ਪੰਜਾਬੀ ਸਵੈ ਜੀਵਨੀ
ਪੰਜਾਬੀ ਸਵੈ-ਜੀਵਨੀ ਆਧੁਨਿਕ ਵਾਰਤਕ ਦੀ ਨਵੀਨ ਵੀਧਾ ਹੈ ਜਿਸਦਾ ਸੰਬੰਧ ਆਤਮ ਵਰਣਨ ਨਾਲ ਹੈ। 1947 ਤੋਂ 1980 ਤੱਕ ਪੰਜਾਬੀ ਸਵੈ- ਜੀਵਨੀ ਦਾ ਇਤਿਹਾਸ ਹੈ।
ਪ੍ਰੀਭਾਸ਼ਾ:
ਸਵੈ- ਜੀਵਨੀ, ਜੀਵਨੀ - ਸਾਹਿਤ ਦਾ ਇਕ ਅਜਿਹਾ ਰੂਪ ਹੈ, ਜਿਸ ਵਿਚ ਜੀਵਨੀਕਾਰ, ਕਿਸੇ ਦੂਜੇ ਵਿਅਕਤੀ ਦਾ ਜੀਵਨ - ਬਿਰਤਾਂਤ ਲਿਖਣ ਦੀ ਬਜਾਏ ਆਪਣਾ ਜੀਵਨ - ਬਿਰਤਾਂਤ ਲਿਖਦਾ ਹੈ। ਸਵੈ - ਜੀਵਨੀ ਦੀਆਂ ਕੁਝ ਪ੍ਰਮੁੱਖ ਪਰਿਭਾਸ਼ਾਵਾਂ ਇਸ ਪ੍ਰਕਾਰ ਹਨ:
ੳ) " ਕਿਸੇ ਵਿਅਕਤੀ ਦੁਆਰਾ ਆਪਣੇ ਜੀਵਨ ਬਾਰੇ ਲਿਖੀ ਕਥਾ ਸਵੈ- ਜੀਵਨੀ ਹੁੰਦੀ ਹੈ।"( ਐਨਸਾਈਕਲਪੀਡੀਆ ਅਮੈਰੀਕਾੱਨ, ii, ਪੰਨਾ 639)
ਅ) "ਸਵੈ- ਜੀਵਨੀ ਉਸ ਨੂੰ ਕਹਿੰਦੇ ਹਨ, ਜਿਸ ਵਿਚ ਲੇਖਕ ਆਪਣੇ ਸੰਪੂਰਨ ਜੀਵਨ ਦਾ ਵੇਰਵਾ ਪੇਸ਼ ਕਰਦਾ ਹੈ।"( ਡਾ. ਨਗੇਂਦ੍ਰ, ਭਾਰਤੀਯ ਸਾਹਿਤਯ ਕੋਸ਼)
ਸਵੈ- ਜੀਵਨੀ ਵਾਰਤਕ ਸਾਹਿਤ ਦਾ ਇੱਕ ਵਿਸ਼ੇਸ਼ ਰੂਪ ਹੈ, ਜਿਸ ਵਿਚ ਲੇਖਕ ਆਪਣੇ ਨਿੱਜੀ ਜੀਵਨ ਦਾ ਬਿਉਰਾ ਪੇਸ਼ ਕਰਦਾ ਹੈ। ਲੇਖਕ ਆਪਣੀ ਜ਼ਿੰਦਗੀ ਬਾਰੇ ਜਦੋਂ ਆਪ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਉੱਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹ ਆਪਣੇ ਬਾਰੇ ਹੋਰ ਲੋਕਾਂ ਤੋਂ ਵੱਧ ਜਾਣਕਾਰੀ ਰੱਖਦਾ ਹੈ। ਇਸ ਕਰਕੇ ਸਵੈ- ਜੀਵਨੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿਚ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਦੀ ਪੁਨਰ ਉਸਾਰੀ ਹੁੰਦੀ ਹੈ। ਸੰਖੇਪ ਵਿਚ ਸਵੈ- ਜੀਵਨੀ , ਸਵੈ ਪ੍ਰਕਾਸ਼ ਹੈ।
