ਪੰਜਾਬੀ ਬਾਤ-ਚੀਤ
ਪੰਜਾਬੀ ਬਾਤ-ਚੀਤ ਪੰਡਿਤ ਸ਼ਰਧਾ ਰਾਮ ਫਿਲੌਰੀ ਦੁਆਰਾ ਲਿਖੀ ਅਤੇ ਸੰਨ 1875 ਵਿੱਚ ਛਪੀ ਇੱਕ ਵਾਰਤਕ ਪੁਸਤਕ ਹੈ। ਇਸ ਪੁਸਤਕ ਤੋਂ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ ਮੰਨਿਆ ਜਾਂਦਾ ਹੈ। ਲੇਖਕ ਨੇ ਜਿੱਥੇ ਇਹ ਪੁਸਤਕ ਅੰਗਰੇਜ਼ਾਂ ਨੂੰ ਪੰਜਾਬੀ ਲੋਕਾਂ ਦੇ ਸੁਭਾਅ,ਸੱਭਿਆਚਾਰ,ਰਹਿਣ ਸਹਿਣ,ਖਾਣ ਪੀਣ,ਗਾਲੀ ਗਲੋਚ ਅਤੇ ਲੋਕਧਾਰਾ ਤੋਂ ਜਾਣੂ ਕਰਾਉਣ ਲਈ ਲਿਖੀ ਉੱਥੇ ਹੀ ਇਹ ਪੁਸਤਕ ਉਸ ਸਮੇਂ ਦੇ ਪੰਜਾਬ ਦੀ ਗਿਆਨ ਭਰਪੂਰ ਜਾਣਕਾਰੀ ਵੀ ਪ੍ਰਦਾਨ ਕਰਦੀ ਹੈ।
ਲੇਖਕ | ਪੰਡਿਤ ਸ਼ਰਧਾ ਰਾਮ ਫਿਲੌਰੀ |
---|---|
ਦੇਸ਼ | ਬਰਤਾਨਵੀ ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬੀ ਸੱਭਿਆਚਾਰ |
ਵਿਧਾ | ਵਾਰਤਕ |
ਪ੍ਰਕਾਸ਼ਨ | 1875 |
ਪੰਜਾਬੀ ਬਾਤ ਚੀਤ ਪੁਸਤਕ ਵਿਚ ਦਰਜ ਭਾਸ਼ਾਵਾਂ
'ਪੰਜਾਬੀ ਬਾਤਚੀਤ' ਪੁਸਤਕ ਸ਼ਰਧਾ ਰਾਮ ਫਿਲੌਰੀ ਦੀ ਲਿਖੀ ਹੋਈ ਹੈ। ਪੰਜਾਬੀ ਬਾਤਚੀਤ ਪੁਸਤਕ ਦੀ ਬੋਲੀ ਕਈ ਉਪ- ਭਾਖਾਵਾਂ ਮਾਝੀ, ਦੁਆਬੀ, ਮਲਵਈ ਤੇ ਕਾਂਗੜੀ 'ਤੇ ਆਧਾਰਤ ਹੈ। ਇਸ ਵਿਉਤ ਨੂੰ ਸਿਰੇ ਚੜਾਉਣ ਲਈ ਲਿਖਾਰੀ ਨੇ ਪੁਸਤਕ ਦੇ ਤਿੰਨ ਭਾਗ ਕੀਤੇ। ਪਹਿਲੇ ਦਾ ਸੰਬੰਧ 'ਮਾਝੇ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਬੋਲੀ ਨਾਲ ਹੈ, ਦੂਜੇ ਦਾ 