ਪੰਜਾਬੀ ਡਾਇਸਪੋਰਾ ਸੱਭਿਆਚਾਰ

ਪੰਜਾਬੀ ਡਾਇਸਪੋਰੇ ਦਾ ਜਨਮ ਯਹੂਦੀਆਂ ਦੇ 'ਡਾਇਸਪੋਰ' ਵਾਂਗ ਨਹੀਂ ਹੋਇਆ। ਅੱਜ ਕਲ੍ਹ ਪੰਜਾਬੀ ਸਾਰੀ ਦੂਨੀਆਂ ਵਿੱਚ ਖਿਲਰੇ ਹੋਏ ਹਨ। ਜਦੋਂ ਯਹੂਦੀਆ ਨੂੰ ਜੂਡੀਆ ਵਿੱਚੋਂ ਉਜਾੜਿਆ ਗਿਆ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਜੇਰੂਸਲਮ ਵਿਚੋਂ ਉਜਾੜ ਦਿੱਤਾ ਗਿਆ ਤਾਂ ਉਹ ਸਾਰੀ ਦੂਨੀਆਂ ਵਿੱਚ ਖਿੱਲਰ ਗਏ। ਪਰ ਦੁਨੀਆ ਵਿੱਚ ਪੰਜਾਬੀਆਂ ਦਾ ਖਿਲਾਰਾ ਯਹੂਦੀਆਂ ਵਾਂਗ ਨਹੀਂ ਹੋਇਆ। ਸੰਨ 1947 ਦੀ ਵੰਡ ਤੋਂ ਬਾਅਦ ਬਹੁਤ ਸਾਰੇ ਪਾਕਿਸਤਾਨੀ ਪੰਜਾਬੀ ਭਾਰਤ ਵਿੱਚ ਆ ਗਏ ਅਤੇ ਬਹੁਤ ਸਾਰੇ ਭਾਰਤੀ ਪੰਜਾਬੀ ਪਾਕਿਸਤਾਨ ਵਿੱਚ ਜਾ ਵੱਸੇ। ਇਸ ਤਰ੍ਹਾਂ ਪੰਜਾਬੀ ਡਾਇਸਪੋਰੇ ਦੇ ਕੇਂਦਰੀ ਤੇ ਨਿਵਾਸੀ ਖੰਡ ਨਿਸ਼ਚਿਤ ਹੋ ਗਏ। ਭਾਰਤੀ ਪੰਜਾਬ ਨੂੰ ਅਜੋਕੇ ਯੁੱਗ ਵਿੱਚ ਪੰਜਾਬੀ ਡਾਇਸਪੋਰੇ ਦਾ ਕੇਂਦਰ ਅਤੇ ਪਾਕਿਸਤਾਨੀ ਪੰਜਾਬ ਨੂੰ ਨਿਵਾਸੀ ਡਾਇਸਪੋਰੇ ਦਾ ਕੇਂਦਰ ਕਿਹਾ ਜਾਂਦਾ ਹੈ। ਜਿਹੜੇ ਪੰਜਾਬ ਤੋਂ ਬਾਹਰ ਕਿਧਰੇ ਭਾਰਤੀ ਖਿੱਤੇ ਵਿੱਚ ਵੱਸੇ ਹਨ ਉਹਨਾਂ ਪੰਜਾਬੀਆਂ ਨੂੰ ਪਰਦੇਸੀ ਅਤੇ ਜਿਹੜੇ ਭਾਰਤ ਅਤੇ ਪਾਕਿਸਤਾਨ ਤੋਂ ਬਿਨ੍ਹਾਂ ਬਾਕੀ ਬਾਹਰਲੇ ਦੇਸ਼ਾਂ ਵਿੱਚ ਵੱਸੇ ਹੋਏ ਹਨ ਉਹਨਾਂ ਪੰਜਾਬੀਆਂ ਨੂੰ ਪ੍ਰਵਾਸੀ ਆਖਿਆ ਜਾਂਦਾ ਹੈ।

ਪੰਜਾਬੀ ਡਾਇਸਪੋਰੇ ਦਾ ਆਰੰਭ

ਸੋਧੋ

ਬਰਤਾਨਵੀ ਸਾਮਰਾਜ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਮਲੇਸ਼ੀਆ ਮੌਰੀਸ਼ੀਅਮ ਦੇਸ਼ਾਂ ਵਿੱਚ ਰਬੜ ਅਤੇ ਗੰਨੇ ਦੀ ਖੇਤੀ ਕਰਨ ਲਈ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਭੇਜਣਾ ਸ਼ੁਰੂ ਕੀਤਾ, ਜਿਸ ਨਾਲ ਪੰਜਾਬੀ ਡਾਇਸਪੋਰਾ ਬਣਨਾ ਸ਼ੁਰੂ ਹੋ ਗਿਆ। ਇਸ ਉਪਰੰਤ ਪੰਜਾਬੀਆਂ, ਖ਼ਾਸ ਕਰਕੇ ਰਾਮਗੜੀਆਂ ਨੂੰ ਅਫ਼ਰੀਕਾ ਵਿੱਚ ਰੇਲਵੇ ਲਾਈਨ ਵਿਛਾਉਣ ਲਈ ਭੇਜਿਆ ਗਿਆ। ਉਹਨਾਂ ਵਿਚੋਂ ਕਈ ਸ਼ੇਰਾਂ ਅਤੇ ਚੀਤਿਆਂ ਦੇ ਸ਼ਿਕਾਰ ਹੋ ਗਏ। ਜੋ ਬਚ ਗਏ ਉਹ ਉੱਥੇ ਹੀ ਵੱਸ ਗਏ ਤੇ ਪੰਜਾਬੀ ਡਾਇਸਪੋਰਾ ਹੋਰ ਤਰੱਕੀ ਕਰ ਗਿਆ ਬਾਅਦ ਵਿੱਚ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਮੁਲਕਾਂ ਵਿੱਚ ਪੰਜਾਬੀ ਆਪਣੇ ਬਲਬੂਤੇ, ਹਿੰਮਤ, ਦਲੇਰੀ ਸਦਕਾ ਪਹੁੰਚ ਗਏ। ਹੁਣ ਸਾਰੇ ਸੰਸਾਰ ਵਿੱਚ ਪੰਜਾਬੀ ਡਾਇਸਪੋਰੇ ਦਾ ਬੋਲਬਾਲਾ ਹੈ। ਪੰਜਾਬੀ ਡਾਇਸਪੋਰੇ ਨੇ ਬੜੀਆਂ, ਮੁਸ਼ਕਿਲਾਂ ਮੁਸੀਬਤਾਂ, ਸਮੱਸਿਆਵਾਂ ਝੱਲੀਆਂ ਹਨ ਪਰ ਹਿੰਮਤ ਨਹੀਂ ਹਾਰੀ। ਆਪਣੀ ਹਿੰਮਤ ਅਤੇ ਦਲੇਰੀ ਕਰਕੇ ਉਹਨਾਂ ਨੇ ਵੱਡੀਆਂ  ਪੁਲਾਘਾਂ ਪੁੱਟ ਕੇ ਬੜੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਕੈਨੇਡਾ ਵਿੱਚ ਤਾਂ ਪੰਜਾਬੀ ਡਾਇਸਪੋਰਾ ਦੇ ਮੈਂਬਰ ਉੱਥੋਂ ਦੀ ਸਰਕਾਰ ਵਿੱਚ ਵਜ਼ੀਰੀਆਂ ਤਕ ਵੀ ਪਹੁੰਚ ਗਏ ਹਨ। ਪੰਜਾਬੀਆਂ ਨੇ ਬਾਹਰ ਥਾਂ-ਥਾਂ ਤੇ ਗੁਰਦੁਆਰੇ ਉਸਾਰ ਨੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਯਤਨ ਕੀਤਾ ਹੈ ਅਤੇ ਇਸ ਵਿੱਚ ਉਹ ਸਫਲ ਵੀ ਹੋਏ ਹਨ। ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਦੀ ਅਗਲੀ ਪੀੜ੍ਹੀ ਪੰਜਾਬੀ ਵਿਰਸੇ ਨਾਲ ਜੁੜੇ ਸਕੇ। ਇਸ ਯਤਨ ਵਿੱਚ ਪੰਜਾਬੀਆਂ ਪਾਸੋਂ ਚੰਗੀ ਪੜ੍ਹਨ ਸਮੱਗਰੀ ਦੀ ਆਸ ਰੱਖਦੇ ਹਨ ਜਿਹੜੀ  ਅਸੀਂ ਉਪਲਬਧ ਨਹੀਂ ਕਰ ਸਕੇ। ਇਸ ਦੇ ਬਾਵਜੂਦ ਪੰਜਾਬੀ ਡਾਇਸਪੋਰਾ ਪੰਜਾਬੀ ਜੁਬਾਨ ਅਤੇ ਪੰਜਾਬੀ ਸਭਿਆਚਾਰ ਦੀ ਉੱਨਤੀ ਲਈ ਹਰ ਸੰਭਵ ਯਤਨ ਕਰ ਰਿਹਾਹੈ। ਇਸ ਲਈ ਉਹਨਾਂ ਨੇ ਗੁਰਦੁਆਰਿਆਂ ਤੋਂ ਇਲਾਵਾ ਕਈ ਸਭਾਵਾਂ, ਸੰਸਥਾਵਾਂ, ਸੁਸਾੱਇਟੀਆਂ ਵੀ ਗਠਿਤ  ਕੀਤੀਆਂ ਹਨ, ਜਿਹੜੀਆਂ ਇਸ ਦਿਸ਼ਾ ਵਿੱਚ ਸਾਰਥਕ ਯਤਨ ਕਰ ਰਹੀਆਂ  ਹਨ।[1]

