ਪੰਜਾਬੀ ਮੈਟਾ ਆਲੋਚਨਾ ਅਤੀਤ ਤੇ ਵਰਤਮਾਨ

ਇਸ ਕਾਰਜ ਦਾ ਮਕਸਦ ਪੰਜਾਬੀ ਸਾਹਿਤ ਦੇ ਅਧਿਐਨ ਦੇ ਵਿਕਾਸ- ਰੇਖਾ ਅਤੇ ਉਸ ਵਿੱਚ ਵਾਪਰੇ ਮੂਲ ਪਰਿਵਰਤਨਾਂ ਦੀ ਨਿਸ਼ਾਨਦੇਹੀ ਕਰਨਾ ਹੈ। ਇਹ ਕਾਰਜ ਮੈਟਾ ਆਲੋਚਨਾ ਦੇ ਸੰਕਲਪ ਦੀ ਹਲਕੀ ਜੇਹੀ ਪਛਾਣ ਤੋਂ ਆਰੰਭ ਹੋ ਕੇ ਪੰਜਾਬੀ ਸਾਹਿਤ ਆਲੋਚਨਾ ਦੇ ਮੁੱਢ ਸੰਬੰਧੀ ਟਿੱਪਣੀਆਂ ਥਾਣੀ ਗੁਜ਼ਰਦਾ ਹੋਇਆਂ ਸਾਹਿਤ ਇਤਿਹਾਸਾਂ ਵਿੱਚ ਪੰਜਾਬੀ ਆਲੋਚਨਾ ਦੇ ਅਧਿਐਨ ਸੰਬੰਧੀ ਹੋਏ ਯਤਨਾਂ, ਖੋਜਾਂ-ਨਿਬੰਧਾਂ,ਖੋਜ-ਪ੍ਰਬੰਧਾਂ ਅਤੇ ਪੁਸਤਕਾਂ ਵਿੱਚ ਸਾਹਿਤ ਆਲੋਚਨਾ ਦੇ ਵਿਸ਼ਲੇਸ਼ਣ- ਮੁਲਾਂਕਣ ਸੰਬੰਧੀ ਹੋਏ ਕਾਰਜਾਂ ਦੀ ਪਛਾਣ ਤੱਕ ਅੱਪੜੇਗਾ। ਇੰਜ ਇਹ ਕਾਰਜ ਸੰਕਲਪ-ਸਪਸ਼ਟਤਾ ਤੋਂ ਆਰੰਭ ਹੋ ਕੇ ਇੱਕ ਵਿਸ਼ੇਸ਼ ਅਨੁਸ਼ਾਸਨ ਦੇ ਉਦਭਵ,ਉਸ ਦੀ ਵਿਕਾਸ-ਰੇਖਾ ਅਤੇ ਉਸ ਸੰਬੰਧੀ ਮੁੱਢਲੀ ਜੇਹੀ ਸਮਝ ਸਥਾਪਿਤ ਕਰਨ ਤੱਕ ਫੈਲੇਗਾ।ਆਰੰਭ ਵਿੱਚ ਹੀ ਸਪਸ਼ਟ ਕਰਨ ਦੀ ਜ਼ਰੂਰਤ ਹੈ ਕਿ ਅਸੀਂ ‘ਆਲੋਚਨਾ’ ਸੰਕਲਪ ਨੂੰ ਪ੍ਰਚਲਿਤ ਰਵਾਇਤ ਮੁਤਾਬਿਕ ‘ਅਧਿਐਨ’ ਦੇ ਸਮਾਨਾਰਥੀ ਵਜੋਂ ਗ੍ਰਹਿਣ ਕਰਦੇ ਹੋਏ ਸਿੱਧਾਂਤ, ਇਤਿਹਾਸ,ਆਲੋਚਨਾ ਅਤੇ ਖੋਜ ਨੂੰ ਇਸਦੀਆਂ ਮਹੱਤਵਪੂਰਨ ਅਧਿਐਨ-ਸ਼ਾਖਾਵਾਂ ਵਜੋਂ ਗ੍ਰਹਿਣ ਕਰ ਕਹੇ ਹਾਂ।

ਮੋਟੇ ਤੌਰ ਉੱਪਰ ਸਾਹਿਤ ਅਧਿਐਨ ਸਾਹਿਤ ਦੀ ਗਿਆਨ ਦੇ ਸੰਗਠਨ ਉੱਪਰ ਆਧਾਰਿਤ ਸਮਝ ਦਾ ਨਾਂ ਹੈ। ਨਿਰਸੰਦੇਹ ਇਹ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਹੈ ਜੋ ਸਾਹਿਤ ਦੇ ਵਿਸ਼ਲੇਸ਼ਣ- ਮੁਲਾਂਕਣ ਵਿੱਚੋਂ ਪੈਦਾ ਹੁੰਦਾ ਹੈ। ਮੈਟਾ ਅਿਧਐਨ ਸਾਹਿਤ ਦੀ ਸਮਝ, ਵਿਸ਼ਲੇਸ਼ਣ ਅਤੇ ਮੁੱਲਾਂਕਣ ਉੱਪਰ ਆਧਾਰਿਤ ਅਨੁਸ਼ਾਸਨ ਦਾ ਨਾਂ ਹੈ। ਜਿਵੇਂ ਜੀਵਨ ਦੀ ਹੋਂਦ ਬਗੈਰ ਸਾਹਿਤ, ਸਾਹਿਤ ਦੇ ਵਜੂਦ ਤੋਂ ਬਿਨਾਂ ਸਾਹਿਤ ਦੇ ਅਧਿਐਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਠੀਕ ਉਂਜ ਹੀ ਸਾਹਿਤ ਅਧਿਐਨ ਦੀ ਹੋਂਦ ਬਿਨਾ ਮੈਟਾ ਅਧਿਐਨ ਆਪਣਾ ਵਜੂਦ ਅਖਤਿਆਰ ਨਹੀਂ ਕਰ ਸਕਦਾ।ਇਹ ਵੀ ਸੱਚ ਹੈ ਕਿ ਜਿਵੇਂ ਜੀਵਨ ਸੰਬੰਧੀ ਹਰ ਲਿਖਤ ਸਾਹਿਤ ਨਹੀਂ ਅਖਵਾ ਸਕਦੀ, ਠੀਕ ਉਂਜ ਹੀ ਸਾਹਿਤ ਸੰਬੰਧੀ ਹਰ ਟਿੱਪਣੀ ਨੂੰ ਸਾਹਿਤ ਅਧਿਐਨ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਅਤੇ ਸਾਹਿਤ ਅਧਿਐਨ ਸੰਬੰਧੀ ਕੀਤੀ ਹਰ ਟੀਕਾ ਟਿੱਪਣੀ ਨੂੰ ਮੈਟਾ ਅਧਿਐਨ ਦੀ ਸੰਗਿਆ ਪ੍ਰਦਾਨ ਨਹੀਂ ਕੀਤੀ ਜਾ ਸਕਦੀ। ਅਧਿਐਨ-ਕਾਰਜ ਦੇ ਕਿਸੇ ਵੀ ਘੇਰੇ ਵਿੱਚ ਸਾਮਿਲ ਹੋਣ ਅਤੇ ਵਿਚਰਣ ਲਈ ਉਸ ਦੇ ਅਨੁਸ਼ਾਸਨ ਨੂੰ ਇੱਕ ਜ਼ਾਬਤੇ ਵਾਂਗ ਗ੍ਰਹਿਣ ਕਰਨਾ ਪੈਦਾ ਹੈ। ਸੋ ਮੋਟਾ ਅਧਿਐਨ ਮਹਿਜ਼ ਅਧਿਐਨ ਦੇ ਸਾਰ ਤੱਤ ਜਾਂ ਤੱਥਾਂ ਨੂੰ ਪੇਸ਼ ਕਰਕੇ ਉਨ੍ਹਾਂ ਸੰਬੰਧੀ ਕੁਝ ਆਪਹੁਦਰੀਆਂ ਟਿੱਪਣੀਆਂ ਪ੍ਰਸਤੁਤ ਕਰ ਦੇਣ ਦਾ ਨਾਂ ਨਹੀਂ। ਇਸ ਖੇਤਰ ਵਿੱਚ ਦਾਖਲ ਹੋਣ ਲਈ ਸਾਹਿਤ ਅਿਧਐਨ ਨੂੰ ਅਧਿਐਨ-ਵਸਤੂ ਵਜੋਂ ਗ੍ਰਹਿਣ ਕਰਕੇ ਉਸ ਦੇ ਤਾਰਕਿਕ ਸੰਗਠਨ, ਤਕਨੀਕੀ ਸੰਕਲਪਾਂ,ਤਕਨੀਕੀ ਸੰਕਲਪ, ਬੁਨਿਆਦੀ ਸਿੱਧਾਂਤਾਂ ਅਤੇ ਸਮੁੱਚੀ ਪਛਾਣ ਥਾਣੀ ਗੁਜ਼ਰਨਾ ਪੈਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਪੰਜਾਬੀ ਵਿੱਚ ਸਾਹਿਤ ਅਧਿਐਨ ਦਾ ਕਾਰਜ ਕਦੋਂ ਆਰੰਭ ਹੋਇਆਂ, ਕਦੋਂ ਇਸ ਕਾਰਜ ਨੇ ਇੱਕ ਸੁਤੰਤਰ ਅਨੁਸ਼ਾਸਨ ਦਾ ਸਰੂਪ ਗ੍ਰਹਿਣ ਕੀਤਾ, ਇਹ ਕਾਰਜ ਕਿਨ੍ਹਾਂ ਦਿਸ਼ਾਵਾਂ ਵਿੱਚ ਫੈਲਿਆ ਅਤੇ ਇਸ ਦੀ ਵਰਤਮਾਨ ਸਥਿਤੀ ਕੀ ਹੈ ?

