ਪੰਜਾਬੀ ਰੀਤੀ ਰਿਵਾਜ

ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -

ਜਨਮ ਨਾਲ ਸਬੰਧਿਤ ਰੀਤੀ ਰਿਵਾਜ

ਸੋਧੋ

ਰਸਮਾਂ ਤੇ ਰੀਤਾਂ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਸ਼ੁਰੂ ਹੋ ਕੇ ਜਿਹਨਾਂ ਚਿਰ ਉਸ ਦੇ ਸਿਵੇ ਉੱਤੇ ਸੁਆਹ ਦੀ ਚੁਟਕੀ ਤਕ ਰਹਿੰਦੀ ਹੈ, ਬਲਕਿ ਉਸ ਤੋਂ ਪਿੱਛੋਂ ਤਕ ਵੀ ਇਹ ਰੀਤਾਂ ਦੀਵਾ ਜਗਾ ਜਗਾ ਕੇ ਇਹ ਰਸਮਾਂ ਸਾਵਧਾਨੀ ਨਾਲ਼ ਨਿਭਾਈਆਂ ਜਾਂਦੀਆਂ ਹਨ। “ਵਿਅਕਤੀ ਨੇ ਜਿੰਨੀ ਅਸਲ ਉਮਰ ਜੀਵੀ ਹੁੰਦੀ ਹੈ, ਰਸਮਾਂ ਤੇ ਰੀਤਾਂ ਰਾਹੀਂ ਘੱਟੋ ਘੱਟ ਉਸ ਨਾਲ਼ੋਂ ਡਿਉਢਾ ਜੀਵਨ ਜ਼ਰੂਰ ਜੀਵਿਆ ਜਾਂਦਾ ਹੈ।”

ਜਨਮ ਸਮੇਂ ਤੋਂ ਪਹਿਲਾਂ ਦੀਆਂ ਰਸਮਾਂ

ਸੋਧੋ

ਅੱਖ ਸਲਾਈ ਦੀ ਰਸਮ

ਸੋਧੋ

ਅੱਖ ਸਲਾਈ ਦੀ ਰਸਮ ਇਸਤਰੀ ਦੇ ਗਰਭ ਧਾਰਨ ਦੇ ਤੀਜੇ ਮਹੀਨੇ ਕੀਤੀ ਜਾਂਦੀ ਹੈ। ਸੁਰਮਾ ਆਮ ਤੌਰ ਤੇ ਨਣਦ ਪਾਉਂਦੀ ਹੈ। ਇਸ ਰਸਮ ਪਿੱਛੋਂ ਗਰਭਵਤੀ ਔਰਤ ਬੱਚੇ ਦੇ ਜਨਮ ਤਕ ਆਪਣੀਆਂ ਅੱਖਾਂ ਵਿੱਚ ਸੁਰਮਾ ਨਹੀਂ ਪਾਉਂਦੀ। ਹੁਣ ਇਸ ਰਸਮ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ। ਇਸ ਕਰ ਕੇ ਅੱਖ ਸਲਾਈ ਦੀ ਰਸਮ ਹੁਣ ਕੋਈ ਨਹੀਂ ਕਰਦਾ।” ਇਸ ਰਸਮ ਤੋਂ ਬਾਅਦ ਗਰਭਵਤੀ ਨੂੰ ਨਵੀਆਂ ਚੂੜੀਆਂ ਝਾਂਜਰਾਂ ਤੇ ਮਹਿੰਦੀ ਨਹੀਂ ਲਗਾਉਣ ਦਿਤੀ ਜਾਂਦੀ, ਇਹ ਓਸ ਲਈ ਅਸ਼ੁਭ ਮੰਨਿਆਂ ਜਾਂਦਾ ਹੈ।

ਮਿੱਠਾ ਬੋਹੀਆ ਭੇਜਣਾ

ਸੋਧੋ

“ਪੇਕੇ ਘਰ ਧੀ ਦੇ ਗਰਭਵਤੀ ਹੋਣ ਦਾ ਸੰਕੇਤ ਮਿੱਠਾ ਬੋਹੀਆ ਘੱਲ ਕੇ ਕੀਤਾ ਜਾਂਦਾ ਹੈ। ਜਵਾਬ ਵਿੱਚ ਪੇਕਿਆਂ ਤੋਂ ਇੱਕ ਸੰਧਾਰੇ ਦੇ ਰੂਪ ਵਿੱਚ ਚੌਲ਼ ਸ਼ੱਕਰ ਤੇ ਕੱਪੜੇ ਭੇਜੇ ਜਾਂਦੇ ਹਨ। ” ਉਦੋਂ ਹੀ ਪੇਕਿਆਂ ਦਾ ਲਾਗੀ ਪੁੱਛ ਜਾਂਦਾ ਹੈ, ਕੁੜੀ ਨੂੰ ਕਦੋਂ ਲੈਣ ਆਈਏ? ਬੱਸ ਆਹ ਮਹੀਨਾ ਦੋ ਮਹੀਨੇ ਹੋਰ ਰਹਿਣ ਦੇਵੋ, ਫਿਰ ਜਦੋਂ ਜੀ ਕੀਤਾ ਲੈ ਜਾਣਾ ਆਖ ਕੇ ਸਹੁਰੇ ਆਪਣੀ ਮਨਸ਼ਾ ਤੇ ਦਿਨਾਂ ਦਾ ਅਤਾ ਪਤਾ ਦੱਸ ਦਿੰਦੇ ਹਨ। ਸੱਤਵੇਂ ਕੁ ਮਹੀਨੇ ਸਹੁਰਿਆਂ ਤੋਂ ਪੂਰੇ ਜਸ਼ਨ ਨਾਲ਼ ਬਹੂ ਨੂੰ ਵਿਦਾ ਕੀਤਾ ਜਾਂਦਾ ਹੈ।

ਗੋਦ ਭਰਾਈ ਦੀ ਰਸਮ

ਸੋਧੋ

ਗੋਦ ਭਰਾਈ ਦੀ ਰਸਮ ਆਮਤੋਰ ਤੇ ਗਰਭਧਾਰਨ ਤੋ ਸਤ ਮਹੀਨੇ ਬਾਅਦ ਕੀਤੀ ਜਾਂਦੀ ਹੈ | ਇਸ ਰਸਮ ਵਿੱਚ ਔਰਤ ਨੂੰ ਪੇਕੇ ਘਰ ਵਿਦਾ ਕੀਤਾ ਜਾਂਦਾ ਹੈ। ਗਰਭਵਤੀ ਨੂੰ ਲੈਣ ਲਈ ਵੱਡਾ ਭਰਾ ਆਓਂਦਾ ਹੈ। ਇਸ ਸਮੇਂ ਸੱਸ ਵੱਲੋ ਗਰਭਵਤੀ ਦੀ ਝੋਲੀ ਵਿੱਚ ਕੁਝ ਫਲ ਤੇ ਸੁਕੇ ਮੇਵੇ ਪਾਏ ਜਾਂਦੇ ਹਨ। ਇਸ ਰਸਮ ਲਈ ੧੨ ਵਜੇ ਤੋਂ ਪਹਿਲਾਂ ਦਾ ਸਮਾਂ ਸ਼ੁਭ ਮੰਨਿਆਂ ਜਾਂਦਾ ਹੈ।

ਜਨਮ ਸਮੇਂ ਤੋਂ ਬਾਅਦ ਦੀਆਂ ਰਸਮਾਂ

ਸੋਧੋ

ਦੁਧੀਆਂ ਧੋਣ ਦੀ ਰਸਮ

ਸੋਧੋ

“ਬੱਚਾ ਜੰਮਣ ਤੇ ਦੁਧੀਆਂ ਧੋਣ ਦੀ ਰਸਮ ਅਦਾ ਕੀਤਾ ਜਾਂਦੀ ਹੈ। ਇਸ ਦੇ ਇਵਜ਼ ਵਿੱਚ ਸਵਾ ਰੁਪਈਆ ਜਾਂ ਕੱਪੜੇ ਮਿਲਦੇ ਹਨ। ਠੂਠੀ ਵਿੱਚ ਹਲਦੀ ਗੱਠੀ ਘਸਾ ਕੇ, ਵਿੱਚ ਚਾਂਦੀ ਦਾ ਰੁਪਈਆ ਰੱਖ ਕੇ ਚੌਲ਼ ਘੋਲ਼ ਲਏ ਜਾਂਦੇ ਹਨ। ਹਰੇ ਘਾਹ ਦੀ ਗੁੱਥੀ ਨਾਲ਼ ਦੁਧੀਆਂ ਧੋਤੀਆਂ ਜਾਂਦੀਆਂ ਹਨ। ”[1]

ਬਾਂਦਰਵਾਲ ਲਟਕਾਉਣਾ

ਸੋਧੋ

“ਮੁੰਡਾ ਹੋਣ ਦੀ ਸੂਰਤ ਵਿੱਚ ਘਰ ਅੱਗੇ ਸ਼ਰੀਂਹ ਅਤੇ ਅੰਬ ਦੇ ਪੱਤਿਆਂ ਦਾ ਬਾਂਦਰਵਾਲ ਲਟਕਾਇਆ ਜਾਂਦਾ ਹੈ। ਇਹ ਜਿੱਥੇ ਘਰ ਵਿੱਚ ਖ਼ੁਸ਼ੀ ਦਾ ਪ੍ਰਤੀਕ ਹੈ ਉੱਥੇ ਔਰਤ ਦੀ ਹਰਿਆਵਲ ਦਾ ਵੀ ਪ੍ਰਤੀਕ ਹੈ। ”

ਗੁੜ੍ਹਤੀ ਦੇਣਾ

ਸੋਧੋ

ਬੱਚੇ ਨੂੰ ਗੁੜ੍ਹਤੀ ਦੇਣਾ ਇੱਕ ਖ਼ਾਸ ਰਸਮ ਹੈ। ਗੁੜ੍ਹਤੀ ਦੇਣਾ ਕਿਤੇ ਛੋਟੀ ਜਿਹੀ ਗੱਲ ਨਹੀਂ। “ ਕਿਹਾ ਜਾਂਦਾ ਹੈ ਕਿ ਜਿਹੜਾ ਜੀਅ ਗੁੜ੍ਹਤੀ ਦੇਵੇਗਾ, ਬੱਚੇ ਦਾ ਸੁਭਾਅ ਉਸ ਉੱਪਰ ਹੀ ਜਾਂਦਾ ਹੈ। ਕੋਰੇ ਚੱਪਣ ਵਿੱਚ ਦੀਵੇ ਦੀ ਬੱਤੀ ਜਿਹੀ ਰੂੰ ਦੀ ਪੂਣੀ ਨਾਲ਼ ਬੱਕਰੀ ਦਾ ਦੁੱਧ ਬੱਚੇ ਨੂੰ ਪਹਿਲੀ ਵਾਰ ਪਿਲਾਉਣ ਨੂੰ, ਗੁੜ੍ਹਤੀ ਦੇਣਾ ਆਖਦੇ ਹਨ।[1]” ਹੁਣ ਬੱਕਰੀ ਦੇ ਦੁੱਧ ਦੀ ਥਾਂ ਸ਼ਹਿਦ ਨੂੰ ਉਂਗਲ਼ ਨਾਲ਼ ਲਾ ਕੇ ਚਟਾ ਦਿੱਤਾ ਜਾਂਦਾ ਹੈ। ਹੁਣ ਗੁੜ੍ਹਤੀ ਦੇਣ ਦਾ ਰਿਵਾਜ ਇਹ ਹੈ।

ਬਾਹਰ ਵਧਾਉਣਾ

ਸੋਧੋ

ਬਾਹਰ ਵਧਾਉਣਾ ਜਨਮ ਸਮੇਂ ਦੀ ਉਹ ਰਸਮ ਹੈ ਜਦੋਂ ਔਰਤ ਨੂੰ, ਜਿਸ ਕਮਰੇ ਵਿੱਚ ਬੱਚਾ ਪੈਦਾ ਹੋਇਆ ਹੋਵੇ, ਉਸ ਕਮਰੇ ਤੋਂ ਸੱਤਵੇਂ, ਨੌਵੇਂ ਜਾਂ ਗਿਆਰ੍ਹਵੇਂ ਦਿਨ, ਦਿਨ ਵੀ ਚੰਗਾ ਹੋਵੇ ਬਾਹਰ ਲਿਆਂਦਾ ਜਾਂਦਾ ਹੈ। “ ਬਾਹਰ ਵਧਾਉਣ ਤਕ ਬੱਚੇ ਪਾਸ ਸਾਰੀ ਰਾਤ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ। ਬਾਹਰ ਵਧਾਉਣ ਸਮੇਂ ਔਰਤ ਨੂੰ ਨੁਹਾਇਆ ਜਾਂਦਾ ਹੈ। ਜਦੋਂ ਔਰਤ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਰੱਖਦੀ ਹੈ ਤਾਂ ਕੌਲ਼ਿਆਂ ਤੇ ਤੇਲ ਚੋਇਆ ਜਾਂਦਾ ਹੈ। ਜਣਨੀ ਇਸ ਵੇਲ਼ੇ ਕਿਸੇ ਪੁਰਖ ਦੀ ਜੁੱਤੀ ਪਹਿਨਦੀ ਹੈ, ਗੁੱਤ ਨੂੰ ਖੰਮ੍ਹਣੀ ਬੰਨ੍ਹਦੀ ਹੈ। ” ਗਰਭਵਤੀ ਨੂੰ ਲੜਕੇ ਦਾ ਪੱਲਾ ਫੜਾ ਕੇ ਬਾਹਰ ਕੱਢਿਆ ਜਾਂਦਾ ਹੈ।

ਭੇਲੀ ਤੇ ਛੂਛਕ ਦੀ ਰਸਮ

ਸੋਧੋ

“ਬਾਹਰ ਵਧਾਉਣ ਵੇਲ਼ੇ ਹੀ ਬੱਚੇ ਦੇ ਨਾਨਕਿਆਂ ਵੱਲੋਂ ਬੱਚੇ ਦੇ ਦਾਦਕਿਆਂ ਨੂੰ ਪੰਜ ਸੱਤ ਕਿੱਲੋ ਜਾਂ ਸਮਰੱਥਾ ਅਨੁਸਾਰ ਇਸ ਤੋਂ ਵੀ ਵੱਧ ਪਤਾਸੇ, ਮਠਿਆਈ ਜਾਂ ਗੁੜ ਦੀ ਭੇਲੀ ਭੇਜੀ ਜਾਂਦੀ ਹੈ। ਭੇਲੀ ਨੂੰ ਲਾਗੀ ਜਾਂ ਘਰ ਦਾ ਕੋਈ ਹੋਰ ਮੈਂਬਰ ਦੇਣ ਜਾਂਦਾ ਹੈ। ” ਭੇਲੀ ਲਿਆਉਣ ਵਾਲ਼ੇ ਨੂੰ ਦਾਦਕਿਆਂ ਵੱਲੋਂ ਬੱਚੇ ਦੀ ਮਾਂ ਲਈ ਘਿਉ ਰਲਾਕੇ (ਪੰਜੀਰੀ) ਅਤੇ ਦੋਨਾਂ ਲਈ ਕੱਪੜੇ, ਗਹਿਣੇ ਅਤੇ ਬੱਚੇ ਲਈ ਖਿਡੌਣੇ ਦਿੱਤੇ ਜਾਂਦੇ ਹਨ। ਸਵਾ ਮਹੀਨੇ ਹੋਣ ਤੇ ਬੱਚਾ ਅਤੇ ਉਸ ਦੀ ਮਾਂ ਨੂੰ ਦਾਦਾ ਦਾਦੀ ਆਪਣੇ ਘਰ ਲੈ ਜਾਂਦੇ ਹਨ। ਲੜਕੀ ਨੂੰ ਤੋਰਨ ਵੇਲ਼ੇ ਉਸ ਦਾ ਪੇਕਾ ਮਾਪਿਆਂ ਵੱਲੋਂ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਅਤੇ ਦਾਦਕੇ ਮੈਂਬਰਾਂ ਲਈ ਕੱਪੜੇ ਅਤੇ ਗਹਿਣੇ ਆਪਣੀ ਵਿੱਤ ਅਨੁਸਾਰ ਦਿੱਤੇ ਜਾਂਦੇ ਹਨ। ਇਹ ਉਪਹਾਰ ਦਾਜ ਵਾਂਗ ਹੀ ਹੁੰਦੇ ਹਨ, ਇਹਨਾਂ ਨੂੰ ਛੂਛਕ ਕਿਹਾ ਜਾਂਦਾ ਹੈ। ਸ਼ੂਸ਼ਕ ਇੱਕ ਅਜਿਹੀ ਰਸਮ ਹੈ ਜੋ ਬੱਚੇ ਦੇ ਜਨਮ ਨਾਲ ਸੰੰਬੰਧਿਤ ਹੈ। ਜਨਮ ਸਮੇਂ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇਹ ਰਸਮ ਨਿਭਾਈ ਜਾਂਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਪੰਜੀਰੀ ਦਿੱਤੀ ਜਾਂਦੀ ਹੈ। ਜਿਸ ਘਰ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਦੂਸਰੀ ਧਿਰ ਵੱਲੋਂ ਪੰਜੀਰੀ ਦਿੱਤੀ ਜਾਂਦੀ ਹੈ। ਪੰਜੀਰੀ ਤੋਂ ਇਲਾਵਾ ਹੋਰ ਸਾਮਾਨ ਗਹਿਣੇ, ਕੱਪੜੇ, ਖਿਡੌਣੇ ਆਦਿ ਹੋਰ ਵਸਤਾਂ ਵੀ ਦਿੱਤੀਆਂ ਜਾਂਦੀਆ ਹਨ।ਸ਼ਾਮ ਨੂੰ ਮੰਜਿਆਂ ਉੱਪਰ ਫੁਲਕਾਰੀਆਂ ਵਿਛਾ ਕੇ ਦਿਖਾਵੇ ਲਈ ਇਸ ਸਾਰੇ ਸਾਮਾਨ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਇਸ ਤਰ੍ਹਾਂ ਦਿਖਾਵੇ ਲਈ ਰੱਖੇ ਸਾਮਾਨ ਨੂੰ ‘ਸ਼ੂਸ਼ਕ’ ਕਿਹਾ ਜਾਂਦਾ ਹੈ। ਪੰਜੀਰੀ ਤਾਂ ਨਾਨਕੇ ਜਾਂ ਦਾਦਕੇ ਕਿਸੇ ਵੀ ਧਿਰ ਵੱਲੋਂ ਦਿੱਤੀ ਜਾਂਦੀ ਹੈ, ਪਰ ਅੱਜ ਕੱਲ੍ਹ ਪੰਜੀਰੀ ਤੋਂ ਵੱਖਰੇ ਰੂਪ ਵਿੱਚ ‘ਸ਼ੂਸ਼ਕ’ ਦੀ ਰਸਮ ਅਦਾ ਕੀਤੀ ਜਾਂਦੀ ਹੈ, ਇਹ ਸਿਰਫ ਨਾਨਕਿਆਂ ਵੱਲੋਂ ਹੀ ਨਿਭਾਈ ਜਾਂਦੀ ਹੈ। ਨਾਨਕੇ ਧਿਰ ਵੱਲੋਂ ਉਨ੍ਹਾਂ ਦੀ ਧੀ ਦੇ ਬੱਚੇ ਦੀ ਖੁਸ਼ੀ ਖਾਸ ਕਰ ਮੰੁਡਾ ਹੋਣ ਦੀ ਖੁਸ਼ੀ ਵਿੱਚ ਸ਼ੂਸ਼ਕ ਦਿੱਤੀ ਜਾਂਦੀ ਹੈ।

ਖ਼ੁਸ਼ੀ ਵਿੱਚ ਖੁਸਰਿਆਂ ਦਾ ਸ਼ਰੀਕ ਹੋਣਾ

ਸੋਧੋ

“ਲੜਕਾ ਹੋਣ ਤੇ ਖੁਸਰਿਆਂ ਨੂੰ ਕੋਈ ਬੁਲਾਵਾ ਨਹੀਂ ਭੇਜਿਆ ਜਾਂਦਾ। ਲੜਕੇ ਦੇ ਜੰਮਣ ਤੋਂ ਬਾਅਦ ਹੀ ਖੁਸਰਿਆਂ ਦਾ ਜਥਾ ਦਾਦਕਿਆਂ ਦੇ ਘਰ ਪਹੁੰਚ ਜਾਂਦਾ ਹੈ। ਖੁਸਰੇ ਆਪਣੇ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਢੋਲਕੀ ਦੀ ਤਾਲ ਉੱਪਰ ਬੋਲੀਆਂ ਪਾ ਕੇ ਨੱਚਦੇ ਹਨ। ਖੁਸਰੇ ਉਸ ਮੌਕੇ ਤੇ ਇਕੱਠੇ ਹੋਏ ਸੰਬੰਧੀਆਂ ਨੂੰ ਵਧਾਈਆਂ ਦਿੰਦੇ ਹੋਏ ਨੱਚਣ ਲਈ ਵੀ ਪ੍ਰੇਰਿਤ ਕਰਦੇ ਹਨ। ਖੁਸਰਿਆਂ ਵੱਲੋਂ ਗੀਤਾਂ ਦੇ ਟੋਟਕੇ ਸੁਣਾ ਕੇ ਸਾਰਿਆਂ ਕੋਲ਼ੋਂ ਪੈਸਿਆਂ ਦੀ ਉਗਰਾਹੀ ਕੀਤੀ ਜਾਂਦੀ ਹੈ।”

ਬੱਚੇ ਦੇ ਨਾਮਕਰਨ ਦੀ ਰਸਮ

ਸੋਧੋ

ਬੱਚੇ ਦਾ ਨਾਂ ਰੱਖਣ ਲਈ ਪੰਜਾਬ ਵਿੱਚ ਕੋਈ ਖ਼ਾਸ ਰਸਮ ਨਹੀਂ ਕੀਤੀ ਜਾਂਦੀ। ਉਸ ਪਰਿਵਾਰ ਵਿੱਚ ਜਿਸ ਨੂੰ ਕੋਈ ਨਾਂ ਵਧੀਆ ਲੱਗਦਾ ਹੈ, ਉਹੀ ਰੱਖ ਲੈਂਦੇ ਹਨ। ਕੁੱਝ ਲੋਕੀਂ ਆਪਣੇ ਇਲਾਕੇ ਦੇ ਗ੍ਰੰਥੀ ਜਾਂ ਪੰਡਿਤ ਕੋਲ਼ੋਂ ਆਪਣੇ ਆਪਣੇ ਧਰਮ ਦੀ ਧਾਰਮਿਕ ਪੁਸਤਕ ਖੁਲ੍ਹਵਾ ਕੇ ਪੰਨੇ ਦੇ ਪਹਿਲੇ ਸਲੋਕ ਦੇ ਪਹਿਲੇ ਅੱਖਰ ਤੇ ਨਾਂ ਰੱਖ ਦਿੰਦੇ ਹਨ।

ਛਟੀ ਦੀ ਰਸਮ

ਸੋਧੋ

“ਜਦੋਂ ਕਿਸੇ ਦੰਪਤੀ ਦੇ ਪਹਿਲਾ ਲੜਕਾ ਪੈਦਾ ਹੁੰਦਾ ਸੀ। ਤਾਂ ਉਸ ਦੀ ਜਨਮ ਦੀ ਖ਼ੁਸ਼ੀ ਵਿੱਚ ਛੇਵੇਂ ਦਿਨ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇੱਕ ਰਸਮ ਕੀਤੀ ਜਾਂਦੀ ਹੈ ਜਿਸ ਨੂੰ ਛਟੀ ਕਹਿੰਦੇ ਹਨ।” ਛਟੀ ਮਨਾਉਣ ਦਾ ਆਰੰਭ ਆਪਣੇ ਆਪਣੇ ਧਾਰਮਿਕ ਅਕੀਦੇ ਅਨੁਸਾਰ ਪੂਜਾ ਪਾਠ ਕਰ ਕੇ ਸ਼ੁਰੂ ਕੀਤਾ ਜਾਂਦਾ ਸੀ। ਛਟੀ ਵਾਲ਼ੇ ਦਿਨ ਹੀ ਕਈ ਵੇਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਮੁੰਡੇ ਦਾ ਨਾਂ ਰੱਖਿਆ ਜਾਂਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਕੱਪੜੇ ਲਿਆਉਂਦੇ ਸਨ। ਜੇਕਰ ਪੈਸੇ ਵਾਲ਼ੇ ਹੁੰਦੇ ਸਨ ਤਾਂ ਉਹ ਮੁੰਡੇ ਦੀ ਮਾਂ ਨੂੰ ਕੋਈ ਗਹਿਣਾ ਵੀ ਜ਼ਰੂਰ ਪਾਉਂਦੇ ਸਨ। ਨਾਨਕੇ ਆਪਣੀ ਧੀ ਨੂੰ ਕਈ ਸੂਟ ਦਿੰਦੇ ਸਨ। ਫੁਲਕਾਰੀ ਜ਼ਰੂਰ ਪਾਉਂਦੇ ਸਨ। ਮੁੰਡੇ ਦੇ ਪਿਤਾ, ਤਾਏ, ਚਾਚੇ, ਦਾਦੇ ਆਦਿ ਨੂੰ ਖੱਦਰ ਦੇ ਖੇਸ ਦਿੱਤੇ ਜਾਂਦੇ ਸਨ।

ਕਈ ਵਾਰ ਮੁੰਡੇ ਦੀ ਭੂਆ ਵੀ ਮੁੰਡੇ ਨੂੰ ਕੋਈ ਗਹਿਣਾ ਪਾਉਂਦੀ ਸੀ। ਮੁੰਡੇ ਦੀ ਮਾਂ ਨੇ ਆਪਣੇ ਉੱਪਰ ਫੁਲਕਾਰੀ / ਬਾਗ਼ ਲਿਆ ਹੁੰਦਾ ਸੀ। ਮੁੰਡਾ ਕੁੱਛੜ ਚੁੱਕਿਆ ਹੁੰਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਵੇਖ ਕੇ ਸ਼ਗਨ ਦਿੰਦੇ ਸਨ। ਕੱਪੜੇ ਦਿੰਦੇ ਸਨ। ਨੈਣ ਤੜਾਗੀ ਪਾਉਂਦੀ ਸੀ। ਸੁਨਿਆਰ ਤੜਾਗੀ ਵਿੱਚ ਪਾਉਣ ਲਈ ਛੋਟਾ ਜਿਹਾ ਘੁੰਗਰੂ ਦਿੰਦਾ ਸੀ। ਘੁਮਿਆਰੀ ਮਿੱਟੀ ਦੇ ਖਿਡੌਣੇ ਲਿਆਉਂਦੀ ਸੀ। ਹੋਰ ਜਾਤਾਂ ਵਾਲ਼ੇ ਬਾਹਰੋਂ ਘਾਹ ਲਿਆ ਕੇ ਪਰਿਵਾਰ ਦੇ ਮੁਖੀਆਂ ਦੇ ਸਿਰ ਉੱਪਰ ਟੰਗ ਕੇ ਵਧਾਈਆਂ ਦਿੰਦੇ ਸਨ। ਸਾਰੇ ਲਾਗੀਆਂ ਨੂੰ, ਕੱਪੜੇ, ਖੇਸ . ਦੁਪੱਟੇ, ਸਾਗ ਦਿੱਤਾ ਜਾਂਦਾ ਸੀ। ਦੁਪੱਟੇ ਆਦਿ ਆਦਿ ਨਾਲ਼ ਮਨੌਤ ਕੀਤੀ ਜਾਂਦੀ ਸੀ। ਸ਼ਰੀਕੇ ਵਾਲ਼ਿਆਂ ਦੇ ਘਰ ਮੰਡਿਆਂ ਵਿੱਚ ਕੜਾਹ ਰੱਖ ਕੇ ਪਰੋਸਾ ਭੇਜਿਆ ਜਾਂਦਾ ਸੀ। ਰਸਮ ਸਮੇਂ ਸੋਹਲੇ ਅਤੇ ਵਧਾਈਆਂ ਦੇ ਗੀਤ ਗਾਏ ਜਾਂਦੇ ਸਨ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਤੇ ਸ਼ਰੀਕੇ ਵਾਲ਼ੇ ਮਿਲ ਕੇ ਮੁੰਡੇ ਦੀ ਛਟੀ ਮਨਾਉਂਦੇ ਸਨ। ਪਹਿਲਾਂ ਪਰਿਵਾਰ ਸਾਂਝੇ ਹੁੰਦੇ ਸਨ। ਰਿਸ਼ਤੇਦਾਰਾਂ ਦਾ ਆਪਸ ਵਿੱਚ ਪਿਆਰ ਹੁੰਦਾ ਸੀ। ਸਾਰੇ ਕਾਰਜ ਸਾਰੇ ਰਿਸ਼ਤੇਦਾਰ ਮਿਲ ਕੇ ਕਰਦੇ ਸਨ। ਪਿਆਰ ਵਾਲ਼ੇ ਬਹੁਤੇ ਕਾਰਜ ਹੁਣ ਪੈਸੇ ਦੀ ਭੇਂਟ ਚੜ੍ਹ ਗਏ ਹਨ। ਏਸੇ ਕਰ ਕੇ ਹੀ ਹੁਣ ਛਟੀ ਰਸਮ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਮਨਾਈ ਜਾਂਦੀ ਹੈ।

ਕਈ ਰੀਤਾਂ ਵਾਸਤਵਿਕ ਅਮਲ ਨੂੰ ਪ੍ਰਤੀਕ ਰੂਪ ਵਿੱਚ ਪੇਸ਼ ਕਰਦੀਆਂ। ਦੁਧੀਆਂ ਧੋਣਾ ਅਤੇ ਗੁੜ੍ਹਤੀ ਦੇਣਾ ਵਿਗਿਆਨਕ ਨੁਕਤੇ ਤੋਂ ਉਪਯੋਗੀ ਅਮਲ ਹੈ। ਕਿਸੇ ਸਮੇਂ ਇਸ ਦਾ ਜ਼ਰੂਰ ਹੀ ਵਿਗਿਆਨਕ ਮਹੱਤਵ ਹੋਵੇਗਾ।

ਵਿਆਹ ਨਾਲ ਸਬੰਧਿਤ ਰੀਤੀ ਰਿਵਾਜ

ਸੋਧੋ

ਪੰਜਾਬੀ ਵਿਆਹ ਇੱਕ ਬਹੁਤ ਵਿਸਤ੍ਰਿਤ ਅਤੇ ਜਟਿਲ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਸਮੇਂ ਅਨੁਸਾਰ ਬਹੁਤ ਵੱਡੇ ਸਮੇਂ ਉੱਫਰ ਫ਼ੈਲੀ ਹੁੰਦੀ ਹੈ। ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜ੍ਹਾਉਣ ਤਕ ਇਹ ਚੱਲਦੀ ਰਹਿੰਦੀ ਹੈ। ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਰਾਹੀ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ। ਮੁੱਖ ਤੌਰ 'ਤੇ ਹੇਠ ਲਿਖੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਬਾਵੇ ਪੰਜਾਬ ਦੇ ਵੱਖੋ ਵੱਖ ਇਲਾਕਿਆ ਵਿੱਚ ਇਨ੍ਹਾਂ ਦੇ ਨਿਭਾਉਣ ਵਿੱਚ ਵੀ ਥਓੜ੍ਹਾ ਬਹੁਤ ਅੰਤਰ ਆ ਜਾਂਦਾ ਹੈ ਅਤੇ ਕਈ ਰਸਮਾਂ ਕਿਸੇ ਖਾਸ ਖੇਤਰ ਵਿੱਚ ਤਾਂ ਕੀਤੀਆਂ ਜਾਂਦੀਆਂ ਹਨ ਪਰ ਦੂਸਰੇ ਖੇਤਰਾਂ ਵਿੱਚ ਨਹੀਂ।

ਵਰ ਦੀ ਚੋਣ

ਸੋਧੋ

ਵਿਆਹ ਵਿੱਚ ਸਭ ਤੋ ਅਹਿਮ ਕਾਰਜ ਵਰ ਦੀ ਚੋਣ ਹੁੰਦਾ ਹੈ। ਇਹ ਸਭ ਤੋ ਔਖਾ ਕੰਮ ਹੈ ਕਿਉਕਿ ਕੁੜੀ ਮੁੰਡੇ ਦੇ ਹਾਣ ਦਾ ਰਿਸ਼ਤਾ ਲੱਭਣਾ,ਪਰਿਵਾਰਕ ਤੰਦਾਂ ਦਾ ਮਿਲਣਾ ਅਦਿ ਬਹੁਤ ਮਹੱਤਵਪੁਰਣ ਪੱਖ ਹਨ।ਜੋ ਰਿਸ਼ਤਾ ਕਰਣ ਵੇਲੇ ਦੇਖੇ ਜਾਂਦੇ ਹਨ। ਰਿਸ਼ਤਾ ਕਰਣ ਵੇਲੇ ਆਮ ਤੋਰ ਤੇ ਕੁੜੀ ਦੇ ਸੁਹੱਪਣ ਅਤੇ ਮੁੰਡੇ ਦੀ ਜਾਇਦਾਦ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਪੁਰਾਣੇ ਸਮੇਂ ਵਿੱਚ ਰਿਸ਼ਤਾ ਨਾਈ ਪ੍ਰਹਿਤ ਪਾਂਧੇ ਹੀ ਕਰਵਾਉਦੇ ਸਨ ਤੇ ਲੋਕੀ ਉਹਨਾ ਦੇ ਕਹਿਣ ਤੇ ਰਿਸ਼ਤਾ ਕਰ ਦਿੰਦੇ ਸਨ ਵਿਚੋਲਾ ਰਿਸ਼ਤਾ ਕਰਾਉਣ ਵਿੱਚ ਅਹਿਮ ਭੁਮਿਕਾ ਨਿਭਾਉਦਾ ਹੈ।

ਵੇਖ ਵਿਖਾਵਾ

ਸੋਧੋ

ਜੇਕਰ ਮਾਂ ਬਾਪ ਨੂੰ ਰਿਸ਼ਤਾ ਪਸੰਦ ਆ ਜਾਵੇ ਤਾਂ ਆਮ ਤੋਰ ਤੇ ਮੰਡੇ ਤੇ ਕੁੜੀ ਨੂੰ ਇਕ ਦੂਜੇ ਨੂੰ ਵਖਾਉਣ ਦੀ ਰਸਮ ਕੀਤੀ ਜਾਂਦੀ ਹੈ ਭਾਵੇਂ ਇਹ ਸਭ ਕੁਝ ਰਸਮੀ ਹੀ ਹੁੰਦਾ ਹੈ ਪਰ ਮੁੰਡਾ ਕੁੜੀ ਜੇ ਇਕ ਦੂਜੇ ਨੂੰ ਝਾਤੀ ਮਾਰ ਲੈਣ ਤਾਂ ਮਾਂ ਬਾਪ ਸਰਖੁਰੂ ਹੋ ਜਾਂਦੇ ਹਨ ਕਿ ਕੱਲ ਨੂੰ ਮੁੰਡਾ ਕੁੜੀ ਉਹਨਾਂ ਨਾਲ ਨੱਕ ਬੁੱਲ ਨਹੀਂ ਵਟ ਸਕਦੇ ਕਿ ਤੁਸੀ ਆਪਣੀ ਮਰਜੀ ਕੀਤੀ ਹੈ ਨਾਲੇ ਮਾਂ ਬਾਪ ਵੀ ਇਹ ਕਹਿਕੇ ਸੱਚੇ ਹੋ ਸਕਦੇ ਹਨ ਕਿ ਤੁਹਾਨੂੰ ਹੀ ਤਾਂ ਇਕ ਦੂਜੇ ਨੂੰ ਵਖਾਇਆਂ ਸੀ ਆਮ ਤੋਰ ਤੇ ਮੁੰਡਾ ਕੁੜੀ ਇਕ ਦੂਜੇ ਨੂੰ ਪਸੰਦ ਕਰ ਹੀ ਲੈਦੇ ਹਨ। ਮੁੰਡਾ ਕੁੜੀ ਆਪਸ ਵਿੱਚ ਰਸਮੀ ਜਿਹੀ ਗੱਲ ਬਾਤ ਕਰਦੇ ਹਨ ਤੇ ਘਰ ਜਾ ਕੇ ਆਪਣੀ ਹਾਂ ਜਾਂ ਨਾ ਦੱਸ ਦਿੰਦੇ ਹਨ।

ਰੋਕਾ, ਠਾਕਾ, ਸ਼ਗਨ ਤੇ ਮੰਗਣਾ

ਸੋਧੋ

ਰੋਕਾ, ਠਾਕਾ, ਸ਼ਗਨ ਤੇ ਮੰਗਣਾ ਲਗਭਗ ਇਕੋ ਰਸਮ ਦੇ ਨਾਂ ਹਨ। ਇਸ ਵਿੱਚ ਲੜਕੇ ਦੇ ਘਰ ਵਾਲੇ ਲੜਕੀ ਦੇ ਘਰ ਜਾ ਕੇ ਉਸਨੂੰ ਸ਼ਗਨ ਤੇ ਹੋਰ ਸਮਾਨ ਦੇ ਕੇ ਆਉਂਦੇ ਹਨ। ਫਿਰ ਛੁਆਰਾ ਲਾਉਣ ਦੀ ਰਸਮ ਨਿਭਾਈ ਜਾਂਦੀ ਹੈ। ਇਸ ਵਿੱਚ ਲੜਕੀ ਦਾ ਪਿਤਾ ਲੜਕੇ ਦੇ ਹੱਥ ਤੇ ਸਵਾ ਰੁਪਿਆ ਧਰਦਾ ਹੈ ਤੇ ਸੁੱਕਾ ਮੇਵਾ ਉਸਦੀ ਝੋਲੀ ਵਿੱਚ ਪਾਉਂਦਾ ਹੈ।”ਵਿਆਹ ਸਮੇਂ ਮੁੰਡੇ ਵਾਲੇ ਘਰ ‘ਘੋੜੀਆਂ’ ਅਤੇ ਕੁੜੀ ਦੇ ਘਰ ‘ਸੁਹਾਗ’ ਗਾਏ ਜਾਂਦੇ ਹਨ।

ਵਿਆਹ ਤੋ ਪਹਿਲਾਂ ਤਿਉਹਾਰ ਭੇਜਣ ਸਬੰਧੀ ਰਿਵਾਜ

ਸੋਧੋ

ਅੱਜ ਕੱਲ ਵਿਆਹ ਤੋ ਪਹਿਲਾਂ ਤਿਉਹਾਰ ਭੇਜਣ ਦਾ ਰਿਵਾਜ ਵੀ ਹੈ ਜਿਵੇਂ ਕਰਵਾ ਚੋਥ ਤੇ ਸਹੁਰਿਆ ਵੱਲੋ ਕੁੜੀ ਨੂੰ ਵਰਤ ਦਾ ਸਮਾਨ ਭੇਜਿਆਂ ਜਾਂਦਾ ਹੈ ਸਾਵਣ ਦੇ ਮਹੀਨੇ ਸਹੁਰਿਆਂ ਵੱਲੋ ਕੁੜੀ ਨੂੰ ਸਾਵਣ ਦਾ ਤਿਉਹਾਰ ਵੀ ਭੇਜਿਆ ਜਾਂਦਾ ਹੈ ਜਿਸ ਵਿੱਚ ਮਠਆਿਈ,ਫਲ,ਕੁੜੀ ਦੇ ਕੱਪੜੇ,ਗਹਿਣੇ ਆਦਿ ਸਮਾਨ ਹੁੰਦਾ ਹੈ ਕੁਝ ਤਿਉਹਾਰ ਵਿਆਹ ਤੋ ਬਾਅਦ ਵੀ ਭੇਜੇ ਜਾਂਦੇ ਹਨ ਜਿਵੇਂ ਦਿਵਾਲੀ ਲੋਹੜੀ ਅਦਿ ਇਹ ਤਿਉਹਾਰ ਕੁੜੀ ਦੇ ਪੇਕਿਆਂ ਵੱਲੋ ਕੁੜੀ ਦੇ ਸਹੁਰੇ ਭੇਜੇ ਜਾਂਦੇ ਹਨ।

ਸਾਹਾ ਕਢਾਉਣਾ

ਸੋਧੋ

ਵਿਆਹ ਲਈ ਚੰਗੇ ਸਮਝੇ ਜਾਂਦੇ ਮਹੀਨਿਆਂ ਵਿੱਚ ਸਾਹਾ ਸੋਦਿਆ ਜਾਂਦਾ ਹੈ ਹਿੰਦੂਆਂ ਵਿੱਚ ਤਾਰੇ ਡੁਬੇ ਹੋਣ ਤੇ ਜਾਂ ਸਰਾਧਾ ਵਿੱਚ ਅਜਿਹੇ ਕਰਨੇ ਵਿਵਰਜਿਤ ਹਨ। ਸਾਹਾ ਕਢਾਉਣ ਦੀ ਜਿੰਮੇਵਾਰੀ ਆਮ ਤੋਰ ਤੇ ਮੰਡੇ ਵਾਲਿਆਂ ਦੀ ਹੁੰਦੀ ਹੈ ਜੇ ਦੋਵੇ ਧਿਰਾਂ ਵਿਚਾਰਵਾਨ ਹੋਣ ਤਾਂ ਧੀ ਵਾਲੇ ਇਕ ਪਸਾਰਿ ਤੇ ਪੁਤਰ ਵਾਲੇ ਦੂਜੇ ਪਾਸਿਓ ਕਢਵਾ ਲੈਦੇ ਹਨ। ਪਾਂਧਾ ਪੱਤਰੀ ਫੋਲ ਕੇ ਸੁਭ ਦਿਨ ਲਗਣ ਦੇਖਦਾ ਹੈ।ਸਿੱਖ ਪਰਿਵਾਰ ਵਿੱਚ ਆਮ ਤੋਰ ਤੇ ਬਾਬਾ ਜੀ ਜੰਤਰੀ ਵੇਖ ਕੇ ਹੀ ਵਿਆਹ ਦਾ ਦਿਨ ਕੱਢ ਦਿੰਦੇ ਹਨ ਅਤੇ ਬਹੁਤੀਆਂ ਵਿਚਾਰਾ ਨਾ ਕਰਨ ਵਾਲੇ ਪਰਿਵਾਰ ਛੁੱਟੀ ਜਾਂ ਐਤਵਾਰ ਵੇਖ ਕੇ ਵੀ ਵਿਆਹ ਦਾ ਦਿਨ ਨਿਸ਼ਚਿਤ ਕਰ ਲੈਦੇ ਹਨ ਜਿਹੜਾ ਵਿਆਹ ਦਾ ਦਿਨ ਨਿਸ਼ਚਿਤ ਕਰੇ ਉਸ ਨੂੰ ਸ਼ਗਨ ਵਜੋ ਰੁਪਏ ਦਿੱਤੇ ਜਾਂਦੇ ਹਨ।

