ਪੰਜਾਬੀ ਸਾਹਿਤ ਦੀ ਇਤਿਹਾਸਕਾਰੀ

ਬੀਤੇ ਦੀਆਂ ਹੋਈਆਂ ਬੀਤੀਆਂ ਸੱਚੀਆਂ ਗੱਲਾਂ ਦਾ ਬਿਓਰਾ ਹੀ ਇਤਿਹਾਸ ਕਹਾਉਂਦਾ ਹੈ। ਸਾਰੀਆਂ ਘਟਨਾਵਾਂ ਜਾਂ ਤੱਥਾਂ ਨੂੰ ਇੱਕ ਲੜੀਵਾਰ ਜਾਂ ਕਾਲਕ੍ਰਮ ਅਨੁਸਾਰ ਤਰਤੀਬਿਆ ਜਾਂਦਾ ਹੈ। ਤੱਥਾਂ ਦੀ ਚੋਣ ਇਤਿਹਾਸ ਦਾ ਜ਼ਰੂਰੀ ਕੰਮ ਹੈ। ਤੱਥਾਂ ਉੱਪਰ ਆਧਾਰਿਤ ਹੋਣ ਦੇ ਬਾਵਜੂਦ ਵੀ ਜ਼ਰੂਰੀ ਨਹੀਂ ਕਿ ਇਤਿਹਾਸ ਸੱਚ ਦਾ ਬੋਧ ਕਰਵਾਏ। ਇਤਿਹਾਸ ਅਤੀਤ ਦਾ ਇੰਨ-ਬਿੰਨ ਪ੍ਰਗਟਾਵਾ ਨਹੀਂ ਹੁੰਦਾ, ਬਲਕਿ ਇਤਿਹਾਸਕਾਰ ਦੇ ਨਜ਼ਰੀਏ ਤੋਂ ਦੇਖਿਆ ਸੰਸਾਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ, If you know the History, Known the historion. ਈ.ਐੱਚ. ਕਾਰ ਦੇ ਅਨੁਸਾਰ, “ਇਤਿਹਾਸ ਇੱਕ ਅਰੋਕ ਪ੍ਰਕਿਰਿਆ ਹੈ, ਆਪਣੇ ਪ੍ਰਭਾਵ ਦੀ, ਇਤਿਹਾਸਕ ਅਤੇ ਉਸ ਦੇ ਤੱਥਾਂ ਵਿਚਕਾਰ ਇੱਕ ਅਮੁੱਕ ਸੰਵਾਦ ਅਤੇ ਵਰਤਮਾਨ ਵਿਚਕਾਰ।”1 2) ਸਾਹਿਤ ਸਾਹਿਤ ਇੱਕ ਸ਼ਾਬਦਿਕ ਕਲਾ ਹੈ। ਸਾਹਿਤ ਸੱਤਿਅਮ, ਸ਼ਿਵਮ, ਸੁੰਦਰਮ ਦੇ ਅਨੁਸਾਰ ਅਜਿਹੀ ਕਲਾਤਮਈ ਰਚਨਾ ਹੈ ਜੋ ਸਮਾਜ ਦੇ ਕਲਿਆਣ ਲਈ ਸੱਚਾਈ ਨੂੰ ਪੇਸ਼ ਕਰਦੀ ਹੋਵੇ। ਸਾਹਿਤ ਦੀ ਇੱਕ ਵਿਆਖਿਆ ਨਹੀਂ ਹੁੰਦੀ, ਕੋਈ ਵਾਕ ਉਦੋਂ ਸਾਹਿਤ ਬਣਦਾ ਹੈ ਜਦੋਂ ਉਹ ਇੱਕ ਅਰਥ ਨੂੰ ਨਕਾਰਦਾ ਹੋਇਆ ਬਹੁ-ਅਰਥਾਂ ਨੂੰ ਪ੍ਰਾਪਤ ਕਰਦਾ ਹੈ। ਸਾਹਿਤ ਹਮੇਸ਼ਾ ਮਨੁੱਖੀ ਜੀਵਨ ਅਤੇ ਮਨੁੱਖੀ ਸਮਾਜ ਦੁਆਲੇ ਘੁੰਮਦਾ ਹੈ। ਆਸਕਰ ਵਾਲਡ ਦੇ ਅਨੁਸਾਰ, “ਸਾਹਿਤ ਹਮੇਸ਼ਾ ਜੀਵਨ ਦੀ ਪੇਸ਼ੀਨਗੋਈ ਕਰਦਾ ਹੈ। ਇਹ ਜੀਵਨ. ਦੀ ਨਕਲ ਨਹੀਂ ਸਗੋਂ ਇਸਨੂੰ ਇਸ ਦੇ ਮੰਤਵ ਅਨੁਸਾਰ ਢਾਲਦਾ ਹੈ।”2 ਡਾ. ਰਤਨ ਸਿੰਘ ਜੱਗੀ ਅਨੁਸਾਰ, “ਸਾਹਿਤ ਇੱਕ ਸੂਖ਼ਮ ਕਲਾ ਹੈ, ਜਿਸਦਾ ਮੁੱਖ ਉਦੇਸ਼ ਸੁਹਜ-ਸੁਆਦ ਉਪਜਾਣਾ ਹੈ ਅਤੇ ਇਸ ਰਾਹੀਂ ਚੰਗੇਰੇ ਜੀਵਨ ਲਈ ਪ੍ਰੇਰਣਾ ਹੈ।”3 3) ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਅਧੀਨ ਸਾਹਿਤ ਦੇ ਇਤਿਹਾਸ ਦਾ ਅਧਿਐਨ ਕੀਤਾ ਜਾਂਦਾ ਹੈ। ਸਾਹਿਤ ਦੀ ਇਤਿਹਾਸਕਾਰੀ ਦਾ ਸਭ ਤੋਂ ਪਹਿਲਾ ਕਦਮ ਤੱਥਾਂ ਦੀ ਲੱਭਤ, ਉਹਨਾਂ ਦੀ ਚੋਣ, ਵਰਗੀਕਰਣ, ਉਹਨਾਂ ਨੂੰ ਪਰੰਪਰਾ ਵਿੱਚ ਟਿਕਾਉਣਾ, ਕਾਲਵੰਡ ਤੇ ਨਾਮਕਰਣ, ਨਾਮਕਰਣ ਵਿੱਚ ਇਕਸਾਰਤਾ ਪੈਦਾ ਕਰਨਾ ਆਦਿ ਸਾਰੇ ਪੜਾਅ ਸਮੁੱਚੀ ਸਾਹਿਤਕਾਰੀ ਦਾ ਹਿੱਸਾ ਬਣਦੇ ਹਨ। ਡਾ. ਹਰਿਭਜਨ ਸਿੰਘ ਭਾਟੀਆ ਅਨੁਸਾਰ, “ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸਕਾਰੀ ਦਾ ਕਾਰਜ ਅਧਿਐਨ-ਵਸਤੂ ਨਾਲ ਸੰਬੰਧਿਤ ਤੱਥਾਂ ਦੀ ਪਛਾਣ, ਇੱਕਤਰੀਕਣ ਉਹਨਾਂ ਨੂੰ ਕਾਲਕ੍ਰਮ ਵਿੱਚ ਟਿਕਾਉਣ, ਉਹਨਾਂ ਵਿਚਾਲੇ ਨਿਰੰਤਰਤਾ ਦੀ ਧਾਰਾ ਪ੍ਰਵਾਹਿਤ ਕਰਨ ਤੋਂ ਲੈ ਕੇ ਕਾਲਵੰਡ ਅਤੇ ਕਾਲਾਂ ਦੇ ਨਾਮਕਰਣ ਤੱਕ ਫ਼ੈਲਦਾ ਹੈ।”4 ਸਾਹਿਤ ਦੀ ਇਤਿਹਾਸਕਾਰੀ ਸਾਹਿਤਕ ਤੱਥਾਂ ਉੱਪਰ ਆਧਾਰਿਤ ਹੁੰਦੀ ਹੈ। ਸਾਹਿਤਕ ਤੱਥਾਂ ਦਾ ਸਰੂਪ ਇਤਿਹਾਸਕ ਤੱਥਾਂ ਨਾਲੋਂ ਵੱਖਰਾ ਹੁੰਦਾ ਹੈ। ਸਾਹਿਤ ਦੇ ਤੱਥ ਸੁਕੰਮਲ ਰੂਪ ਵਿੱਚ ਕਦੇ ਵੀ ਅਤੀਤ ਨਾਲ ਸੰਬੰਧਿਤ ਨਹੀਂ ਹੁੰਦੇ, ਸਗੋਂ ਸਦਾ ਹੀ ਵਰਤਮਾਨ ਵਿੱਚ ਮੌਜੂਦ ਰਹਿੰਦੇ ਹਨ। ਉਚੱਤਮ ਸਾਹਿਤ ਉਹ ਹੁੰਦਾ ਹੈ ਜੋ ਆਪਣੇ ਸਮੇਂ ਤੋਂ ਪਾਰ ਜਾ ਕੇ ਵੀ ਆਨੰਦ ਦੇਣ ਦੇ ਯੋਗ ਹੋਵੇ। ਸਾਹਿਤ ਦੀ ਇਤਿਹਾਸਕਾਰੀ ਦੇ ਤੱਥ ਭਾਸ਼ਾਈ ਤੱਥ ਹੁੰਦੇ ਹਨ। ਇਹ ਸਾਹਿਤ ਦੇ ਅੰਗ ਹੋਣ ਕਰ ਕੇ, ਪ੍ਰਮਾਣਿਕ ਰੂਪ ਵਿੱਚ ਆਪਣੀਆਂ ਅਗਲੀਆਂ ਪੀੜ੍ਹੀਆ ਤੱਕ ਪਹੁਚਦੇ ਹਨ। ਸਾਹਿਤਕ ਤੱਥਾਂ ਦੀ ਲੱਭਤ, ਉਹਨਾਂ ਦੀ ਚੋਣ ਕਿ ਕਿਹੜੇ ਸਾਹਿਤਕ ਤੱਥ ਹਨ ਕੇ ਕਿਹੜੇ ਅਣਸਾਹਿਤਕ ਤੋਂ ਉਹਨਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸਾਹਿਤਕ ਰਚਨਾਵਾਂ ਵਿੱਚੋਂ ਨਿਰੰਤਰਤਾ ਨੂੰ ਲੱਭਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਹਿਤਕ ਤੱਥ ਲੱਭਤ, ਚੋਣ ਅਤੇ ਵਰਗੀਕਰਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਇਹ ਇੱਕੋ ਸਾਹਿਤਕ ਪ੍ਰੰਪਰਾ ਦਾ ਹਿੱਸਾ ਹੋਣ। ਨਿਰੰਤਰਤਾ ਦੀ ਤਲਾਸ਼ ਤੋਂ ਬਾਅਦ ਹੀ ਸਾਹਿਤਕ ਰਚਨਾਵਾਂ ਨੂੰ ਇੱਕ ਲੜੀ ਵਿੱਚ ਰੱਖਿਆ ਜਾਂਦਾ ਹੈ। ਕਿਸੇ ਸਾਹਿਤਕ ਰਚਨਾ ਦੀ ਇਕਹਿਰੀ, ਇੱਕਜੁੱਟ, ਪਰੰਪਰਾ ਦੀ ਪਛਾਣ ਕਰਨ ਲਈ ਲਗਾਤਾਰਤਾ, ਲੱਭਣੀ ਪਵੇਗੀ। ਜਦੋਂ ਕਿਸੇ ਚੀਜ਼ ਨੂੰ ਉੱਚਾਈ ਤੋਂ ਦੇਖਦੇ ਹਾਂ ਤਾਂ ਇਸ ਦੀ ਇੱਕਜੁੱਟਤਾ ਦਾ ਪਤਾ ਲਗਦਾ ਹੈ, ਜਿਵੇਂ ਜੇਕਰ ਦਰਿਆਂ ਦੀ ਸਿਖ਼ਰ ਤੋਂ ਵੇਖਿਆ ਜਾਵੇਂ ਤਾਂ ਦਰਿਆ ਵਿੱਚ ਵਲਵਲੇਵੇਂ ਹੋਣ ਦੇ ਬਾਵਜੂਦ ਵੀ ਦਰਿਆ ਦੀ ਇਕਸਾਰ ਨਿਰੰਤਰਤਾ ਦਾ ਪਤਾ ਲਗਦਾ ਹੈ। ਸਾਹਿਤ ਦੇ ਇਤਿਹਾਸ ਨੂੰ ਜਾਣੇ ਬਗ਼ੈਰ ਸਾਹਿਤ ਦੀ ਇਤਿਹਾਸਕਾਰੀ ਸਹੀ ਢੰਗ ਨਾਲ਼ ਨਹੀਂ ਹੋ ਸਕਦੀ। ਸਾਹਿਤ ਦੀ ਇਤਿਹਾਸਕਾਰੀ ਵਿੱਚ ਨਿਰੰਤਰਤਾ ਦੇ ਨਾਲ-ਨਾਲ ਮੌਲਿਕਤਾ ਦੀ ਪਛਾਣ ਕਰਨਾ ਵੀ ਜ਼ਰੂਰੀ ਹੈ। ਮੌਲਿਕਤਾ ਵਿੱਚ ਕੁਝ ਖ਼ਾਸ ਨਵੀਆਂ ਚੀਜ਼ਾਂ ਨੂੰ ਪੈਦਾ ਕੀਤਾ ਜਾਂਦਾ ਹੈ। ਸਾਹਿਤ ਵਿੱਚ ਮੋੜ, ਵੱਢ, ਜਾਂ ਤਿੱਖੀਆਂ ਤਬਦੀਲੀਆਂ ਪੈਦਾਤ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਮੋੜਾਂ/ਤਿੱਖੀ ਤਬਦੀਲੀ ਜਾਂ ਪ੍ਰਵਾਹਾਂ ਨੂੰ ਲੜੀਬੱਧ ਰੱਖ ਕੇ ਵੰਡ ਲੈਣਾ ਕਾਲਵੰਡ ਹੈ। ਕੋਈ ਸਾਹਿਤਕ ਪਰੰਪਰਾ ਵਿੱਚ ਵਾਪਰਦੀਆਂ ਤਿੱਖੀਆਂ ਤਬਦੀਲੀਆਂ ਜਾਂ ਨਿਰੰਤਰਤਾ ਦੇ ਭੰਗ ਹੋਣ ਦੇ ਨੁਕਤਿਆਂ ਦੀ ਤਲਾਸ਼ ਦੇ ਆਧਾਰ ਤੇ ਅਸੀਂ ਪੰਜਾਬੀ ਸਾਹਿਤ ਦੀ ਕਾਲਵੰਡ ਕਰ ਸਕਦੇ ਹੈ। ਸਾਹਿਤ ਦੀ ਇਤਿਹਾਸਕਾਰੀ ਵਿੱਚ ਨਾਮਕਰਣ ਬਹੁਤ ਜ਼ਰੂਰੀ ਹੈ। ਨਾਮਕਰਣ ਮਹਾਨ ਕਵੀਆਂ ਦੇ ਨਾਂ ਤੇ, ਰਾਜਸੱਤਾ/ਰਾਜਵੰਸ਼ ਨਾਂ ਤੇ, ਧਰਮ ਅਤੇ ਪ੍ਰਵਿਰਤੀਆਂ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਨਾਮਕਰਣ ਸਮੇਂ ਇਕਸਾਰਤਾ ਜ਼ਰੂਰੀ ਹੈ। ਇਹ ਤਰਕ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਸਾਹਿਤ ਦੀ ਇਤਿਹਾਸਕਾਰੀ ਵਾਸਤੇ ਸਾਹਿਤਕ ਦ੍ਰਿਸ਼ਟੀ ਅਤੇ ਇਤਿਹਾਸਕ ਦ੍ਰਿਸ਼ਟੀ ਦੋਵੇਂ ਜ਼ਰੂਰੀ ਹਨ। ਪਾਠਗਤ ਅਲੋਚਨਾ ਵਿੱਚ ਸਿਰਫ਼ ਉਸ ਪਾਠ ਦੀ ਅਲੋਚਨਾ ਕੀਤੀ ਜਾਂਦੀ ਹੈ। ਇਤਿਹਾਸਕ ਦ੍ਰਿਸ਼ਟੀ ਨਾਲ ਵੇਖਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੇ ਉਲਟ ਸਾਹਿਤ ਦੀ ਇਤਿਹਾਸਕਾਰੀ ਵਿੱਚ ਸਾਹਿਤਕ ਦ੍ਰਿਸ਼ਟੀ ਦੇ ਨਾਲ-ਨਾਲ ਇਤਿਹਾਸਕ ਦ੍ਰਿਸ਼ਟੀ ਤੋਂ ਵੀ ਵੇਖਣਾ ਜ਼ਰੂਰੀ ਹੈ ਜਾਂਦਾ ਹੈ ਕਿ ਕਿਹੜੀਆਂ ਘਟਨਾਵਾਂ ਨੇ ਇਸਨੂੰ ਪ੍ਰਭਾਵਿਤ ਕੀਤਾ ਹੈ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ, “ਸਾਹਿਤ ਦੀ ਇਤਿਹਾਸਕਾਰੀ ਦਾ ਮੰਤਵ ਕਿਸੇ ਸਾਹਿਤ ਦੇ ਉਦਭਵ, ਵਿਕਾਸ, ਗੁਣ ਤੇ ਮਹੱਤਵ ਨੂੰ ਇਤਿਹਾਸਕ ਪਰਿਪੇਖ ਵਿੱਚ ਪੇਸ਼ ਕਰਨਾ ਹੈ।”5

