ਪੰਜਾਬੀ ਵਾਰ ਕਾਵਿ ਦਾ ਇਤਿਹਾਸ

ਪੰਜਾਬੀ ਸਾਹਿਤ ਵਿੱਚ ਵਾਰ ਕਾਵਿ ਦੇ ਇਤਿਹਾਸ ਨੂੰ ਵਿਸ਼ੇਸ਼ ਥਾਂ ਪ੍ਪਤ ਹੈ। ਵਾਰ ਪੰਜਾਬੀ ਕਵਿਤਾ ਦੀ ਇੱਕ ਵਿਧਾ ਹੈ। ਵਾਰ ਸ਼ਬਦ ਦੀ ਉਤਪਤੀ ਬਾਰੇ ਕਈ ਵਿਚਾਰ ਹਨ। ਡਾ. ਗੰਡਾ ਸਿੰਘ ਨੇ “ਪੰਜਾਬ ਦੀ ਵਾਰ ਵਿਚ” ਵਾਰ ਸ਼ਬਦ ਦੀ ਉਤਪਤੀ ਬਾਰੇ ਲਿਖਿਆ ਹੈ, “ਵਾਰ ਸ਼ਬਦ ਦਾ ਮੁੱਢ ̔ਵ੍ਰਿ ਧਾਤੂ ਤੋਂ ਹੈ ਜਿਸ ਤੋਂ ਕਿ ਵਾਰੀ ਯਾ ਵੈਰੀ ਅਰਥਾਤ ਵਾਰ ਕਰਨ ਵਾਲਾ ਯਾ ਵਾਰ ਰੋਕਣ ਵਾਲਾ, ਵਾਹਰ ਅਤੇ ਵਾਹਰੀ ਯਾ ਵਾਹਰੂ ਸ਼ਬਦ ਬਣੇ ਹਨ। ਜੁੱਧ ਜੰਗ ਇਕੱਲੇ ਬੰਦੇ ਦਾ ਕੰਮ ਤਾਂ ਹੁੰਦਾ ਨਹੀਂ।”[1] ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੁੱਧ ਦੀ ਬਹਾਦਰੀ ਦਾ ਚਿਤਰਨ ਕੀਤਾ ਜਾਂਦਾ ਹੈ ਤੇ ਵਾਰ ਸਰੋਤਿਆਂ ਦਾ ਉਤਸ਼ਾਹ ਵਧਾਉਂਦੀ ਸੀ। ਇਸਨੂੰ ਢਾਡੀ ਪੇਸ਼ ਕਰਦੇ ਸਨ। ਵਾਰ ਨੂੰ ਆਰੰਭ ਕਰਨ ਲੱਗਿਆਂ ਮੰਗਲਾਚਰਣ ਦੀ ਰਚਨਾ ਕੀਤੀ ਜਾਂਦੀ ਹੈ ਤੇ ਉਸ ਤੋਂ ਪਿੱਛੋਂ ਵਾਰ ਦਾ ਵਿਕਾਸ ਹੁੰਦਾ ਹੈ। ਵਾਰ ਪਹਿਲਾ ਜੰਗ ਯੁੱਧ ਦੇ ਕਾਰਨ ਨੂੰ ਬਿਆਨ ਕਰਦੀ ਹੈ ਤੇ ਉਸ ਤੋਂ ਪਿੱਛੋਂ ਜੰਗ ਯੁੱਧ ਦਾ ਬਿਆਨ ਹੁੰਦਾ ਹੈ।ਵਾਰ ਵਿੱਚ ਜਿਨੵਾਂ ਯੁੱਧਾਂ ਜਾਂ ਹੋਰ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ ਹੈ ਉਹ ਭੂਤਕਾਲ ਵਿੱਚ ਬੀਤ ਚੁੱਕੀਆ ਹੁੰਦੀਆ ਹਨ। ਵਾਰ ਪਉੜੀ ਛੰਦ ਵਿੱਚ ਲਿਖੀ ਜਾਣੀ ਚਾਹੀਦੀ ਹੈ। ਪਉੜੀ ਦੇ ਦੋ ਭੇਦ ਹਨ - ਸਿਰਖੰਡੀ ਤੇ ਨਿਸ਼ਾਨੀ, ਸਿਰਖੰਡੀ ਵਿੱਚ ਤੁਕਾਂਤ ਮੱਧ ਵਿੱਚ ਹੁੰਦਾ ਹੈ ਤੇ ਨਿਸ਼ਾਨੀ ਵਿੱਚ ਅੰਤ ਵਿੱਚ ਹੁੰਦਾ ਹੈ। ਵਾਰ ਕਾਵਿ ਦੇ ਇਤਿਹਾਸ ਨੂੰ ਦੋ ਧਾਰਾਵਾਂ ਵਿੱਚ ਵੰਡਿਆ ਜਾ ਸਕਦਾ ਹੈ; ਵਾਰਾਂ ਅਤੇ ਜੰਗਨਾਮੇ।

