ਪੰਜਾਬੀ ਵਿਆਹ

(ਪੰਜਾਬੀ ਵਿਅਾਹ ਤੋਂ ਮੋੜਿਆ ਗਿਆ)

ਪੰਜਾਬੀ ਵਿਆਹ ਦੀਆਂ ਕਿਸਮਾਂ

ਪੰਜਾਬੀ ਵਿਆਹ

ਸੋਧੋ

ਵਿਆਹ

ਸੋਧੋ

ਮਨੁੱਖੀ ਜ਼ਿੰਦਗੀ ਵਿੱਚ ਵਿਆਹ ਦਾ ਅਹਿਮ ਸਥਾਨ ਹੈ। ਮੂਲ ਰੂਪ ਵਿੱਚ ਵਿਆਹ ਦੇ ਦੋ ਉਦੇਸ਼ ਹਨ ਇੱਕ ਤਾਂ ਇਹ ਜਿਨਸੀ ਸੰਬੰਧਾਂ ਨੂੰ ਵੱਸ ਕਰਨ ਦਾ ਮਨੁੱਖੀ ਸਮਾਜ ਦੁਆਰਾ ਅਪਣਾਇਆ ਇੱਕ ਸਥਾਨ ਹੈ ਅਤੇ ਦੂਜਾ ਇਹ ਔਲਾਦ ਦੇ ਸਮਾਜਕ ਸੰਬੰਧਾਂ ਅਤੇ ਜਿੰਮੇਵਾਰੀ ਨੂੰ ਨਿਰਧਾਰਤ ਕਰਨ ਦੀ ਪ੍ਰਿਸ਼ਠ ਭੂਮੀ ਵੀ ਪੇਸ਼ ਕਰਦਾ ਹੈ। ਮਨੁੱਖੀ ਜ਼ਿੰਦਗੀ ਦੇ ਤਿੰਨ ਪ੍ਰਮੁੱਖ ਪੜਾਵਾਂ ਜਨਮ, ਵਿਆਹ ਅਤੇ ਮੌਤ ਵਿਚੋਂ ਵਿਆਹ ਸਭ ਤੋਂ ਮਹੱਤਵਪੂਰਨ ਪੜਾਅ ਹੈ।1 ਛੁਹਾਰਾ ਲੱਗਣਾ ਇਸ ਰਸਮ ਅਨੁਸਾਰ ਲੜਕੀ ਦਾ ਪਿਤਾ ਲੜਕੇ ਦੇ ਹੱਥ ਉੱਤੇ ਸ਼ਗਨ ਧਰਦਾ ਹੈ। ਅੱਜ ਦੇ ਪੂੰਜੀਵਾਦੀ ਯੁੱਗ ਵਿੱਚ ਇਹ ਪੰਜ ਸੌ, ਹਜ਼ਾਰ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ। ਸੁੱਕਾ ਸੇਵਾ ਉਸਦੀ ਝੋਲੀ ਵਿੱਚ ਪਾ ਕੇ ਛੁਹਾਰਾ ਉਸਦੇ ਮੂੰਹ ਲਾਇਆ ਜਾਂਦਾ ਹੈ। ਇਸ ਲਈ ਇਸ ਰਸ਼ਮ ਦਾ ਨਾਂ ਛੁਹਾਰਾ ਲੱਗਣਾ ਮੰਨਿਆ ਜਾਂਦਾ ਹੈ।2

ਵਿਆਹ ਕਢਵਾਉਣਾ

ਸੋਧੋ

ਪੰਡਿਤ ਮੁੰਡੇ ਅਤੇ ਕੁੜੀ ਦੇ ਨਖ਼ਸ਼ੱਤਰ ਦੇਖ ਕੇ ਵਿਆਹ ਦਾ ਮਹੂਰਤ ਕੱਢਦਾ ਹੈ ਜੇ ਗ੍ਰਹਿ ਦਿਸ਼ਾ ਠੀਕ ਨਾ ਹੋਵੇ ਤਾਂ ਭਜਨ, ਜਪ ਜਾਂ ਪੁੰਨ ਦਾਨ ਕਰਵਾਇਆ ਜਾਂਦਾ ਹੈ। ਵਿਆਹ ਦੀ ਤਾਰੀਖ਼ ਨਿਸ਼ਚਿਤ ਹੋ ਜਾਂਦੀ ਹੈ, ਜਿਸਨੂੰ ਵਿਆਹ ਕਢਵਾਉਣਾ ਕਿਹਾ ਜਾਂਦਾ ਹੈ।3

ਘੋੜੀਆਂ ਗਾਉਣਾ

ਸੋਧੋ

ਭੂਮਿਕਾ

ਸੋਧੋ

ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਵਿਆਹ ਤੋਂ ਪੰਜ ਜਾਂ ਸੱਤ ਦਿਨ ਪਹਿਲਾਂ ਵਿਆਹ ਵਾਲੇ ਘਰ ਗਾਉਣ ਬਿਠਾ ਦਿੱਤਾ ਜਾਂਦਾ ਹੈ। ਮੁੰਡੇ ਦੇ ਵਿਆਹ ਤੋਂ ਪਹਿਲਾਂ ਰੋਜ਼ ਰਾਤ ਨੂੰ ਇਹ ਗੀਤ ਗਾਏ ਜਾਂਦੇ ਹਨ। ਲਾਗੀ ਸਾਰੇ ਘਰਾਂ ਵਿੱਚ ਗਾਉਣ ਦਾ ਸੱਦਾ ਦੇ ਆਉਂਦਾ ਹੈ। ਘਰ ਦੀਆਂ ਸੁਆਣੀਆਂ ਤੇ ਹੋਰ ਆਂਢਣਾਂ-ਗੁਆਢਣਾਂ ਤੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਕੰਮ ਕਾਰ ਤੋਂ ਵਿਹਲੀਆਂ ਹੋ ਕੇ ਰਾਤ ਨੂੰ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ। ਗੀਤ ਸ਼ੁਰੂ ਕਰਨ ਤੋਂ ਪਹਿਲਾਂ ਮੁੰਡੇ ਦੇ ਵਿਆਹ `ਤੇ ਪੰਜ ਜਾਂ ਸੱਤ ਘੋੜੀਆਂ ਗਾਉਣੀਆਂ ਜ਼ਰੂਰੀ ਹਨ।4 ਸਾਡੇ ਸਮਾਜਿਕ ਤਾਣੇ-ਬਾਣੇ ਵਿੱਚ ਕੋਈ ਵੀ ਕਾਰਜ ਲੋਕਗੀਤਾਂ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਦਾ। ਇਨਸਾਨ ਦੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਬਾਅਦ ਵਿੱਚ ਉਸਦੀਆਂ ਯਾਦਾਂ ਦੇ ਪਰਛਾਵੇਂ ਵੀ ਲੋਕਗੀਤਾਂ ਵਿੱਚ ਬੱਝੇ ਹੁੰਦੇ ਹਨ। ਲੜਕੇ ਦੇ ਵਿਆਹ ਤੋਂ ਪਹਿਲਾ ਚਾਉ ਮਲਾਰਾ ਤੇ ਸ਼ਗਨਾ ਤੇ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਇਹ ਲੜਕੇ ਦੇ ਵਿਆਹ ਤੋਂ ਪਹਿਲਾਂ ਗਿਆਰਾ, ਨੌ, ਸੱਤ ਜਾਂ ਪੰਜ ਦਿਨਾਂ ਤੋਂ ਆਰੰਭ ਕਰਕੇ ਵਿਆਹ ਵਾਲੇ ਦਿਨ ਤੱਕ ਇਸਤਰੀ ਜਾਤੀ ਵੱਲੋਂ ਗਾਈਆਂ ਜਾਂਦੀਆਂ ਹਨ ਜਿੱਥੋ ਤੱਕ ਘੋੜੀਆਂ ਨੂੰ ਗਾਉਣ ਦੇ ਸਮੇਂ ਦਾ ਸੰਬੰਧ ਹੈ। ਇਹ ਇਸਤਰੀ ਵਰਗ ਵੱਲੋਂ ਰਾਤ ਦੇ ਪਹਿਲੇ ਪਹਿਰ ਤੋਂ ਆਰੰਭ ਕਰਕੇ ਲਗਪਗ ਅੱਧੀ ਰਾਤ ਤੱਕ ਦੇ ਸਮੇਂ `ਚ ਸਮੂਹਿਕ ਤੌਰ ਤੇ ਗਾਈਆਂ ਜਾਂਦੀਆਂ ਹਨ।

‘ਘੋੜੀ` ਸ਼ਬਦ ਤੋਂ ਇਸ ਬਾਰੇ ਭੁਲੇਖਾ ਪੈਂਦਾ ਹੈ ਜਿਵੇਂ ਇਹ ਲਾੜੇ ਦੇ ਸਿਰਫ਼ ਘੋੜੀ ਚੜ੍ਹਨ ਵੇਲੇ ਗਾਏ ਜਾਣ ਵਾਲੇ ਗੀਤ ਹੀ ਹੋਣ। ਅਸਲ ਵਿੱਚ ਘੋੜੀ ਉਨ੍ਹਾਂ ਸਾਰੇ ਗੀਤਾਂ ਨੂੰ ਕਹਿਣਾ ਚਾਹੀਦਾ ਹੈ ਜੋ ਸਿੱਧੇ ਤੌਰ ਤੇ ਲਾੜੇ-ਵੀਰ ਦੇ ਨਾਇਕਤਵ ਨਾਲ ਸਬੰਧਤ ਹਨ। ਘੋੜੀ ਚੜ੍ਹਨ ਦੀ ਰਸਮ ਪੁੱਤ ਵਾਲੇ ਘਰ ਵਿੱਚ ਵਿਆਹ ਸਬੰਧੀ ਕੇਂਦਰੀ ਰਸਮ ਹੈ। ਬਹੁਤੇ ਗੀਤ ਲਾੜੇ ਦੀ ਜੰਨ ਦੀ ਤਿਆਰੀ, ਜੰਨ ਚੜ੍ਹਨ ਵੇਲੇ ਦੇ ਸ਼ਗਨਾਂ ਅਤੇ ਘੋੜੀ ਨਾਲ ਸਬੰਧਤ ਗੀਤ ਹੋਣ ਕਰਕੇ ਇਨ੍ਹਾਂ ਨੂੰ ਇੱਕ ਨਾਂ ‘ਘੋੜੀ` ਜਾਂ ‘ਘੋੜੀਆਂ` ਦਿੱਤਾ ਗਿਆ ਹੈ। ਵਿਸ਼ਾਲ ਅਰਥਾਂ ਵਿੱਚ ਘੋੜੀਆਂ, ਭੈਣਾਂ ਵੱਲੋਂ ਵੀਰ ਉੱਤੇ ਪਿਆਰ ਭਰੇ ਆਗ੍ਰਿਹ ਅਤੇ ਅਧਿਕਾਰ ਦੇ ਗੀਤ ਹਨ। ਜਿਹੜੇ ਲਾੜੇ-ਵੀਰ ਦੇ ਵਿਆਹ ਸਮੇਂ ਗਏ ਜਾਂਦੇ ਹਨ। ਪਰਿਭਾਸ਼ਾ ਡਾ. ਕਰਨੈਲ ਸਿੰਘ ਥਿੰਦ ਅਨੁਸਾਰ, “ਲੜਕੇ ਦੇ ਵਿਆਹ ਸੰਸਕਾਰ ਦੇ ਸੰਬੰਧ ਵਿੱਚ ਘੋੜੀ ਦੀ ਰਸਮ ਸਮੇਂ ਇਸਤਰੀਆਂ ਵੱਲੋਂ ਜਿਹੜੇ ਗੀਤ ਗਾਏ ਜਾਂਦੇ ਹਨ, ਉਹ ਘੋੜੀਆਂ ਹਨ। ਜਿਨ੍ਹਾਂ ਗੀਤਾਂ ਵਿੱਚ ਘੋੜੀ ਸ਼ਬਦ ਬਾਰ-ਬਾਰ ਦੁਹਰਾਇਆ ਜਾਂਦਾ ਹੈ।” (ਲੋਕਯਾਨ, ਸਫਾ 148) ਮਹਿੰਦਰ ਸਿੰਘ ਰੰਧਾਵਾ ਅਨੁਸਾਰ, “ਮੁੰਡੇ ਦੇ ਘਰ ਗਏ ਜਾਣ ਵਾਲੇ ਗੀਤਾਂ ਨੂੰ “ਘੋੜੀਆਂ” ਆਖਦੇ ਹਨ।” (ਪੰਜਾਬੀ ਲੋਕ ਗੀਤ, ਸਫਾ 315) ਬਿਕਰਮ ਸਿੰਘ ਘੁੰਮਣ ਅਨੁਸਾਰ, “ਘੋੜੀਆਂ, ਮੁੰਡਿਆਂ ਦੇ ਜਨਮ ਅਤੇ ਵਿਆਹ ਦੇ ਸ਼ੁਭ-ਇਛਾਂਵਾਂ ਦੇ ਗੀਤ ਹੁੰਦੇ ਹਨ। (ਸੁੱਚੇ ਪੱਟ ਦੀ ਮੈਂ ਫੁਲਕਾਰੀ)

