ਪੰਜਾਬੀ ਸੱਭਿਆਚਾਰ ਦੇ ਸੰਚਾਰ ਮਾਧਿਅਮ

ਸਭਿਆਚਾਰ ਮਨੁੱਖੀ ਵਰਤਾਰਾ ਹੈ। ਸਭਿਆਚਾਰ ਸਿੱਖਣ -ਸਿਖਾਉਣ ਦੀ ਪ੍ਰਕਿਰਿਆ ਹੈ। ਮਨੁੱਖ ਜਿਹੋ -ਜਿਹੇ ਸਮਾਜ ਵਿੱਚ ਵਿਚਰਦਾ ਹੈ, ਉਸ ਪ੍ਰਕਾਰ ਦਾ ਹੀ ਸਭਿਆਚਾਰ ਗ੍ਰਹਿਣ ਕਰਦਾ ਹੈ। ਪ੍ਰੋ .ਗੁਰਬਖਸ਼ ਸਿੰਘ ਫ਼ਰੈਂਕ ਦਾ ਵਿਚਾਰ ਹੈ, ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਖ਼ਾਤਰ ਪ੍ਰਕਿਰਤੀ ਅਤੇ ਮਾਹੌਲ ਦੇ ਖਿਲਾਫ ਸਮਾਜਕ ਮਨੁੱਖ ਦੀ ਲੜਾਈ ਵਿਚੋਂ ਹੀ ਉਸ ਵਰਤਾਰੇ ਨੇ ਜਨਮ ਲਿਆ ਜਿਸ ਨੂਂ ਸਭਿਆਚਾਰ ਕਹਿੰਦੇ ਹਨ।," [1]ਹਰ ਖੇਤਰ ਦਾ ਸਭਿਆਚਾਰ ਦੂਸਰੇ ਖੇਤਰ ਦੇ ਸਭਿਆਚਾਰ ਤੋਂ ਭਿੰਨ ਹੁੰਦਾ ਹੈ।ਪੰਜਾਬੀ ਸਭਿਆਚਾਰ ਵੀ ਇਥੋਂ ਦੇ ਵਾਤਾਵਰਣ ਅਨੁਸਾਰ ਢਲਿਆ ਹੋਇਆ ਹੈ।ਇਸ ਦਾ ਖਾਣ - ਪੀਣ, ਰਹਿਣ -ਸਹਿਣ, ਪਹਿਰਾਵਾ, ਬੋਲੀ, ਚੱਜ ਆਚਾਰ ਸਭ ਵਾਤਾਵਰਣ ਦੇ ਅਨੁਸਾਰ ਹੈ। ਇਹ ਨਿਵੇਕਲੀ ਪਹਿਚਾਣ ਦਾ ਆਧਾਰ ਵੀ ਹੈ ਤੇ ਦੂਸਰੇ ਸਭਿਆਚਾਰਾਂ ਤੋਂ ਇਸ ਨੂੰ ਵਿਲੱਖਣਤਾ ਵੀ ਪ੍ਰਦਾਨ ਕਰਦਾ ਹੈ। ਵਿਸ਼ਵੀਕਰਨ ਜਾਂ ਗਲੋਬਲੀਕਰਨ ਦਾ ਅਮਲ ਵੱਖ -ਵੱਖ ਵਿਕਾਸਸ਼ੀਲ ਦੇਸ਼ਾਂ ਨੇ ਇਸ ਨਿਵੇਕਲੀ ਪਹਿਚਾਣ ਨੂੰ ਖਤਮ ਕਰਕੇ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਹੈ।ਇਹ ਵਿਸ਼ਵੀਕਰਨ ਪੰਜਾਬੀ ਸਭਿਆਚਾਰ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦੀ ਬਸਤੀਵਾਦੀ ਚਾਲ ਹੈ।ਇਸ ਬਾਰੇ ਜੀਤ ਸਿੰਘ ਜੋਸ਼ੀ ਲਿਖਦੇ ਹਨ,"ਵਿਸ਼ਵੀਕਰਨ ਦਾ ਅਮਲ ਵਿਕਾਸਸ਼ੀਲ ਦੇਸ਼ਾਂ ਦੀ ਵਿਲੱਖਣਤਾ ਨੂੰ ਖਤਮ ਕਰਨ ਦੀ ਕੋਝੀ ਸਾਜਿਸ਼ ਹੈ।