀ ਚਿੱਤਰਕਲਾ ਭਾਰਤੀ ਚਿੱਤਰਕਲਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਮੋੜ ਹੈ ਜਿੱਥੇ ਪੁਰਾਣੀ ਕਲਾ ਦਾ ਅੰਤ ਅਤੇ ਨਵੀਂ ਕਲਾ ਦਾ ਆਰੰਭ ਹੁੰਦਾ ਹੈ। ਭਾਰਤ ਦੀ ਚਿੱਤਰਕਲਾ ਨੂੰ ਦੁਨੀਆ ਦੀ ਆਧ ੁਨਿਕ ਕਲਾ ਨਾਲ ਜੋੜਨ ਦਾ ਸਿਹਰਾ ਅੰਮ੍ਰਿਤਾ ਸ਼ੇਰਗਿੱਲ ਨੂੰ ਜਾਂਦਾ ਹ ੈ। ਇਸ ਮਹਾਨ ਕਲਾਕਾਰਾਂ ਦਾ ਅਕਾਲ ਚਲਾਣਾ ਸੰਨ 1991 ਈ. ਵਿੱਚ ਹ ੋਇਆ।
3. ਰਾਬਿੰਦਰ ਨਾਥ ਟੈਗੋਰ:— ਰਾਬਿੰਦਰ ਨਾਥ ਟੈਗੋਰ ਭਾਰਤ ਦੀਆਂ ਉਹਨਾਂ ਉਘੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਆਪਣੇ ਸਾਹਿਤ ਨਾਲ ਦੁਨੀਆ ਵਿੱਚ ਭਾਈਚਾਰੇ ਦਾ ਸੰਦੇਸ਼ ਪਹੁੰਚਾਇਆ। ਇਹਨਾਂ ਨੂੰ ਇਹਨਾਂਦੀ ਸਾਹਿਤਕ ਰਚਨਾ ਗੀਤਾਂਜਲੀ ਤੇ 1913 ਈ. ਵਿੱਚ ਨੋਬਲ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ ਰਾਬਿੰਦਰ ਨਾਥ ਟੈਗੋਰ ਵਿਸ਼ਵ ਕਵੀ ਬਣ ਗਏ। ਰਾਬਿੰਦਰ ਨਾਥ ਟੈਗੋਰ ਦਾ ਜਨਮ ਕਲਕੱਤਾ ਵਿਖੇ 7 ਮਈ 1861 ਈ. ਨੂੰ ਹੋਇਆ। ਟੈਗੋਰ ਦਾ ਪਰਿਵਾਰ ਇਹਨਾਂ ਚੋਂ ਪਹਿਲਾਂ ਹੀ ਪਾਰਤ ਵਿੱਚ ਪ੍ਰਸਿੱਧੀ ਪਾ ਚੁੱਕਾ ਸੀ। ਬੰਗਾਲ ਦੇ ਸਾਰੇ ਅੰਦੋਲਨਾਂ ਦਾ ਕੇਂਦਰ ਟੈਗੋਰ ਪਰਿਵਾਰ ਹੀ ਸੀ। ਇਸ ਤਰ੍ਹਾਂ ਰਾਬਿੰਦਰ ਨਾਥ ਟੈਗੋਰ ਨੇ ਸਾਹਿਤਕ ਤੇ ਕਲਾਤਮਿਕ ਰੁਚੀਆਂ ਵਿਰਸੇ ਵਿੱਚ ਮਿਲਿਆਂ ਸਨ। 1924 ਈ. ਵਿੱਚ ਜਦ ਰਾਬਿੰਦਰ ਨਾਥ ਟੈਗੋਰ ਦੁਨੀਆ ਦੇ ਸਾਹਿਤਕ ਆਕਾਸ਼ ਤੇ ਸੂਰਜ ਵਾਂਗ ਚਮਕ ਰਹੇ ਸਨ ਤਾਂ ਉਹਨਾਂ ਨੇ ਚਿੱਤਰਕਲਾ ਨੂੰ ਵੀ ਅਪਣਾ ਲਿਆ। ਇਹਨਾਂ ਨੇ ਚਿੱਤਰਕਲਾ ਦੇ ਖੇਤਰ ਵਿੱਚ ਪੁਲਾਂਘਾ ਪੁਟੀਆਂ ਕਿ ਸਾਹਿਤ ਦੀ ਤਰ੍ਹਾਂ ਕਲਾ ਖੇਤਰ ਵਿੱਚ ਵੀ ਛਾਂ ਗਏ। 