ਪੰਜਾਬੀ ਡਾਇਸਪੋਰੇ ਦਾ ਸਾਹਿਤ ਵਿੱਚ ਯੋਗਦਾਨ

ਸੋਧੋ

ਪੰਜਾਬੀ ਡਾਇਸਪੋਰਾ ਸਾਹਿਤ ਸਿਰਜਣਾ ਵਿੱਚ ਵੀ ਪਿੱਛੇ ਨਹੀਂ ਰਿਹਾ। ਉਹਨਾਂ ਵਿੱਚ ਕਈ ਉੱਚ ਕੋਟੀ ਦੇ ਨਾਟਕਕਾਰ, ਨਾਵਲਕਾਰ, ਕਵੀ, ਕਹਾਣੀ ਲੇਖਕ ਪੈਦਾ ਹੋਏ, ਹੋ ਰਹੇ ਹਨ। ਇਹਨਾਂ ਵਿੱਚ ਰਘੁਬੀਰ ਢੰਡ, ਨਿਰੰਜਨ ਸਿੰਘ ਨੂਰ, ਜਗਜੀਤ ਬਰਾੜ, ਦਰਸ਼ਨ ਧੀਰ, ਰਵਿੰਦਰ ਰਵੀ, ਅਜਾਇਬ ਕਮਲ, ਅਜਮੇਰ ਰੋਡੇ, ਹਰਬਖਸ਼ ਮਕਸੂਦਪੂਰੀ, ਅਵਤਾਰ ਜੰਡਿਆਲਵੀ, ਦਰਸ਼ਨ ਬੁਲੰਦਵੀ, ਪ੍ਰੀਤਮ ਸਿੱਧੂ, ਹਰਜੀਤ ਅਟਵਾਲ, ਇਕਬਾਲ ਰਾਮੂਵਾਲੀਆ, ਵੀਨਾ ਵਰਮਾ, ਪ੍ਰੋ. ਹਰਭਜਨ ਸਿੰਘ, ਸੁਰਜੀਤ ਕਲਸੀ ਅਤੇ ਜਰਨੈਲ ਸਿੰਘ ਆਦਿ ਦੇ ਨਾਂ ਜਿਕਰਯੋਗ ਹਨ। ਇਹਨਾਂ ਲੇਖਕਾਂ ਨੇ ਆਪਣੇ ਨਾਟਕਾਂ, ਕਹਾਣੀਆਂ, ਨਾਵਲਾਂ, ਕਵਿਤਾਵਾਂ ਵਿੱਚ ਪੰਜਾਬੀ ਡਾਇਸਪੋਰਾ ਦਾ ਯਥਾਰਥ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਤਹੀ ਪੱਧਰ 'ਤੇ ਇਹ ਜਾਪਦਾ ਹੈ ਕਿ ਪਰਵਾਸੀਆਂ ਨੇ ਆਰਥਿਕ ਉੱਨਤੀ ਕਰ ਕੇ ਹਰ ਇੱਕ ਤਰ੍ਹਾਂ ਦਾ ਸੁਖ ਪ੍ਰਾਪਤ ਕਰ ਲਿਆ ਹੈ ਪਰ ਇਹ ਗੱਲ ਸਚਾਈ ਤੋਂ ਕੋਹਾ ਦੂਰ ਹੈ। ਉੱਥੇ ਅਸਲੀ ਪੁਆੜਾ ਪੀੜ੍ਹੀਆਂ ਦਾ ਕਲੇਸ਼ ਹੈ। ਪਹਿਲੀ ਪੀੜ੍ਹੀ ਦੇ ਲੋਕ ਆਪਣੇ ਬੱਚਿਆਂ ਪਾਸੋਂ ਪੰਜਾਬੀ ਸਭਿਆਚਾਰ ਅਨੁਸਾਰ ਵਿਹਾਰ ਦੀ ਆਸ ਰੱਖਦੇ ਹਨ ਜਿਹੜੀ ਸਿਰੇ ਨਹੀਂ ਚੜਦੀ। ਇਹ ਮਾਮਲਾ ਬੱਚਿਆਂ ਦੀਆਂ ਸ਼ਾਦੀਆਂ  ਸਮੇਂ ਘੋਰ ਸਕੰਟ ਦਾ ਰੂਪ ਧਾਰ ਲੈਂਦਾ ਹੈ। ਪਹਿਲੀ ਪੀੜੀ ਦੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਆਪਣੇ ਪੁਰਾਣੇ ਵਿਰਸੇ ਅਨੁਸਾਰ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਵਾਉਣ ਅਤੇ ਘਰ ਦੀਆਂ ਜਿੰਮੇਵਾਰੀਆਂ ਨਿਭਾਉਣ, ਪਰ ਉਹਨਾਂ ਦੀ ਅਗਲੀ ਪੀੜ੍ਹੀ ਇਸ ਨੂੰ ਆਪਣੀ ਆਜ਼ਾਦੀ ਤੇ ਹਮਲਾ ਸਮਝਦੀ ਹੈ ਅਤੇ ਉਹ ਇਸ ਦਾ ਤਿੱਖਾ ਵਿਰੋਧ ਕਰਦੇਹੋਏ ਬਗਾਵਤ ਤੱਕ ਪਹੁੰਚ ਜਾਂਦੇ ਹਨ। ਫਲਸਰੂਪ ਦੋਹਾਂ ਧਿਰਾਂ ਦਾ ਬਿਆਨੌਂ ਬਾਅਰ ਨੂਕਸਾਨ ਹੁੰਦਾ ਹੈ। ਪੁਰਾਣੀ ਪੀੜ੍ਹੀ ਦੇ ਲੋਕ ਇਹ ਸੋਚਦੇ ਹਨ ਕਿ ਅਸੀਂ ਇੱਥੇ ਆ ਕੇ ਕੀ ਖੱੜਿਆ ਜਦੋਂ ਸਾਡੇ ਬੱਚੇ ਹੀ ਸਾਡੇ ਖਿਲਾਫ਼ ਬਗਾਵਤ ਕਰ ਗਏ, ਨਵੀਂ ਪੀੜ੍ਹੀ ਇਹ ਸੋਚਦੀ ਹੈ ਕਿ ਉਹਨਾਂ ਦੇ ਮਾਂ-ਬਾਪ ਪੁਰਾਣੇ ਖਿਆਲਾਂ ਦੇ ਹਨ, ਉਹਨਾਂ ਨੂੰ ਨਵੀਂ ਦੁਨੀਆ ਦੀ ਕੋਈ ਮਸਝ ਨਹੀਂ, ਉਹ ਆਪਣੇ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਸਿੱਟਾ ਇਹ ਨਿਕਲਦਾ ਹੈ ਦੋਵੇਂ ਧਿਰਾਂ ਸੰਤਾਪ ਭੋਗਦੀਆਂ ਹਨ। ਨਵੀਂ ਪੀੜ੍ਹੀ ਦੇ ਬੱਚੇ ਚੜ੍ਹਦੀ ਜੁਆਨੀ ਦੇ ਜੋਸ਼ ਵਿੱਚ ਆ ਕੇ ਮਾਂ-ਪਿਉ ਦੀ ਪਰਵਾਹ ਕਰੇ ਬਗੈਰ  ਵਿਆਹ ਕਰ ਲੈਂਦੇ ਹਨ, ਬਾਅਦ ਵਿੱਚ ਪਛਤਾਉਂਦੇ ਹਨ, ਉਸ ਵੇਲੇ ਵਕਤ ਲੰਘ ਚੁੱਕਾ ਹੁੰਦਾ ਹੈ। ਕੁਝ ਵੀ ਸ਼ੋਰ ਨਹੀਂ ਸਕਦਾ। ਇਸ ਦਾ ਅੱਗੋਂ ਸਿੱਟਾ ਇਹ ਨਿਕਲਦਾ ਹੈ ਕਿ ਨਵੀਂ ਪੀੜ੍ਹੀ ਵੱਡੀ ਗਿਣਤੀ ਵਿੱਚ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੀ ਹੈ। ਉਹਨਾਂ ਣਾ ਆਪਣੀ ਵਿਰਾਸਤ, ਆਪਣੇ ਧਰਮ, ਆਪਣੀ ਜੁਬਾਨ, ਆਪਣੇ ਪੰਜਾਬ ਨਾਲੋਂ ਅਤਾ ਟੁੱਟ ਰਿਹਾ ਹੈ ਅਤੇ ਉਹ ਆਪਣੇ ਮੋਜ਼ਬਾਨ ਮੁਲਕਾਂ ਦੇ ਸਮਾਜ ਵਿੱਚ ਦੋ ਨੰਬਰ ਦੇ ਸ਼ਹਿਰੀ ਬਣ ਕੇ ਵਿਚਰ ਰਹੇ ਹਨ। ਉਹਨਾਂ ਵਿੱਚ ਮਾਨਸਿਕ ਮਨੋਵਿਸ਼ਾਦ ਪੈਦਾ ਹੋ ਗਏ ਹਨ ਕਿਉਂਕਿ ਦੂਸਰੇ ਸਮਾਜ ਵਿੱਚ ਵਿਲੀਨ ਹੋਣਾ ਸੌਖਾ ਕੰਮ ਨਹੀਂ ਹੈ, ਇਸ ਵਾਸਤੇ ਦੂਜੇ ਪਾਸੇ ਤੋਂ ਵੀ ਹੁੰਗਾਰਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ ਕਿਉਂਕਿ ਪੱਛਮੀ ਸਮਾਜ ਬੜਾ ਕਨਜ਼ਰਵੇਟਿਵ, ਘੁਟਿਆ ਘੁਟਿਆ ਹੈ, ਖੁਲ ਦਿਲਾਂ ਨਹੀਂ ਹੈ। ਇਹ ਪਰਿਸਥਿਤੀ ਉਹਨਾਂ ਦੀ ਨਵੀਂ ਪੀੜ੍ਹੀ ਵਾਸਤੇ ਕਈ ਤਰ੍ਹਾਂ ਦੇ ਮਨੋਵਿਸ਼ਾਦ ਪੈਦਾ ਕਰ ਰਹੀ ਹੈ।[2]

