ਪੰਜਾਬ ਦੇ ਕਬੀਲੇ
ਪੰਜਾਬ ਦਾ ਸਭਿਆਚਾਰ ਮਿਸ਼ਰਤ ਸਭਿਆਚਾਰ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਸਭਿਆਚਾਰ ਦੀ ਮਿੱਸ ਸੰਮਲਿਤ ਹੈ। ਪੰਜਾਬੀ ਸਭਿਆਚਾਰ ਵਿੱਚ ਅਨੇਕਾਂ ਜਾਤੀਆਂ, ਧਰਮਾ, ਨਸਲਾਂ, ਕੌਮਾਂ ਅਤੇ ਕਬੀਲਿਆਂ ਦਾ ਮਿਸ਼ਰਣ ਮਿਲਦਾ ਮਿਲਦਾ ਹੈ। ਪੰਜਾਬੀ ਸਭਿਆਚਾਰ ਵਿੱਚ ਬਹੁਤ ਸਾਰੇ ਕਬੀਲਿਆਂ ਦੀ ਸਮੇਂ ਸਮੇਂ ਤੇ ਸਮੂਲੀਅਤ ਹੁੰਦੀ ਰਹੀ ਹੈ। ਹੌਲੀ ਹੌਲੀ ਇਹਨਾਂ ਕਬੀਲਿਆਂ ਦਾ ਪੰਜਾਬੀ ਸਭਿਆਚਾਰ ਵਿੱਚ ਸਮੀਕਰਨ ਹੁੰਦਾ ਗਿਆ। ਵਰਤਮਾਨ ਸਮੇਂ ਵਿੱਚ ਬਹੁਤ ਸਾਰੇ ਕਬੀਲੇ ਪੰਜਾਬੀ ਸੱਭਿਆਚਾਰ ਵਿੱਚ ਸੰਮਲਿਤ ਹੋ ਚੁੱਕੇ ਹਨ, ਪ੍ਰੰਤੂ ਇਹਨਾਂ ਕਬੀਲਿਆਂ ਦੇ ਜੀਵਨ ਵਿਵਹਾਰ ਦੇ ਪੈਟਰਨ ਪੰਜਾਬੀ ਸੱਭਿਆਚਾਰ ਵਿੱਚ ਵੱਖਰੇ ਹੀ ਪਹਿਚਾਣੇ ਜਾ ਸਕਦੇ ਹਨ। ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਇਹਨਾਂ ਕਬੀਲਿਆਂ ਦੀ ਬਣੀ ਅਹਿਮੀਅਤ ਬਣਦੀ ਹੈ। ਪੰਜਾਬ ਵਿੱਚ ਵੱਸਣ ਵਾਲੇ ਕਬੀਲੇ ਕਿਸੇ ਨਾ ਕਿਸੇ ਲੋਕ ਸਿਰਜਣਾ ਨਾਲ ਜੁੜੇ ਹੋਏ ਹਨ। ਖੇਤੀਬਾੜੀ ਦੀ ਲੋੜ ਵਜੋਂ ਕੰਮ ਆਉਣ ਵਾਲੇ ਸੰਤਾਂ ਦਾ ਨਿਰਮਾਣ ਕਰਨਾ ਜਿਵੇਂ ਛੱਜ ਬਣਾਉਣੇ, ਵਾਣ/ਰਹੀਆਂ ਵੱਟਣਾ, ਟੋਕਰੀ ਬਣਾਉਣਾ ਆਦਿ ਵੱਖ-ਵੱਖ ਕਬੀਲਿਆਂ ਉਪਰ ਨਿਰਭਰ ਕਰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਤਕਰੀਬਨ ਤੀਹ ਕਬੀਲਿਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਪ੍ਰੰਤੂ ਵਰਤਮਾਨ ਸਮੇਂ ਵਿੱਚ ਅੱਠ ਕਬੀਲਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ। ਪੰਜਾਬ ਵਿੱਚ ਵੱਸਦੇ ਪ੍ਰਮੁੱਖ ਕਬੀਲੇ ਸਾਂਸੀ, ਬਾਜੀਗਰ, ਬੋਰੀਆਂ, ਗੁੱਜਰ, ਮਿਆਰੀ, ਸ਼ਿਕਾਰ, ਗਾਡੀਲੁਹਾਰ ਅਤੇ ਮਰਾਠੀ ਆਦਿ ਨੂੰ ਅਧਿਐਨ ਬਣਾਇਆ ਗਿਆ ਹੈ। ਕਬੀਲੇ ਦੀ ਪਰਿਭਾਸ਼ਾ ਬਾਰੇ ਸੰਸਾਰ ਵਿੱਚ ਬਹੁਤ ਕੁਝ ਕਿਹਾ ਗਿਆ ਹੈ। ਪਰ ਸੰਖੇਪ ਵਿੱਚ ਏਨਾ ਕਹਿਣਾ ਕਾਫ਼ੀ ਹੋਵੇਗਾ ਕਿ'ਟਰਾਈਬ'ਸ਼ਬਦ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ, ਜੋ ਸਭ ਤੋਂ ਪਹਿਲਾਂ ਉਨ੍ਹਾਂ ਤਿੰਨ ਬੰਦਿਆਂ ਲਈ ਵਰਤਿਆ ਗਿਆ ਜੋ 241 ਵਰ੍ਹੇ ਈਸਾ ਪੂਰਵ ਰੋਮ ਦਾ ਹਿੱਸਾ ਬਣੇ। ਸਮਾਜ ਸ਼ਾਸਤਰੀ ਡੀ. ਐਨ. ਮਜੂਮਦਾਰ, ਰਿਸ਼ਤੇ ਅਤੇ ਕਿੰਗਜਲੇ ਡੇਵਿਸ ਆਦਿ, ਕਬੀਲੇ ਨੂੰ ਅਜਿਹੇ ਪਰਿਵਾਰਕ ਇਕੱਠਾ ਦਾ ਸਮੂਹ ਮੰਨਦੇ ਹਨ। ਜਿਨ੍ਹਾਂ ਦਾ ਸਾਂਝਾ ਨਾਂ, ਉਪ-ਬੋਲੀ, ਸੁਜਾਤੀ ਵਿਆਹ ਦੀ ਕੱਟਣਤਾ ਅਤੇ ਆਪਸਦਾਰੀ ਦੀ ਜਿੰਮੇਵਾਰਤਾ ਜਿੰਮੇਵਾਰਤਾ ਲਈ ਯੋਗ ਨਿਆ-ਪ੍ਣਾਲੀ ਨਿਸ਼ਚਿਤ ਕੀਤੀ ਗਈ ਹੋਵੇ।
ਕਬੀਲੇ ਦੀ ਪਰਿਭਾਸ਼ਾ
ਸੋਧੋ- ਇਨਸਾਈਕਲੋਪੀਡੀਆ ਆਫ਼ ਬਰਟੈਨਿਕਾ ਅਨੁਸਾਰ,"ਕਬੀਲੇ ਇੱਕ ਸਮੂਹ ਹੁੰਦਾ ਹੈ। ਜਿਸਦੇ ਮੈਂਬਰ ਇੱਕ ਸਾਂਝੀ ਉਪ-ਭਾਸ਼ਾ ਬੋਲਦੇ ਹਨ। ਸਾਂਝਾ ਨਾਂ, ਲਾਗਵਾਂ ਇਲਾਕਾ, ਇਕੋ ਜਿਹਾ ਪਹਿਰਾਵਾ, ਸਭਿਆਚਾਰ ਜਿਉਣ ਦਾ ਢੰਗ ਅਤੇ ਇੱਕ ਸਾਂਝਾ ਵਿਰਸਾ ਪ੍ਰਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ। "
- ਕਿਰਪਾਲ ਕਜ਼ਾਕ ਅਨੁਸਾਰ," ਸ਼ਕਤੀ ਨਾਲ ਲਾਗੂ ਕੀਤੀਆਂ ਮਨਾਹੀਆਂ ਹੀ ਕਬੀਲਾਦਾਰ ਦੀ ਰੀੜ੍ਹ ਹਨ ਜੋ ਸਮੂਹ ਨੂੰ ਅਟੁੱਟ ਇਕਾਈ ਵਿੱਚ ਪਰੋਈ ਰੱਖਣ ਦੇ ਸਮੱਰਥ ਹੁੰਦੀਆਂ ਹਨ ਅਤੇ ਕਬੀਲੇ ਨੂੰ ਜਾਤੀ ਨਾਲੋਂ ਨਿਖੇੜਦੀਆਂ ਹਨ। "
- ਡਬਲਿਊ. ਜੀ. ਪੈਰੀ ਅਨੁਸਾਰ," ਕਬੀਲਾ ਉਹ ਸਮੂਹ ਹੈ ਜੋ ਸਾਂਝੀ ਉਪ-ਭਾਸ਼ਾ ਬੋਲਦਾ ਹੋਵੇ ਅਤੇ ਇੱਕ ਸਾਂਝੇ ਇਲਾਕੇ ਵਿੱਚ ਵੱਸਦਾ ਹੋਵੇ।"
