ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖ

ਪੰਜਾਬੀ ਨਾਟਕ ਅਤੇ ਰੰਗਮੰਚ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਿਹਾ ਹੈ। ਵਰਤਮਾਨ ਸਮੇਂ ਪੰਜਾਬੀ ਨਾਟ-ਮੰਚ ਨਵੀਆਂ ਨਾਟ-ਸ਼ੈਲੀਆਂ ਦੇ ਵੱਲ ਅਗਰਸਰ ਹੈ। ਕੁਲਦੀਪ ਸਿੰਘ ਦੀਪ ਲਿਖਦੇ ਹਨ ਕਿ ਪੰਜਾਬੀ ਨਾਟਕ ਦੇ ਬਦਲਦੇ ਵਿਧਾਗਤ ਪਰਿਪੇਖ ਵਿੱਚੋਂ ਵਿਧਾ ਅਤੇ ਸ਼ੈਲੀ ਪੱਖੋਂ ਵੀ ਵਿਖੰਡਨ ਦਾ ਦੌਰ ਸ਼ੁਰੂ ਹੋਇਆ ਅਤੇ ਇਸ ਵਿਖੰਡਨ ਵਿੱਚੋਂ ਅਨੇਕ ਨਵੇਂ ਨਾਟਕੀ ਰੂਪ ਹੋਂਦ ਵਿਚ ਆਏ।

1. ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ)

2. ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ)

3. ਸੰਗੀਤ ਨਾਟਕ (ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਮੱਲ ਸਿੰਘ ਰਾਮਪੁਰੀ ਆਦਿ)

4. ਨ੍ਰਿਤ ਨਾਟਕ (ਹਰਨਾਮ ਸਿੰਘ ਨਾਜ਼, ਭਾਗ ਸਿੰਘ ਆਦਿ) 5. ਬਾਲ ਨਾਟਕ (ਸਾਧੂ ਸਿੰਘ, ਰਮਾ ਰਤਨ, ਜਗਦੀਸ਼, ਸਰਬਜੀਤ ਬੇਦੀ, ਕੇਵਲ ਧਾਲੀਵਾਲ, ਦਰਸ਼ਨ ਆਸ਼ਟ, ਤਰਲੋਚਨ, ਕੁਲਦੀਪ ਸਿੰਘ ਦੀਪ ਆਦਿ)

6. ਮੂਕ ਨਾਟਕ (ਸਤੀਸ਼ ਕੁਮਾਰ ਵਰਮਾ, ਆਦਿ)

7. ਰੇਡੀਓ ਨਾਟਕ (ਕਰਤਾਰ ਸਿੰਘ ਦੁੱਗਲ, ਸੁਖਚੈਨ ਭੰਡਾਰੀ ਆਦਿ)

8. ਬਹੁ ਵਿਧਾਈ ਨਾਟਕ (ਸਤੀਸ਼ ਕੁਮਾਰ ਵਰਮਾ, ਰਵਿੰਦਰ ਰਵੀ, ਪਾਲੀ ਭੁਪਿੰਦਰ ਆਦਿ)

9. ਕੋਰੀਓਗ੍ਰਾਫੀ (ਲਗਭਗ ਸਾਰੀਆਂ ਨਾਟ ਮੰਡਲੀਆਂ ਗਾਹੇ ਵਗਾਹੇ ਇਸ ਵਿਧਾ ਨੂੰ ਅਪਣਾਉਂਦੀਆਂ ਰਹੀਆਂ ਹਨ

10. ਕਵਿਤਾ ਅਤੇ ਕਹਾਣੀ ਦਾ ਨਾਟਕ (ਗੁਰਸ਼ਰਨ ਭਾਜੀ , ਪ੍ਰੌ ਅਜਮੇਰ ਔਲਖ ਅਤੇ ਕੇਵਲ ਧਾਲੀਵਾਲ ਆਦਿ)

11. ਡਾਇਰੈਕਟਰ ਦਾ ਨਾਟਕ (ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਅਤੇ ਥੀਏਟਰ ਵਿਭਾਗਾਂ ‘ਚੋਂ ਆਏ ਕੁੱਝ ਹੋਰ ਆਰਟਿਸਟ)

12. ਨੁੱਕੜ ਨਾਟਕ (ਗੁਰਸ਼ਰਨ ਸਿੰਘ, ਰਜਿੰਦਰ ਭੋਗਲ, ਸ ਨ ਸੇਵਕ, ਸਤੀਸ ਕੁਮਾਰ ਵਰਮਾ, ਟੋਨੀ ਬਾਤਿਸ਼, ਅਸ਼ੋਕ ਪੁਰੀ, ਦਰਸ਼ਨ ਮਿਤਵਾ, ਸੈਮੂਅਲ ਜੌਨ ਆਦਿ)