ਪੰਜਾਬੀ ਸਾਹਿਤ ਚਿੰਤਨ ਦਾ ਇਤਿਹਾਸ ਲਿਖਣ ਦੇ ਮੁੱਢਲੇ ਯਤਨ ਕਰਨ, ਇਸ ਇਤਿਹਾਸ ਨਾਲ ਸੰਬੰਧਿਤ ਤੱਥਾਂ ਦੀ ਭਾਲ ਤੇ ਪਛਾਣ ਕਰਨ, ਉਨ੍ਹਾਂ ਦਾ ਵਿਸ਼ਲੇਸ਼ਣ ਮੁੱਲਾਂਕਣ ਕਰਨ, ਸਿੱਧਾਂਤਕਾਰੀ ਦਾ ਕਾਰਜ ਕਰਨ ਆਦਿ ਨੂੰ ਜੇਕਰ ਮੈਟਾ ਅਧਿਐਨ ਕਾਰਜ ਦੇ ਇਤਿਹਾਸ ਨਾਲ ਜੋੜ ਲਈਏ ਤਾਂ ਇਨ੍ਹਾਂ ਕਾਰਜਾਂ ਦੀ ਕੁਲ ਆਯੂ ਅੱਧੀ ਸਦੀ ਬਣਦੀ ਹੈ। ਜਿਵੇਂ ਸਾਡੇ ਮੁੱਢਲੇ ਚਿੰਤਕ ਸਾਹਿਤ ਅਤੇ ਸਾਹਿਤ ਅਧਿਐਨ ਵਿਚਾਲੇ ਨਿਖੇੜਾ ਸਥਾਪਿਤ ਕਰਨ ਦੀ ਬਜਾਏ ਆਪਣੇ ਸਾਹਿਤ ਅਧਿਐਨ ਨਾਲ ਸੰਬੰਧਿਤ ਕਾਰਜ ਨੂੰ ‘ਲਿਟਰੇਚਰ ਦੀਆ ਪੋਥੀਆਂ’ ਦਾ ਹੀ ਨਾਂ ਦੇਂਦੇ ਰਹੇ ਹਨ, ਠੀਕ ਉਂਜ ਹੀ ਲੰਮਾ ਸਮਾਂ ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਉਲੀਕਣ ਅਤੇ ਵਿਸ਼ਲੇਸ਼ਣ-ਮੁੱਲਾਂਕਣ ਕਰਨ ਵਾਲ਼ਿਆਂ ਨੂੰ ਸਾਹਿਤ ਪਾਠ ਹੀ ਆਲੋਚਨਾ-ਪਾਠ ਦਿਖਾਈ ਦੇਂਦੇ ਰਹੇ ਹਨ। ਅਜਿਹਾ ਸਿੱਧਾਤ ਦੀ ਅਲਪ ਸੋਝੀ ਸਦਕਾ ਵਾਪਰਦਾ ਰਿਹਾ ਹੈ। ਸ਼ੁਰੂ ਸ਼ੁਰੂ ਵਿੱਚ ਅਸਾਂ ਮੁਢਲੇ ਚਿੰਤਕਾਂ ਦੀਆਂ ਰਚਨਾਵਾਂ ਦੇ ਵਿਸ਼ਲੇਸ਼ਣ ਦੇ ਆਧਾਰ ਕੋਈ ਰਾਇ ਸਥਾਪਿਤ ਕਰਨ ਦੀ ਬਜਾਏ ਉਨ੍ਹਾਂ ਦੇ ਅਧਿਐਨ-ਕਾਰਜ ਨੂੰ ‘ਚੰਗੀ ਵਾਰਤਕ’ ਦੇ ਨੇਮਾਂ ਉੱਪਰ ਪਰਖਣ ਦੇ ਹਾਸੋਹੀਣੇ ਕਾਰਜ ਵੀ ਕੀਤੇ। ਪੰਜਾਬੀ ਸਾਹਿਤ ਅਧਿਐਨ ਸੰਬੰਧੀ ਪੰਜਾਬੀ ਚਿੰਤਕਾਂ ਦੀਆਂ ਟਿੱਪਣੀਆਂ ਅਕਸਰ ਕਲੀਸ਼ੇ ਦੀ ਭਾਸ਼ਾ ਜਾਂ ਮਿੱਥਕ ਕਥਨਾਂ ਵਿੱਚ ਗਵਾਚ ਜਾਂਦੀਆਂ ਰਹੀਆਂ ਹਨ। ਇਸ ਪ੍ਰਸੰਗ ਵਿੱਚ ਸਾਡੀ ਵੱਡੀ ਤੋਂ ਵੱਡੀ ਪ੍ਰਾਪਤੀ ਕਿਸੇ ਚਿੰਤਕ ਜਾਂ ਆਲੋਚਕ ਦੀਆਂ ਟੂਕਾਂ ਨੂੰ ਦੁਹਰਾਉਣ, ਉਸ ਸੰਬੰਧੀ ਅਪ੍ਰਸੰਗਿਕ ਜੇਹੀਆਂ ਟਿੱਪਣੀਆਂ ਪ੍ਰਸਤੁਤ ਕਰਨ ਜਾਂ ਵੱਧ ਤੋਂ ਵੱਧ ਆਲੋਚਕ ਦੇ ਆਲੋਚਨਾ- ਕਾਰਜ ਦਾ ਸਾਰ- ਤੱਤ ਪ੍ਰਸਤੁਤ ਕਰਨ ਤੱਕ ਅੱਪੜਦੀ ਰਹੀ ਹੈ। ਫਲਸਰੂਪ ਸਾਹਿਤ ਅਧਿਐਨ ਦਾ ਅਸਤਿਤਵ ਤਾਂ ਮੌਜੂਦ ਉਦੋਂ ਨਹੀਂ ਹੋ ਸਕਿਆਂ। ਸਾਹਿਤ ਵਿਵੇਕ, ਸਾਹਿਤ ਚਿੰਤਨ, ਸਮੀਖਿਆ ਸਾਸਤਰ ਅਤੇ ਇਤਿਹਾਸਕਾਰੀ ਦੇ ਨੇਮਾਂ, ਵਿਧੀਆਂ ਤੇ ਮਾਡਲਾਂ ਦੀ ਸਿੱਧਾਤਕ ਸੋਝੀ ਦੀ ਅਣਹੋਂਦ ਨੇ ਸਾਹਿਤ ਚਿੰਤਨ ਦੇ ਉਦਭਵ, ਵਿਕਾਸ ਅਤੇ ਮੂਲ ਪਰਿਵਰਤਨਾਂ ਦੇ ਮਸਲਿਆਂ ਦੀ ਪਛਾਣ ਨੂੰ ਸਗੋਂ ਉਲਝਾ ਕੇ ਰੱਖ ਦਿੱਤਾ। ਇਹ ਉਹ ਕੁਲ ਰਾਵਾਂ ਹਨ, ਜਿਹੜੀਆਂ ਵੱਖ-ਵੱਖ ਸਮਿਆਂ ਉੱਪਰ ਪੰਜਾਬੀ ਚਿੰਤਕਾਂ ਵੱਲੋਂ ਪੰਜਾਬੀ ਸਾਹਿਤ ਆਲੋਚਨਾ ਦੇ ਮੁੱਢ ਸੰਬੰਧੀ ਪ੍ਰਸਤੁਤ ਕੀਤੀਆਂ ਗਈਆ। ਅਜੇ ਹੀਆਂ ਰਾਵਾਂ ਦੇ ਪੈਦਾ ਹੋਣ ਦੇ ਵੀ ਕਾਰਨ ਸਨ ਜਿਵੇਂ ਵਿਰਸੇ ਪ੍ਰਤਿ ਉਪਭਾਵੁਕਤਾ ਦੀ ਹੱਦ ਤੱਕ ਫ਼ੈਲੀ ਸਦਭਾਵੀ ਬਿਰਤੀ, ਪਰਖ ਦੇ ਪੈਮਾਨਿਆਂ ਜਾਂ ਸਿੱਧਾਂਤਕ ਸੋਝੀ ਦੀ ਘਾਟ, ਵਿਅਕਤੀ ਪੂਜਾ ਦੀ ਭਾਵਨਾ ਅਤੇ ਸਮੁੱਚੇ ਵਰਤਾਰਿਆਂ ਪ੍ਰਤਿ ਖੰਡਨਕਾਰੀ ਜਾਂ ਦੋਖ ਦ੍ਰਿਸ਼ਟੀ। ਪੰਜਾਬੀ ਆਲੋਚਨਾ ਦੇ ਮੁੱਢ ਸੰਬੰਧੀ ਇਸ ਇੱਕ ਮਿਸਾਲ ਤੋਂ ਹੀ ਸਪਸ਼ਟ ਹੈ ਕਿ ਪੰਜਾਬੀ ਵਿੱਚ ਮੈਟਾ ਚਿੰਤਨ ਦਾ ਆਰੰਭ ਕਿਸੇ ਪ੍ਰਕਾਰ ਦੀ ਫ਼ੈਸ਼ਨ-ਪ੍ਰਸਤੀ ਵਿੱਚੋਂ ਨਹੀਂ ਬਲਕਿ ਵਿੱਦਿਅਕ ਪ੍ਰੇਰਨਾ ਵਿੱਚੋਂ ਹੋਇਆਂ ਹੈ। ਮੈਟਾ ਅਧਿਐਨ ਸਾਹਿਤ ਪਾਠ ਦੇ ਬਹੁਪੱਖੀ ਤੇ ਬਹੁਪਰਤੀ ਗਿਆਨ ਤੋਂ ਉਸ ਬਾਰੇ ਹੋਈ ਆਲੋਚਨਾ ਅਧਿਐਨ ਦੀ ਮੁਕੰਮਲ ਸੋਝੀ ਅਤੇ ਉਸ ਤੋਂ ਅਗਾਂਹ ਮੈਟਾ ਅਧਿਐਨ ਦੇ ਸਿੱਧਾਂਤਕ ਵਿਧੀ-ਵਿਧਾਨ ਨਾਲ ਕਰੀਬੀ ਰਿਸ਼ਤੇ ਦੀ ਮੰਗ ਕਰਦਾ ਹੈ। ਕਿਸੇ ਆਲੋਚਨਾ ਵਿਹਾਰ ਦੀਆਂ ਤੈਹਾਂ ਨੂੰ ਫਰੋਲਣਾ ਉਸ ਵਿਚਲੇ ਅਪ੍ਰਗਟ ਨੂੰ ਪ੍ਰਗਟਾਉਣਾ, ਉਸ ਦੀ ਦਿਸਦੀ ਪਰਤ ਹੇਠ ਲੁਕੇ ਜਾਂ ਕਾਰਜਸ਼ੀਲ ਨੇਮਾਂ ਦੀ ਪਛਾਣ ਕਰਨਾ, ਸਾਹਿਤ ਪਾਠ ਦੀਆਂ ਮਹੀਨ ਪਰਤਾਂ ਨੂੰ ਫਰੋਲਣ ਜੇਹਾ ਹੀ ਦੁਸ਼ਵਾਰ ਕਾਰਜ ਹੈ। ਇਸ ਕਾਰਜ ਨੂੰ ਆਪਣਾ ਉਦੇਸ਼ ਇਸ ਅਨੁਸ਼ਾਸਨ ਦੀ ਸੁਤੰਤਰ ਰੂਪ ਵਿੱਚ ਪਛਾਣ ਕਰਨਾ, ਇਸ ਨੂੰ ਸਾਹਿਤ ਅਧਿਐਨ ਦੇ ਸਿਧਾਂਤਕ ਨੇਮ ਪ੍ਰਬੰਧ ਤੋਂ ਅਲੱਗ ਕਰਨਾ, ਪਾਠਾਂ ਦੇ ਅੰਦਰਲੀ ਨੇਮ-ਪ੍ਰਬੰਧ ਦੀ ਕਾਰਜਸ਼ੀਲਤਾ ਨੂੰ ਕਾਰਜਹੀਣਤਾ ਨੂੰ ਪਛਾਣਨਾ ਅਤੇ ਕਿਸੇ ਚਿੰਤਕ ਦੇ ਸਮੁੱਚੇ ਸੰਕਲਪਾਂ ਢਾਂਚੇ ਦੀ ਪਛਾਣ ਆਦਿ ਨੂੰ ਮਿੱਥਣਾ ਚਾਹੀਦਾ ਹੈ।

ਪੰਜਾਬੀ ਮੈਟਾ ਅਧਿਅਐਨ ਦੇ ਅਤੀਤ ਦੀ ਪਛਾਣ ਵੱਲ ਤੁਰੀਏ ਤਾਂ ਸਭ ਤੋਂ ਪਹਿਲਾਂ ਤੁਰੀਏ ਤਾਂ ਸਭ ਤੋਂ ਪਹਿਲਾ ਡਾ ਮੋਹਨ ਸਿੰਘ ਦੀਵਾਨਾ ਨੇ ਆਪਣੇ ਸਾਹਿਤ ਦੇ ਇਤਿਹਾਸਾਂ ਵਿੱਚ ਡਾ ਲਾਜਵੰਤੀ ਰਾਮਾ ਕਿ੍ਰਸ਼ਨਾ ਦੀਆਂ ਤੱਥਿਕ ਭੁੱਲਾਂ ਅਤੇ ਆਪਹੁਦਰੀ ਵਿਆਖਿਆ ਸੰਬੰਧੀ ਤਮਕੀਆਂ ਅੰਦਾਜ਼ ਵਿੱਚ ਟੀਕਾ-ਟਿੱਪਣੀ ਕੀਤੀ ਸੀ। ਪੰਜਾਬੀ ਸਾਹਿਤ ਆਲੋਚਨਾ ਦਾ ਸਰਲ ਸਿੱਧੜ ਸਰਵੇਖਣ ਅਤੇ ਇਸ ਨੂੰ ਕਾਲਕ੍ਰਮ ਵਿੱਚ ਟਿਕਾਅ ਕੇ ਇਸ ਦਾ ਹਲਕਾ ਜੇਹਾ ਮੁਹਾਂਦਰਾ ਉਲੀਕਣ ਦਾ ਕਾਰਜ ਡਾ ਹਰਨਾਮ ਸਿੰਘ ਸ਼ਾਨ ਨੇ ਆਪਣੀ ਸੰਪਾਦਤ ਪੁਸਤਕ ਪਰਖ ਪੜਚੋਲ ਦੀ ਭੂਮਿਕਾ ਵਿੱਚ ‘ਪਰਖ ਪੜਚੋਲ ਦੇ ਸਿਰਲੇਖ ਹੇਠ 1961ਈ ਵਿੱਚ ਕੀਤਾ ਸੀ। ਡਾ ਹਰਨਾਮ ਸਿੰਘ ਸ਼ਾਨ ਤੋਂ ਆਰੰਭ ਹੋ ਕੇ ਡਾ ਰਵਿੰਦਰ ਸਿੰਘ ਰਵੀ ਤੱਕ ਚੋਖੀ ਗਿਣਤੀ ਵਿੱਚ ਅਜਿਹੇ ਵਿਦਵਾਨ ਮੌਜੂਦ ਹਨ, ਜਿਹੜੇ ਅੰਗਰੇਜ਼ੀ ਰਾਜ ਦੇ ਜ਼ਮਾਨੇ ਤੋਂ ਸ਼ੁਰੂ ਹੋਈ ਉਪਚਾਰਕ ਆਲੋਚਨਾ ਤੋਂ ਪੂਰਵ ਮੱਧਕਾਲ ਵਿੱਚ ਪ੍ਰਾਪਤ ਟਿੱਪਣੀ-ਮੂਲਕ ਟੋਟਿਆਂ ਨੂੰ ‘ਅਣਉਪਚਾਰਕ ਆਲੋਚਨਾ’ ਆਖਦੇ ਰਹੇ ਹਨ। ਉਨ੍ਹਾਂ ਦੇ ਜ਼ਿਹਨ ਵਿੱਚ ਦੋ ਪ੍ਰਵਰਗਾਂ ਦੀ ਹੋਂਦ ਸਹਿਜ ਰੂਪ ਵਿੱਚ ਪਛਾਣੀ ਜਾ ਸਕਦੀ ਹੈ:ਪੁਰਾਣੀ ਜਾਂ ਅਣਉਪਚਾਰਕ ਆਲੋਚਨਾ ਅਤੇ ਨਵੀਂ ਜਾਂ ਉਪਚਾਰਕ ਆਲੋਚਨਾ। ਉਪਚਾਰਕ ਆਲੋਚਨਾ ਨੂੰ ਉਹ ਅੰਗਰੇਜ਼ੀ ਰਾਜ ਦੇ ਜ਼ਮਾਨੇ ਤੋਂ ਆਰੰਭ ਕਰਦੇ ਹਨ। ਇਹ ਧਾਰਨਾਵਾਂ ਪਿਛਲੇ ਕਰੀਬ ਪੰਜ ਦਹਾਕਿਆਂ ਤੋਂ ਲਫ਼ਜ਼ਾਂ ਦੇ ਫੇਰ-ਬਦਲ ਨਾਲ ਬਾਰੰਬਰ ਦੁਹਰਾਇਆ ਗਈਆਂ ਹਨ। ਦਿਲਚਸਪ ਗੱਲ ਤਾਂ ਇਹ ਹੈ ਕਿ ਜੇ ਡਾ ਹਰਨਾਮ ਸਿੰਘ ਸ਼ਾਨ ਨੇ ਕੋਈ ਤੱਥਕ ਭੁੱਲ ਵੀ ਕੀਤੀ ਤਾਂ ਮਗਰਲੇ ਚਿੰਤਕ ਉਸ ਦੀ ਭੁੱਲ ਨੂੰ ਸੱਚ ਮੰਨ ਕੇ ਇੰਨ-ਬਿੰਨ ਦੁਹਰਾਉਂਦੇ ਰਹੇ ਹਨ। ਕਿਉਂਕਿ ਲੰਮਾ ਅਰਸਾ ਮੈਟਾ -ਅਧਿਐਨ ਕਾਰਜ ਇੱਕ ਸੁਤੰਤਰ ਅਨੁਸ਼ਾਸਨ ਦਾ ਰੂਪ ਧਾਰਨ ਨਹੀਂ ਕਰ ਸਕਿਆ, ਇਸ ਲਈ ਸਾਹਿਤ ਅਧਿਐਨ ਦੇ ਕਾਰਜ ਨੂੰ ਪੰਜਾਬੀ ਸਾਹਿਤ ਦਾ ਇਤਿਹਾਸਾਂ ਦਾ, ‘ਖੋਜ ਅਤੇ ਆਲੋਚਨਾ ਦੇ ਸਿਰਲੇਖ ਹੇਠ,ਅੰਗ ਬਣਿਆ ਵੇਖਿਆਂ ਜਾ ਸਕਦਾ ਹੈ। ਸਾਹਿਤ ਦੇ ਇਤਿਹਾਸ ਅਤੇ ਸਾਹਿਤ ਅਧਿਐਨ ਦੇ ਇਤਿਹਾਸ ਦੀ ਇੱਕੋ ਥਾਂ ਹਾਜ਼ਰੀ ਸਾਡੀ ਇਨ੍ਹਾਂ ਅਨੁਸ਼ਾਸਨਾਂ ਦੀ ਭਿੰਨਤਾ ਪ੍ਰਤੀ ਸੋਝੀ ਦੀ ਅਣਹੋਂਦ ਨੂੰ ਦਰਸਾਉਂਦੀ ਹੈ। ਇਸ ਤੱਥ ਦੀ ਪੁਸ਼ਟੀ ਲਈ ਪੰਜਾਬੀ ਵਿੱਚ ਲਿਖੇ ਗਏ, ਖ਼ਾਸ ਤੌਰ ਉੱਪਰ 1950 ਈ ਤੋਂ ਮਗਰੋਂ ਲਿਖੇ ਗਏ, ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚੋਂ ਗੁਜ਼ਰਨ ਉਪਰੰਤ ਭਲੀ-ਭਾਂਤ ਸਿੱਧ ਹੋ ਜਾਂਦੀ ਹੈ। ਪੂਰੀ ਵੀਹਵੀ ਸਦੀ ਵਿੱਚ ਸਾਹਿਤ ਸਿੱਧਾਂਤ ਨਾਲ ਸੰਬੰਧਿਤ ਪੁਸਤਕਾਂ ਉੱਪਰ ਧਿਆਨ ਟਿਕਾਈਏ ਤਾਂ ਪਤਾ ਲੱਗਦਾ ਹੈ ਕਿ ਸਾਹਿਤ ਸ਼ਾਸਤਰ ਪੱਛਮੀ ਹੋਵੇ, ਭਾਰਤੀ ਜਾਂ ਫਾਰਸੀ, ਇਨ੍ਹਾਂ ਪ੍ਰਤੀ ਪੰਜਾਬੀ ਚਿੰਤਕਾਂ ਦੀ ਮੂਲ ਬਿਰਤੀ ‘ਸਵਕਿ੍ਰਤੀ’ ਦੀ ਹੀ ਰਹੀ ਹੈ, ਸੰਵਾਦ ਦੀ ਨਹੀਂ। ਸਿੱਧਾਤਕਾਰੀ ਦੇ ਪੱਖੋਂ ਅਸੀਂ ਬਹੁਤ ਮੱਧਮ ਚਾਲ ਪੱਛਮੀ ਸਾਹਿਤ ਸਿੱਧਾਂਤ ਦੇ ਪਿੱਛੇ-ਪਿੱਛੇ ਤੁਰਦੇ ਰਹੇ ਹਾਂ। ਸਾਡੀ ਵੱਡੀ ਪ੍ਰਾਪਤੀ ਵੱਖ-ਵੱਖ ਸਿੱਧਾਂਤਾਂ, ਵਿਧੀਆਂ ਜਾਂ ਪਹੁੰਚਾਂ ਦੇ ਸੰਕਲਪੀ ਢਾਂਚਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਪੰਜਾਬੀ ਦੀਆਂ ਮੌਲਿਕ ਕਲਾਕਿ੍ਰਤਾਂ ਉੱਪਰ ਲਾਗੂ ਕਰਨ ਦੀ ਰਹੀ ਹੈ। ਅਜਿਹੇ ਕਾਰਜਾਂ ਵਿੱਚੋਂ ਸੰਵਾਦ ਦੀ ਗ਼ੈਰਹਾਜ਼ਰੀ ਕਰਕੇ ਮੋਲਿਕਤਾ ਦਾ ਗ਼ੈਰਹਾਜ਼ਰ ਹੋਣਾ ਕੁਦਰਤੀ ਗੱਲ ਹੈ। ਪਿਛਲੀ ਪੂਰੀ ਸਦੀ ਵਿੱਚ ਡਾ ਰਵਿੰਦਰ ਸਿੰਘ ਰਵੀ ਦੁਆਰਾ ਪ੍ਰਕਾਸਿਤ ਪੁਸਤਕ ‘ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ’1982,ਸੰਵਾਦ-ਵਿਹੁੂਣੀ ਸਥਿਤੀ ਵਿੱਚ, ਅਪਵਾਦ-ਮਾਤਰ ਪ੍ਰਤੀਤ ਹੁੰਦੀ ਹੈ। ਇਸ ਪੁਸਤਕ ਵਿੱਚ ਉਹ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦੇ ਵਿਸ਼ਲੇਸ਼ਣ-ਮੁਲਾਂਕਣ ਰਾਹੀਂ ਪੱਛਮੀ ਚਿੰਤਨ-ਵਿਧੀਆਂ ਦੀ ਪਛਾਣ ਲਈ ਮਹੱਤਵਪੂਰਨ ਮਾਡਲ ਮੁਹੱਈਆ ਕਰਦਾ ਹੈ। ਅਜਿਹਾ ਕਾਰਜ ਉਸ ਮਗਰੋਂ ਰੋਲਾਂ ਬਾਰਤ ਸੰਬੰਧੀ ਦੋ ਮਜ਼ਮੂਨ ਲਿਖ ਕੇ ਵੀ ਕੀਤਾ। ਏਥੇ ਉਸ ਦੁਆਰਾ ਜਿਨ੍ਹਾਂ ਨੁਕਤਿਆਂ ਉੱਪਰ ਬਲ ਦਿੱਤਾ ਗਿਆ, ਉਨ੍ਹਾਂ ਵੱਲ ਮਹਿਜ਼ ਇਸ਼ਾਰਾ ਕਰਨਾ ਜ਼ਰੂਰੀ ਹੈ। ਪਹਿਲਾ ਕਿਸੇ ਆਲੋਚਕ ਜਾਂ ਸਾਹਿਤਕਾਰ ਦੇ ਵਿਚਾਰਾਂ ਦਾ ਪਰਿਚਯ ਕਰਾਉਣ ਲਈ ਜ਼ਰੂਰੀ ਹੈ ਕਿ ਉਸ ਦੀ ਪ੍ਰਤਿਨਿਧ ਰਚਨਾ ਨੂੰ ਪਾਠਕਾਂ ਦੇ ਸਾਹਮਣੇ ਲਿਆਂਦਾ ਜਾਵੇ,ਜਿਸ ਤੋਂ ਉਸ ਦੀ ਸਮੁੱਚੀ ਪ੍ਰਾਪਤੀ ਅਤੇ ਦਿ੍ਰਸਟੀਕੋਣ ਦਾ ਸਹੀ ਬਿੰਬ ਉਸਾਰਿਆ ਜਾ ਸਕੇ ; ਦੂਸਰਾ ਹਰ ਇੱਕ ਲੇਖਕ, ਸਾਹਿਤਕ ਰਚਨਾ, ਵਿਚਾਰ-ਪਰੰਪਰਾ ਜਾਂ ਅਧਿਐਨ-ਵਿਧੀ ਕਿਸੇ ਵਿਸ਼ੇਸ਼ ਇਤਿਹਾਸਿਕ,ਸਮਾਜਿਕ,ਸਾਂਸਕਿ੍ਰਤਕ ਪ੍ਰਸੰਗ ਦੀ ਉਪਜ ਹੁੰਦੀ ਹੈ, ਇਸ ਪ੍ਰਸੰਗ ਵਿੱਚ ਅਜਿਹੀ ਰਚਨਾ ਸਮਕਾਲੀ ਇਤਿਹਾਸ ਦੇ ਵਿਰੋਧਾਂ ਵਿੱਚੋਂ ਕਿਸੇ ਇੱਕ ਦੇ ਪੱਖ ਤੋਂ ਦੂਜੇ ਨੂੰ ਮੁਖਾਤਿਬ ਹੁੰਦੀ ਹੈ ; ਤੀਸਰਾ, ਮੁਖਾਤਿਬ ਹੋਣ ਦੇ ਇਸ ਅਮਲ ਵਿੱਚ ਸੁਚੇਤ ਜਾਂ ਅਚੇਤ ਪੱਧਰ ਤੇ ਉਹ ਕਦਰਾਂ-ਕੀਮਤਾਂ ਦੇ ਇੱਕ ਜਗਤ ਦਾ ਪੱਖ ਪੂਰਦੀ ਹੋਈ ਆਪਣੀ ਸਮੁੱਚਤਾ ਵਿੱਚ ਕਿਸੇ ਵਿਸ਼ਵ ਦਿ੍ਰਸਟੀਕੋਣ ਨੂੰ ਪ੍ਰਗਟ ਕਰ ਰਹੀ ਹੁੰਦੀ ਹੈ ਆਦਿ। ਅਸਲ ਵਿੱਚ ਇੰਨਾਂ ਸੂਤਰਾਂ ਰਾਹੀਂ ਡਾ ਰਵੀ ਉਹ ਸੰਦਰਭ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੱਛਮੀ ਵਿਚਾਰ- ਪਰੰਪਰਾਵਾਂ ਜਾਂ ਕਿਸੇ ਵੀ ਗਿਆਨ -ਸਾਖਾ ਨੂੰ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ। ਉਹ ਵੱਖ-ਵੱਖ ਪ੍ਰਾਣਲ਼ੀਆ ਦੀ ਪਿੱਠਭੂਮੀ, ਸਿੱਧਾਤਕ ਤੇ ਇਤਿਹਾਸਿਕ ਪਰਿਪੇਖਾਂ ਅਤੇ ਪੰਜਾਬੀ ਸੱਭਿਆਚਾਰਿਕ ਸੰਦਰਭ ਵਿਚਾਲੇ ਦਵੰਦ- ਸੰਬੰਧ ਬਣਾਉਣ ਅਤੇ ਉਸ ਦੇ ਆਧਾਰ ਉੱਪਰ ਚਿੰਤਨ-ਪਰੰਪਰਾ ਦਾ ਵਿਸ਼ਲੇਸ਼ਣ ਮੁਲਾਂਕਣ ਕਰਨ ਦਾ ਮਸ਼ਵਰਾ ਦੇ ਕੇ ਮੈਟਾ ਅਧਿਐਨ ਦੇ ਖੇਤਰ ਵਿੱਚ ਮਹੱਤਵਪੂਰਨ ਪਾਸਾਰ ਦਾ ਵਾਧਾ ਕਰਦਾ ਹੈ।

ਪੰਜਾਬੀ ਮੈਟਾ ਆਲੋਚਨਾ ਦੇ ਖੇਤਰ ਵਿੱਚ ਵਧੇਰੇ ਕਾਰਜ ਉਪਾਧੀ ਸਾਪੇਖ ਭਾਂਤ ਦਾ ਹੈ। ਡਾ ਹਰਨਾਮ ਸਿੰਘ ਸ਼ਾਨ ਦੀ ਪੁਸਤਕ ‘ਪਰਖ ਪੜਚੋਲ’ ਅਤੇ ‘ਸਾਹਿਤ ਦੇ ਇਤਿਹਾਸ’ ਵਿੱਚ ਖੋਜ ਅਤੇ ਆਲੋਚਨਾ ਸੰਬੰਧੀ ਚਰਚਾ ਤੋਂ ਇਲਾਵਾ ਦੋ ਪੁਸਤਕਾਂ ‘ਪੰਜਾਬੀ ਆਲੋਚਨਾ ਦਾ ਮੁਲਾਂਕਣ’1970 ਅਤੇ ਪੰਜਾਬੀ ਆਲੋਚਨਾ’1978 ਕ੍ਰਮਵਾਰ ਹਰਭਜਨ ਸਿੰਘ ਹੁੰਦਲ਼ ਅਤੇ ਸਿੰਦਰਪਾਲ ਸਿੰਘ ਦੁਆਰਾ ਪ੍ਰਕਾਸਿਤ ਕੀਤੀਆਂ ਗਈਆਂ। ਇਨ੍ਹਾਂ ਮੁੱਢਲੇ ਦੋ ਦਹਾਕਿਆਂ ਵਿੱਚ ‘ਚਿੰਤਨ ਸੰਬੰਧੀ ਚਿੰਤਨ’ ਦੀ ਸਥਿਤੀ ਇਹ ਹੈ ਕਿ ਇਸ ਵਿੱਚ ਅਧਿਐਨ-ਵਸਤੂ, ਅਧਿਐਨ-ਵਿਸ਼ੇ, ਅਧਿਐਨ-ਜੁਗਤਾਂ ਅਤੇ ਅਧਿਐਨ-ਦਿ੍ਰਸ਼ਟੀ ਲਗਭਗ ਅਣਹੋਂਦ ਹੈ।ਪੁਸਤਕ ਰੂਪ ਵਿੱਚ ਪ੍ਰਕਾਸਿਤ ਇਨ੍ਹਾਂ ਕਾਰਜਾਂ ਵਿੱਚ ਸਾਹਿਤ ਅਧਿਐਨ ਦੇ ਵਿਭਿੰਨ ਅਨੁਸ਼ਾਸਨਾਂ ਦਾ ਨਿਖੇੜ ਹਾਜ਼ਰ ਨਹੀਂ। ਇਨ੍ਹਾਂ ਕਾਰਜਾਂ ਨੂੰ ‘ਸਰਲ ਸਿੱਧੜ ਸਰਵੇਖਣ’ ਤੋਂ ਵੱਧ ਮਹੱਤਵ ਪ੍ਰਦਾਨ ਨਹੀਂ ਕੀਤਾ ਜਾ ਸਕਦਾ।