  • jaspreet singh bajak*IAS
ਪੰਜਾਬੀ ਵਾਰ ਕਾਵਿ ਦਾ ਇਤਿਹਾਸ
ਲੇਖਕਡਾ. ਸਤਿੰਦਰ ਸਿੰਘ ਨੂਰ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਸਾਹਿਤ ਅਕਾਦਮੀ ਦਿੱਲੀ

ਵਾਰਾਂ

ਸੋਧੋ

"ਪੰਜਾਬੀ ਵਾਰਾਂ ਦਾ ਇਤਿਹਾਸ ਕਦੋਂ ਸ਼ੁਰੂ ਹੋਇਆ, ਇਸ ਬਾਰੇ ਪੱਕੀ ਤਰ੍ਹਾਂ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ (1251-1305 ਈ.) ਨੇ ̔ਤੁਗ਼ਲਕ ਦੀ ਵਾਰਂ ਲਿਖੀ ਪਰ ਇਸ ਵਾਰ ਦਾ ਕੇਵਲ ਜ਼ਿਕਰ ਹੀ ਮਿਲਦਾ ਹੈ। ਡਾ. ਸਤਿੰਦਰ ਸਿੰਘ ਨੂਰ ਨੇ ̔ਪੰਜਾਬੀ ਵਾਰ ਕਾਵਿ ਦਾ ਇਤਿਹਾਸ"[2] ਵਿਚ ਵਾਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਮੱਧਕਾਲ ਤੇ ਆਧੁਨਿਕ ਕਾਲ। ਮੱਧਕਾਲ ਦੀਆਂ ਪੰਜਾਬੀ ਵਾਰਾਂ ਬਾਰੇ ਚਰਚਾ ਲੋਕ ਵਾਰਾਂ ਤੋਂ ਸ਼ੁਰੂ ਹੁੰਦੀ ਹੈ। ਇਸ ਵਿਚੋਂ ਕੁਝ ਵਾਰਾਂ ਪੂਰਵ ਨਾਨਕ ਕਾਲ ਵਿੱਚ ਲਿਖੀਆ ਗਈਆ ਅਤੇ ਕੁਝ ਵਾਰਾਂ ਨਾਨਕ ਕਾਲ ਵਿਚ।

ਮੱਧਕਾਲ ਦੀਆਂ ਵਾਰਾਂ

ਸੋਧੋ
  • ਮੁੱਢਲੀਆਂ ਲੋਕ ਵਾਰਾਂ - ਮੱਧਕਾਲ ਵਿੱਚ ਰਚੀਆਂ ਗਈਆਂ ਵਾਰਾਂ ਬਾਰੇ ਪਹਿਲੀ ਵਾਕਫ਼ੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿਚੋਂ ਪ੍ਰਾਪਤ ਹੋਈ। ਇਹਨਾਂ ਵਿਚੋਂ ਮੁਢਲੀਆਂ ਵਾਰਾਂ ਵਿੱਚ 9 ਵਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਹਨਾਂ ਦੀਆਂ ਧਾਰਨਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਗਾਉਣ ਦਾ ਉਪਦੇਸ਼ ਦਿੱਤਾ ਗਿਆ।
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ - ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਧਿਆਤਮਕ ਵਾਰਾਂ ਨੇ ਪੰਜਾਬੀ ਵਾਰ ਕਾਵਿ ਨੂੰ ਵਿਕਸਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਵਾਰਾਂ ਦੀ ਸੰਰਚਨਾ ਬੀਰ ਰਸੀ ਵਾਰਾਂ ਤੋਂ ਵੱਖਰੀ ਭਾਂਤ ਦੀ ਹੈ। ਇਨ੍ਹਾਂ ਵਾਰਾਂ ਦਾ ਵਿਸਥਾਰ ਇਉਂ ਹੈ-

ਗੁਰੂ ਨਾਨਕ ਦੇਵ (1469-1539) ਦੀਆਂ ਵਾਰਾਂ-ਮਲਾਰ ਕੀ ਵਾਰ, ਮਾਝ ਕੀ ਵਾਰ, ਆਸਾ ਕੀ ਵਾਰ।

ਗੁਰੂ ਅਮਰਦਾਸ (1479-1574) ਦੀਆਂ ਵਾਰਾਂ-ਗੁਜਰੀ ਦੀ ਵਾਰ, ਸੂਹੀ ਕੀ ਵਾਰ, ਮਾਰੂ ਕੀ ਵਾਰ, ਰਾਮਕਲੀ ਕੀ ਵਾਰ।

ਗੁਰੂ ਰਾਮਦਾਸ (1534-1581) ਦੀਆਂ ਵਾਰਾਂ-ਸਿਰੀ ਰਾਗ ਕੀ ਵਾਰ, ਗਉੜੀ ਕੀ ਵਾਰ ਬਿਹਾਗੜੇ ਕੀ ਵਾਰ, ਵਡਹੰਸ ਕੀ ਵਾਰ, ਸੋਰਠ ਕੀ ਵਾਰ, ਬਿਲਾਵਲ ਕੀ ਵਾਰ, ਸਾਰੰਗ ਕੀ ਵਾਰ, ਕਾਨੜੇ ਕੀ ਵਾਰ।

ਗੁਰੂ ਅਰਜਨ ਦੇਵ (1563-1606) ਦੀਆਂ ਵਾਰਾਂ-ਗਉੜੀ ਕੀ ਵਾਰ, ਗੁਜਰੀ ਕੀ ਵਾਰ, ਜੈਤਸਰੀ ਕੀ ਵਾਰ, ਰਾਮਕਲੀ ਕੀ ਵਾਰ, ਮਾਰੂ ਕੀ ਵਾਰ, ਬਸੰਤ ਕੀ ਵਾਰ। ਇਨ੍ਹਾਂ ਤੋਂ ਬਿਨਾਂ ਰਾਮਕਲੀ ਰਾਗ ਵਿੱਚ ਸੱਤੇ ਬਲਵੰਡ ਦੀ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ।