'ਦੁਆਬੇ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਬੋਲੀ' ਨਾਲ ਅਤੇ ਤੀਜੇ ਭਾਗ ਦਾ ਸੰਬੰਧ 'ਦੁਆਬੇ ਦੇ ਮੁਸਲਮਾਨਾਂ, ਕਾਂਗੜੇ ਦੇ ਪਹਾੜੀਆਂ ਅਤੇ ਮਾਲਵੇ ਦਿਆਂ ਜੱਟਾਂ ਦੀ ਬੋਲੀ ਹੈ।
'ਪੰਜਾਬੀ ਬਾਤਚੀਤ' ਪੁਸਤਕ ਦੀ ਵਾਰਤਕ ਵਿਚ ਸ਼ੈਲੀ ਵਿਚ ਹਾਸ - ਰਸ ਤੇ ਸਾਡੀਆਂ ਹਕੀਕਤਾਂ ਨੂੰ ਬਿਆਨ ਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀ ਪੇਸ਼ਕਾਰੀ ਲਿਖਾਰੀ ਨੇ ਆਪਣੀ ਵਾਰਤਕ ਵਿਚ ਕੀਤੀ ਹੈ ਜਦੋਂ ਉਹ ਲਿਖਦਾ ਹੈ : " ਇਕ ਮੁੰਡੇ ਪੁਛਿਆ ਬਾਪੂ ਸੱਚੀ ਤਾਰ ਵਿਚ ਜ਼ਰੂਰ ਖ਼ਬਰ ਆ ਜਾਂਦੀ ਏ? ਸਹੁੰ ਖਾਹ ਖਾਂ। "
ਜਾਂ ਫੇਰ:
" ਕੁੜੀ ਬੋਲੀ ਆਂ ਆਂ ਅਸੀਂ ਨਹੀਂ ਫੇਰ ਬਿਆਹ ਕਰਾਉਣਾ, ਜਾਹ ਤੂੰ ਹੀ ਬਿਆਹ ਬਿਊਹ ਕਰਾਉਂਦੀ ਫਿਰ। " ਅਖਾਣਾਂ ਆਦਿ ਦੀ ਵਰਤੋਂ ਦੀ ਕਲਾ ਵਿਚ ਜਿੱਥੇ ਇਹ ਮਹਿਸੂਸ ਹੁੰਦਾ ਹੈ ਕਿ ਲਿਖਾਰੀ ਨੇ ਪੰਜਾਬ ਦੇ ਇਸ ਵੱਡ- ਮੁੱਲੇ ਖਜ਼ਾਨੇ ਨੂੰ ਚੰਗੀ ਤਰ੍ਹਾਂ ਪੜਿਆ (ਜੀਵਨ ਚੋਂ) ਉੱਥੇ ਇਨ੍ਹਾਂ, ਦਾ ਪ੍ਯੋਗ ਵੀ ਹਾਸ - ਰਸ ਨੂੰ ਪੈਦਾ ਕਰਦਾ ਹੈ। ਜਿਵੇਂ ਲਿਖਾਰੀ ਲਿਖਦਾ ਹੈ: 'ਚੋਰ ਉਚੱਕਾ ਚੌਧਰੀ ਗੁੰਡੀ ਰਨ ਪਰਧਾਨ' ਤੇ 'ਜੱਟੀ ਖਸਮ ਕਰਨਾ ਸਚੁ ਅਰ ਖੂਹਾ ਲੁਆਉਣਾ ਝੂਠ'।
ਅਜਿਹੇ ਅਖਾਣ ਦਾ ਪ੍ਯੋਗ ਲਿਖਾਰੀ ਦੀ ਸ਼ੈਲੀ ਦੀ ਅਜਿਹੀ ਵਿਸ਼ੇਸ਼ਤਾਈ ਹੈ ਜਿਸ ਦੀ ਕਲਾ ਤੀਕ ਅਜੇ ਕੋਈ ਵਾਰਤਕਕਾਰ ਨਹੀਂ ਅਪੜ ਸਕਿਆ।