ਪੰਜਾਬੀ ਡਾਇਸਪੋਰਾ

ਸੋਧੋ

ਡਾਇਸਪੋਰਾ ਅੱਜ ਦਾ ਅਹਿਮ ਵਿਸ਼ਾ ਹੈ। ਹਰ ਭਾਸ਼ਾ ਵਿੱਚ ਇਸ ਬਾਰੇ ਚਰਚਾ ਹੈ, ਕਿਉਂਕਿ ਕੋਈ ਵੀ ਸਮਾਜ ਜਾਂ ਸਭਿਆਚਾਰ ਅਜਿਹਾ ਨਹੀਂ, ਜਿਸਦਾ ਡਾਇਸਪੋਰਾ ਨਾਲ ਸਰੋਕਾਰ ਨਾ ਹੋਵੇ। ਇਸ ਬਾਰੇ ਚਰਚਾ ਯਹੂਦੀ ਡਾਇਸਪੋਰਾ ਤੋਂ ਸ਼ੁਰੂ ਹੋਵੇ। ਭਾਵੇਂ ਸ਼ਬਦ ਡਾਇਸਪੋਰਾ ਯੂਨਾਨੀ ਤੋਂ ਸਾਹਮਣੇ ਆ ਗਿਆ ਸੀ। ਖੇਤ ਵਿੱਚ ਬੀਜ ਦਾ ਬੀਜਿਆ ਜਾਣਾ ਤੇ ਉਸਦਾ ਖਿਲਾਰਾ। ਪਰ ਇਸਨੇ ਸਮਾਜਿਕ ਤੇ ਸਭਿਆਚਾਰਕ ਅਰਥ ਯਹੂਦੀ ਡਾਇਸਪੋਰਾ ਸਮੇਂ ਧਾਰਨ ਕੀਤੇ। ਜਦੋਂ 5886 ਪੂਰਵ ਈਸਵੀਂ ਵਿੱਚ ਯਹੂਦੀਆਂ ਨੂੰ ਜੂਡੀਆਂ ਤੋਂ ਉਜਾੜਿਆ ਗਿਆ ਤੇ ਉਹ ਆਸ ਪਾਸ ਦੀਆਂ ਬਸਤੀਆਂ ਤੇ ਖਿਲੱਰ ਗਏ ਜਾਂ 135 ਈਸਵੀਂ ਵਿੱਚ ਜਦੋਂ ਉਹਨਾਂ ਨੂੰ ਜੇਰੂਸਲਮ ਤੋਂ ਰੋਮਨ ਸਾਮਰਾਜ ਤੇ ਉਜਾੜਿਆ ਉਹ ਹੋਰ ਖਿੱਲਰ ਗਏ। ਉਹਨਾਂ ਨੂੰ ਰੋਮਨ ਸਾਮਰਾਜ ਦੇ ਜ਼ੁਲਮ ਸਹਿਣੇ ਪਏ। ਉਹਨਾਂ ਨੂੰ ਮੰਡੀਆਂ ਵਿੱਚ ਗੁਲਾਮ ਬਣਾ ਕੇ ਵੇਚਿਆ ਗਿਆ। ਬਾਅਦ ਦੇ ਇਤਿਹਾਸ ਵਿੱਚ ਉਹ ਬੇਬੀਲੋਨ, ਸਪੇਨ, ਪੋਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਖਿੱਲਰ ਗਏ। 1948 ਵਿੱਚ ਜਦੋਂ ਯਹੂਦੀ ਹੋਮਲੈਂਡ ਇਮਰਾਈਨ ਦੀ ਸਥਾਪਨਾ ਹੋਈ ਤਾਂ ਯਹੂਜੀ ਵੱਡੀ ਗਿਣਤੀ ਵਿੱਚ ਇਸਰਈਨ ਪਰਤੇ। ਹੁਣ ਜੋ ਯਹੂਦੀ ਇਸਰਾਈਲ ਪਰਤੇ ਹਨ, ਉਹਨਾ ਬਾਰੇ ਨਹੀਂ ਪਰ ਬਦੇਸ਼ਾਂ ਵਿੱਚ ਬੈਠੇ ਯਹੂਦੀਆਂ ਬਾਰੇ ਸ਼ਬਦ ਡਾਇਸਪੋਰਾ ਵਰਤਿਆ ਜਾਂਦਾ ਹੈ।

ਸ਼ਬਦ ਡਾਇਸਪੋਰਾ ਬਦੇਸ਼ਾਂ ਵਿੱਚ ਵਸੀਆਂ ਹੋਰ ਕੌਮਾਂ ਲਈ ਇੱਕ ਸਮਾਜਕ ਤੇ ਸਭਿਆਚਾਰਕ ਅਰਥ ਧਾਰਨ ਕਰ ਚੁੱਕਾ ਹੈ। ਪਰ ਸੰਸਾਰ ਵਿੱਚ ਕੇਵਲ ਪੰਜਾਬੀ ਡਾਇਸਪੋਰਾ ਦਾ ਮਸਲਾ ਨਹੀਂ। ਕਈ ਹੋਰ ਸਭਿਆਚਾਰਾਂ ਨਾਲ ਡਾਇਸਪੋਰਾ ਸ਼ਬਦ ਸੰਬੰਧਤ ਹੈ ਪੰਜਾਬੀਆਂ ਦੀਆਂ ਹੋਰ ਧਰਤੀਆਂ ਤੇ ਸਮੱਸਿਆਵਾਂ, ਉਹਨਾਂ ਦੀ ਪਹਿਚਾਣ, ਉਹਨਾਂ ਨਾਲ ਵਿਹਾਰ, ਉਹਨਾਂ ਦਾ ਆਪਣੀ ਧਰਤੀ ਬਾਰੇ ਨਾਸਟਾਲਜੀਆ, ਉਹਨਾਂ ਦੇ ਆਲੇ-ਦੁਆਲੇ ਨਸਲਵਾਦ, ਨੌਕਰੀ, ਵਿਦਿਆ ਤੇ ਹੋਰ ਖੇਤਰਾਂ ਦੀਆਂ ਸਮੱਸਿਆਵਾਂ, ਉਹਨਾਂ ਦਾ ਆਪਣੀਆਂ ਪੱਤੀਆਂ ਵਾਂਗ ਰਹਿਣਾ, ਮੋਨੋਲਾਗ ਹੌਲੀ ਹੌਲੀ ਹੋਰ ਸਭਿਆਚਾਰਾਂ 'ਚੋ ਗਏ ਲੋਕਾਂ ਨਾਲ ਸੰਵਾਦ ਉਹਨਾਂ ਖੇਤਰਾਂ ਵਿੱਚ ਉਹਨਾਂ ਦੀ ਭੂਮਿਕਾ, ਉੱਥੋਂ ਦੀ ਰਾਜਨੀਤੀ ਵਿੱਚ ਉਹਨਾਂ ਦੀ ਭੂਮਿਕਾ, ਉਸ ਵਿੱਚ ਹੌਲੀ-ਹੌਲੀ ਪ੍ਰਾਪਤੀਆਂ ਸਾਹਮਣੇ ਆਉਣੀਆਂ, ਰਿਸ਼ਤੇ ਨਾਤਿਆਂ ਤੇ ਉਥੋਂ ਦੇ ਸਮਾਜ ਸਭਿਆਚਾਰ ਦਾ ਪ੍ਰਭਾਵ, ਰਸਮੋਂ ਰਿਵਾਜ, ਢੋਲ ਢਮੱਕੇ, ਮਿਸ਼ਰਤ ਸਭਿਆਚਾਰ ਦਾ ਸਾਹਮਣੇ ਆਉਣਾ, ਪੌਪ ਸੰਗੀਤ, ਇਹ ਸਭ ਕੁਝ ਮਿਲ ਕੇ ਪੰਜਾਬੀ ਡਾਇਸਪੋਰਾ ਦੀ ਸਿਰਜਣਾ ਹੁੰਦੀ ਹੈ।