ਪੰਜਾਬ ਦੇ ਮੁੱਖ ਕਬੀਲੇ
ਸੋਧੋਸਾਂਸੀ ਕਬੀਲਾ
ਸੋਧੋਕਬੀਲਾ
ਸੋਧੋਸਾਂਸੀ ਕਬੀਲਾ ਪੰਜਾਬ ਵਿੱਚ ਰਹਿਣ ਵਾਲਾ ਇੱਕ ਪ੍ਰਮੁੱਖ ਕਬੀਲਾ ਹੈ। ਇਹ ਪੰਜਾਬ ਤੋਂ ਬਾਹਰ ਜੰਮੂ, ਦਿੱਲੀ, ਰਾਜਸਥਾਨ ਅਤੇ ਭਾਰਤ ਦੇ ਹੋਰ ਸੂਬਿਆਂ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਵਸਦਾ ਹੈ। ਪੰਜਾਬ ਵਿੱਚ ਇਸ ਨੂੰ 'ਸਾਂਸੀ' ਰਾਜਸਥਾਨ ਵਿੱਚ 'ਸੈਂਸੀ' ਅਤੇ ਦਿੱਲੀ ਦੇ ਖੇਤਰ ਵਿੱਚ 'ਭਾਤੂ' ਜਾਂ 'ਭਾਂਤੂ' ਵੀ ਕਿਹਾ ਜਾਂਦਾ ਹੈ। ਸਾਂਸੀ ਸ਼ਬਦ ਦੀ ਵਿਆਖਿਆ ਕਰਦਿਆਂ ਹੋਇਆਂ ਵੱਖ-ਵੱਖ ਵਿਦਵਾਨਾਂ ਨੇ ਇਸਦੇ ਵਿਭਿੰਨ ਅਰਥ ਪ੍ਰਗਟਾਏ ਹਨ।
- ਬੀ. ਐੱਸ. ਭਾਰਗਵ ਅਨੁਸਾਰ, "ਸਾਂਸੀ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਵਾਸ ਤੋਂ ਬਣਿਆ ਹੋਇਆ ਹੈ ਜਿਸਦਾ ਅਰਥ ਹੈ ਆੜ।"
ਕੁਝ ਵਿਦਵਾਨ ਇਸਨੂੰ ਸਾਹਸੀ ਸ਼ਬਦ ਨਾਲ ਜੋੜ ਕੇ ਦੇਖਦੇ ਹਨ, ਜਿਸਦਾ ਅਰਥ ਦਲੇਰ, ਬਹਾਦਰ ਜਾਂ ਹੋਸਲੇ ਵਾਲਾ ਮੰਨਿਆ ਜਾਂਦਾ ਹੈ। 'ਏ ਗਲਾਸਰੀ ਆਫ਼ ਟਰਾਈਬਜ਼ ਐਂਡ ਕਾਸ਼ਟ' ਵਿੱਚ ਕਬੀਲੇ ਦੇ ਪਿਛੋਕੜ ਨੂੰ ਜਾਣਨ ਲਈ ਕਬੀਲੇ ਵਿੱਚੋਂ ਮਿਲਦੀਆਂ ਕੁਝ ਲੋਕ ਕਥਾਵਾਂ ਨੂੰ ਆਧਾਰ ਬਣਾਇਆ ਗਿਆ ਹੈ ਇਹਨਾਂ ਲੋਕ ਕਥਾਵਾਂ ਅਨੁਸਾਰ ਸਾਂਸੀ ਕਬੀਲੇ ਦਾ ਮੁੱਢ ਜੰਗਲਾਂ ਵਿੱਚ ਜਨਮੇ 'ਸਾਂਸ ਮੱਲ' ਨਾਲ ਜੋੜਿਆ ਗਿਆ ਹੈ। ਲੋਕ ਕਥਾਵਾਂ ਵਿੱਚ ਸਾਂਸ ਮੱਲ ਪਾਤਰ ਸਾਹਸੀ ਜਾਂ ਬਹਾਦਰ ਦਰਸਾਇਆ ਗਿਆ ਹੈ। ਇਹਨਾਂ ਲੋਕ ਕਥਾਵਾਂ ਵਿੱਚ ਸਾਂਸ ਮੱਲ ਨੂੰ ਲੱਖੀ ਜੰਗਲ ਦੇ ਡਾਕੂ ਵਜੋਂ ਪੇਸ਼ ਕੀਤਾ ਗਿਆ ਹੈ। ਕਬੀਲੇ ਵਿੱਚ ਮਿਲਦੀ ਇੱਕ ਹੋਰ ਲੋਕ ਕਥਾ ਅਨੁਸਾਰ ਇਸ ਇਸ ਕਬੀਲੇ ਦਾ ਸੰਬੰਧ 'ਦਿਆਲਕ ਰਿਸ਼ੀ' ਨਾਲ ਜੋੜ ਕੇ ਦੇਖਿਆ ਗਿਆ ਹੈ। ਸ਼ੇਰ ਸਿੰਘ ਸ਼ੇਰ ਸਾਂਸੀ ਕਬੀਲੇ ਦਾ ਇਤਿਹਾਸ ਦੱਸਦਾ ਹੋਇਆ ਇਸ ਨੂੰ ਰਾਜਪੂਤਾਨੇ ਦੇ ਰਾਜਪੂਤ ਦੱਸਦਾ ਹੋਇਆ ਇਹਨਾਂ ਨੂੰ ਭਾਰਤੀ ਆਰੀਆਈ ਨਸ਼ਲ ਨਾਲ ਜੋੜਦਾ ਹੈ। ਉਸ ਅਨੁਸਾਰ ਪੰਜਾਬ ਦੇ ਸਾਂਸੀ ਦੂਸਰੇ ਜੱਟਾਂ ਵਾਂਗ ਆਪਣੇ ਪੂਰਵਜਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਗੜ੍ਹ ਗਜ਼ਨੀ ਤੋਂ ਆਏ ਦਸਦੇ ਹਨ। ਗਜ ਇੱਕ ਭੱਟੀ ਰਾਜਪੂਤ ਸੀ ਜਿਸਨੇ ਗਜ਼ਨੀ ਨੂੰ ਲੱਭਿਆ ਅਤੇ ਪੰਜਾਬ ਤੋਂ ਨਿਕਲ ਗਿਆ। ਪਰ ਉਸਦੇ ਉਤਰਾਧਿਕਾਰੀ ਫਿਰ ਪੰਜਾਬ ਆ ਗਏ। ਪੰਜਾਬ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਇਹ ਕਬੀਲਾ ਲੰਮਾ ਸਮਾਂ ਟੱਪਰੀਵਾਸ ਜੀਵਨ ਬਤੀਤ ਕਰਦਾ ਰਿਹਾ। ਵਰਤਮਾਨ ਸਮੇਂ ਵਿੱਚ ਇਹ ਕਬੀਲਾ ਮੁੱਖ ਸਭਿਆਚਾਰ ਵਿੱਚ ਲਗਭਗ ਵਿਲੀਨ ਹੋ ਚੁੱਕਾ ਹੈ। ਜਨਮ ਵਿਆਹ ਅਤੇ ਮੌਤ ਨਾਲ ਸੰਬੰਧਿਤ ਕੁਝ ਅਜਿਹੀਆਂ ਰੀਤਾਂ-ਰਸਮਾਂ ਹਨ ਜੋ ਸਾਂਸੀ ਕਬੀਲੇ ਦੀ ਪਛਾਣ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਹਨ।
ਜਨਮ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਦੀ ਬਣਤਰ ਮਰਦ ਪ੍ਰਧਾਨ ਹੋਣ ਕਰਕੇ ਲੜਕੇ ਦੇ ਜਨਮ ਤੇ ਜਿਆਦਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਜੱਚੇ ਅਤੇ ਬੱਚੇ ਨਾਲ ਸੰਬੰਧਤ ਬਹੁਤ ਸਾਰੀਆਂ ਰੀਤਾਂ-ਰਸਮਾਂ ਜਾਦੂ-ਟੂਣਾ ਚਿੰਤਨ ਉਪਰ ਅਧਾਰਿਤ ਹੈ। ਬੱਚੇ ਨੂੰ ਤਵੀਤ, ਕਾਲਾ ਧਾਗਾ ਜਾਂ ਤੜਾਗੀ ਪਾਉਣ ਦੀਆਂ ਰਸਮਾਂ ਬੁਰੀ ਨਜ਼ਰ ਤੋਂ ਬਚਾਉਣ ਲਈ ਕੀਤੀਆਂ ਜਾਂਦੀਆਂ ਹਨ। ਬੱਚੇ ਦੇ ਜਨਮ ਤੋਂ ਸਵਾ ਮਹੀਨੇ ਬਾਅਦ ਕਿਸੇ ਪਾਣੀ ਦੇ ਸਰੋਤ ਜਿਵੇਂ ਖੂਹ, ਟੋਭਾ ਆਦਿ ਉਪਰ ਜਾ ਕੇ ਪੂਜਾ ਕਰਨ ਦੀ ਰਸਮ ਕੀਤੀ ਜਾਂਦੀ ਸੀ, ਜੋ ਵਰਤਮਾਨ ਸਮੇਂ ਵਿੱਚ ਘਰ ਵਿੱਚ ਲੱਗੀ ਟੂਟੀ ਆਦਿ ਤੇ ਮੌਲੀ ਬੰਨ੍ਹਕੇ ਕਰ ਲਈ ਜਾਂਦੀ ਹੈ।