ਸਾਹੇ ਚਿੱਠੀ ਭੇਜਣਾ

ਸੋਧੋ

ਸਾਹਾ ਕਢਵਾਉਣ ਤੋ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ।ਸਾਹੇ ਚਿੱਠੀ ਕੁੜੀ ਵਾਲਿਆਂ ਵਲੋ ਮੁੰਡੇ ਵਾਲਿਆਂ ਨੂੰ ਭੇਜੀ ਹੈ ਜਿਸ ਵਿੱਚ ਆਪਣੀ ਸਮਰੱਥਾ ਦਰਸਾਉਦੇ ਹੋਏ ਬਰਾਤ ਦੀ ਗਣਿਤੀ,ਵਿਆਹ ਦਾ ਦਿਨ ਅਦਿ ਲਿਖਿਆ ਹੁੰਦਾ ਹੈ ਸਾਹੇ ਚਿੱਠੀ ਲਿਜਾਣ ਵਾਲੇ ਨੂੰ ਦੋਹਾ ਧਿਰਾ ਵਲੋ ਸ਼ਗਣ ਦਿਤਾ ਜਾਂਦਾ ਹੈ ਸਾਹੇ ਚਿੱਠੀ ਵਾਲੇ ਨੂੰ ਤੇਲ ਚੋ ਕੇ ਸ਼ਗਣਾ ਨਾਲ ਅੰਦਰ ਵਾੜਿਆ ਜਾਂਦਾ ਹੈ ਚਿੱਠੀ ਪੜ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ।

ਸਾਹੇ ਬੱਜਣਾ

ਸੋਧੋ

ਸਾਹੇ ਬੱਜਣ ਤੋ ਬਾਅਦ ਵਰ ਅਤੇ ਕੰਨਿਆ ਨੂੰ ਬਹੁਤਾ ਘਰੋ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਉਹਨਾ ਨੂੰ ਉਜਾੜ ਥਾਵਾ ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਹੋਲਾ ਭਾਰਾ ਕੰਮ ਕਰਨ ਤੋ ਵਰਜਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਹੱਡੀਆਂ ਸਾਹੇ ਬੱਝੀਆਂ ਹਨ। ਅਸਲ ਵਿੱਚ ਇਸ ਤਰਾਂ ਕਰਣ ਪਿੱਛੇ ਮੰਡੇ ਤੇ ਕੁੜੀ ਦੀ ਸੁਰੱਖਆਿ ਨੂੰ ਮੁਖ ਰੱਖਿਆ ਜਾਂਦਾ ਹੈ ਤਾਂ ਜੋ ਵਿਆਹ ਤੱਕ ਠੀਕ ਠਾਕ ਰਹਿਣ ਤੇ ਵਿਆਹ ਦੇ ਕੰਮ ਵਿੱਚ ਕੋਈ ਵਿਗਨ ਨਾ ਪਏ ਤੇ ਇਸ ਤਰਾਂ ਉਹਨਾ ਦੀ ਵਧੇਰੇ ਦੇਖ ਭਾਲ ਕੀਤੀ ਜਾਂਦੀ ਹੈ।

ਚੂੜੀਆਂ ਪਾਉਣ ਦੀ ਰਸਮ

ਸੋਧੋ

ਵਿਆਹ ਤੋ ਇਕ ਮਹੀਨਾ ਪਹਿਲਾਂ ਕੁੜੀ ਨੂੰ ਚੂੜੀਆਂ ਪਾਉਣ ਦੀ ਰਸਮ ਕੀਤੀ ਜਾਂਦੀ ਹੈ ਇਹ ਰਸਮ ਕੁੜੀ ਦੀਆਂ ਸਹੇਲੀਆਂ ਕਰਦੀਆ ਹਨ ਇਸ ਰਸਮ ਲਈ ਇੱਕ ਪਰਾਤ ਵਿੱਚ ਹਰੀਆਂ ਜਾਂ ਲਾਲ ਰੰਗ ਦੀਆਂ ਚੂੜੀਆਂ ਲੱਸੀ ਵਿੱਚ ਭਿਉ ਦਿੱਤੀਆਂ ਜਾਂਦੀਆਂ ਹਨ ਕੁੜੀ ਦੀਆਂ ਸਹੇਲੀਆਂ ਵਾਰੀ ਵਾਰੀ ਉਸ ਨੂੰ ਚੂੜੀਆਂ ਪਾਉਦੀਆਂ ਹਨ।

ਵਰੀ ਬਣਾਉਣਾ

ਸੋਧੋ

ਵਿਆਹ ਤੋ ਕੁਝ ਦਿਨ ਪਹਿਲਾਂ ਵਰੀ ਬਣਾਈ ਜਾਂਦੀ ਹੈ ਜਿਸ ਵਿੱਚ ਮੁੰਡੇ ਵਾਲੇ ਕੁੜੀ ਦੇ ਕੱਪੜੇ ਤੇ ਗਹਿਣੇ ਬਣਾਉਦੇ ਹਨ ਵਰੀ ਬਣਾਉਣ ਲਈ ਆਮ ਤੋਰ ਤੇ ਨੇੜਲੇ ਰਿਸ਼ਤੇਦਾਰਾ ਨੂੰ ਲਿਜਾਇਆਂ ਜਾਂਦਾ ਹਨ ਅੱਜ ਕੱਲ ਵਰੀ ਬਣਾਉਣ ਲਈ ਕੁੜੀ ਨੂੰ ਨਾਲ ਲਿਜਾਣ ਦਾ ਆਮ ਰਿਵਾਜ ਹੋ ਗਿਆ ਹੈ ਕੁੜੀ ਆਪਣੀ ਪਸੰਦ ਦੇ ਸੂਟ ਤੇ ਗਹਿਣੇ ਬਣਵਾ ਲੈਦੀ ਹੈ।

ਮੁੰਡੇ ਦੇ ਪਰਿਵਾਰ ਦੇ ਕੱਪੜੇ ਬਣਾਉਣਾ

ਸੋਧੋ

ਕੁੜੀ ਵਾਲੇ ਵੀ ਮੁੰਡੇ ਦੇ ਪਰਿਵਾਰ ਤੇ ਹੋਰ ਨੇੜਲੇ ਰਿਸ਼ਤੇਦਾਰਾ ਨੂੰ ਵਿਤ ਮੁਤਾਬਕ ਕੱਪੜੇ ਬਣਾ ਕੇ ਦਿੰਦੇ ਹਨ।ਜਿਸ ਨੂੰ ਨੌਂਗੇ ਬਣਾਉਣਾ ਕਹਿੰਦੇ ਹਨ

ਗੰਡ ਭੇਜਣਾ

ਸੋਧੋ

ਸਕੇ ਸੰਬੰਧੀਆਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾਂਦਾ ਹੈ।ਜਿਸਨੂੰ ਗੰਢ ਭੇਜਣਾ ਕਿਹਾ ਜਾਂਦਾ ਹੈ। ਇਸ ਰਸਮ ਵੇਲੇ ਭਾਈਚਾਰੇ ਵਿੱਚ ਗੁੜ ਵੰਡਿਆ ਜਾਂਦਾ ਹੈ। ਪਹਿਲਾਂ ਜਦੋਂ ਲੋਕ ਅੱਖਰ ਵਿਦਿਆ ਤੋ ਅਣਜਾਣ ਸਨ ਤਾਂ ਮੋਲੀ ਦੇ ਧਾਗੇ ਨੂੰ ਖਾਸ ਤਰਾਂ ਦੀਆਂ ਸੱਤ ਗੰਡਾ ਮਾਰ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ ਇਹੋ ਮੋਲੀ ਸ਼ਗਣ ਦਾ ਪ੍ਰਤੀਕ ਬਣ ਗਈ ਉਸ ਤੋ ਇਸ ਰਸਮ ਦਾ ਨਾਂ ਗੰਡ ਭੇਜਣਾ ਪੈ ਗਿਆ

ਸੱਤ ਸੁਹਾਗਣਾਂ ਦੀ ਰੀਤ

ਸੋਧੋ

ਵਿਆਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾ ਦੀ ਰੀਤ ਖਾਸ ਮਹੱਤਵ ਰੱਖਦੀ ਹੈ ਵਿਆਹ ਦੇ ਦਿਨ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈ ਸੱਤ ਵਸਦੇ ਘਰਾਂ ਵਿੱਚੋ ਚੱਕੀਆਂ ਮੰਗ ਕੇ ਕਿਸੇ ਇਕ ਕਮਰੇ ਵਿੱਚ ਲਾ ਦਿਤੀਆਂ ਜਾਂਦੀਆ ਹਨ ਫਿਰ ਸੱਤ ਸੁਹਾਗਣਾ ਇਕੱਠੀਆਂ ਹੀ ਸੱਤ ਮੁੱਠਾ ਅੰਨ ਪਾਉਣਦੀਆਂ ਹਨ ਪਹਿਲਾਂ ਮਾਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁਕੀਆਂ ਜਾਂਦੀਆਂ ਸੀ ਇਹ ਰਸਮ ਸੱਤ ਜਾਂ ਗਿਆਰਾ ਦਿਨ ਪਹਿਲਾਂ ਕੀਤੀ ਜਾਂਦੀ ਹੈ।

ਮਾਂਈਏ ਪੈਣਾ

ਸੋਧੋ

ਵਿਆਹ ਤੋਂ ਕੁਝ ਦਿਨ ਪਹਿਲਾ ਵਰ ਅਤੇ ਕੰਨਿਆ ਨੂੰ ਆਪਣੇ ਘਰ ਤੋਂ ਪੈਰ ਨਹੀਂ ਕੱਢਣ ਦਿੱਤਾ ਜਾਂਦਾ। ਘਰ ਵਿੱਚ ਉਹਨਾ ਨੂੰ ਇਕੱਲਾ ਨਹੀਂ ਛਡਿਆ ਜਾਂਦਾ। ਵਰ ਨਾਲ ਉਸਦਾ ਕੋਈ ਜਿਗਰੀ ਦੋਸਤ ਜਿਸਨੂੰ ਸਰਬਾਲਾ ਕਹਿੰਦੇ ਹਨ। ਕੰਨਿਆ ਨਾਲ ਉਸਦੀ ਕੋਈ ਸਹੇਲੀ ਜਿਸਨੂੰ ਸਰਵਾਲੀ ਕਹਿੰਦੇ ਹਨ। ਹਰ ਵੇਲੇ ਪਰਛਾਵੇ ਵਾਂਗ ਨਾਲ ਰਹਿੰਦੇ ਹਨ। ਇਸ ਰੀਤ ਨੂੰ ਮਾਈਏ ਪੈਣਾ ਕਹਿੰਦੇ ਹਨ। ਚਾਰ ਕੁੜੀਆ ਕਿਸੇ ਪੀਲੀ ਚਾਦਰ ਜਾਂ ਫੁਲਕਾਰੀ ਦੀਆ ਚਾਰ ਕੰਨੀਆ ਫੜ ਕੇ ਚੱਕੀ ਉਤੇ ਚੰਦੋਏ ਵਾਂਗ ਤਾਣ ਕੇ ਖਲੋ ਜਾਦੀਆ ਹਨ। ਇਸ ਮੋਕੇ ਤੇ ਵਿਆਹਦੜ ਨੂੰ ਵਟਣਾ ਮਲਿਆ ਜਾਂਦਾ ਹੈ। ਜੋ ਹਲਦੀ, ਦਹੀ ਤੇ ਸਰੋਂ ਦਾ ਤੇਲ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

ਵੱਟਣਾ ਮਲਣ ਦੀ ਰਸਮ

ਸੋਧੋ

ਵਿਆਹ ਤੋਂ ਸੱਤ ਦਿਨ ਪਹਿਲਾ ਵੱਟਣਾ ਮਲਣ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਇਸ ਵਿੱਚ ਸੱਤ ਸੁਹਾਗਣਾ ਵੇਸਣ ਵਿੱਚ ਤੇਲ,ਦਹੀ,ਹਲਦੀ ਪਾ ਕੇ ਵਿਆਹ ਵਾਲੇ ਲਗਾਉਂਦੇ ਹਨ। ਇਹ ਰਸਮ ਦੋਰਾਨ ਲੋਕ ਗੀਤ ਗਾਏ ਜਾਂਦੇ ਹਨ

ਚੂੜਾ ਚੜਾਉਣ ਦੀ ਰਸਮ

ਸੋਧੋ

ਇਹ ਰਸਮ ਵਿਆਹ ਤੋਂ ਇੱਕ ਦਿਨ ਪਹਿਲਾ ਕੀਤੀ ਜਾਂਦੀ ਹੈ। ਇਸ ਵਿੱਚ ਲੜਕੀ ਦਾ ਮਾਮਾ ਲੜਕੀ ਨੂੰ ਚੂੜਾ ਚੜਾਉਂਦਾ ਹੈ। ਇਹ ਚੂੜਾ ਚੜਾਉਣ ਤੋਂ ਪਹਿਲਾ ਲੱਸੀ ਵਿੱਚ ਡੁਬੋਇਆ ਜਾਂਦਾ ਹੈ ਤੇ ਵਿੱਚ ਹਰਾ ਘਾਹ ਵੀ ਰਖਿਆ ਜਾਂਦਾ ਹੈ।

ਨਹਾਈ ਧੋਈ ਦੀ ਰਸਮ

ਸੋਧੋ

ਵਿਆਹ ਵਾਲੇ ਦਿਨ ਨਹਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਦੋਰਾਨ ਸੱਤ ਸੁਹਾਗਣਾ ਵਲੋਂ ਵੱਟਣਾ ਲਗਾਇਆ ਜਾਂਦਾ ਹੈ, ਫਿਰ ਸਰਵਾਲੇ ਵਲੋਂ ਵਿਹੋਲੇ ਨੂੰ ਨਹਲਾਇਆ ਜਾਂਦਾ ਹੈ, ਫਿਰ ਮਾਮਾ ਵਿਹੋਲੇ ਨੂੰ ਗੋਦੀ ਚੁੱਕ ਕੇ ਪਟੜੇ ਤੋਂ ਉਤਾਰਦਾ ਹੈ ਤੇ ਸ਼ਗਨ ਵਜੋਂ ਕੁੱਝ ਰੂਪਏ ਤੇ ਦੋ ਲੱਡੂ ਝੋਲੀ ਵਿੱਚ ਪਾਏ ਜਾਂਦੇ ਹਨ ਅਤੇ ਮੂੰਹ ਮਿੱਠਾ ਕਰਾਇਆ ਜਾਂਦਾ ਹੈ।

ਜੰਡੀ ਕੱਟਣਾ

ਸੋਧੋ

ਜੰਡੀ ਕੱਟਣਾ ਇੱਕ ਹੋਰ ਰਸਮ ਹੁੰਦੀ ਹੈ। ‘ਜੰਡੀ ਕਟਣਾ’ ਉਹਨਾਂ ਕੁਦਰਤੀ ਆਫਤਾਂ ਦੇ ਸਫਾਇਆ ਕਰਨ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਹੜੀਆਂ ਲਾੜੇ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ। ਇਹ ਵਰਤਾਰੇ ਮਰਦ ਦੀ ਸ਼ਕਤੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਆਪਣੀ ਹੋਂਦ ਰਖਦੇ ਹਨ।” ਵਿਆਹ ਵਾਲੇ ਦਿਨ ਸਭ ਤੋਂ ਪਹਿਲਾਂ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ, ਕੁੜੀ ਨੂੰ ਵਟਣਾ ਮਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਮਾਮੇ ਵੱਲੋਂ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ।