ਪੰਜਾਬੀ ਡਾਇਸਪੋਰਕ ਸਮੱਸਿਆਕਾਰਾਂ ਦੇ ਆਲੇ-ਦੁਆਲੇ ਹੋਰ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਜਾਂ ਕੁਝ ਪ੍ਰਸ਼ਨਾਂ ਦੇ ਸਾਹਮਣੇ ਹੋਣਾ ਜ਼ਰੂਰੀ ਹੈ। ਬਦੇਸ਼ਾਂ ਵਿੱਚ ਜੋ ਪੰਜਾਬੀ ਗਏ ਹਨ, ਉਹ ਭਾਰਤ ਜਾਂ ਪਾਕਿਸਤਾਨ ਦੀ ਧਰਤੀ ਤੋਂ ਗਏ ਸਨ। 1947 ਦੀ ਵੰਡ ਤੱਕ ਦੋਨਾਂ ਦੇਸ਼ਾਂ ਦੀ ਸਥਿਤੀ ਇਕੋ ਸੀ। ਪੰਜਾਬੀ ਸਭਿਆਚਾਰ ਹੁਣ ਵੀ ਸਾਂਝਾ ਹੈ। ਜਿਥੇ ਵੀ ਪੰਜਾਬੀ ਹੈ, ਉਸ ਦਾ ਸਰੋਕਾਰ ਪੰਜਾਬੀ ਸਭਿਆਚਾਰ ਨਾਲ ਹੈ। ਪੰਜਾਬੀ ਡਾਇਸਪੋਰਾ ਮੂਲ ਤੌਰ ਤੇ ਸਭਿਆਚਾਰ ਨਾਲ ਹੀ ਜੁੜਿਆ ਹੋਇਆ ਹੈ।[3]

ਪੰਜਾਬ ਅਤੇ ਪੰਜਾਬੀ ਡਾਇਸਪੋਰਾ ਦੇ ਅੰਤਰ ਸੰਵਾਦ ਨੂੰ ਸਮਝਣ ਲਈ ਅਸੀਂ ਇਸਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ:

1. ਪੰਜਾਬ ਦੇ ਜਨ-ਜੀਵਨ ਉਤੋਂ ਪੰਜਾਬੀ ਡਾਇਸਪੋਰਾ ਦਾ ਪ੍ਰਭਾਵ ਅਤੇ ਸੰਵਾਦ

ਸੋਧੋ

ਪੰਜਾਬ ਵਸਦੇ ਪੰਜਾਬੀ ਨੂੰ ਨਾ ਸਿਰਫ਼ ਅਮੀਰ ਮੁਲਕਾਂ ਦੀ ਚਮਕ ਦਮਕ ਹੀ ਚਕਾਚੋਂਧ ਕਰੀ ਰੱਖਦੀ ਹੈ, ਸਗੋਂ ਵਲੈਂਤੀਆਂ ਦੀ ਵੱਡੀ ਅਮੀਰੀ ਦਾ ਭਰਪੂਰ ਬਿੰਬ ਉਸਨੂੰ ਕਈ ਤਰ੍ਹਾਂ ਉਕਸਾਉਂਦਾ ਰਹਿੰਦਾ ਹੈ। ਚਕਾਚੌਂਧ ਨੂੰ ਵਲੈਤੀਆਂ ਦੀਆਂ ਕੁਝ ਦਿਨਾਂ ਦੀਆਂ ਭਲਵਾਨੀ ਗੇੜੀਆਂ ਸਮੇਂ ਵਿਖਾਵੇ ਦੇ ਖਰਚੇ, ਵਸਤਾਂ ਤੇ ਹੋਰ ਪਤਵੰਤੀਆਂ ਫਹਿਬਰਾਂ ਮੂਲੋਂ ਅਸਮਾਨੇ ਚਾੜ੍ਹ ਦਿੰਦੀਆਂ ਹਨ। ਪੰਜਾਬੀ ਦੇ ਜਿਹਨਾਂ ਖੇਤਰਾਂ ਵਿੱਚ ਵਲੈਤੀ ਖੱਟੀਆਂ ਕਮਾਈਆਂ ਆਈਆਂ ਹਨ, ਉਹ ਮੁੱਖ ਤੌਰ ਤੇ ਹਵਾਲੇ ਅਥਵਾ ਦੋ ਨੰਬਰ ਰਾਹੀਂ ਆਈਆਂ ਹਨ। ਉਹਨਾਂ ਦੀ ਪੂਰੀ ਗਿਣਤੀ ਮਿਣਤੀ ਸਭੰਵ ਨਹੀਂ ਪਰ ਪੈਸੇ ਨਾਲ ਵਿਸ਼ੇਸ਼ ਕਰ ਦੁਆਬੇ ਤੇ ਕੁਝ ਕੁਝ ਮਾਝੇ ਦੇ ਖੇਤਰ ਵਿੱਚ ਸਿਰਫ਼ ਜ਼ਮੀਨਾਂ ਖਰੀਦੀਆਂ ਗਈਆਂ, ਬਹੁਮੰਜ਼ਲੀ ਕੋਠੀਆਂ ਉਸਾਰੀਆਂ ਗਈਆਂ, ਕਾਰਾਂ ਤੇ ਹੋਰ ਖੱਪਤਕਾਰੀ ਵਸਤਾਂ ਹੀ ਖਰੀਦੀਆਂ ਗਈਆਂ ਹਨ। ਮੁੱਖ ਤੌਰ ਤੇ ਇਹ ਪੈਸਾ ਖੱਪਤਕਾਰੀ ਖੇਤਰ ਵਿੱਚ ਲੱਗਾ ਅਤੇ ਇਸ ਵਿਚੋਂ ਬਹੁਤ ਪੈਸਾ ਸਾਂਝੇ ਜਾਂ ਚੰਗੇ ਸਮਾਜਕ ਖੇਤਰਾਂ ਭਾਵ ਸਿੱਖਿਆ, ਸਿਹਤ ਜਾਂ ਹੋਰ ਜ਼ਰੂਰੀ ਸਹੀ ਸਮਾਜਿਕ, ਆਰਥਿਕ ਉਤਪਾਦਨ ਦੇ ਖੇਤਰਾਂ ਵਿੱਚ ਲੱਗਾ। ਪੰਜਾਬੀ ਡਾਇਸਪੋਰਾ ਦੇ ਇਸ ਡਾਲਰ, ਪੌਂਡ ਦੇ ਵਹਾੳ ਨੇ ਸਾਡੀ ਜੀਵਨ ਸ਼ੈਲੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਭ੍ਰਿਸ਼ਟਾਚਾਰੀ, ਬੇਰੋਜ਼ਗਾਰੀ, ਫਿਰਕੂਪੁਣੇ ਹੋਰ ਮਾੜੇ ਦਬਾਵਾਂ ਸਦਕਾ ਔਖੀ ਜ਼ਿੰਦਗੀ ਲਈ ਇਹ ਪਰੀ ਮੁਲਕ ਸਵਰਗ ਦੇ ਦਰਵਾਜੇ ਖੁਲੱਣ ਵਾਂਗ ਹਨ ਤੇ ਨਾਲੋ ਨਾਲ ਪਹਾੜਾਂ ਜਿਡੀਆਂ ਮੁਸੀਬਤਾਂ ਦਾ ਫੌਰੀ ਤੇ ਸੌਖਾ ਬਦਲ ਵੀ। ਨਿਸ਼ਚਿਤ ਤੌਰ ਤੇ ਹੀ ਪੰਜਾਬੀ ਡਾਇਸਪੋਰਾ ਦੀਆਂ ਪ੍ਰਾਪਤੀਆਂ ਨੇ ਪੰਜਾਬੀ ਸਭਿਆਚਾਰ  ਮੰਦਹਾਲੀਆ, ਮੁਸੀਬਤਾਂ ਕਰਕੇ ਇੱਕ ਨਵੀਂ ਉਮੰਗ ਦਿੱਤੀ ਹੈ। ਆਮ ਪੰਜਾਬੀ ਬੰਦੇ ਲਈ ਬਾਹਰੋਂ ਆਇਆ ਹਰੇਕ ਵਲੈਤੀਆਂ ਵੀ.ਆਈ.ਪੀ. ਹੋ ਨਿਬੜਦਾ ਹੈ। ਅਮੀਰ ਮੁਲਕਾਂ ਵਿੱਚ ਮਾਨਸਿਕ ਘਟਨ ਭੋਗ ਰਹੇ ਪਰਵਾਸੀ ਪੰਜਾਬੀ ਲਈ ਇਹ ਸਥਿਤੀ ਵੱਡੇ ਰੁਤਬੇ ਤੇ ਦੱਬੇ ਕੁਚਲੇ ਚਾਵਾਂ ਦਾ ਉਦਘਾਟਨ ਕਰਦੀ ਹੈ। ਇਸਦੇ ਬੜੇ ਦਿਲਚਸਪ ਪ੍ਰਗਟਾਵੇ ਸਨਮੁਖ ਆਉਂਦੇ ਹਨ। ਇਸ ਦਿਖਾਵੇ ਤੇ ਖੱਪਤਕਾਰੀ  ਜਲੋਅ ਸਨਮੁਖ ਪੰਜਾਬੀ ਸਭਿਆਚਾਰ ਦੀ ਸਾਦਗੀ, ਸਬਰ,ਸਹਿਜ, ਸੰਜਮ ਵਰਗੇ ਵੱਡੇ ਸਭਿਆਚਾਰਕ ਮੁੱਲ ਖੋਟੀ ਕਰੰਸੀ ਬਣ ਜਾਂਦੇ ਹਨ। ਇਸਨੇ ਪੰਜਾਬੀ ਸਭਿਆਚਾਰ ਵਿੱਚ ਕਈ ਅਹਿਮ ਪੁੱਠੇ ਸਿੱਧੇ ਅਸਰ ਪਾਏ ਹਨ। ਮਿਸਾਲ ਵਜੋਂ ਇਹ ਤਿੰਨ ਨਿਵੇਕਲੇ ਪ੍ਰਭਾਵ ਜਿਕਰਯੋਗ ਹਨ