ਘੋੜੀ ਚੜ੍ਹਨਾ

ਸੋਧੋ

ਵਿਆਹ ਦੇ ਸ਼ੁਭ ਅਵਸਰ ਤੇ ਲਾੜ੍ਹਾਂ ਘੋੜੀ ਉੱਤੇ ਸਵਾਰ ਹੁੰਦਾ ਹੈ ਤੇ ਬਾਕੀ ਬਰਾਤੀ ਉਸ ਦੇ ਨਾਲ-ਨਾਲ ਪੈਦਲ ਤੁਰਦੇ ਹਨ। ਅੱਗੇ ਢੋਲ ਵਾਜੇ ਤੇ ਸ਼ਹਿਨਾਈਆਂ ਵਜ ਰਹੀਆਂ ਹੁੰਦੀਆਂ ਹਨ। ਬਰਾਤ ਵਿੱਚ ਸ਼ਾਮਲ ਗਭਰੂ ਨੱਚਦੇ ਟੱਪਦੇ ਤੇ ਭੰਗੜੇ ਪਾਉਂਦੇ ਹਨ। ਬਰਾਤ ਤੁਰਨ ਵੇਲੇ ਲੜਕੇ ਦੀਆਂ ਭੈਣਾਂ ਭਰਜਾਈਆਂ ਕਈ ਤਰ੍ਹਾਂ ਦੇ ਸ਼ਗਨ ਕਰਦੀਆਂ ਹਨ। ਵੱਡੀ ਭਰਜਾਈ ਲਾਂੜੇ ਦੀਆਂ ਅੱਖਾਂ ਵਿੱਚ ਸੁਰਮਾ ਪਾਉਂਦੀ ਹੈ ਅਤੇ ਭੈਣਾਂ ਘੋੜੀ ਦੀ ‘ਵਾਂਗ ਫੜਦੀਆਂ`, ‘ਵਾਂਗ ਗੁੰਦਦੀਆਂ` ਤੇ ਘੋੜੀ ਨੂੰ ਦਾਲ ਚੁਗਾਉਂਦੀਆ ਹਨ। ਲਾੜ੍ਹਾ ਸਭਨਾਂ ਨੂੰ ਸ਼ਗਨ ਵਜੋਂ ਰੁਪਏ ਭੇਟ ਕਰਦਾ ਹੈ। ਇਸ ਮੌਕੇ ਤੀਵੀਆਂ ਗੀਤਾਂ ਦੀਆਂ ਸਵਰ ਲਹਿਰੀਆਂ ਛੇੜੀ ਰੱਖਦੀਆਂ ਹਨ।

ਘੋੜੀ ਦੇ ਗੀਤ

ਸੋਧੋ

ਉਹ ਗੀਤ ਜੋ ਤੀਵੀਆਂ ਲਾੜੇ ਦੇ ਘੋੜੀ ਚੜ੍ਹਨ ਵੇਲੇ ਗਾਉਂਦੀਆਂ ਹਨ। ਇਨ੍ਹਾਂ ਮੰਗਲ ਗੀਤਾਂ ਨੂੰ ‘ਘੋੜੀਆਂ` ਵੀ ਕਿਹਾ ਜਾਂਦਾ ਹੈ ਅਤੇ ਇਹ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਵਰ ਦੇ ਘਰ ਗਾਈਆਂ ਜਾਣ ਲੱਗ ਪੈਂਦੀਆਂ ਹਨ। ਘੋੜੀਆਂ ਵਿੱਚ ਲਾੜ੍ਹੇ ਦੇ ਰੂਪ ਤੇ ਫੱਬਣ, ਜੰਞ ਦੀ ਚੜ੍ਹਤ ਤੇ ਟੋਹਰ ਦਾ ਜਸ ਗਾਇਆ ਗਿਆ ਹੁੰਦਾ ਹੈ। ਇਸਨੂੰ ‘ਜਸ ਗੀਤ` ਵੀ ਕਹਿੰਦੇ ਹਨ। ਚੀਰਾ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ ਕਲਗੀ ਡੇਢ ਤੇ ਹਜ਼ਾਰ, ਮੈ ਬਲਿਹਾਰੀ। ਵੇ ਮਾਂ ਦਿਆ ਸ਼ਰਜਨਾ ਘੋੜੀਆਂ ਵਿੱਚ ਮਾਂ ਤੇ ਭੈਣਾਂ ਭਰਜਾਈਆਂ ਦੀਆਂ ਰੀਝਾਂ ਸਧਰਾ ਤੇ ਲਾਲਸਾਵਾਂ ਕਈ ਰੰਗਾ ਤੇ ਰੂਪਾਂ ਵਿੱਚ ਪੁੰਗਰਦੀਆਂ ਤੇ ਮੀਂਹ ਦੀਆਂ ਕਣੀਆਂ ਵਾਂਗ ਇੱਕ ਤਾਲ ਵਿੱਚ ਨਚਦੀਆਂ ਹਨ। ਨਿੱਕੀ ਨਿੱਕੀ ਬੂੰਦੀ, ਨਿੱਕਿਆਂ, ਮੀਂਹ ਵੇ ਵਰ੍ਹੇ। ਨੂੰ ਨਿਕਿਆਂ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ। ਵੇ ਨਿੱਕਿਆਂ, ਦੰਮ ਦੀ ਬੋਰੀ ਤੇਰਾ ਬਾਬਾ ਫੜੇ। ਨੂੰ ਨਿੱਕਿਆ, ਹਾਥੀਆਂ ਦੇ ਸੰਗਲ ਤੇਰਾ ਵੀਰ ਫੜੇ।