ਡਾ. ਹਰਮਿੰਦਰ ਸਿੰਘ ਬੇਦੀ ਅਨੁਸਾਰ, “ਸਾਹਿਤ-ਇਤਿਹਾਸ ਦਾ ਸ਼ਬਦੀ ਅਰਥ ਹੈ, ਸਾਹਿਤ ਦੇ ਵਿਕਾਸ ਦਾ ਲੇਖਾ-ਜੋਖਾ ਕਰਨਾ। ਸਾਹਿਤ ਦੇ ਵਿਕਾਸ ਦਾ ਇਹ ਲੇਖਾ-ਜੋਖਾ ਵਿਸ਼ੇਸ਼ ਕਾਲ ਦੀਆਂ ਪ੍ਰਮੁੱਖ ਪ੍ਰਵਿਰਤੀਆਂ, ਕਾਲ ਵਿਸ਼ੇਸ਼ ਦੀਆਂ ਪਰਿਸਥਿਤੀਆਂ ਅਤੇ ਉਸ ਦੇ ਪਿਛੋਕੜ ਨਾਲ ਜੁੜਿਆ ਹੁੰਦਾ ਹੈ।”6 4) ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪੜ੍ਹਾਅ ਸਾਹਿਤ ਦੀ ਇਤਿਹਾਸਕਾਰੀ ਸਾਹਿਤ ਦੇ ਤੱਥਾਂ ਉੱਪਰ ਆਧਾਰਿਤ ਹੁੰਦੀ ਹੈ।ਕਈ ਵਿਦਵਾਨ ਅਜਿਹੇ ਵੀ ਹਨ, ਜਿਹਨਾਂ ਅਨੁਸਾਰ ਸਾਹਿਤ ਦੇ ਇਤਿਹਾਸਾਂ ਦੀ ਕੋਈ ਜ਼ਰੂਰਤ ਹੀ ਨਹੀਂ, ਕਿਉਂਕਿ ਇਸ ਦੇ ਸੋਮੇ ਸਦਾ ਸਜੀਵ ਰਹਿੰਦੇ ਹਨ। ਇਹ ਸੋਮੇ ਅਮਰ ਹਨ, ਇਸ ਕਾਰਨ ਦਾ ਕੋਈ ਇਤਿਹਾਸ ਹੋ ਹੀ ਨਹੀਂ ਸਕਦਾ। ਇਹ ਸਭ ਦੇ ਬਾਵਜੂਣ ਵੀ ਸਾਹਿਤ ਦੇ ਬਹੁਤ ਸਾਰੇ ਇਤਿਹਾਸ ਲਿਖੇ ਗਏ ਹਨ। ਸਾਹਿਤ ਦੀ ਇਤਿਹਾਸਕਾਰੀ ਦੇ ਪੜਾਅ ਜਾਂ ਪ੍ਰਕਿਰਿਆ ਇਸ ਪ੍ਰਕਾਰ ਹਨ:- i) ਤੱਥਾਂ ਦੀ ਲੱਭਤ ਸਾਹਿਤਕ ਤੱਥ ਭਾਸ਼ਾਈ ਤੱਥ ਹੁੰਦੇ ਹਨ। ਇਹ ਉਵੇਂ ਸੰਭਾਲੇ ਗਏ ਹਨ, ਜਿਵੇਂ ਇਹ ਰਚੇ ਗਏ ਹੁੰਦੇ ਹਨ। ਸਾਹਿਤ ਇਤਿਹਾਸ ਦਾ ਇਤਿਹਾਸਕਾਰ ਸਭ ਤੋਂ ਪਹਿਲਾਂ ਤੱਥਾਂ ਨੂੰ ਲੱਭਦਾ ਹੈ। ਉਸ ਅੱਗੇ ਇੱਕ ਮਹੱਤਵਪੂਰਨ ਪ੍ਰਯੋਜਨ ਇੱਕ ਵਿਸ਼ੇਸ਼ ਕਾਲ-ਖੰਡ ਨਾਲ ਸੰਬੰਧਤ ਹੈ। ਸਾਹਿਤ ਸਮੱਗਰੀ ਨੂੰ ਇੱਕਤਰ ਕਰਨਾ ਹੁੰਦਾ ਹੈ। ਉਸ ਦੇ ਦਿਲ ਅਤੇ ਦਿਮਾਗ ਅੰਦਰ ਤੀਰਬ ਇੱਛਾ ਹੁੰਦੀ ਹੈ ਕਿ ਕਾਲ-ਖੰਡ ਵਿਸ਼ੇਸ਼ ਦੀ ਗਵਾਚੀ ਸਾਹਿਤ ਸਮੱਗਰੀ ਦੀ ਖੋਜ ਕੀਤੀ ਜਾਵੇ ਅਤੇ ਇਸਨੂੰ ਸੰਭਾਲਿਆ ਜਾਵੇ। ਪੰਜਾਬੀ ਸਾਹਿਤ ਨਾਲ ਸੰਬੰਧਤ ਤੱਥਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਫ਼ਕੀਰਾਂ ਦੇ ਡੇਰਿਆਂ, ਮਸਜਿਦਾਂ ਤੇ ਖ਼ਾਨਗ਼ਾਰਾਂ ਵਿਚੋਂ ਲੱਭਿਆ ਗਿਆ ਹੈ। ਭੰਡਾ ਅਤੇ ਬਾ੍ਰਹਮਣਾਂ ਦੁਆਰਾ ਯਾਦ ਰੱਖੀਆਂ ਰਚਨਾਵਾਂ ਵੀ ਇਨ੍ਹਾਂ ਤੱਥਾਂ ਦੀ ਲੱਭਤ ਦਾ ਹਿੱਸਾ ਹਨ। ਬਾਵਾ ਬੁੱਧ ਤੇ ਮੌਲਾ ਬਖ਼ਸ਼ ਕੁਸ਼ਤਾ ਨੇ ਪੰਜਾਬੀ ਸਾਹਿਤ ਸੰਬੰਧੀ ਸਭ ਤੋਂ ਪਹਿਲਾਂ ਤੱਥ ਇੱਕਤਰ ਕੀਤੇ। ਤੱਥਾਂ ਦੀ ਲੱਭਤ ਸਾਹਿਤ ਦੀ ਇਤਿਹਾਸਕਾਰੀ ਵਿੱਚ ਬਹੁਤ ਜ਼ਰੂਰੀ ਹੈ। ਜੇਕਰ ਤੱਥ ਹੀ ਨਹੀਂ ਹੋਣਗੇ ਤਾਂ ਇਤਿਹਾਸਕਾਰੀ ਕਿਵੇਂ ਕੀਤੀ ਜਾ ਸਕਦੀ ਹੈ? ii) ਤੱਥਾਂ ਦੀ ਚੋਣ ਤੱਥਾਂ ਦੀ ਲੱਭਤ ਤੋਂ ਬਾਅਦ ਅਗਲਾ ਪੜਾਅ ਤੱਥਾਂ ਦੀ ਚੋਣ ਦਾ ਆਉਂਦਾ ਹੈ। ਤੱਥਾਂ ਦੀ ਚੋਣ ਵਿੱਚ ਵੇਖਿਆ ਜਾਂਦਾ ਹੈ ਕਿ ਕਿਹੜੇ ਤੱਥ ਸਾਹਿਤਕ ਹਨ ਤੇ ਕਿਹੜੇ ਤੱਥ ਅਣਸਾਹਿਤਕ ਹਨ। ਜਿਵੇਂ ਵਿਆਕਰਨ ਦੀ ਕਿਤਾਬ ਨੂੰ ਅਸੀਂ ਸਾਹਿਤਕ ਪੁਸਤਕ ਨਹੀਂ ਕਹਿ ਸਕਦੇ। ਇਤਿਹਾਸ ਦੀ ਕਿਤਾਬ ਨੂੰ ਵੀ ਸਾਹਿਤਕ ਪੁਸਤਕ ਨਹੀਂ ਕਹਿ ਸਕਦੇ। ਸਾਹਿਤਕ ਤੱਥਾਂ ਨੂੰ ਹੀ ਸਾਹਿਤ ਦੀ ਇਤਿਹਸਕਾਰੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਅੱਖਰਾਂ ਵਿੱਚ ਲਿਖੀ ਗਈ ਹਰੇਕ ਰਚਨਾ ਹੀ ਸਾਹਿਤ ਵਿੱਚ ਸ਼ਾਮਿਲ ਨਹੀਂ ਹੁੰਦੀ। ਰਚਨਾਵਾਂ ਵਿੱਚ ਸਾਹਿਤਕਤਾ ਨੂੰ ਲੱਭ ਕੇ ਹੀ ਸਾਹਿਤਕ ਤੱਥਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਾਹਿਤਕ ਤੱਥਾਂ ਵਿੱਚ ਕਲਾਤਮਕਤਾ ਦਾ ਗੁਣ ਪਾਇਆ ਜਾਂਦਾ ਹੈ। ਸੁਰਿੰਦਰ ਸਿੰਘ ਨਰੂਲਾ ਅਨੁਸਾਰ, “ਸਾਹਿਤ ਅਤੇ ਅਣਸਾਹਿਤ ਦਾ ਮੂਲ ਅੰਤਰ ਇਹ ਹੈ ਕਿ ਪਹਿਲਾ ਜੀਵਨ ਅਨੁਭਵ ਨੂੰ ਸੁਹਜਭਾਵੀ ਢੰਗ ਨਾਲ ਕਲਾਤਮਕ ਰੂਪ ਪ੍ਰਦਾਨ ਕਰਦਾ ਹੈ। ਦੂਸਰਾ ਕਿਸੇ ਅਨੁਭਵ ਦੀ ਕੇਵਲ ਤੱਥਾਤਮਕ ਵਿਆਖਿਆ ਹੀ ਹੁੰਦਾ ਹੈ।”7 iii) ਤੱਥਾਂ ਦਾ ਵਰਗੀਕਰਣ ਤੱਥਾਂ ਦਾ ਵਰਗੀਕਰਣ ਕਰਨ ਲਈ ਕੁਝ ਪ੍ਰਮੁੱਖ ਆਧਾਰ ਹੇਠ ਲਿਖੇ ਅਨੁਸਾਰ ਹਨ:- 1. ਕਾਲਵੰਡ ਦੇ ਆਧਾਰ `ਤੇ 2. ਰੂਪ ਦੇ ਆਧਾਰ `ਤੇ 3. ਵਿਸ਼ੇ ਦੇ ਆਧਾਰ `ਤੇ 4. ਸੰਵੇਦਨਾ ਦੇ ਆਧਾਰ `ਤੇ 5. ਯੁੱਗ ਦੇ ਆਧਾਰ `ਤੇ 6. ਪ੍ਰਵਿਰਤੀ ਦੇ ਆਧਾਰ `ਤੇ iv) ਤੱਥਾਂ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਸਾਹਿਤ ਦੇ ਇਤਿਹਾਸਕਾਰ ਦਾ ਇਹ ਵੀ ਫ਼ਰਜ਼ ਬਣਦਾ ਹੈ ਕਿ ਉਹ ਸਾਹਿਤਕ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰੇ। ਰੂਪ, ਵਿਸ਼ਾ, ਸ਼ੈਲੀ, ਸੰਵੇਦਨਾ, ਸਾਹਿਤਕ ਦ੍ਰਿਸ਼ਟੀ ਵਿਚਾਰਧਾਰਕ ਪੰਖ ਤੋਂ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਨ ਵੇਲੇ ਸਭ ਤੋਂ ਪਹਿਲਾਂ ਵਾਪਰ ਰਹੇ ਪਰਿਵਰਤਨ ਨੂੰ ਵੇਖਣਾ ਜ਼ਰੂਰੀ ਹੈ। ਮੱਧ ਏਸ਼ੀਆਂ ਦੀ ਪਰੰਪਰਾ ਦੁਖਾਂਤਕ ਹੋਣ ਕਾਰਨ ਉਸ ਦਾ ਅਸਰ ਪੰਜਾਬੀ ਸਾਹਿਤ ਉੱਪਰ ਵੀ ਪੈਣ ਲੱਗ ਪਿਆ ਤੇ ਦੁਖਾਂਤ ਪੇਸ਼ ਹੋਣ ਲੱਗਾ। ਸਾਹਿਤਕ ਤਬਦੀਲੀਆਂ ਲੱਭਣੀਆਂ ਅਤੇ ਫਿਰ ਉਹਨਾਂ ਦੇ ਤਬਦੀਲ ਹੋਣ ਦੇ ਕਾਰਨ ਲੈਭਣੇ। ਹੇਠ ਲਿਖੇ ਪੱਖਾਂ ਤੋਂ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ:- 1. ਵਿਸ਼ਾ 2. ਰੂਪ/ਵਿਧਾ 3. ਸ਼ੈਲੀ 4. ਸੰਵੇਦਨਾ 