  • ਭਾਈ ਗੁਰਦਾਸ ਦੀਆਂ ਵਾਰਾਂ - ਭਾਈ ਗੁਰਦਾਸ ਨੇ 39 ਵਾਰਾਂ ਲਿਖੀਆਂ, ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਆਖਿਆ ਜਾਂਦਾ ਹੈ। ਇਨ੍ਹਾਂ ਦੀਆਂ ਵਾਰਾਂ ਪਉੜੀ ਛੰਦ ਵਿੱਚ ਲਿਖੀਆਂ ਗਈਆਂ ਹਨ।
  • ਵਾਰ ਸ੍ਰੀ ਭਗਉਤੀ ਜੀ ਕੀ/ ਚੰਡੀ ਦੀ ਵਾਰ - ਇਹ ਵਾਰ ਪੰਜਾਬੀ ਦੇ ਨਵੇਂ ਦੌਰ ਨੂੰ ਸਾਹਮਣੇ ਲਿਆਉਂਦੀ ਹੈ। ਇਸ ਵਾਰ ਵਿੱਚ 55 ਪਉੜੀਆਂ ਹਨ।
  • ਅਗਰੇ ਦੀ ਵਾਰ ਹਕੀਕਤ ਰਾਏ - ਪੰਜਾਬੀ ਵਾਰ ਦੇ ਇਤਿਹਾਸ ਵਿੱਚ ਅਗਰੇ ਦੀ ਵਾਰ ਹਕੀਕਤ ਰਾਇ ਦਾ ਚਰਚਾ ਰਿਹਾ। ਇਹ ਵਾਰ ਠੇਠ ਸ਼ੈਲੀ ਦੇ ਵਿਕਾਸ ਵਿੱਚ ਸਹਾਇਕ ਹੋਈ।
  • ਪੀਰਾਂ ਦੀ ਵਾਰ - ਇਸ ਵਾਰ ਉਪਰ ਲਿਖਿਆ ਗਿਆ ਕਿ ਇਸ ਵਾਰ ਨੂੰ ਇਸ ਧੁਨੀ ਉੱਤੇ ਗਾਇਆ ਜਾਏ, ਸੁਲਤਾਨ ਪੇਰੋ ਸਾਹ ਸ਼ੇਖੋ ਖੋਖਰ ਕੀ ਵਾਰ ਕੀ ਧੁਨ ਉੱਤੇ ਗਾਵਣੀ।
  • ਜਸ਼ੋਧਾ ਨੰਦਨ ਦੀ ਲਵ ਕੁਸ਼ ਦੀ ਵਾਰ - ਜਸੋਧਾ ਨੰਦਨ ਨੇ ਜਿਸ ਕਥਾ ਨੂੰ ਇਸ ਵਾਰ ਦਾ ਆਧਾਰ ਬਣਾਇਆ ਹੈ ਉਹ ਕਥਾ ਉੱਤਮ ਰਾਮ ਚਰਿਤ ਵਿੱਚ ਸ਼ਾਮਲ ਹੈ। ਇਸ ਦੀ ਵਿਸ਼ੇਸ਼ਤਾ ਇਸਦੀ ਸ਼ੈਲੀ ਕਰਕੇ ਹੈ।
  • ਦੇਵੀ ਦਾਸ ਦੀ ਲਵ ਕੁਸ਼ ਦੀ ਵਾਰ - ਦੇਵੀਦਾਸ ਦੀ ਲਵ ਕੁਸ਼ ਦੀ ਵਾਰ ਜਸੋਧਾ ਨੰਦਨ ਦੀ ਵਾਰ ਦੇ ਪ੍ਰਭਾਵ ਹੇਠ ਲਿਖੀ ਗਈ। ਇਸ ਵਾਰ ਉੱਤੇ ਲਹਿੰਦੀ ਦਾ ਕਾਫ਼ੀ ਪ੍ਰਭਾਵ ਹੈ ਤੇ ਬ੍ਰਜ ਭਾਸ਼ਾ ਦੀ ਜ਼ਿਆਦਾ ਵਰਤੋਂ ਹੈ। ਇਸ ਵਾਰ ਨੂੰ ਮਾਰੂ ਰਾਗ ਨਾਲ ਸੰਬੰਧਿਤ ਕੀਤਾ ਹੈ।
  • ਨਜਾਬਤ ਦੀ ਨਾਦਰ ਸ਼ਾਹ ਦੀ ਵਾਰ - ਨਜਾਬਤ ਨੇ ਨਾਦਰਸ਼ਾਹ ਦੀ ਵਾਰ ਲਿਖੀ। ਇਹ ਵਾਰ ਨਾਦਰਸ਼ਾਹ ਬਾਰੇ ਹੈ ਤੇ ਉਸਦੇ ਹਮਲੇ ਤੋਂ ਪਿਛੋਂ ਲਿਖੀ ਗਈ।
  • ਸੋਢੀਆਂ ਦੀ ਵਾਰ - ਇਸ ਵਾਰ ਦਾ ਕਵੀ ਰਾਮ ਸਿੰਘ ਸੀ। ਇਸ ਵਾਰ ਵਿੱਚ ਸੋਢੀਆਂ ਦੀ ਪ੍ਰਸੰਸਾ ਕੀਤੀ ਗਈ ਹੈ ਪਰ ਨਾਲ ਹੀ ਕਵੀ ਉਸ ਸਮੇਂ ਤੇ ਸਮਾਜ ਦਾ ਯਥਾਰਥ ਅਤੇ ਉਸ ਸਮਾਜ ਦਾ ਅਵਚੇਤਨ ਵੀ ਉਘੜਦਾ ਹੈ।
  • ਚੂੜ੍ਹ ਸਿੰਘ ਭਦੌੜੀਏ ਦੀ ਵਾਰ - ਇਸ ਵਾਰ ਵਿੱਚ ਹੋਰ ਲੋਕ ਧੁਨਾਂ ਜਾਂ ਛੰਦਾਂ ਨੂੰ ਵਰਤਿਆ ਗਿਆ ਹੈ, ਜਿਵੇਂ ਇਹ ਵਾਰ ਜੋ ਸੱਦਾਂ ਤੇ ਕਲੀਆਂ ਦੇ ਮਿਲੇ ਜੁਲੇ ਰੂਪ ਵਿੱਚ ਲਿਖੀ ਗਈ ਹੈ।
  • ਕੇਸ਼ਵ ਦਾਸ ਦੀ ਵਾਰ ਰਾਜਾ ਅਮਰ ਸਿੰਘ ਦੀ - ਇਹ ਵਾਰ ਕਵੀ ਕੇਸ਼ਵ ਦਾਸ ਦੀ ਲਿਖੀ ਹੋਈ ਹੈ। ਇਸ ਵਾਰ ਵਿੱਚ ਹਿੰਦੀ ਪੰਜਾਬੀ ਰਲੀ-ਮਿਲੀ ਹੋਈ ਹੈ। ਬ੍ਰਜ ਭਾਸ਼ਾ ਦਾ ਪ੍ਰਭਾਵ ਹੈ।
  • ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ - ਇਸ ਵਾਰ ਦਾ ਪੰਜਾਬੀ ਵਾਰ ਦੇ ਇਤਿਹਾਸ ਵਿੱਚ ਕਾਫ਼ੀ ਚਰਚਾ ਹੋਇਆ ਹੈ।ਇਸ ਵਾਰ ਦੀ ਭਾਸ਼ਾ ਭਾਵੇਂ ਠੇਠ ਪੰਜਾਬੀ ਹੈ ਪਰ ਇਸ ਵਿੱਚ ਵਰਤੀ ਗਈ ਫ਼ਾਰਸੀ ਦੀ ਸ਼ਬਦਾਵਲੀ ਸੰਕਲਪਾਂ ਅਤੇ ਇਤਿਹਾਸ ਨਾਲ ਸੰਬੰਧਿਤ ਹੈ।
  • ਭਾਈ ਦਿਆਲ ਸਿੰਘ ਦੀ ਸਿੰਘਾਂ ਦੀ ਵਾਰ - ਇਸ ਵਾਰ ਬਾਰੇ ਵਧੇਰੇ ਵਿੲਥਾਰ ਨਹੀਂ ਮਿਲਦਾ ਪਰ ਇਹ ਵਾਰ ਯੁੱਧ ਦੇ ਬਿਆਨ ਅਤੇ ਸਿੰਘਾਂ ਦੀ ਵਾਰ ਹੋਣ ਕਰਕੇ ਢਾਡੀਆਂ ਦੀ ਜ਼ੁਬਾਨ ਤੇ ਰਹੀ।
  • ਤੇਜਭਾਨ ਦੀ ਕਾਨ੍ਹ ਭਗਵਾਨ ਦੀ ਵਾਰ - ਤੇਜਭਾਨ ਨੇ ਇਸ ਵਾਰ ਵਿੱਚ ਕ੍ਰਿਸ਼ਨ ਦੇ ਜਿਸ ਪ੍ਰਸੰਗ ਨੂੰ ਪੇਸ਼ ਕੀਤਾ ਹੈ ਇਸ ਪ੍ਰਸੰਗ ਦੇ ਕੁਝ ਹਿੱਸੇ ਕਵੀ ਸੋਂਧਾ ਨੇ ਵੀ ਆਪਣੀ ਪ੍ਰੇਮ ਦੀ ਵਾਰ ਵਿੱਚ ਪੇਸ਼ ਕੀਤੇ ਹਨ।
  • ਕਵੀ ਸੌਂਧਾ ਦੀ ਪ੍ਰੇਮ ਦੀ ਵਾਰ - ਕਵੀ ਇਸ ਵਾਰ ਨੂੰ ਪਉੜੀਆਂ ਤੇ ਦੋਹਰਿਆਂ ਦੇ ਰੂਪ ਵਿੱਚ ਲਿਖਦਾ ਹੈ। ਪਉੜੀ ਵਿੱਚ ਉਹ ਕਥਾ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ।
  • ਭੰਗਾਣੀ ਦੀ ਵਾਰ - ਕਵੀ ਇਸ ਵਾਰ ਦੀ ਠੇਠ ਭਾਸ਼ਾ ਵਰਤਦਾ ਹੈ ਅਤੇ ਵਾਰ ਦੇ ਵਿਸ਼ੇ ਅਤੇ ਬਿਰਤਾਂਤ ਦੇ ਮੁਤਾਬਿਕ ਸ਼ਬਦਾ ਦੀ ਚੋਣ ਕਰਦਾ ਹੈ। ਛੰਦ ਅਤੇ ਸ਼ਬਦ ਇੱਕ ਮਿੱਕ ਹੋ ਕੇ ਬੀਰ ਰਸੀ ਪ੍ਰਭਾਵ ਪੈਦਾ ਕਰਦੇ ਹਨ।
  • ਕਵੀ ਸੋਭਾ (ਬਲੋਚ) ਦੀ ਮੁਲਤਾਨ ਦੀ ਵਾਰ - ਕਵੀ ਸੋਭਾ ਬਲੋਚ ਨੇ ਮੁਲਤਾਨ ਦੀ ਵਾਰ ਲਿਖੀ ਹੈ। ਮੁਲਤਾਨ ਦੀ ਜੰਗ ਨੂੰ ਹੋਰ ਕਵੀਆਂ ਨੇ ਵੀ ਬਿਆਨ ਕੀਤਾ ਹੈ ਪਰ ਮੁਲਤਾਨੀ ਵਿੱਚ ਬਿਆਨ ਕਰਨ ਵਾਲਾ ਕੇਵਲ ਸੋਭਾ ਬਲੋਚ ਹੀ ਹੈ।

