ਪੰਜਾਬੀ ਨਾਵਲ ਦੀ ਸੰਯੁਕਤ ਇਤਿਹਾਸਕਾਰੀ

ਪੰਜਾਬੀ ਨਾਵਲ ਪੱਛਮੀ ਸਾਹਿਤ ਦੇ ਪ੍ਭਾਵ ਅਧੀਨ ਉਨੀਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਪੈਦਾ ਹੋਇਆ। ਅੰਗਰੇਜ਼ ਹੁਕਮਰਾਨ ਭਾਰਤ ਦੇ ਪੂਰਬ ਤੋ ਹੋਲੀ- ਹੋਲੀ ਪੱਛਮ ਵੱਲ ਵਧੇ ਸਨ। ਸਭ ਤੋ ਪਹਿਲਾਂ ਉਹ ਬੰਗਾਲ ਵਿੱਚ ਸਥਾਪਿਤ ਹੋਏ ਅਤੇ ਪੰਜਾਬ ਵਿੱਚ ਸਭ ਤੋ ਅੰਤ ਵਿੱਚ ਅਰਥਾਤ 1849 ਈ• ਵਿੱਚ ਦਾਖ਼ਲ ਹੋਏ। ਇਸ ਕਾਰਨ ਭਾਰਤ ਵਿੱਚ ਨਾਵਲ ਸਭ ਤੋਂ ਪਹਿਲਾਂ ਬੰਗਾਲ ਵਿੱਚ ਪ੍ਚਲਿਤ ਹੋਇਆ। ਪੰਜਾਬੀ ਦੇ ਮੁਢਲੇ ਨਾਵਲਕਾਰ ਸ• ਨਾਨਕ ਸਿੰਘ ਨੂੰ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਵਿੱਚ ਮੁਨਸ਼ੀ ਪ੍ਰੇਮ ਚੰਦ ਅਤੇ ਕੁਝ ਬੰਗਾਲੀ ਲੇਖਕਾਂ ਦੇ ਨਾਵਲ ਪੜ੍ਹ ਕੇ ਇਸ ਵਿਧਾ ਬਾਰੇ ਜਾਣਕਾਰੀ ਹਾਸਲ ਹੋਈ। ਨਾਨਕ ਸਿੰਘ ਨੇ 1928ਈ• ਤੋਂ ਲੈ ਕੇ 1968ਈ• ਤਕ ਉਸ ਨੇ ਲਗਪਗ 40 ਨਾਵਲਾਂ ਦੀ ਰਚਨਾ ਕਰ ਦਿੱਤੀ। ਨਾਨਕ ਸਿੰਘ ਨੂੰ ਪਲਾਟ, ਪਾਤਰ ਚਿਤ੍ਰਣ, ਸਥਾਨਕ ਰੰਗਣ ਅਤੇ ਵਾਰਤਾਲਾਪ ਆਦਿ ਨਾਵਲੀ ਤੱਤਾਂ ਉਪਰ ਬਹੁਤ ਮੁਹਾਰਤ ਸੀ। ਬੇਸ਼ਕ ਉਸ ਨੇ ਸੁਧਾਰਵਾਦੀ ਕਿਸਮ ਦੇ ਨਾਵਲ ਲਿਖੇ ਪਰ ਉਸ ਨੇ ਚਿੱਟਾ ਲਹੂ,ਪਵਿੱਤਰ ਪਾਪੀ, ਆਦਮਖੋਰ,ਬੰਜਰ ਅਤੇ ਚਿਤਰਕਾਰ ਆਦਿ ਨਾਵਲਾਂ ਵਿੱਚ ਕੁਝ ਅਜਿਹੇ ਅਭੁੱਲ ਪਾਤਰ ਸਿਰਜ ਦਿੱਤੇ ਕਿ ਨਵੇਂ ਲੇਖਕਾਂ ਨੇ ਉਸ ਤੋਂ ਬੇਹੱਦ ਪ੍ਰੇਰਨਾ ਲਈ ਅਤੇ ਪੰਜਾਬੀ ਨਾਵਲ ਦਾ ਭੰਡਾਰ ਅਤਿਅੰਤ ਅਮੀਰ ਹੋ ਗਿਆ। ਨਾਨਕ ਸਿੰਘ ਤੋਂ ਬਾਅਦ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਨਾਵਲ ਨੂੰ ਮਾਲਵੇ ਦੀ ਕਿਸਾਨੀ ਨਾਲ ਜੁੜੇ ਸਰੋਕਾਰਾਂ ਦਾ ਮਾਧਿਅਮ ਬਣਾਇਆ। ਆਰੰਭ ਵਿੱਚ ਉਹ ਰੋਮਾਂਟਿਕ ਗਲਪਕਾਰ ਸੀ,ਬਾਅਦ ਵਿੱਚ ਯਥਾਰਥਵਾਦੀ, ਫਿਰ ਪ੍ਰਗਤੀਵਾਦੀ ਅਤੇ ਅੰਤ ਜੁਝਾਰਵਾਦੀ ਵੀ ਬਣ ਗਿਆ। ਉਸ ਨੇ ਪੰਜਾਬੀ ਵਿੱਚ ਆਂਚਲਿਕ ਵੰਨਗੀ ਦੇ ਨਾਵਲ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਸੋਹਣ ਸਿੰਘ ਸੀਤਲ ਮਾਝੇ ਦੇ ਸੱਭਿਆਚਾਰ ਦਾ ਚਿਤੇਰਾ ਬਣਿਆ। ਮੋਹਨ ਕਾਹਲੋਂ ਅਤੇ ਧਰਮਪਾਲ ਸਾਹਿਲ ਨੇ ਪੰਜਾਬ ਦੇ ਉੱਤਰੀ ਖੇਤਰ ਵਿੱਚ ਵਸੇ ਕੁਝ ਕਬੀਲਿਆਂ ਦੀ ਜੀਵਨ-ਸ਼ੈਲੀ ਨੂੰ ਬਿਆਨ ਕੀਤਾ। ਕਰਤਾਰ ਸਿੰਘ ਦੁੱਗਲ,ਸਵਿੰਦਰ ਸਿੰਘ ਉਪਲ ਅਤੇ ਚੰਦਨ ਨੇਗੀ ਨੇ ਪੱਛਮੀ ਪੰਜਾਬ ਦੇ ਪੋਠੋਹਾਰ ਆਂਚਲ ਨੂੰ ਕਲਮਬੱਧ ਕੀਤਾ।[1] ਨਾਰੀਵਾਦੀ ਲੇਖਣ ਦੀ ਪਰੰਪਰਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਨਾਵਲ ਲਿਖਣੇ ਸ਼ੁਰੂ ਕੀਤੇ। ਉਸ ਨੇ ਵੱਡੀ ਗਿਣਤੀ ਵਿੱਚ ਛੋਟੇ-ਛੋਟੇ ਨਾਵਲਾਂ ਦੀ ਰਚਨਾ ਕੀਤੀ। ਦਲੀਪ ਕੌਰ ਟਿਵਾਣਾ ਨੇ ਵੀ ਨਾਰੀ ਦੇ ਅਸਤਿਤਵ ਨਾਲ ਜੁੜੇ ਸਰੋਕਾਰਾਂ ਨੂੰ ਆਪਣੇ ਨਾਵਲਾਂ ਵਿੱਚ ਉਠਾਇਆ। ਸੁਰਜੀਤ ਸਿੰਘ ਸੇਠੀ ਅਤੇ ਨਰਿੰਦਰ ਪਾਲ ਸਿੰਘ ਨੇ ਐਂਟੀ -ਨਾਵਲ ਲਿਖਣ ਦੋ ਪਰੰਪਰਾ ਤੋਰੀ,ਜਿਹਨਾਂ ਵਿੱਚ ਕਥਾਨਕ ਅਤੇ ਕਥਾ ਨੂੰ ਜਾਣ-ਬੁਝ ਕੇ ਅਣਗੋਲਿਆ ਕੀਤਾ ਜਾਂਦਾ ਹੈ ਅਤੇ ਪਾਤਰਾਂ ਦੀ ਮਨੋਸਥਿਤੀ ਉਪਰ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਸੁਖਬੀਰ ਨੇ ਪ੍ਰਯੋਗਵਾਦੀ ਨਾਵਲਾਂ ਦੀ ਰਚਨਾ ਕੀਤੀ।