5. ਸਾਹਿਤਕ ਦ੍ਰਿਸ਼ਟੀ 6. ਵਿਚਾਰਧਾਰਾ 7. ਕਾਵਿ ਭਾਸ਼ਾ 8. ਕਾਵਿ ਜੁਗਤਾਂ v) ਸਾਹਿਤਕ ਸਮੱਗਰੀ ਨੂੰ ਕਾਲਕ੍ਰਮ ਵਿੱਚ ਟਿਕਾਉਣਾ ਸਾਹਿਤਕ ਸਮੱਗਰੀ ਨੂੰ ਕਾਲਕ੍ਰਮ ਵਿੱਚ ਟਿਕਾਉਣ ਨਾਲ ਹੀ ਸਹੀਂ ਕਾਲ ਵੰਡ ਹੋ ਸਕਦੀ ਹੈ ਅਤੇ ਸਹੀਂ ਸਿੱਟੇ ਕੱਢੇ ਜਾ ਸਕਦੇ ਹਨ। ਸਾਹਿਤ ਦੇ ਇਤਿਹਾਸ ਵਿੱਚ ਸਾਹਿਤਕ ਸਮੱਗਰੀ ਨੂੰ ਇੱਕਤਰ ਕਰਨ ਤੋਂ ਬਾਅਦ ਉਸ ਦੇ ਨਿਖੇੜੇ ਨੂੰ ਵੱਖ-ਵੱਖ ਸਮੇਂ ਦੇ ਅਨੁਸਾਰ ਵੰਡਣ ਨੂੰ ਕਾਲਵੰਡ ਕਿਹਾ ਜਾਂਦਾ ਹੈ। ਸਾਹਿਤਕ ਪ੍ਰਵਾਹ ਜਦੋਂ ਬਦਲਦਾ ਹੈ ਤਾਂ ਉਸਨੂੰ Rupture ਜਾਂ ਤਿੱਖੀ ਤਬਦੀਲੀ ਕਿਹਾ ਜਾਂਦਾ ਹੈ। ਇਸ ਤਿੱਖੀ ਤਬਦੀਲੀ ਨੂੰ ਇਤਿਹਾਸ ਅਤੇ ਸਮੇਂ ਅਨੁਸਾਰ ਵੰਡਣ ਨੂੰ ਕਾਲਵੰਡ ਕਿਹਾ ਜਾਂਦਾ ਹੈ। ਇੱਕ ਸ਼ਬਦ ਇਹ ਵੀ ਹੈ ਕਿ ਸਾਹਿਤਕ ਕਾਲਵੰਡ ਵਿੱਚ ਵੰਡੇ ਹਰ ਪੀਰੀਅਡ ਜਾਂ ਉਸ ਪੀਰੀਅਡ ਦੇ ਸਮੇਂ ਸਾਹਿਤ ਦੀ ਆਪਣੀ ਕੋਈ ਨਾ ਕੋਈ ਖ਼ਾਸੀਅਤ ਜ਼ਰੂਰ ਹੁੰਦੀ ਹੈ। ਉਸ ਵਿੱਚ ਪੁਰਾਣੇ ਸਾਹਿਤ ਨਾਲੋਂ ਤਬਦੀਲੀ ਹੋਈ। ਉਹ ਨਵੀਂ ਤਬਦੀਲੀ ਹੀ ਉਸਨੂੰ ਪੁਰਾਣੇ ਸਮੇਂ ਨਾਲੋਂ ਤੋੜ ਕੇ ਅਗਲੇ ਕਾਲ ਵਿੱਚ ਪ੍ਰਵੇਸ਼ ਕਰ ਦੇਵੇਗਾ। ਇਨ੍ਹਾਂ ਸਭ ਦੇ ਆਧਾਰ `ਤੇ ਸਾਹਿਤਕ ਪ੍ਰੰਪਰਾ ਨੂੰ ਅਲੱਗ-ਅਲੱਗ ਖੇਤਰਾਂ ਵਿੱਚ ਵੰਡਣਾ ਕਾਲਵੰਡ ਹੈ। ਸਾਹਿਤ ਦਾ ਸਰੂਪ ਸਦਾ ਇਕੋ ਜਿਹਾ ਨਹੀਂ ਰਹਿੰਦਾ। ਇਸ ਵਿੱਚ ਬਹੁਤ ਸਾਰੇ ਅਜਿਹੇ ਦੌਰ ਆਉਂਦੇ ਹਨ ਜਦੋਂ ਇਸ ਦੇ ਸਰੂਪ ਵਿੱਚ ਪਰਿਵਰਤਨ ਵਾਪਰਦਾ ਹੈ। ਇਨ੍ਹਾਂ ਪਰਿਵਰਤਨਾਂ ਨੂੰ ਕਾਲਕ੍ਰਮਤਾ ਅਧੀਨ ਹੀ ਸਮਝਿਆ ਜਾਂ ਸਕਦਾ ਹੈ। ਡਾ. ਨਰਿੰਦਰ ਸਿੰਘ ਅਨੁਸਾਰ, “ਸਾਹਿਤ ਦੇ ਇਤਿਹਾਸ ਵਿੱਚ ਕਾਲਵੰਡ ਜ਼ਰੂਰੀ ਹੈ, ਕਿਉਂਕਿ ਇਸ ਨਾਲ ਸਾਹਿਤ ਦੇ ਵਿਕਾਸ ਦੀ ਦਿਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਅਤੇ ਵਿਕਾਸ ਦੇ ਦੌਰਾਨ ਵਾਪਰਨ ਵਾਲੇ ਪਰਿਵਰਤਨਾਂ ਦੇ ਸਹੀ ਸਰੂਪ ਦਾ ਗਿਆਨ ਹੁੰਦਾ ਹੈ।”8 ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਗੋਵਿੰਦ ਸਿੰਘ ਲਾਂਬਾ ਅਨੁਸਾਰ, “ਸਮੁੱਚੇ ਸਾਹਿਤਕ ਇਤਿਹਾਸ ਵਿੱਚ ਜਿਹੜੇ ਵੀ ਅਤੇ ਜਿੰਨ੍ਹੇ ਵੀ ਅਜਿਹੇ ਦੌਰ ਆਉਂਦੇ ਹਨ, ਜਦ ਭਿੰਨ-ਭਿੰਨ ਵਿਧੀਆਂ ਅਪਣਾ ਕੇ, ਉਹਨਾਂ ਨੂੰ ਕੋਈ ਨਾਂ ਦੇ ਕੇ ਅਸੀਂ ਨਿਖੇੜਨ ਦਾ ਯਤਨ ਕਰਦੇ ਹਾਂ, ਤਾਂ ਉਹ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਅਖਵਾਉਂਦੀ ਹੈ।”