,"[2] ਡਾਂ ਸੁਰਜੀਤ ਸਿੰਘ ਸ਼ਬਦਾਂ ਵਿੱਚ,"ਗਲੋਬਕਾਰੀ ਦਾ ਸਬੰਧ ਦੇਸ਼ਾਂ ਵਿੱਚ ਵੱਧ ਰਹੇ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਸਰਮਾਏ, ਤਕਨਾਲੋਜੀ, ਗਿਆਨ ਸੂਚਨਾ ਅਤੇ ਲੋਕਾਂ ਦੇ ਅੰਤਰਰਾਸ਼ਟਰੀ ਅਦਾਨ -ਪ੍ਰਦਾਨ ਨਾਲ ਹੈ ਜਿਸ ਰਾਹੀ ਵਿਸ਼ਵ ਦੀਆਂ ਆਰਥਿਕਤਾਵਾਂ ਇੱਕ ਦੂਜੇ ਉਪਰ ਨਿਰਭਰ ਹੋਣਗੀਆਂ ਅਤੇ ਲੋਕ ਰਾਸ਼ਟਰੀ ਹੱਦਬੰਦੀਆਂ ਨੂੰ ਉਲੰਘ ਕੇ ਇੱਕ ਦੂਜੇ ਨਾਲ ਜੁੜਨਗੇ ਅਤੇ ਸੰਸਾਰ ਇੱਕ ਗਲੋਬਲ -ਪਿੰਡ ਬਣ ਜਾਵੇਗਾ।,"ਪੱਛਮ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਉਸ ਨੇ ਆਪਣੇ ਸਭਿਆਚਾਰਕੇਸ਼ ਮਾਲ ਲਈ ਮੰਡੀ ਉੱਤੇ ਅਧਿਕਾਰ ਜਮਾਇਆ ਅਤੇ ਜਨਤਕ ਚੇਤਨਾ ਨੂੰ ਅਨੁਕੂਲ ਬਣਾ ਕੇ ਆਪਣੀ ਸਰਦਾਰੀ ਕਾਇਮ ਕੀਤੀ। ਜੇਮਜ਼ ਪੈਟਰਾਸ ਲਿਖਦਾ ਹੈ,"ਸਭਿਆਚਾਰਕ ਸਾਮਰਾਜਵਾਦ ਜਨਤਾ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਇਕਮੁੱਠਤਾ ਦੀ ਪਰੰਪਰਾ ਨਾਲੋਂ ਤੋੜ ਕੇ ਉਸ ਦੀ ਥਾਂ ਉੱਤੇ ਮੀਡੀਏ ਦੁਆਰਾ ਪੈਂਦਾ ਕੀਤੀਆਂ ਗਈਆਂ ਉਨ੍ਹਾਂ ਜਰੂਰਤਾਂ ਨੂੰ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਜਿਹੜੀਆਂ ਹਰ ਨਵੇਂ ਪ੍ਰਚਾਰ ਨਾਲ ਬਦਲਦੀਆਂ ਰਹਿੰਦੀਆਂ ਹਨ ਤੇ।,"[3] ਪੰਜਾਬੀ ਸਭਿਆਚਾਰਕ ਪਰਿਵਰਤਨ ਵਿੱਚ ਪੱਛਮੀ ਦੇਸ਼ਾਂ ਦੇ ਸਭਿਆਚਾਰਾਂ ਨਾਲ ਪੰਜਾਬੀ ਸਭਿਆਚਾਰ ਦਾ ਸਿੱਧਾ ਸੰਪਰਕ ਹੈ।ਅੰਗਰੇਜ਼ਾਂ ਨੇ ਪੰਜਾਬ ਵਿੱਚ ਨਵੀਂ ਤਕਨਾਲੋਜੀ ਦਾ ਪਾਸਾਰ ਕਰਕੇ ਆਧੁਨਿਕੀਕਰਨ ਲਿਆਂਦਾ।ਇਸ ਨੇ ਉਦਯੋਗੀਕਰਨ, ਸ਼ਹਿਰੀਕਰਨ, ਪੱਛਮੀਕਰਨ, ਮਸ਼ੀਨੀਕਰਨ ਆਦਿ ਕਈ ਸੰਕਲਪ ਪੇਸ਼ ਕੀਤੇ।ਵਿਸ਼ਵੀ ਵਿਆਪੀ ਪੱਧਰ ਤੇ ਜੋ ਆਪਸੀ ਸੰਪਰਕ ਸਥਾਪਿਤ ਹੋ ਰਹੇ ਹਨ ਉਹ ਨਵੀਨ ਤਕਨਾਲੋਜੀ ਦੇ ਕਾਰਨ ਸੰਭਵ ਹੈ।