ਘੋੜੀ ਦੀਆਂ ਰੀਤਾਂ

ਸੋਧੋ

ਵਿਆਹ ਵੇਲੇ ਵਰ ਨੂੰ ਘੋੜੀ ਤੇ ਚੜਾਇਆ ਜਾਂਦਾ ਹੈ, ਇਸ ਸਮੇਂ ਕਈ ਸ਼ਗਨ ਤੇ ਰੀਤਾਂ ਕੀਤੀਆਂ ਜਾਂਦੀਆਂ ਹਨ, ਜਿੰਨ੍ਹਾਂ ਨੂੰ ਘੋੜੀ ਦੀਆਂ ਰੀਤਾਂ ਕਹਿੰਦੇ ਹਨ। ਜਦੋਂ ਲਾੜਾ ਘੋੜੀ ਚੜ੍ਹਦਾ ਹੈ ਤਾਂ ਭਰਜਾਈਆਂ ਉਸਨੂੰ ਸ਼ਗਨ ਵਜੋਂ ਕੁਝ ਦੇਂਦੀਆਂ ਹਨ। ਇਸ ਪਿੱਛੋ ਵੱਡੀ ਭਰਜਾਈ ਲਾੜ੍ਹੇ ਦੇ ਰੂਪ ਨੂੰ ਸਾਣ ਚਾੜ੍ਹਨ ਲਈ ਉਸ ਦੀਆਂ ਅੱਖਾਂ ਵਿੱਚ ਸਲਾਈ ਨਾਲ ਸੁਰਮਾ ਪਾਉਂਦੀ ਹੈ ਅਤੇ ਦੇਵਰ ਭਰਜਾਈ ਨੂੰ ਸ਼ਗਨ ਦੇ ਤੌਰ ਉੱਤੇ ਕੁਝ ਰੁਪਏ ਭੇਟ ਕਰਦਾ ਹੈ। ਇਸ ਪਿੱਛੋਂ ਉਪਜਾਇਕਤਾ ਦੀ ਰੀਤ ਕੀਤੀ ਜਾਂਦੀ ਹੈ ਅਤੇ ਦੁਲੇ ਦੀ ਗੋਦ ਵਿੱਚ ਭਰਾ ਜਾ ਕਿਸੇ ਹੋਰ ਸਾਕ ਦੇ ਛੋਟੇ ਲੜਕੇ ਨੂੰ ਬਿਠਾਇਆ ਜਾਂਦਾ ਹੈ। ਇਸ ਮੌਕੇ ਤੇ ਭੈਣਾ ਘੋੜੀ ਦੀਆਂ ਵਾਂਗਾਂ ਗੁੰਦੀਆਂ ਹਨ। ਘੋੜੀ ਦੇ ਅਯਾਲਾਂ ਨੂੰ ਕੰਘੀ ਨਾਲ ਵਾਹ ਕੇ, ਗੀਤ ਗਾਉਂਦੀਆਂ ਹੋਈਆਂ, ਗੁਤ ਵਾਂਙ, ਇੱਕ ਦੋ ਵਲ ਪਾਉਂਦੀਆਂ ਹਨ ਤੇ, ਦੁਲ੍ਹਾਂ ਭੈਣਾਂ ਨੂੰ ਸ਼ਗਨ ਵਜੋਂ ਕੁਝ ਰੁਪਏ ਦੇਂਦਾ ਹੈ। ਇਸ ਪਿੱਛੋਂ ਦਾਲ ਚਾਰਨ ਦੀ ਰੀਤ ਕੀਤੀ ਜਾਂਦੀ ਹੈ ਦੁਲ੍ਹੇ ਦੀਆਂ ਭੈਣਾਂ ਟੋਕਰੀ ਜਾਂ ਥਾਲ ਵਿੱਚ ਛੋਲਿਆਂ ਦੀ ਦਾਲ ਪਾ ਕੇ ਗੀਤ ਗਾਉਂਦੀਆਂ ਹੋਈਆ ਘੋੜੀ ਨੂੰ ਚਾਰਦੀਆਂ ਹਨ ਤੇ ਭਰਾ ਭੈਣਾਂ ਦੀ ਤਲੀ ਉੱਤੇ ਸ਼ਗਨਾ ਵਜੋਂ ਕੁਝ ਰੁਪਏ ਧਰਦਾ ਹੈ। ਘੋੜੀ ਦੀ ਸਭ ਤੋਂ ਪ੍ਰਸਿੱਧ ਰੀਤ ਜੰਡੀ ਕੱਟਣ ਦੀ ਹੈ। ਜੰਞ ਤੁਰਨ ਲਗਿਆਂ ਸਭ ਤੋਂ ਪਹਿਲਾਂ ਦੁਲਾਂ ਹੱਥ ਵਿੱਚ ਫੜੀ ਤਲਵਾਰ ਨਾਲ, ਕਿਸੇ ਜੰਡੀ ਨਾਲੋਂ ਰਸਮੀ ਢੰਗ ਨਾਲ ਟਹਿਣਾਂ ਵੱਡਦਾ ਹੈ। ਇਹ ਵਿਜੈ ਦਾ ਸ਼ਗਨ ਹੈ। ਜੰਡੀ ਕੱਟਣ ਪਿੱਛੋ ਜੱਟਾ ਵਿੱਚ ਦੁਲ੍ਹਾਂ ਜਠੇਰਿਆਂ ਨੂੰ ਮੱਥਾ ਟੇਕਦਾ ਹੈ। ਜੇ ਤੂੰ ਚੜ੍ਹਿਓ ਘੋੜੀ ਵੇ ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਨਿੱਕਿਆ ਮਾਂ ਦਿਆਂ ਲਾਡਲਿਆਂ, ਮੈਂ ਵਾਰੀ ਵੇ। ਜੇ ਤੂੰ ਵੱਡੀ ਜੰਡੀ ਵੇ ਤੇਰੀ ਮਾਂ ਨੇ ਸ਼ਕਰ ਵੰਡੀ ਵੇ ਨਿੱਕਿਆਂ ਮਾਂ ਦਿਆਂ ਲਾਡਲਿਆਂ, ਮੈ ਵਾਰੀ ਵੇ।