ਵੱਖ - ਵੱਖ ਇਲਾਕਿਆਂ ਦੀ ਉਪ - ਭਾਸ਼ਾ ਉਤੇ ਉਸ ਦਾ ਕਿਤਨਾ ਕਾਬੂ ਸੀ ਇਸ ਗੱਲ ਦਾ ਪਤਾ ਹੇਠ ਲਿਖੀਆਂ ਕੁਝ ਕੁ ਉਦਾਹਰਣਾਂ ਤੋਂ ਲਗ ਜਾਵੇਗਾ : " ਇਕ ਜਟ ਨੇ ਪਾਸੋਂ ਕਿਹਾ ਭਾਈਆਂ ਗਭਰੇਟਾ ਇਸ ਦਾ ਨਾਮ ਏ ਜੁਗਣਾ ਮਨੁੱਖ ਜੋ ਚਾਹੇ ਸੋ ਕਰੇ ਜੇਰ ਵਡਾ ਬੇਸ਼ਰਮ ਹੁੰਦਾ ਹੈ ਅਸੀਂ ਤੁਹਾਨੂੰ ਆਪਣੀ ਸੁਣਾਉਂਦੇ ਹਾਂ। ਇਕ ਵਾਰ ਮੈਂ ਆਪਣੇ ਸਾਹੁਰੀਂ ਗਿਆ ਉਥੇ ਪਿੰਡ ਕੇ ਆਖਣ ਲਗੇ ਲੈ ਭਾਈ ਆਹ ਗਭਰੂ ਜਟਾਣਾ ਦਿਸਦਾ ਹੈ ਦੇਖਿਯੇ ਕੈਂ ਚੜਸ ਫ਼ੜੜ ਫਕੜ ਕੇ ਦਿਖਾਲਾ ਲੈ ਵੀਰਾ ਉਹਨਾਂ ਦਾ ਅੇਉਂ ਆਖਣਾ ਅਰ ਮੈਨੂੰ ਰੋਹ ਚੜਨਾ। ਚੜਸ ਬੀ ਅਜੇ ਨਮਾ ਹੀ ਸਾ। ਅਰ ਰਬ ਝੂਠ ਨਾ ਬੁਲਾਵੇ ਪੂਰਾ ਨੋਆਂ ਮੁਠਾਂ ਦਾ ਬਾਰਾ ਮਣਾਂ ਪਾਣੀ ਵਾਲਾ ਹੋਉ। ਆਣ ਕੇ ਜੋ ਮੈਂ ਬਾਰੇ ਲਾਣ ਲਗਾ ਹਾਂ ਇਕ ਘੜੀ ਵਿਚ ਸਾਰਾ ਖੂਹ ਕੁਲੰਜ ਸਿਟਿਆ। ਭਈ ਗਭਰੂਓ ਹੋਰ ਤਾਂ ਮੇਰੇ ਲੰਗੋਟਾ ਖੁਲ ਗਿਆ। ਮੈਂ ਮਨ ਵਿਚ ਆਖਿਆ ਜਾਹ ਜਾਂਦੀ ਏ ਹੁਣ ਕੀ ਕਰਾਂ। ਭਈਆ ਕਰਤਾਰ ਨੇ ਉਸ ਵੇਲੇ ਮੈਥੋਂ ਅਹੀ ਸਰਾਈ ਕਿ ਇਕ ਹਥ ਨਾਲ ਲੰਗੋਟਾ ਸੁਮਾ ਲਿਆ ਅਰ ਇਕ ਨਾਲ ਚੜਸ ਖਿਚਿਆ। ਸਹੁੰ ਗੁਰੂ ਦੀ ਉਸ ਵੇਲੇ ਜਿਹੜੀ ਛਿਆਬਸੀ ਬੀ ਮਿਲੀ ਹੈ ਨਾ ਹੀ ਪੁਛ। -ਦੁਆਬੇ ਦੀ ਬੋਲੀ