1) ਬਾਹਰ ਜਾਦ ਦੀ ਮੂੰਹ ਜੋਰੀ ਰੂਚੀ

ਸੋਧੋ

ਇਸ ਰੂਚੀ ਨੇ ਕਾਨੂੰਨਨ ਗੈਰ ਕਾਨੂੰਨਨ ਬਾਹਰ ਜਾਣ ਦਾ ਅਜਿਹਾ ਚਕਰਵਿਊ ਸਥਾਪਤ ਕੀਤਾ ਹੈ,। ਜਿਸ ਨੇ ਅੱਗੋਂ ਕਈ ਅਜੀਬ ਵਰਤਾਰੇ ਪੈਦਾ ਕੀਤੇ ਹਨ, ਮਸਲਨ ਪੈਸੇ ਦੀ ਬਰਬਾਦੀ, ਏਜੰਟਾਂ ਟਾਉਟਾਂ ਦੀ ਭਰਮਾਰ (ਸਮੇਤ ਪੁਲਿਸ ਤੇ ਹੋਰ ਅਫ਼ਸਰ ਸ਼ਾਹੀ ਦੇ) ਤੇ ਗੈਰ ਸਮਾਜੀ ਅਫਸਰਾਂ ਦੀ ਚਾਂਦੀ, ਦੋ ਨੰਬਰ ਦੇ ਪੈਸੇ ਤੋਂ ਉਤਪੰਨ ਫਜੂਲ ਖਰਚੀ, ਵਿਖਾਵੇ ਤੇ ਹੋਰ ਕਈ ਮੰਦ ਰੂਚੀਆਂ, ਸਮਾਜਕ ਟੁੱਟ ਭੱਜ।

2) ਆਪਣੀ ਭੂਮੀ, ਸਮਾਜਕ ਪ੍ਰਬੰਧ ਨੂੰ ਸਵਾਰਨ/ਸੰਘਰਸ਼ ਕਰਨ ਤੋਂ ਟਾਲਾ ਆਦਿ।

ਸੋਧੋ

3) ਪਰਿਵਾਰਕ ਸਾਕਾਦਾਰੀ ਵਿਗਾੜ

ਸੋਧੋ

ਇਸ ਅਨੈ ਪਰਵਾਸ ਦੀ ਰੂਚੀ ਕਰਕੇ ਸਾਡੇ ਪਵਿੱਤਰ ਸਾਕਾਦਾਰੀ ਸੰਬੰਧਾਂ ਨੂੰ ਵੱਡੀਆਂ ਬੇਹੁ ਰਮਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ। ਵਿਆਹ ਦੂਸਰੇ ਮੁਲਕੀ ਪਰਵਾਸ ਧਾਰਨ ਕਰਨ ਦਾ ਸਭ ਤੋਂ ਵੱਡਾ ਕਾਨੂੰਨੀ, ਉੱਤਮ, ਪੱਕਾ ਤੇ ਫੋਰੀ ਢੰਗ ਬਣਦਾ ਹੈ। ਪਰਵਾਸ ਦੇ ਮੰਤਵ ਹਿਤ ਵਿਆਹ ਕਰਨ ਕਰਵਾਉਣ ਦੇ ਵਰਤਾਰੇ ਦੇ ਪਸੰਦੀਦਾ ਢੰਗ ਬਣ ਜਾਣ / ਰਹਿ ਜਾਣ ਕਰਕੇ ਵਿਆਹ ਵਿਧੀ ਵਿੱਚ ਚੌਖੇ ਰੋਚਕ ਬਦਲਾਵ ਆਏ ਹਨ। ਇਹਨਾਂ ਖਾਸ ਵਿਆਹਾਂ ਲਈ ਏਨੇ ਜੋੜ ਤੋੜ, ਏਨੀ ਖਿਚ ਧੂਹ ਤੇ ਏਨੇ ਅਨਰਥ ਵਾਪਰਦੇ ਹਨ ਕਿ ਸਾਡੇ ਅਤਿ ਪਵਿੱਤਰ ਰਿਸ਼ਤੇ ਇਸ ਹੇਠ ਆ ਗਏ ਹਨ। ਇਸ ਨਵੀਂ ਪਰਵਾਸੀ ਵਿਆਹ ਵਿਧੀ ਦੇ ਰੌਚਕ ਪੈਟਰਨ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦੇ ਹਨ।

1) ਵਲੈਤੀ ਲਾੜਾ ਲਾੜੀ

2) ਕਾਗ਼ਜੀ ਰਜ਼ਾਮੰਦੀ ਵਿਆਹ

3) ਫਰਾਡ ਵਿਆਹ

4) ਠੇਕਾ ਵਿਆਹ

2) ਪੰਜਾਬੀ ਡਾਇਸਪੋਰਾ ਦੀ ਨਜ਼ਰਾਂ ਵਿੱਚ ਪੰਜਾਬ ਅਤੇ ਪੰਜਾਬੀ:

ਸੋਧੋ

ਆਪਣੀ ਮਾਤ ਭੂਮੀ ਨੂੰ ਛੱਡ ਕੇ ਜਦੋਂ ਪੰਜਾਬੀਆਂ ਨੇ ਦੂਸਰੇ ਮੂਲਕਾਂ ਵਿੱਚ ਜਾ ਆਪਣੀ ਕਿਸਮਤ ਅਜਮਾਈ ਤਾਂ ਉਹਨਾਂ ਦੀ ਹੋਂਦ ਅਤੇ ਹੋਣੀ ਦੇ ਦੋਹਰੇ ਪਾਸਾਰ ਵੱਡੀਆਂ ਹਕੀਕਤਾਂ ਬਣਦੇ ਗਏ। ਸਭਿਆਚਾਰਕ ਅਵਚੇਤਨ ਦੀ ਪੱਧਰ ਤੇ ਉਹਨਾਂ ਦੀ ਪੱਕੀ ਤੇ ਪੀਡੀ ਸਾਂਝ ਆਪਣੀ ਮਾਤਭੂਮੀ ਅਤੇ ਇਸਦੀ ਸਭਿਆਚਾਰਕ ਤਾਸੀਰ ਨਾਲ ਵੀ ਬਣੀ ਰਹੀ, ਪਰ ਮੇਜਬਾਨ ਸਭਿਆਚਾਰ, ਆਰਥਕਤਾ ਤੇ ਰਾਜਨੀਤੀ ਨੇ ਉਹਨਾਂ ਲੋੜਾਂ, ਮੂਸ਼ਕਲਾਂ  ਤੇ ਨਵੇਂ ਅਨੁਭਵਾਂ ਨੂੰ ਨਵੇਂ ਸਿਰਿਉ ਵਿਉਂਤਿਆਂ ਅਤੇ ਅੱਖਾਂ ਸੌਖਾ ਬਦਲਾਇਆ। ਇਹੀ ਸਥਿਤੀ ਉਨ੍ਹਾਂ ਨੂੰ ਪੰਜਾਬੀ ਡਾਇਸਪੋਰਾ ਬਣਾਉਂਦੀ ਹੈ। ਇਹਨਾਂ ਦੋਹਰੇ ਅਨੂਭਵਾਂ ਵਿਚੋਂ ਗੁਜ਼ਰਦਿਆਂ ਵਿਭਿੰਨ ਪੀੜੀਆਂ ਦੇ ਅੰਤਰਾਲ ਦੇ ਸਮਾਨਾਂਤਰ ਉਹਨਾਂ ਦਾ ਆਪਣੇ ਮੂਲ ਪੰਜਾਬੀ ਸਭਿਆਚਾਰ ਬਾਰੇ ਨਜ਼ਰੀਆ, ਰੁਵੱਈਆ ਵਿਭਿੰਨ, ਪ੍ਰਸੰਗਾਂ ਤੋਂ ਪ੍ਰਭਾਵਿਤ ਹੁੰਦਾ ਹੋਇਆ ਕਈ ਵੱਖੋ-ਵੱਖਰੇ ਹੁੰਗਾਰਿਆ ਰਾਹੀਂ ਸਨਮੁਖ ਆਉਂਦਾ ਹੈ। ਪੰਜਾਬੀ ਡਾਇਸਪੋਰਾ ਦੇ ਸਭਿਆਚਾਰਕ ਅਵਚੇਤਨ ਵਿੱਚ ਪੰਜਾਬ ਦੇ ਮੌਸਮ, ਪ੍ਰਾਕਿਰਤਕ ਨਿਹਮਤਾਂ ਅਤੇ ਸਭਿਆਚਾਰਕ ਸਮੂਹਕ ਸਾਂਝਾ, ਚਾਵਾਂ ਤੇ ਮਸਤੀ-ਮੇਲਿਆਂ ਦੇ ਆਪਣੇਪਨ ਦੀਆਂ ਡੂੰਘੀਆਂ  ਤੇ ਚਿਰੰਜੀਵ ਯਾਦਾਂ ਡੂੰਘੀਆ ਵਸੀਆਂ ਰਹਿੰਦੀਆਂ ਹਨ, ਜੋ ਉਹਨਾਂ ਨੂੰ ਪਰਦੇਸ਼ਾਂ ਵਿੱਚ ਮੂਲੋਂ ਹੀ ਪ੍ਰਾਪਤ ਨਹੀਂ ਹੁੰਦੀਆਂ, ਸਗੋਂ ਉਥੋਂ ਦੇ ਬੇਗਾਨੇ ਬਰਫੀਲੇ ਮੌਸਮਾਂ, ਨਵੀਆਂ ਪ੍ਰਾਕਿਰਤਕ ਹਾਲਤਾਂ ਅਤੇ ਨਿਰੋਲ ਨਿਜਵਾਦੀ ਜੀਵਨ ਸ਼ੈਲੀਆਂ ਕਰਕੇ ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਇਸ ਪ੍ਰਸੰਗ ਵਿੱਚ ਉਹਨਾਂ ਨੂੰ ਪੰਜਾਬੀ ਭਾਈਚਾਰੇ ਤੋਂ ਦੂਰੀ ਕਰਕੇ ਵੱਡੀਆਂ ਸਾਝਾਂ ਅਤੇ ਭਾਵਕ ਵਿਗੋਚਿਆਂ ਦਾ ਨਿਰੰਤਰ ਅਹਿਸਾਸ ਹੁੰਦਾ ਹੈ।

