ਪੰਜਾਬੀ ਸੱਭਿਆਚਾਰ ਦਾ ਅੰਤਰਰਾਸ਼ਟਰੀ ਪਰਿਪੇਖ

ਜਾਣ ਪਛਾਣ:-ਪੰੰਜਾਬੀ ਸੱਭਿਆਚਾਰ ਇੱਕ ਖਿੱਤੇ ਵਿੱਚ ਫੈਲੀ ਸੱਭਿਅਤਾ ਤੱਕ ਸੀਮਿਤ ਨਹੀਂ ਹੈ,ਇਹ ਤਾਂ ਪੂਰਵੀ ਈਸਵੀ ਸਦੀਆਂ ਤੋਂ ਅੱਜ ਤੱਕ ਆਪਣੀਅੰਤਰਰਾਸ਼ਟਰੀ ਪਛਾਣ ਰੱਖਦਾ ਹੈ।[1] ਪੰੰਜਾਬੀ ਸੱਭਿਆਚਾਰ ਸਮੇੇਂ ਦੀ ਚਾਲ ਨਾਲ ਬਦਲਦਾ ਰਿਹਾ ਹੈ। ਇਸ ਸੰਬੰਧੀ ਡਾ. ਸਤਿੰਦਰ ਸਿੰਘ ਨੂਰ ਲਿਖਦੇ ਹਨ ਕਿ ਕੁਝ ਵਿਦਵਾਨਾਂ ਦਾ ਸੁਝਾਅ ਹੈ ਕਿ ਭੂਗੋਲਿਕ ਤੌਰ ਤੇ ਕੇਵਲ ਹੁਣ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਿਆ ਜਾਵੇ। ਵਿਚਾਰਵਾਨਾਂ ਦੀ ਇਸ ਗੱਲ ਨਾਲ ਵਧੇਰੇ ਸਹਿਮਤ ਨਹੀਂ ਹੋਇਆ ਜਾ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਦੇ ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਵਿੱਚ ਰੱਖਿਆ ਜਾਵੇ, ਪਰ ਸੱਭਿਆਚਾਰ ਜਿਸ ਦਾ ਰੂਪ ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਸਾਹਮਣੇ ਆਇਆ ਹੈ। ਉਸ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਪੰਜਾਬੀ ਸੱਭਿਆਚਾਰ ਉੱਪਰ ਕਈ ਤਰਾਂ ਦੇ ਆਧੁਨਿਕ ਪ੍ਰਭਾਵ ਪਏ ਹਨ।[2]

ਪੰਜਾਬੀ ਕੌਮ ਮੂਲ ਰੂਪ ਵਿੱਚ "ਪ੍ਰਵਾਸੀ-ਪੰਛੀ" ਹੈ। ਇਹ ਛੋਟੇ ਛੋਟੇ ਖੰਭਾਂ ਵਾਲੇ ਪੰਛੀ ਹਜ਼ਾਰਾਂ ਮੀਲ ਉਡਾਰੀਆਂ ਮਾਰ ਕੇ, ਪੌਣ-ਪਾਣੀ ਅਨੁਕੂਲ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਵੀ ਸਾਇਬੇਰੀਆ ਦੀਆਂ ਕੂੰਜਾਂ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ:-

"ਉਡੇ ਊਡਿ ਆਵੈ ਸੈ ਕੈਸਾ

ਤਿਸ ਪਾਛੇ ਬਚਰੇ ਛਰਿਆ......।।"

ਲਹੂ ਨੂੰ ਯਖ ਕਰ ਦੇਣ ਵਾਲੀ ਸਰਦੀ ਵਿੱਚ ਕੂੰਜਾਂ, ਕੱਤਕ ਦੇ ਮਹੀਨੇ ਪੰਜਾਬ ਵੱਲ ਉੱਡ ਆਉਂਦਿਆਂ, ਪਿੱਛੇ ਬਰਫਾਂ ਵਿੱਚ ਦੱਬੇ ਉਨ੍ਹਾਂ ਦੇ ਬੱਚੇ ਆਪਣੇ ਆਪ ਪਲ ਜਾਂਦੇ ਹਨ, ਕਿਉਂਕਿ ਉਹ ਕੂੰਜਾਂ ਜੋਦੜੀ ਕਰਦੀਆਂ ਹਨ:-