ਵਿਸ਼ਵ ਦੇ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਅਤੇ ਚਿੰਤਕਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਹਨ, ਜਿਹਨਾਂ ਦੀਆਂ ' ਅਦਿਕਾਵਾਂ ' ਵਿਚ ਸਵੈ ਜੀਵਨੀ ਦੀ ਪ੍ਰਕਿਰਤੀ , ਸਵੈ ਜੀਵਨੀ ਲਿਖਣ ਦੇ ਕਾਰਨ ਅਤੇ ਸਵੈ ਜੀਵਨੀ ਦੇ ਮਹੱਤਵ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ ਹੈ।
* ਵਸਤੂ - ਸਮੱਗਰੀ:
ਭਾਵੇਂ ਹਰ ਸਵੈ ਜੀਵਨੀ ਵਿਚ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਵੇਰਵਿਆਂ ਨੂੰ ਹੀ ਆਪਣੀ ਰਚਨਾ ਦੀ ਵਸਤੂ ਸਮੱਗਰੀ ਬਣਾਉਂਦਾ ਹੈ ਪਰ ਤਾਂ ਵੀ ਕਿਸੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਕਿਸੇ ਦੂਜੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਨਾਲੋਂ ਭਿੰਨ ਹੁੰਦੀ ਹੈ। ਜਿਵੇਂ ਕਿ ਕਿਸੇ ਰਾਜਸੀ ਨੇਤਾ ਦੀ ਸਵੈ ਜੀਵਨੀ ਵਿਚ ਉਸ ਦੇ ਰਾਜਸੀ ਸੰਘਰਸ਼ ਨਾਲ ਜੁੜੇ ਵੇਰਵੇ ਵਧੇਰੇ ਹੋਣਗੇ, ਇਕ ਖਿਡਾਰੀ ਦੀ ਸਵੈ ਜੀਵਨੀ ਵਿਚ ਖੇਡਾਂ ਨਾਲ ਜੁੜੇ ਪੱਖ ਉੱਭਰ ਕੇ ਸਾਹਮਣੇ ਆਉਣਗੇ, ਕਲਾਕਾਰਾਂ ਦੀਆਂ ਸਵੈ ਜੀਵਨੀਆਂ ਵਿਚ ਕਲਾ ਨਾਲ ਸੰਬੰਧਿਤ ਸੂਖਮ ਵੇਰਵਿਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਸਾਹਿਤਕਾਰਾਂ ਦੀਆਂ ਸਵੈ ਜੀਵਨੀਆਂ ਉਹਨਾਂ ਦੇ ਸਾਹਿਤ ਸਿਰਜਣਾ ਨਾਲ ਜੁੜੇ ਸਰੋਕਾਰ ਦੀ ਤਫ਼ਸੀਲ ਪੇਸ਼ ਕਰਨਗੀਆਂ।ਇੱਕ ਸਾਹਿਤਕਾਰ ਦੀ ਸਵੈ ਜੀਵਨੀ ਕਈ ਪੱਖਾਂ ਤੋਂ ਵਿਸ਼ੇਸ਼ ਹੁੰਦੀ ਹੈ। ਕਿਸੇ ਸਾਹਿਤਕਾਰ ਦੀ ਸ਼ਖਸ਼ੀਅਤ ਦਾ ਪ੍ਰਮੁੱਖ ਲੱਛਣ ਉਸ ਦੀ ਸੰਵੇਦਸ਼ੀਲਤਾ ਹੁੰਦੀ ਹੈ।
* ਸਵੈ - ਜੀਵਨੀ ਦਾ ਪ੍ਰਯੋਜਨ:
ਪੰਜਾਬੀ ਦੇ ਹਰ ਪ੍ਰਮੁੱਖ ਅਤੇ ਪ੍ਰਸਿੱਧ ਸਾਹਿਤਕਾਰ ਨੇ ਆਪਣੀ - ਆਪਣੀ ਸਵੈ - ਜੀਵਨੀ ਲਿਖੀ ਹੈ। ਇਹਨਾ ਦੀਆਂ ਸਵੈ ਜੀਵਨੀਆਂ ਦੀ ਭੂਮਿਕਾ ਵਿਚ ਉਹਨਾਂ ਨੇ ਆਪਣਾ - ਆਪਣਾ ਪ੍ਰਯੋਜਨ ਵੀ ਸਪੱਸ਼ਟ ਕੀਤਾ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ ਸਵੈ ਜੀਵਨੀ ਬਾਲਪਣ ਅਤੇ ਜਵਾਨੀ ਵਿਚ ਲਏ ਸੁਪਨਿਆਂ ਨੂੰ ਮੁੜ ਜਿਊਣ ਦੀ ਇੱਕ ਕੋਸ਼ਿਸ਼ ਮਾਤਰ ਹੁੰਦੀ ਹੈ। ਆਪਣੀ ਸਵੈ ਜੀਵਨੀ ਵਿਚ ਉਹ ਲਿਖਦਾ ਹੈ:
ਇਹ ਕਿਤਾਬ ਇਕ ਕੋਸ਼ਿਸ਼ ਹੈ, ਬਾਲਪਣ ਵਿਚ ਤੇ ਜਵਾਨੀ ਵਿਚ ਲਏ ਸੁਪਨਿਆਂ ਵਿਚ ਮੁੜ ਜਿਊਣ ਦੀ ਤੇ ਹੰਢੀ - ਵਰਤੀ ਤੇ ਥੱਕੀ - ਟੁੱਟੀ ਬੁੱਧੀ ਦੀਆਂ ਗਿਣਤੀਆਂ ਤੇ ਵਿਉਂਤਾਂ ਭੁਲਾਣ ਦੀ। ਜ਼ਿੰਦਗੀ ਦੇ ਹਿਰਖ ਹੀ ਅਸਲੀਅਤ ਹਨ ਤੇ ਬਾਗ਼ ਵਿਚ ਇੱਕ ਕਲੀ ਦਾ ਖਿੜਨਾ ਤੇ ਜਵਾਨੀ ਦਾ ਜੋਬਨ ਵਿੱਚ ਆਉਣਾ , ਹਮੇਸ਼ਾਂ ਲਈ ਤੇ ਸਭਨਾਂ ਲਈ , ਮੋਇਆਂ ਤੇ ਜਿਉਂਦਿਆਂ ਦੋਹਾਂ ਲਈ , ਮਨਮੱਲਵੇਂ ਵਿਸ਼ੇ ਹਨ। ਯਾਦਾਂ ਜ਼ਿੰਦਗੀ ਹਨ ਤੇ ਮਨ ਦੀ ਟੋਕਰੀ ਵਿੱਚ ਫੁੱਲਾਂ ਨੂੰ , ਮਨੁੱਖਾਂ ਨੂੰ ਤੇ ਸਿਤਾਰਿਆਂ ਨੂੰ ਇੱਕਠਾ ਕਰੀ ਜਾਣਾ ਅਤਿ ਸ਼ਾਨਦਾਰ ਰੁਝੇਵਾਂ ਹੈ।
* ਸਵੈ - ਜੀਵਨੀ ਦੇ ਤੱਤ:
ਇਕ ਸੁਚੱਜੇ ਸਵੈਜੀਵਨੀਕਾਰ ਨੂੰ ਆਪਣੀ ਸ਼ਖਸੀਅਤ , ਸਮਾਜ , ਆਪਣੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ - ਵਿਸ਼ੇਸ਼ , ਸੁਦ੍ਰਿੜਤਾ ਅਤੇ ਸ਼ਿਲਪ ਨਾਲ ਸੰਬੰਧਿਤ ਬਹੁਤ ਸਾਰੇ ਤਕਾਜ਼ਿਆਂ ਦੀ ਪੂਰਤੀ ਕਰਨੀ ਪੈਂਦੀ ਹੈ। ਇਹਨਾਂ ਵਿਚੋਂ ਕਿਸੇ ਵੀ ਪੱਖ ਜਾਂ ਤੱਤ ਵੱਲ ਧਾਰਨ ਕੀਤੀ ਲਾਪਰਵਾਹੀ ਉਸ ਦੀ ਰਚਨਾ ਦੇ ਤਵਾਜ਼ਨ ਨੂੰ ਵਿਗਾੜ ਸਕਦੀ ਹੈ। ਸਵੈ - ਜੀਵਨੀ ਵਿਚ ਹੇਠ ਲਿਖੇ ਤੱਤਾਂ ਦਾ ਹੋਣਾ ਜ਼ਰੂਰੀ ਹੈ:
• ਸੱਚ ਦਾ ਸਹਿਜ ਪ੍ਰਕਾਸ਼:-