ਗਾਇਨ ਸ਼ੈਲੀ

ਸੋਧੋ

ਉਚਾਰਨ ਦੀ ਦ੍ਰਿਸ਼ਟੀ ਤੋਂ ਘੋੜੀਆਂ ਦੇ, ਦੋ ਸਵਾਣੀਆਂ ਦੇ ਜੁੱਟਾ ਵਿੱਚ ਅੰਤਰਾ ਦਰ ਅੰਤਰਾ ਗਾਏ ਜਾਣ ਵਾਲੇ ਗੀਤ ਹਨ। ਕਈ ਵਾਰ ਇਨ੍ਹਾਂ ਗੀਤਾਂ-ਰੂਪਾਂ ਨੂੰ ਪੇਸ਼ਕਾਰੀ ਦੀ ਸਥਿਤੀ ਅਨੁਸਾਰ ਸਮੂਹ ਵੱਲੋਂ ਸਮੂਹਕ ਰੂਪ ਵਿੱਚ ਵੀ ਗਾਇਆਂ ਜਾਂਦਾ ਹੈ। ਕਈ ਵਾਰ ਕਿਸੇ ਗੀਤ ਦੇ ਅੰਤਰਿਆਂ ਨੂੰ ਕੋਈ ਇੱਕਲੀ ਸਵਾਣੀ ਗਾਉਂਦੀ ਹੈ ਅਤੇ ਉਸ ਦੀ ਸਥਾਈ ਨੂੰ ਸਮੂਹ ਔਰਤਾਂ ਸਮੂਹਕ ਰੂਪ ਵਿੱਚ ਦੁਹਰਾ ਕੇ ਉਸ ਦਾ ਹੁੰਗਾਰਾ ਭਰਦੀਆਂ ਹਨ। ਇਸ ਵਿਧੀ ਦੇ ਗਾਇਨ ਸਮੇਂ ਮੁਰ੍ਹੇਲਣ ਦਾ ਬੇਲ ਬਾਕੀ ਸਵਾਣੀਆਂ ਦੇ ਸਮੂਹਕ ਉਚਾਰ ਦੀ ਅਗਵਾਈ ਕਰਦਾ ਹੈ।

ਗਾਇਨ ਮੌਕੇ

ਸੋਧੋ

ਪੁੱਤ ਵਾਲੇ ਘਰ ਘੋੜੀਆਂ ਅਤੇ ਹੋਰ ਗੀਤ ਗਾਉਣ ਦੇ ਪ੍ਰਮੁੱਖ ਮੌਕੇ ਹੇਠ ਲਿਖੇ ਹੁੰਦੇ ਹਨ। 1. ਸਾਹੇ ਚਿੱਠੀ ਖੋਲ੍ਹਣ ਸਮੇਂ, 2. ਵਿਆਹ ਤੋਂ ਪਹਿਲਾਂ ਦੇ ਦਿਨਾਂ ਵਿੱਚ ਬਿਠਾਏ ਗਏ ਗੌਣਾਂ ਵਿੱਚ 3. ਲਾੜੇ ਨੂੰ ਵਟਣਾ ਮਲਣ ਤੇ ਨਹਾਈ ਧੋਈ ਸਮੇਂ 4. ਜੰਨ ਚੜ੍ਹਨ ਤੋਂ ਪਹਿਲੇ ਦਿਨ ਨਿਉਂਦਾ ਪਾਉਣ ਸਮੇਂ 5. ਲਾੜੇ ਦੇ ਤਿਆਰੀ ਅਤੇ ਸਿਹਰਾ ਬੰਦੀ ਦੀ ਰਸਮ ਸਮੇਂ 6. ਜੰਨ ਚੜ੍ਹਨ ਤੋਂ ਪਹਿਲਾਂ ਧਾਰਮਕ ਸਥਾਨਾਂ ਉੱਤੇ ਮੱਥਾ ਟੇਕਣ ਜਾਂਦੇ ਸਮੇਂ