"ਤਿਨ ਕਵਣੁ ਕਲਾਵੇ, ਕਵਣੁ ਚੁਗਾਵੈ

ਮਨ ਮਹਿ ਸਿਮਰਨ ਕਰਿਆ।।" [ ਗਉੜੀ ਮ. ੫

ਪੰਛੀਆਂ ਵਾਂਗ ਕੁਝ ਕੌਮਾਂ ਵਿੱਚ ਪ੍ਰਵਾਸ ਕਰਨ ਦੀ ਪ੍ਰਵਿਰਤੀ ਹੁੰਦੀ ਹੈ, ਇਹ ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ ਹੈ। ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਦੇਸ਼-ਦੇਸ਼ਾਤਰ ਜਾਂਦੇ ਪੰਜਾਬੀ ਆਪਣੇ ਨਾਲ ਲੈ ਜਾਂਦੇ ਹਨ।[3]

ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਦਾ ਯੋਗਦਾਨ:- ਅੱਜ ਸੰਸਾਰ ਵਿੱਚ ਯੂਰਪ, ਵਿਗਿਆਨ ਦੇ ਖੇਤਰ ਵਿੱਚ ਸਭ ਤੋਂ ਅੱਗੇ ਹੈ। ਪਰ ਅਜੋਕੇ ਵਿਗਿਆਨ ਤੋਂ ਕੁਝ ਚਿਰ ਪਹਿਲਾਂ ਮਨੁੱਖੀ ਸਮਾਜ ਦੀ ਆਰੰਭਕ ਸਿਰਜਨਾ ਸਮੇਂ ਵੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਕੱਢੀਆਂ ਜਾਂਦੀਆਂ ਸਨ। ਇਸ ਸਭਿਅਕ ਖੇਤਰ ਵਿੱਚ ਯੂਨਾਨ, ਮਿਸ਼ਰ, ਚੀਨ, ਮੈਸੋਪੋਟੈਮੀਆ, ਬੈਬੇਲੋਨੀਆਂ ਅਤੇ ਭਾਰਤ ਪ੍ਰਮੁੱਖ ਦੇੇੇਸ਼ ਸਨ। ਉਸ ਸਮੇਂ ਭਾਰਤ ਦੇੇੇਸ਼ ਦੀ ਪ੍ਰਤੀਨਿਧਤਾ ਪੰਜਾਬ ਦਾ ਸੱਭਿਆਚਾਰ ਹੀ ਕਰਦਾ ਸੀ। ਸਾਡੇ ਲੋਕ-ਗੀਤਾਂਂ, ਅਖਾਣ-ਅਖਾਉਤਾਂ ਅਤੇ ਬੁਝਾਰਤਾਂ ਵਿੱਚ ਉਸ ਸਮੇਂ