ਇਸ ਨਾਲ ਮੀਲਾਂ ਦੀ ਦੂਰੀ ਮਿੰਟਾਂ -ਸਕਿੰਟਾ ਵਿੱਚ ਹੋਣ ਨਾਲ ਨੇੜਤਾ ਸਥਾਪਿਤ ਹੋਈ ਹੈ।ਟੈਲੀਫੋਨ, ਕੰਪਿਊਟਰ, ਇੰਟਰਨੈਟ ਆਦਿ ਦੂਰੀਆਂ ਨੂੰ ਨੇੜਤਾ ਵਿੱਚ ਪਰਿਵਰਤਿਤ ਕਰ ਦਿੱਤਾ ਹੈ।[4] ਸਾਮਰਾਜੀ ਸ਼ਕਤੀਆਂ ਨੇ ਪੰਜਾਬੀ ਸਭਿਆਚਾਰ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਲਗਾਤਾਰ ਇਸ ਦੀ ਵਿਲੱਖਣ ਪਛਾਣ ਨੂੰ ਖਤਮ ਕਰਦਿਆਂ ਹੋਇਆਂ ਇਸ ਨੂੰ ਆਪਣੇ ਪ੍ਰਭਾਵ ਖੇਤਰ ਵਿੱਚ ਲਿਆਉਣ ਦਾ ਯਤਨ ਕਰ ਰਹੀਆਂ ਹਨ।ਡਾਂ ਸੁਰਜੀਤ ਬਰਾੜ ਲਿਖਦੇ ਹਨ, "ਪੂੰਜੀਵਾਦੀ ਸਭਿਆਚਾਰ ਜੋ ਭੂਪਵਾਦੀ ਸਭਿਆਚਾਰ ਤੋਂ ਵਧੇਰੇ ਪ੍ਰਗਤੀਸ਼ੀਲ ਹੈ।ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਅਤੇ ਲੈ ਰਿਹਾ ਹੈਸਭਿਆਚਾਰ।,"[5]ਪੱਛਮੀਕਰਨ ਇੱਕ ਪ੍ਰਕਾਰ ਦਾ ਸਮਾਜਿਕ ਝੁਕਾਅ ਹੈ ਜੋ ਜੀਵਨ ਮੁੱਲਾਂ ਵਿਸ਼ਵਾਸਾਂ ਅਤੇ ਦ੍ਰਿਸ਼ਟੀਕੋਣ ਵਿੱਚ ਪਰਿਵਰਤਨ ਲਿਆਉਣ ਦਾ ਕਾਰਨ ਬਣਦਾ ਹੈ।ਪੱਛਮ ਦੁਆਰਾ ਕੀਤਾ ਗਿਆ ਸ਼ਹਿਰੀਕਰਨ ਦਾ ਸੰਕਲਪ ਵੀ ਪੰਜਾਬੀ ਸਭਿਆਚਾਰ ਦੇ ਪਰਿਵਰਤਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ।ਪਿੰਡਾਂ ਵਿੱਚ ਪਹਿਲਾਂ ਸਾਂਝੇ ਪਰਿਵਾਰ ਸਨ ਪਰ ਸ਼ਹਿਰੀਕਰਨ ਨੇ ਇਸ ਨੂੰ ਇਕਹਿਰੇ ਪਰਿਵਾਰ ਵਿੱਚ ਬਦਲ ਦਿੱਤਾ ਹੈ।ਇਸ ਨਾਲ ਰਿਸ਼ਤਿਆਂ ਦਾ ਨਿੱਘ ਖਤਮ ਹੋ ਗਿਆ ਹੈ।ਇਸ ਪ੍ਰਕਾਰ ਪੰਜਾਬੀ ਸਭਿਆਚਾਰ ਦਾ ਮੂਲ ਵਿਧਾਨ ਵੀ ਬਦਲ ਕੇ ਰੱਖ ਦਿੱਤਾ ਹੈ।[6]ਵਿਸ਼ਵੀਕਰਨ ਪੰਜਾਬੀ ਸਭਿਆਚਾਰ ਨੂੰ ਜਾਂ ਤਾਂ ਤਬਾਹ ਕਰ ਰਿਹਾ ਹੈ ਜਾਂ ਫਿਰ ਇਸ ਦੀ ਅਮੀਰ ਆਰਥਿਕ -ਸਮਾਜਿਕ ਵਿਵਸਥਾ ਨੂੰ ਅੰਦਰੋ ਖੋਖਲਾ ਕਰਨ ਦੇ ਯਤਨ ਵਿੱਚ ਹੈ।