ਘੋੜੀਆਂ ਦੀ ਰਸਮ ਦਾ ਰੂਪਾਂਤਰਣ

ਸੋਧੋ

ਹੁਣ ਮਸ਼ੀਨੀ ਯੁੱਗ ਹੈ। ਲਾੜਾ ਹੁਣ ਘੋੜੀ ਤੇ ਚੜ੍ਹ ਕੇ ਲਾੜੀ ਨੂੰ ਵਿਆਹੁਣ ਨਹੀਂ ਜਾਂਦਾ, ਸਗੋਂ ਸਜੀ ਸਜਾਈ ਵੱਡੀ ਕਾਰ ਤੇ ਜਾਂਦਾ ਹੈ। ਲਾੜੀ ਨੂੰ ਵਿਆਹ ਕੇ ਆਪਣੀ ਕਾਰ ਵਿੱਚ ਹੀ ਬਿਠਾ ਕੇ ਲਿਆਉਂਦਾ ਹੈ। ਇਸ ਲਈ ਲਾੜੇ ਦੀ ਘੋੜੀ ਚੜ੍ਹਨ ਦੀ ਰਸਮ ਹੁਣ ਖ਼ਤਮ ਹੋ ਗਈ ਹੈ ਹਾਂ, ਅਜੇ ਵੀ ਕਈ ਪਰਿਵਾਰ ਜੰਨ ਘਰ ਦੇ ਨੇੜੇ ਆ ਕੇ, ਲਾੜੇ ਨੂੰ ਕਾਰ ਵਿਚੋਂ ਲਾਹ ਕੇ, ਘੋੜੀ ਤੇ ਬਿਠਾ ਕੇ ਜੰਨ ਘਰ ਲੈ ਕੇ ਜਾਂਦੇ ਵੇਖੇ ਜਾਂਦੇ ਹਨ। ਸਹਾਇਕ ਪੁਸਤਕ ਸੂਚੀ 1. ਰੰਧਾਵਾ, ਮਨਦੀਪ, ਦੂਰ ਵਸੇਂਦੇ ਨੌਕਰਾ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2005, ਪੰਨਾ 73 2. ਰਧਾਵਾ, ਸਤਿੰਦਰ ਕੌਰ, ਸਭਿਆਚਾਰ ਤੇ ਪੰਜਾਬੀ ਸਭਿਆਚਾਰ ਨਵ-ਪਰਿਪੇਖ, ਸੁੰਦਰ ਬੁੱਕ ਡਿਪੋ, ਜਲੰਧਰ, 2013, ਪੰਨਾ 133 3. ਬੇਦੀ, ਸੋਹਿੰਦਰ ਸਿੰਘ ਵਣਜਾਰਾ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ 5, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 822 4. ਬੇਦੀ, ਸੋਹਿੰਦਰ ਸਿੰਘ ਵਣਜਾਰਾ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ 7, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 1765 5. ਰੰਧਾਵਾ, ਮਹਿੰਦਰ ਸਿੰਘ ਤੇ ਸਤਿਆਰਥੀ, ਦੇਵਿੰਦਰ, ਪੰਜਾਬੀ ਲੋਕ ਗੀਤ, ਸਾਹਿਤ ਅਕਾਦਮੀ, ਨਵੀਂ ਦਿੱਲੀ, 1970, ਪੰਨਾ 315 6. ਨਾਹਰ ਸਿੰਘ (ਡਾ.), ਬਾਗੀਂ ਚੰਬਾ ਖਿੜ ਰਿਹਾ, ਜਿਲਦ 5, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ 54 7. ਘੁੰਮਣ, ਆਸਾ ਸਿੰਘ, ਵਿਆਹ ਦੇ ਲੋਕ ਗੀਤ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 1999, ਪੰਨਾ 22 8. ਕਹਿਲ, ਹਰਕੇਸ਼ ਸਿੰਘ, ਪੰਜਾਬੀ ਵਿਭਾਗ ਕੋਸ਼, ਯੂਨੀਸਟਾਰ ਬੁੱਕ, 2013, ਪੰਨਾ 429 9. ਥਿੰਦ, ਕਰਨੈਲ ਸਿੰਘ, ਪੰਜਾਬ ਦਾ ਲੋਕ ਵਿਰਸਾ, ਭਾਗ ਪਹਿਲਾ, ਪਬਲੀਕੇਸ਼ਨ, ਬਿਊਰੋ, ਪੰਜਾਬੀ ਯੂਨੀਵਰਸਿਟੀ, 2002, ਪੰਨਾ 133 10. ਨਾਹਰ ਸਿੰਘ (ਡਾ.), ਮਾਂ ਸੁਹਾਗਣ ਸ਼ਗਨ ਕਰੇ, ਜਿਲਦ 7, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2001, ਪੰਨਾ 107

ਸੁਹਾਗ

ਸੋਧੋ

ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਸਾਹਿਤ ਸੁਹਾਗ ਅਖਵਾਉਂਦੇ ਹਨ। ਸੁਹਾਗ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹੁਤਾ ਜਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰ ਪ੍ਰਭਾਵਾਂ ਹੇਠ ਬਣੇ ਸੁਪਨਿਆਂ ਆਦਿ ਦੇ ਪ੍ਰਗਟਾਅ ਦਾ ਮਾਧਿਅਮ ਬਣਦੇ ਹਨ।5

ਵਟਣਾ ਮਲਣਾ

ਸੋਧੋ

ਵਟਣਾ ਮਲਣਾ ਤੇ ਨਾਈ ਧੋਈ ਵਰਗੀ ਰਸਮ ਲਾੜੇ ਲਾੜੀ ਨੂੰ ਵਧੇਰੇ ਖੂਬਸੂਰਤ ਦਿੱਖ ਵਾਲੇ ਬਣਾਉਣੇ ਦੇ ਯਤਨ ਹੁੰਦੇ ਹਨ ਤਾਂ ਜੋ ਵਿਆਹ ਸਮੇਂ ਹਾਸ਼ੇ ਮਜਾਕ ਦੇ ਬਿੰਦੂ ਨਾ ਬਣਨ।6

ਸਿਹਰਾ ਬੰਨ੍ਹਣਾ

ਸੋਧੋ

ਲਾੜੇ ਨੂੰ ਸਿਹਰੇ ਨਾਲ ਲੁਕਾ ਦੇਣਾ ਵੀ ਅਸਲ ਵਿੱਚ ਦੇਖਣ ਵਾਲਿਆਂ ਲਈ ਉਤਸੁਕਤਾ ਪੈਦਾ ਕਰਨ ਦੀ ਵਿਧੀ ਹੈ। ਦੂਜਾ ਅਜਿਹੇ ਲੱਛਣਾਂ ਸਦਕਾ ਲਾੜਾ ਆਮ ਬਰਾਤੀਆਂ ਨਾਲੋਂ ਵੱਖਰੀ ਦਿਖ ਵਾਲਾ ਵੀ ਲਗਦਾ ਹੈ। ਇਸ ਦਾ ਸਿੱਟਾ ਉਸ ਨਾਲ ਵਰਤਣ ਵਾਲਿਆਂ ਦਾ ਰਉਂ-ਰੁੱਖ ਵਧੇਰੇ ਸਲੀਕੇ ਵਾਲਾ ਹੰੁਦਾ ਹੈ, ਕਿਉਂਕਿ ਸੰਬੰਧਿਤ ਸਮਾਗਮ ਦਾ ਉਹ ਹੀਰੋ ਹੁੰਦਾ ਹੈ।7