1924 ਈ. ਤੋਂ 1944 ਤੱਕ ਟੈਗੋਰ ਨੇ ਕੋਈ 254 ਦੇ ਕਰੀਬ ਚਿੱਤਰ ਅਤੇ ਸਕੈਚ ਬਣਾਏ। ਇਹ ਚਿੱਤਰ ਸਭ ਕਾਗਜ਼ ਤੇ ਨਹੀਂ ਸਨ। ਖਿੜਕੀਆਂ ਦੇ ਟੁੱਟੇ ਤਾਪ ਤੇ, ਮਿੱਟੀ ਦੇ ਬਰਤਨ ਤੇ ਅਲਮਾਰੀਆਂ ਦੇ ਉੱਤੇ ਵੀ ਸਨ। ਕਲਾ ਦੇ ਵਿਕਾਸ ਦੇ ਅਖ਼ਰੀਲੇ ਦੌਰ ਵਿੱਚ ਉਹਨਾਂ ਨੇ ਕੁੱਝ ਨਗਨ ਚਿੱਤਰ ਵੀ ਬਣਾਏ ਹਨ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਸਾਹਿਤ ਵਿੱਚ ਜੋ ਕੁਝ ਅਣ ਕੀਤਾ ਰਹਿ ਗਿਆ ਸੀ ਉਹ ਸਭ ਕੁੱਝ ਉਹਨਾਂ ਨੇ ਚਿੱਤਰਾਂ ਰਾਹੀਂ ਕਰ ਦਿੱਤਾ। ਟੈਗੋਰ ਤੋਂ ਪ੍ਰਭਾਵਿਤ ਹੋ ਕੇ ਕੁੱਝ ਚਿੱਤਰਕਾਰ ਉਹਨਾਂ ਨਾਲ ਜੁੜ ਗਏ ਸਨ। ਇਹਨਾਂ ਵਿੱਚ ਕੁੱਝ ਪ੍ਰਸਿੱਧ ਚਿੱਤਰਕਾਰ ਇਹ ਸਨ:—
1. ਰਾਥੇਨ ਮਿਤਰਾ
2. ਐਨ. ਮਜ਼ੁਮਦਾਰ
3. ਗੋਪਾਲ ਘੋਸ਼
4. ਪ੍ਰਦੀਸ਼ ਦਾਸ ਗੁਪਤਾ
ਇਹਨਾਂ ਚਿੱਤਰਕਾਰਾਂ ਦੇ ਗਰੁੱਪ ਨੂ ੰ ਪ੍ਰੋ. ਸੋਹਰਾਵਰਦੀ, ਸਧ ੇਂਦਰ ਦੱਤ ਤੇ ਵਿਸਨੂੰ ਜਿਹੇ ਕਲਾ ਆਲੋਚਕਾਂ ਦੀ ਸਰਪਸ਼ਤੀ ਹਾਸ਼ਲ ਸੀ। ਚਿੱਤਰਕਲਾ ਵਿ ੱਚ ਟੈਗੋਰ ਆਪ ਹੀ ਆਪਣੇ ਗੁਰੂ ਸਨ। ਇਹਨਾਂ ਨੇ ਆਪਣਾ ਰਸਤਾ ਆਪ ਹੀ ਚੁਣਿਆ ਅਤੇ ਆਪ ਹੀ ਸਜਾਇਆ—ਸੰਵਾਰਿਆ।
4. ਅਜਾਇਬ ਚਿੱਤਰਕਾਰ:— ਕਲਪਨਾ ਤੇ ਯਥਾਰਥ ਦੇ ਸੁਮੇਲ ਰਾਹੀਂ ਡੂੰਘੀਆਂ ਰਮਜ਼ਾਂ ਉਭਾਰਨ ਵਾਲੇ ਮੁਸੱਵਰ ਅਜਾਇਬ ਚਿੱਤਰਕਾਰ ਦਾ ਜਨਮ 18 ਫਰਵਰੀ, 1924 ਈ. ਨੂੰ ਪਿੰਡ ਘੱਬਦੀ, ਜ਼ਿਲ੍ਹਾ ਲੁਧਿਆਣਾ ਦੇ ਇੱਕ ਗੈਰ—ਕਾਸ਼ਤਕਾਰ ਗਰੀਬ ਘਰਾਣੇ ਵਿੱਚ ਹੋਇਆ।