ਵਿਆਹ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਸਾਂਸੀ ਕਬੀਲੇ ਦੇ ਵਿਆਹ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਹੈ ਕਿ ਅੰਤਰ ਗੋਤਰ ਵਿਆਹ ਨੂੰ ਮਾਨਤਾ ਦਿੱਤੀ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਵੀ ਕਬੀਲੇ ਤੋਂ ਬਹਾਰ ਕਿਸੇ ਹੋਰ ਜਾਤੀ ਨਾਲ ਵਿਆਹ ਕਰਨ ਦੀ ਮਨਾਹੀ ਦੀ ਪਾਲਣਾ ਕੀਤੀ ਜਾਂਦੀ ਹੈ। ਅਜਿਹਾ ਕਰਨ ਦੀ ਸੂਰਤ ਵਿੱਚ ਆਮ ਤੌਰ ਤੇ ਉਸ ਨਾਲ ਸ਼ਰੀਕਾ ਬਰਾਦਰੀ ਦੇ ਲੋਕ ਮੇਲ-ਜੋਲ ਬੰਦ ਕਰ ਦਿੰਦੇ ਹਨ। ਕਬੀਲੇ ਦੀਆਂ ਦੋ ਪ੍ਰਮੁੱਖ ਗੋਤਾਂ 'ਮਾਹਲਾ' ਅਤੇ 'ਬੀਢੂ' ਹਨ। ਸਾਂਸੀ ਕਬੀਲੇ ਦੇ ਵਿਆਹ ਪ੍ਰਬੰਧ 'ਮਾਹਲਾ' ਅਤੇ 'ਬੀਢੂ' ਗੋਤਾਂ ਵਿੱਚ ਅੰਤਰ ਗੋਤਰ ਵਿਆਹ ਦਾ ਹੀ ਪ੍ਰਾਵਧਾਨ ਹੈ। ਇਸ ਕਬੀਲੇ ਵਿੱਚ ਮਾਮੇ ਦੀ ਕੁੜੀ ਨਾਲ ਵਿਆਹ ਕਰਨ ਦੀ ਪਰੰਪਰਾ ਵੀ ਮਿਲ ਜਾਂਦੀ ਹੈ।
ਮੌਤ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਵਿੱਚ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਅੰਤਿਮ ਸੰਸਕਾਰ ਤੋਂ ਕੁਝ ਦਿਨ ਬਾਅਦ ਮ੍ਰਿਤਕ ਵਿਅਕਤੀ ਦੇ ਫੁੱਲ ਚੁੱਕਣ ਦੀ ਰਸਮ ਕੀਤੀ ਜਾਂਦੀ ਹੈ, ਪ੍ਰੰਤੂ ਦੂਸਰੀਆਂ ਜਾਤੀਆਂ ਵਾਂਗ ਇਸਦਾ ਕੋਈ ਦਿਨ ਨਿਸ਼ਚਿਤ ਨਹੀਂ ਹੁੰਦਾ, ਇਹ ਕਦੇ ਵੀ ਕੀਤੀ ਜਾ ਸਕਦੀ ਹੈ।
ਸਾਂਸੀ ਕਬੀਲੇ ਦਾ ਪਹਿਰਾਵਾ
ਸੋਧੋਸਾਂਸੀ ਕਬੀਲੇ ਦੀਆਂ ਔਰਤਾਂ ਵਲੋਂ 'ਘੱਗਰੀ ਤੇ ਕੁੜਤਾ' ਪਹਿਨਿਆ ਜਾਂਦਾ ਸੀ ਅਤੇ ਮਰਦ ਲੋਕ ਚੰਦਰਾ, ਗਲ ਝੱਗਾ ਅਤੇ ਸਿਰ ਤੇ ਚਿੱਟੀਆਂ ਚਾਦਰਾਂ ਜਾਂ ਲੜ ਵਾਲੀਆਂ ਪੱਗਾਂ ਬੰਨਦੇ ਰਹੇ ਹਨ।
ਬੋਰੀਆ ਕਬੀਲਾ
ਸੋਧੋਬੋਰੀਆ ਕਬੀਲਾ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵੱਸਣ ਵਾਲਾ ਕਬੀਲਾ ਹੈ। ਇਹ ਕਬੀਲਾਈ ਜਨ-ਸਮੂਹ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਮਾਨਸਾ,ਸੰਗਰੂਰ, ਕਪੂਰਥਲਾ ਅਤੇ ਪਟਿਆਲਾ ਪਟਿਆਲਾ ਜਿਲਿਆਂ ਵਿੱਚ ਵੱਸ ਰਿਹਾ ਹੈ। ਵੱਖ-ਵੱਖ ਲਿਖਤਾਂ ਅਤੇ ਮੌਖਿਕ ਸ੍ਰੋਤਾਂ ਤੋਂ ਮਿਲਦੀ ਜਾਣਕਾਰੀ ਅਨੁਸਾਰ ਇਸ ਕਬੀਲੇ ਦਾ ਪਿਛੋਕੜ ਵੀ ਰਾਜਪੂਤਾਂ ਨਾਲ ਜੋੜਿਆ ਜਾਂਦਾ ਹੈ। ਇਸ ਕਬੀਲੇ ਦੇ ਨਾਮਕਰਨ ਬਾਰੇ ਵੱਖ-ਵੱਖ ਗੱਲਾਂ ਪ੍ਰਚਲਿਤ ਹਨ। ਡੈਨੀਅਨ ਇਬਟਸਨ ਇਸਦਾ ਸੰਬੰਧ 'ਬਾਉਲੀ' ਨਾਲ ਜੋੜ ਕੇ ਦੇਖਦਾ ਹੈ। ਉਸ ਅਨੁਸਾਰ ਇੱਕ ਵਾਰ ਮਹਾਰਾਜਾ ਅਕਬਰ ਨੇ ਚਿਤੌੜ ਦੇ ਰਾਜਾ ਸੰਦਲ ਤੋਂ ਚੋਲਾ ਮੰਗਿਆ। ਚਤੌੜ ਦੇ ਇਨਕਾਰ ਕਰਨ ਤੇ ਇੱਕ ਯੁੱਧ ਸ਼ੁਰੂ ਹੋ ਗਿਆ। ਜਿਸ ਵਿੱਚ ਕੁਝ ਸੈਨਿਕ ਇੱਕ ਬਾਉਲੀ ਜਾਂ ਖੂਹ ਦੇ ਨੇੜੇ ਤਾਇਨਾਤ ਸਨ, ਨੂੰ ਬਾਉਲੀਆ ਜਾਂ ਬਾਉਲੀਆ ਕਿਹਾ ਜਾਣ ਲੱਗਾ। ਕੁਝ ਵਿਦਵਾਨ ਬੋਰੀਆ ਸ਼ਬਦ ਨੂੰ 'ਬੋਰ' ਨਾਲ ਸੰਬੰਧਤ ਕਰਦੇ ਹਨ। ਬੋਰ ਇੱਕ ਕਿਸਮ ਦਾ ਜਾਲ ਹੁੰਦਾ ਹੈ ਜਿਸ ਨਾਲ ਇਸ ਕਬੀਲੇ ਦੇ ਲੋਕ ਸ਼ਿਕਾਰ ਕਰਦੇ ਹਨ। ਬੋਰੀਆ ਕਬੀਲੇ ਨਾਲ ਸੰਬੰਧਤ ਲਿਖਤੀ ਸ੍ਰੋਤਾਂ ਤੋਂ ਇਲਾਵਾ ਮੌਖਿਕ ਰੂਪ ਰੂਪ ਵਿੱਚ ਵੀ ਇਸ ਕਬੀਲੇ ਵਿੱਚ ਪ੍ਰਚਲਿਤ ਕਥਾਵਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਕਬੀਲੇ ਨੂੰ ਜੰਗਾਂ/ਯੁੱਧਾਂ ਅਤੇ ਕਰੜੀਆਂ ਮੁਸੀਬਤਾਂ ਤੋਂ ਬਾਅਦ ਭੱਜ ਕੇ ਜੰਗਲ ਜਾਣਾ ਪਿਆ।
ਜਨਮ ਦੀਆਂ ਰਸਮਾਂਜਨਮ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਬੋਰੀਆ ਕਬੀਲੇ ਵਿੱਚ ਦੋ ਲੜਕੀਆਂ ਤੋਂ ਬਾਅਦ ਪੈਦਾ ਹੋਏ ਬੱਚੇ ਨੂੰ 'ਤ੍ਰਿਖਲ' ਦਾ ਨਾਮ ਦਿੱਤਾ ਜਾਂਦਾ ਹੈ। ਜਿਸਨੂੰ ਅਸ਼ੁੰਭ ਮੰਨਿਆ ਜਾਂਦਾ ਹੈ। ਇਸ ਕਰਕੇ ਉਸ ਨਾਲ ਸੰਬੰਧਤ ਬਹੁਤ ਸਾਰੀਆਂ ਰੀਤਾਂ-ਰਸਮਾਂ ਕੀਤੀਆਂ ਜਾਂਦੀਆਂ ਹਨ। ਤ੍ਰਿਖਲ ਬੱਚੇ ਨੂੰ ਜੁੱਤੀਆਂ ਨਾਲ ਤੋਲਣ ਦੀ ਰਵਾਇਤ ਪ੍ਰਚਲਿਤ ਹੈ। ਅਜਿਹੇ ਬੱਚੇ ਦਾ ਕੰਨ ਜਾਂ ਨੱਕ ਵੀ ਵਿੰਨਿਆ ਜਾਂਦਾ ਹੈ। ਤ੍ਰਿਖਲ ਬੱਚੇ ਦਾ ਨਾਮ 'ਨ' ਅੱਖਰ ਤੋਂ ਰੱਖਿਆ ਜਾਂਦਾ ਹੈ। ਇਸ ਬੱਚੇ ਦੇ ਸੱਜੇ ਹੱਥ ਤੇ ਖੱਬੇ ਪੈਰ ਵਿੱਚ ਚਾਂਦੀ ਚਾਂਦੀ ਦੇ ਕੜੇ ਪਾਉਣ ਦੀ ਰੀਤ ਵੀ ਕੀਤੀ ਜਾਂਦੀ ਹੈ।
ਵਿਆਹ ਦੀਆਂ ਰੀਤਾਂ-ਰਸਮਾਂ
ਸੋਧੋਬੋਰੀਆ ਕਬੀਲੇ ਵਿੱਚ ਵਿਆਹ ਦੀਆਂ ਰੀਤਾਂ-ਰਸਮਾਂ ਵੱਖਰੀ ਭਾਂਤ ਦੀਆਂ ਮਿਲਦੀਆਂ ਹਨ। ਇਸ ਕਬੀਲੇ ਦੇ ਵਿਆਹ ਪ੍ਰਬੰਧ ਵਿੱਚ ਤਿੰਨ ਤਰ੍ਹਾਂ ਦੇ ਵਿਆਹ ਪ੍ਰਬੰਧ ਪ੍ਰਚਲਿਤ ਹਨ।
ਫੱਕੀ ਵਿਆਹ
ਸੋਧੋਫੱਕੀ ਵਿਆਹ ਸਮੇਂ ਫੱਕੀ ਜਾਂ ਫੱਕੀ ਦੀ ਰਸਮ ਕੀਤੀ ਜਾਂਦੀ ਹੈ। ਜਿਸ ਵਿੱਚ ਵਿਆਹ ਵਾਲਾ ਮੁੰਡਾ ਅਤੇ ਕੁੜੀ ਇੱਕ ਦੂਸਰੇ ਨੂੰ ਤਿਆਰ ਕੀਤੀ ਗਈ ਪੰਜੀਰੀ ਦੇ ਫੱਕੇ ਮਰਵਾਉਂਦੇ ਸਨ, ਜਿਸ ਤੋਂ ਬਾਅਦ ਵਿਆਹ ਨੂੰ ਸੰਪੂਰਨ ਮਨ ਲਿਆ ਜਾਂਦਾ ਹੈ।
ਜੰਡੀ ਵਿਆਹ
ਸੋਧੋਜੰਡੀ ਵਿਆਹ ਵਿੱਚ ਮੁੰਡੇ ਅਤੇ ਕੁੜੀ ਦੇ ਫੇਰੇ ਜੰਡੀ ਦੇ ਰੁੱਖ ਦੁਆਲੇ ਕੀਤੇ ਜਾਂਦੇ ਹਨ।
ਆਨੰਦ ਕਾਰਜ
ਸੋਧੋਬੋਰੀਆ ਕਬੀਲੇ ਦੇ ਵਿਆਹ ਦਾ ਤੀਜਾ ਮਹੱਤਵਪੂਰਨ ਰੂਪ ਆਨੰਦ ਕਾਰਜ ਹੈ, ਜੋ ਵਰਤਮਾਨ ਵਿੱਚ ਜਿਆਦਾਤਰ ਨਿਭਾਇਆ ਜਾਂਦਾ ਹੈ। ਇਸ ਅਨੁਸਾਰ ਲੜਕੇ ਲੜਕੀ ਦੀਆਂ ਲਾਵਾਂ ਸਿੱਖ ਸਭਿਆਚਾਰ ਅਨੁਸਾਰ ਨੇੜਲੇ ਗੁਰਦੁਆਰਾ ਸਾਹਿਬ ਦੁਆਲੇ ਕੀਤੀਆਂ ਜਾਂਦੀਆਂ ਹਨ।
ਮੌਤ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਬੋਰੀਆ ਕਬੀਲੇ ਵਿੱਚ ਵੀ ਮ੍ਰਿਤਕ ਵਿਅਕਤੀ ਨੂੰ ਅਗਨ ਭੇਂਟ ਕੀਤਾ ਜਾਂਦਾ ਹੈ, ਜਦੋਂ ਕਿ ਛੋਟੇ ਬੱਚੇ ਦੀ ਮੌਤ ਤੇ ਉਸ ਨੂੰ ਧਰਤੀ ਵਿੱਚ ਦਫ਼ਨ ਕੀਤਾ ਜਾਂਦਾ ਹੈ। ਮ੍ਰਿਤਕ ਦੇਹ ਨੂੰ ਚੁੱਕਣ ਵਾਲੇ ਕਾਨ੍ਹੀਆਂ ਨੂੰ ਵਿਸ਼ੇਸ਼ ਤੌਰ ਤੇ ਕੜਾਹ, ਚੂਰਾ, ਗੂੜ ਅਤੇ ਸ਼ੱਕਰ ਆਦਿ ਭੋਜਨ ਕਰਵਾਇਆ ਜਾਂਦਾ ਹੈ। ਮੌਤ ਤੋਂ ਬਾਅਦ ਜਦ ਤੱਕ ਕੋਈ ਹਵਨ ਜਾਂ ਪਾਠ ਪੂਜਾ ਨਹੀਂ ਕਰਵਾਈ ਜਾਂਦੀ, ਉਨ੍ਹਾਂ ਚਿਰ ਮ੍ਰਿਤਕ ਵਿਅਕਤੀ ਦੇ ਨਾਂ ਦਾ ਭੋਜਨ ਘਰ ਦੀਆਂ ਬਰੂਹਾਂ ਵਿੱਚ ਰੱਖ ਦਿੱਤਾ ਜਾਂਦਾ ਹੈ।
ਬੋਰੀਆ ਕਬੀਲੇ ਦਾ ਪਹਿਰਾਵਾ
ਸੋਧੋਪੁਰਾਤਨ ਸਮੇਂ ਵਿੱਚ ਕਬੀਲਿਆਈ ਜਨ-ਸਮੂਹ ਦੀਆਂ ਔਰਤਾਂ ਉਪਰਲੇ ਹਿੱਸੇ ਤੇ ਖੱਦਰ ਦਾ ਬਣਿਆ ਕਮੀਜ਼ ਪਹਿਨਦੇ, ਤੇੜ ਲੰਗੋਟ ਬੰਨਦੇ ਤੇ ਚਿੱਟੇ ਰੰਗ ਦੀ ਚਾਦਰ ਬੰਨ੍ਹਣ ਤੋਂ ਇਲਾਵਾ ਸਿਰ ਤੇ ਰਾਜਸਥਾਨੀ ਪੱਗ ਬੰਨ੍ਹਦੇ ਸਨ। ਵਰਤਮਾਨ ਵਿੱਚ ਇਹ ਪਹਿਰਾਵਾ ਲਗਭਗ ਬਦਲ ਚੁੱਕਾ ਹੈ।
ਬਾਜ਼ੀਗਰ ਕਬੀਲਾ
ਸੋਧੋਬਾਜ਼ੀਗਰ ਕਬੀਲਾ ਪੰਜਾਬ ਵਿੱਚ ਵੱਸਣ ਵਾਲਾ ਇੱਕ ਹੋਰ ਮਹੱਤਵਪੂਰਨ ਕਬੀਲਾ ਹੈ। ਇਸ ਕਬੀਲੇ ਦਾ ਸੰਬੰਧ ਬਾਜੀਆਂ ਪਾ ਕੇ ਲੋਕ ਮੰਨੋਰੰਜਨ ਕਰਨ ਦੀ ਕਲਾ ਜੁੜਦਾ ਹੈ। ਇਸ ਕਰਕੇ ਇਸ ਨੂੰ ਬਾਜ਼ੀਗਰ ਕਿਹਾ ਜਾਂਦਾ ਹੈ। ਇਸ ਕਬੀਲੇ ਵਿੱਚ ਪ੍ਰਚਲਿਤ ਲੋਕ ਕਥਾਵਾਂ ਅਤੇ ਧਾਰਨਾਵਾਂ ਤੋਂ ਇਸ ਕਬੀਲੇ ਦੇ ਹਿੰਦੂ ਰਾਜਪੂਤ ਰਾਜਿਆਂ ਨਾਲ ਸੰਬੰਧਤ ਹੋਣ ਦੇ ਹਵਾਲੇ ਵੀ ਮਿਲਦੇ ਹਨ। ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗ਼ਲ ਸਲਤਨਤ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਹਿਜਰਤ ਕਰ ਗਏ। ਜਿਸਦਾ ਮੁੱਖ ਕਾਰਨ ਮਾਣ ਮਰਿਯਾਦਾ ਅਤੇ ਆਤਮ ਸੁਰੱਖਿਆ ਹੀ ਸੀ। ਇਸ ਕਬੀਲੇ ਦਾ ਪਿਛੋਕੜ ਵੀ ਰਾਜਸਥਾਨ ਦੇ ਚਿਤੌੜਗੜ੍ਹ ਅਤੇ ਮਾਰਵਾੜ ਦੇ ਇਲਾਕੇ ਨਾਲ ਸੰਬੰਧਿਤ ਮੰਨਿਆਂ ਜਾਂਦਾ ਹੈ। ਬਾਜੀਗਰ ਕਬੀਲੇ ਦੇ ਲੋਕ ਆਪਣੇ ਆਪ ਨੂੰ ਮਹਾਰਾਣਾ ਪ੍ਰਤਾਪ, ਜੈਮਲ ਫੱਤਾ ਅਤੇ ਪ੍ਰਿਥਵੀਰਾਜ ਚੌਹਾਨ ਨਾਲ ਜੋੜ ਕੇ ਵੀ ਪੇਸ਼ ਕਰਦੇ ਹਨ।
ਜਨਮ ਸੰਬੰਧੀ ਰੀਤਾਂ-ਰਸਮਾਂ
ਸੋਧੋਬਾਜ਼ੀਗਰ ਕਬੀਲੇ ਵਿੱਚ ਜਨਮ ਦੀਆਂ ਸਧਾਰਨ ਰਸਮਾਂ ਤੋਂ ਲੈ ਇਲਾਵਾ ਬੱਚਾ ਅਤੇ ਜੱਚਾ ਨੂੰ ਨੂੰ ਬਹਾਰ ਵਧਾਉਣ ਦੀ ਰਸਮ ਵਿਸ਼ੇਸ਼ ਢੰਗ ਨਾਲ ਕੀਤੀ ਜਾਂਦੀ ਹੈ। ਇਹ ਰਸਮ ਜਨਮ ਤੋਂ ਤੀਸਰੇ ਦਿਨ ਹੀ ਕਰ ਲਈ ਜਾਂਦੀ ਹੈ। ਜਿਸ ਵਿੱਚ ਬੱਚੇ ਨੂੰ ਸੂਰਜ ਦੀ ਰੋਸ਼ਨੀ ਵਿੱਚ ਜਗਦਾ ਹੋਇਆ ਦੀਵਾ ਦਿਖਾਉਣ ਦੀ ਰੀਤ ਕੀਤੀ ਜਾਂਦੀ ਹੈ। ਫਿਰ 'ਗੂਲੜ' ਪ੍ਰਸਾਦ ਵੰਡਿਆ ਜਾਂਦਾ ਹੈ। 'ਗੁਲੜ' ਪ੍ਰਸਾਦ ਇੱਕ ਅਜਿਹੀ ਡਿਸ਼ ਹੈ ਜੋ ਗੁੜ, ਆਟੇ ਅਤੇ ਘਿਓ ਦੇ ਮਿਸ਼ਰਣ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੋਲੀ, ਧਿਆਨ, ਚੰਢ ਲਾਉਣ, ਘੁੰਙਣੀਆਂ ਵੰਡਣ ਅਤੇ ਛੱਟੀ ਦੀਆਂ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ।
ਵਿਆਹ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਵਿਆਹ ਦੀਆਂ ਰੀਤਾਂ ਵਿੱਚ ਬਾਜ਼ੀਗਰ ਕਬੀਲੇ ਦੀਆਂ ਲਾਵਾਂ ਜਾਂ ਫੇਰਿਆ ਦੀਆਂ ਰਸਮਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਕਬੀਲੇ ਵਿੱਚ ਲਾਵਾਂ ਜਾਂ ਫੇਰੇ ਮਿੱਟੀ ਦੇ ਘੜਿਆ ਉੱਪਰ ਅੱਕ ਦੇ ਪੱਤੇ ਰੱਖ ਕੇ ਬਣਾਈ ਬੇਦੀ ਦੁਆਲੇ ਕੀਤੇ ਜਾਂਦੇ ਹਨ। ਪਰ ਵਰਤਮਾਨ ਸਮੇਂ ਵਿੱਚ ਇਹ ਰਸਮ ਬਹੁਤ ਘੱਟ ਕੀਤੀ ਜਾਂਦੀ ਹੈ। ਹੁਣ ਸਿੱਖ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਦੀ ਰਵਾਇਤ ਪ੍ਰਚਲਿਤ ਹੋ ਗਈ ਹੈ। 'ਗਾਨਾ ਖੇਡਣਾ' ਦੀ ਰਸਮ ਵਾਂਗ 'ਮਾਡਾ' ਅਤੇ ਤੀਝੇ ਖੇਡਣਾ'ਦੀ ਰਸਮ ਵੀ ਕੀਤੀ ਜਾਂਦੀ ਹੈ।
ਮੌਤ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਵਿੱਚ ਵੀ ਮ੍ਰਿਤਕ ਦੀ ਦੇਹ ਨੂੰ ਸਾੜ ਕੇ ਅੰਤਿਮ ਸੰਸਕਾਰ ਕਰਨ ਦਾ ਰਿਵਾਜ ਹੈ। ਆਮ ਤੌਰ ਤੇ ਇਹ ਰਿਵਾਜ ਸੂਰਜ ਚੜਨ ਤੋਂ ਬਾਅਦ ਅਤੇ ਸੂਰਜ ਛਿੱਪਣ ਤੋਂ ਪਹਿਲਾਂ ਕਰ ਲਿਆ ਜਾਂਦਾ ਹੈ। ਦਾਹ ਸੰਸਕਾਰ ਕਰਨ ਤੋਂ ਪਹਿਲਾਂ ਮ੍ਰਿਤਕ ਵਿਅਕਤੀ ਦੀ ਛਾਤੀ ਦੇ ਉੱਪਰ ਉਸਦੇ ਛੋਟੇ ਬੇਟੇ ਦੇ ਵਾਲ ਕੱਟ ਕੇ ਰੱਖਣ ਦਾ ਰਿਵਾਜ ਹੈ।
ਪਹਿਰਾਵਾ
ਸੋਧੋਬਾਜ਼ੀਗਰ ਕਬੀਲੇ ਦੀਆਂ ਔਰਤਾਂ ਘੱਗਰਾ ਤੇ ਚੋਲੀ ਪਹਿਨਦੀਆਂ ਹਨ। ਜਦੋਂ ਕਿ ਮਰਦ ਕੁੜਤਾ ਤੇ ਤੇੜ ਝੂੰਗੀ ਬਨ੍ਹਦੇ ਹਨ। ਔਰਤਾਂ ਦੁਆਰਾ ਘੁੰਡ ਕੱਢਣ ਦਾ ਰਿਵਾਜ ਅਜੇ ਵੀ ਦੇਖਣ ਨੂੰ ਮਿਲਦਾ ਹੈ। ਬਾਜ਼ੀਗਰ ਕਬੀਲੇ ਦੀਆਂ ਔਰਤਾਂ ਸਰੀਰ ਦੇ ਵੱਖ ਵੱਖ ਅੰਗਾਂ ਅੰਗਾਂ ਉੱਪਰ ਚਾਂਦੀ ਦੇ ਗਹਿਣੇ ਪਹਿਨਣ ਦਾ ਸ਼ੌਕ ਰੱਖਦੀਆਂਹਨ।
ਰਹਿਣ ਸਹਿਣ
ਸੋਧੋਅਜ਼ਾਦੀ ਤੋਂ ਬਾਅਦ ਵੀ ਬਾਜ਼ੀਗਰ ਕਬੀਲੇ ਦੇ ਲੋਕ ਕੱਚੇ ਮਕਾਨ ਅਤੇ ਛੱਪਰਾਂ ਵਿੱਚ ਰਹਿੰਦੇ ਵੇਖੇ ਜਾਂਦੇ ਸਨ । ਇਨ੍ਹਾਂ ਦਾ ਰਹਿਣ - ਸਹਿਣ ਬੁਹਤ ਸਾਦਾ ਹੁੰਦਾ ਸੀ । ਇਨ੍ਹਾਂ ਦੇ ਵਿਹੜਿਆ ਵਿੱਚ ਜਾਂ ਘਰਾਂ ਦੇ ਕੋਲ ਖੁੱਲੀਆਂ ਥਾਵਾਂ ਹੁੰਦੀਆਂ ਸਨ,ਜਿਨਾਂ ਵਿੱਚ ਇਨ੍ਹਾਂ ਦੇ ਮਰਦ ਆਪਣੇ ਕਰਤੱਬਾਂ ਦਾ ਅਭਿਆਸ ਕਰਦੇ ਸਨ। ਇਹ ਲੋਕ ਨੇੜੇ-ਤੇੜੇ ਦੇ ਪਿੰਡਾਂ, ਉੁੱਥੋਂ ਦੇ ਪੰਚਾਂ - ਸਰਪੰਚਾਂ ਅਤੇ ਨਾਲ ਰਾਬਤਾ ਬਣਾ ਕੇ ਰੱਖਦੇ ਸਨ ਤਾਕਿ ਉਨ੍ਹਾਂ ਨੂੰ ਸਮੇਂ-ਸਮੇਂ ਪਿੰਡਾਂ ਵਿੱਚ ਜਾ ਕੇ ਕਰਤੱਬ ਵਿਖਾਉਣ ਦਾ ਮੌਕਾ ਮਿਲੇ । ਵਧੇਰੇ ਕਰਕੇ ਇਹ ਲੋਕ ਪਿੰਡਾਂ ਦੇ ਬਾਹਰ ਟੱਪਰੀਆਂ ਬਣਾ ਕੇ ਰਹਿੰਦੇ ਸਨ। ਮਗਰੋਂ ਇਨ੍ਹਾਂ ਦੇ ਮੁੰਡੇ ਕੁੜੀਆਂ ਪੜ੍ਹ ਵੀ ਗਏ ਅਤੇ ਇਨ੍ਹਾਂ ਦੇ ਪੱਕੇ ਮਕਾਨ ਵੀ ਪੈਣ ਲੱਗ ਪਏ।
