ਪੰਜਾਬੀ ਨਾਟਕ ਦਾ ਪੰਜਵਾਂ ਦੌਰ

ਇਹ ਦੌਰ ਸਮਕਾਲੀ ਪੰਜਾਬੀ ਨਾਟਕਕਾਰ ਦਾ ਦੌਰ ਹੈ। ਇਸ ਦੌਰ ਦੇ ਆਰੰਭ ਵਿੱਚ ਹੀ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਸਥਿਤੀ ਬਣੀ ਜਿਸਨੇ ਸਮੁੱਚੇ ਜੀਵਨ ਤੇ ਸਾਹਿਤ ਨੂੰ ਪ੍ਰਭਾਵਿਤ ਕੀਤਾ। ਉਸ ਸਮੇਂ ਸਾਹਿਤ ਵਿੱਚ ਵਿਸ਼ਵੀਕਰਨ, ਉੱਤਰ ਆਧੁਨਿਕਤਾ ਤੇ ਉੱਤਰ ਬਸਤੀਵਾਦ ਜਿਹੇ ਨਵੇਂ ਸੰਕਲਪ ਉੱਭਰੇ ਅਤੇ ਪੰਜਾਬੀ ਨਾਟਕ ਨੇ ਵੀ ਇਹਨਾਂ ਸੰਕਲਪਾਂ ਨੂੰ ਅੰਗੀਕਾਰ ਕੀਤਾ। ਇਸ ਸਮੇਂ ਚੌਥੀ ਪੀੜ੍ਹੀ ਦੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ, ਸਵਰਾਜਬੀਰ, ਮਨਜੀਤਪਾਲ ਕੌਰ, ਪਾਲੀ ਭੁਪਿੰਦਰ, ਦੇਵਿੰਦਰ ਕੁਮਾਰ, ਵਰਿਆਮ ਮਸਤ ਤੇ ਜਤਿੰਦਰ ਬਰਾੜ ਸਾਹਮਣੇ ਆਉਂਦੇ ਹਨ ਜੋ ਉੱਤਰ ਆਧੁਨਿਕ ਸਰੋਕਾਰਾਂ ਅਧੀਨ ਬਹੁਮੁਖੀ ਪਹੁੰਚ ਵੱਲ ਅਗਰਸਰ ਹੁੰਦੇ ਹਨ। ਪੰਜਾਬੀ ਨਾਟਕ ਇਸ ਦੌਰ ਵਿੱਚ ਵਿਸ਼ਵੀਕਰਨ ਦੇ ਫਲਸਰੂਪ ਗੁਆਚ ਰਹੀਂ ਆਪੇ ਦੀ ਪਛਾਣ, ਬਦਲ ਰਹੀ ਨੈਤਿਕਤਾ, ਨਾਰੀ ਸੰਵੇਦਨਾ ਅਤੇ ਦਲਿਤ ਵਰਗ ਆਦਿ ਸਰੋਕਾਰਾਂ ਨਾਲ ਵਾਬਸਤਾ ਹੈ। ਇਸ ਕਿਸਮ ਦੀ ਚੇਤਨਾ ਵਿੱਚ ਪੰਜਾਬੀ ਨਾਟਕਕਾਰਾਂ ਦੀਆਂ ਚਾਰੇ ਪੀੜ੍ਹੀਆਂ ਨੇ ਯੋਗਦਾਨ ਪਾਇਆ। ਇਸ ਦੌਰ ਦੀ ਇਹੀ ਵਿਲੱਖਣਤਾ ਹੈ ਕਿ ਇੱਕੋ ਸਮੇਂ ਚਾਰੇ ਪੀੜ੍ਹੀਆਂ ਪੰਜਾਬੀ ਨਾਟਕਕਾਰੀ ਵਿੱਚ ਕਾਰਜਸ਼ੀਲ ਰਹਿੰਦੀਆਂ ਹਨ। ਪਹਿਲੀ ਪੀੜ੍ਹੀ ਵਿੱਚੋਂ ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਖੋਸਲਾ, ਬਲਵੰਤ ਗਾਰਗੀ, ਦੂਜੀ ਪੀੜ੍ਹੀ ਵਿੱਚੋਂ ਸੁਰਜੀਤ ਸਿੰਘ ਸੇਠੀ, ਹਰਸਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਪਰਿਤੋਸ਼ ਗਾਰਗੀ, ਤੀਜੀ ਪੀੜ੍ਹੀ ਵਿੱਚੋਂ ਆਤਮਜੀਤ, ਅਜਮੇਰ ਸਿੰਘ ਔਲਖ, ਚਰਨ ਦਾਸ ਸਿੱਧੂ, ਗੁਰਸ਼ਰਨ ਸਿੰਘ, ਰਵਿੰਦਰ ਰਵੀ, ਅਜਾਇਬ ਕਮਲ, ਦੇਵਿੰਦਰ ਸਿੰਘ, ਦਰਸ਼ਨ ਮਿਤਵਾ ਆਦਿ ਚੌਥੀ ਪੀੜ੍ਹੀ ਦੇ ਨਵੇਂ ਨਾਟਕਕਾਰਾਂ ਦੇ ਸਮਵਿਥ ਨਾ ਕੇਵਲ ਨਾਟ-ਰਚਨਾ ਦੀ ਨਿਰੰਤਰਤਾ ਬਰਕਰਾਰ ਰੱਖਦੇ ਹਨ ਸਗੋਂ ਨਿੱਤ ਨਵੇਂ ਪ੍ਰਯੋਗਾਂ ਨਾਲ ਆਪਣੀ ਨਾਟਕਕਾਰੀ ਦੇ ਨਵੇਂ ਵਿਸਤਾਰ ਉਲੀਕਦੇ ਹਨ। ਵਿਸ਼ਵ ਦੀ ਖੁੱਲ੍ਹੀ ਆਰਥਿਕਤਾ ਅਤੇ ਖੁੱਲ੍ਹੀ ਨੈਤਿਕਤਾ ਵਿੱਚ ਗੁਆਚ ਰਹੇ ਮਨੁੱਖੀ ਅਸਤਿਤਵ ਦੀ ਤਲਾਸ਼ ਨੂੰ ਕੈਮਲੂਪਸ ਦੀਆਂ ਮੱਛੀਆਂ (ਆਤਮਜੀਤ), ਫਾਸਲੇ (ਜਤਿੰਦਰ ਬਰਾੜ) ਪਿੰਜਰੇ ਦੇ ਆਰ ਪਾਰ (ਦੇਵਿੰਦਰ ਕੁਮਾਰ) ਅਤੇ ਦਾਇਰੇ (ਸਤੀਸ਼ ਕੁਮਾਰ ਵਰਮਾ) ਨਾਟਕਾਂ ਨੇ ਪੇਸ਼ ਕੀਤਾ ਹੈ। ਨਾਰੀ ਸੰਵੇਦਨਾ ਪੱਖੋਂ ਇਸ ਦੌਰ ਵਿੱਚ ਪਹਿਲੀ ਪੀੜ੍ਹੀ ਦੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦਾ 'ਤੇਰੇ ਨਾਚ ਨਚਾਇਆ', ਗੁਰਚਰਨ ਸਿੰਘ ਜਸੂਜਾ ਦਾ 'ਪਰੀਆਂ', ਅਮਰੀਕ ਸਿੰਘ ਦਾ 'ਅਨੀਤਾ ਦਾ ਫੈਸਲਾ' ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਡਾ. ਸਤੀਸ਼ ਕੁਮਾਰ ਵਰਮਾ ਦਾ 'ਦਾਇਰੇ' ਅਤੇ ਪਾਲੀ ਭੁਪਿੰਦਰ ਦਾ 'ਜਦੋਂ ਮੈਂ ਸਿਰਫ਼ੳਮਪ; ਔਰਤ ਹੁੰਦੀ ਹਾਂ' ਵੀ ਇਸੇ ਸ਼੍ਰੇਣੀ ਦੇ ਨਾਟਕ ਹਨ। ਦਲਿਤ ਚੇਤਨਾ ਦੇ ਅੰਤਰਗਤ ਇਸ ਦੌਰ ਵਿੱਚ ਸੈਮੂਅਲ ਦਾ ਨਾਟਕ 'ਘਸਿਆ ਹੋਇਆ ਆਦਮੀ', ਗੁਰਸ਼ਰਨ ਸਿੰਘ ਦਾ 'ਨਵਾਂ ਜਨਮ' ਅਤੇ ਸੋਮਪਾਲ ਹੀਰਾ ਦਾ 'ਦਾਸਤਾਨ-ਏ-ਲਾਲ ਸਿੰਘ ਦਿਲ' ਮਹੱਤਵ ਹਾਸਿਲ ਕਰਦੇ ਹਨ। ਇਸ ਦੌਰ ਵਿੱਚ ਪੰਜਾਬ, ਪੱਛਮੀ ਪੰਜਾਬ ਅਤੇ ਪਰਵਾਸੀ ਪੰਜਾਬ ਵਿੱਚ ਆਪਸੀ ਰੰਗਮੰਚੀ ਅਤੇ ਨਾਟਕੀ ਆਦਾਨ-ਪ੍ਰਦਾਨ ਬਹੁਤ ਵੱਧ ਗਿਆ। ਇਸ ਆਦਾਨ-ਪ੍ਰਦਾਨ ਦੇ ਫਲਸਰੂਪ ਮਦੀਹਾ ਗੌਹਰ ਵੱਲੋਂ ਆਪਣੇ ਪਤੀ ਸ਼ਾਹਿਦ ਨਦੀਮ ਦਾ ਲਿਖਿਆ ਨਾਟਕ 'ਬੁੱਲ੍ਹਾ' 'ਅਜੋਕਾ ਥੀਏਟਰ ਲਾਹੌਰ' ਵੱਲੋਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਖੇਡੇ ਜਾਣ ਦੇ ਫਲਸਰੂਪ ਮਕਬੂਲੀਅਤ ਹਾਸਿਲ ਕਰਦਾ ਹੈ। ਇਸ ਦੇ ਬਿਲਕੁਲ ਉਲਟ ਸਵਰਾਜਬੀਰ ਦੇ ਨਾਟਕ 'ਸ਼ਾਇਰੀ' ਨੂੰ ਲਾਹੌਰ ਦੇ ਰੰਗਕਰਮੀ ਖੇਡਦੇ ਹਨ। ਇਸੇ ਤਰ੍ਹਾਂ ਆਤਮਜੀਤ ਵੱਲੋਂ ਪਰਵਾਸੀ ਚੇਤਨਾ ਨਾਲ ਭਰਪੂਰ 'ਕੈਮਲੂਪਸ ਦੀਆਂ ਮੱਛੀਆਂ' ਲਿਖਿਆ ਜਾਂਦਾ ਹੈ ਅਤੇ ਵਿਦੇਸ਼ੀ ਰੰਗਮੰਚ 'ਤੇ ਖੇਡਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਡਾ. ਸਤੀਸ਼ ਕੁਮਾਰ ਵਰਮਾ ਅਤੇ ਗੁਰਸ਼ਰਨ ਸਿੰਘ ਵੱਲੋਂ ਵੀ ਪਰਵਾਸੀ ਪੰਜਾਬੀਆਂ ਲਈ ਨਾਟਕ ਖਿਡਵਾਏ ਗਏ। ਇਉਂ ਪੰਜਾਬੀ ਰੰਗਮੰਚੀ ਗਤੀਵਿਧੀਆਂ ਪੰਜਾਬ ਦੇ ਪਿੰਡਾਂ, ਕਸਬਿਆਂ, ਪ੍ਰਮੁੱਖ ਸ਼ਹਿਰਾਂ ਤੋਂ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ, ਪਾਕਿਸਤਾਨ ਅਤੇ ਕੈਨੇਡਾ, ਅਮਰੀਕਾ, ਇੰਗਲੈਂਡ ਤੱਕ ਫੈਲ ਜਾਂਦੀਆਂ ਹਨ। ਇਸ ਤਰ੍ਹਾਂ ਇਸ ਦੌਰ ਵਿੱਚ ਪੰਜਾਬੀ ਨਾਟਕ ਨੇ ਵਿਸ਼ੇ, ਤਕਨੀਕ ਅਤੇ ਪ੍ਰਸਾਰ ਦੀ ਦ੍ਰਿਸ਼ਟੀ ਤੋਂ ਵਿਰੋਧੀ ਪ੍ਰਸਥਿਤੀਆਂ ਦੇ ਬਾਵਜੂਦ ਸੰਤੋਖਜਨਕ ਤਰੱਕੀ ਕੀਤੀ ਹੈ।