ਪੰਜਾਬੀ ਸਾਹਿਤ ਚਿੰਤਨ ਦੇ ਵਿਕਾਸ, ਸਥਿਤੀ ਅਤੇ ਪ੍ਰਗਤੀ ਸੰਬੰਧੀ ਤਾਰਕਿਕ ਅਤੇ ਵਿਗਿਆਨਿਕ ਬਿਰਤੀ ਨਾਲ ਚਰਚਾ ਸੰਤ ਸਿੰਘ ਸੇਖੋਂ ਅਤੇ ਡਾ ਹਰਿਭਜਨ ਸਿੰਘ ਨੇ ਕ੍ਰਮਵਾਰ ਆਪਣੇ ਮਜ਼ਮੂਨਾਂ ‘ਪੰਜਾਬੀ ਵਿੱਚ ਆਲੋਚਨਾ ਦਾ ਵਿਕਾਸ’ ਅਤੇ ਡਾ ਹਰਿਭਜਨ ਸਿੰਘ ਨੇ ਕ੍ਰਮਵਾਰ ਆਪਣੇ ਮਜਮੂਨਾਂ ‘ਪੰਜਾਬੀ ਵਿੱਚ ਆਲੋਚਨਾ ਦਾ ਵਿਕਾਸ’ ਅਤੇ ‘ਅਜੋਕੀ ਪੰਜਾਬੀ ਆਲੋਚਨਾ’ ਵਿੱਚ ਵੀਹਵੀਂ ਸਦੀ ਦੇ ਅੱਠਵੇ ਦਹਾਕੇ ਦੇ ਪਹਿਲੇ ਅੱਧ ਵਿੱਚ ਤੋਰੀ। ਇਸ ਸਮਝ ਨੂੰ ਵਧਾਉਣ ਵਿੱਚ ਜਿਨ੍ਹਾਂ ਚਿੰਤਕਾਂ ਦੇ ਮਜਮੂਨਾਂ ਨੇ ਆਪਣਾ ਕਿਰਦਾਰ ਅਦਾ ਕੀਤਾ, ਉਹ ਮਜ਼ਮੂਨ ਹਥਲੀ ਪੁਸਤਕ ਦੇ ਲੇਖਕ ਵੱਲੋਂ ਸੰਪਾਦਿਤ ਪੁਸਤਕ ‘ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ: ਸੰਵਾਦ ਤੇ ਮੁੱਲਾਂਕਣ’ ਵਿੱਚ 1999 ਵਿੱਚ ਪ੍ਰਕਾਸਿਤ ਕੀਤੇ ਗਏ। ਪੰਜਾਬੀ ਚਿੰਤਨ ਨੂੰ ਪਿਛਲੀ ਸਦੀ ਦੇ ਨੌਵੇ ਦਹਾਕੇ ਵਿੱਚ ਉਪਾਧੀ ਸਾਪੇਖ ਅਤੇ ਉਪਾਧੀ ਨਿਰਪੇਖ ਦੋਵਾਂ ਧਰਾਤਲਾਂ ਉੱਪਰ ਅਧਿਐਨ-ਵਸਤੂ ਬਣਾਇਆਂ ਜਾਣ ਲੱਗਾ, ਡਾ ਸਰਬਜੀਤ ਸਿੰਘ, ਡਾ ਗੁਰਨਾਇਬ ਸਿੰਘ, ਜਗਮੋਹਨ ਸਿੰਘ,ਕੰਵਲਜੀਤ ਕੌਰ ਢਿੱਲੋਂ, ਡਾ ਰਵਿੰਦਰ ਸਿੰਘ ਰਵੀ, ਡਾ ਟੀ ਆਰ ਵਿਨੋਦ, ਡਾ ਸਤਿੰਦਰ ਸਿੰਘ ਨੂਰ, ਡਾ ਗੁਰਚਰਨ ਸਿੰਘ ਅਰਸ਼ੀ, ਡਾ ਸਤਨਾਮ ਸਿੰਘ ਸੰਧੂ, ਅਤੇ ਡਾ ਜਗਜੀਤ ਸਿੰਘ ਦੇ ਕਾਰਜਾਂ ਨੂੰ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਚਿੰਤਕਾਂ ਦੇ ਚਿੰਤਨ ਸਾਸਤਰ ਸੰਬੰਧੀ ਵੀ ਖੋਜ ਕਾਰਜ ਹੋਣ ਲੱਗਾ ਅਤੇ ਪੰਜਾਬੀ ਆਲੋਚਨਾ ਦੀਆਂ ਚਿੰਤਨ ਪ੍ਰਣਾਲੀਆਂ ਨੂੰ ਵੀ ਗੌਲਿਆ ਜਾਣ ਲੱਗਾ। ਇਹ ਕਾਰਜ ਕਿਸੇ ਕੱਲੇਕਾਰੇ ਮਜ਼ਮੂਨ ਦੀ ਤਹਿ ਹੇਠ ਕਾਰਜਸ਼ੀਲ ਕਿਸੇ ਚਿੰਤਕ ਦੀ ਆਲੋਚਨਾ ਦਿ੍ਰਸ਼ਟੀ ਦੀ ਪਛਾਣ ਤੋਂ ਲੈ ਕੇ ਪੰਜਾਬੀ ਸਾਹਿਤ ਚਿੰਤਨ ਦਾ ਸਾਸਤਰ ਉਸਾਰਣ ਅਤੇ ਉਸ ਦੀ ਇਤਿਹਾਸਕਾਰੀ ਤੱਕ ਫੈਲੇ। ਇੰਨਾਂ ਦੋਵਾਂ ਸਿਰਿਆਂ ਦੇ ਵਿਚਾਲੇ ਵੱਖ- ਵੱਖ ਚਿੰਤਕਾਂ ਦੇ ਚਿੰਤਨ-ਕਾਰਜ ਨੂੰ ਵੀ ਅਧਿਐਨ-ਵਸਤੂ ਬਚਾਇਆ ਗਿਆ, ਕਿਸੇ ਇੱਕ ਧਾਰਾ ਨਾਲ ਜੁੜੇ ਚਿੰਤਕਾਂ ਦੇ ਪ੍ਰਤਿਮਾਨਾਂ ਦੀ ਵੀ ਪਰਖ ਖੋਜ ਕੀਤੀ ਗਈ, ਪੰਜਾਬੀ ਚਿੰਤਕਾਂ ਦੀ ਚਿੰਤਨ-ਚੇਤਨਾ ਨੂੰ ਘੋਖਣ ਦੇ ਉੱਦਮ ਵੀ ਹੋਏ ਅਤੇ ਪੰਜਾਬੀ ਸਾਹਿਤ ਚਿੰਤਨ ਦੀ ਦਿਸ਼ਾ, ਦਸ਼ਾ, ਪ੍ਰਾਪਤੀਆਂ, ਸੀਮਾਵਾਂ ਅਤੇ ਚੁਣੌਤੀਆਂ ਦੀ ਪਛਾਣ ਦੇ ਯਤਨ ਵੀ ਹੋਏ। ਇੰਨਾਂ ਦਾ ਮੂਲ ਮਕਸਦ ਪੰਜਾਬੀ ਸਾਹਿਤ ਚਿੰਤਨ ਦੀ ਸਾਸਤਰ ਉਸਾਰੀ ਹੀ ਬਣਿਆਂ। ਇਹ ਕਾਰਜ ਉਪਾਧੀ-ਸਾਪੇਖ ਕਾਰਜ ਵਜੋਂ ਹੋਂਦ ਵਿੱਚ ਆ ਕੇ ਵਡੇਰੇ ਅਕਾਦਮਿਕ ਮਸਲਿਆਂ ਨਾਲ ਜਾ ਜੁੜੇ।

ਧਿਆਨਯੋਗ ਹੈ ਕਿ ਲੰਮੇ ਅਰਸੇ ਵਿੱਚ ਫੈਲੇ ਅਤੇ ਗਿਣਨਾਤਮਕ ਪੱਖ ਤੋ ਅਤਿ-ਵਿਸਾਲ ਧਰਾਤਲ ਉੱਪਰ ਫੈਲੇ ਪੰਜਾਬੀ ਸਾਹਿਤ ਅਧਿਐਨ ਸੰਬੰਧੀ ਹੋਏ ਕਾਰਜਾਂ ਦੀ ਗਿਣਤੀ ਦੋ ਦਰਜਨ ਤੱਕ ਵੀ ਮਸਾਂ ਅੱਪੜਦੀ ਹੈ। ਨਿਰਸੰਦੇਹ, ਇਸ ਕਾਰਜ ਦੇ ਮਹੱਤਵ ਅਤੇ ਹੋ ਰਹੇ ਕਾਰਜ ਵਿਚਾਲੇ ਵੱਡਾ ਪਾੜਾ ਦਿਖਾਈ ਦਿੰਦਾ ਹੈ। ਵਿਸ਼ੇਸ਼ ਚਿੰਤਕ ਦੇ ਖਿੱਲਰੇ - ਖਿੰਡਰੇ ਤੱਥਾਂ ਦੀ ਸੰਭਾਲ਼, ਉਸ ਦੇ ਚਿੰਤਨ ਸੰਬੰਧੀ ਪ੍ਰਾਪਤ ਸਮੱਗਰੀ ਦੇ ਵਰਗੀਕਰਨ,ਵਿਸ਼ਲੇਸ਼ਣ, ਤੇ ਮੁੱਲਾਂਕਣ ; ਉਸ ਦੁਆਰਾਂ ਸਿਰਜੇ ਸਿੱਧਾਂਤਕ ਚੌਖਟੇ ; ਪੰਜਾਬੀ ਸਾਹਿਤ ਅਧਿਐਨ ਸੰਬੰਧੀ ਵਿਸ਼ੇਸ਼ ਚਿੰਤਕ ਦੇ ਪ੍ਰਤਿਉਤਰ ; ਮੱਧਕਾਲ ਦੀਆਂ ਵਿਭਿੰਨ ਧਾਰਾਵਾਂ ਸੰਬੰਧੀ ਉਸ ਚਿੰਤਕ ਦੇ ਸੂਤਰਾਂ ਅਤੇ ਉਸ ਦੀਆਂ ਸਮੁੱਚੀਆਂ ਸਥਾਪਨਾਵਾਂ ਦੇ ਉਸ ਸਮਕਾਲੀ ਚਿੰਤਕਾਂ ਨਾਲ ਤੁਲਨਾਤਮਿਕ ਪਰਿਪੇਖ ਆਦਿ ਸੂਤਰਾਂ ਨੂੰ ਇੰਨਾਂ ਕਾਰਜਾਂ ਵਿੱਚ ਬੁਨਿਆਦੀ ਪੈਟਰਨ ਵਜੋਂ ਗ੍ਰਹਿਣ ਕੀਤਾ ਗਿਆ। ਇੰਨਾਂ ਕਾਰਜਾਂ ਵਿੱਚ ਪਹਿਲੀ ਵਾਰ ਵਿਸ਼ੇਸ਼ ਚਿੰਤਕਾਂ ਦੀ ਕਾਰਗੁਜ਼ਾਰੀ ਨੂੰ ਅਧਿਐਨ-ਵਸਤੂ ਬਣਨ ਅਤੇ ਵੱਖ - ਵੱਖ ਕੋਣਾਂ ਤੋਂ ਘੋਖੇ ਜਾਣ ਦਾ ਅਵਸਰ ਪ੍ਰਾਪਤ ਹੋਇਆਂ।ਮਾਈਕ੍ਰੋ ਵਿਸ਼ਲੇਸ਼ਣ ਦੀ ਵਿਧੀ ਨੂੰ ਇਨ੍ਹਾਂ ਅਧਿਐਨ-ਕਾਰਜਾਂ ਵਿੱਚ ਕੇਂਦਰੀ ਮਹੱਤਵ ਹਾਸਲ ਹੋਇਆਂ ਅਤੇ ਇੰਨਾਂ ਵਿੱਚ ਚਿੰਤਨ -ਪਾਠ ਇਤਿਹਾਸ ਅਤੇ ਵਿਚਾਰਧਾਰਾ ਦੇ ਕੋਣਾਂ ਤੋਂ ਖੋਲ੍ਹੇ ਗਏ। ਅਧਿਐਨ-ਵਸਤੂ ਵਜੋਂ ਚੁਣੇ ਗਏ ਚਿੰਤਕ ਆਪੋ-ਆਪਣੇ ਸਮੇਂ ਅਤੇ ਖੇਤਰਾਂ ਦੇ ਪ੍ਰਮਾਣਿਕ ਹਸਤਾਖਰ ਸਨ, ਇਸ ਲਈ ਇੱਕੋ ਸਮੇਂ ਉਨ੍ਹਾਂ ਦਾ ਬੌਧਿਕ ਵਿਰਸਾ, ਉਸ ਵਿਰਸੇ ਨਾਲ ਉਨ੍ਹਾਂ ਦਾ ਰਿਸ਼ਤਾ ਅਤੇ ਉਨ੍ਹਾਂ ਦੇ ਚਿੰਤਨ ਕਾਰਜ ਦੇ ਨਿਵੇਕਲੇ ਨਕਸ਼ ਵੀ ਉੱਭਰ ਕੇ ਸਾਹਮਣੇ ਆਏ। ਅਧਿਐਨ-ਵਸਤੂ ਉੱਪਰ ਪੀਡੀ ਪਕੜ, ਅਧਿਐਨ ਪਹੁੰਚ ਪ੍ਰਤਿ ਤਿੱਖੀ ਸਿੱਧਾਤਕ ਤੇ ਤਕਨੀਕੀ ਚੇਤਨਾ, ਆਲੋਚਨਾ ਪਾਠਾਂ ਦੇ ਤਾਰਕਿਕ ਸੰਗਠਨ, ਮੂਲਭੂਤ ਸਿੱਧਾਤਾਂ, ਸੀਮਾਵਾਂ ਤੇ ਤਾਰਕਿਕ ਧਾਰਨਾਵਾਂ ਦੀ ਪਛਾਣ, ਚਿੰਤਕ ਦੇ ਚਿੰਤਨ-ਕਾਰਜ ਨਾਲ ਸਾਂਝ ਰੱਖਣ ਵਾਲੇ ਚਿੰਤਨ ਨਾਲ ਤੁਲਨਾਤਮਿਕ ਪਰਿਪੇਖ ਦੀ ਉਸਾਰੀ ਅਤੇ ਅਣਗੌਲੀਆਂ ਅਤੇ ਅਛੋਹ ਪਰਤਾਂ ਦੀ ਘੋਖ ਰਾਹੀਂ ਸਿੱਟੀਆਂ ਤੇ ਸਥਾਪਨਾਵਾਂ ਦੀ ਪੇਸ਼ਕਾਰੀ ਆਦਿ ਇਨ੍ਹਾਂ ਕਾਰਜਾਂ ਦੀ ਸਾਂਝੀ ਖ਼ਾਸੀਅਤ ਹੋ ਨਿੱਬੜੀ। ਵਿਗਿਆਨਿਕ ਵਿਸ਼ਲੇਸ਼ਣ ਨੂੰ ਆਧਾਰ ਬਣਾਉਣ, ਚਿੰਤਨ ਕਾਰਜ ਨੂੰ ਭਾਵੁਕਤਾ ਦੀ ਬਜਾਏ ਬੌਧਿਕ ਮੰਡਲਾਂ ਵਿੱਚ ਰੱਖਣ, ਵਿਆਖਿਆਤਮਕ,ਤਾਰਕਿਕ ਤੇ ਵਿਸ਼ਲੇਸ਼ਣੀ ਵਿਧੀ ਦੀ ਵਰਤੋਂ ਕਰਨ ਕਰਕੇ ਹੀ ਇਹ ਖੋਜ ਕਰਤਾ ਭਰੋਸੇਯੋਗ ਸਥਾਪਨਾਵਾਂ ਪ੍ਰਸਤੁਤ ਕਰ ਸਕੇ।

ਇਨ੍ਹਾਂ ਲੋੜਾਂ, ਮਸਲਿਆਂ, ਚੁਣੌਤੀਆਂ ਅਤੇ ਪਰਿਪੇਖਾਂ ਨਾਲ ਅਜੋਕਾ ਮੈਟਾ - ਚਿੰਤਨ ਜੂਝ ਰਿਹਾ ਹੈ। ਨਿਰਸੰਦੇਹ ਬਹੁਪੱਖੀ ਯੋਗਤਾ ਦੀ ਜ਼ਰੂਰਤ ਕਰਕੇ ਇਹ ਮੁਸ਼ਕਲ ਕਾਰਜ ਹੈ। ਇਸ ਸੰਬੰਧੀ ਪੰਜਾਬੀ ਬੌਧਿਕ ਹਲਕਿਆ ਵਿੱਚ ਚਿੰਤਾ ਵੱਧ ਅਤੇ ਚਿੰਤਨ ਘੱਟ ਕੀਤਾ ਗਿਆ ਹੈ। ਜੇਕਰ ਇਸ ਸੰਬੰਧੀ ਕਰੀਬ ਚਾਰ ਦਹਾਕਿਆਂ ਵਿੱਚ ਹੋਏ ਕਾਰਜ ਨੂੰ ਉਸ ਦੀ ਪ੍ਰਮਾਣਿਕਤਾ ਦੀ ਪਛਾਣ ਕੀਤੇ ਬਗੈਰ ਵੀ, ਗਿਣਨਾਤਮਕ ਪੈਮਾਨੇ ਨਾਲ ਪਰਖੀਏ ਤਾਂ ਕੁਲ ਪੁਸਤਕਾਂ ਅਤੇ ਖੋਜ ਪ੍ਰਬੰਧਾਂ ਦੀ ਗਿਣਤੀ ਮਸਾਂ ਤਿੰਨ ਦਰਜਨ ਤੱਕ ਅੱਪੜਦੀ ਹੈ ;ਸਮੇਤ ਉਪਾਧੀ ਸਾਪੇਖ, ਸੰਪਾਦਤ ਅਤੇ ਮੌਲਿਕ ਪੁਸਤਕਾਂ ਦੇ। ਕਰੀਬ ਇੱਕ ਸਦੀ ਉੱਪਰ ਫੈਲੇ ਪੰਜਾਬੀ ਸਾਹਿਤ ਚਿੰਤਨ ਦੇ ਇਤਿਹਾਸ ਸੰਬੰਧੀ ਵੀ ਹੁਣ ਤੱਕ ਸਿਰਫ ਇੱਕ ਪੁਸਤਕ ਹੀ ਵਜੂਦ ਧਾਰਨ ਕਰ ਚੁੱਕੀ ਹੈ। ਪੰਜਾਬੀ ਚਿੰਤਨ ਸੰਬੰਧੀ, ਉਪਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਸਾਡੇ ਫਿਕਰ ਵਿਹਾਰਕ ਸ਼ਕਲ ਅਖਤਿਆਰ ਕੀਤੇ ਜਾਣ ਦੀ ਮੰਗ ਕਰਦੇ ਹਨ। ਅਜੋਕੇ ਯੁੱਗ ਵਿੱਚ ਕਿਸੇ ਵੀ ਵਰਤਾਰੇ ਦੀ ਨਿਰਪੇਖ ਹੋਂਦ ਨਹੀਂ ਰਹੀ, ਉਸ ਦੀ ਖੁਦਮੁਖਤਾਰੀ ਸਾਪੇਖ ਭਾਂਤ ਦੀ ਹੈ। ਇੱਕ ਪਾਸੇ ਸਾਮਰਾਜੀ ਵਿਸਵੀਕਰਨ ਦੇ ਅਜੋਕੇ ਦੌਰ ਵਿੱਚ ਗਲੋਬਲ ਸਥਿਤੀਆਂ ਤੇ ਮੰਡੀ ਦੇ ਵਰਤਾਰੇ ਹਨ ਅਤੇ ਦੂਸਰੇ ਪਾਸੇ ਸਥਾਨਕ ਪ੍ਰਸੰਗ। ਸਾਡੇ ਸਭਿਆਚਾਰ ਦੀਆਂ ਅੰਤਰੀਵ ਲੋੜਾਂ ਅਤੇ ਵਿਸ਼ਵ ਪੱਧਰੀ ਪ੍ਰਸੰਗਾਂ ਨੂੰ ਇੱਕ ਪੂਰਕ ਰਿਸ਼ਤੇ ਵਿੱਚ ਬੰਨ੍ਹ ਕੇ ਵੇਖਣ ਦੀ ਜ਼ਰੂਰਤ ਹੈ। ਸੂਚਨਾ ਤਕਨਾਲੋਜੀ ਦੇ ਵਿਸਫੋਟ ਨੇ ਜਾਣਕਾਰੀ ਜਾਂ ਸੂਚਨਾ ਨੂੰ ਹੀ ਗਿਆਨ ਦਾ ਬਦਲਾ ਬਣਾਉਣ ਦੀ ਵਾਹ ਲਾਈ ਹੈ। ਗਿਆਨ ਦੀ ਪ੍ਰਕਰਿਤੀ-ਪਛਾਣ ਅਤੇ ਮਹੱਤਵ ਨੂੰ ਮੁੜ ਉਭਾਰਨ ਦੀ ਜ਼ਰੂਰਤ ਹੈ।ਕੋਈ ਸ਼ੱਕ ਨਹੀਂ ਕਿ ਅਜੋਕੇ ਦੌਰ ਵਿੱਚ ਪੰਜਾਬੀ ਚਿੰਤਕ ਉਪਭੋਗੀ ਵੱਧ ਅਤੇ ਸਿਰਜਕ ਤੇ ਉਤਪਾਦਕ ਘੱਟ ਹੈ। ਅਜਿਹਾ ਕਰ ਉਹ ਆਪਣੀ ਅਸਲ ਭੂਮਿਕਾ ਨਿਭਾਉਣ ਪ੍ਰਤੀ ਉਦਾਸੀਨ ਹੋ ਰਿਹਾ ਹੈ। ਇਸ ਸਮੇਂ - ਬਿੰਦੂ ਉੱਪਰ ਸਾਡੀਆਂ ਆਪਣੀਆਂ ਪ੍ਰਾਪਤੀਆਂ ਸੰਕਲਪੀ ਚੌਖਟੇ ਅਤੇ ਚਿੰਤਨ ਨਿੱਘ ਕੇ ਘੋਖੇ ਜਾਣ ਦੀ ਮੰਗ ਕਰਦੇ ਹਨ। ਇਸ ਕਾਰਜ ਨੂੰ ਵੱਖ- ਵੱਖ ਚਿੰਤਕਾਂ ਦੁਆਰਾ ਨਵੇਂ ਸਿਰੀਆਂ, ਨਵੀਂਆਂ ਤੇ ਪ੍ਰਾਸੰਗਿਕ ਵਿਧੀਆਂ ਦਿ੍ਰਸਟੀਆਂ ਅਤੇ ਵਿਭਿੰਨ ਪ੍ਰਸੰਗਾਂ ਵਿੱਚ ਮੁੜ- ਮੁੜ ਸਮੂਰਤ ਰੂਪ ਦੇਣ ਦੀ ਜ਼ਰੂਰਤ ਹੈ।

ਸਹਾਇਕ ਪੁਸਤਕ ਸੂਚੀ

1ਹਰਿਭਜਨ ਸਿੰਘ ਭਾਟੀਆ, ‘ ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ’, ਸਾਹਿਤ ਅਕਾਦਮੀ ਦਿੱਲ਼ੀ,2004

2 ਹਰਿਭਜਨ ਸਿੰਘ ਭਾਟੀਆ, ਚਿੰਤਨ ਪੁਨਰ-ਚਿੰਤਨ’, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,2010

3 ਹਰਿਭਜਨ ਸਿੰਘ ਭਾਟੀਆ, ‘ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ: ਸੰਵਾਦ ਤੇ ਮੁਲਾਂਕਣ’, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ, 1999 4 ਹਰਿਭਜਨ ਸਿੰਘ ਭਾਟੀਆ, ‘ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ’, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, 1988

5 ਸੁਰਜੀਤ ਸਿੰਘ ਭੱਟੀ, ‘ਪੰਜਾਬੀ ਆਲੋਚਨਾ: ਦਸ਼ਾ ਤੇ ਦਿਸ਼ਾ’, ਚੇਤਨਾ ਪ੍ਰਕਾਸ਼ਨ ਲੁਧਿਆਣਾ, 2003