ਸਰਬਾਲਾ

ਸੋਧੋ

ਵਿਆਹ ਸਮੇਂ ਲਾੜੇ ਦਾ ਇੱਕ ਸਹਿਯੋਗੀ ਹੁੰਦਾ ਹੈ, ਜਿਸਨੂੰ ਸਰਬਾਲਾ ਕਿਹਾ ਜਾਂਦਾ ਹੈ। ਇਹ ਲਾੜੇ ਦਾ ਅੰਗ-ਰੱਖਿਅਕ ਹੁੰਦਾ ਹੈ। ਕਿਸੇ ਸੰਕਟਕਾਲੀਨ ਸਥਿਤੀ ਵਿੱਚ ਇਹ ਲਾੜੇ ਦੀ ਥਾਂ ਵੀ ਲੈ ਸਕਦਾ ਹੈ। ਸਰਬਾਲਾ ਅਕਸਰ ਲਾੜੇ ਦਾ ਛੋਟਾ ਕੁਆਰਾ ਭਰਾ ਹੁੰਦਾ ਹੈ ਜਿਹੜਾ ਵਹੁਟੀ ਦਾ ਦੇਵਰ ਹੁੰਦਾ ਹੈ।8

ਸੁਰਮਾ ਸਲਾਈ

ਸੋਧੋ

ਸੁਰਮਾ ਸਲਾਈ ਦੀ ਰਸਮ ਵੀ ਦੇਵਰ ਤੇ ਭਰਜਾਈ ਦੇ ਰਿਸ਼ਤੇ ਦੀ ਕਾਮ-ਖੁੱਲ ਦਾ ਸੰਕੇਤਕ ਪ੍ਰਗਟਾਵਾ ਹੈ। ਸੁਰਮਾ ਕੇਵਲ ਭਰਜਾਈ ਹੀ ਪਾਉਂਦੀ ਹੈ।9

ਮਿਲਣੀ ਕਰਨੀ

ਸੋਧੋ

ਨਵ-ਰਿਸ਼ਤਿਆਂ ਦੇ ਪਹਿਲੀ ਵਾਰ ਮਿਲਾਪ ਨੂੰ ਮਿਲਣੀ ਦੀ ਰਸ਼ਮ ਕਿਹਾ ਜਾਂਦਾ ਹੈ। ਮਿਲਣੀ ਦੀ ਰਸ਼ਮ ਨੂੰ ਪੇਸ਼ਕਾਰਾ ਵੀ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਜਾਂਞੀ ਤੇ ਮਾਂਞੀ ਦਾ ਆਪਸ ਵਿੱਚ ਮਿਲਣਾ। ਸਭ ਤੋਂ ਪਹਿਲਾਂ ਕੁੜੀ ਤੇ ਮੁੰਡੇ ਦੇ ਬਾਪ ਦੀ ਮਿਲਣੀ ਆਰੰਭ ਹੁੰਦੀ ਹੈ। ਕੁੜੀ ਦਾ ਬਾਪ ਮੁੰਡੇ ਦੇ ਬਾਪ ਨੂੰ ਇੱਕ ਕੰਬਲ, ਸੋਨੇ ਦਾ ਗਹਿਣਾ ਤੇ ਹਾਰ ਪਹਿਨਾਉਂਦਾ ਹੈ। ਇਸ ਤੋਂ ਬਾਅਦ ਮੁੰਡੇ ਦਾ ਭਰਾ ਕੁੜੀ ਦੇ ਭਰਾ ਨਾਲ, ਮੁੰਡੇ ਦਾ ਮਾਮਾ ਕੁੜੀ ਦੇ ਮਾਮੇ ਨਾਲ ਮਿਲਣੀ ਦੀ ਰਸ਼ਮ ਨਿਭਾਉਂਦੇ ਹਨ।10

ਆਨੰਦ ਕਾਰਜ

ਸੋਧੋ

ਮਿਲਣੀ ਦੀ ਰਸਮ ਤੋਂ ਬਾਅਦ ਆਨੰਦ ਕਾਰਜ ਦੀ ਰਹੁਰੀਤ ਸੰਪੰਨ ਹੁੰਦੀ ਹੈ। ਆਨੰਦ ਕਾਰਜ ਦੀ ਰਹੁਰੀਤ ਸਿੱਖ ਭਾਈਚਾਰੇ ਵਿੱਚ ਨਿਭਾਈ ਜਾਂਦੀ ਹੈ। ਸਿੱਖ ਧਰਮ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ। ਹਰ ਲਾਵ ਦੇ ਖਤਮ ਹੋਣ ਤੋਂ ਬਾਅਦ ਵਿਆਹੁਲੀ ਜੋੜੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੀ ਹੈ ਤੇ ਮੱਥਾ ਟੇਕਣ ਤੋਂ ਬਾਅਦ ਬੈਠ ਜਾਂਦੀ ਹੈ। ਇਸ ਤਰ੍ਹਾਂ ਚਾਰ ਵਾਰੀ ਕੀਤਾ ਜਾਂਦਾ ਹੈ।11