ਇਹ ਸਭ ਕੁੱਝ ਸੰਚਾਰ ਮਾਧਿਅਮ ਕਰਕੇ ਹੀ ਹੋ ਰਿਹਾ ਹੈ।ਵਿਸ਼ਵੀਕਰਨ ਦੇ ਮਾਰੂ ਪ੍ਰਭਾਵ ਬਾਰੇ ਜੇਮਜ਼ ਪੈਦਰਾਸ ਲਿਖਦਾ ਹੈ,"ਜਨ ਸੰਚਾਰ ਮਾਧਿਅਮ ਖਾਸ ਕਰਕੇ ਟੈਲੀਵਿਜ਼ਨ ਪੂਰੇ ਪਰਿਵਾਰ ਵਿੱਚ ਘੁਸਪੈਠ ਕਰਦਾ ਹੈ ਅਤੇ ਸਿਰਫ਼ ਬਾਹਰੋਂ ਅਤੇ ਉਪਰੋਂ ਹੀ ਨਹੀਂ ਸਗੋਂ ਅੰਦਰੋਂ ਅਤੇ ਗਹਿਰਾਈ ਨਾਲ ਪ੍ਰਭਾਵ ਪਾਉਂਦਾ ਹੈ। [7] ਪੰਜਾਬੀ ਸਭਿਆਚਾਰ ਵਿੱਚ ਪੁਰਾਣੇ ਵਿਸ਼ਵਾਸ ਤਿੜਕ ਰਹੇ ਹਨ ਤੇ ਨਵੀਆਂ ਸਥਾਪਨਾਵਾਂ ਬਣ ਰਹੀਆਂ ਹਨ। ਅੰਨ੍ਹੇ ਉਦਯੋਗੀਕਰਨ ਅਤੇ ਮਸ਼ੀਨੀਕਰਨ ਨਾਲ ਮਨੁੱਖ ਦਾ ਸਰੂਪ ਹੀ ਮਸ਼ੀਨੀ ਬਣ ਗਿਆ ਹੈ। ਵਿਸ਼ਵੀਕਰਨ ਨੇ ਧਰਤੀ ਜਿਉਣ ਜੋਗੀ ਨਹੀਂ ਛੱਡੀ ਇਸ ਨਾਲ ਸਮੁੱਚਾ ਸਭਿਆਚਾਰਕ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ।ਪੰਜਾਬੀ ਲੋਕ ਵਿਰਸਾ ਨੂੰ ਵਿਸਾਰ ਰਹੇ ਹਨ।ਇਸ ਸਰਮਾਏਦਾਰੀ ਸਭਿਆਚਾਰ ਨੇ ਹਰ ਖੇਤਰ ਵਿੱਚ ਪੈਸੇ ਦੀ ਸਰਦਾਰੀ ਕਾਇਮ ਕੀਤੀ ਹੈ।ਵਿਸ਼ਵੀਕਰਨ ਦਾ ਸੰਕਲਪ ਇੱਕ ਦਮ ਹੋਂਦ ਵਿੱਚ ਨਹੀਂ ਆਇਆਂ ਸਗੋਂ ਘੱਟੋ ਘੱਟ ਸੌ ਸਾਲ ਦੀ ਲੰਬੀ ਪ੍ਰਕਿਰਿਆ ਹੈ।ਸਾਇੰਸ, ਤਕਨਾਲੋਜੀ, ਆਰਥਿਕਤਾ, ਆਵਾਜਾਈ ਸਾਧਨ, ਸੰਚਾਰ ਸਾਧਨ, ਆਦਿ ਸਭ ਵਿਸ਼ਵੀਕਰਨ ਦੀ ਦੇਣ ਹਨ।ਜਦੋਂ ਪੰਜਾਬੀ ਸਭਿਆਚਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਰੂਪਾਤਰਣ ਜਾਂ ਪਰਿਵਰਤਨ ਆਉਂਦਾ ਹੈ ਤਾਂ ਉਸ ਲਈ ਸਾਨੂੰ ਸੁਤੰਲਤ ਪਹੁੰਚ ਦੀ ਲੋੜ ਹੈ।ਸਾਨੂੰ ਚਾਹੀਦਾ ਹੈ ਕਿ ਇਸ ਮਾਡਰਨ ਤਕਨੀਕ ਦਾ ਪ੍ਰਯੋਗ ਅਸੀਂ ਆਪਣੇ ਸਭਿਆਚਾਰ ਨੂੰ ਉੱਪਰ ਵੱਲ ਲਿਜਾਣ ਵਿੱਚ ਵਰਤੀਏ।ਸਾਡਾ ਵਿਰਸਾ ਸਾਡਾ ਗੌਰਵ ਅਤੇ ਇਸ ਗੌਰਵ ਨੂੰ ਬਣਾਈ ਰੱਖਣ ਲਈ ਸਾਨੂੰ ਸਭ ਨੂੰ ਯਤਨਸ਼ੀਲ ਹੋਣਾ ਪਵੇਗਾ।[8]