ਇੱਕ ਸੁਚੱਜੀ ਅਤੇ ਪ੍ਰਮਾਣਿਕ ਸਵੈ - ਜੀਵਨੀ ਸੱਚ ਉੱਤੇ ਅਧਾਰਿਤ ਹੋਣੀ ਚਾਹੀਦੀ ਹੈ। ਕਿਸੇ ਵੀ ਸਵੈਜੀਵਨੀਕਾਰ ਲਈ ਇਹ ਉਚਿਤ ਨਹੀਂ ਕਿ ਉਹ ਆਪਣੇ ਆਪ ਨੂੰ ਮਹਿਮਾ ਮੰਡਿਤ ਕਰਨ ਲਈ ਝੂਠੀਆਂ ਜਾਂ ਕਲਪਿਤ ਘਟਨਾਵਾਂ ਨੂੰ ਆਪਣੀ ਸਵੈ ਜੀਵਨੀ ਵਿਚ ਸ਼ਾਮਿਲ ਕਰਦਾ ਫਿਰੇ।
• ਸ਼ਖਸ਼ੀਅਤ ਦਾ ਪ੍ਰਗਟਾਵਾ:-
ਸਵੈ ਜੀਵਨੀ ਦੀ ਮੂਲ ਵਸਤੂ ਲੇਖਕ ਦਾ ਆਪਣਾ ਜੀਵਨ ਬਿਰਤਾਂਤ ਹੁੰਦਾ ਹੈ। ਉਸ ਨੇ ਆਪਣੇ ਹੀ ਜੀਵਨ ਦਾ ਬਿੰਬ ਪੇਸ਼ ਕਰਨਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਜੀਵਨੀ ਨਾਲੋਂ ਸਵੈ ਜੀਵਨੀ ਦਾ ਨਾਇਕ ਵਧੇਰੇ ਸਜੀਵ ਅਤੇ ਪ੍ਰਾਣਵਾਨ ਹੁੰਦਾ ਹੈ। ਡਾ.ਰਤਨ ਸਿੰਘ ਜੱਗੀ ਸਵੈ ਜੀਵਨੀ ਦੇ ਪੱਖ ਵੱਲ ਸੰਕੇਤ ਕਰਦਾ ਹੋਇਆ ਲਿਖਦਾ ਹੈ ਕਿ ਸਾਹਿਤ ਦੇ ਇਸ ਰੂਪ ਵਿਚ ਲੇਖਕ ਆਪਣੇ ਆਪ ਨੂੰ ਪੁਨਰ - ਉਪਲਬਧ ਕਰਦਾ ਹੈ। ਇਥੇ ਅਧਿਕਤਰ ਯਾਦ ਸ਼ਕਤੀ ਹੀ ਵਸਤੂ ਸੱਮਗਰੀ ਉਪਲਬਧ ਕਰਾਉਂਦੀ ਹੈ।
• ਇਤਿਹਾਸਿਕਤਾ:-
ਕੋਈ ਵੀ ਸਵੈ ਜੀਵਨੀ ਇਕ ਸਾਹਿਤਿਕ ਕਿਰਤ ਹੋਣ ਦੇ ਨਾਲ - ਨਾਲ ਇਤਿਹਾਸਕ ਦਸਤਾਵੇਜ ਵੀ ਹੁੰਦੀ ਹੈ। ਲੇਖਕ ਨੂੰ ਆਪਣੇ ਜੀਵਨ ਨਾਲ ਸੰਬੰਧਿਤ ਤੱਥਾਂ ਅਤੇ ਘਟਨਾਵਾਂ ਦੇ ਸਮਾਂਤਰ ਸਮਕਾਲੀ ਇਤਿਹਾਸਕ ਘਟਨਾਵਾਂ ਬਾਰੇ ਵੀ ਸੰਕੇਤ ਕਰਦੇ ਰਹਿਣਾ ਚਾਹੀਦਾ ਹੈ। ਦੋਵੇਂ ਵਿਸ਼ਵ ਯੁੱਧ , ਸੁਤੰਤਰਤਾ ਸੰਗਰਾਮ , ਮਹਾਤਮਾ ਗਾਂਧੀ, ਬੱਬਰ ਅਕਾਲੀ ਲਹਿਰ , ਭਗਤ ਸਿੰਘ ਦੀ ਸ਼ਹੀਦੀ , ਭਾਰਤ ਦੀ ਆਜ਼ਾਦੀ ਅਤੇ ਪੰਜਾਬ ਦੇ ਵਿਭਾਜਨ ਸਮੇਂ ਹੋਇਆ ਸਮੂਹਿਕ ਨਰ - ਸੰਘਾਰ ਕੁਝ ਅਜਿਹੀਆਂ ਘਟਨਾਵਾਂ ਹਨ, ਜਿਹਨਾਂ ਨੂੰ ਕੋਈ ਨਜ਼ਰ - ਅੰਦਾਜ਼ ਨਹੀਂ ਕਰ ਸਕਦਾ।
• ਸਮਾਜਿਕ - ਸਭਿਆਚਾਰ ਵੇਰਵੇ:-