9 vi) ਨਾਮਕਰਣ ਸਾਹਿਤ ਦੀ ਕਾਲਵੰਡ ਕਰਦੇ ਸਮੇਂ ਇਸ ਦੇ ਨਾਮਕਰਣ ਦੀ ਲੋੜ ਪੈਂਦੀ ਹੈ ਇਸ ਦੇ ਲਈ ਕਈ ਢੰਗ ਅਪਣਾਏ ਜਾਂਦੇ ਹਨ। ਪਰ ਬਿਹਤਰ ਇਹੀ ਹੁੰਦਾ ਹੈ ਕਿ ਅਜਿਹੇ ਢੰਗ ਵਰਤੇ ਜਾਣ ਜੋ ਵਿਗਿਆਨਕ ਹੋਣ ਤੇ ਸੰਕੀਰਣ ਦ੍ਰਿਸ਼ਟੀ ਤੋਂ ਮੁਕਤ ਹੋਣ। ਨਾਮਕਰਣ ਵਿੱਚ ਇੱਕ ਸਾਰਤਾ ਹੋਣੀ ਜ਼ਰੂਰੀ ਹੈ ਅਤੇ ਇਹ ਤਰਕ ਦੇ ਆਧਾਰ `ਤੇ ਹੋਣੀ ਚਾਹੀਦੀ ਹੈ। ਭਾਵ ਇਹ ਜ਼ਰੂਰੀ ਹੈ ਕਿ ਕਿਸੇ ਨਾ ਕਿਸੇ ਤਰਕ ਦੇ ਆਧਾਰ `ਤੇ ਸਾਹਿਤ ਵੰਡ ਸਮੇਂ ਉਸ ਵਿੱਚ ਨਵੀਂ ਤਬਦੀਲੀ ਆਈ ਹੋਣੀ ਲਾਜ਼ਮੀ ਹੈ। ਕਾਲਵੰਡ ਦੇ ਵਿੱਚ ਨਾਮਕਰਣ ਇੱਕਸਾਰ ਹੋਣੀ ਚਾਹੀਦੀ ਹੈ। ਉਦਾਹਰਨ ਦੇ ਤੌਰ `ਤੇ ਕਿਰਪਾਲ ਸਿੰਘ ਕਸੇਲ ਅਤੇ ਪ੍ਰਮਿੰਦਰਜੀਤ ਸਿੰਘ ਦੀ ਕਿਤਾਬ ‘ਸਾਹਿਤ ਦੀ ਉਤਪੱਤੀ ਤੇ ਵਿਕਾਸ` ਵਿੱਚ ਕਾਲਵੰਡ ਤੇ ਨਾਮਕਰਣ ਇੱਕਸਾਰ ਮਿਲਦੇ ਹਨ। ਨਾਮਕਰਣ ਦੇ ਆਧਾਰ 1. ਪ੍ਰਸਿੱਧ ਸਾਤਿਹਕਾਰ/ਕਵੀ/ਰਚਨਾ ਦੇ ਨਾਮ `ਤੇ 2. ਰਾਜਸੱਭਾ/ਰਾਜਵੰਸ਼/ਹਕੂਮਤ ਤੇ ਨਾਮ `ਤੇ 3. ਸਦੀ ਨੂੰ ਆਧਾਰ ਬਣਾ ਕੇ 4. ਕਾਲ ਦੇ ਆਧਾਰ `ਤੇ 5. ਸਾਹਿਤ ਰੂਪ/ਵਿਧਾ ਦੇ ਆਧਾਰ `ਤੇ vii) ਨਾਮਕਰਣ ਵਿੱਚ ਇਕਸਾਰਤਾ ਸਾਹਿਤ ਵਿੱਚ ਕਾਲਾਂ ਦੇ ਨਾਮਕਰਣ ਵਿੱਚ ਇਕਸਾਰਤਾ ਦਾ ਮਸਲਾ ਵੀ ਇੱਕ ਗੰਭੀਰ ਮਸਲਾ ਹੈ। ਕਈ ਵਾਰ ਇੱਕ ਹੀ ਸਾਹਿਤ ਇਤਿਹਾਸ ਵਿੱਚ ਵੱਖ-ਵੱਖ ਆਧਾਰਾਂ ਅਨੁਸਾਰ ਸਾਹਿਤ ਦੀ ਕਾਲਵੰਡ ਅਤੇ ਨਾਮਕਰਣ ਕਰ ਲਿਆ ਜਾਂਦਾ ਹੈ। ਜਿਵੇਂ ਇੱਕ ਸਮੇਂ ਦੇ ਸਾਹਿਤ ਨੂੰ ਪ੍ਰਤੀਨਿਧ ਸਾਹਿਤਕਾਰ ਦੇ ਨਾਂ ਉੱਤੇ ਦੂਸਰੇ ਕਾਲ ਨੂੰ ਰਾਜਨੀਤਿਕ ਵਿਅਕਤੀ ਦੇ ਨਾ ਅਤੇ ਕਿਸੇ ਕਾਲ ਨੂੰ ਸਾਹਿਤ ਰੂਪਾਕਾਰ ਦੇ ਨਾਂ ਅਨੁਸਾਰ ਵੰਡ ਲਿਆ ਜਾਂਦਾ ਹੈ। ਹਰੇਕ ਸਾਹਿਤ ਇਤਿਹਾਸਕਾਰ ਆਪਣੀ ਇੱਛਾ ਅਤੇ ਅੰਤਰ ਦ੍ਰਿਸ਼ਟੀ ਅਨੁਸਾਰ ਹੀ ਨਾਮਕਰਣ ਦਾ ਆਧਾਰ ਨਿਸ਼ਚਿਤ ਕਰਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਵੀ ਵੱਖ-ਵੱਖ ਸਾਹਿਤ ਇਤਿਹਾਸਕਾਰਾਂ ਦੁਆਰਾ ਰਚਿਤ ਇਤਿਹਾਸਾਂ ਵਿੱਚ ਨਾਮਕਰਣ ਇਕਸਾਰਤਾ ਨਹੀਂ ਹੈ। viii) ਸਿੱਟਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਹਿਤ ਇਤਿਹਾਸ ਲਿਖਣਾ ਇੱਕ ਕਠਿਨ ਕਾਰਜ ਹੈ। ਇਹ ਖੋਜ, ਸਿਧਾਂਤ, ਅਲੋਚਨਾ ਅਤੇ ਇਤਿਹਾਸ ਨੂੰ ਆਪਣੇ ਕਲੇਵਰ ਵਿੱਚ ਸਮੇਟਦਾ ਹੈ। ਕਈ ਪੜਾਵਾਂ ਵਿੱਚੋਂ ਲੰਘ ਕੇ ਸਾਹਿਤ ਦਾ ਇਤਿਹਾਸ ਲਿਖਿਆ ਜਾਂਦਾ ਹੇ। ਤੱਥਾਂ ਦੀ ਲੱਭਤ, ਚੋਣ, ਵਿਸ਼ਲੇਸ਼ਣ, ਵਰਗੀਕਰਣ, ਨਾਮਕਰਣ, ਅਤੇ ਕਾਲਵੰਡ ਦੇ ਪੜਾਵਾਂ ਵਿਚੋਂ ਗੁਜ਼ਰ ਕੇ ਹੀ ਸਾਹਿਤ ਦਾ ਚੰਗਾ ਇਤਿਹਾਸ ਲਿਖਿਆ ਜਾ ਸਕਦਾ ਹੈ। ਹਵਾਲੇ ਅਤੇ ਟਿੱਪਣੀਆਂ 1) ਈ.ਐਚ. ਕਾਰ, ਇਤਿਹਾਸ ਕੀ ਹੈ?, (ਡਾ. ਨਵਤੇਜ ਸਿੰਘ ਅਨੁਵਾਦਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007, ਪੰਨਾ 23 2) ਕਥਨ ਕੋਸ਼, (ਸੰਪਾਂ. ਪਰਮਿੰਦਰ ਕੌਰ ਕਰਾਂਤੀ, ਅੱਛਰੂ ਸਿੰਘ), ਲੋਕਗੀਤ ਪ੍ਰਕਾਸ਼ਨ, 1997, ਪੰਨਾ 62 3) ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989, ਪੰਨਾ 243 4) ਹਰਿਭਜਨ ਸਿੰਘ ਭਾਟੀਆ, ਚਿੰਤਨ ਪੁਨਰ-ਚਿੰਤਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2010, ਪੰਨਾ 31 5) ਡਾ. ਤੇਜਵੰਤ ਸਿੰਘ ਗਿੱਲ, ਸਾਹਿਤ ਦੀ ਇਤਿਹਾਸਕਾਰੀ ਤੇ ਪੰਜਾਬੀ ਸਾਹਿਤ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, (ਜਿਲਦ ਪਹਿਲੀ), (ਬਿਕਰਮ ਸਿੰਘ ਘੁੰਮਣ, ਹਰਿਭਜਚਨ ਸਿੰਘ ਭਾਟੀਆ ਸੰਪਾਦਕ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 27 6) ਡਾ. ਹਰਮਿੰਦਰ ਸਿੰਘ ਬੇਦੀ, ਸਾਹਿਤ ਸੰਦਰਭ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ, 1990, ਪੰਨਾ 98 7) ਸੁਰਿੰਦਰ ਸਿੰਘ ਨਰੂਲ, ਸਾਹਿਤ ਤੇ ਅਣਸਾਹਿਤ, ਼ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, (ਜਿਲਦੀ ਦੂਜੀ), (ਬਿਕਰਮ ਸਿੰਘ ਘੁੰਮਣ, ਹਰਿਭਜਨ ਸਿੰਘ ਭਾਟੀਆ ਸੰਪਾਦਕ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 1 8) ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਇੱਕ ਦ੍ਰਿਸ਼ਟੀ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2002, ਪੰਨਾ 24 9) ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ, ਡਾ. ਗੋਵਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2009, ਪੰਨਾ 9

ਹਵਾਲੇ

ਸੋਧੋ