ਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣ
ਭੂਮਿਕਾ
ਸੋਧੋਮਾਨਵ-ਵਿਗਿਆਨੀਆਂ ਅਨੁਸਾਰ ਭਾਰਤ ਦਾ ਕੋਈ ਵਸਨੀਕ ਵੀ ਸ਼ੁੱਧ ਭਾਰਤੀ ਨਹੀਂ ਭਾਵ ਅਜਿਹਾ ਵਸਨੀਕ ਕੋਈ ਨਹੀਂ ਹੈ ਜਿਹੜਾ ਇਸ ਧਰਤੀ ਤੇ ਬਣਮਾਨਸ ਤੋਂ ਵਿਕਸਿਤ ਹੋ ਕੇ ਜਨਮਿਆ ਹੋਵੇ।[1] ਸੱਭਿਆਚਾਰ ਦਾ ਭਾਰਤੀ ਸ਼ਬਦ ਸੰਸਕ੍ਰਿਤੀ ਹੈ। ਸੰਸਕ੍ਰਿਤੀ ਦਾ ਅਰਥ ਸ਼ੁੱਧ ਕਰਨਾ, ਉਚਿਆਉਣਾ, ਸਾਧਨਾ, ਢਾਲਣਾ ਤੇ ਨਿਪੁੰਨ ਕਰਨਾ ਹੈ। ਭਾਵ ਪਸ਼ੂ ਪ੍ਰਵਿਰਤੀਆਂ ਨੂੰ ਗਿਆਨ ਨਾਲ ਤੇ ਬੁੱਧੀ ਨਾਲ ਸਾਧਨਾ ਹੈ। ਸੋ ਆਰੀਆ ਨੇ ਦਰਾਵੜੀਆਂ ਦੀ ਸਭਿਅਤਾ ਤੇ ਸੱਭਿਆਚਾਰ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲ ਲਿਆ, ਉਚਿਆ ਲਿਆ ਤੇ ਆਪਣੀ ਬੁੱਧੀ ਅਨੁਸਾਰ ਸ਼ੁੱਧ ਕਰ ਲਿਆ। ਆਰੀਆ ਨੇ ਬਹੁਤ ਸਾਰੀਆਂ ਮਿਥਿਹਾਸਕ ਕਥਾਵਾਂ, ਰਹੁ-ਰੀਤਾਂ, ਦੇਵ-ਪੂਜਾ ਦਾ ਸੰਕਲਪ ਦਰਵਾੜੀਆਂ ਤੋਂ ਲਿਆ ਹੈ। ਭਾਰਤੀ ਸੱਭਿਆਚਾਰ ਬਹੁਤ ਜਟਿੱਲ ਹੈ। ਇਸ ਦੀ ਜਟਿੱਲਤਾ ਜਿੰਦਗੀ ਵਰਗੀ ਹੈ। ਇਸ ਦਾ ਮੁੱਖ ਲੱਛਣ ਅਨੇਕਤਾ ਵਿੱਚ ਏਕਤਾ ਹੈ। ਵਿਰੋਧਾਂ ਵਿੱਚ ਇਕਸੁਰਤਾ ਹੈ। ਜੇ ਕੋਈ ਵਿਰੋਧੀ ਘਾਤਕ ਰੂਪ ਵੀ ਧਾਰ ਲੈਣ ਤਾਂ ਭਾਰਤੀ ਸੱਭਿਆਚਾਰ ਵਿੱਚ ਉਹਨਾਂ ਇਕਸੁਰਤਾ ਵਿੱਚ ਰੱਖਣ ਦੀ ਕਰਾਮਾਤੀ ਸ਼ਕਤੀ ਹੈ। ਤਦੇ ਕਿਹਾ ਜਾਂਦਾ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਹਰ ਸੱਭਿਆਚਾਰ ਵਿੱਚੋਂ ਚੰਗਿਆਈ ਲੈ ਕੇ ਆਪਣੇ ਵਿੱਚ ਜ਼ਜਬ ਕਰਨ ਦੀ ਸ਼ਕਤੀ ਹੈ।[2] ਸੱਭਿਆਚਾਰ, ਮਨੁੱਖ ਦੁਆਰਾ ਸਿਰਜਿਆ ਅਜਿਹਾ ਕ੍ਰਿਆਤਮਕ ਵਿਸ਼ਵਾਸ ਅਤੇ ਭਾਵਨਾਤਮਕ-ਵਿਵਹਾਰ ਹੈ। ਜਿਸ ਦੀ ਪ੍ਰੇਰਣਾ ਉਸ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਤੋਂ ਮਿਲਦੀ ਹੈ। ਮਨੁੱਖੀ ਮਾਨਸਿਕਤਾ ਉੱਤੇ ਭੂਗੋਲਿਕ-ਤੱਥਾਂ ਅਤੇ ਤੱਤਾਂ ਦਾ ਕਿਸ ਵੇਲੇ, ਕਿਹੜਾ, ਕਿਵੇਂ ਪ੍ਰਭਾਵ ਪੈਂਦਾ ਰਿਹਾ ਇਸ ਭੇਦ ਦੀ ਜਾਣਕਾਰੀ ਹੀ ਸੱਭਿਆਚਾਰਕ ਸਿਰਜਣਾ ਦਾ ਯਥਾਰਥ ਨੂੰ ਸਮਝਾ ਸਕਦੀ ਹੈ।[3]
ਪੰਜਾਬੀ ਸੱਭਿਆਚਾਰ:
ਸੋਧੋਪੰਜਾਬੀ ਸੱਭਿਆਚਾਰ ਭਾਰਤੀ ਸੱਭਿਆਚਾਰ ਦਾ ਵਿਕਸਿਤ, ਵਿਲੱਖਣ, ਆਧੁਨਿਕ ਰੂਪ ਵੀ ਹੈ ਤੇ ਭਾਰਤੀ ਸੱਭਿਆਚਾਰ ਦਾ ਆਧਾਰ ਵੀ, ਕਿਉਂਕਿ ਭਾਰਤੀ ਸੱਭਿਆਚਾਰ ਮੁੱਢ ਪੰਜਾਬ ਵਿੱਚ ਬੱਝਾ। ਇਤਿਹਾਸਕ ਦ੍ਰਿਸ਼ਟੀ ਤੋਂ ਵੀ, ਪੰਜਾਬ ਸੱਭਿਆਚਾਰ ਭਾਰਤੀ ਸੱਭਿਆਚਾਰ ਦਾ ਬੀਜ ਹੈ। ਅੱਜ ਤੋਂ ਤਿੰਨ ਚਾਰ ਹਜ਼ਾਰ ਸਾਲ ਪਹਿਲਾਂ ਪੰਜਾਬ ਦਾ ਇਤਿਹਾਸ ਹੀ ਭਾਰਤ ਦਾ ਇਤਿਹਾਸ ਸੀ। ਪੰਜਾਬ ਵਿੱਚ ਹੀ ਨਸਲਾਂ ਤੇ ਉਹਨਾਂ ਦੇ ਸੱਭਿਆਚਾਰਾਂ ਦਾ ਸ਼੍ਰਿਸ਼ਣ ਹੋਇਆ ਤੇ ਅਦਾਨ-ਪ੍ਰਦਾਨ ਦੀ ਕੁਦਰਤੀ ਪ੍ਰਕਿਰਿਆ ਨਾਲ ਭਾਰਤੀ ਸੱਭਿਆਚਾਰ ਪੂਰੇ ਜੋਬਨ ਵਿੱਚ ਆਇਆ।[4]
ਕਿਸੇ ਵਸਤੂ ਨੂੰ ਬਣਾਉਣ ਅਤੇ ਕਿਸੇ ਵਸਤੂ ਦੀ ਸਿਰਜਣਾ ਕਰਨ ਵਿੱਚ ਵਿਧੀ-ਵਿਧਾਨ ਦਾ ਅੰਤਰ ਤਾਂ ਰਹਿੰਦਾ ਹੀ ਹੈ ਦੂਜੇ ਵੰਨੇ ਸੰਸਕਾਰਾਂ ਅਤੇ ਮਨੋਵਿਰਤੀਆਂ ਦੀ ਵਿੰਲਤਾਂ ਵੀ ਹੁੰਦੀ ਹੈ। ਕਿਉਂਕਿ ਬਣਾਉਣਾ ਸਥੂਲ ਕ੍ਰਿਆ ਅਤੇ ਸਿਰਜਣਾ ਸੂਖਮ ਸਾਧਨਾ ਹੁੰਦਾ ਹੈ। ਸਿਰਜਣ ਕ੍ਰਿਆ ਦੀ ਕਲਪਨਾ ਅਤੇ ਬਣਾਉਣ ਦੀ ਵਿਉਂਤ ਵਿੱਚ ਅੰਤਰ ਹੁੰਦਾ ਹੈ। ਸਿਰਜਣਾ ਦੀ ਧਾਰਨਾ ਅਤੇ ਬਣਾਉਣ ਦੀ ਇੱਛਾ ਦੇ ਸੰਕਲਪ-ਵਿਕਲਪ ਵੀ ਭਿੰਨ-ਭਿੰਨ ਹੁੰਦੇ ਹਨ। ਸੋ ਸੱਭਿਆਚਾਰ ਇੱਕ ਸਿਰਜਣਾ ਹੈ। ਜਿਸ ਦੀ ਉੱਤਪੱਤੀ ਵਿਕਾਸ ਅਤੇ ਨਿਰਮਾਣ ਵਿੱਚ ਲੱਖਾਂ ਲੋਕਾਂ ਦੀ ਸਾਂਝ ਅਤੇ ਭਾਈਵਾਲੀ ਹੁੰਦੀ ਹੈ। ਸੱਭਿਆਚਾਰ ਮਨੁੱਖੀ ਸੁਭਾਅ ਦੀ ਇੱਕ ਅਜਿਹੀ ਸੁੰਦਰ ਸ਼ੈਲੀ ਹੈ ਜਿਸ ਨੂੰ ਲੰਮੇ ਸਾਰੇ ਸਮੇਂ ਦੀ ਰਾਂਗਲੀ ਮਹਿੰਦੀ ਨੇ ਆਪਣੇ ਰੰਗ ਵਿੱਚ ਰੰਗਿਆ ਹੋਇਆ ਹੈ। ਇਹ ਮਹਿੰਦੀ ਲੋਕ-ਹੱਥਾਂ ਦੀਆਂ ਹਥੇਲੀਆਂ ਦਾ ਸ਼ਿੰਗਾਰ ਹੁੰਦੀ ਹੈ।[5]
ਪੰਜਾਬੀ ਸੱਭਿਆਚਾਰ ਦੇ ਮੁੱਖ ਗੁਣ:
ਸੋਧੋ1) ਕਿਰਤੀ ਸੱਭਿਆਚਾਰ