ਡੋਲੀ ਤੋਰਨਾ

ਸੋਧੋ

ਸਭ ਤੋਂ ਵੱਧ ਭਾਵੁਕ ਅਤੇ ਵਿਯੋਗੀ ਸਮਾਂ ਤਾਂ ਵਿਦੈਗੀ ਦਾ ਹੈ। ਪਹਿਲੇ ਵੇਲਿਆਂ ਵਿੱਚ ਚਾਰ ਕਹਾਰ ਡੋਲੀ ਮੋਢਿਆਂ ਤੇ ਚੁਕ ਕੇ ਲਿਜਾਇਆ ਕਰਦੇ ਸਨ। ਉਸ ਤੋਂ ਉਪਰੰਤ ਗੱਡੀਆਂ ਅਤੇ ਰੱਥਾਂ ਦਾ ਰਿਵਾਜ ਆਇਆ। ਅੱਜ ਕਲ ਤਾਂ ਕਾਰ ਸਜਾ ਲਈ ਜਾਂਦੀ ਹੈ। ਵਿਛੋੜੇ ਦਾ ਇਹ ਅਤਿ ਕਰੁਣਾ ਮਈ ਸਮਾਂ ਹੁੰਦਾ ਹੈ। ਘਰ ਦੇ ਸਭ ਰਿਸ਼ਤੇਦਾਰ, ਸਾਕ ਸੰਬੰਧੀ ਸੱਜਣ ਮਿੱਤਰ ਪਰ ਵਿਸ਼ੇਸ਼ ਕਰ ਕੇ ਖੂਨ ਦੇ ਰਿਸ਼ਤੇਦਾਰ-ਮਾਪੇ, ਚਾਚੇ-ਤਾਏ, ਵੀਰ-ਭੈਣਾਂ, ਨਾਨਕੇ ਆਦਿ ਤੁਰਦੀ ਬੱਚੀ ਨੂੰ ਪਿਆਰ ਦੇਂਦੇ ਹਨ। ਅੱਖਾਂ ਸੇਜਲ ਹੁੰਦੀਆਂ ਹਨ ਅਤੇ ਹਲੀਮੀ ਨਾਲ ਸੱਜਣਾਂ ਨੂੰ ਵਿਦਾ ਕੀਤਾ ਜਾਂਦਾ ਹੈ।12

ਪਾਣੀ ਵਾਰਨਾ

ਸੋਧੋ

ਪਾਣੀ ਵਾਰਨ ਦਾ ਕਾਰਜ ਮਾਂ ਕਰਦੀ ਹੈ, ਕਿਹਾ ਜਾਂਦਾ ਹੈ ਕਿ ਅਜਿਹਾ ਕਰਕੇ ਮਾਂ ਪੁੱਤਰ ਲਈ ਸ਼ੁਭ ਕਾਮਨਾ ਕਰਦੀ ਹੈ। ਜਦੋਂ ਬੰਨਾ ਬੰਨੀ ਲੈ ਆਉਂਦਾ ਹੈ ਤਾਂ ਮਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ‘ਪਾਣੀ ਵਾਰ ਨੀ ਬੰਨੇ ਦੀਏ ਮਾਏ, ਬੰਨਾ ਬੰਨੀ ਬਾਹਰ ਖੜੇ।` ਪਾਣੀ ਵਾਰਨਾ ਅਸਲ ਵਿੱਚ ਲਾੜੀ ਦਾ ਸੁਆਗਤ ਹੈ। ਸੱਸ ਨਿਯਮਾਂ ਅਨੁਸਾਰ ਘਰ ਦੀ ਮੁਖੀ ਹੁੰਦੀ ਹੈ। ਉਸ ਨੂੰ ਇਹ ਖੁਸ਼ਗਵਾਰ ਕਾਰਜ ਸੌਪਿਆ ਜਾਂਦਾ ਹੈ।13

ਕੰਗਣਾ ਖੇਡਣਾ

ਸੋਧੋ

ਕੱਚੀ ਲੱਸੀ ਦੀ ਪਰਾਂਤ ਵਿੱਚ ਨਿਸਚਿਤ ਵਸਤੂ ਨੂੰ ਛੁਪਾ ਕੇ ਲੱਭਣ ਦੀ ਖੇਡ ਖੇਡੀ ਜਾਂਦੀ ਹੈ ਜਿਸਨੂੰ ਕੰਗਣਾ ਖੇਡਣਾ ਕਹਿੰਦੇ ਹਨ।14

ਛਟੀਆਂ

ਛਟੀਆਂ ਖੇਡਣਾ ਵੀ ਵਿਆਹ ਵਰਗੇ ਸੁਖਾਵੇਂ ਸਮੇਂ ਨੂੰ ਘੁੱਟਣ ਤੇ ਮਾਯੂਸੀ ਤੋਂ ਬਚਾਉਣ ਲਈ ਹੱਸਣ ਖੇਡਣ ਦੀ ਜੁਗਤ ਅਧੀਨ ਲਿਆਂਦਾ ਜਾਂਦਾ ਹੈ।15

ਹਵਾਲੇ

ਸੋਧੋ
1) ਡਾ. ਰੁਪਿੰਦਰਜੀਤ ਗਿੱਲ, ਵਿਆਹ ਰਸ਼ਮਾਂ ਅਤੇ ਲੋਕ ਗੀਤ, ਵਾਰਿਸ਼ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, ਸੰਨ 2013, ਪੰਨਾ 6-10.
2) ਡਾ. ਜੀਤ ਸਿੰਘ ਜੋਸੀ, ਲੋਕ ਕਲਾ ਅਤੇ ਸੱਭਿਆਚਾਰ ਮੁੱਢਲੀ ਜਾਣ ਪਹਿਚਾਣ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੰਨ 2010, ਪੰਨਾ 150-153.
3) ਡਾ. ਅਮਰਜੀਤ ਸਿੰਘ ਗਿੱਲ, ਵਿਆਹ ਦੀਆਂ ਰਹੁਰੀਤਾਂ ਤੇ ਪੰਜਾਬੀ ਲੋਕ-ਗੀਤ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਸੰਨ 2012, ਪੰਨਾ 131-133.
4) ਗੁਰਚਰਨ ਸਿੰਘ ਭਾਟੀਆ, ਡਾ. ਬਲਦੇਵ ਸਿੰਘ ਬਦਨ, ਵਿਆਹ ਦੇ ਗੀਤ, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਸੰਨ 1996, ਪੰਨਾ 175.