ਸਵੈ ਜੀਵਨੀ ਵਿਚ ਨਿੱਜੀ ਵੇਰਵਿਆਂ ਦਾ ਆਉਣਾ ਬਹੁਤ ਜਰੂਰੀ ਹੈ। ਕਿਉੰਕਿ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦੇ ਨਿਰਮਾਣ ਵਿਚ ਸੱਭਿਆਚਰ ਅਤੇ ਸਮਾਜਿਕ ਪਰਿਵੇਸ਼ ਬਹੁਤ ਮੁੱਲਪਰਕ ਭੂਮਿਕਾ ਨਿਭਾਉਂਦਾ ਹੈ, ਇਸ ਲਈ ਹਰ ਸਵੈ ਜੀਵਨੀ ਵਿਚ ਇਸ ਪਰਿਵੇਸ਼ ਦੀ ਝਲਕ ਜਰੂਰ ਦਿਖਾਈ ਦੇਣੀ ਚਾਹੀਦੀ ਹੈ।
• ਭਾਸ਼ਾ ਸ਼ੈਲੀ:-
ਹੋਰ ਸਾਹਿਤ ਰੂਪਾਂ ਵਾਂਗ ਸਵੈਜੀਵਨੀ ਵਿਚ ਵੀ ਭਾਸ਼ਾ - ਸ਼ੈਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਾਹਿਤ ਵਿਚ ਸ਼ੈਲੀ ਅਤੇ ਸ਼ਬਦਾਵਲੀ , ਦੀ ਅਜਿਹੀਆਂ ਵਸਤਾਂ ਹਨ ਜਿਹਨਾਂ ਦੀ ਉਚਿਤ ਹੋਂਦ ਜਾਂ ਅਣਹੋਂਦ ਕਿਸੇ ਲੇਖਕ ਦੀ ਰਚਨਾ ਦੇ ਮਹੱਤਵ ਨੂੰ ਵਧਾ - ਘਟਾ ਦਿੰਦੀ ਹੈ। ਸਵੈ ਜੀਵਨੀ ਵਿਚ ਭਾਸ਼ਾ ਸ਼ੈਲੀ ਦੇ ਦੁਕਵੇਂ ਰੂਪ ਦੀ ਪ੍ਰਾਪਤੀ ਲੇਖਕ ਨੂੰ ਆਪਣੇ ਅੰਦਰਲੇ ਨਾਲ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਉਸ ਨੂੰ ਉਚਿਤ ਸ਼ਬਦਾਂ ਦੀ ਤਲਾਸ਼ ਕਰਨੀ ਪੈਂਦੀ ਹੈ । ਇਹ ਭਾਸ਼ਾ ਜਨ - ਸਧਾਰਣ ਦੇ ਪੱਧਰ ਦੀ ਹੁੰਦੀ ਹੋਈ ਵੀ ਭਾਵਾਂ ਨੂੰ ਸੂਖਮ ਢੰਗ ਨਾਲ ਪੇਸ਼ ਕਰਨ ਦੇ ਸਮਰੱਥ ਹੁੰਦੀ ਹੈ।
• ਨਿਸ਼ਕਰਸ਼:-
ਜੀਵਨੀ ਅਤੇ ਸਵੈਜੀਵਨੀ ਆਧੁਨਿਕ ਸਾਹਿਤ ਦੇ ਅਤਿਅੰਤ ਲੋਕਪ੍ਰਿਯ ਰੂਪਕਾਰ ਹਨ। ਇਹ ਸਾਹਿਤ ਅਤੇ ਸਮਾਜ ਦੇ ਅੰਤਰ ਸੰਬਧਾਂ ਨੂੰ ਪੱਕਾ ਅਤੇ ਪੁਸ਼ਟ ਕਰਨ ਵਾਲੇ ਰੂਪ ਹਨ। ਜਿੱਥੇ ਇਹਨਾਂ ਨੂੰ ਪੜ੍ਹ ਕੇ ਸੁਹਜ ਸੁਆਦ ਦੀ ਪ੍ਰਾਪਤੀ ਹੁੰਦੀ ਹੈ, ਉਥੇ ਇਹ ਪਾਠਕਾਂ ਦੀ ਗਿਆਨ ਭੁੱਖ ਨੂੰ ਤ੍ਰਿਪਤ ਕਰਨ ਦਾ ਵੀ ਇੱਕ ਪ੍ਰਮਾਣਿਕ ਵਸੀਲਾ ਬਣਦੇ ਹਨ।ਹਰ ਵਿਅਕਤੀ ਇਤਿਹਾਸਿਕ ਰੋਅ ਦੀ ਗਤਸ਼ੀਲਤਾ ਵਿਚ ਕੁਝ ਨਾ ਕੁਝ ਯੋਗਦਾਨ ਪਾਉਂਦਾ ਹੈ। ਆਧੁਨਿਕ ਯੁੱਗ ਵਿੱਚ ਸਾਹਿਤ ਦੇ ਇਹਨਾਂ ਦੋਹਾਂ ਰੂਪਾਂ ਦਾ ਮਹੱਤਵ ਨਿਰਵਿਵਾਦ ਹੈ।