ਸੋਧੋਪੰਜਾਬ ਉਪਜਾਊ ਧਰਤੀ ਵਾਲਾ ਮੈਦਾਨੀ ਇਲਾਕਾ ਹੈ। ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਭਾਵ ਇਥੇ ਬਹੁਤੇ ਲੋਕ ਖੇਤੀ ਕਰਦੇ ਹਨ। ਬਾਕੀ ਕਿੱਤਿਆਂ ਵਾਲੇ ਲੋਕ ਵੀ ਇਸ ਕਿੱਤੇ ਨਾਲ ਹੀ ਜੁੜੇ ਹੋਏ ਹਨ। ਪਹਿਲਾਂ ਲੁਹਾਰ, ਤਰਖਾਣ, ਰਾਜ, ਘੁਮਾਰ ਆਦਿ ਕਿਸਾਨਾਂ ਲਈ ਫਾਲੇ, ਰੰਬੇ, ਕਹੀਆਂ, ਹਲ ਪੰਜਾਲੀਆਂ, ਖੂਹ ਦੀਆਂ ਟਿੰਡਾਂ ਆਦਿ ਬਣਾਉਂਦੇ ਸਨ। ਅੱਜ ਟਰੈਕਟਰ, ਥਰੈਸਰ, ਕੰਬਾਈਨ ਤੇ ਹੋਰ ਬਹੁਤ ਸਾਰੇ ਖੇਤੀਬਾੜੀ ਦੇ ਯੰਤਰ ਬਣਾਉਂਦੇ ਹਨ। ਉੱਨਤ ਦੇਸ਼ਾਂ ਵਾਂਗ ਇਥੇ ਬਹੁ-ਗਿਣਤੀ ਮਜ਼ਦੂਰਾਂ ਦੀ ਨਹੀਂ, ਕਾਸ਼ਤਕਾਰਾਂ ਤੇ ਉਹਨਾਂ ਦੇ ਸਹਾਇਕਾਂ ਦੀ ਹੈ। ਇਸ ਲਈ ਪੰਜਾਬ ਦਾ ਸੱਭਿਆਚਾਰ ਮੁੱਖ ਰੂਪ ਵਿੱਚ ਕਿਰਤੀ ਕਿਸਾਨਾਂ ਦਾ ਸੱਭਿਆਚਾਰ ਹੈ।[4]
2) ਪ੍ਰਾਹੁਣਾਚਾਰੀ
ਸੋਧੋਪੰਜਾਬੀ ਸੱਭਿਆਚਾਰ ਵਿੱਚ ਪ੍ਰਾਹੁਣਾਚਾਰੀ ਦੀ ਖਾਸ ਮਹੱਤਤਾ ਹੈ। ਬਾਹਰੋਂ ਆਏ ਨੂੰ ਆਦਰ ਸਤਿਕਾਰ ਨਾਲ ਅੰਦਰ ਲੰਘਾਉਣਾ, ਵੱਧ ਤੋਂ ਵੱਧ ਆਰਾਮ ਦਾ ਪ੍ਰਾਹੁਣੇ ਲਈ ਪ੍ਰਬੰਧ ਕਰਨਾ ਚੰਗਾ ਚੋਖਾ ਖਾਣ ਨੂੰ ਦੇਣਾ, ਹਰ ਭਾਂਤ ਦੀ ਸੇਵਾ ਕਰਨਾ ਤੇ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਵਿਦਾ ਕਰਨਾ ਤੇ ਪਿੰਡ ਦੀ ਜੂਹ ਤੱਕ ਛੱਡਣ ਜਾਣਾ ਆਦਿ ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਲੱਛਣ ਹਨ।[6]
3) ਰਸਮ ਰੀਤਾਂ
ਸੋਧੋਪੰਜਾਬੀ ਸੱਭਿਆਚਾਰ ਨੇ ਭਾਰਤੀ ਸੱਭਿਆਚਾਰ, ਦੀਆਂ ਰਸਮਾਂ-ਰੀਤਾਂ ਤੇ ਸ਼ਗਨਾਂ ਨੂੰ ਆਪਣੇ ਖੁੱਲ੍ਹੇ-ਡੁੱਲ੍ਹੇ ਮਾਹੌਲ, ਸੁਭਾਅ ਤੇ ਰਹਿਣੀ-ਬਹਿਣੀ ਅਨੁਸਾਰ ਢਾਲ ਲਿਆ ਹੈ ਜਿਸ ਕਰਕੇ ਇਸ ਸੱਭਿਆਚਾਰ ਵਿੱਚ ਬਣਾਵਟ ਨਹੀਂ, ਡਰ ਸਹਿਮ ਤੇ ਉਪਰਾਮਤਾ ਨਹੀਂ ਉਤਸ਼ਾਹ ਹੈ। ਹਰ ਰਸਮ ਤੇ ਰੀਤ ਸਰਲ ਤੇ ਖੁਸ਼ਗਾਵਾਰ ਹੈ। ਇਸ ਵਿੱਚ ਭਾਣਾ ਮੰਨ ਕੇ ਦੁੱਖ-ਸੁੱਖ ਤੋਂ ਨਿਰਲੇਪ ਹੋ ਕੇ ਵਿਚਰਨ ਦੀ ਸਮਰੱਥਾ ਹੈ। ਸਿੱਖ ਚਿੰਤਨ ਨੇ ਇਸ ਨੂੰ ਆਤਮਿਕ ਤੌਰ 'ਤੇ ਐਨਾ ਅਰੋਗ ਕਰ ਦਿੱਤਾ ਹੈ ਕਿ ਇਸ ਸੱਭਿਆਚਾਰ ਵਿੱਚ ਮੌਤ ਸਮੇਂ ਵੀ ਤੇ ਖੁਸ਼ੀ ਸਮੇਂ ਵੀ "ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ" ਗਾਉਣ ਦਾ ਬਲ ਆ ਗਿਆ ਹੈ।[4]
4) ਪੰਜਾਬੀ ਪਹਿਰਾਵਾ
ਸੋਧੋਪਹਿਲਾ ਪੱਗ ਖੱਦਰ, ਫੇਰ ਮਲਮਲ ਏ, ਛੱਬੀ ਦੀ ਮਲਮਲ, ਆਦਿ ਬੰਨ੍ਹੀ ਜਾਣ ਲੱਗੀ। ਅੱਜ ਕੱਲ ਪੱਗ ਆਰਕੰਡੀ ਦੀ ਬੰਨ੍ਹੀ ਜਾਂਦੀ ਹੈ। ਮੁਸਲਮਾਨ ਕੁਲਾ ਰੱਖ ਕੇ ਰੇਸ਼ਮੀ ਲੁੰਗੀ ਬੰਨ੍ਹਦੇ ਹਨ। ਪੁਰਾਣੇ ਸਮੇਂ ਵਿੱਚ ਰੇਸ਼ਮੀ ਪੱਗ ਬੰਨ੍ਹਣੀ ਅਮੀਰੀ ਦੀ ਨਿਸ਼ਾਨੀ ਸੀ। ਪਹਿਲਾਂ ਆਦਮੀ ਕੁੜਤਾ ਪਾਉਂਦਾ ਸੀ। ਬਟਨਾਂ ਦੀ ਥਾਂ ਤਣੀਆਂ ਲੱਗੀਆਂ ਹੁੰਦੀਆਂ ਸਨ। ਅੱਜ ਕੱਲ ਕੁੜਤਾ, ਕਾਲਰ ਵਾਲੀ ਕਮੀਜ਼, ਬੁਸ਼ਰਟ, ਟੀ-ਸ਼ਰਟ ਆਦਿ ਚੀਜ਼ਾਂ ਪਾਉਂਦਾ ਹੈ। ਕਮੀਜ਼ਾਂ ਤੇ ਬੁਸ਼ਰਟਾਂ ਦੇ ਕਈ ਨਮੂਨੇ ਪ੍ਰਚਲਿਤ ਹਨ। ਅੰਗਰੇਜ਼ਾਂ ਤੋਂ ਪਹਿਲਾਂ ਆਮ ਪੇਂਡੂ ਪੰਜਾਬੀ ਚਾਦਰ ਜਾਂ ਲਾਚਾ ਹੀ ਲੱਕ ਨਾਲ ਬੰਨਦੇ ਸਨ। ਪੜ੍ਹੇ-ਲਿਖੇ ਸਿੱਧੇ ਪਜਾਮੇ ਪਾਉਂਦੇ ਸਨ। ਅੰਗ੍ਰੇਜ਼ ਦੇ ਆਉਣ ਨਾਲ ਪੈਂਟ ਦਾ ਰਿਵਾਜ਼ ਪੈ ਗਿਆ।
ਪੰਜਾਬ ਦੀਆਂ ਪੁਰਾਣੀਆਂ ਜਨਾਨੀਆਂ ਕੁੜਤਾ ਸੁੱਖਣ, ਕੁੜਤਾ ਚੂੜੀਆਂ ਵਾਲੀ ਸੁੱਥਣ, ਕਮੀਜ਼ ਸੁੱਖਣ ਆਮ ਪਾਉਂਦੀਆਂ ਸਨ। ਚੂੜੀਆਂ ਵਾਲੀ ਸੁੱਖਣ ਦੇ ਉੱਤੋਂ ਦੀ ਘੱਗਰਾ ਪਾਉਂਦੀਆਂ ਸਨ। ਘੱਗਰਾ ਸਿੱਧਾ, ਪੱਲਿਆ ਵਾਲਾ, ਕਲੀਆਂ ਵਾਲਾ ਹੁੰਦਾ ਸੀ। ਪੱਲਿਆ ਵਾਲੇ ਜਾਂ ਵੱਡੇ ਘੇਰੇ ਵਾਲੇ ਘੱਗਰੇ ਉੱਤੇ ਸੀਨ ਪਾਈ ਜਾਂਦੀ ਸੀ।[7] ਅੱਜ ਕੱਲ ਪੰਜਾਬਦ ਦਾ ਪਹਿਰਾਵਾ ਕਈ ਪ੍ਰਭਾਵਾਂ ਕਾਰਣ ਕਈ ਪੜਾਅ ਲੰਘ ਕੇ ਇੱਕ ਵਿਲੱਖਣ ਪਹਿਰਾਵਾ ਬਣ ਗਿਆ ਹੈ। ਅੱਜ ਚੁੰਨੀਆਂ ਬਹੁਤ ਸੌਖ ਹੋ ਗਈਆਂ ਹਨ। ਹੁਣ ਜਨਾਨੀਆਂ ਵੀ ਜੁੱਤੀਆਂ ਨਹੀਂ ਪਾਉਂਦੀਆਂ। ਉਹ ਸਲੀਪਰ, ਆਮ ਸੈਂਡਲ, ਉੱਚੀ ਅੱਡੀ ਵਾਲੀਆਂ ਸੈਂਡਲਾਂ, ਚੱਪਲਾਂ, ਲਿਫਟੀ ਆਦਿ ਪਾਉਂਦੀਆਂ ਹਨ।
5) ਹਾਰ -ਸ਼ਿੰਗਾਰ