ਦੇ ਵਿਗਿਆਨ ਦੀਆਂ ਉਦਾਹਰਣਾਂ ਹਨ। ਖੇਤਾਂ ਨੂੰ ਸੰਚਿਤ ਕਰਨ ਵਾਲਾ ਖੂਹ, ਦੀਵਾ, ਸੂਈ, ਚਰਖੇ ਤੋਂ ਲੈ ਕੇ ਜੀਵਨ ਦੇ ਹਰ ਖੇਤਰ ਵਿੱਚ ਪੰਜਾਬ ਨੇ ਦੁਨੀਆ ਦੀ ਅਗਵਾਈ ਕੀਤੀ, ਕੇਵਲ ਯੂਨਾਨ ਵਿੱਚ ਪਹਿਲਾਂ ਸਿੱਕੇ ਢਾਲਣ ਤੇ ਬਣਾਉਣ ਦੀ ਵਿਧੀ ਸੀ, ਜੋ ਪੰਜਾਬੀਆਂ ਨੇ ਝਟ ਹੀ ਅਪਨਾ ਕੇ ਤਕਸ਼ਿਲਾ ਟੈਕਸਲਾ ਵਿੱਚ ਸਿੱਕਿਆਂ ਦੀ ਟਕਸਾਲ ਬਣਾ ਲਈ ਸੀ। ਸਾਡੀ ਸਭਿਅਤਾ ਵਿੱਚੋਂ ਪਣਪੇ ਇਸ ਪ੍ਰਸੰਗ ਦੇ ਸੱਭਿਆਚਾਰ ਦਾ ਸੰਸਾਰ ਭਰ ਵਿੱਚ ਪ੍ਰਚਲਨ ਹੋਇਆ। ਇਨ੍ਹਾਂ ਦੇ ਪ੍ਰਮਾਣ ਪੁਰਾਤਤਵ ਦੇ ਪੱਖ ਤੋਂ ਸਾਡੇ ਲੋਕ ਗੀਤਾਂ ਤੇ ਬੁਝਾਰਤਾਂ ਵਿੱਚੋਂ ਉਪਲਬਧ ਹੈ।[4]

ਭਾਸ਼ਾ ਅਤੇ ਲਿਪੀ:-ਸੱਭਿਆਚਾਰ ਦਾ ਸਭ ਤੋ ਵੱਡਾ ਵਾਹਣ ਪੰਜਾਬੀ ਭਾਸ਼ਾ ਹੈ। ਪੰਜਾਬ ਜੋ ਆਪਣੇ ਆਪ ਵਿੱਚ ਇੱਕ ਦੇਸ਼ ਸੀ, ਦੀ ਆਪਣੀ ਇੱਕ ਭਾਸ਼ਾ ਸੀ, ਜਿਸ ਦਾ ਮੁੱਢਲਾ ਆਦਾਨ-ਪ੍ਰਦਾਨ ਦਾਵ੍ੜ ਭਾਸ਼ਾਵਾਂ ਨਾਲ ਹੋਇਆ, ਅੱਜ ਵੀ ਮੂਰਧਨੀ ਸ਼ਬਦ ਪੰਜਾਬੀ ਵਿੱਚ ਸਭ ਤੋਂ ਵੱਧ ਹਨ। ਫਿਰ ਆਰੀਆ ਆਗਮਨ ਨਾਲ ਇੱਕ ਹੋਰ ਸਾਂਸਕ੍ਰਿਤਕ ਕਰਾਂਤੀ ਹੋਂਦ ਵਿੱਚ ਆਈ, ਪਹਿਲਾਂ ਆਏ ਆਰੀਆ ਪੰਜਾਬ ਤੋਂ ਅਗਲੇ ਪ੍ਰਾਂਤਾਂ ਵਿੱਚ ਜਾ ਵਸੇ, ਬਾਅਦ ਵਿੱਚ ਆਏ ਆਰੀਆ ਲੋਕਾਂ ਦੀ ਸੱਭਿਅਤਾ ਯੂ.ਪੀ., ਮੱਧ ਪ੍ਰਦੇਸ਼, ਬਿਹਾਰ, ਉੜੀਸਾ ਤੇ ਬੰਗਾਲ ਨਾਲੋਂ ਸਦੀਆਂ ਤੋਂ ਵਿਭਿੰਨ ਰਹੀ ਹੈ, ਭਾਸ਼ਾ ਦੀ ਮੂਲਕ ਸਾਂਝ ਜਰੂਰ ਹੈ ਪਰ ਦੇਸ਼ ਦੇ ਅੰੰਦਰ ਜਾ ਵੱਸੇ ਪ੍ਰਥਮ ਆਰੀਆ ਸਾਨੂੂੰ ਸਦਾ ਹੀ "ਜਾਂਂਗਲੀ ਤੇ ਅਸਭਯ" ਕਹਿਕੇ ਤਿਸ੍ਕਾਰਦੇ ਰਹੇ ਹਨ, ਕਿਉਂਕਿ ਉਹ ਆਪ ਤਾਂ ਭਾਰਤ ਦੀ ਧਰਤੀ ਦੇ ਪੱਕੇ ਵਾਸੀ ਬਣ ਕੇ ਰੂੜੀਵਾਦੀ ਬਣ ਗਏ, ਪਰ ਸਾਨੂੰ ਯੂਨਾਨੀਆਂ, ਹੂਨਾ, ਸ਼ਾਕਾਂ, ਤੁੁੁੁਰਕਾਂ, ਤਾਤਾਰੀਆ, ਪਠਾਣਾਂ, ਮੁੁਗ਼ਲਾਂ ਤੇ ਕਈ ਹੋਰ ਅਗਿਆਤ ਕੌਮਾਂ ਨਾਲ ਜੂਝਣਾ ਪਿਆ। ਉਹ ਵੀ ਇੱਥੇ ਵਸ ਗਏ, ਪਰ ਜੋ ਵਾਪਸ ਚਲੇ ਜਾਂਦੇ ਸਨ, ਸਾਡਾ ਸੱਭਿਆਚਾਰ ਸੁਤੇ ਸਿਧ ਹੀ ਉਨ੍ਹਾਂ ਦੇ ਸੰਗ-ਸੰਗ ਚਲਾ ਜਾਂਦਾ ਸੀ, ਸਾਡੀ ਭਾਸ਼ਾ ਦੋ ਸ਼ੈਕੜੇ ਸ਼ਬਦ ਨਾਲ ਲੈ ਕੇ ਜਾਂਦੇ ਸਨ। ਵਿਆਹ ਸ਼ਾਦੀਆਂ ਅਤੇ ਰੋਮਾਂਸ-ਵਟਾਂਦਰੇ ਇੱਕ ਮਿਸ਼ਰਿਤ ਸੱਭਿਅਤਾ ਨੂੰ ਜਨਮ ਦੇ ਰਹੇ ਸਨ। ਪੰਜਾਬੀ (ਪ੍ਰਵਾਸੀ-ਪੰਛੀ) ਉਦੋਂ ਵੀ ਆਪਣਾ ਮੁਲਕ ਛੱਡ ਕੇ ਦੂਜੇ ਮੁਲਕ ਵਿੱਚ ਚਲੇ ਜਾਂਦੇ ਸਨ, ਸਾਡੀ ਮਹਿਕ ਉਸ ਖਿੱਤੇ ਵਿੱਚ ਸਹਿਜ-ਸੁਭਾ ਹੀ ਪਹੁੰਚ ਜਾਂਦੀ ਸੀ। ਭਾਸ਼ਾ ਦੇ ਖੇਤਰ ਵਿੱਚ "ਉਰਦੂ" ਇੱਕ ਕਿਸ਼੍ਮਾ ਹੈ ਜੋ ਨੇੜ-ਅਤੀਤ ਵਿੱਚ ਹੀ ਵਾਪਰਿਆ ਹੈ, ਇਸ ਜਬਾਨ ਦੀ ਸਿਰਜਣਾ ਫਾਰਸੀ, ਪੰਜਾਬੀ ਅਤੇ ਪੱਛਮੀ ਹਿੰਦੀ ਦੀ ਤਿਰਬੈਣੀ ਦੋ ਸੰਗਮ ਵਿੱਚੋਂ ਪੈਦਾ ਹੋਈ ਹੈ। ਜਿਥੇ ਸਾਰਾ ਹਿੰਦੁਸਤਾਨ ਇਸ ਨੂੰ ਸਮਝਦਾ ਹੈ, ਸਾਡੇ ਪੰਜਾਬੀ ਪ੍ਰਵਾਸੀ ਕਾਰੀਗਰ, ਅਰਬ ਦੇਸ਼ਾਂ ਵਿੱਚ ਇਸ ਦੇ ਆਸਰੇ ਹੀ ਉਨ੍ਹਾਂ ਨਾਲ ਘੁਲ-ਮਿਲ ਜਾਂਦੇ ਹਨ। ਭਾਵ ਪੰਜਾਬੀਆਂ ਦੇ ਸੱਭਿਆਚਾਰ ਵਿੱਚ ਬਦਲਾਅ ਆਉਣ ਕਾਰਨ ਪੰਜਾਬੀ ਭਾਸ਼ਾ ਦੇ ਅਰਥਾਂ ਵਿੱਚ ਵੀ ਪਰਿਵਰਤਨ ਆ ਰਿਹਾ ਹੈ। ਪੱੱਛਮੀ ਮੁਲਕਾਂ ਵਿੱਚ ਜਿੱਥੇ ਅੰਗਰੇਜ਼ੀ ਦੀ ਸਰਦਾਰੀ ਹੈ, ਉੱਥੇ ਵੀ ਪੰਜਾਬੀ ਪ੍ਰਵਾਸ ਕਰ ਚੁੱਕੇ ਹਨ। ਇੱਥੇ ਬਹੁਤੇ ਪੰਜਾਬੀ ਆਪਣੇ ਘਰਾਂ ਵਿੱਚ ਪੰਜਾਬੀ ਭਾਸ਼ਾ ਦਾ ਹੀ ਪ੍ਰਯੋਗ ਕਰਦੇ ਹਨ। ਉਨ੍ਹਾਂ ਦੀ ਬੋਲਚਾਲ ਦੀ ਭਾਸ਼ਾ ਪੰਜਾਬੀ ਹੈ ਪਰ ਉਸ ਵਿੱਚ ਅੰਗਰੇਜ਼ੀ ਦਾ ਬਹੁਤ ਰਲਾ ਹੋ ਗਿਆ ਹੈ। ਉਪਰੋਕਤ ਦੇ ਬਾਵਜੂਦ ਵੀ ਪੰਜਾਬੀ ਲੇਖਕਾਂ ਦਾ ਪਸਾਰ ਵਿਦੇਸ਼ਾਂ ਵਿੱਚ ਵੀ ਹੋਇਆ ਹੈ। ਉਨ੍ਹਾਂ ਨੇ ਪੱਛਮੀ ਮੁਲਕਾਂ ਵਿੱਚ ਰਹਿ ਕੇ ਪੰਜਾਬੀ ਸਾਹਿਤ ਰਚਿਆ, ਸਾਹਿਤ ਸਭਾਵਾਂ ਬਣਾਈਆਂ ਅਤੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਿੱਚ ਵੀ ਸਫ਼ਲ ਹੋਏ। ਇਸ ਲਈ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਰੱਖਦੇ ਹੋਏ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।[5]