' ਇਹ ਗਲ ਸੁਣੀਕੇ ਤਿਸ ਢੋਲਕੂ ਵਾਲੇ ਨੇ ਤਿਸ ਬੰਝਲੂ ਵਾਲੇ ਜੋ ਗਲਾਇਆ ਮੋਇਆ ਸੁਣੀ ਕਰਦਾ ਹੈ ਉਸ ਜੁਵਾਹਰੂਆ ਕਿਆ ਗਲਾਂ ਗਲਾਈ ਹੈ। ਭਾਊਤ ਦੇ ਪਹਾੜ ਦੇਸ਼ ਬਦਨਾਮ ਹੋਈ ਗਿਆ। ਹੇਨਾ ਜਿਥੂ ਐਹੀਆ ਜਹੀਆਂ ਬਦਕਾਰਾਂ ਛੀਉੜੀਆਂ ਰਹੀ ਗਈਆਂ ਹਿੱਕ ਮਿੱਜੋ ਇਕ ਦਿਨ ਭੋਣ ਜਾਣੇ ਦਾ ਕੰਮ ਬਣੀ ਗਿਆ ਉਥੂ ਤਸੀਲਾਂ ਤੇ ਨਿਕਲੀ ਕੇ ਮੁਨਸੀ ਲੋਕ ਇਹ ਗਲਾਂ ਕਰਾ ਸਕਦੇ ਸੇ ਕਿ ਪਹਾੜ ਦੇ ਮੁਲਖਾਂ ਵਿਚ ਜਿਤਨੇ ਝਗੜੇ ਲਾੜੀਆਂ ਦੇ ਕਚਿਹਰੀਆਂ ਵਿਚ ਆਉਂਦੇ ਹਿਨ ਤਿਤਨੇ ਔਰ ਕਿਸਾ ਗਲਾ ਦੇ ਨਹੀਂ ਆਇਆ ਕਰਦੇ ਹਨ। ਦਿਖਿਆ ਜੁਹਾਹਰੂ ਦੀਆਂ ਗਲਾਂ ਵਖੀਂ ਜਲੀ ਆਪਣ ਜਾਰਾਂ ਮਿਤਰਾਂ ਦੇ ਰੋਣੇ ਰੋਆ ਕਰਦੀ ਹੈ। -ਪਹਾੜ ਦੀ ਬੋਲੀ
ਕਾਸਮ ਨੇ ਕਿਹਾ ਤੋਬਾ ਲਾਲਾਜੀ ਅਸੀਂ ਗਰੀਬਾਨੇ ਤੁਹਾਨੂੰਕੀ ਦੇਣਾ ਸਾ ਸਗੋਂ ਤੁਸੀਂ ਨਿਕਾਹ ਵਿਚ ਕੁਝ ਨਿਉਂਦਾ ਘਲਦੇ। ਤੁਸੀਂ ਸਾਡੀ ਉਕਾਤ ਜਾਣਦੇ ਹੀ ਹੋ ਨਾ ਅਸਾਂ ਵਿਚਾਰਿਆਂ ਨੇ ਕਿਹਾ ਕੁ ਵਿਆਹ ਕਰਨਾ ਸਾ। ਓਹੋ ਕਰਦੇ ਹੈ ਓਹ ਖਾ ਛਡਦੇ ਹਾਂ। ਨਾਲੇ ਅੱਲਾ ਰਖੈ ਟਬਰ ਟੀਹਰ ਬਡਾ ਭਾਰੀ ਹੋਇਆ ਗੁਜ਼ਰਾਨ ਬੀ ਮੁਸ਼ਕਲ ਤੁਰਦੀ ਹੈ, ਨਿਕਾਹ ਕੀ ਕਰਨਾ ਸਾ। ਤੁਸਾਂ ਉਲਟਾ ਸਾਡੇ ਹੀ ਮੰਗਦੇ ਹੋ ਇਹ ਤਾਂ ਉਹੋ ਹੋਈ ਜਿਹਾ ਕੁ ਕਹਾਵਤ ਹੈ ਆਪੇ ਬਾਬੂ ਮੰਗਤੇ ਬਾਹਰ ਖੜੇ ਦਰਵੇਸ਼। -ਮੁਸਲਮਾਨਾਂ ਦੀ ਬੋਲੀ
ਮਰਾਸੀ ਨੇ ਕਿਹਾ ਓਹੇ ਮੀਆਂ ਜਿਸ ਦੀ ਪਤ ਅੱਲਾ ਰਖੇ ਉਸ ਦੀ ਕੋਣ ਲਾਹੇ? ਭਲਾ ਤੂੰ ਪਤ ਲਹਿਣੇ ਤੋਂ ਡਰਦਾ ਹੈ ਤਾਂ ਲੈ ਉਹ ਜਾਣੇ ਲਹਿਣੇ ਦੇਣੇ ਵਾਸਤੇ ਸਾਡੀ ਪਤ ਸਹੀ। ਤੂੰ ਆਹ ਸਾਡੀ ਪਤ ਆਪਣੇ ਸਿਰ ਧਰ ਲੈ। ਜੇ ਲਾਹ ਸਿਟੂ ਤਾਂ ਤੂੰ ਸਾਡੀ ਸਮਝ ਛਡੀਂ। -ਮਰਾਸੀ ਦੀ ਬੋਲੀ