ਭੋਜਨ
ਸੋਧੋਬਾਜ਼ੀਗਰ ਲੋਕਾਂ ਦਾ ਭੋਜਨ ਸਾਧਾਰਨ ਕਿਸਮ ਦਾ ਹੁੰਦਾ ਹੈ। ਰਾਤ ਨੂੰ ਭੋਜਨ ਵਿੱਚ ` ਰੋੜਾਂ ਦੀ ਕੜੀ ' ਅਤੇ `ਦੁੱਧ ਦੀ ਕੜੀ ' ਵਿਸ਼ੇਸ਼ ਰੂਪ ਵਿੱਚ ਭੋਜਨ ਵਿੱਚ ਸ਼ਾਮਿਲ ਕੀਤੀ ਜਾਂਦੀ ਸੀ। `ਰੋੜਾਂ ਦੀ ਕੜੀ ' ਵਿੱਚ ਪਾਂਡੂ ਮਿੱਟੀ ਵਿੱਚ ਪੈਂਦਾ ਹੋਣ ਵਾਲੇ ਪੱਕੇ ਰੋੜ ਪਾਏ ਜਾਂਦੇ ਸਨ। ਬਾਜ਼ੀਗਰ ਲੋਕ ਇਹ ਮੰਨਦੇ ਹਨ ਕਿ ਇਹ `ਰੋੜਾਂ ਵਾਲੀ ਕੜੀ ' ਉਨ੍ਹਾਂ ਦੇ ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ । ਦੁੱਧ ਦੀ ਕੜੀ ਤਾਂ ਲਗਭਗ ਹਰ ਰੋਜ਼ ਹੀ ਭੋਜਨ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ।
ਇਸ ਵਿੱਚ ਹਲਦੀ ,ਕਾਲੀ ਮਿਰਚ,ਲਸਣ,ਪਿਆਜ,ਨਮਕ,ਮਿਰਚ,ਹਿੰਗ ਅਤੇ ਵਧੇਰੇ ਮਾਤਰਾ ਵਿੱਚ ਦੁੱਧ ਪਾਇਆ ਜਾਂਦਾ ਸੀ। ਇਹ ਕੜੀ ਬਾਜ਼ੀਗਰ ਲੋਕਾਂ ਦੇ ਸਰੀਰਾਂ ਦੀਆਂ ਅੰਦਰਲੀਆਂ ਸੱਟਾਂ ਲਈ ਬੁਹਤ ਲਾਹੇਵੰਦ ਹੁੰਦੀ ਹੈ ਅਤੇ ਅੰਦਰਲੀਆਂ ਨਿੱਕੀਆਂ ਮੋਟੀਆਂ ਸੱਟਾਂ ਲਈ ਮਰਮ ਦਾ ਕੰਮ ਕਰਦੀ ਹੈ । ਅੱਜ ਵੀ ਬਾਜ਼ੀਗਰ ਘਰਾਂ ਵਿੱਚ ਇਹ ਕੜੀ ਬੁਹਤ ਹੀ ਸ਼ੌਕ ਨਾਲ ਭੋਜਨ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ।
ਲੋਕ ਖੇਡਾਂ
ਸੋਧੋਬਾਜ਼ੀਗਰ ਕਬੀਲਾ ਜਿੱਥੇ ਬਾਜੀ ਪਾਉਣ ਦੀ ਕਲਾ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਹੈ ਉੱਥੇ ਨਾਲ ਹੀ ਜ਼ੋਰ ਵਾਲੀਆਂ ਖੇਡਾਂ ਵਿੱਚ ਵੀ ਵਿਸ਼ੇਸ਼ ਮੁਹਾਰਤ ਰੱਖਦਾ ਹੈ । ਬਾਜੀ ਪਾਉਣੀ,ਵੀਣੀ ਫੜਨਾ,ਕੁਸ਼ਤੀ,ਭਾਜ,ਡਾਂਗ ਨਾਲ ਲੜਨਾ,ਭਿੰਡੀ,ਕੋਟਲਾ,ਸੋਚੀਂ,ਗਾਂ ਚੁੰਘਣਾ,ਤੀਰ-ਤੁੱਕਾਂ ਆਦਿ ਬਾਜ਼ੀਗਰ ਕਬੀਲੇ ਦੀਆਂ ਮੱਹਤਵਪੂਰਨ ਖੇਡਾਂ ਹਨ ।
ਮਦਾਰੀ ਕਬੀਲਾ
ਸੋਧੋਪੰਜਾਬੀ ਸੱਭਿਆਚਾਰ ਵਿੱਚ ਮਦਾਰੀ ਕਬੀਲੇ ਦੀ ਇੱਕ ਖ਼ਾਸ ਥਾਂ ਹੈ। ਇਸ ਕਬੀਲੇ ਦਾ ਸੰਬੰਧ ਲੋਕ ਕਲਾ ਦੇ ਰੂਪ ਤਮਾਸ਼ੇ ਨਾਲ ਜੁੜਦਾ ਹੈ ਜੋ ਇਸ ਕਬੀਲੇ ਦਾ ਮੁੱਖ ਕਿੱਤਾ ਹੈ। ਇਹ ਕਬੀਲਾ ਵੀ ਲੰਮਾ ਸਮਾਂ ਰਾਜਸਥਾਨ ਅਤੇ ਗੁਜਰਾਤ ਵਿੱਚ ਘੁੰਮਦਾ ਰਿਹਾ। ਜਿਸ ਤੋਂ ਬਾਅਦ ਦੂਸਰਿਆਂ ਕਬੀਲਿਆਂ ਵਾਂਗ ਹੀ ਇਹ ਪੰਜਾਬ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਿਜਰਤ ਕਰ ਜਾਂਦਾ ਹੈ। ਇਸ ਕਬੀਲੇ ਦੇ ਲੋਕ ਜਿਆਦਾ ਅੰਬਾਲਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਪਾਏ ਜਾਂਦੇ ਹਨ। ਇਸ ਕਬੀਲੇ ਦਾ ਮੁੱਖ ਕਿੱਤਾ ਤਮਾਸ਼ੇ ਦੀ ਕਲਾ ਨਾਲ ਜੁੜਿਆ ਹੋਇਆ ਹੈ ਅਤੇ ਇਹ ਆਪਣੇ ਆਪ ਨੂੰ ਜਾਦੂਗਰ ਤੌਰ ਤੇ ਪੇਸ਼ ਕਰਦੇ ਹਨ।
ਜਨਮ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਮਦਾਰੀ ਕਬੀਲੇ ਵਿੱਚ ਬੱਚੇ ਦੇ ਜਨਮ ਨਾਲ ਸੰਬੰਧਤ ਬਹੁਤ ਸਾਰੀਆਂ ਮਨਾਹੀਆਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਸਵਾ ਮਹੀਨਾ ਹੋਣ ਤੋਂ ਬਾਅਦ ਬੱਚੇ ਦੀ ਮਾਂ ਨੂੰ ਹਰੀਆਂ ਚੂੜੀਆਂ ਪਹਿਨ ਕੇ ਚੌਂਕੇ ਚੜਾਉਣ ਦੀ ਰਸਮ ਤੋਂ ਬਾਅਦ ਕਬੀਲਾ ਆਪਣੀਆਂ ਟੱਪਰੀਆਂ ਵਿੱਚ ਨੱਚਦਾ ਅਤੇ ਗਾਉਂਦਾ ਹੈ।
ਵਿਆਹ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਦੀਆਂ ਵਿਆਹ ਨਾਲ ਸੰਬੰਧਤ ਰਸਮਾਂ ਵੀ ਮੁੱਖ ਸਭਿਆਚਾਰ ਨਾਲੋਂ ਭਿੰਨ ਮਿਲਦੀਆਂ ਹਨ। ਇਸ ਕਬੀਲੇ ਵਿੱਚ ਖਾਰੇ ਤੋਂ ਉਤਾਰਨ ਦੀ ਰਸਮ ਵਿਆਹ ਵਾਲੇ ਲੜਕੇ ਦੇ ਫੁੱਫੜ ਵਲੋਂ ਨਿਭਾਈ ਜਾਂਦੀ ਹੈ। ਜਦੋਂ ਕਿ ਵਿਆਹ ਵਾਲੀ ਲੜਕੀ ਨੂੰ ਖਾਰੇ ਤੋਂ ਉਤਾਰਨ ਦੀ ਰਸਮ ਉਸਦੀ ਭਰਜਾਈ ਦੁਆਰਾ ਕੀਤੀ ਜਾਂਦੀ ਹੈ। ਵਿਆਹ ਦੀ ਮੁੱਖ ਰਸਮ ਲੜਕੇ ਲੜਕੀ ਨੂੰ ਸਮਾਜਿਕ ਬੰਧਨ ਵਿੱਚ ਬੰਨ੍ਹਣ ਦੀ ਹੁੰਦੀ ਹੈ ਜਿਸ ਵਿੱਚ ਲਾਵਾਂ ਜਾਂ ਫੇਰੇ ਕੀਤੇ ਜਾਂਦੇ ਹਨ। ਪਰ ਇਸ ਕਬੀਲੇ ਦਾ ਪਿਛੋਕੜ ਇਸਲਾਮ ਨਾਲ ਜੁੜਦਾ ਹੈ ਇਸ ਕਰਕੇ ਇਸ ਵਿੱਚ ਨਿਕਾਹ ਕੀਤਾ ਜਾਂਦਾ ਹੈ।
ਮੌਤ ਨਾਲ ਸੰਬੰਧਿਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਵਿੱਚ ਮ੍ਰਿਤਕ ਵਿਅਕਤੀ ਨੂੰ ਧਰਤੀ ਵਿੱਚ ਵੀਧੀਗਤ ਢੰਗ ਨਾਲ ਦਫਨਾਇਆ ਜਾਂਦਾ ਹੈ। ਦਫਨਾਉਣ ਦੇ ਦੋ ਜਾਂ ਤਿੰਨ ਦਿਨ ਤੱਕ ਕਾਂਧੀਆਂ ਨੂੰ ਘਰ ਵਿੱਚ ਮ੍ਰਿਤਕ ਦੇ ਨਾਂ ਦੀ ਰੋਟੀ ਖੁਆਈ ਜਾਂਦੀ ਹੈ। ਮਰਨ ਤੋਂ ਤੀਜੇ ਦਿਨ ਬਾਅਦ ਤੀਜੇ ਦੀ ਰਸਮ ਕੀਤੀ ਜਾਂਦੀ ਹੈ। ਮੌਤ ਤੋਂ ਚਾਲੀ ਦਿਨਾਂ ਬਾਅਦ ਇਸ ਕਬੀਲੇ ਵਿੱਚ 'ਚਾਲੀਹਾ' ਕਰਨ ਦਾ ਰਿਵਾਜ ਵੀ ਹੈ, ਜਿਸ ਵਿੱਚ ਕਬੀਲੇ ਦੇ ਲੋਕਾਂ ਨੂੰ ਇਕੱਠਾ ਕਰਕੇ ਰੋਟੀ ਖੁਆਈ ਜਾਂਦੀ ਹੈ।
ਪਹਿਰਾਵਾ
ਸੋਧੋਮਦਾਰੀ ਕਬੀਲੇ ਦੇ ਲੋਕ ਕੁੜਤਾ ਅਤੇ ਧੋਤੀ ਪਹਿਨਦੇ ਹਨ ਅਤੇ ਇਹ ਮੋਢੇ ਉੱਪਰ ਇੱਕ ਕੱਪੜਾ (ਸਾਫ਼ਾ) ਜਰੂਰ ਰੱਖ ਲੈਂਦੇ ਹਨ। ਔਰਤਾਂ ਸਲਵਾਰ ਅਤੇ ਕਮੀਜ਼ ਪਹਿਨਦੀਆਂ ਹਨ।
ਸਿਕਲੀਗਰ ਕਬੀਲਾ
ਸੋਧੋਪੰਜਾਬ ਦੇ ਟੱਪਰੀਵਾਸ ਕਬੀਲਿਆਂ ਵਿੱਚ ਸਿਕਲੀਗਰ ਕਬੀਲੇ ਦਾ ਪ੍ਰਮੁੱਖ ਸਥਾਨ ਹੈ। ਸਿਕਲੀਗਰ ਕਬੀਲੇ ਦੇ ਲੋਕ ਲੋਹੇ ਦੇ ਕੰਮ ਨਾਲ ਜੁੜੇ ਹੋਏ ਹਨ। ਇਸ ਕਬੀਲੇ ਦੇ ਲੋਕ ਲੋਹੇ ਦੇ ਨਿਪੁੰਨ ਕਾਰੀਗਰ ਹਨ। ਇਹ ਲੋਹੇ ਤੋਂ ਹਥਿਆਰ ਅਤੇ ਘਰੇਲੂ ਲੋੜੀਂਦੀਆਂ ਵਸਤਾ ਤਿਆਰ ਕਰਦੇ ਹਨ। ਲੋਹੇ ਦੇ ਹਥਿਆਰ ਬਣਾਉਣ ਵਿੱਚ ਇਹਨਾਂ ਨੂੰ ਖ਼ਾਸ ਮੁਹਾਰਤ ਹਾਸਿਲ ਹੈ।
ਜੇਕਰ ਇਹਨਾਂ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਆਪਣਾ ਸਬੰਧ ਰਾਜਸਥਾਨ ਦੇ ਮਾਰਵਾੜ ਦੇ ਇਲਾਕੇ ਦੇ ਨਾਲ ਜੋੜਦੇ ਹਨ। "ਕਬੀਲੇ ਦੇ ਲੋਕਾਂ ਅਨੁਸਾਰ ਇਹਨਾਂ ਦੇ ਪੂਰਵਜ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਦੇ ਬੁਲਾਵੇ ਤੇ ਪੰਜਾਬ ਆਏ। ਗੁਰੂ ਹਰਗੋਬਿੰਦ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਵਿਚਰਦੇ ਰਹੇ। ਇਹ ਗੁਰੂ ਸਹਿਬਾਨਾਂ ਅਤੇ ਸਿੱਖਾਂ ਵਾਸਤੇ ਹਥਿਆਰ ਤਿਆਰ ਕਰਦੇ ਸਨ। ਸਿਕਲੀਗਰ ਕਬੀਲੇ ਦੇ ਬਾਬਾ ਰਾਮ ਸਿੰਘ ਅਤੇ ਬਾਬਾ ਵੀਰ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ 'ਚ ਉੱਚ ਅਹੁਦਿਆਂ ਤੇ ਬਿਰਾਜਮਾਨ ਸਨ। ਇਹਨਾਂ ਨੇ ਆਪਣੇ ਹੱਥੀਂ ਤਿਆਰ ਕੀਤੀਆਂ ਵਿਸ਼ੇਸ਼ ਕਿਸਮ ਦੀਆਂ ਬੰਦੂਕਾਂ ਗੁਰੂ ਸਾਹਿਬ ਨੂੰ ਭੇਂਟ ਕੀਤੀਆਂ। ਗੁਰੂ ਸਾਹਿਬ ਦੀ ਮਿਹਰ ਹੇਠ ਇਹ ਸਿੱਖ ਧਰਮ ਨਾਲ ਜੁੜ ਗਏ।"[1] ਸਿਕਲੀਗਰ ਕਬੀਲੇ ਦੇ ਲੋਕ ਜ਼ਿਆਦਾਤਰ ਨਿਰੰਕਾਰੀ ਸੰਪਰਦਾਇ ਅਤੇ ਸਿੱਖ ਧਰਮ ਨਾਲ ਜੁੜੇ ਹੋਏ ਹਨ। ਸਿੱਖ ਰਾਜ ਦੇ ਪਤਨ ਤੋਂ ਬਾਅਦ ਹਥਿਆਰ ਬਣਾਉਣ ਦੇ ਕਿਤੇ ਦਾ ਵੀ ਪਤਨ ਹੋ ਗਿਆ। ਸੋ ਅੱਜ ਸ਼ਿਕਲੀਗਰ ਕਬੀਲੇ ਨਾਲ ਸੰਬੰਧਿਤ ਲੋਕ ਬਹੁਗਿਣਤੀ ਵਿੱਚ ਬਜ਼ਾਰੂ ਵਸਤਾਂ ਨੂੰ ਹੀ ਪਿੰਡਾਂ ਵਿੱਚ ਵੇਚਣ ਜਾਂਦੇ ਹਨ ਜਾਂ ਰਸੋਈ 'ਚ ਲੋੜੀਂਦੀਆਂ ਛੋਟੀਆਂ ਮੋਟੀਆਂ ਵਸਤਾਂ ਹੀ ਤਿਆਰ ਕਰਦੇ ਹਨ।
ਸਿਕਲੀਗਰ ਕਬੀਲੇ ਵਿਚ ਗੋਤਰ ਸਤਰੀਕਰਣ ਪਾਇਆ ਜਾਂਦਾ ਹੈ। ਸਿਕਲੀਗਰ ਕਬੀਲੇ ਨੂੰ ਮੁੱਖ ਰੂਪ ਵਿੱਚ ਤੇਰਾਂ ਗੋਤਾਂ ਵਿੱਚ ਵੰਡਿਆ ਜਾਂਦਾ ਹੈ। "ਸਿਕਲੀਗਰ ਕਬੀਲੇ ਦੇ ਪ੍ਮੱਖ ਗੋਤਰ ਜੂਨੀ, ਡਾਂਗੀ, ਭੇਂਟ, ਟਾਂਕ, ਖੀਚੀ, ਤਲਬਿਥੀਆਂ, ਬਊਰੀ,ਪਤਲੋੜੇ, ਘਾਸੀ ਟਾਂਕ, ਪਟੋਆ, ਘਟਾੜੇ, ਪਿਆਲਾ, ਜਿਊਣੀ ਆਦਿ ਹਨ।"[2] ਇਹਨਾਂ ਗੋਤਰਾਂ ਦੀਆਂ ਅੱਗੋਂ ਉਪ ਗੋਤਰਾਂ ਵੀ ਹਨ। ਗੋਤਰਾਂ ਨੂੰ ਲੈ ਕੇ ਕਬੀਲੇ ਵਿਚ ਸਖ਼ਤ ਮਨਾਹੀਆਂ ਮੌਜੂਦ ਹਨ। ਸਾਰੇ ਗੋਤਰਾਂ ਵੱਲੋਂ ਹੀ ਇਹਨਾਂ ਮਨਾਹੀਆਂ ਦੀ ਪਾਲਣਾ ਕੀਤੀ ਜਾਂਦੀ ਹੈ।