ਪੰਜਾਬੀ ਡਾਇਸਪੋਰਾ ਦੀ ਦੂਸਰੀ ਅੰਤਰ ਸਭਿਆਚਾਰਕ ਦ੍ਰਿਸ਼ਟੀ ਦਾ ਉਦਘਾਟਨ ਉਦੋਂ ਹੁੰਦਾ ਹੈ। ਜਦੋਂ ਉਹ ਆਪਣੇ ਘਰ ਜਮੀਨ ਜਾਇਦਾਦ ਉੱਤੇ ਆਪਣਾ ਹੱਕੀ ਦਾਅਵਾ ਜਤਾਉਂਦੇ ਹਨ ਪਰ ਏਧਰਲੇ ਪੰਜਾਬੀ ਸਾਕ ਆਪਣੇ ਸਵਾਰਥ, ਲਾਲਚ, ਧੋਂਸ, ਧੱਕੇ ਦੇ ਬਲਬੂਤੇ ਡਾਇਸਪੋਰਾ ਲਈ ਅਣਗਿਣਤ ਸੰਕਟ, ਝਜੰਟ ਤੇ ਦੁਸ਼ਵਾਰਿਆਂ ਪੈਦਾ ਕਰਨ ਲਗ ਪੈਂਦੇ ਹਨ। ਇਸ ਸਥਿਤੀ ਵਿੱਚੋਂ ਦੋਵੇਂ ਕਿਸਮ ਦੇ ਅੰਤਰ ਸੰਵਾਦ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬੀ ਡਾਇਸਪੋਰੇ ਦੇ ਏਧਰਲੇ ਘਰ, ਪਰਿਵਾਰ, ਸਾਕਾਦਾਰੀ ਤੇ ਭਾਈਚਾਰੇ ਨਾਲ ਸਾਵੇਂ ਅਤੇ ਸੁਖਾਂਵੇ ਸੰਬੰਧਾਂ, ਡੂੰਘੀਆਂ ਭਾਵਕ, ਸਾਂਝਾ ਤੇ ਪਰਸਪਰ ਵਿਸ਼ਵਾਸਾਂ ਤੇ ਮਿਲਵਰਤਨ ਨਾਲ ਵੱਡੀਆਂ ਪੁਲਾਂਘਾ ਤੇ ਪ੍ਰਾਪਤੀਆਂ ਦੇ ਉਦਾਹਰਣ ਵੀ ਮਿਲਦੇ ਹਨ ਪਰ ਨਾਲੇ ਨਾਲ ਕਬਜ਼ਿਆਂ, ਲੜਾਈਆਂ, ਝਗੜੇ, ਦੁਖ, ਕਲੇਸ਼, ਤੇ ਮਰਨ ਮਰਾਉਣ ਤਕ ਦੀਆਂ ਸਥਿਤੀਆਂ ਵੀ ਘਟ ਉਭਰਵੀਆਂ ਨਹੀਂ। ਇਸ ਕਰਕੇ ਆਮ ਪਰਵਾਸੀ ਦਾ ਬਹੁਤੀ ਵਾਰੀ ਪੰਜਾਬ ਨਾਲੋਂ ਮੋਹਭੰਗ ਹੁੰਦਾ ਹੈ ਅਤੇ ਉਸਦੇ ਮਨ ਵਿੱਚ ਪੰਜਾਬੀ ਭਾਈਚਾਰੇ ਪ੍ਰਤੀ ਇੱਕ ਡੂੰਘੀ ਔਖ ਭਾਵਨਾ ਰਿਸਦੀ ਰਹਿੰਦੀ ਹੈ।

ਸਿੱਖ ਡਾਇਸਪੋਰਾ, ਪੰਜਾਬ ਸੰਕਟ ਅਤੇ ਸਾਈਬਰਸਪੇਸ

ਸੋਧੋ

ਸਾਈਬਰਸਪੇਸ ਤੇ ਸਿਰਜਿਆ/ਕਲਪਿਆ ਵਰਚੂਅਲ ਸੰਸਾਰ ਸਮਕਾਲੀ ਸਮਾਜ ਦੀ ਪ੍ਰਭਾਵੀ ਸ਼ਕਤੀਸ਼ਾਲੀ ਬਣਤਰ ਹੈ। ਸਮਕਾਲੀ ਸਿੱਖ ਡਾਇਸਪੋਰਾ ਸਾਈਬਰਸਪੇਸ ਦੇ ਵਰਚੂਅਲ ਯਥਾਰਥ ਨਾਲ ਗੂੜੇ ਸੰਬੰਧ ਰੱਖਦਾ ਹੈ। ਸਿੱਖ ਡਾਇਸਪੋਰਾ ਦੇ ਹੱਥਾਂ ਵਿੱਚ ਸਾਈਬਰਸਪੇਸ ਇੱਕ ਅਜਿਹਾ ਮਾਧਿਅਮ ਅਤੇ ਸ੍ਰੋਤ ਹੈ, ਜਿਸ ਨਾਲ ਉਹ ਆਪਣੀ ਪਛਾਣ ਅਤੇ ਸਾਰਥਕਤਾ ਨੂੰ 'ਈਮੈਜਿਨ', ਪਰਿਭਾਸ਼ਤ ਅਤੇ ਸਥਾਪਿਤ ਕਰ ਰਿਹਾ ਹੈ। ਪਛਾਣ ਸਥਾਪਿਤ ਕਰਨ ਦੀ ਇਸ ਪ੍ਰਕਿਰਿਆ ਦੇ ਇੱਕ ਤੋਂ ਵਧੇਰੇ ਪਾਸਾਰ ਹਨ, ਜਿਸ ਪਾਸਾਰ ਦੀ ਚਰਚਾ ਇਸ ਅਧਿਐਨ ਵਿੱਚ ਕੀਤੀ ਗਈ ਹੈ ਉਹ ਸਿੱਖ ਡਾਇਸਪੋਰਾ ਦੇ ਮਨਾਂ ਵਿੱਚ ਵਸੇ ਅਤੇ ਲਗਾਤਾਰ ਯਾਦ ਕੀਤੇ ਗਏ ਸਨ 84 ਦੇ ਸੰਕਟਾਂ ਦੀ ਯਾਦ ਅਤੇ ਸਾਈਬਰਸਪੇਸ' ਤੇ ਉਹਨਾਂ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ। ਯੂਟਿਊਬ ਦੀ ਆਮਦ ਨੇ ਇਸ ਵਰਤਾਰੇ ਨੂੰ ਅਸਲੋਂ ਹੀ ਨਵਾਂ ਰੂਪ ਦੇ ਦਿੱਤਾ ਹੈ। ਯੂਟਿਊਬ ਦੇ ਖਿੱਚ ਪਾਊ ਵੀਡੀਓ ਮਾਧਿਅਮ ਨੂੰ ਸਿੱਖ ਡਾਇਸਪੋਰਾ ਸੁਚੇਤ ਅਚੇਤ ਰੂਪ ਵਿੱਚ ਸੰਨ 84 ਦੇ ਮਸਲੇ ਦੀ ਪੇਸ਼ਕਾਰੀ ਹਿੱਤ ਵੱਡੇ ਪੱਧਰ ਤੇ ਵਰਤ ਰਿਹਾ ਹੈ। ਅਪਰੇਸ਼ਨ ਬਲਿਊ ਸਟਾਰ ਤੇ ਦਿੱਲੀ ਕਤਲੇਆਮ ਦੇ ਵਿਭਿੰਨ ਪ੍ਰਸੰਗਾਂ/ਵੇਰਵਿਆਂ ਦੀ ਯੂਟਿਊਬ ਤੇ ਕੀਤੀ ਵਾਰ-ਵਾਰ ਪੇਸ਼ਕਾਰੀ 84 ਦੇ ਦੁਖਾਂਤ ਦੀ ਯਾਦ ਨੂੰ ਨਾ ਕੇਵਲ ਜਿਉਂਦਾ ਰੱਖ ਰਹੀ ਹੈ ਸਗੋਂ ਇਸ ਮਸਲੇ ਪ੍ਰਤਿ ਲੋਕ-ਮਨ ਨੂੰ ਉਤੇਜਿਤ ਭਾਵੁਕ ਵੀ ਕਰ ਰਹੀ ਹੈ।[4]