ਉਪਰੋਕਤ ਮਿਸਾਲਾਂ ਦੇਣ ਦਾ ਭਾਵ ਇਹ ਹੈ ਕਿ ਉਸਨੇ ਹਰੇਕ ਕਿਸਮ ਦੇ ਪੇਂਡੂ, ਸ਼ਹਿਰੀ, ਹਿੰਦੂ, ਸਿਖ ਮੁਸਲਮਾਨ, ਅੰਗਰੇਜ਼, ਮਰਦ, ਮੁੰਡੇ, ਦੁਆਬੀਏ, ਮਝੈਲ, ਪਹਾੜੀਏ ਜਟ ਖਤਰੀ, ਬ੍ਰਾਹਮਣ, ਨਾਈ, ਮਰਾਸੀ, ਸਨਾਤਨੀ ਸਿਖ, ਕਟੜ ਸਿਖ ਆਦਿ ਪੇਸ਼ ਕੀਤੇ ਹਨ, ਅਤੇ ਜਿਹੋ ਜਿਹਾ ਪਾਤਰ ਪੇਸ਼ ਕੀਤਾ ਹੈ ਉਹ ਜਿਹੀ ਬੋਲੀ ਉਸਦੇ ਮੂੰਹੋ ਅਖਵਾਈ ਹੈ।
ਹਿੰਦੂਆਂ ਅਤੇ ਸਿੱਖਾਂ ਦੀਆਂ ਰੀਤਾਂ ਰਸਮਾਂ ਅਰਥਾਤ ਕੁੜਮਾਚਾਰੀ ਕੁੜਮਾਈ ਤੇ ਵਿਆਹ ਦੀਆਂ ਰੀਤਾਂ ਤੇ ਸ਼ਗਨ ਮਗਨ ਸਿਠਣੀਆਂ, ਛੰਦ, ਟਿਚਕਰਾ ਅਤੇ ਠਠੇ ਬੜੇ ਸੁੰਦਰ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਵਿਚ ਹਾਸਿਲ ਰਾਸ ਪੈਦਾ ਕੀਤਾ ਹੈ। ਇਥੇ ਹੀ ਬਸ ਨਹੀਂ ਇਸਤਰੀਆਂ ਦੇ ਸਿਆਪੇ ਅਤੇ ਬੋਲ ਜਾਂਦੇ ਵੈਣ ਤੇ ਸਿਆਪੇ ਦੇ ਛੰਦਾਂ ਨੂੰ ਹੂ -ਬ-ਹੂ ਪੇਸ਼ ਕੀਤਾ ਹੈ ਜਿਨ੍ਹਾਂ ਦਾ ਰਿਵਾਜ਼ ਅੱਜ ਘਟਦਾ ਜਾ ਰਿਹਾ ਹੈ।
ਇਸ ਛੋਟੀ ਜਿਹੀ ਪੁਸਤਕ ਵਿਚ ਅਖਾਣਾ ਅਤੇ ਮੁਹਾਵਰਿਆਂ ਦੀ ਗਿਣਤੀ ਇਤਨੀ ਹੈ ਕਿ ਇਨ੍ਹਾਂ ਦਾ ਇਕ ਮੁਕੰਮਲ ਕੋਸ਼ ਤਿਆਰ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿਚ ਫਿਕਰੇ ਲੰਮੇ ਲੰਮੇ ਤੇ ਲਮਕਾਏ ਹੋਏ ਹਨ ਜਿਨ੍ਹਾਂ ਵਿਚੋਂ ਪੁਰਾਣੀ ਤੇ ਨਵੀਂ ਸ਼ੈਲੀ ਦਾ ਦਵੰਦ ਭਲੀ ਭਾਂਤ ਵੇਖਿਆ ਜਾ ਸਕਦਾ ਹੈ। ਸੀ ਦੀ ਥਾਂ ਸਾ ਅਤੇ ਸਨ ਦੀ ਥਾਂ ਸੇ ਦੀ ਵਰਤੋਂ ਭਾਵੇ ਉਸਨੂੰ ਪੁਰਾਣੀ ਵਾਰਤਕ ਨਾਲ ਜੋੜਦੀ ਹੈ ਪਰੂੰਤ ਵਿਆਕਰਨ ਦੇ ਅਸੂਲ, ਵਿਸਰਾਮ ਚਿੰਨ੍ਹਾਂ ਦੀ ਕੁਝ ਕੁਝ ਵਰਤੋਂ ਸਪਸ਼ਟ ਬਿਆਨ, ਗਲਪ ਰਸ ਅਤੇ ਯ ਦੀ ਥਾਂ ਜ ਦੀ ਵਰਤੋਂ ਉਸ ਨੂੰ ਪੁਰਾਣੀ ਵਾਰਤਕ ਨਾਲ ਜੋੜਦੀ ਹੈ ਪਰੂੰਤ ਵਿਆਕਰਨ ਦੇ ਅਸੂਲ ਚਿੰਨਾਂ ਦੀ ਕੁਝ ਕੁਝ ਵਰਤੋਂ ਸਪਸ਼ਟ ਬਿਆਨ, ਗਲਪ ਰਸ ਅਤੇ ਯ ਦੀ ਥਾਂ ਜ ਦੀ ਵਰਤੋਂ ਉਸ ਵਿੱਚ ਆਧੁਨਿਕ ਰੁਚੀਆਂ ਦੀ ਸਾਖ ਭਰਦੇ ਹਨ। ਪੰਜਾਬੀ ਬਾਤਚੀਤ ਇਕ ਗਲਪ ਰਚਨਾ ਹੈ। ਇਸ ਵਿਚ ਹਰੇਕ ਇਲਾਕੇ ਦੇ ਪਾਤਰ ਪੇਸ਼ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਮੂੰਹੋਂ ਉਸ ਇਲਾਕੇ ਦੀ ਉਪ - ਭਾਸ਼ਾ ਵਿਚ ਗੱਲ ਬਾਤ ਕਰਾਈ ਗਈ ਹੈ।
ਇਹ ਪੁਸਤਕ ਅਜ ਤੋਂ ਸੌ ਸਾਲ ਪਹਿਲਾਂ ਲਿਖੀ ਗਈ ਹੈ। ਅਜ ਬੇਅੰਤ ਸ਼ਬਦ ਅਜਿਹੇ ਹਨ ਜੋ ਅਲੋਪ ਹੋ ਚੁਕੇ ਹਨ ਜੋ ਸੌ ਸਾਲ ਪਹਿਲਾਂ ਸਨ। ਸ਼ਬਦਾਵਲੀ ਤੇ ਮੁਹਾਵਰੇ ਭੁਲ ਚੁਕੇ ਹਨ। ਇਸ ਲਈ ਇਹ ਪੁਸਤਕ ਪੰਜਾਬ ਦੇ ਪੁਰਾਣੇ ਸਭਿਆਚਾਰ ਬਾਰੇ ਇਕੋ ਇਕ ਪੁਸਤਕ ਹੈ ਜੋ ਇਤਨੀ ਜਾਣਕਾਰੀ ਪੇਸ਼ ਕਰਦੀ ਹੈ ਜੋ ਸਾਰੇ ਪੰਜਾਬ ਦਾ ਭਾਸ਼ਾਈ ਤੇ ਸਭਿਆਚਾਰਕ ਸਰਵੇ ਕਰਕੇ ਵੀ ਪ੍ਰਾਪਤ ਨਹੀਂ ਹੋ ਸਕਦੀ। ਇਸ ਪੱਖੋਂ ਸ਼ਰਧਾ ਰਾਮ ਦੀ ਦੇਣ ਮਹਾਨ ਹੈ ਅਤੇ ਜਿਤਨੀ ਵੀ ਇਸ ਦੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। [2]