ਆਧੁਨਿਕ ਕਾਲ ਦੀਆਂ ਵਾਰਾਂ

ਸੋਧੋ
  • ਵਿਧਾਤਾ ਸਿੰਘ ਤੀਰ ਦੀ ਸਰਹੰਦ ਦੀ ਵਾਰ - ਵਿਧਾਤਾ ਸਿੰਘ ਤੀਰ ਨੇ ਸਰਹੰਦ ਦੀ ਵਾਰ ਲਿਖੀ।ਇਸ ਵਾਰ ਦਾ ਸਰੂਪ ਵਧੇਰੇ ਜੰਗਨਾਮੇ ਨਾਲ ਮਿਲਦਾ ਹੈ ਪਰ ਉਸਨੇ ਇਸਨੂੰ ਇੱਕ ਵਾਰ ਦੇ ਛੰਦ ਦੇ ਰੂਪ ਵਿੱਚ ਲਿਖਿਆ ਹੈ।
  • ਹਰਿੰਦਰ ਸਿੰਘ ਰੂਪ ਦੀਆਂ ਵਾਰਾਂ - ਹਰਿੰਦਰ ਸਿੰਘ ਰੂਪ ਨੇ ਵਾਰਾਂ ਦੀਆਂ ਚਾਰ ਪੁਸਤਕਾਂ ਦੀ ਰਚਨਾ ਕੀਤੀ: ਪੰਜਾਬ ਦੀਆਂ ਵਾਰਾਂ(1942),ਲੋਕ ਵਾਰਾਂ(1951),ਮਨੁੱਖ ਦੀ ਵਾਰ(1952),ਹਿਮਾਲਾ ਦੀ ਵਾਰ(1969)
  • ਮੋਹਨ ਸਿੰਘ ਦੀਆਂ ਵਾਰਾਂ - ਮੋਹਨ ਸਿੰਘ ਪੰਜਾਬੀ ਦਾ ਚਰਚਿਤ ਰਮਾਂਟਿਕ ਅਤੇ ਪ੍ਰਗਤੀਸ਼ੀਲ ਕਵੀ ਹੈ। ਉਸਨੇ ਚਾਰ ਵਾਰਾਂ ਲਿਖੀਆਂ ਕੁਸੰਭੜ ਕਾਵਿ ਸੰਗ੍ਰਹਿ ਵਿੱਚ ਰਾਣੀ ਸਾਹਿਬ ਕੌਰ ਦੀ ਵਾਰ, ਵੱਡਾ ਵੇਲਾ ਵਿੱਚ ਕਿਹਰੇ ਦੀ ਵਾਰ, ਆਵਾਜ਼ਾਂ ਵਿੱਚ ਮੰਗਲੀ ਦੀ ਵਾਰ ਅਤੇ ਗੱਜਣ ਸਿੰਘ ਦੀ ਵਾਰ।
  • ਪਿਆਰਾ ਸਿੰਘ ਸਹਿਰਾਈ ਦੀਆਂ ਵਾਰਾਂ - ਇਹ ਪੰਜਾਬੀ ਦਾ ਪ੍ਰਗਤੀਸ਼ੀਲ ਕਵੀ ਸੀ। ਉਸਦੀ ਲਿਖੀ ਤਿਲੰਗਨਾ ਦੀ ਵਾਰ ਉਸਦੇ ਕਾਵਿ ਸੰਗ੍ਰਹਿ ਸਮੇਂ ਦੀ ਵਾਰ ਵਿੱਚ ਸਾਹਮਣੇ ਆਈ।
  • ਸੋਹਣ ਸਿੰਘ ਸ਼ੀਤਲ ਦੀਆਂ ਵਾਰਾਂ - ਸੋਹਣ ਸਿੰਘ ਗਲਪਕਾਰ ਵੀ ਸੀ ਤੇ ਇਤਿਹਾਸਕਾਰ ਵੀ। ਉਸ ਨੇ ਆਪਣੀਆਂ ਵਾਰਾਂ ਨੂੰ ਢਾਡੀ ਵਾਰਾਂ ਆਖਿਆ ਹੈ। ਉਸਦੀ ਇੱਕ ਵਾਰ ਵਲੀ ਕੰਧਾਰੀ ਹੈ।
  • ਹਜ਼ਾਰਾ ਸਿੰਘ ਗੁਰਦਾਸਪੁਰੀ ਦੀਆਂ ਵਾਰਾਂ - ਹਜ਼ਾਰਾ ਸਿੰਘ ਗੁਰਦਾਸਪੁਰੀ ਦਾ ਚਰਚਾ ਜਿਥੇ ਉਸਦੇ ਗੀਤਾਂ, ਨਜ਼ਮਾਂ ਤੇ ਗ਼ਜ਼ਲਾਂ ਕਰਕੇ ਹੋਇਆ, ਉਥੇ ਉਸਦੀ ਪੁਸਤਕ ਵਾਰਾਂ ਦੀ ਬਾਦਸ਼ਾਹੀ ਕਰਕੇ ਵੀ ਹੋਇਆ। ਇਸ ਪੁਸਤਕ ਵਿੱਚ ਉਸਦੀਆਂ ਕਈ ਵਾਰਾਂ ਹਨ।