ਸ਼ਿਹਰੇ ਬੰਨਾਈ

ਸੋਧੋ

ਸ਼ਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ ਬੰਨ੍ਹੇ ਜਾਂਦੇ ਹਨ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ। ਬਦਲੇ ਵਿੱਚ ਲਾੜੇ ਵਲੋਂ ਸ਼ਗਨ ਦਿੱਤਾ ਜਾਂਦਾ ਹੈ।

ਬਰਾਤ ਜਾਣ ਤੋ ਪਹਿਲਾ ਜਦੋਂ ਲਾੜੇ ਦੇ ਉਸਦੀਆਂ ਭੈਣਾਂ ਸੇਹਰੇ ਬੰਨਦੀਆਂ ਹਨ ਤਾਂ ਨਾਲ ਦੀ ਨਾਲ ਗਾਣੇ ਵੀ ਗਾਏ ਜਾਦੇ ਹਨ ਅਤੇ ਸੁਰਮਾ ਪਵਾਈ ਵੇਲੇ ਵੀ ਗਾਣੇ ਗਾਏ ਜਾਂਦੇ ਹਨ |

ਆਨੰਦ ਕਾਰਜ

ਸੋਧੋ

ਆਨੰਦ ਕਾਰਜ ਦੀ ਰਸਮ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਇਸ ਰਸਮ ਵਿੱਚ ‘ਲਾਵਾਂ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਰ, ਕੰਨਿਆ ਅਤੇ ਦੋਵਾਂ ਧਿਰਾਂ ਦੀ ਮੌਜੂਦਗੀ ਵਿੱਚ ਹੁੰਦੀਆਂ ਹਨ। ਸ਼ਬਦ ਦਾ ਗਾਇਨ ਕਰਕੇ ਲਾੜਾ-ਲਾੜੀ ਨੂੰ ਸੁਚੱਜੀ ਗ੍ਰਹਿਸਥੀ ਜੀਵਨ ਜਾਰ ਸਿਖਾਉਣ ਦਾ ਉਪਦੇਸ਼ ਦਿੱਤਾ ਜਾਂਦਾ ਹੈ।”[2] ਡੋਲੀ ਤੋਰਨ ਸਮੇਂ ਕੁੜੀ ਨੂੰ ਫਿਰ ਸੰਵਾਰਿਆ ਸ਼ਿੰਗਾਰਿਆ ਜਾਂਦਾ ਹੈ। ਲਾੜੇ ਦੀ ਸੱਸ ਜਵਾਈ ਨੂੰ ਸ਼ਗਨ ਦਿੰਦੀ ਹੈ ਤੇ ਉਸਦਾ ਮੂੰਹ ਮਿੱਠਾ ਕਰਾਉਂਦੀ ਹੈ ਤੇ ਫਿਰ ਕੁੜੀ ਨੂੰ ਵਿਦਾ ਕੀਤਾ ਜਾਂਦਾ ਹੈ।

ਪਾਣੀ ਵਾਰਨਾ

ਸੋਧੋ

ਪਾਣੀ ਵਾਰਨ ਦੀ ਰਸਮ ਅਹਿਮ ਹੁੰਦੀ ਹੈ। ਮਾਂ ਵੱਲੋਂ ਜੋੜੀ ਦੇ ਸਿਰ ਉਤੋਂ ਗੜਵੀ ਵਾਲਾ ਮਿੱਠਾ ਪਾਣੀ ਸੱਤ ਵਾਰੀ ਵਾਰ ਕੇ ਪੀਤਾ ਜਾਂਦਾ ਹੈ, ਜੇ ਹਰ ਵਾਰ ਮਾਂ ਪਾਣੀ ਪੀ ਲਵੇ ਤਾਂ ਨਵੀਂ ਵਹੁਟੀ ਦਾ ਸਾਰਾ ਪਿਆਰ ਸੱਸ ਨਾਲ ਪੈ ਜਾਂਦਾ ਹੈ। ਉਸ ਤੋਂ ਬਾਅਦ ਪਿਆਲੇ ਦੀ ਰਸਮ ਨਿਭਾਈ ਜਾਂਦੀ ਹੈ, ਸੱਸ ਵਲੋਂ ਦੇਸੀ ਘਿਉ ਵਿੱਚ ਖੰਡ ਰਲਾ ਕੇ ਨੂੰਹ ਦੇ ਮੂੰਹ ਵਿੱਚ ਸੱਤ ਬੁਰਕੀਆਂ ਪਾਈਆਂ ਜਾਂਦੀਆਂ ਹਨ।”[3]

ਹੋਰ ਰਸਮਾਂ

ਸੋਧੋ

ਜੰਞ ਬੰਨ੍ਹਣਾ, ਜੰਞ ਛੁਡਾਉਣੀ, ਸਿੱਠਣੀਆਂ ਦੇਣੀਆਂ, ਪੱਤਲ ਦੇਣੀ, ਜੁੱਤੀ ਚੁੱਕਣਾ, ਛੰਦ ਸੁਣਨੇ, ਖੱਟ ਵਿਖਾਉਣੀ, ਸੱਸ ਦੇ ਜਲੇਬ, ਸੱਸ ਦੇ ਲੱਡੂ, ਡੋਲੀ ਤੋਰਨਾ, ਨੈਣ ਦੀ ਮਾਣਤਾ, ਦਰ ਚੁਕਵਾਈ, ਤੇਲ ਚੋਣਾ, ਪਾਣੀ ਵਾਰਨਾ, ਪਿਆਲਾ ਦੇਣਾ, ਬੁਰਕੀਆਂ ਦੇਣਾ, ਥਾਲ਼ੀਆਂ ਵਿਛਾਉਣੀਆਂ, ਜਾਗੋ ਕੱਢਣੀ, ਛੱਜ ਭੰਨਣਾ, ਗਿੱਧਾ ਪਾਉਣਾ, ਘੁੰਡ ਕੱਢਣਾ, ਘੁੰਡ ਉਤਾਰਨਾ, ਮੂੰਹ ਵਿਖਾਈ, ਪੁੜੀ ਪਾਉਣਾ, ਸੰਦੂਕ ਖੁਲ੍ਹਵਾਈ, ਛਿਟੀਆਂ ਖੇਡਣਾ, ਜਠੇਰਿਆਂ ਦੇ ਮੱਥਾ ਟੇਕਣਾ, ਬੇਰੀ ਪੂਜਾ, ਛੰਨਾ ਖੇਡਣਾ, ਪਰੋਸਾ ਦੇਣਾ, ਵਟਣਾ ਮਲਣਾ, ਨਿਉਂਦਾ ਪਾਉਣਾ, ਚੂਲੀ ਛਕਣਾ, ਮਹਿੰਦੀ ਲਾਉਣੀ, ਚੱਪਣੀਆਂ ਭੰਨਣਾ, ਸੁਰਮਾ ਪਾਉਣਾ, ਸੱਗੀ ਫੁੱਲ ਗੁੰਦਣੇ, ਗਈ ਰਾਤ ਤਕ ਸੁਹਾਗ, ਘੋੜੀਆਂ ਗਾਉਣਾ, ਗਾਨਾ ਖੇਡਣਾ, ਕੋਠੀ ਝਾੜ, ਸਾਹੇ ਬੰਨ੍ਹਣਾ, ਗਾਨਾ ਬੰਨ੍ਹਣਾ, ਭੇਲੀ ਦੇਣਾ, ਗੱਠਾ ਦੇਣਾ, ਮੇਚਾ ਭੇਜਣਾ, ਵਰੀ ਬਣਾਉਣਾ, ਤਵੀ ਬੰਨ੍ਹਣਾ, ਦਾਲਾਂ ਚੁਗਣੀਆਂ, ਚੱਕੀਆਂ ਲਾਉਣੀਆਂ, ਮਾਈਆਂ, ਦੁੱਧ ਇਕੱਠਾ ਕਰਨਾ, ਕੜਾਹੀ ਚਾੜ੍ਹਨਾ, ਮੰਜੇ-ਬਿਸਤਰੇ ਇਕੱਠੇ ਕਰਕੇ, ਭਾਂਡਿਆਂ ਦੀ ਵੇਲ ਲਿਆਉਣੀ ਆਦਿ ਅਜਿਹੀਆਂ ਰਸਮਾਂ ਸਨ। ਸਿੱਠਣੀਆਂ ਵਿੱਚ ਕੁੜਮ-ਕੁੜਮਣੀ, ਲਾੜਾ-ਲਾੜੀ ਦੀ ਭੈਣ, ਜੀਜਾ, ਭਾਈ, ਤਾਈ, ਤਾਇਆ, ਚਾਚੀਆਂ, ਚਾਚੇ, ਭੂਆ, ਫੁੱਫੜ, ਮਾਮੇ, ਮਾਮੀਆਂ, ਮਾਸੀਆਂ, ਮਾਸੜ ਤੇ ਬਰਾਤ ਵਿੱਚ ਆਏ ਬਰਾਤੀਆਂ ਦੇ ਬਾਰੇ ਅਜਿਹੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ।

ਜੰਞ ਬੰਨ੍ਹਣੀ

ਸੋਧੋ

ਵਿਆਹ ਵਿੱਚ ਆਏ ਬਰਾਤੀਆਂ ਨੂੰ ਜਦੋਂ ਰੋਟੀ ਪਰੋਸੀ ਜਾਂਦੀ ਹੈ ਤਾਂ ਕੁੜੀ ਦੀਆਂ ਸਹੇਲੀਆਂ ਜਾਂ ਪਿੰਡ ਦੀਆਂ ਔਰਤਾਂ ਵੱਲੋਂ ਜੰਞ ਬੰਨ੍ਹੀ ਜਾਂਦੀ ਹੈ। ਜੰਞ ਬੰਨ੍ਹਣ ਦੀ ਰੀਤ ਕੁੜੀ ਵਾਲ਼ਿਆਂ ਤੇ ਬਰਾਤੀਆਂ ਵਿਚਕਾਰ ਇੱਕ ਤਕਰਾਰ ਹੈ ਜਿਸ ਵਿੱਚ ਕੋਰੜਾ ਛੰਦ ਤੇ ਦੋਹਰਾ ਗਾ ਕੇ ਜੰਞ ਬੰਨ੍ਹੀ ਤੇ ਛੁਡਾਈ ਜਾਂਦੀ ਹੈ। ਇਸ ਸਮੇਂ ਹੋਰ ਵੀ ਨਿੱਕੇ ਮੋਟੇ ਹਾਸੇ ਠੱਠੇ ਹੁੰਦੇ ਹਨ। ਕੁੜੀਆਂ ਬਰਾਤੀਆਂ ਨੂੰ ਗੀਤ ਗਾ ਕੇ ਨਹੋਰੇ ਮਾਰਦੀਆਂ ਹਨ ਅਤੇ ਬਰਾਤੀ ਵੀ ਗਾ ਕੇ ਉਹਨਾਂ ਨੂੰ ਮੋੜਵੇਂ ਰੂਪ ਵਿੱਚ ਜਵਾਬ ਦਿੰਦੇ ਹਨ। ਜੰਞ ਬੰਨ੍ਹਣ ਦਾ ਰਿਵਾਜ ਪੁਰਾਣੇ ਸਮਿਆਂ ਵਿੱਚ ਆਮ ਪ੍ਰਚੱਲਿਤ ਰਿਹਾ ਹੈ। ਆਮ ਕਰ ਕੇ ਪਹਿਲਾਂ ਵਿਆਹ ਕਈ ਦਿਨਾਂ ਤੱਕ ਚੱਲਦੇ ਸਨ ਤੇ ਹਰ ਰੋਜ਼ ਨਵੀਆਂ ਰੀਤਾਂ ਨਿਭਾਈਆਂ ਜਾਂਦੀਆਂ ਸਨ ਜਿਨ੍ਹਾਂ ਵਿੱਚੋਂ ਜੰਞ ਬੰਨ੍ਹਣਾ ਵੀ ਇੱਕ ਰੀਤ ਰਹੀ ਹੈ। ਜੰਞ ਬੰਨ੍ਹਣ ਦਾ ਅਸਲ ਮਕਸਦ ਬਰਾਤੀਆਂ ਨੂੰ ਰੋਟੀ ਖਾਣ ਤੋਂ ਵਰਜਣਾ ਹੁੰਦਾ ਹੈ। ਪ੍ਰਾਹੁਣਿਆ ਦੇ 'ਹਰੀ ਹਰ ਕਰੋ ਜੀ' ਤੋਂ ਪਹਿਲਾਂ ਹੀ ਕੋਈ ਕੁੜੀ ਆਪਣੇ ਗੀਤ ਦੇ ਬੋਲਾਂ ਨਾਲ ਉਹਨਾਂ ਨੂੰ ਬੰਨ੍ਹ ਦਿੰਦੀ ਹੈ।

ਮੌਤ ਨਾਲ ਸਬੰਧਿਤ ਰਸਮਾਂ

ਸੋਧੋ

‘ਰਸਮਾਂ ਜਾਂ ਰੀਤਾਂ ਲੋਕਾਚਾਰ ਦਾ ਹੀ ਰੂਪ ਹੁੰਦੀਆਂ ਹਨ, ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਖਸ਼ ਦੀ ਸਮਾਜ ਨੁਕਤਾਚੀਨੀ ਤਾਂ ਨਹੀਂ ਕਰ ਸਕਦਾ ਅਤੇ ਨਾ ਹੀ ਅਜਿਹਾ ਕਰਨਾ ‘ਸਮਾਜਕ ਅਪਰਾਧ’ ਹੈ। ਇਸ ਲਈ ਸਮਾਜ ਅਜਿਹੇ ਵਿਅਕਤੀ ਲਈ ਕੋਈ ਸਜਾ ਤਜਵੀਜ਼ ਨਹੀਂ ਕਰਦਾ। ਉਂਜ ਆਪਣੇ ਭਾਈਚਾਰੇ ਦੀ ਕਰੋਪੀ ਹੀ ਆਪਣੇ ਆਪ ਵਿੱਚ ਵਡੇਰੀ ਸਜਾ ਬਣ ਜਾਂਦੀ ਹੈ। ਰਸਮਾਂ ਅਤੇ ਰੀਤਾਂ ਸਮਾਜਕ ਕਦਰ ਪ੍ਰਣਾਲੀ ਦਾ ਹੀ ਅੰਗ ਹੋਣ ਕਾਰਨ ਇਨ੍ਹਾਂ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ ਨਿਭਾਉਂਦੀ ਰਹੀ ਹੈ। ਇਨ੍ਹਾਂ ਦੀ ਪਾਲਣਾ ਕਰਨਾ ਭਾਵੇਂ ਸਿੱਧੇ ਤੌਰ ‘ਤੇ ਲਾਜ਼ਮੀ ਨਹੀਂ ਹੁੰਦਾ ਪਰ ਕਿਉਂਕਿ ਸਾਰੇ ਲੋਕ ਨਿਭਾਉਂਦੇ ਹਨ, ਇਸ ਲਈ ਲੋਕਾਂ ਕੋਲੋਂ ਨੁਤਕਤਾਚੀਨੀ ਕਰਾਉਣ ਲਈ ਵੀ ਕੋਈ ਤਿਆਰ ਨਹੀਂ ਹੁੰਦਾ। ਇਸ ਲਈ ਰਸਮਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ।”