ਸੋਧੋਪੰਜਾਬੀ ਲੋਕ ਹਾਰ-ਸ਼ਿੰਗਾਰ ਕਰਨ ਦੇ ਵੀ ਸ਼ੌਕੀਨ ਹਨ। ਉਹਨਾਂ ਦੇ ਗਹਿਣੇ ਵੀ ਵੱਖਰੀ ਭਾਂਤ ਦੇ ਹਨ। ਸ਼ਿੰਗਾਰ ਪੱਟੀ ਤੇ ਪਾਸਾ ਸਿਰ ਦੇ ਗਹਿਣੇ ਹਨ। ਨੱਕ ਦੇ ਪ੍ਰਸਿੱਧ ਗਹਿਣੇ ਨੱਕਰਾ, ਤੀਲੀ, ਲੌਂਗ, ਮੱਛਲੀ, ਨੱਥ, ਕੋਕਾ ਆਦਿ ਹਨ।
ਕੰਨਾਂ ਦੇ ਝੂਮਕੇ, ਕਾਂਟੇ, ਵਾਲੀਆਂ, ਵਾਲੇ, ਮੁਰਕੀਆਂ, ਡੰਡੀਆਂ, ਰੇਲ ਡੰਡੀਆਂ, ਬੁੰਦੇ, ਪਿੱਭਲ ਪੱਤੀਆਂ, ਲੋਟਣ, ਬੂਜਲੀਆਂ, ਟੌਭਸ, ਰੌਲਾਂ ਆਦਿ ਕਈ ਭਾਂਤ ਦੇ ਗਹਿਣੇ ਹਨ। ਗਾਨੀ, ਕੈਂਠੀ, ਗੁਲੂ ਬੰਦ, ਹਸ, ਰਾਣੀ-ਹਾਰ, ਨੌ ਲੱਖਾ ਹਾਰ, ਹਮੇਲ, ਇਨਾਮ, ਪੈਂੜਲ, ਤਵੀਤ, ਬੁਰਾਤੀਆਂ, ਹੌਲਦਰੀ ਤੇ ਮੌਹਰਾਂ ਆਦਿ ਗਲ ਦੇ ਗਹਿਣੇ ਹਨ। ਬਾਹਾਂ ਤੇ ਹੱਥਾਂ ਦੇ ਗਹਿਣੇ ਵੀ ਬਹੁਤ ਹਨ ਜਿਵੇਂ ਗੋਖੜੂ, ਕੜੇ, ਬੰਦ ਘੜੀ, ਚੁੜੀ, ਸਗਲੇ, ਵੰਗਾਂ, ਚੂੜੀਆਂ, ਪਹੁੰਚੀਆਂ, ਪਰੀ ਬੰਦ ਆਦਿ ਸੋਨੇ ਦੇ ਵੀ ਹਨ ਤੇ ਚਾਂਦੀ ਦੇ ਵੀ। ਕੜੀਆਂ, ਤੋੜੇ, ਬਾਕਾਂ, ਪਟੜੀਆਂ, ਝਾਂਜਰਾ, ਸਕੁੰਤਲਾ, ਚੈਨ, ਲੱਛੇ, ਸਗਲੇ ਆਦਿ ਬਹੁਤ ਸਾਰੇ ਪੈਰਾਂ ਦੇ ਗਹਿਣੇ ਹਨ।
ਅੱਜ-ਕੱਲ ਮਰਦ ਗਹਿਣੇ ਨਹੀਂ ਪਾਉਂਦੇ, ਪਰ ਨਵੇ-ਜੁਆਨ ਅਮੀਰ ਮੁੰਡੇ ਗਲਾਂ ਵਿੱਚ ਸੋਨੇ ਦੀ ਜੰਜ਼ੀਰ ਪਾਉਣ ਲੱਗ ਪਏ ਹਨ। ਪੁਰਾਣੇ ਸਮੇਂ ਵਿੱਚ ਪੰਜਾਬੀ ਗੱਭਰੂ ਕੜੇ, ਕੈਂਠਾ, ਤਵੀਤੜੀਆਂ ਨਤੀਆਂ ਤੇ ਕੰਙਣ ਪਾਊਂਦੇ ਹਨ।
6) ਖਾਣ-ਪੀਣ
ਸੋਧੋਪੰਜਾਬੀ ਲੋਕਾਂ ਦੀ ਖੁਰਾਕ ਬਹੁਤ ਖੁੱਲ੍ਹੀ ਤੇ ਬਹੁਭਾਂਤ ਹੈ। ਪੰਜਾਬੀ ਲੋਕਾਂ ਦੀ ਖੁਰਾਕ ਵਿੱਚ ਦਾਲਾਂ, ਸਬਜ਼ੀਆਂ, ਫਲ, ਕਣਕ ਦੀ ਰੋਟੀ, ਆਂਡੇ, ਮਿੱਸੀ ਰੋਟੀ, ਮੀਟ, ਸਰਦੀਆਂ ਵਿੱਚ ਸਰੋਂ ਦਾ ਸਾਗ, ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਪਸੰਦ ਖੁਰਾਕ ਹੈ। ਦੁੱਧ, ਦਹੀ, ਲੱਸੀ ਅਤੇ ਮੱਖਣ ਪੰਜਾਬੀਆਂ ਦੇ ਖਾਸ ਸਵਾਦ ਹਨ। ਸ਼ੱਕਰ ਘਿਉ ਵਿੱਚ ਰੋਟੀ ਦੀ ਚੂਰੀ ਬਣਾ ਕੇ ਖਾਣਾ ਪੰਜਾਬੀਆਂ ਦੀ ਮਨ ਪਸੰਦ ਖੁਰਾਕ ਹੈ। ਖੀਰ, ਸੇਵੀਆਂ, ਮਾਲ-ਪੁੜੇ, ਮਿੱਠੇ ਗੁਲਗਲੇ, ਖੋਆ, ਪ੍ਰਸਾਦ, ਮਹਾਂਪ੍ਰਸਾਦ ਭੋਜ ਪੱਤਰ ਲਈ ਤਿਆਰ ਕੀਤੇ ਜਾਂਦੇ ਹਨ। ਵਿਆਹ ਸਮੇਂ ਲੱਡੂ ਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
7) ਮੇਲੇ ਤੇ ਤਿਉਹਾਰ
ਸੋਧੋਮੇਲੇ ਤੇ ਤਿਉਹਾਰ ਵਿਸਾਖੀ, ਤੀਆਂ, ਦੀਵਾਲੀ, ਦੁਸ਼ਹਿਰਾ, ਲੋਹੜੀ ਬਸੰਤ ਤੇ ਹੌਲੀ ਆਦਿ ਮਹਿਕ ਖਿਲਾਰਦੇ ਹਨ। ਸਭ ਦਿਨ ਤਿਉਹਾਰ ਤੇ ਮੇਲੇ ਬੜੇ ਪਿਆਰੇ ਲੋਕ ਗੀਤਾਂ ਨਾਲ ਸਿੰਗਾਰੇ ਹੋਏ ਹੁੰਦੇ ਹਨ। ਸੋਹਣਾ ਖਾਣਾ, ਸੋਹਣਾ ਖੁਆਉਣਾ, ਮਟਕ ਨਾਲ ਜੀਉਣਾ ਇਸ ਸੱਭਿਆਚਾਰ ਵਿੱਚ ਖਾਸ ਮਹੱਤਤਾ ਰੱਖਦੇ ਹਨ। ਇਹੋ ਕਾਰਣ ਹੈ ਕਿ ਸੱਭਿਆਚਾਰ ਦੇ ਲੋਕ ਨਾਚ ਭੰਗੜਾ, ਗਿੱਧਾ, ਸੰਮੀ, ਝੂਮਰ ਆਦਿ ਰੰਗੀਲੇ ਤੇ ਉਤਸ਼ਾਹ ਭਰੇ ਤੇ ਰੰਗੀਲੇ ਹਨ। ਇਸ ਸੱਭਿਆਚਾਰ ਦਾ ਉਦੇਸ਼ ਹੈ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ।[4]
8) ਵੱਖਰੀ ਪਛਾਣ
ਸੋਧੋਇਹ ਸੱਭਿਆਚਾਰ ਸਾਂਝਾ, ਖੇੜੇ ਸੇਵਾ, ਸਰੱਬਤ ਦਾ ਭਲਾ ਮੰਗਣ, ਆਪਣੇ ਬਾਜੂ ਵੱਲ ਦੇ ਆਸਰੇ ਜੀਉਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦਾ ਉਤਸ਼ਾਹ ਦੇਣ ਕਾਰਣ ਬਹੁਤ ਵਚਿੱਤਰ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਝਾਂ ਤੋੜਨਾ ਮਿਹਣਾ ਹੈ। ਮਾਪਿਆਂ ਦਾ ਸਤਿਕਾਰ ਨਾ ਕਰਨਾ ਗੁਨਾਹ ਹੈ। ਇਸ ਲਈ ਪੰਜਾਬੀ ਇੱਕਲਾ ਹੀ ਭੀੜ ਵਿੱਚ ਪਛਾਣਿਆ ਜਾਂਦਾ ਹੈ। ਇਹੋ ਕਾਰਣ ਹੈ ਅੱਜ ਸਾਰੀ ਦੁਨੀਆ ਉੱਤੇ ਜਿੱਥੇ ਵੀ ਪੰਜਾਬੀ ਪੁੱਜਾ ਹੈ ਉਸ ਨੇ ਉਥੇ ਆਪਣੇ ਸੱਭਿਆਚਾਰ ਨਾਲ ਆਲੇ-ਦੁਆਲੇ ਦੇ ਪ੍ਰਦੇਸੀ ਲੋਕਾਂ ਨੂੰ ਮੋਹ ਲਿਆ ਹੈ ਤੇ ਉਹ ਲੋਕ ਸੱਭਿਆਚਾਰ ਨੂੰ ਅਪਣਾਉਣ ਲਈਅਚੇਤ ਹੀ ਪਰੇਰੇ ਗਏ ਹਨ।[8]
9) ਸੱਭਿਆਚਾਰ ਏਕਤਾ
ਸੋਧੋਸੋ ਪੰਜਾਬੀ ਸੱਭਿਆਚਾਰ ਆਪਣੇ ਕੁਦਰਤੀ ਨਜ਼ਾਰਿਆ ਵਾਂਗ ਗਾਉਂਦੇ ਦਰਿਆਵਾਂ ਵਾਂਗ, ਉਪਜਾਊ ਧਰਤੀ ਵਾਂਗ ਰਾਂਗਲਾ ਹੈ। ਪੰਜਾਬੀ ਸੱਭਿਆਚਾਰ ਵਿੱਚ ਵੱਖ-ਵੱਖ ਜਾਤੀਆਂ ਦੀਆਂ ਰਸਮਾਂ ਰਹੁ-ਰੀਤਾਂ ਦੇ ਵੰਨ-ਸੁਵੰਨੇ ਰੰਗ ਹੁੰਦੇ ਹੋਏ ਵੀ ਇੱਕ ਵਿਲੱਖਣ ਸਮੁੱਚੀ ਏਕਤਾ ਹੈ। ਕਿਉਂਕਿ ਪੰਜਾਬੀ ਸੱਭਿਆਚਾਰ ਚਾਰ ਹਜ਼ਾਰ ਸਾਲ ਦੀਆਂ ਵੱਖ-ਵੱਖ ਪਰਿਸਥਿਤੀਆਂ ਤੋਂ ਜਨਮ ਲੈ ਕੇ ਇਸ ਰੂਪ ਵਿੱਚ ਆਇਆ ਹੈ, ਇਸ ਲਈ ਇਸ ਵਿੱਚ ਤਰਾਸ਼ੇ ਹੋਏ ਹੀਰੇ ਵਰਗੀ ਚਮਕ ਸ਼੍ਰੇਸ਼ਟਤਾ ਤੇ ਮਾਨਵ-ਸ਼ੁੱਧਤਾ ਆ ਗਈ ਹੈ।[9]
ਪੰਜਾਬੀ ਸੱਭਿਆਚਾਰ ਦੇ ਔਗੁਣ
ਸੋਧੋਅਜੋਕ ਸਮੇਂ ਪੰਜਾਬੀ ਸੱਭਿਆਚਾਰ ਅੰਦਰ ਵਿਦੇਸ਼ੀ ਜਾਂ ਪੱਛਮੀ ਸਭਿਅਤਾ ਦੀ ਘੁੱਸ-ਪੈਠ ਦੇਖਣ 'ਚ ਆਮ ਮਿਲਦੀ ਹੈ, ਜਿਵੇਂ ਪੰਜਾਬੀ ਪਹਿਰਾਵੇ ਦੀ ਅਣਹੋਂਦ, ਬਿਊਟੀ ਪਾਰਲਰ ਦੀ ਗਿਣਤੀ ਵਿੱਚ ਵਾਧਾ ਵਿਆਹਾਂ ਲਈ ਮੈਰਿਜ ਪੈਲਿਸਜ਼ ਦੀ ਵਰਤੋਂ ਆਦਿ। ਪੰਜਾਬ ਅੰਦਰ ਪੰਜਾਬੀ ਨੌਜਵਾਨ (ਤਕਰੀਬਨ 70 ਫੀਸਦੀ) ਨਸ਼ਿਆਂ ਦਾ ਪ੍ਰਯੋਗ ਕਰਦੇ ਹਨ। ਪੰਜਾਬੀ ਬੋਲੀ ਵੱਧ ਪੰਜਾਬੀ ਹੀ ਪਿੱਠ ਕਰੀ ਖੜੇ ਹਨ। ਉਹਨਾਂ ਨੂੰ ਪੰਜਾਬੀ ਪਹਿਰਾਵੇ ਅਸੱਭਿਅਕ ਲਗਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰੇਦ ਹਨ। ਪੰਜਾਬ ਦੇ ਕੁੱਲ 13 ਕੁ ਹਜ਼ਾਰ ਪਿੰਡ ਹਨ, ਦੂਜੇ ਪਾਸੇ 8 ਹਜ਼ਾਰ ਤੋਂ ਵੱਧ ਬਾਬਿਆਂ ਦੇ ਡੇਰੇ ਹਨ। ਹੁਣ ਪ੍ਰਸ਼ਨ ਉਤਪਨ ਹੁੰਦਾ ਹੈ ਕਿ ਇਹ ਡੇਰੇਦਾਰ ਬਾਬੇ ਪੰਜਾਬ ਦੀ ਬੇਹਤਰੀ ਲਈ ਕਿਹੋ ਜਹੀ ਭੂਮਿਕਾ ਨਿਭਾ ਰਹੇ ਹਨ? ਪੰਜਾਬ ਵਿੱਚ ਦਸਤਾਰ ਅਲੋਪ ਹੋ ਰਹੀ ਹੈ ਅਤ 70% ਜਵਾਨ ਨਸ਼ਿਆਂ ਦੇ ਆਦੀ ਹਨ। ਕਿਸਾਨ ਕਰਜਾਈ ਹੋ ਰਹੇ ਹਨ ਅਤੇ ਆਤਮਹੱਤਿਆਵਾਂ ਕਰ ਰਹੇ ਹਨ। ਬਾਬਿਆਂ ਪਾਸ ਕਰੋੜਾਂ ਦੀ ਜਾਇਦਾਦ ਅਤੇ ਕਰੋੜਾਂ ਰੁਪਇਆ ਵਾਲੀਆਂ ਮਹਿੰਗੀਆਂ ਕਾਰਾਂ। ਇਸ ਦਾ ਅਸਲ ਭੇਤ ਕੌਣ ਕਢੇ ਕਿ ਇਨ੍ਹਾਂ ਬਾਬਿਆਂ ਪਾਸ ਏਨਾ ਧਨ ਕਿਥੋਂ ਆ ਰਿਹਾ ਹੈ?
1. ਧੀਆਂ ਦੇ ਕਤਲ
ਸੋਧੋਇਸ ਇਤਿਹਾਸਕ ਤੱਥ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਭਾਰਤੀ ਸਮਾਜ ਅੰਦਰ ਲੋਕਾਈ ਦੀ ਹੋ ਰਹੀ ਸਰਬ-ਪੱਖੀ ਲੁੱਟ-ਖਸੁੱਟ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅੱਖੀਂ ਤੱਕਿਆ ਅਤੇ ਲੁੱਟ-ਖਸੁੱਟ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਈ। ਹਾਕਮ ਸ਼੍ਰੇਣੀ ਅਤੇ ਧਾਰਮਿਕ ਨੇਤਾਵਾਂ ਨੂੰ ਸਮਾਜ ਦੇ ਉਜਾੜ ਲਈ ਦੋਸ਼ੀ ਠਹਿਰਾਇਆ। ਬਾਬਾ ਇਸਤਰੀ ਜਾਤੀ ਦੀ ਦੁਰਦਸ਼ਾ ਦੇਖ ਆਇਆ ਸੀ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਭਾਵ ਜਿੱਥੇ ਉਹਨਾਂ ਨੇ ਮਨੁੱਖਤਾ ਨੂੰ ਏਕਤਾ ਦਾ ਸਬਕ ਸਿਖਾਇਆ, ਉਸ ਦੇ ਨਾਲ ਹੀ ਲਿੰਗ-ਵਿਤਕਰੇ ਨੂੰ ਅਪ੍ਰਵਾਣ ਕੀਤਾ।
ਭਰੂਣ-ਹੱਤਿਆ, ਜੋ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰਨ ਨੂੰ ਕਿਹਾ ਜਾਂਦਾ ਹੈ। ਇਸ ਅਣਮਨੁੱਖੀ ਕੁਕਰਮ ਕਰਨ ਵਿੱਚ ਪੰਜਾਬ ਦੇ ਲੋਕ ਵੀ ਮੋਹਲਵੀ ਕਤਾਰ ਵਿੱਚ ਹਨ। ਇਹ ਜਾਣ ਕੇ ਵੀ ਦੁੱਖ ਹੁੰਦਾ ਹੈ ਕਿ ਜਿਸ ਧਰਤੀ 'ਤੇ ਗੁਰੂਆਂ ਨੇ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਦੀ ਰਚਨਾ ਕੀਤੀ ਤੇ ਪ੍ਰਚਾਰਿਆ, ਉਸ ਧਰਤੀ ਤੇ ਧੀਆਂ ਦਾ ਕਤਲ ਵੱਧ ਹੋ ਰਿਹਾ ਹੈ।
ਪੰਜਾਬੀਓ। 'ਅਣਖ' ਸ਼ਬਦ ਦੀ ਨਵੀਂ ਵਿਆਖਿਆ ਨਾ ਕਰੋ ਹੁਣ ਤਾਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਉਪਰ ਦੋਸ਼ ਲੱਗਣ ਲੱਗ ਪਿਆ ਹੈ ਕਿ ਉਹ ਲੜਕੀਆਂ ਦੇ ਮੁਕਾਬਲੇ ਲੜਕਿਆਂ ਨੂੰ ਤਰਜੀਹ ਦਿੰਦੇ ਹਨ। ਘੱਟੋ-ਘੱਟ, ਏਨਾ ਜ਼ਰੂਰ ਸੋਚੀਏ ਕਿ ਜਦੋਂ ਵੀ ਕੋਈ ਪੰਜਾਬੀ ਮਾੜਾ ਕੰਮ ਕਰਦਾ ਹੈ ਤਾਂ ਉਸ ਦਾ ਉਲਾਂਭਾ ਸਮੁੱਚੇ ਸਮਾਜ ਨੂੰ ਮਿਲਦਾ ਹੈ ਤੇ ਸਮੁੱਚੇ ਭਾਈਚਾਰੇ 'ਤੇ ਦੋਸ਼ ਮੜ੍ਹਿਆ ਜਾਂਦਾ ਹੈ।[10]
2. ਪੰਜਾਬੀਆਂ ਦੀ ਪੰਜਾਬੀ ਬੋਲੀ ਵੱਲ ਪਿੱਠ
ਸੋਧੋਮੱਧ ਪ੍ਰਦੇਸ਼ ਦੇ ਰਹਿ ਚੁੱਕੇ ਮੁੱਖ ਮੰਤਰੀ ਪੰਡਿਤ ਰਵੀ ਸ਼ੰਕਰ ਸਕੂਲ ਦੇ ਆਖੇ ਬੋਲਾਂ ਨੂੰ ਯਾਦ ਕਰੀਏ ਉਹ ਆਖਦੇ ਹਨ:
"ਪੰਜਾਬੀ, ਪੰਜਾਬੀਆਂ ਦੀ ਸ਼ਾਨ ਹੈ। ਪੰਜਾਬੀ, ਪੰਜਾਬੀਆਂ ਦੀ ਮਾਤ੍ਰ ਭਾਸ਼ਾ ਹੈ। ਇਸ ਤੋਂ ਬਿਨ੍ਹਾਂ ਉਹ ਆਪਣੇ ਬੀਤ ਗਏ ਸਮੇਂ ਨਾਲੋਂ ਕੱਟੇ ਜਾਣਗੇ। ਬਿਨ੍ਹਾਂ ਪੰਜਾਬੀ, ਪੰਜਾਬ ਨਹੀਂ ਰਹੇਗਾ, ਹੋਰ ਕੁੱਝ ਭਾਵੇਂ ਬਣ ਜਾਵੇ।"