13. ਲਘੂ ਨਾਟਕ (ਅਜਮੇਰ ਔਲ਼ਖ, ਆਤਮਜੀਤ, ਪਾਲੀ ਭੁਪਿੰਦਰ, ਡਾ. ਕੁਲਦੀਪ ਸਿੰਘ ਦੀਪ ਆਦਿ) ਇਹ ਸਾਰੇ ਨਾਟਕੀ ਰੂਪ ਆਧੁਨਿਕ ਸਥਿਤੀਆਂ ਦੀ ਲੋੜ ਵਿੱਚੋਂ ਆਪਮੁਹਾਰੇ ਪੈਦਾ ਹੋਏ ਅਤੇ ਆਧੁਨਿਕ ਬਹੁਪਰਤੀ ਜੀਵਨ ਯਥਾਰਥ ਦੀਆਂ ਵਿਭਿੰਨ ਤੰਦਾਂ ਨੂੰ ਆਪਣੀ ਵਿਲੱਖਣ ਵਿਧਾਗਤ ਸਮਰਥਾ ਰਾਹੀਂ ਫੜਨ ਦਾ ਯਤਨ ਕਰਦੇ ਰਹੇ।

ਸਕੇ।

ਕੁਲਦੀਪ ਸਿੰਘ ਦੀਪ ਅੱਗੇ ਕੁੱਝ ਸੁਝਾਅ ਪ੍ਰਸਤੁਤ ਕਰਦੇ ਹਨ:

ਜਿਵੇਂ:

1. ਰੰਗਮੰਚ ਦੇ ਨਵੀਨ ਸਰੋਕਾਰਾਂ ਨੂੰ ਧਿਆਨ ਵਿਚ ਰੱਖ ਕੇ ਨਾਟ ਸਿਰਜਣਾ ਕਰਨੀ, ਜਿਸ ਵਿਚ ਅਭਿਨੈ, ਨਿਰਦੇਸ਼ਨ ਅਤੇ ਰੰਗਮੰਚੀ ਤਕਨੀਕਾਂ ਦੀ ਵਰਤੋਂ ਲਈ ਢੁੱਕਵੀਂ ਸਪੇਸ ਹੋਵੇ।

2. ਨਾਟਕ ਰਾਤ ਦੇ ਹਨੇਰੇ ਅਤੇ ਸ਼ਾਂਤ ਮਾਹੌਲ ਵਿਚ ਵਿਸ਼ੇਸ਼ ਰੌਸ਼ਨੀਆਂ ਅਤੇ ਮੰਚ ਤਕਨੀਕਾਂ ਦੀ ਮਦਦ ਨਾਲ ਖੇਡਿਆ ਜਾਣ ਵਾਲਾ ਅਤੇ ਨਿੱਠ ਕੇ ਦੇਖਿਆ ਜਾਣ ਵਾਲਾ ਕਾਰਜ ਹੈ।ਪਰੰਤੂ ਸਾਡਾ ਬਹੁਤਾ ਰੰਗਮੰਚ ਦਿਨ ਦੇ ਸਮੇਂ ਵਿਚ ਹੀ ਕੀਤਾ ਜਾ ਰਿਹਾ ਹੈ।ਇਸ ਲਈ ਪੰਜਾਬੀ ਨਾਟਕ ਰੰਗਮੰਚ ਲਈ ਅਜੇ ਇਸ ਦੀਆਂ ਸੰਭਾਵਨਾਵਾਂ ਨੂੰ ਹੋਰ ਤਲਾਸ਼ਣ ਦੀ ਲੋੜ ਹੈ।

3. ਸੁਤੰਤਰ ਲੇਖਨ ਅਤੇ ਸੁਤੰਤਰ ਨਿਰਦੇਸ਼ਨ ਸਾਡੇ ਨਾਟਕ ਰੰਗਮੰਚ ਲਈ ਹੋਰ ਦੋ ਵੱਡੀਆਂ ਚੁਣੌਤੀਆਂ ਹਨ।ਸਾਡੇ ਜਾਂ ਤਾਂ ਨਾਟਕ ਲਿਖਣ ਵਾਲੇ ਹੀ ਆਪਣੇ ਨਾਟਕ ਦੇ ਨਿਰਦੇਸ਼ਕ ਹਨ ਜਾਂ ਨਿਰਦੇਸ਼ਕ ਹੀ ਆਪਣੇ ਲਈ ਨਾਟ ਲੇਖਨ ਦਾ ਕਾਰਜ ਕਰਦੇ ਹਨ।ਦੋਵੇਂ ਸਥਿਤੀਆਂ ਹੀ ਮੁਕੰਮਲ ਨਹੀਂ ਹਨ।ਜੇਕਰ ਨਾਟਕਕਾਰ ਬਤੌਰ ਨਿਰਦੇਸ਼ਕ ਆਪਣੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਨਾਟਕ ਲਿਖੇਗਾ ਤਾਂ ਉਹ ਸੰਪੂਰਨ ਰੰਗਮੰਚੀ ਸੰਭਾਵਨਾਵਾਂ ਵਾਲਾ ਨਾਟਕ ਨਹੀਂ ਲਿਖ ਸਕੇਗਾ ਅਤੇ ਇਸੇ ਤਰ੍ਹਾਂ ਜੇਕਰ ਕੋਈ ਨਿਰਦੇਸ਼ਕ ਬਤੌਰ ਨਾਟਕਕਾਰ ਆਪਣੇ ਲਈ ਨਾਟਕ ਲਿਖੇਗਾ ਤਾਂ ਉਹ ਸਿਰਫ ਥੀਏਟਰੀ ਲੋੜਾਂ ਨੂੰ ਧਿਆਨ ਵਿਚ ਰੱਖਕੇ ਮਕਾਨਕੀ ਮੰਚ ਸੰਪੂਰਨਤਾ ਤਾਂ ਲਿਆ ਸਕੇਗਾ ਪਰ ਕੋਈ ਅਰਥ ਭਰਪੂਰ ਸਿਰਜਣਾਤਮਕ ਕਿਰਤ ਜਨਮ ਨਹੀਂ ਲੈ ਸਕੇਗੀ।

4. ਰੰਗਮੰਚੀ ਸਿੱਖਿਆ ਅਤੇ ਚੇਤਨਾ ਨੂੰ ਵਿਆਪਕ ਕਰਨਾ ਅਤੇ ਇਸ ਨੂੰ ਕਿੱਤਾਮੁਖੀ ਅਤੇ ਪ੍ਰੋਫੈਸ਼ਨਲ ਬਣਾਉਣਾ ਤਾਂ ਜੋ ਰੰਗਕਰਮੀ, ਲੇਖਕ ਅਤੇ ਨਿਰਦੇਸ਼ਕ ਇਸ ਨੂੰ ਸੁਤੰਤਰ ਪ੍ਰਫੈਸ਼ਨ ਦੇ ਤੌਰ ਤੇ ਅਪਨਾਉਣ ਨਾ ਕਿ ਇਸ ਨੂੰ ਕਿਸੇ ਹੋਰ ਮਾਧਿਅਮ ਤੱਕ ਪਹੁੰਚਣ ਲਈ ਪੌੜੀ ਦੇ ਤੌਰ ਤੇ ਵਰਤਣ।

5. ਰੰਗਮੰਚੀ ਸੂਝ ਅਤੇ ਰੰਗਮੰਚੀ ਪਸੰਦਗੀ ਵਾਲਾ ਦਰਸ਼ਕ ਵਰਗ ਤਿਆਰ ਕਰਨਾ ਜੋ ਨਾਟਕਰਮ ਅਤੇ ਰੰਗਕਰਮ ਨੂੰ ਢੁੱਕਵਾਂ ਰਿਸਪਾਂਸ ਦੇਵੇ।ਇਹ ਸਥਿਤੀ ਨਾਟਕ ਅਤੇ ਰੰਗਮੰਚ ਦੀ ਨਿਰੰਤਰਤਾ ਅਤੇ ਬੱਝਵੇਂ ਯਤਨਾਂ ਨਾਲ ਹੀ ਸੰਭਵ ਹੈ।

6. ਇਕਹਿਰੇ ਸੁਭਾਅ ਵਾਲੇ ਨਾਟਕਾਂ ਅਤੇ ਪਾਤਰਾਂ ਦੀ ਥਾਂ ਜਟਿਲ ਪ੍ਰਕਿਰਤੀ ਵਾਲੇ ਨਾਟਕਾਂ ਅਤੇ ਪਾਤਰਾਂ ਦੀ ਸਿਰਜਣਾ ਕਰਨੀ, ਜਿੰਨਾਂ ਵਿੱਚੋਂ ਬਹੁਪਰਤੀ ਦਵੰਦ ਉਜਾਗਰ ਹੋ ਸਕਣ ਅਤੇ ਨਾਟਕ ਜ਼ਿੰਦਗੀ ਦੇ ਅੰਤਰਦਵੰਦਾਂ ਅਤੇ ਅੰਤਰਸੰਬੰਧਾਂ ਨੂੰ ਪਕੜਨ, ਸਮਝਣ ਅਤੇ ਪਰਿਭਾਸ਼ਿਤ ਕਰਨ ਦੇ ਯੋਗ ਹੋ ਸਕੇ।

7. ‘ਕਰਕੇ ਸਿੱਖਣ’ ਨਾਲੋਂ ‘ਸਿੱਖ ਕੇ ਕਰਨ’ ਦੇ ਸਿਧਾਂਤ ਦਾ ਅਨੁਸਰਨ ਕਰਨਾ ਜਿਸ ਨਾਲ ਉੱਚ ਪੱਧਰ ਦੀਆਂ ਨਾਟ ਸਿਰਜਣਾਵਾਂ ਅਤੇ ਰੰਗਮੰਚੀ ਪੇਸ਼ਕਾਰੀਆਂ ਹੋਂਦ ਵਿਚ ਆ ਸਕਣ ਅਤੇ ਥੀਏਟਰ ਦੀਆਂ ਮੁਕੰਮਲ ਸੰਭਾਵਨਾਵਾਂ ਦੀ ਵਰਤੋਂ ਕੀਤੀ ਜਾ ਸਕੇ।