ਮਰਨ ਸਮੇਂ ਦੀਆਂ ਰਸਮਾਂ

ਸੋਧੋ

1. ਮਰਨ ਸਮੇਂ ਬੰਦੇ ਨੂੰ ਧਰਤੀ ਤੇ ਉਤਾਰ ਦਿੱਤਾ ਜਾਂਦਾ ਹੈ। ਮਰਨ ਸਮੇਂ ਦੀਆਂ ਕਿਰਿਆਵਾਂ ਨੂੰ ਰਸਮਾਂ ਕਹਿਣਾ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸਬੰਧ ਵਾਸਤਵਿਕ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸਬੰਧ ਵਾਸਤਵਿਕ ਸਮਾਜਕ ਅਸਲ ਦੀ ਪਰੰਪਰਾ ਨਾਲ ਹੁੰਦਾ ਹੈ ਜਿੱਥੇ ਕਿਰਿਆਵਾਂ ਜਿਆਦਾਤਰ ਲੋਕ ਵਿਸ਼ਵਾਸਾਂ ਦਾ ਹੀ ਵਿਅਕਤ ਰੂਪ ਹੁੰਦੀਆਂ ਹਨ। ਜਿਸ ਤਰ੍ਹਾਂ ਮਰਨ ਉਪਰੰਤ ਪਿੰਡ (ਸਤਨਾਜ਼, ਮੱਕੀ, ਕਣਕ, ਜੌਂ ਛੋਲੇ, ਮਠ, ਚਾੳਲ, ਬਾਜਰਾ ਆਦਿ) ਦੇ ਪਿੰਨੇ ਬਣਾਉਣ ਦੀ ਕਿਰਿਆ, ਘੜਾ ਭੰਨਣ ਦੀ ਕਿਰਿਆ ਨਿਰੋਲ ਵਿਸ਼ਵਾਸ ਨਾਲ ਤਅੱਲਕ ਰੱਖਦੀਆਂ ਹਨ। ਇਸ ਲਈ ਚੰਗਾ ਹੋਵੇਗਾ ਜੇ ਮਰਨ ਦੀਆਂ ਰਸਮਾਂ ਨੂੰ ਕਿਰਿਆਵਾਂ ਕਿਹਾ ਜਾਵੇ।

ਆਖਰੀ ਇਸ਼ਨਾਨ

ਸੋਧੋ

ਸੁਰਗਵਾਸੀ ਨੂੰ ਆਖਰੀ ਵਾਰ ਦਹੀਂ ਨਾਲ ਕੇਸੀ ਇਸ਼ਨਾਨ ਕਰਵਾਇਆ ਜਾਂਦਾ ਹੈ। ਮਰਦ ਨੂੰ ਮਰਦ ਤੇ ਇਸਤਰੀ ਨੂੰ ਇਸਤਰੀ ਨਹਾਉਂਦੀਆਂ ਹਨ। ਮਰਦ ਹੋਵੇ ਤਾਂ ਜਨੇਊ ਤਿਲਕ ਸਮੇਤ ਕੱਪੜੇ ਪੁਆ ਕੇ ਸ਼ਿੰਗਾਰ ਲੈਂਦੇ ਹਨ ਤੇ ਜੇ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੱਦਰ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ, ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਦਿੰਦੇ ਹਨ। ਵਿਧਵਾ ਮਰੇ ਤਾਂ ਗਹਿਣੇ ਨਹੀਂ ਪਾਉਂਦੇ ਪਰ ਬਾਕੀ ਸ਼ਿੰਗਾਰ ਕਰਦੇ ਹਨ। ਨਹਾਉਂਦਿਆ ਕਰਦਿਆਂ, ਉਧਰ ਚਿਖਾ ਵਾਸਤੇ ਬਾਲਣ ਢੋ ਲੈਂਦੇ ਹਨ ਤੇ ਇਧਰ ਅਰਥੀ ਤਿਆਰ ਕਰ ਲੈਂਦੇ ਹਨ। ਮਰੇ ਹੋਏ ਪ੍ਰਾਣੀ ਨੂੰ ਕੱਫ਼ਣ ਵਿੱਚ ਵਲ੍ਹੇਟ ਦਿੰਦੇ ਹਨ ਅਤੇ ਕੱਫ਼ਣ ਸੀਊਣ ਵਾਸਤੇ ਧਾਗਾ ਵੀ ਕੱਫ਼ਣ ਵਾਲੇ ਕੱਪੜੇ ਵਿੱਚੋਂ ਹੀ ਕੱਢਿਆ ਜਾਂਦਾ ਹੈ।

ਅੰਤਮ ਦਰਸ਼ਨ

ਸੋਧੋ

ਅਰਥੀ ਨੂੰ ਚੁੱਕਣ ਤੋਂ ਪਹਿਲਾਂ ਮਰੇ ਹੋਏ ਪ੍ਰਾਣੀ ਨੂੰ ਮੱਥਾ ਟੇਕਦੇ ਹਨ। ਉਸ ਤੋਂ ਪਿਛੋਂ ਚਾਰ ਕਰੀਬੀ ਰਿਸ਼ਤੇਦਾਰ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦੇ ਹਨ। ਰਸਤੇ ਵਿੱਚ ਕਾਨ੍ਹੀ ਤੇ ਬਾਕੀ ਬੰਦੇ ‘ਰਾਮ ਨਾਮ ਸਤਿ ਹੈ’ ਕਹਿੰਦੇ ਜਾਂਦੇ ਹਨ।

ਬਾਸਾ ਦੇਣਾ

ਸੋਧੋ

ਰਸਤੇ ਵਿੱਚ ਪਿੰਨੇ ਦਿੰਦੇ ਜਾਂਦੇ ਹਨ ਘਰ ਦਾ ਦਰਵਾਜ਼ਾ ਲੰਘ ਕੇ ਦੂਜਾ, ਪਿੰਡ ਦਾ ਦਰਵਾਜ਼ਾ ਲੰਘ ਕੇ ਤੀਜਾ, ਮਸਾਣਾਂ ਦੇ ਅੱਧ ਵਿੱਚ ਕਿਸੇ ਛੱਪੜ, ਤਲਾਉ ਜਾਂ ਖੂਹ ਦੇ ਕੰਢੇ ਚੌਥਾ, ਪਰ ਚੌਥਾ ਪਿੰਨਾ ਦੇਣ ਤੋਂ ਪਹਿਲਾਂ ਅਰਥੀ ਨੂੰ ਪਾਣੀ ਨਾਲ ਛਿੜਕੀ ਹੋਈ ਥਾਂ ਤੇ ਉਤਾਰ ਲੈਂਦੇ ਹਨ ਤੇ ਮਰਨ ਵਾਲੇ ਦੀ ਨੂੰਹ ਪਹਿਲਾਂ ਪਿੰਨਾਂ ਚੁੱਕ ਕੇ ਉਸਦੀ ਥਾਂ ਚੌਥਾ ਰੱਖ ਦਿੰਦੀ ਹੈ ਤੇ ਇੱਕ ਪਾਣੀ ਦਾ ਘੜਾ ਭੰਨਦੀ ਹੈ ਜਿਹੜਾ ਮਰਨ ਵਾਲੇ ਨੂੰ ਪਹੁੰਚਿਆ ਮੰਨਿਆ ਜਾਂਦਾ ਹੈ। ਏਨੇ ਸਮੇਂ ਵਿੱਚ ਕਾਨ੍ਹੀ ਦਮ ਲੈਂਦੇ ਹਨ ਤੇ ਉਸਨੂੰ ਫੇਰ ਚੁੱਕ ਲੈਂਦੇ ਹਨ। ਇਸ ਵੇਲੇ ਸਿਰ ਅੱਗੇ ਤੇ ਪੈਰ ਪਿੱਛੇ ਵੱਲ ਰੱਖੇ ਜਾਂਦੇ ਹਨ। ਅਗਲੇ ਕਾਨ੍ਹੀ ਪਿੱਛੇ ਤੇ ਪਿੱਛਲੇ ਅੱਗੇ ਹੋ ਜਾਂਦੇ ਹਨ। ਇਸ ਰੀਤ ਨੂੰ ਅੱਧ ਮਾਰਗ, ਬਾਂਸਾ ਦੇਣਾ ਜਾਂ ਬਿਸਰਾਮ ਕਰਨਾ ਕਹਿੰਦੇ ਹਨ।

ਲਾਂਬੂ ਲਾਉਣਾ

ਸੋਧੋ

ਅੱਧ ਮਾਰਗ ਤੋਂ ਪਿਛੋਂ ਇਸਤਰੀਆਂ ਉਥੇ ਹੀ ਬੈਠ ਜਾਂਦੀਆ ਹਨ ਤੇ ਮਰਦ ਚਲੇ ਜਾਂਦੇ ਹਨ। ਮਸਾਣਾਂ ਵਿੱਚ ਪਹੁੰਚ ਕੇ ਅਰਥੀ ਲਾਹ ਦਿੰਦੇ ਹਨ ਅਤੇ ਵੱਡਾ ਪੁੱਤਰ ਚਿਖਾ ਵਾਸਤੇ ਸੱਤ ਵਾਰੀ ਰਾਮ ਰਾਮ ਲਿਖ ਕੇ ਥਾਂ ਤਿਆਰ ਕਰ ਲੈਂਦੇ ਹਨ ਅਤੇ ਲਾਸ਼ ਨੂੰ ਚਿਖਾ ਉੱਤੇ ਰੱਖ ਦਿੰਦੇ ਹਨ। ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਉਂ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਆਲੇ-ਦੁਆਲੇ ਕੱਢਦਾ ਹੈ। ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ।

ਕਪਾਲ ਕਿਰਿਆ

ਸੋਧੋ

ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਚਿਖਾ ਵਿੱਚੋਂ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸਨੂੰ ਕਪਾਲ ਕਿਰਿਆ ਕਹਿੰਦੇ ਹਨ।[4] ਇਸਦਾ ਮਨੋਰਥ ਖੋਪਰੀ ਨੂੰ ਜਲਾਉਣਾ ਪੈਂਦਾ ਹੈ। ਜੇ ਇਹ ਚੰਗੀ ਤਰ੍ਹਾਂ ਨਾ ਜਲੇ ਤਾਂ ਮੁਰਦੇ ਤੋਂ ਬਦਬੂ ਆਉਂਦੀ ਹੈ। ਕਪਾਲ ਕਿਰਿਆ ਤੋਂ ਪਿਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨਾਲ ਲਾਸ਼ ਨੂੰ ਢੱਕ ਦਿੰਦੇ ਹਨ।

ਡੱਕਾ ਤੋੜਨਾ

ਸੋਧੋ

ਰਸਤੇ ਵਿੱਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪੜ ਉੱਤੇ ਜੋ ਸਕੇ ਤਾਂ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਇਸਤਰੀਆਂ ਇਸ ਵੇਲੇ ਨਹਾਉਂਦੀਆਂ ਹਨ। ਇਸ ਪਿਛੋਂ ਸਾਰੇ ਆਦਮੀ ਕੁਝ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣਾ ਸੰਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।

ਫੁੱਲ ਚੁਗਣਾ

ਸੋਧੋ

ਮੌਤ ਦੇ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ। ਆਪਣੇ ਨਾਲ ਇੱਕ ਫੌਹੜੀ, ਚਾਰ ਕੀਲੀਆਂ, ਨਿਚੱਲਾਂ ਅਤੇ ‘ਫੁੱਲ’ ਪਾਉਣ ਲਈ ਗੁਥਲੀ ਲੈ ਜਾਂਦੇ ਹਨ। ਔਰਤ ਦੇ ਫੁੱਲਾਂ ਲਈ ਲਾਲ ਗੁਥਲੀ ਹੁੰਦੀ ਤੇ ਮਰਦ ਲਈ ਚਿੱਟੀ। ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ‘ਕਰਮੀ ਧਰਮੀ’ ਆਪਣੇ ਅੰਗੂਠੇ ਤੇ ਚੀਚੀ ਦੀ ਮਦਦ ਨਾਲ ਤਿੰਨ ਫੁੱਲ ਚੁਗਦਾ ਹੈ। ਇਸ ਤੋਂ ਪਿਛੋਂ ਬਾਕੀ ਆਦਮੀ ਵੀ ਫੁੱਲ ਚੁਗ ਲੈਨਦੇ ਹਨ। ਇਹ ਅਸਥੀਆਂ ਜਾਂ ਫੁੱਲ ਲਕੜੀ ਦੀ ਫੌਹੜੀ ਨਾਲ ਫਰੋਲ ਕੇ ਲੱਭੇ ਜਾਂਦੇ ਹਨ। ਹੱਥਾਂ ਪੈਰ ਦੇ ਪੋਟਿਆ ਤੇ ਦੰਦਾਂ ਦੀਆਂ ਅਸਥੀਆ ਗੁਥਲੀ ਵਿੱਚ ਪਾ ਲੈਂਦੇ ਹਨ ਅਤੇ ਬਾਕੀ ਉਸੇ ਥਾਂ ਦਫ਼ਨਾ ਦਿੰਦੇ ਹਨ। ਇੱਕ ਵਾਰੀ ਫੁੱਲ, ਗੁਥਲੀ ਵਿੱਚ ਪਾਉਣ ਤੋਂ ਪਿੱਛੋਂ ਪਵਿੱਤਰ ਪਾਣੀ ਵਿੱਚ ਹੀ ਹੜ੍ਹਾਏ ਜਾ ਸਕਦੇ ਹਨ, ਜ਼ਮੀਨ ਉੱਤੇ ਕਦੇ ਨਹੀਂ ਰੱਖੇ ਜਾਂਦੇ। ਜੇ ਉਸੇ ਵੇਲੇ ਨਾ ਲਿਜਾਏ ਹੋਣ ਤਾਂ ਇਨ੍ਹਾਂ ਨੂੰ ਕਿਸੇ ਰੁੱਖ ਉੱਤੇ ਟੰਗ ਛੱਡਦੇ ਹਨ।