ਹੁਣ ਸਮਝਣ ਵਾਲਾ ਮਸਲਾ ਇਹ ਹੈ ਕਿ ਸਿੱਖ ਡਾਇਸਪੋਰਾ ਸੰਨ 84 ਦੇ ਸਦਮਿਆਂ ਨੂੰ ਇਸ ਵਿਸ਼ੇਸ਼ ਮਾਧਿਅਮ ਰਾਹੀਂ ਸਰੋਕਾਰਾਂ ਦੀ ਰਾਜਨੀਤੀ ਕੀ ਹੈ? ਇਸ ਪਿੱਛੇ ਕਿਹੜੇ ਸਰੋਕਾਰ ਹਨ ਅਤੇ ਇਹਨਾਂ ਸਰੋਕਾਰਾਂ ਦੀ ਰਾਜਨੀਤੀ ਕੀ ਹੈ? ਇਸ ਦੀ ਪੁਣਛਾਣ ਕੇਵਲ ਇਸ ਕਰਕੇ ਜ਼ਰੂਰੀ ਨਹੀਂ ਕਿ ਇਸ ਨਾਲ ਸਿੱਖ ਡਾਇਸਪੋਰਾ ਦਾ ਵਰਤਮਾਨ ਅਤੇ ਭਵਿੱਖ ਜੁੜਿਆ ਹੋਇਆ ਹੈ ਸਗੋਂ ਇਸਲਈ ਜ਼ਰੂਰੀ ਹੈ ਕਿ ਇਸ ਮਸਲੇ ਦੀਆਂ ਸਾਈਬਰਸਪੇਸ ਦੇ ਰਾਹੀਂ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਦਾ ਪ੍ਰਭਾਵਸ਼ਾਲੀ ਵਰਚੂਅਲ ਯਥਾਰਥ ਏਧਰਲੇ ਪੰਜਾਬ ਨੂੰ ਵੀ ਆਪਣੇ ਕਲੇਵਕ ਵਿੱਚ ਲੈ ਰਿਹਾ ਹੈ। ਸਿੱਖ ਡਾਇਸਪੋਰਾ ਦੁਆਰਾ ਸਾਈਬਰਸਪੇਸ ਦੇ ਹਵਾਲੇ ਨਾਲ  ਹੋਮਲੈਂਡ ਪੰਜਾਬ ਦੀ ਰਾਜਨੀਤੀ ਵਿੱਚ ਕੀਤੀ ਜਾ ਰਹੀ ਦਖਲ-ਅੰਦਾਜ਼ੀ ਏਧਰਲੇ ਪੰਜਾਬ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀਸ਼ਾਲੀ ਸਮਰੱਥਾ ਦੀ ਮਾਲਕ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਨ 84 ਵਿੱਚ ਵਾਪਰੀਆਂ ਘਟਨਾਵਾਂ ਦੇ ਕਾਰਨ ਦੁਨੀਆ ਦੇ ਹਰੇਕ ਕੋਨੇ ਵਿੱਚ ਵੱਸਦਾ ਸਿੱਖ ਭਾਈਚਾਰਾ ਡਰ, ਸੰਤਾਪ, ਸਦਮੇ ਅਤੇ ਰੋਹ ਦਾ ਸ਼ਿਕਾਰ ਹੋ ਗਿਆ ਸੀ। ਪਰ ਪੱਚੀ ਸਾਲ ਬੀਤ ਜਾਣ ਤੋਂ ਬਾਅਦ ਜਦੋਂ ਇਧਰਲੇ ਪੰਜਾਬ ਦੀ ਮੁਖ ਧਾਰਾ ਸੰਨ 84 ਦੀ ਯਾਦ ਨੂੰ ਭੁਲਾ ਚੁੱਕੀ ਹੈ, ਭੁਲਾ ਦੇਣਾ ਚਾਹੁੰਦੀ ਹੈ ਜਾਂ ਫਿਰ ਭੁਲਾ ਦੇਣ ਵਿੱਚ ਹੀ ਆਪਣਾ ਭਲਾ ਮਹਿਸੂਸ ਕਰ ਰਹੀ ਹੈ ਉਦੋਂ ਵਿਦੇਸ਼ਾਂ ਵਿੱਚ ਵਸਦਾ ਸਿੱਖ ਡਾਇਸਪੋਰ ਇਸ ਯਾਦ ਨੂੰ ਲਗਾਤਾਰ ਨਾ ਕੇਵਲ ਜਿਉਂਦਾ ਰੱਖ ਰਿਹਾ ਹੈ ਸਗੋਂ  ਇਸਦੇ ਰਾਹੀਂ ਭਵਿੱਖ ਵਿੱਚ ਆਪਣੀ ਹੋਂਦ ਦੇ ਨਕਸ਼ਾਂ ਦੀ ਕਲਪਨਾ ਵੀ ਕਰ ਰਿਹਾ ਹੈ। ਭਵਿੱਖ ਵਿੱਚ ਉਹ ਕੀ ਚਾਹੁੰਦਾ ਹੈ, ਕਿਸ ਤਰ੍ਹਾਂ ਦਾ ਚਾਹੁੰਦਾ ਹੈ। ਇਸ ਦਾ ਅੰਦਾਜ਼ਾ ਉਸ ਦੁਆਰਾ ਸੰਨ 84 ਦੇ ਸਦਮਿਆਂ ਨੂੰ ਵਰਤਮਾਨ ਵਿੱਚ ਦਿੱਤੀਆਂ ਜਾ ਰਹੀਆਂ ਵਿਆਖਿਆਵਾਂ ਤੋਂ ਲੱਗ ਜਾਂਦਾ ਹੈ। ਉਹ ਗਲਤ ਹਨ ਜਾਂ ਠੀਕ, ਪਰ ਇਹ ਸਿੱਖ ਡਾਇਸਪੋਰਾ ਦੀ ਪਛਾਣ ਨੂੰ ਨਿਸ਼ਚਿਤ ਕਰਨ ਵਿੱਚ ਇੱਕ ਅਹਿਮ ਕਾਰਨ ਵਜੋਂ ਭੂਮਿਕਾ ਅਦਾ ਕਰ ਰਹੀਆਂ ਹਨ।

ਅਜੋਕੇ ਚਿੰਤਨ ਵਿੱਚ ਡਾਇਸਪੋਰਾ ਅਤੇ ਪਛਾਣ ਨਾਲ ਜੁੜੇ ਮਸਲੇ ਸਾਹਿਤ, ਸਭਿਆਚਾਰ ਅਤੇ ਸਮਾਜ ਦੇ ਅਧਿਐਨ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੀ ਪ੍ਰਮੁੱਖ ਵਜ੍ਹਾ ਇਹ ਹੈ ਕਿ ਅਜੋਕਾ ਮਨੁੱਖ ਆਪਣੇ ਰਵਾਇਤੀ ਘੇਰਿਆਂ ਵਿਚੋਂ ਬਾਹਰ ਆ ਰਿਹਾਹੈਾਂ ਅਤੇ ਵੱਖ-ਵੱਖ ਮੁਲਕਾਂ ਵਿੱਚ ਲੋਕਾਂ ਦਾ ਆਉਣ-ਜਾਣ, ਅਵਾਸ ਅਤੇ ਪਰਵਾਸ ਆਮ ਵਰਤਾਰਾ ਬਣ ਰਿਹਾ ਹੈ।