ਇੱਕ ਹੋਰ ਅੰਗਰੇਜ਼ ਵਿਦਵਾਨ ਡਾ. ਏ.ਸੀ. ਵੁਲਨਰ ਦੇ ਕਰੇ ਬਚਨ ਸਾਡੇ ਲਈ ਪ੍ਰੇਰਨਾ ਦਿੰਦੇ ਹਨ ਅਤੇ ਸਾਨੂੰ ਮਾਂ ਬੋਲੀ ਦੀ ਗੌਰਵਤਾ ਬਾਰੇ ਜਾਣੂ ਕਰਵਾਉਂਦੇ ਹਨ:
"ਪੰਜਾਬੀ ਕਵਿਤਾ ਦੀ ਆਪਣੀ ਹੀ ਸੁੰਦਰਤ
ਹੈ। ਇਸ ਦੀ ਭਾਸ਼ਾ ਹਿੰਦੀ ਤੇ ਉਰਦੂ ਨਾਲੋਂ ਵਧੇਰੇ
ਪੁਰਾਤਨ ਹੈ। ਇਸ ਦੀ ਬਿੰਬਾਵਲੀ ਪੇਂਡੂ ਜੀਵਨ ਤੇ
ਸਾਧਾਰਨ ਧੰਦਿਆਂ ਵਿਚੋਂ ਲਈ ਗਈ ਹੈ।.......
ਪੰਜਾਬੀ ਕਵਿਤਾ ਵਧੇਰੇ ਲੌਕਿਕ ਜਾਂ
ਅਧਿਆਤਮਕ ਪ੍ਰੇਮ ਦੇ ਗੀਤ ਗਾਉਂਦੀ ਹੈ।"
ਲੇਖਕ ਰਵਨੀਤ ਕੌਰ ਦੇ ਸ਼ਬਦਾਂ 'ਚ "ਜੋ ਬੱਚਾ ਆਪਣੀ ਮਾਂ ਦਾ ਸਤਿਕਾਰ ਕਰਦਾ ਹੈ, ਉਹ ਦੂਜਿਆਂ ਦੀਆਂ ਮਾਵਾਂ ਦੀ ਵੀ ਕਦਰ ਕਰਦਾ ਹੈ। ਪਰ ਜੋ ਹੋਰਨਾ ਦੀਆਂ ਮਾਵਾਂ ਦਾ ਸਤਿਕਾਰ ਕਰਦੇ ਹਨ, ਉਹ ਆਪਣੀ ਮਾਂ ਦਾ ਨਿਰਾਦਰ ਨਹੀਂ ਕਰ ਸਕਦੇ।"
"ਪੰਜਾਬੀ ਬੋਲੀ ਸਰਬ ਪੱਖਾਂ ਤੋਂ ਹੋਰ ਬੋਲੀਆਂ ਦੇ ਮੁਕਾਬਲੇ ਇੱਕ ਸੰਪੂਰਨ ਭਾਸ਼ਾ ਹੈ, ਤਾਂ ਫਿਰ ਅਸੀਂ ਪੰਜਾਬੀ ਮਾਂ ਬੋਲੀ ਵੱਲ ਪਿੱਠ ਕਿਉਂ ਕਰੀ ਖੜੇ ਹਾਂ? ਅਜੋਕੇ ਸਮੇਂ ਦੁਨੀਆ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ 10ਵੀਂ ਵੱਡੀ ਭਾਸ਼ਾ ਹੈ। ਸੰਸਾਰ ਅੰਦਰ ਮਾਨਤਾ ਪ੍ਰਾਪਤ 6900 ਬੋਲੀਆਂ ਵਿਚੋਂ ਪੰਜਾਬੀ ਦਸਵੀਂ ਵੱਡੀ ਭਾਸ਼ਾ ਬਣ ਗਈ ਇੱਕ ਇੱਕ ਗੌਰਵ ਵਾਲੀ ਗੱਲ ਹੈ, ਕਨੇਡਾ ਵਿੱਚ ਪੰਜਾਬੀ ਛੇਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵੈਨਕੂਵਰ, ਬੀ ਸੀ. ਦੇ ਇਲਾਕੇ ਵਿੱਚ ਚੀਨੀ ਭਾਸ਼ਾ ਤੋਂ ਪਿੱਛੋਂ ਪੰਜਾਬੀ ਤੀਜੇ ਨੰਬਰ 'ਤੇ ਬੋਲੀ ਜਾਂਦੀ ਹੈ। ਸਰੀ ਅਤੇ ਐਬਟਮ ਫੋਰਡ ਵਿੱਚ ਇਸ ਦਾ ਦੂਸਰਾ ਸਥਾਨ ਹੈ।"[11]
3. ਪੰਜਾਬੀਆਂ ਅੰਦਰ ਜਾਤ ਅਭਿਮਾਨ
ਸਿੱਖ ਲਹਿਰ ਪੰਜਾਬ ਅੰਦਰ ਸ਼ੁਰੂ ਹੋਈ। ਗੁਰੂ ਨਾਨਕ ਦੇਵ ਜੀ ਦੇ ਪਹਿਲੇ ਬੋਲ ਹੀ ਸ਼੍ਰੇਣੀ ਵੰਡ ਦੇ ਵਿਰੁੱਧ ਇੱਕ ਗਰਜ ਸੀ:
"ਨ ਕੋ ਹਿੰਦੂ ਨ ਮੁਸਲਮਾਨ"
ਭਾਵ ਸਾਰੀ ਮਨੁੱਖਤਾ ਇੱਕ ਹੈ ਅਤੇ ਇਸ ਨੂੰ ਜਾਤ-ਪਾਤ ਜਾਂ ਊਚ-ਨੀਚ ਦੀਆਂ ਸ਼੍ਰੇਣੀਆਂ ਵਿੱਚ ਵੰਡਣਾ ਜਾਂ ਮਾਨਵਤਾ ਦੀ ਸ਼੍ਰੇਣੀ ਵੰਡ ਕਰਨੀ ਠੀਕ ਨਹੀਂ।
ਅੱਜ ਭਾਵੇਂ ਪੰਜਾਬ ਦੇ ਜੱਟ ਲੋਕ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਣ, ਪਰ ਉਹਨਾਂ ਅੰਦਰ ਜਾਤ ਅਭਿਮਾਨ ਨਹੀਂ ਘਟਦਾ। ਆਮ ਕਰਕੇ ਅੰਮ੍ਰਿਤਧਾਰੀ ਬਣੇ ਹੋਏ ਜੱਟਾਂ ਅੰਦਰ ਵਿਆਹ ਸ਼ਾਦੀਆਂ ਰਚਾਉਣ ਸਮੇਂ ਜਾਤ ਦੇ ਘੇਰੇ ਵਿੱਚ ਰਹਿਣ ਨੂੰ ਪਹਿਲ ਦਿੱਤੀ ਜਾਂਦੀ ਹੈ। ਇੰਜ ਵੀ ਹੋ ਜਾਂਦਾ ਹੈ ਕਿ ਜਦੋਂ ਬੱਚੇ ਆਪਣੀ ਮਰਜ਼ੀ ਨਾਲ ਜਾਤ ਪਾਤ ਦੀਆਂ ਦੀਵਾਰਾਂ ਤੋੜਦੇ ਹਨ ਤਾਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜੋ ਲੋਕ ਇੱਕ ਪਾਸੇ ਜਾਤ ਅਭਿਮਾਨ ਵੀ ਕਰਦੇ ਹਨ ਅਤੇ ਦੂਜੇ ਪਾਸੇ ਸਿੱਖ ਧਰਮ ਦੇ ਪੈਰੋਕਾਰ ਵੀ ਅਖਵਾਉਂਦੇ ਹਨ, ਉਹ ਕਦਾਚਿਤ ਵੀ ਸਿੱਖ ਨਹੀਂ ਹੋ ਸਕਦੇ। ਪੰਜਾਬ ਦੇ ਜੱਟਾਂ ਵਿੱਚ ਦੋਹਰੇ ਮਾਪਦੰਡ ਵੀ ਹਨ ਕਿ ਉਹ ਕਿਸੇ ਨੀਵੇਂ ਜਾਤ ਦੀ ਲੜਕੀ ਨੂੰ ਨੂੰਹ ਬਣਾ ਸਕਦੇ ਹਨ, ਪਰ ਆਪਣੀ ਧੀ ਦਾ ਕਿਸੇ ਛੋਟੀ ਜਾਤ ਦੇ ਪਰਿਵਾਰ ਵਿੱਚ ਹੱਥੀਂ ਰਿਸ਼ਤਾ ਨਹੀਂ ਕਰਦੇ। ਹੁਣ ਪੰਜਾਬ ਵਿੱਚ ਜੱਟਾਂ ਪਾਸੋਂ ਜ਼ਮੀਨ ਖੁੱਸ ਰਹੀ ਹੈ ਤੇ ਨਵੇਂ ਆਰਥਿਕ ਸੰਕਟ ਪੈਦਾ ਹੋ ਰਹੇ ਹਨ, ਪਰ ਉਸ ਦੇ ਅੰਦਰੋਂ ਜਾਤ ਅਭਿਮਾਨੀ ਨਹੀਂ ਨਿਕਲਦੀ।
ਅੱਜ ਤਦ ਹੀ ਕੋਈ ਲਹਿਰ, ਲੋਕ ਲਹਿਰ ਬਣ ਸਕਦੀ ਹੈ, ਜੇ ਆਪਸ ਵਿੱਚ ਫਿਰਕੂ ਭਾਵਨਾਵਾਂ ਨਾ ਹੋਣ, ਜਾਤ-ਪਾਤ ਦੀ ਨਫ਼ਰਤ ਨਾ ਹੋਵੇ ਅਤੇ ਸਭ ਦਾ ਮਨੋਰਥ ਸਾਂਝਾ ਹੋਵੇ। ਪੰਜਾਬੀਓ! ਆਪਣੇ ਆਪ ਨੂੰ ਇੱਕ ਰੱਬ ਦੀ ਜੋਤ ਸਮਝੋ, ਸਭਨਾਂ ਜੀਆਂ ਅੰਦਰ ਇੱਕ ਪ੍ਰਮਾਤਮਾ ਦੀ ਜੋਤਿ ਹੈ, ਫਿਰ ਕੋਈ ਉੱਚਾ ਨੀਵਾਂ ਜਾਂ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ?