ਰਾਮ ਸਰੂਪ ਅਣਖੀ ਅਤੇ ਗੁਰਦਿਆਲ ਸਿੰਘ ਪੰਜਾਬੀ ਨਾਵਲ ਨੂੰ ਇੱਕ ਵਾਰ ਫੇਰ ਮਾਲਵੇ ਦੇ ਆਂਚਲ ਨਾਲ ਜੋੜ ਦਿੰਦੇ ਹਨ। ਦੋਵੇ ਆਲੋਚਨਾਤਮਕ ਯਥਾਰਥਵਾਦ ਦੇ ਅਨੁਆਈ ਰਹੇ ਹਨ। ਅਣਖੀ ਦੇ ਨਾਵਲ ਪੰਜਾਬ ਦੀ ਕਿਰਸਾਣੀ ਦੇ ਦੁਖਾਂਤ ਨੂੰ ਪੇਸ਼ ਕਰਦੇ ਹਨ, ਜਦੋਂ ਕਿ ਗੁਰਦਿਆਲ ਸਿੰਘ ਪੰਜਾਬ ਦੇ ਖੇਤ-ਮਜ਼ਦੂਰਾਂ ਅਤੇ ਨਿਮਨ ਜੇਤੀਆਂ ਦੇ ਹਾਸ਼ੀਏ ਉਪਰ ਧੱਕੇ ਜਾਣ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ। ਗੁਰਦਿਆਲ ਸਿੰਘ ਥੁੜੇ-ਟੁੱਟੇ ਅਤੇ ਅਣਗੌਲੇ-ਅਣਹੋਏ ਪਾਤਰਾਂ ਦਾ ਗਲਪਕਾਰ ਹੈ। ਓਮ ਪ੍ਰਕਾਸ਼ ਗਾਸੋ, ਬਲਜੀਤ ਬੱਲੀ, ਕਰਮਜੀਤ ਕੁੱਸਾ, ਜਸਬੀਰ ਭੁੱਲਰ,ਬਲਦੇਵ ਸਿੰਘ ਅਤੇ ਜ਼ੋਰਾ ਸਿੰਘ ਸੰਧੂ ਸਮਕਾਲੀ ਦੌਰ ਦੇ ਕੁਝ ਹੋਰ ਮਹਤਵਪੂਰਨ ਨਾਵਲਕਾਰ ਹਨ। ਪੰਜਾਬੀ ਨਾਵਲ ਨੂੰ ਪਰਵਾਸੀ ਨਾਵਲਕਾਰਾਂ ਦੀ ਦੇਣ ਬਹੁਤ ਮਹੱਤਵਪੂਰਨ ਹੈ। ਸਵਰਨ ਚੰਦਨ ਨੇ ਵਲਾਇਤ ਜਾਣ ਤੋ ਪਹਿਲਾ ਹੀ ਨਾਵਲ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾ ਰੱਖਿਆ ਸੀ। ਉਧਰ ਜਾ ਕਿ ਉਸ ਨੇ ਆਪਣੀ ਯਾਤਰਾ ਸ਼ੁਰੂ ਰੱਖੀ 'ਕੰਜਕਾਂ' ਉਸਦਾ ਇੱਕ ਵੱਡਾਕਾਰੀ ਨਾਵਲ ਹੈ, ਜਿਸ ਵਿੱਚ ਉਸ ਨੇ ਬਰਤਾਨੀਆ ਵਿੱਚ ਰਹਿਣ ਵਾਲੀ ਇੱਕ ਪਰਵਾਸੀ ਔਰਤ ਦਾ ਬਿਰਤਾਂਤ ਲਿਖਿਆਂ ਹੈ, 'ਪੰਜਾਬ ਸੰਤਾਲੀ' (ਤ੍ਰੈਲੜੀ) ਵਿੱਚ ਉਸ ਨੇ ਮਨੁੱਖ ਦੇ ਉਜਾੜੇ ਅਤੇ ਪੁਨਰ-ਵਸੇਬੇ ਦੀ ਗਲਪੀ ਕਥਾ ਬਿਆਨ ਕੀਤੀ ਹੈ। ਦਰਸ਼ਨ ਧੀਰ ਦੇ ਨਾਵਲਾਂ ਵਿੱਚ ਪਰਵਾਸੀ ਪੰਜਾਬੀਆਂ ਦੇ ਸੰਘਰਸ਼ ਦੀ ਇੱਕ ਪ੍ਰਗਤੀਸ਼ੀਲ ਦਾਸਤਾਨ ਕਲਮਬੰਦ ਹੋਈ ਹੈ। ਰਘਬੀਰ ਢੰਡ ਦਾ 'ਰਿਸ਼ਤਿਆ ਦੀ ਯਾਤਰਾ' ਕਲਾਤਮਕ ਦ੍ਰਿਸ਼ਟੀ ਤੋਂ ਇੱਕ ਪਰਿਪੱਕ ਰਚਨਾ ਹੈ। ਮਨਜੀਤ ਰਾਣਾ ਨੇ 'ਅੰਗਰੇਜ਼ ਕੁੜੀਆਂ','ਧਰਤੀ ਦੇ ਵਾਰਸ', 'ਦਿਲ ਤੇ ਦੁਨੀਆਂ'ਆਦਿਕ ਨਾਵਲ ਦੀ ਵੰਨਗੀ ਹਨ। ਨਿੰਦਰ ਗਿੱਲ, ਜਗਜੀਤ ਬਰਾੜ, ਭੂਪਿੰਦਰ ਸਿੰਘ, ਸੁਰਿੰਦਰ ਸਿੰਘ ਸੀਰਤ ਅਤੇ ਇਕਬਾਲ ਰਾਮੂਵਾਲੀਆ ਦੇ ਨਾਵਲ ਵੀ ਪੰਜਾਬੀ ਪਾਠਕਾਂ ਵਿੱਚ ਕਾਫ਼ੀ ਚਰਚਿਤ ਹੋਏ ਹਨ। ਪੱਛਮੀ ਪੰਜਾਬ ਵਿੱਚ ਕਵਿਤਾ ਦੇ ਮੁਕਾਬਲੇ ਵਿੱਚ ਨਾਵਲ ਬਹੁਤ ਘੱਟ ਲਿਖਿਆ ਗਿਆ ਹੈ। ਪਾਕਿਸਤਾਨ ਵਿੱਚ ਲਿਖਣ ਵਾਲੇ ਪੰਜਾਬੀ ਨਾਵਲਕਾਰਾਂ ਵਿੱਚ ਪੀਰ ਬਖ਼ਸ਼ ਮਿਨਹਾਸ,ਅਬਦੁਲ ਮਜੀਦ ਭੱਟੀ,ਅਫ਼ਜ਼ਲ ਅਹਿਸਨ ਰੰਧਾਵਾ,ਸਲੀਮ ਖਾਂ ਗਿੰਮੀ,ਫਰਖੰਦਾ ਲੋਧੀ ਅਤੇ ਫ਼ਖਰ ਜ਼ਮਾਂ ਆਦਿਕ ਪ੍ਰਮੁੱਖ ਹਨ। ਪਾਕਿਸਤਾਨੀ ਲੇਖਕ ਆਪਣੀ ਰਹਿਤਲ ਨਾਲ ਵਧੇਰੇ ਡੂਘੀ ਤਰ੍ਰਾਂ ਜੁੜੇ ਹੋਏ ਹਨ। ਉਹ ਬੌਧਿਕ ਵਾਦ-ਵਿਵਾਦ ਰਚਾਉਣ ਦੀ ਬਜਾਇ ਪਾਤਰਾਂ ਦੀ ਜੀਵਨ-ਸ਼ੈਲੀ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਪੇਸ਼ ਕਰਨ ਵਿੱਚ ਵਧੇਰੇ ਰੁਚੀ ਲੈਂਦੇ ਹਨ। ਅਫ਼ਜ਼ਲ ਅਹਿਸਨ ਰੰਧਾਵਾ ਨੇ'ਦੀਵਾ ਅਤੇ ਦਰਿਆ' ਵਿੱਚ ਪੇਂਡੂ ਜੀਵਨ ਦਾ ਚਿਤ੍ਰਣ ਕੀਤਾ ਹੈ। 'ਦੁਆਬਾ' ਵਿੱਚ ਸਾਂਝੇ ਸੱਭਿਆਚਾਰ ਦੀ ਮਹਿਕ ਨੂੰ ਪਕੜਿਆ ਹੈ। ਅਹਿਮਦ ਸਲੀਮ ਦਾ ਨਾਵਲ 'ਨਾਲ ਮੇਰੇ ਕੋਈ ਚੱਲੇ' ਬਾਲ-ਸਮੱਸਿਆਵਾ ਦੀ ਪੇਸ਼ਕਾਰੀ ਕਰਦਾ ਹੈ। ਮੁਸਤਨਸਰ ਹੁਸੈਨ ਤਾਰੜ ਦਾ ਨਾਵਲ 'ਪੰਖੇਰੂ' ਇੱਕ ਅਜਿਹੇ ਪਾਤਰ ਦੀ ਕਹਾਣੀ ਹੈ ਜੋ ਸਰਮਾਏਦਾਰੀ ਨਿਜ਼ਾਮ ਨਾਲ ਟੱਕਰ ਲੈਦਾ ਹੈ।