ਪੰਜਾਬੀ ਸੂਫੀ ਕਾਵਿ ਦਾ ਇਤਿਹਾਸ

ਪੰਜਾਬੀ ਸਾਹਿਤ ਇਤਿਹਾਸ ਵਿੱਚ ਸੂਫੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸੂਫੀ ਕਾਵਿ ਸੂਫ਼ੀ  ਵਿਚਾਰਧਾਰਾ ਉੱਤੇ ਆਧਾਰਿਤ ਕਾਵਿ ਧਾਰਾ ਹੈ। ਪੰਜਾਬੀ ਸੂਫੀ ਕਾਵਿ ਨੂੰ ਕਲਮਬੱਧ ਕਰਨ ਵਿੱਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲ੍ਰੇ ਸ਼ਾਹ, ਅਲੀ ਹੈਦਰ, ਫਰਦ ਫਕੀਰ, ਹਾਸ਼ਮ ਸ਼ਾਹ, ਗੁਲਾਮ ਫਰੀਦ ਅਤੇ ਮੀਰਾ ਸ਼ਾਹ ਜਲੰਧਰੀ ਆਦਿ ਸੂਫੀ ਕਵੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਇਹਨਾਂ ਸੂਫੀ ਕਵੀਆਂ ਨੇ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਢੁੱਕਵੇਂ ਕਾਵਿ-ਰੂਪਾਂ ਵਿੱਚ ਕੀਤੀ। ਪੰਜਾਬੀ ਸਾਹਿਤ ਕੋਸ਼ ਅਨੁਸਾਰ, ''ਕਾਵਿ ਦਾ ਭਾਵ ਅਜਿਹੀ ਰਚਨਾ ਤੌਂ ਹੈ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਗਏ ਹੋਣ। ਇਹ ਇੱਕ ਸੂਖਮ ਕਲਾ ਹੈ, ਜਿਸ ਦਾ ਮੁੱਖ ਉਦੇਸ਼ ਸੁਹਜ ਸੁਆਦ ਉਪਜਾਉਣਾ ਅਤੇ ਚੰਗੇ ਜੀਵਨ ਲਈ ਪ੍ਰੇਰਣਾ ਦੇਣਾ ਹੈ।'' ਇਨਸਾਈਕਲੋਪੀਡੀਆਂ ਆਫ- ਸ਼ੋਸ਼ਲ ਸਾਇੰਸਂ ਅਨੁਸਾਰ, ''ਕਾਵਿ ਉਹ ਹੈ ਜੋ ਮਨੁੱਖੀ ਮਨ ਦੀਆਂ ਹੇਠਲੀਆਂ ਪਰਤਾਂ ਨੂੰ ਨੰਗਿਆਂ ਕਰਦਾ ਹੈ, ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ। ਇਹ ਕਿਸੇ ਖ਼ਾਸ  ਸੱਭਿਆਚਾਰ ਦੀਆਂ ਹੱਦਾਂ ਨੂੰ ਲੰਘ ਜਾਣ ਦੀ ਸਮੱਰਥਾ ਰੱਖਦਾ ਹੈ। ਇਹ ਮਨੁੱਖ ਮਨ ਦੀ ਸਰਵਵਿਆਪੀ ਬੋਲੀ ਹੁੰਦੀ ਹੈ।'' ਡਾ. ਸਤਿੰਦਰ ਸਿੰਘ ਅਨੁਸਾਰ, ''ਕਾਵਿ ਨੂੰ ਇੱਕ ਰਸਮਈ ਬਾਣੀ ਆਖਿਆ ਜਾਂਦਾ ਹੈ। ਇਸ ਵਿੱਚ ਗਿਆਨ ਦੇ ਮਨੋਭਾਵ, ਬੁੱਧਈ ਤੇ ਕਲਪਨਾ, ਅਰਥ ਤੇ ਬਿੰਬ ਨਾਲ-ਨਾਲ ਸੰਗਠਿਤ ਹੋਏ ਮਿਲਦੇ ਹਨ।''