  • ਗੁਰਦੇਵ ਸਿੰਘ ਮਾਨ ਦੀ ਅਕਾਲੀ ਫੂਲਾ ਸਿੰਘ ਦੀ ਵਾਰ - ਗੁਰਦੇਵ ਸਿੰਘ ਮਾਨ ਦੀ ਇਹ ਵਾਰ ਕਾਫ਼ੀ ਚਰਚਿਤ ਰਹੀ। ਇਸ ਵਾਰ ਦਾ ਚਰਚਾ ਇਸ ਦੇ ਬੀਰ ਰਸੀ ਬਿਆਨ ਕਰਕੇ ਹੋਇਆ ਹੈ।
  • ਬਲਜੀਤ ਤੁਲਸੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਬਲਜੀਤ ਤੁਲਸੀ ਨੇ ਇਸ ਵਾਰ ਨੂੰ ਆਮ ਵਾਰਾਂ ਤੋਂ ਵੱਖਰੀ ਵਿਧੀ ਵਿੱਚ ਲਿਖੀਆ ਹੈ। ਇਸ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਪ੍ਰਸ਼ਨ ਉੱਤਰ ਹਨ।
  • ਰਾਮ ਨਰੈਣ ਦਰਦੀ ਦੀ ਵਾਰ ਮੇਜਰ ਭੁਪਿੰਦਰ ਸਿੰਘ - ਰਾਮ ਨਰੈਣ ਸਿੰਘ ਦਰਦੀ ਦੀਆਂ ਦੋ ਵਾਰਾਂ ਵਿਸ਼ੇਸ਼ ਚਰਚਾ ਵਿੱਚ ਹਨ। ਵਾਰ ਭੁਪਿੰਦਰ ਸਿੰਘ 1967 ਵਿੱਚ ਪ੍ਰਕਾਸ਼ਤ ਹੋਈ ਅਤੇ ਵਾਰ ਗੋਆ ਦਾ ਜੇਤੂ ਮੇਜਰ ਸ਼ਿਵਦੇਵ 1972 ਵਿੱਚ ਪ੍ਰਕਾਸ਼ਤ ਹੋਈ।
  • ਤੇਰਾ ਸਿੰਘ ਚੰਨ ਦੀਆਂ ਵਾਰਾਂ - ਤੇਰਾ ਸਿੰਘ ਚੰਨ ਨੇ ਦੋ ਵਾਰਾਂ ਲਿਖੀਆਂ। 1950 ਵਿੱਚ ਅਗਸਤ 1947 ਦੀ ਵਾਰ ਅਤੇ 1951 ਵਿੱਚ ਭਗਤ ਸਿੰਘ ਦੀ ਵਾਰ।
  • ਪ੍ਰੀਤਮ ਸਿੰਘ ਕਾਸਦ ਦੀ ਅਕਾਲੀ ਫੂਲਾ ਸਿੰਘ ਦੀ ਵਾਰ - ਪ੍ਰੀਤਮ ਸਿੰਘ ਕਾਸਦ ਪੰਜਾਬ ਦਾ ਪ੍ਰਸਿੱਧ ਸਟੇਜੀ ਕਵੀ ਹੈ।ਉਸਨੇ ਵਾਰ ਅਕਾਲੀ ਫੂਲਾ ਸਿੰਘ ਲਿਖੀ। ਉਸਨੇ ਇਹ ਵਾਰ 1965 ਵਿੱਚ ਲਿਖੀ ਪਰ ਇਹ ਵਾਰ ਚਰਚਿਤ ਨਾ ਹੋ ਸਕੀ।
  • ਅਹਿਮਦ ਸਲੀਮ ਦੀ ਯੂਨੀਵਰਸਿਟੀ ਕੈਂਪਸ ਵਾਰ - ਅਹਿਮਦ ਸਲੀਮ ਪਾਕਿਸਤਾਨ ਦਾ ਪ੍ਰਗਤੀਸ਼ੀਲ ਕਵੀ ਹੈ। ਉਸਨੇ ਆਪਣੇ ਕਾਵਿ ਸੰਗ੍ਰਹਿ ਤਨਤੰਬਰੂ ਵਿੱਚ ਇੱਕ ਸੰਖੇਪ ਯੂਨੀਵਰਸਿਟੀ ਕੈਂਪਸ ਦੀ ਵਾਰ ਲਿਖੀ ਹੈ।