ਫੁੱਲ ਪਾਉਣ ਜਾਣਾ

ਸੋਧੋ

ਇਹ ਕੰਮ ਆਮ ਤੌਰ ਤੇ ਘਰ ਦਾ ਮੁਖੀ ਜਾਂ ਸਿਆਣਾ ਮੈਂਬਰ ਕਰਦਾ ਹੈ। ਫੁੱਲਾਂ ਨੂਮ ਪਹੋਏ ਜਾਂ ਹਰਿਦੁਆਰ ਆਦਿ ਲਿਜਾਣ ਵਾਲੇ ਬੰਦੇ ਨੂੰ ਰਾਹਦਾਰੀ ਅਤੇ ਪਾਂਡੇ ਦੀ ਫ਼ੀਸ ਦਿੱਤੀ ਜਾਦੀ ਹੈ। ਉਹ ਆਪਣੇ ਬਜੁਰਗ ਦੇ ਇਨ੍ਹਾਂ ਫੁੱਲਾਂ ਨੂੰ ਬੜੀ ਇੱਜਤ ਤੇ ਮਾਨ ਨਾਲ ਲਿਜਾਦੳ ਹੈ। ਰੁੱਖ ਤੋਂ ਫੁੱਲ ਲਾਹੁਣ ਲੱਗਿਆ ਉਹ ਬੜੇ ਮਾਨ ਨਾਲ ਬਜ਼ੁਰਗ ਦਾ ਨਾਂ ਲੈ ਕੇ ਕਹਿੰਦਾ ਹੈ ਆ ਗੁਲਜਾਰੀ ਲਾਲ ਤੈਨੂੰ ਪਹੋਏ ਛੱਡ ਆਈਏ।

ਮੁਕਾਣਾ

ਸੋਧੋ

ਇਸ ਤੋਂ ਪਿਛੋਂ ਸੱਤ ਦਿਨ ਅਫ਼ਸੋਸ ਕਰਦੇ ਹਨ। ਦੂਰ ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ।ਜੇਕਰ ਔਰਤ ਦੀ ਮੋਤ ਹੋਈ ਹੋਵੇ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਦੇ ਪੇਕੇ ਘਰ ਮੁਕਾਣ ਲੈ ਕੇ ਜਾਂਦਾ ਹੈ ਤੇ ਜੇਕਰ ਆਦਮੀ ਦੀ ਮੋਤ ਹੋਈ ਹੋਵੇ ਤਾਂ ਸਹੁਰੇ ਘਰੇ ਜਾਇਆ ਜਾਂਦਾ ਹੈ। ਇਸ ਰਸਮ ਦੋਰਾਨ ਚੋਲ ਬਣਾਏ ਜਾਂਦੇ ਹਨ। ਇਸ ਨੂੰ ਮਿਠੀ ਰੋਟੀ ਕਿਹਾ ਜਾਂਦਾ ਹੈ। ਦਸ ਦਿਨ ਘਰ ਅਸ਼ੁੱਧ ਰਹਿੰਦਾ ਹੈ।

ਭੋਗ ਪਾਉਣਾ

ਸੋਧੋ

ਮੋਤ ਤੋਂ ਨੋਵੇਂ ਜਾਂ ਦਸਵੇਂ ਦਿਨ ਭੋਗ ਪਾਇਆ ਜਾਂਦਾ ਹੈ। ਜਿਸ ਵਿੱਚ ਸਾਰੇ ਰਿਸ਼ਤੇਦਾਰ ਸਰੀਕ ਹੁੰਦੇ ਹਨ। ਭੋਗ ਤੋਂ ਬਾਅਦ ਮਰਗ ਵਾਲੇ ਘਰ ਸਥਰ ਨਹੀਂ ਵਿਛਿਆ ਜਾਂਦਾ।

ਹੰਗਾਮਾ ਜਾਂ ਹੰਕਾਮਾ

ਸੋਧੋ

ਪੰਜਾਬ ਵਿੱਚ ਬੁੱਢੇ ਦਾ ਹੰਕਾਮਾ ਜਾਂ ਕਈ ਥਾਂ ਹੰਗਾਮਾ ਕਹਿੰਦੇ ਹਨ, ਇੱਕ ਮਹੱਤਵਪੂਰਨ ਰਸਮ ਹੈ। ਇਸ ਦਿਨ ਕੁੜਮੱਤਾਂ ਸੱਦੀਆਂ ਜਾਂਦੀਆਂ ਹਨ। ਲੱਡੂ, ਜਲੇਬੀਆਂ ਪਕਾਈਆਂ ਜਾਂਦੀਆਂ ਹਨ। ਸਾਰੇ ਕੋੜਮੇ ਨੂੰ ਛਕਾਈਆਂ ਜਾਂਦੀਆਂ ਹਨ। ਸਰਦੇ ਪੁੱਜਦੇ ਘਰ ਪਿੰਡ ਨੂੰ ਰੋਟੀ ਕਰਦੇ ਹਨ, ਸਾਰੇ ਪਿੰਡ ਵਿੱਚ ਪ੍ਰਤੀ ਜੀਅ ਇੱਕ ਸੇਰ ਲੱਡੂ ਵੰਡੇ ਜਾਂਦੇ ਹਨ। ਨਾਲ ਲੱਗਦੇ ਬਾਰਾਂ ਪਿੰਡਾਂ ਵਿੱਚ ਪੰਡਤਾਂ ਜਾਂ ਪੰਚਾਇਤ ਨੂਮ ਪੰਜ ਸੇਰ ਲੱਡੂ ਅਤੇ ਬਰਤਨ ਦਿੱਤੇ ਜਾਂਦੇ ਹਨ। ਇਸ ਨੂੰ ਗਦੌੜਾ ਫੇਰਨਾ ਕਹਿੰਦੇ ਹਨ ਹੰਕਾਮਾ ਇੱਕ ਤਰ੍ਹਾਂ ਨਾਲ ਵਿਆਹ ਵਰਗੀ ਰਸਮ ਹੁੰਦੀ ਹੈ। ਘਰਦੀਆਂ ਧੀਆਂ ਨੂੰ ਸੂਟ ਦਿੱਤੇ ਜਾਂਦੇ ਹਨ, ਨੂੰਹਾਂ ਦੇ ਪੇਕੇ ਉਨ੍ਹਾਂ ਨੂੰ ਕੱਪੜੇ ਦੇ ਕੇ ਜਾਂਦੇ ਹਨ[5]

ਚਾਲੀਸਾ

ਸੋਧੋ

ਮਰਨ ਸਮੇਂ ਦੀਆਂ ਰਸਮਾਂ ਦਾ ਜੀਵਨ ਦੇ ਫਲਸਫੇ ਨਾਲ ਗਹਿਰਾ ਸੰਬੰਧ ਹੁੰਦਾ ਹੈ। ਮੁਸਲਮਾਨਾਂ ਦੀਆਂ ਰਸਮਾਂ ਹਿੰਦੂਆਂ ਤੋਂ ਵੱਖਰੀਆਂ ਹਨ। ਮੁਸਲਮਾਨ ਮੁਰਦੇ ਨੂੰ ਦਬਾਉਂਦੇ ਹਨ। ਉਸ ਦੇ ਸੋਗ ਦਾ ਚਾਲੀਸਾ ਮਨਾਉਂਦੇ ਹਨ

ਅਲਾਹਣੀਆਂ

ਸੋਧੋ

ਅਲਾਹੁਣੀ, ਪੇਸ਼ਾਵਰ ਸਿਆਪਾਕਾਰ ਵਲੋਂ ਉਚਾਰਿਆ ਜਾਂਦਾ ‘ਸਿਆਪੇ’ ਨਾਲ ਸਬੰਧਤ ਅਜੇਹਾ ਗੀਤ-ਰੂਪ ਹੈ ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿੱਚ ਪੇਸ਼ ਕਰਕੇ ਸੁਲਝਾਉ ਵਲ ਲੈ ਜਾਂਦਾ ਹੈ। ਇਸ ਦਾ ਥੀਮ, ਵਿਛੜ ਗਏ ਜੀਅ ਦੇ ਗੁਣਾਂ ਦਾ ਗਾਨ ਅਤੇ ਪਿਛੇ ਰਹਿ ਗਿਆ ਨੂੰ ਧਰਵਾਸ ਦੇਣਾ ਹੁੰਦਾ ਹੈ। ਅਲਾਹੁਣੀ ਤੇ ਕੀਰਨਾ ਦੋਵੇਂ ਇੱਕ ਨਿਭਾਉ- ਸੰਦਰਭ ਪਰ ਵਖੋ ਵਖਰੀਆਂ ਉਚਾਰ-ਵਿਧੀਆਂ ਨਾਲ ਸਬੰਧਤ ਗੀਤ ਰੂਪ ਹਨ। ਗਿਆਨੀ ਗੁਰਦਿਤ ਸਿੰਘ ਅਲਾਹੁਣੀਆਂ ਦੀ ਨਿਭਾਉ ਪ੍ਰਕਿਰਿਆ ਦੀ ਜਾਣ ਪਛਾਣ ਇਸ ਤਰ੍ਹਾਂ ਕਰਵਾਉਂਦਾ ਹੈ, ‘ਮੂਹਰੇ ਮੂਹਰੇ ਨੈਣ ਅਲਾਹੁਣੀ ਦੀ ਇੱਕ ਇੱਕ ਤੁਕ ਆਖੀ ਜਾਂਦੀ ਹੈ ਅਤੇ ਨਾਲੋ ਨਾਲ ਇਸ ਵਿੱਚ ਸੁਰ ਮਿਲਾਉਂਦੀਆਂ ਜਨਾਨੀਆਂ ਇੱਕਲੀ ਤੁਕ... ਪਹਿਲੇ ਬੋਲ ਮਿਰਸਣ ਜਾਂ ਨਾਇਣ ਆਖਦੀਆਂ ਹਨ। ਸਪਸ਼ਟ ਹੈ ਕਿ ਅਲਾਹੁਣੀ ‘ਕੋਰਸ’ ਵਿੱਚ ਗਾਈ ਜਾਣ ਕਰਕੇ ਇੱਕ ਤਰ੍ਹਾਂ ਦਾ ਸਮੂਹ-ਗਾਨ ਹੈ, ਅਜਿਹਾ ਸਮੂਹ ਗਾਨ ਜਿਸ ਵਿੱਚ ਇੱਕ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਅਲਾਹੁਣੀ ਸਿਆਪਾ ਕਰਨ ਵੇਲੇ ਉਚਾਰੀ ਜਾਂਦੀ ਹੈ।

ਅਲਾਹੁਣੀ ਦਾ ਸੰਬੰਧ ਲੋਕ ਨਾਚ ਨਾਲ

ਸੋਧੋ

ਇਹ ਗੀਤ-ਰੂਪ ਸਿਅਪੇ ਦੀ ਸਰੀਰਕ ਪ੍ਰਕਿਰਿਆ ਨਾਲ ਸਬੰਧਤ ਹੋਣ ਕਰਕੇ ਪ੍ਰਕਾਰ ਲੋਕ-ਨਾਚ ਨਾਲ ਮਿਲਦਾ ਹੈ। ਸਿਆਪੇ ਦੀ ਤਾਲ ਦਾ ਅਲਾਹੁਣੀ ਦੇ ਉਚਾਰ ਉੱਤੇ ਸਿੱਧਾ ਤੇ ਮੋੜਵਾਂ ਅਸਰ ਪੈਂਦਾ ਹੈ।

ਸਿਆਪਾਕਾਰ ਜਾਂ ਗਾਇਕ

ਸੋਧੋ

ਇਸ ਤੋਂ ਵੀ ਵੱਧ ਇਸ ਤਾਲ ਅਤੇ ਬੋਲ ਦੀ ਇਕਸੁਰਤਾ ਨੂੰ ਕਾਇਮ ਰੱਖਣ ਲਈ ਇੱਕ ਪੇਸ਼ਾਵਰ ਸਿਆਪਾਕਾਰ ਵੀ ਹਾਜ਼ਰ ਹੁੰਦੀ ਹੈ। ਮਾਲਵੇ ਵਿੱਚ ਪੇਸ਼ਾਵਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕਾਰਜ ਮਿਰਾਸਣਾਂ, ਡੂਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ਾਵਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਅਨੁਸਾਰ ਬਾਕੀ ਸੁਵਾਣੀਆਂ ਉਸ ਦੀ ਤਾਲ ਦਾ ਖਿਆਲ ਰੱਖਦੀਆਂ ਹਨ। ਹਰ ਤੁਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਦੀ ਕਿਸੇ ਇੱਕ ਕੇਂਦਰੀ ਤੁਕ ਨੂੰ ਉਚਾਰਦੀਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵੱਲੋਂ ਉਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇੱਕ ਕੇਂਦਰੀ ਤੁਕ ਦੇ ਦੁਹਰਉਂ ਰਾਹੀਂ ਹੁੰਗਾਰਾ ਭਰਦਾ ਹੈ:

 ਸਿਆਪਾਕਾਰ: ਮਾਮਾ ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾਂ ਦੇ ਨਾਲ 

-ਪੱਟੀ ਧੀ ਨੀ ਮੇਰੀਏ ਅੰਬੜੀਏ....

 ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ....
 ਸਿਆਪਾਕਾਰ: ਕੋਈ ਲਿਖ ਕੇ ਘੱਲਾਂ ਕਾਗਤੀ ਕੋਈ ਸੂਹਾ ਅੱਖਰ ਪਾ ਨੀ ਕਦੇ ਆਉਣ ਦਾ

-ਪੱਟੀ ਧੀ ਨੀ ਮੋਰੀਏ ਅੰਬੜੀਏ.....

 ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ....
 ਸਿਆਪਾਕਾਰ: ਸਾਵਣ ਬਰਸੇ ਰੁੱਤ ਆਪਣੀ ਮੈਂ ਬਰਸਾ ਦਿਨ ਰਾਤ ਨੀ
  -ਪੱਟੀ ਧੀ ਨੀ ਮੋਰੀਏ ਅੰਬੜੀਏ.....
 ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ....