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
ਉਹ ਮੂਰਖ! ਜਾਤ ਅਭਿਮਾਨ ਨਾ ਕਰ। ਇਸ ਜਾਤ ਦੇ ਹੰਕਾਰ ਵਿਚੋਂ ਵਿਕਾਰ ਹੀ ਪੈਦਾ ਹੁੰਦੇ ਹਨ।[12]
4. ਪੰਜਾਬੀਆਂ 'ਚ ਨਸ਼ਿਆਂ ਦੀ ਅਧਿਕ ਵਰਤੋਂ
ਸੋਧੋਨਸ਼ਿਆਂ ਸੰਬੰਧੀ ਚਰਚਾ ਸਾਰੇ ਸੰਸਾਰ ਅੰਦਰ ਹੈ ਅਤੇ ਵੱਖ-ਵੱਖ ਲੋਕਾਂ ਵਲੋਂ ਅਨੇਕਾਂ ਵਿੱਚ ਤੰਮਾਕੂ (ਤੰਬਾਕੂ) ਦੀ ਵਰਤੋਂ ਵਿਰੁੱਧ ਪ੍ਰਚਾਰ ਵੀ ਹੁੰਦਾ ਹੈ। ਦੂਸਰੇ ਪਾਸੇ ਤੰਬਾਕੂ ਦੇ ਵਿਉਪਾਰ ਕਰਨ ਵਾਲੇ ਵਿਉਪਾਰੀ ਲੋਕ ਇਸ ਦੇ ਉਤਪਾਦਨ ਤੇ ਵਿਕਰੀ ਤੋਂ ਚੌਥਾ ਮੁਨਾਫ਼ਾ ਖੱਟ ਰਹੇ ਹਨ।
ਡਾਕਟਰ ਦਲਜੀਤ ਸਿੰਘ ਜੀ ਦੱਸਦੇ ਹਨ ਕਿ "ਸਭ ਤੋਂ ਵੱਧ ਖ਼ਤਰਾ ਨਸ਼ੱਈ ਬੰਦਿਆ ਦੇ ਘਰ ਨਵਜੰਮੇ ਬੱਚੇ ਦੇ ਜਮਾਂਦਰੂ ਰੋਗੀ ਹੋਣ ਤੋਂ ਹੈ। ਇਸ ਬਿਮਾਰੀ ਨੂੰ ਫ਼ੀਟਲ ਐਲਕੋਹਲਿਕ ਸਿਡੰਰਮ (ਐਸ.ਏ.ਐਸ.) ਕਹਿੰਦੇ ਹਨ। ਇਹ ਰੋਗ ਉਹਨਾਂ ਮਾਂ-ਬਾਪ ਦੇ ਬੱਚਿਆਂ ਅੰਦਰ ਵਧੇਰੇ ਹੁੰਦਾ ਹੈ, ਜੇਕਰ ਉਹ ਦੋਨੋਂ ਹੀ ਸ਼ਰਾਬ ਦਾ ਸੇਵਨ ਕਰਦੇ ਹਨ। ਇਨ੍ਹਾਂ ਦੇ ਬੱਚਿਆਂ ਵਿੱਚ ਜਮਾਂਦਰੂ ਅਯੋਗਤਾ ਭਿਆਨਕ ਕਿਸਮ ਦੀ ਹੁੰਦੀ ਹੈ।"
ਕੋਈ ਸਮਾਂ ਸੀ, ਪੰਜਾਬ ਸਾਰੇ ਭਾਰਤ ਵਿੱਚੋਂ ਸਿਰਮਰ ਸੂਬਾ ਮੰਨਿਆ ਜਾਂਦਾ ਸੀ। ਇੱਥੋਂ ਦੇ ਗੱਭਰੂ, ਪੰਜਾਬਣਾਂ ਅਤੇ ਇੱਥੋਂ ਦੇ ਕਿਰਸਾਨਾਂ ਦੇ ਸਰੀਰਕ ਬਲ ਅਤੇ ਸੁੰਦਰਤਾ ਤੋਂ ਸੁਭਾਵਿਕ ਸਾਰੇ
ਲੋਕ ਖਿੱਚੇ ਜਾਂਦੇ ਸਨ।
ਸਾਡੇ ਅੱਜ ਦੇ ਗੀਤਕਾਰ ਵੀ ਪੰਜਾਬੀ ਲੋਕਾਂ ਨੂੰ ਸ਼ਰਾਬ ਪੀਣ ਲਈ ਪ੍ਰੇਰ ਰਹੇ ਹਨ। ਇੱਥੇ ਹੀ ਬਸ ਨਹੀਂ, ਗੀਤਕਾਰ ਤਾਂ ਸ਼ਰਾਬ ਪੀ ਕੇ ਹਿੰਸਕ ਹੋਣ ਨੂੰ ਵੀ ਪੰਜਾਬੀ ਵਿਰਸਾ ਦੱਸ ਰਹੇ ਹਨ:
ਭੁੱਲਦੀ ਨਹੀਂ ਖ਼ੁਸ਼ਬੂ ਘਰ ਦੀ ਕੱਢੀ ਦੀ। (ਸੁਖਸ਼ਿੰਦਰ ਸ਼ਿੰਦਾ)
ਸੋਫ਼ੀਆਂ ਦਾ ਕਾਹਦਾ ਹੁੰਦਾ ਵਿਆਹ ਨੀ,
ਪੈੱਗ ਲਾਉਣ ਦੇ ਸੋਹਣੀਏ। (ਮਿਸ ਪੂਜਾ/ਬਾਈ ਅਮਰਜੀਤ)
ਦੇਸੀ ਦਾ ਗੁੜਾ ਲਾ ਕੇ,
ਬਾਕੀ ਦੀ ਡੱਬ ਵਿੱਚ ਪਾ ਕੇ,
ਮੁੱਛਾਂ ਨੂੰ ਵੱਟ ਚੜ੍ਹਾ ਕੇ,
ਕਰਨਾ ਅੱਜ ਕਤਲ ਜੱਟ ਨੇ ਪੀ ਕੇ ਪਹਿਲੇ ਤੋੜ ਦੀ।
ਕੀ ਸਾਡੇ ਦੇਸ਼-ਭਗਤਾਂ ਨੇ ਅਜਿਹਾ ਦੇਸ਼ ਸਿਰਜਣ ਲਈ ਫਾਂਸੀ ਦੇ ਰੱਸੇ ਚੁੰਮੇ ਸਨ, ਜਿੱਥੇ ਲੋਟੂ ਲੋਕ ਰਾਜਸੀ ਤਾਕਤ ਹੜੱਪਣ ਲਈ ਲੋਕਾਂ ਨੂੰ ਨਸ਼ਾ ਹੱਥੀਂ ਵੰਡਣ, ਵੋਟਾਂ ਖਰੀਦਣ ਅਤੇ ਆਪਣੇ ਪਰਿਵਾਰਾਂ ਨੂੰ ਹੀ ਰਾਜਸੀ ਗੱਦੀਆਂ ਪੱਰੇ ਤੌਰ 'ਤੇ ਬਖ਼ਸ਼ ਦੇਣ?[13]
5. ਪੰਜਾਬੀਆਂ ਵਿੱਚ ਹੱਥੀਂ ਕਿਰਤ ਕਰਨਾ ਅਲੋਪ
ਸੋਧੋਜਦੋਂ ਵੀ ਕਦੀ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਦੀ ਵਿਆਖਿਆ ਹੁੰਦੀ ਹੈ ਤਾਂ ਇਸ ਨੂੰ ਸੰਖੇਪ ਵਿੱਚ ਤਿੰਨ ਭਾਗਾਂ ਵਿੱਚ ਵੰਡ ਕੇ ਦੱਸਿਆ ਜਾਂਦਾ ਹੈ - ਪਹਿਲਾ ਨਾਮ ਜਪਣਾ, ਦੂਸਰਾ ਵੰਡ ਛਕਣਾ, ਤੀਜਾ ਕਿਰਤ ਕਰਨੀ। ਕਾਰਲ ਮਾਰਕਸ ਅਤੇ ਲੌਨਿਨ ਦੇ ਫਲਸਫੇ ਅੰਦਰ ਨਾਮ ਜਪਣਾ ਅਤੇ ਅਕਾਲ ਪੁਰਖ ਨੂੰ ਮਨਫ਼ੀ ਕਰਕੇ ਬਾਕੀ ਦੋ ਸਿਧਾਂਤ ਮੰਨੇ ਗਏ। ਇਸ ਦਾ ਭਾਵ ਇਹੀ ਹੈ ਕਿ ਹਰ ਇਨਸਾਨ ਨੂੰ ਕਿਰਤ ਕਰਨ ਦੀ ਮਹਾਨਤਾ ਮੰਨਣੀ ਚਾਹੀਦੀ ਹੈ।
ਪ੍ਰੋਫ਼ੈਸਰ ਪੂਰਨ ਸਿੰਘ ਜੀ ਜਾਪਾਨ ਵਿੱਚ ਪੜ੍ਹੇ। ਉਹਨਾਂ ਨੇ ਉਹਨਾਂ ਲੋਕਾਂ ਦੇ ਕਿਰਤ ਪ੍ਰਤੀ ਮੋਹ ਬਾਰੇ ਲਿਖਿਆ ਹੈ। ਉਹ ਦੱਸਦੇ ਹਨ ਕਿ ਉਥੇ ਕਿਸੇ ਨੂੰ ਮਨ ਘੜਤ ਖ਼ਿਆਲਾਂ ਤੇ ਵਿਚਾਰਾਂ ਦੀ ਕੂੜੀ ਗਿਆਨ ਗੋਦੜੀ ਦੀਆਂ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵਿਹਲ ਨਹੀਂ ਪੰਜਾਬੀਆਂ ਬਾਰੇ ਕੋਈ ਉਹਲਾ ਨਹੀਂ ਹੈ ਤੇ ਸਭ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਪਹਿਲਾਂ ਸਾਰੇ ਪੰਜਾਬੀ ਹੱਥੀਂ ਕੰਮ ਕਰਦੇ ਸਨ। ਖੇਤਾਂ ਨੂੰ ਪਾਣੀ ਦੇਣ ਲਈ ਖੂਹ ਅਤੇ ਹਲਟ ਹੀ ਹੁੰਦੇ ਸਨ। ਸਾਰੀ ਸਾਰੀ ਦਿਹਾੜੀ ਜੱਟਾਂ ਨੇ ਬਲਦ ਹੱਕਦੇ ਰਹਿਣਾ ਅਤੇ ਜੋ ਥੋੜੇ ਜਹੇ ਪਹੁੰਚ ਵਾਲੇ ਹੁੰਦੇ, ਉਹਨਾਂ ਪਾਸ ਊਠ (ਬੋਤਾ) ਰੱਖਿਆ ਹੁੰਦਾ ਸੀ, ਜਿਸ ਨਾਲ ਇੱਕ ਆਦਮੀ ਦੀ ਬੱਚਤ ਹੁੰਦੀ ਸੀ। ਗੱਡੀ ਦਾ ਕੰਮ ਪੰਜਾਬੀ ਆਪ ਕਰਦੇ ਸਨ ਤੇ ਜ਼ਿਆਦਾ ਲੋੜ ਪੈਣ ਤੇ ਹੀ ਦਿਹਾੜੀਆਂ ਰੱਖਦੇ ਸਨ। ਪਰ ਮਸ਼ੀਨੀ ਯੁੱਗ ਕਾਰਨ ਪੰਜਾਬੀਆਂ ਵਿਚੋਂ ਹੱਥੀਂ ਕੰਮ ਕਰਨ ਦਾ ਸੱਭਿਆਚਾਰ ਅਲੋਪ ਹੀ ਹੋ ਗਿਆ ਹੈ। ਦੂਸਰਾ, ਪੰਜਾਬ ਵਿੱਚ ਯੂ.ਪੀ. ਤੇ ਬਿਹਾਰ ਤੋਂ ਕਾਮੇ ਲੋਕਾਂ ਦਾ ਜ਼ਿਆਦਾ ਆਉਣਾ ਵੀ ਮੁੱਖ ਕਾਰਨ ਹੈ ਜਿਸ ਨਾਲ ਪੰਜਾਬੀਆਂ ਵਿੱਚ ਜਾਗੀਰਦਾਰਾਂ ਵਾਂਗ ਹੁਕਮ ਚਾੜ੍ਹਨ ਦਾ ਸੁਭਾਅ ਬਣ ਗਿਆ।
ਸਾਡੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਹੱਥੀਂ ਕਿਰਤ ਕਰਨ ਦੀ ਮਹਾਨਤਾ ਬਾਰੇ ਪਤਾ ਲੱਗਾ। ਜੋ ਲੋਕ ਪੰਜਾਬ ਵਿੱਚ ਜਾਤ ਅਭਿਮਾਨੀ ਸਨ, ਉਹਨਾਂ ਦਾ ਅਭਿਮਾਨ ਵਿਦੇਸ਼ਾਂ ਵਿੱਚ ਆ ਕੇ ਟੁੱਟਾ। ਇੱਕ ਗੱਲ ਸਪਸ਼ਟ ਹੈ ਕਿ ਜੇਕਰ ਪੰਜਾਬ ਦੇ ਲੋਕਾਂ ਵਿੱਚ ਹੱਥੀਂ ਕਿਰਤ ਕਰਨ ਦੀ ਮਹਾਨਾਂਤਾ ਵੱਧ ਜਾਵੇ ਅਤੇ ਜਾਤ-ਅਭਿਮਾਨ ਘੱਟ ਜਾਵੇ ਤਾਂ ਪੰਜਾਬ ਦੇ ਲੋਕ ਮੁਖੀ ਰਹਿ ਸਕਦੇ ਹਨ ਤੇ ਗੁਜ਼ਾਰਾ ਵੀ ਸੰਭਵ ਹੋ ਸਕਦਾ ਹੈ।[14]
6. ਪੰਜਾਬ ਵਿੱਚ ਸਾਧਾਂ (ਸੰਤਾਂ) ਲਈ ਅਥਾਹ ਸ਼ਰਧਾ
ਸੋਧੋਪੰਜਾਬ ਤੋਂ ਬਾਹਰ ਹਿੰਦੂ ਸਮਾਜ ਦੇ ਕੁੱਝ ਸੁਆਮੀ ਜਾਂ ਸਾਧ ਚਰਚਿਤ ਹੋਏ ਅਤੇ ਉਹਨਾਂ ਨੂੰ ਵੱਡੇ-ਵੱਡੇ ਕੁਕਰਮ ਕਰਨ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇੱਕ ਦੱਖਣ ਇਲਾਕੇ ਦਾ ਸੁਆਮੀ ਨਿਤਿਆਨੰਦ, ਜਿਸ ਦੇ ਵਿਦੇਸ਼ਾਂ ਵਿੱਚ ਵੀ ਕੇਂਦਰ ਸਥਾਪਤ ਕੀਤੇ ਹੋਏ ਹਨ, ਨੂੰ ਅਪ੍ਰੈਲ ਜਾਂ ਮਈ 2010 ਵਿੱਚ ਸੋਲਨ (ਹਿਮਾਚਲ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ।
ਜੂਨ 6, 2007 ਦੇ ਦੇਸ਼ ਸੇਵਕ ਅਖ਼ਬਾਰ ਅਨੁਸਾਰ ਪੰਜਾਬ ਵਿੱਚ ਛੋਟੇ ਤੇ ਵੱਡੇ ਡੇਰਿਆਂ ਦੀ ਗਿਣਤੀ ਅੱਠ ਹਜ਼ਾਰ ਤੋਂ ਵਧੀਕ ਹੈ। ਅਖ਼ਬਾਰ ਨੇ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਗ਼ੈਰ-ਜੱਟ ਲੋਕ ਜ਼ਿਆਦਾਤਕ ਰਾਧਾ ਸੁਆਮੀ, ਸੱਚਾ ਸੌਦਾ, ਦਿਵਿਆ ਜਯੋਤੀ, ਨੁਕਈ ਨਿਰੰਕਾਰੀ, ਤਨਿਆਰਾਂ ਵਾਲਾ ਆਦਿ ਡੇਰਿਆ ਵਿੱਚ ਜਾਂਦੇ ਹਨ। ਇਨ੍ਹਾਂ ਡੇਰਿਆਂ ਦੇ ਸੰਤ ਜਾਂ ਬਾਬੇ ਗੁਰਮਤਿ ਵਿਚਾਰਧਾਰਾ ਦੇ ਉਲਟ ਪ੍ਰਚਾਰ ਕਰਦੇ ਹਨ। ਇਸ ਤੱਥ ਵਿੱਚ ਵੀ ਸਚਾਈ ਹੈ ਕਿ ਡੇਰਾ ਸੱਚਾ ਸੌਦਾ ਦੇ 70 ਫ਼ੀਸਦੀ ਸ਼ਰਧਾਲੂ ਦਲਿਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਪੰਜਾਬ ਦੇ ਹਿੰਦੂ ਲੋਕ ਰਾਧਾ ਸੁਆਮੀ ਡੇਰੇ ਦੇ ਸ਼ਰਧਾਲੂ ਹਨ।
ਸ਼ਾਇਦ ਪੰਜਾਬੀਆਂ ਦੇ ਸੱਭਿਆਚਾਰ ਦਾ ਅਟੁੱਟ ਅੰਗ ਹੀ ਬਣ ਗਿਆ ਹੈ ਕਿ ਸਾਧਾਂ-ਸੰਤਾਂ ਪ੍ਰਤਿ ਅਥਾਹ ਸ਼ਰਧਾ ਰੱਖੀ ਜਾਂਦੀ ਹੈ। ਇਸ ਬਾਰੇ ਸ਼ੁਰੂ ਵਿੱਚ ਉਲੇਖ ਹੋਇਆ ਹੈ ਕਿ ਦਿਨੋਂ-ਦਿਨ ਡੇਰਿਆਂ ਦੀ ਗਿਣਤੀ ਵਧ ਰਹੀ ਹੈ। ਜੇ ਇੱਕ ਡੇਰੇਦਾਰ ਦੀ ਸਿਤੂ ਹੁੰਦੀ ਹੈ ਤਾਂ ਕਈ ਵਾਰ ਉਸ ਦੀ ਗੱਦੀ ਦੇ ਵਾਰਸ ਦੋ-ਦੋ ਜਾਂ ਵੱਧ ਬਣ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਇੱਕ ਡੇਰੇ ਦੀ ਥਾਂ ਦੋ ਜਾਂ ਤਿੰਨ ਨਵੇਂ ਡੇਰੇ ਸਥਾਪਤ ਹੋ ਜਾਂਦੇ ਹਨ। ਸਾਲ 2003 ਦੇ ਸ਼ੁਰੂ ਵਿੱਚ ਵੈਨਕੂਵਰ ਦੇ ਇੱਕ ਪੰਜਾਬ ਅਖ਼ਬਾਰ ਦੀ ਖ਼ਬਰ ਸੀ ਕਿ ਮਾਲਵੇ ਦੇ ਨੌਂ ਪਿੰਡ ਤੇ ਬਾਬੇ ਛਿਆਲੀ, ਭਾਵ ਹਰ ਪਿੰਡ ਵਿੱਚ ਔਸਤ ਪੰਜ ਬਾਬੇ ਹੋਣਗੇ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਮਾਲਵੇ ਵਿੱਚ ਬਾਬਿਆਂ ਦੀ ਮੰਹਾ ਵਧੇਰੇ ਹੈ।
ਅੱਜ ਡੇਰੇਦਾਰਾਂ ਤੇ ਸਾਧਾਂ ਦੇ ਪਾਖੰਡਾਂ ਨੂੰ ਜੱਗ-ਜਾਹਰ ਕਰਨ ਲਈ ਬੇਅੰਤ ਲੇਖ ਅਤੇ ਪੁਸਤਕਾਂ ਲਿਖੀਆਂ ਗਈਆਂ ਹਨ। ਪਰ ਜੇ ਕੋਈ ਹੁਣ ਵੀ ਪਾਖੰਡ ਪਾਰ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੇ ਤਾਂ ਸੰਭਵ ਹੈ, ਕਿਉਂਕਿ ਲੋਕਾਂ ਅੰਦਰ ਭਰਮ ਅਤੇ ਵਹਿਮ ਨੇ ਪੱਕੀ ਥਾਂ ਬਣਾਈ ਹੋਈ ਹੈ। ਹੁਣ ਇਹ ਗੱਲ ਵੀ ਜੱਗ ਜਾਹਿਰ ਹੋ ਚੁੱਕੀ ਹੈ ਕਿ ਅਕਾਲੀ ਦਲ (ਬਾਦਲ) ਵੱਲੋਂ ਸਿਰਸਾ ਦੇ ਡੇਰੇ ਦੇ ਮੁਖੀ ਨਾਲ ਗੁਪਤ ਸੰਧੀ ਹੋਈ ਸੀ ਕਿ ਉਹ ਤਾਂ ਹੀ ਚੋਣਾਂ ਵਿੱਚ ਸਹਿਯੋਗ ਦੇਵੇਗਾ, ਜੇਕਰ ਉਸ ਵੱਲੋਂ ਸਲਾਬਤ ਪੂਰੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਕੀਤੇ ਸਮਾਗਮ ਵਿਰੁੱਧ ਕੀਤਾ ਕੇਸ ਵਾਪਿਸ ਲਿਆ ਜਾਵੇ।[15]
7. ਨਕਲੀ ਵਿਆਹ ਜਾਂ ਪੇਪਰ ਮੈਰਿਜਜ਼
ਸੋਧੋਕੀ ਇਸ ਨੂੰ ਪੰਜਾਬੀਆਂ ਦਾ ਸੱਭਿਆਚਾਰ ਆਖਾਂਗੇ? ਬਹੁਤੇ ਲੋਕਾਂ ਨੂੰ ਇਨ੍ਹਾਂ ਹੋ ਰਹੇ ਵਿਆਹਾਂ ਨੂੰ ਜਾਣ ਕੇ ਸ਼ਰਮ ਵੀ ਆਉਂਦੀ ਹੋਵੇਗੀ। ਪਰ ਇਹ ਸਚਾਈ ਹੈ ਕਿ ਅੱਜ ਵੀ ਨਕਲੀ ਵਿਆਹ ਹੋ ਰਹੇ ਹਨ ਤੇ ਕਈ ਵਾਰ ਇੰਝ ਹੁੰਦਾ ਹੈ ਕਿ ਨਕਲੀ ਵਿਆਹ ਰਚਾਉਣ ਵਾਲੇ ਇਮੀਗਰੇਸ਼ਨ ਵਾਲਿਆਂ ਦੇ ਅੱਖੀਂ ਘੱਟਾ ਪਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਤੇ ਅਸਲੀ ਵਿਆਹ ਕਰਾਉਣ ਵਾਲੇ ਇਮੀਗਰੇਸ਼ਨ ਮਹਿਕਮੇ ਵੱਲੋਂ ਲਈ ਜਾਂਦੀ ਇੰਟਰਵਿਊ ਵਿੱਚ ਫ਼ੇਲ ਹੋ ਜਾਂਦੇ ਹਨ ਅਤੇ ਵਕੀਲਾਂ ਦੀ ਸਹਾਇਤਾ ਨਾਲ ਸਮਾਂ ਸਫ਼ਲ ਹੁੰਦੇ ਹਨ। ਇਹ ਪੇਪਰ-ਵਿਆਹ ਗੁਪਤ ਨਹੀਂ, ਸਗੋਂ ਇਨ੍ਹਾਂ ਬਾਰੇ ਅਖ਼ਬਾਰਾਂ ਵਿੱਚ ਪੜ੍ਹਿਆ ਜਾ ਸਕਦਾ ਹੈ। ਇਸ਼ਤਿਹਾਰ ਵਿੱਚ ਆਖਿਆ ਜਾਂਦਾ ਹੈ ਕਿ ਵੱਟਾ-ਸੱਟਾ ਵੀ ਹੋ ਸਕਦਾ ਹੈ, ਨਹੀਂ ਤਾਂ ਪੇਪਰ -ਮੈਰਿਜ਼ ਵੀ ਕੀਤੀ ਜਾ ਸਕਦੀ ਹੈ। ਕੁੱਝ ਸਾਲ ਪਹਿਲਾਂ ਪੰਜਾਬ ਦੇ ਮੁੰਡੇ/ਕੁੜੀਆਂ ਮੰਗੇਤਰ ਬਣ ਕੇ ਵੀ ਕੈਨੇਡਾ ਆ ਸਕਦੇ ਸਨ, ਪਰ ਸਰਕਾਰ ਨੇ ਇਹ ਸਹੂਲਤ ਬੰਦ ਕਰ ਦਿੱਤੀ ਤੇ ਸਿਰਫ਼ ਵਿਆਹ ਰਚਾ ਕੇ ਹੀ ਇਮੀਗਰੇਸ਼ਨ ਮਿਲ ਸਕਦੀ ਹੈ। ਪੇਪਰ ਮੈਰਿਜ਼ ਦੀ ਕਾਢ ਨਵੀਂ ਹੈ।
ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਾਲਿਆਂ ਆਪਣੇ ਬੱਚਿਆਂ ਨੂੰ (ਭਾਵ ਭੈਣਾਂ-ਭਰਾਵਾਂ ਨੂੰ) ਪਤੀ-ਪਤਨੀ ਬਣਾ ਕੇ ਵਿਦੇਸ਼ ਲਿਆਂਦਾ ਅਤੇ ਉਹਨਾਂ ਦੇ ਨਾਮ ਤੇ ਸਿਰਨਾਵੇਂ ਬਦਲ ਦਿੱਤੇ ਜਾਂਦੇ ਹਨ। ਇਸ ਨਕਲੀ ਵਿਆਹ ਰਚਾਉਣ ਵਾਲਿਆਂ ਨੇ ਆਪਣਾ ਧੰਦਾ ਹੀ ਬਣਾ ਲਿਆ ਹੈ। ਕਈ ਵਾਰ ਗ਼ਰੀਬ ਪਰਿਵਾਰ ਜ਼ਮੀਨ ਜਾਇਦਾਦ ਵੇਚ ਕੇ 20 ਤੋਂ 30 ਲੱਖ ਇਕੱਠਾ ਕਰਦੇ ਹਨ ਅਤੇ ਵਿਆਹ ਰਚਾਉਂਦੇ ਹਨ। ਉਸ ਸਮੇਂ ਉਹਨਾਂ ਦਾ ਸਭ ਕੁੱਝ ਉੱਜੜ ਜਾਂਦਾ ਹੈ। ਜਦੋਂ ਵਿਦੇਸ਼ੀ ਲਾੜੀ ਜਾਂ ਲਾੜਾ ਸਪਾਂਸਰ ਹੀ ਨਹੀਂ ਕਰਦਾ।[16]
ਹਵਾਲੇ
ਸੋਧੋ- ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 14–15. ISBN 978-81-302-0108-5.
- ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 11. ISBN 978-81-302-0108-5.
- ↑ ਗਾਸੋ, ਓਮ ਪ੍ਰਕਾਸ਼ (1989). ਪੰਜਾਬੀ ਸੱਭਿਆਚਾਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 6.
- ↑ 4.0 4.1 4.2 4.3 ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 15. ISBN 978-81-302-0108-5.
- ↑ ਗਾਸੋ, ਓਮ ਪ੍ਰਕਾਸ਼ (1989). ਪੰਜਾਬੀ ਸੱਭਿਆਚਾਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,. p. 6.
{{cite book}}
: CS1 maint: extra punctuation (link) - ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 14. ISBN 978-81-302-0108-5.
- ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 39. ISBN 978-81-302-0108-5.
- ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 14–15. ISBN 978-81-302-0108-5.
- ↑ ਫੁੱਲ, ਗੁਰਦਿਆਲ ਸਿੰਘ (ਡਾ.) (2013). ਪੰਜਾਬੀ ਸੱਭਿਆਚਾਰ ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 16. ISBN 978-81-302-0108-5.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. p. 20. ISBN 978-0-9681683-8-7.
- ↑ "ਕਨੇਡੀਆਨਜ਼ ਪੰਜਾਬ ਟਾਈਮਜ਼". ਜਨਵਰੀ 28, 2012: 6.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. p. 40. ISBN 978-0-9681683-8-7.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. p. 44. ISBN 978-0-9681683-8-7.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. p. 52. ISBN 978-0-9681683-8-7.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. pp. 84–85. ISBN 978-0-9681683-8-7.
- ↑ ਪੂਰਨ ਸਿੰਘ (ਡਾ.) (2014). ਪੰਜਾਬੀ ਸੱਭਿਆਚਾਰ 'ਚ ਤ੍ਰੇੜਾਂ. ਕੇਨੇਡੀਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ, ਕੇਨੇਡਾ. p. 71. ISBN 978-0-9681683-8-7.