ਜੰਗਨਾਮਾ

ਸੋਧੋ

"ਵਾਰ ਤੇ ਜੰਗਨਾਮਾ ਕਵਿਤਾ ਦੀਆਂ ਬਹੁਤ ਨੇੜੇ ਦੀਆਂ ਵਿਧਾਵਾਂ ਹਨ। ਕਾਨ੍ਹ ਸਿੰਘ ਨਾਭਾ ਨੇ ਇਸ ਨੂੰ “ਯੁੱਧ ਦੀ ਕਥਾ ਦਾ ਗ੍ਰੰਥ” ਆਖਿਆ ਤੇ ਇਸ ਨੂੰ ਵਾਰ ਨਾਲੋਂ ਵਧੇਰੇ ਵੱਖ ਨਾ ਕੀਤਾ।"[3] ਡਾ. ਰਤਨ ਸਿੰਘ ਜੱਗੀ ਨੇ ̔ਸਾਹਿਤ ਕੋਸ਼ ਵਿੱਚ ਕਿਹਾ “ਜੰਗਨਾਮੇ ਵਿੱਚ ਕੋਈ ਵਾਸਤਵਿਕ ਘਟਨਾ ਦਾ ਹੀ ਬਿਆਨ ਹੁੰਦਾ ਹੈ, ਪਰ ਵਾਰ ਕਾਲਪਨਿਕ ਘਟਨਾਵਾਂ ਉੱਤੇ ਵੀ ਲਿਖੀ ਜਾ ਸਕਦੀ ਹੈ।”ਪੰਜਾਬੀ ਵਿੱਚ ਚਰਚਿਤ ਜੰਗਨਾਮਾ ਕਵੀ ਮੁਕਬਲ ਨੇ 1747 ਵਿੱਚ ਸਾਹਮਣੇ ਲਿਆਂਦਾ। ਇਸ ਵਿੱਚ ਹਸਨ ਹੁਸੈਨ ਦੀ ਸ਼ਹੀਦੀ ਨੂੰ ਬਿਆਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਅਣੀ ਰਾਇ ਨੇ ̔ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਲਿਖਿਆ। ਪੰਜਾਬੀ ਵਿੱਚ ਇਸ ਤੋਂ ਪਿੱਛੋਂ ਕਾਨ੍ਹ ਸਿੰਘ ਬੰਗਾ ਦਾ ਜੰਗਨਾਮਾ ਲਾਹੌਰ ਦਾ ਚਰਚਾ ਹੋਇਆ। ਸ਼ਾਹ ਮੁਹੰਮਦ ਦਾ ਜੰਗਨਾਮਾ ਕਾਫੀ ਪ੍ਰਮੁੱਖ ਹੈ। ਜੰਗਨਾਮਾ ਅਸਲੋਂ ਫ਼ਾਰਸੀ ਪ੍ਰਧਾਨ ਸ਼ੈਲੀ ਵਿੱਚ ਪੰਜਾਬੀ ਕਾਵਿ ਰੂਪ ਹੈ। ਜੰਗਨਾਮੇ ਅਧਿਕਤਰ ਮੁਸਲਮਾਨ ਕਵੀਆਂ ਨੇ ਲਿਖੇ।

ਹਵਾਲੇ

ਸੋਧੋ
  1. ਡਾ. ਗੰਡਾ ਸਿੰਘ, ਪੰਜਾਬੀ ਵਾਰਾਂ, ਪੰਨਾ 417
  2. ਡਾ. ਸਤਿੰਦਰ ਸਿੰਘ ਨੂਰ, ਪੰਜਾਬੀ ਵਾਰ ਕਾਵਿ ਦਾ ਇਤਿਹਾਸ
  3. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 538