ਸਿਆਪਾ

ਸੋਧੋ

ਅਲਾਹੁਣੀਆਂ ਦੇ ਨਾਲ ਚਲਦਾ ਸਿਆਪਾ ਕਈ ਤਰ੍ਹਾਂ ਦਾ ਹੁੰਦਾ ਹੈ। ਜਦੋਂ ਪਹਿਲਾਂ ਗੱਲ੍ਹਾਂ ਜਾਂ ਪੁੜਪੁੜੀਆਂ ਉੱਤੇ, ਫੇਰ ਪੱਟਾਂ ਉਤੇ, ਮੁੜ ਫੇਰ ਪੱਟਾਂ ਉਤੇ ਅਤੇ ਫਿਰ ਛਾਤੀ ਜਾਂ ਗੱਲ੍ਹਾਂ ਉਤੇ ਹੱਥ ਮਾਰੇ ਜਾਣ ਉਹ ‘ਤਿਹੱਥੜਾ-ਸਿਆਪਾ’ ਕਹਾਉਂਦਾ ਹੈ। ਅੰਤ ਉਤੇ ਪੁੱਜ ਕੇ ਸਿਆਪਾ ਇਕਦਮ ਤੇਜ਼ ਹੋ ਜਾਂਦਾ ਹੈ। ਗਿਆਨੀ ਗੁਰਦਿਤ ਸਿੰਘ ਲਿਖਦਾ ਹੈ, “ਟੁੱਟ ਟੁੱਟ ਪੈਂਦੀ ਮਰਾਸਣ ਜੋਰ ਜੋਰ ਨਾਲ ਹੱਥ ਘੁਮਾਉਂਦੀ, ਵਿੱਚ ਦੀ ਇੱਕ ਟੱਪਾ ਆਖ ਕੇ... ਸਿਆਪਾ ਪੂਰੇ ਜ਼ੋਰ ਨਾਲ ਸ਼ੁਰੂ ਕਰਾਂ ਦਿੰਦਾ ਹੈ। ਇਹ ‘ਚਲੰਤ ਸਿਆਪਾ’ ਬੜੀ ਤੇਜ਼ੀ ਨਾਲ ਕੀਤਾ ਜਾਂਦਾ ਹੈ:

   ਇੱਕ: ਹਾਏ ਹਾਏ ਮੌਤ ਚੰਦਰੀ ਓਏ......
  ਸਮੂਹ: ਹਾਇਆ ਹਾਏ ਹਾਏ ਹਾਏ.....
   ਇੱਕ: ਹਾਏ ਹਾਏ ਮੌਤ ਭੈੜੀ ਓਏ.....
  ਸਮੂਹ: ਹਾਇਆ ਹਾਏ ਹਾਏ ਹਾਏ.......
   ਇੱਕ: ਹਾਏ ਸਵਾਤ ਖਾਲੀ ਓਏ....
  ਸਮੂਹ: ਹਾਇਆ ਹਾਏ ਹਾਏ ਹਾਏ....

ਕੀਰਨੇ

ਸੋਧੋ

ਕੀਰਨੇ, ਹਾਉਕੇ ਅਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜੇ ਵਿੱਚ ਉਚਰਿਤ ਅਜੇਹਾ ਪ੍ਰਗੀਤਕ ਗੀਤ-ਰੂਪ ਹੈ ਜੋ ਥੀਮਕ ਟਕਰਾਉ ਦੀ ਕਾਵਿਕ ਜੁਗਤ ਉਤੇ ਅਧਾਰਿਤ ‘ਮੈਂ’ ਤੇ ‘ਤੂੰ’ ਦੇ ਇਕਾਗਰ ਸਬੰਧ ਪਰ ਸਵੈ-ਸੰਬੋਧਨ ਰਾਹੀਂ ਥੀਮਕ ਟਕਰਾਉ ਨੂੰ ਸਿਰਫ ਟਕਰਾਉਂ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ। ਮਲਵਈ ਲੋਕਗੀਤ ਰੂਪਾਂ ਵਿਚੋਂ ਕੀਰਨਾ, ਅਤੇ ਅਲਾਹੁਣੀ ਦੋ ਅਜਿਹੇ ਗੀਤ ਰੂਪ ਹਨ ਜਿਹੜੇ ਮੌਤ ਦੇ ਸ਼ੌਕ ਅਤੇ ਦੁੱਖ ਨਾਲ ਸਬੰਧਿਤ ਹਨ। ਦੋਵਾਂ ਦੇ ਨਿਭਾਉ ਦਾ ਸੰਦਰਭ ਮੌਤ ਦੇ ਸਦਮੇ ਨਾਲ ਸਬੰਧਤ ਹੈ ਅਤੇ ਦੋਵੇਂ ਹੀ ਔਰਤਾਂ ਵਲੋਂ ਉਚਾਰੇ ਜਾਂਦੇ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਅਲਾਹੁਣੀ ਨੇ ‘ਅਲਾਹੁਣੀ’ ਨੂੰ ‘ਵੈਣ’ ਅਥਵਾ ‘ਕੀਰਨੇ’ ਦੇ ਅਰਥਾਂ ਵਿੱਚ ਵਰਤਿਆਂ ਹੈ। ਡਾ. ਕਰਨੈਲ ਸਿੰਘ ਥਿੰਦ ਲਿਖਦਾ ਹੈ, “ਅਲਾਹੁਣੀ ਇੱਕ ਸੋਗਮਈ ਗੀਤ ਹੈ ਜਿਸ ਦਾ ਮ੍ਰਿਤਕ ਸੰਸਕਾਰ ਨਾਲ ਸਬੰਧ ਹੈ...ਇਸ ਸ਼ੈਲੀ ਦੇ ਗੀਤਾਂ ਨੂੰ ਕੀਰਨੇ ਜਾਂ ਵੈਣ ਵੀ ਕਹਿਆ ਜਾਂਦਾ ਹੈ। ਇਸੇ ਤਰ੍ਹਾਂ ਗਿਆਨੀ ਗੁਰਦਿਤ ਸਿੰਘ ਅਲਾਹੁਣੀ ਅਤੇ ਕੀਰਨੇ ਨੂੰ ਉਚੇਰੇ ਤੌਰ ਤੇ ਵਖਰਿਆਉਂਦਾ ਨਹੀਂ, ਪਰ ਉਹ ਇਨ੍ਹਾਂ ਦੋਵਾਂ ਦੀ ਪੇਸ਼ਕਾਰੀ ਦੇ ਢੰਗ ਦੀ ਵਖਰਤਾ ਜ਼ਰੂਰ ਦਰਸਾਉਂਦਾ ਹੈ। ਉਹ ਲਿਖਦਾ ਹੈ ਕਿ ਕੀਰਨਾ ਇਕੱਲੀ ਸਵਾਣੀ ਦੂਜੀ ਦੇ ਗਲ ਲਗ ਕੇ ਪਾਉਂਦੀ ਹੈ ਪਰ ਅਲਾਹੁਣੀਆਂ ਕਿਸੇ ਪੇਸ਼ਾਵਰ ਸਿਆਪਾਕਾਰ ਦੀ ਅਗਵਾਈ ਵਿੱਚ ਸਮੂਹ ਦੇ ਹੁੰਗਾਰੇ ਨਾਲ ਉਚਾਰੀਆਂ ਜਾਂਦੀਆਂ ਹਨ। ਗਿਆਨੀ ਗੁਰਦਿਤ ਸਿੰਘ ਨੇ ਸਿਆਪੇ ਸਮੇਂ ਉਚਾਰੇ ਬੋਲਾਂ ਲਈ ਨਿਸ਼ਚਿਤ ਰੂਪ ਵਿੱਚ ‘ਅਲਾਹੁਣੀ’ ਸ਼ਬਦ ਵਰਤਿਆ ਹੈ ਅਤੇ ਇੱਕਲੀ ਸਵਾਣੀ ਦੇ ਇੱਕਲੇ ਸਵਾਣੀ ਦੇ ਇਕਾਹਿਰੇ ਬੋਲਾਂ ਲਈ ‘ਕੀਰਨਾਂ’ ਜਾਂ ‘ਵੈਣ’। ਸਪਸ਼ਟ ਹੈ ਕਿ ਮੌਤ ਦੇ ਸੋਗ ਨੂੰ ਪੇਸ਼ ਕਰਦੇ ਇਨ੍ਹਾਂ ਦੋਵੇਂ ਗੀਤ- ਰੂਪਾਂ ਵਿੱਚ ਭਾਵ ਪੇਸ਼ਕਾਰੀ ਅਤੇ ਨਿਭਾਉ- ਵਿਧੀ ਵੱਖੋ ਵਖਰੀ ਹੋਣ ਕਰਕੇ, ਇਨ੍ਹਾਂ ਵਿੱਚ ਰੂਪ-ਰਚਨਾ ਦੀ ਦ੍ਰਿਸ਼ਟੀ ਤੋਂ ਬੁਨਿਆਦੀ ਅੰਤਰ ਹਨ। ਨਿਰੋਲ ਵਿਅਕਤੀਗਤ ਪੱਧਰ ਉੱਤੇ ਨਿਭਾਏ ਜਾਣ ਵਾਲੇ ਬੋਲਾਂ ਨੂੰ ‘ਕੀਰਨਾ’ ਜਾਂ ‘ਵੈਣ’ ਕਹਿਣਾ ਚਾਹੀਦਾ ਹੈ ਅਤੇ ਕਿਸੇ ਪੇਸ਼ਾਵਰ ਮਿਰਾਸਣ ਜਾਂ ਨਾਇਣ ਦੀ ਅਗਵਾਈ ਵਿੱਚ ਇੱਕ ਕੋਰਸ ਵਜੋਂ ਉਚਾਰੇ ਜਾਂਦੇ ਬੋਲਾਂ ਨੂੰ ਅਲਾਹੁਣੀਆਂ ਕਿਹਾ ਜਾਣਾ ਚਾਹੀਦਾ ਹੈ। ਕੀਰਨੇ ਦਾ ਨਿਭਾਉ ਜਿਥੇ ਲੇਰਾਂ ਅਤੇ ਹਉਕਿਆਂ ਨਾਲ ਪਰੋਇਆ ਹੁੰਦਾ ਹੈ, ਉਥੇ ਇਸ ਦਾ ਸਮੁਚਾ ਲਹਿਜ਼ਾ ਸ਼ਿਕਾਇਤ ਦਾ ਹੁੰਦਾ ਹੈ। ਉਪਰਲੇ ਕੀਰਨੇ ਵਿੱਚ ਸ਼ਿਕਾਇਤ ਹੈ: ‘ਤੂੰ ਤਾਂ ਤੁਰਗੀ’ ਵਿਚਲੀ ‘ਤੂੰ’ ਉਤੇ। ਹਰ ਕੀਰਨੇ ਵਿੱਚ ਸ਼ਿਕਾਇਤ ਦੇ ਲਹਿਜ਼ੇ ਵਿੱਚ ਉਚਾਰਿਆ ਹੁੰਦਾ ਹੈ ਅਤੇ ਸ਼ਿਕਾਇਤ ਵਿਛੜ ਗਏ ‘ਤੂੰ’ ਪਤੀ ਹੁੰਦੀ ਹੈ। ਕੀਰਨੇ ਵਿੱਚ ਟਕਰਾਉਂਦੇ ਸੰਦਰਭਾਂ ਦੀਆਂ ਵਿਧੀਆਂ ਵਿੱਚ ਬਹੁਤ ਵੰਨ ਸੁਵੰਨਤਾ ਹੈ। ਉਪਰਲੇ ਕੀਰਨੇ ਵਿੱਚ ਵਰਤਮਾਨ ਦੀ ਕਰੁਣਾਤਮਕ ਸਥਿਤੀ ਨੂੰ ਇਕੋ ਸ਼ਬਦ ‘ਤੁਰਗੀ’ ਨਾਲ ਉਘਾੜਿਆ ਗਿਆ ਹੈ। ਪਰ ਕਈ ਹੋਰ ਕੀਰਨਿਆਂ ਵਿੱਚ ਟਕਰਾਉਂਦੇ ਜੀਵਨ ਸੰਦੲਭਾਂ ਨੂੰ ਸਮਾਨਅੰਤਰ ਪਰ ਵਿਰੋਧੀ ਬਿੰਬਾਂ ਵਿੱਚ ਨਾਲੋ ਨਾਲ ਸਿਰਜਿਆ ਹੁੰਦਾ ਹੈ। ਇਥੇ ਸ਼ਬਦ ਵਿਰੋਧੀ ਜੁੱਟਾਂ ਵਿੱਚ ਪਰੋਏ ਹੁੰਦੇ ਹਨ

  ਜਦ ਤੂੰ ਪਲੰਗ ਨਮਾਰੀ ਛੱਡ ਕੇ ਭੁੰਜੇ ਬੈਠੇਂਗਾ
  	ਵੇ ਕਲ੍ਹ ਜਾਮਿਆ ਪੁੱਤ ਵੇ 

ਪਿਉ ਤੇਰਾ ਰਾਜਾ ਹਟ ਗਿਆ ਪਛਾੜੀ... ਕੀਰਨਾਕਾਰ ਦੇ ਬੋਲਾਂ ਦੇ ਟਾਕਰੇ ਉਤੇ ਵਰਤਮਾਨ ਦਾ ਵਰਤ ਚੁੱਕਾ ਭਾਣਾ- ਮੌਤ- ਇੱਕ ਵਿਰੋਧੀ ਸਾਂਸਕ੍ਰਿਤਕ ਸੰਦਰਭ ਵਜੋਂ ਮੌਨ ਰੂਪ ਵਿੱਚ ਕੀਰਨੇ ਦੇ ਬੋਲ ਨੂੰ ਕਰੁਣਾਤਮਕ ਭਾਵ ਨਾਲ ਜੋੜ ਰਿਹਾ ਹੈ, ਕਿਉਂਕਿ ਕੀਰਨੇ ਦਾ ਨਿਭਾਉ- ਸੰਦਰਭ ਹੀ ਇਸ ਸਥਿਤੀ ਤੋਂ ਸ਼ੁਰੂ ਹੁੰਦਾ ਹੈ:

  ਤੇਰੇ ਵਰਗੇ ਗਭਰੂ ਭੱਜੇ ਮੌਤ ਨੂੰ ਡਾਹ ਨਾ ਦਿੰਦੇ ਵੇ

ਹਵਾਲੇ

ਸੋਧੋ
  1. 1.0 1.1 ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੰਨਾ 73
  2. ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨ੍ਹੇ ਦੀਏ ਮਾਏ, ਲੋਕਗੀਤ ਪ੍ਰਕਾਸ਼ਨ, ਸੈਕਟਰ-34ਏ, ਚੰਡੀਗੜ੍ਹ, ਪੰਨਾ 65
  3. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰਕ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2- ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ, ਪੰਨਾ-344
  4. ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ,ਪੰਨਾ 77
  5. ਲੋਕਧਾਰਾ ਦੀ ਸਿਰਜਣ ਪ੍ਰੀਕਿਰਿਆ, ਡਾ.ਨਾਹਰ ਸਿੰਘ, ਪੰਨਾ 35