ਉਹ ਜਿੱਥੇ ਇੱਕ ਚੰਗਾ ਚਿਤੇਰਾ ਹੈ ਉੱਥੇ ਇੱਕ ਵਧੀਆ ਸਾਹਿਤਕਾਰ ਵੀ ਹ ੈ ਬਲਕਿ ਉਸਦੀ ਵਧ ੇਰੇ ਪ੍ਰਸਿੱਧੀ ਇੱਕ ਸਾਹਿਤਕਾਰ ਦੇ ਰੂਪ ਵਿੱਚ ਹੀ ਹੈ। ਉਸਨੇ ਬਹੁਤ ਸਾਰੇ ਚਿੱਤਰਾਂ ਦਾ ਵੀ ਨਿਰਮਾਣ ਕੀਤਾ ਹੈ, ਜਿਹਨਾਂ ਵਿੱਚ ਪੁਸਤਕਾਂ ਦੇ ਟਾਇਟਲ ਤੇ ਵਿਆਖਿਆ ਚਿੱਤਰ ਸ਼ਾਮਿਲ ਹਨ। ਉਸਨੇ ਅਨੇਕਾਂ ਪ੍ਰਦਰਸ਼ਨੀਆਂ ਵਿੱਚ ਭਾਗ ਲਿਆ ਹੈ ਜਾਤੀ ਸ਼ੋਅ ਵੀ ਕੀਤੇ ਹਨ ਜਿਹਨਾਂ ਨੂੰ ਦਰਸ਼ਕਾਂ ਨੇ ਬੜਾ ਪਸੰਦ ਕੀਤਾ ਹੈ।
ਉਸ ਅਨੁਸਾਰ ਚਿੱਤਰਕਾਰੀ ਤੇ ਕਾਵਿ ਰਚਨਾ ਦਾ ਗੂੜ੍ਹਾ ਸੁਮੇਲ ਹੈ। ਪਾਕਿਸਤਾਨ ਦੇ ਮਹਾਨ ਕਵੀ ਕਤੀਲ ਸਿਫ਼ਾਈ ਦੇ ਸ਼ਬਦਾਂ ਵਿੱਚ ਅਜਾਇਬ ਚਿੱਤਰਕਾਰ ਇੱਕ ਅਜਿਹਾ ਸ਼ਾਇਰ ਹੈ, ਜੋ ਬੁਰਸ਼ ਚੱਕੇ ਤਾਂ ਕੈਨਵਸ ’ਤੇ ਖੂਬਸੂਰਤ ਨਜ਼ਮ ਹੋ ਜਾਏ ਤੇ ਜੇ ਕਲਮ ਫੜੇ ਤਾਂ ਹੁਸੀਨ ਤਸਵੀਰ ਉੱਭਰ ਆਏ। ਅਜਾਇਬ ਚਿੱਤਰਕਾਰ ਇੱਕ ਪੁਰਖਲੂਸ ਦੋਸਤ ਅਤੇ ਨਿੱਘਾ ਤੇ ਮਿੱਠਾ ਬੋਲੜਾ ਵਿਅਕਤੀ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਹਲਕੀ ਜਿਹੀ ਮੁਸ਼ਕਾਨ ਉਸਦੇ ਚਿਹਰੇ ’ਤੇ ਬਿਖਰ ਜਾਂਦੀ ਹੈ। ਉਹ ਭਾਵੇਂ ਦੇਖਣ ਨੂੰ ਗੰਭੀਰ ਲਗਦਾ ਹੈ ਪਰ ਅੰਦਰੋਂ ਹਾਸੇ—ਮਜ਼ਾਕ ਨਾਲ ਭਰਪੂਰ ਹੈ। ਉਹ ਉਮਰ ਦੇ 76 ਸਾਲ ਹੁਨਾਲ ਹੁੰਗਾਲ ਚੁੱਕਾ ਹ ੈ ਪਰ ਅਜੇ ਵੀ ਸਰੀਰ ਦਾ ਕਾਫ਼ੀ ਨਰੋਆ ਹੈ ਅਤੇ ਸਾਹਿਤ ’ਤੇ ਚਿੱਤਰਕਾਰੀ ਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਗਤੀਸ਼ੀਲ ਹੈ।
ਹਵਾਲੇ
ਸੋਧੋ1. ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ, ਪ੍ਰੋ. ਸ਼ੈਰੀ ਸਿੰਘ
2. ਆਧ ੁਨਿਕ ਮੂਰਤੀ ਕਲਾ ਅਤੇ ਚਿੱਤਰਕਲਾ ਦਾ ਇਤਿਹਾਸ, ਡਾ. ਸੀ.ਐਲ. ਸ਼ਰਮਾ
3. ਪੰਜਾਬੀ ਚਿੱਤਰਕਾਰੀ, ਅਜਾਇਬ ਚਿੱਤਰਕਾਰ
4. ਪੰਜਾਬ ਦੇ ਉੱਘੇ ਚਿੱਤਰਕਾਰ, ਕੇਸਰ ਸਿੰਘ ਆਜਿਜ਼
5. ਰੇਖਾ ਤੇ ਰੰਗ, ਪ੍ਰਕਾਸ਼ ਨਰੂਲਾ
6. ਕਲਾ ਦੀ ਪੜਚੋਲ, ਪ੍ਰੋ. ਅਮੀਰ ਸਿੰਘ