  1. ਡਾ.ਦਿਲਬਾਗ, ਸਿੰਘ (2014). ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ. Mohali: Lokgeet parkashan. p. 168. ISBN 978-93-5068-776-5.
  2. ਡਾ. ਗੁਰਬਖਸ਼ ਸਿੰਘ, ਫਰੈਂਕ (2017). ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਅੰਮ੍ਰਿਤਸਰ: ਵਾਰਿਸ ਸ਼ਾਹ, ਫਾਊਂਡੇਸ਼ਨ. p. 75. ISBN 978-81-7856-365-7.
  3. ਡਾ. ਸੁਖਦੀਪ, ਕੌਰ (2015). ਵਿਸ਼ਵੀਕਰਨ: ਪੰਜਾਬੀ ਸੱਭਿਆਚਾਰਕ ਪਰਿਵਰਤਨ. Mohali: Unistar Books Pvt.Ltd. p. 169. ISBN 978-93-5204-391-0.
  4. ਪ੍ਰੋ. ਸ਼ੈੱਰੀ, ਸਿੰਘ (2009). ਪੰਜਾਬੀ ਸੱਭਿਆਚਾਰ ਵਿਭਿੰਨ ਪਰਿਪੇਖ. Amritsar: ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ. p. 89. ISBN 978-81-89284-77-0.
  5. ਡਾ.ਦਿਲਬਾਰਾ ਸਿੰਘ, ਬਾਜਵਾ (2014). ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ. Mohali-Chandigarh: Lokgeet Parkashan. pp. 31, 32, 174, 175. ISBN 978-93-5068-776-5.