ਆਸਫ਼ ਸ਼ਾਹਕਾਰ ਨੇ ਸ਼ੋਅ-ਬਿਜ਼ਨੈਸ ਰਾਹੀਂ ਪਰਵਾਸੀ ਜੀਵਨ ਦੇ ਵੇਰਵੇ ਪੇਸ਼ ਕੀਤੇ ਹਨ।ਪੱਛਮੀ ਪੰਜਾਬ ਦੇ ਨਾਵਲਕਾਰ ਫਖਰ ਜ਼ਮਾਂ ਦੇ ਤਿੰਨ ਨਾਵਲ 'ਸੱਤ ਗਵਾਚੇ ਲੋਕ', 'ਇਕ ਮਰੇ ਬੰਦੇ ਦੀ ਕਹਾਣੀ','ਬੰਦੀਵਾਨ', ਦੀ ਕਾਫੀ ਚਰਚਾ ਰਹੀ ਹੈ। 'ਸੱਤ ਗਵਾਚੇ ਲੋਕ' ਵਿੱਚ ਉਹਨਾਂ ਸੱਤ ਪਾਤਰਾਂ ਦੀ ਕਹਾਣੀ ਸੁਣਾਈ ਗਈ ਹੈ,ਜਿਹਨਾਂ ਨੂੰ ਇਹ ਪਤਾ ਨਹੀਂ ਕਿ ਵਿਵਸਥਾ ਕਿਉ ਉਹਨਾਂ ਨੂੰ ਸਜ਼ਾ ਦੇ ਰਹੀ ਹੈ। 'ਇਕ ਮਰੇ ਬੰਦੇ ਦੀ ਕਹਾਣੀ' ਇੱਕ ਅਜਿਹੇ ਪਾਤਰ ਦਾ ਬਿਰਤਾਂਤ ਹੈ ਉਸ ਨੂੰ ਸਾਰੇ ਸਕੇ-ਸੰਬੰਧੀ ਮਤਲਬ ਦੀ ਪੂਰਤੀ ਲਈ ਵਰਤਦੇ ਰਹਿੰਦੇ ਹਨ। 'ਬੰਦੀਵਾਨ' ਵਿੱਚ ਵਕਤ ਦੀ ਤਾਨਾਸ਼ਾਹ ਸਰਕਾਰ ਨੇ ਇੱਕ ਸੱਚੇ ਇਨਸਾਨ ਨੂੰ ਕੈਦੀ ਬਣਾਇਆ ਗਿਆ ਸਰਕਾਰਾਂ ਨੂੰ ਸੱਚੇ ਬੰਦਿਆ ਤੋ ਡਰ ਰਹਿੰਦਾ।ਪਾਕਿਸਤਾਨ ਵਿੱਚ ਲਿਖਣ ਵਾਲੇ ਹੋਰ ਨਾਵਲਕਾਰਾਂ ਵਿੱਚ ਸਫ਼ੀਆ ਅਕੀਲ (ਢਲ ਰਹੀ ਰਾਤ),ਇਜਾਜ਼ ਹੱਕ (ਸੁੱਕੇ ਪਾਣੀ),ਅਸਗਰ ਸ਼ਾਮੀ(ਪ੍ਰੇਤ),ਹਨੀਫ਼ ਚੌਧਰੀ (ਮਹਿੰਦੀ ਵਾਲੇ ਹੱਥ) ਉਲੇਖਯੋਗ ਹਨ। ਜ਼ਮੀਨੀ ਹਕੀਕਤਾਂ ਨਾਲ ਪੱਕੀ ਤਰ੍ਹਾਂ ਜੁੜੇ ਹੋਣ ਅਤੇ ਪ੍ਰਤੀਕਾਤਮਕ ਅਭਿਵਿਅੰਜਨ ਦੇ ਕਾਰਨ ਪਾਕਿਸਤਾਨੀ ਪੰਜਾਬੀ ਨਾਵਲ ਆਲੋਚਕਾਂ ਪਾਸੋਂ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।[2]

ਹਵਾਲੇ

ਸੋਧੋ
  1. ਸੁਖਿੰਦਰ, ਕੈਨੇਡੀਅਨ ਪੰਜਾਬੀ ਸਾਹਿਤ, ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ 2010
  2. ਖੋਜ ਪੱਤ੍ਰਿਕਾ: ਪਾਕਿਸਤਾਨੀ ਪੰਜਾਬੀ ਸਾਹਿਤ ਵਿਸੇਸ਼ ਅੰਕ