ਪੰਜਾਬੀ ਡਾਇਸਪੋਰਾ ਦੇ ਹਵਾਲੇ ਨਾਲ ਅਗਰ ਸਿੱਖ ਪਛਾਣ ਦੀ ਗੱਲ ਸ਼ੁਰੂ ਕੀਤੀ ਜਾਵੇ ਤਾਂ ਸਾਡੇ ਸਾਹਮਣੇ ਦੋ ਗੰਭੀਰ ਪ੍ਰਸ਼ਨ ਖੜ੍ਹੇ ਹੁੰਦੇ ਹਨ। ਪਹਿਲਾਂ ਇਹ ਕਿ ਡਾਇਸਪੋਰਕ ਪੰਜਾਬੀ ਸਾਹਿਤ ਵਿੱਚ ਸਿੱਖ ਪਛਾਣ ਨਾਲ ਜੁੜੇ ਮਸਲਿਆਂ ਦੀ ਪੇਸ਼ਕਾਰੀ ਬਹੁਤ ਹੀ ਸੰਕੋਚਵੇਂ ਰੂਪ ਵਿੱਚ ਸਾਹਮਣੇ ਆ ਰਹੀ ਹੈ। ਪੰਜਾਬੀ ਸਾਹਿਤ ਅਧਿਐਨ ਨਾਲ ਸੰਬੰਧਤ ਬਹੁਤੇ ਚਿੰਤਕ ਵੀ ਸਿੱਖ ਪਛਾਣ ਦੇ ਮਸਲੇ 'ਤੇ ਗੱਲ ਕਰਨ ਤੋਂ ਨਾ ਕੇਵਲ ਪਾਸਾ ਵੱਟਦੇ ਹਨ ਸਗੋਂ ਉਹ ਇਸ ਉੱਤੇ ਪੰਜਾਬੀਅਤ ਦੀ ਸਿਆਸਤ ਥੋਪਣ ਦੀ ਕੋਸ਼ਿਸ਼ ਵੀ ਕਰਦੇ ਹਨ। ਡਾਇਸਪੋਰਾ ਅਤੇ ਪਰਵਾਸੀ ਪੰਜਾਬੀ ਸਾਹਿਤ ਦੇ ਹਵਾਲੇ ਨਾਲ ਪੰਜਾਬੀ ਪਛਾਣ ਜਾਂ ਪੰਜਾਬੀਅਤ ਦੀ ਚਰਚਾ ਹੋ ਰਹੀ ਹੈ ਜੋ ਮੁਬਾਰਕ ਹੈ ਕਿਉਂਕਿ ਸਿੱਖ ਪਛਾਣ ਦਾ ਪੰਜਾਬੀਅਤ ਨਾਲ ਕੋਈ ਟਕਰਾਅ ਨਹੀਂ ਪਰ ਪੰਜਾਬੀ ਪਛਾਣ ਦਾ ਅੰਗ ਹੁੰਦੀਆਂ ਵੀ ਸਿੱਖਾਂ ਵੀ ਵਿਲੱਖਣ ਪਛਾਣ ਹੈ। ਇੱਕ ਪਛਾਣ ਵਿੱਚ ਹੋਰ ਅਨੇਕਾਂ ਸ਼ਾਮਲ ਹੁੰਦੀਆਂ ਹਨ। ਡਾਇਸਪੋਰਾ ਸਿੱਖਾਂ ਨੂੰ ਵਿਭਿੰਨ ਪਛਾਣਾਂ ਨਾਲ ਵੀ ਜੋੜ ਰਿਹਾ ਹੈ। ਇਸ ਕਰਕੇ ਸਿੱਖ ਪਛਾਣ ਦੇ ਨਾਲ ਸੰਬੰਧਿਤ ਮਸਲੇ ਅਤੇ ਸਮੱਸਿਆਵਾਂ ਵੀ ਸਾਹਿਤ ਚਿੰਤਨ ਅਤੇ ਖੋਜ ਦਾ ਵਿਸ਼ਾ ਬਣਨੇ ਚਾਹੀਦੇ ਹਨ। ਡਾਇਸਪੋਰਾ ਦੇ ਹਵਾਲੇ, ਨਾਲ ਗੱਲ ਕਰਨੀ ਹੋਵੇ ਤਾਂ ਪੰਜਾਬੀ ਪਛਾਣ ਨੂੰ ਵਿਦੇਸ਼ਾਂ ਵਿੱਚ ਸਿਵਾਏ ਭਾਸ਼ਾ ਤੋਂ ਕੋਈ ਵੱਡਾ ਖਤਰਾ ਸਾਹਮਣੇ ਨਹੀਂ ਆਉਂਦਾ। ਜਦੋਂ ਕਿ ਸਿੱਖਾਂ ਨੂੰ ਆਪਣੇ ਵਿਲੱਖਣ ਸਰੂਪ ਕਰਕੇ ਆਪਣੀ ਵੱਖਰੀ ਪਛਾਣ ਦੀ ਸਥਾਪਤੀ ਕਰਨ ਲਈ ਜਦੋਂ -ਜਹਿਦ ਕਰਨੀ ਪੈਂਦੀ ਹੈ। ਇਥੇ ਇਹ ਜਿਕਰਯੋਗ ਹੈ ਕਿ ਅਖਬਾਰਾਂ, ਰੇਡੀਓ ਅਤੇ ਟੀ.ਵੀ. ਦੀਆਂ ਖਬਰਾਂ, ਲੇਖਾਂ, ਫਿਲਮਾਂ ਅਤੇ ਸਭਿਆਚਾਰਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਇਲਾਵਾ ਸਭਿਆਚਾਰਕ ਅਤੇ ਇਤਿਹਾਸਕ ਅਧਿਐਨ ਵਿੱਚ ਸਿੱਖ ਡਾਇਸਪੋਰਾ ਅਤੇ ਸਿੱਖ ਪਛਾਣ ਬਾਰੇ ਖੁੱਲ ਕੇ ਚਰਚਾ ਹੋ ਰਹੀ ਹੈ।[5]

ਨਿਸ਼ਕਰਸ਼

ਸੋਧੋ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਪੰਜਾਬੀ ਡਾਇਸਪੋਰਾ ਨੇ ਆਪਣੀ ਮਿਹਨਤ ਨਾਲ ਵੱਡੀਆਂ ਆਰਥਿਕ ਪੁਲਾਘਾਂ ਪੁੱਟੀਆਂ ਹਨ ਉੱਥੇ ਦੂਜੇ ਪਾਸੇ ਉਹ ਗੰਭੀਰ ਸੰਕਟਾਂ ਵਿਚੋਂ ਵੀ ਲੰਘ ਰਹੇ ਹਨ। ਇਹ ਹੀ ਨਹੀਂ ਪੰਜਾਬੀ ਡਾਇਸਪੋਰਾ ਇਧਰਲੇ ਪੰਜਾਬ ਵਿੱਚ ਕਈ ਚਿਰਜੀਵੀ ਨਾਂਹ-ਮੁਖੀ ਵਰਤਾਰੇ ਪੈਦਾ ਕਰ ਰਿਹਾਹੈ, ਇਸ ਕਰਕੇ ਇਹ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਡਾਇਸਪੋਰਾ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਇਸ ਵਿਸ਼ਲੇਸ਼ਣ ਵਾਸਤੇ ਵਿਸ਼ੇਸ਼ ਸੈਮੀਨਾਰ, ਕਾਨਫਰੰਸਾਂ, ਕਰਵਾਉਣੀਆਂ, ਚਾਹੀਦੀਆਂ ਹਨ। ਪਾਸ ਤਰ੍ਹਾਂ ਦੇ ਵਿਦਿਅਕ ਅਦਾਰੇ ਇਸ ਕੰਮ ਵਾਸਤੇ ਸਥਾਪਿਤ ਕੀਤੇ ਜਾਣ ਤਾਂ ਜੋ ਇਸ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ ਅਤੇ ਇਸ ਦੇ ਮਾੜੇ ਸਿੱਟਿਆ ਤੋਂ ਬਚਿਆ ਜਾ ਸਕੇ।

ਹਵਾਲੇ

ਸੋਧੋ
  1. ਮਾਂਗਟ, ਸੰਪਾ.ਜਸਵਿੰਦਰ ਕੌਰ. ਪੰਜਾਬੀ ਡਾਇਸਪੋਰਾ 22 ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ. p. 5.
  2. ਉਹੀ. p. 6.
  3. ਨੂਰ, ਡਾ. ਸਤਿੰਦਰ ਸਿੰਘ. ਉਹੀ. p. 29.
  4. ਬਰਾੜ, ਮੁੱਖ ਸੰਪਾ.ਰਾਜਿੰਦਰ ਪਾਲ,ਸੰਪਾ. ਡਾ.ਜਸਵਿੰਦਰ ਸਿੰਘ,ਡਾ.ਸੁਰਜੀਤ ਸਿੰਘ. ਪੰਜਾਬੀ ਡਾਇਸਪੋਰਾ ਸਾਹਿਤ ਅਤੇ ਸਭਿਆਚਾਰ. p. 42.{{cite book}}: CS1 maint: multiple names: authors list (link)
  5. ਸਿੱਧੂ, ਡਾ.ਗੁਰਮੀਤ ਸਿੰਘ. ਪੰਜਾਬੀ ਡਾਇਸਪੋਰਾ ਸਾਹਿਤ ਅਤੇ ਸਿੱਖ ਪਛਾਣ. p. 144.