ਹਵਾਲੇ ਸੋਧੋ

↑ ਪ੍ਰੋ.ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਨਾ -ਨੰ 36

↑ ਡਾਂ ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪੰਨਾ -176

↑ ਗੁਰਜਸਵਿੰਦਰ ਸਿੰਘ (ਸੰਪਾਦਕ) ਵਿਸ਼ਵੀਕਰਨ ਦਾ ਪ੍ਰਵਚਨ ਆਰਥਿਕ, ਰਾਜਸੀ ਅਤੇ ਸਭਿਆਚਾਰਕ ਪਰਿਪੇਖ ਪੰਨਾ -ਨੰ 66

↑ ਪ੍ਰੋ.ਗੁਰਬਖਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਨਾ -ਨੰ 60

↑ ਡਾਂ ਸੁਰਜੀਤ ਬਰਾੜ, ਵਿਸ਼ਵੀਕਰਨ ਅਤੇ ਬਦਲਾਵ, ਆਲੋਚਨਾ ਪੰਨਾ-ਨੰ 159

↑ ਪ੍ਰੋ.ਗੁਰਬਖਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਨਾ -ਨੰ 64

↑ ਗੁਰਜਸਵਿੰਦਰ ਸਿੰਘ (ਸੰਪਾਦਕ) ਵਿਸ਼ਵੀਕਰਨ ਦਾ ਪ੍ਰਵਚਨ ਆਰਥਿਕ, ਰਾਜਸੀ, ਅਤੇ ਸਭਿਆਚਾਰਕ ਪਰਿਪੇਖ, ਪੰਨਾ-ਨੰ 69

↑ ਡਾਂ ਸੁਰਜੀਤ ਸਿੰਘ ਬਰਾੜ, ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ ਬਦਲਾਵ, ਆਲੋਚਨਾ, ਪੰਨਾ -ਨੰ 162