ਪੰਜਾਬ ਅਤੇ ਇਸਦੇ ਆਸ ਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਸਿਕਲੀਗਰਾਂ ਨੂੰ ਪ੍ਰਮੁੱਖ ਰੂਪ ਵਿੱਚ ਤਿੰਨ ਵਰਗਾ ਵਿੱਚ ਵੰਡਿਆ ਜਾ ਸਕਦਾ ਹੈ-
1.ਬਸਣੀਏ ਸਿਕਲੀਗਰ
2.ਲਦਣੀਏ ਸਿਕਲੀਗਰ
3.ਉਠਣੀਏ ਸਿਕਲੀਗਰ
ਬਸਣੀਏ ਸਿਕਲੀਗਰ ਉਹ ਹਨ ਜੋ ਪੱਕੇ ਤੌਰ ਤੇ ਸ਼ਹਿਰਾਂ, ਨਗਰਾਂ ਜਾਂ ਕਸਬਿਆਂ ਵਿੱਚ ਵਸ ਗਏ ਹਨ। ਇਹ ਲੋਕ ਲੋਹੇ ਦਾ ਸਮਾਨ ਬਣਾ ਕੇ ਦੁਕਾਨਾਂ 'ਤੇ ਵੇਚਦੇ ਹਨ। ਇਹਨਾਂ ਵਿਚੋਂ ਬਹੁਤੇ ਲੋਕ ਘਰੇਲੂ ਉਦਯੋਗ ਨਾਲ ਜੁੜੇ ਹੋਏ ਹਨ। ਇਹ ਲਦਣੀਏ ਅਤੇ ਉਠਣੀਏ ਸਿਕਲੀਗਰਾਂ ਨਾਲੋਂ ਆਰਥਿਕ ਪੱਖੋਂ ਵਧੇਰੇ ਖ਼ੁਸ਼ਹਾਲ ਹਨ। ਲਦਣੀਏ ਸਿਕਲੀਗਰ ਉਹ ਲੋਕ ਹਨ ਜਿਹੜੇ ਵਿਸ਼ੇਸ਼ ਹਾਲਤਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਵੱਲ ਕੂਚ ਕਰਦੇ ਹਨ। ਇਹ ਲੋਕ ਸਥਾਈ ਬਸਤੀਆਂ ਵਿੱਚ ਤਬਦੀਲ ਹੋ ਰਹੇ ਹਨ। ਇਹਨਾਂ ਵਿਚੋਂ ਬਹੁਤੇ ਲੋਕ ਲੋਹੇ ਦੇ ਤਸਲੇ, ਟੋਕਰੇ, ਹਾਰੇ, ਪਿੰਜਰੇ ਅਤੇ ਫੇਰੀ ਮਾਰ ਕੇ ਪੀਪਿਆਂ ਅਤੇ ਢੋਲਾਂ ਦੇ ਢੱਕਣ ਲਾਉਣ ਦਾ ਕੰਮ ਕਰਦੇ ਹਨ। ਤਕਨੀਕ ਦੇ ਵਿਕਾਸ ਨਾਲ ਇਹਨਾਂ ਦਾ ਕੰਮ ਮੱਧਨ ਪੈਂਦਾ ਜਾ ਰਿਹਾ ਹੈ। ਉਠਣੀਏ ਸਿਕਲੀਗਰ ਉਹ ਹਨ ਚੰਗੀਆਂ ਸੁੱਖ ਸਹੂਲਤਾਂ ਨੂੰ ਕੇਂਦਰ 'ਚ ਰੱਖ ਕੇ ਇਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ। ਇਹਨਾਂ ਦਾ ਸਬੰਧ ਆਦਿ ਕਾਲ ਤੋਂ ਹੀ ਘਮਾਤੂੰਪੁਣੇ ਨਾਲ ਹੈ। ਇਹਨਾਂ ਦੇ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਸਮੇਂ ਚੰਗੀਆਂ ਭੋਜਨ ਹਾਲਤਾਂ ਅਤੇ ਸੁੱਖ ਸਹੂਲਤਾਂ ਹੀ ਕਾਰਜਸ਼ੀਲ ਹੁੰਦੀਆਂ ਹਨ।
ਇਸ ਤੋਂ ਇਲਾਵਾ ਸਿਕਲੀਗਰ ਕਬੀਲੇ ਦੀ ਕਿਤੇ ਦੇ ਆਧਾਰ ਤੇ ਵੰਡ ਵੀ ਕੀਤੀ ਜਾ ਸਕਦੀ ਹੈ -
1.ਅਸਤਰ-ਸ਼ਸਤਰ ਬਣਾਉਣ ਵਾਲੇ ਸ਼ਿਕਲੀਗਰ- ਅਸਤਰ-ਸਸਤਰ ਬਣਾਉਣ ਵਾਲੇ ਸ਼ਿਕਲੀਗਰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਤੇ ਰਾਜਸਥਾਨ ਵਿੱਚ ਵੱਡੀ ਗਿਣਤੀ ਵਿਚ ਵੱਧ ਰਹੇ ਹਨ। ਪਰ ਇੰਨਾ ਵਿੱਚ ਕੁੱਝ ਕੁ ਹੀ ਅਜਿਹੇ ਲੋਕ ਹਨ, ਜਿਹੜੇ ਕਿ ਸਸਤਰ ਕਲਾ ਵਿੱਚ ਪ੍ਰਵੀਨ ਹਨ। ਇਹ ਲੋਕ ਆਦਿ ਕਾਲ ਤੋਂ ਹੀ ਰਾਜੇ, ਮਹਾਰਾਜਿਆਂ ਦੀ ਸੈਨਾ ਅਤੇ ਰਾਠਾਂ ਲਈ ਮਨਭਾਉਂਦੇ ਹਥਿਆਰਾਂ ਦਾ ਨਿਰਮਾਣ ਕਰਦੇ ਰਹੇ ਹਨ। ਇਹ ਲੋਕ ਅੱਜ ਵੀ ਆਪਣਾ ਪਿਤਾਪੁਰਖੀ ਕਿੱਤਾ ਨਿਭਾਅ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਹਥਿਆਰਾਂ ਅਤੇ ਘਰੇਲੂ ਲੋੜਾਂ ਦੀਆਂ ਚਾਕੂ ਛੁਰੀਆਂ ਨਾਲ ਸਬੰਧਤ ਉਦਯੋਗਾਂ ਨਾਲ ਵੀ ਜੁੜੇ ਹੋਏ ਹਨ। ਪੰਜਾਬ ਦੇ ਸ਼ਿਕਲੀਗਰਾ ਨੇ ਹੁਣ ਆਪਣੇ ਆਪ ਨੂੰ ਮੰਡੀ ਦੀਆਂ ਲੋੜਾਂ ਅਨੁਸਾਰ ਢਾਲ ਲਿਆ ਹੈ। ਇਹ ਲੋਕ ਕੇਵਲ ਮੰਡੀ ਦੀ ਮੰਗ ਅਨੁਸਾਰ ਹੀ ਆਪਣਾ ਮਾਲ ਤਿਆਰ ਕਰਦੇ ਹਨ। 2.ਫੇਰੀ ਮਾਰਨ ਵਾਲੇ ਸ਼ਿਕਲੀਗਰ- ਫੇਰੀ ਮਾਰਨ ਵਾਲੇ ਸ਼ਿਕਲੀਗਰ ਉਹ ਲੋਕ ਹਨ ਜਿਹੜੇ ਕਿ ਘਰੇਲੂ ਲੋੜਾਂ ਵਾਸਤੇ ਢੋਲਾਂ, ਪੀਪਿਆਂ ਅਤੇ ਪੀਪੀਆ ਤੇ ਢੱਕਣ ਆਦਿ ਲਾ ਕੇ ਘਰੇਲੂ ਉਪਯੋਗ ਲਈ ਤਿਆਰ ਕਰਕੇ ਦਿੰਦੇ ਹਨ। ਇਨ੍ਹਾਂ ਲੋਕਾਂ ਨੂੰ ਲੱਦਣੀਏ ਸ਼ਿਕਲੀਗਰ ਕਿਹਾ ਜਾਂਦਾ ਹੈ। ਫੇਰੀ ਮਾਰਨ ਵਾਲੇ ਸ਼ਿਕਲੀਗਰ, ਜ਼ਿੰਦੇ ਕੁੰਜੀਆਂ ਦੀ ਮੁਰੰਮਤ ਕਰਨ ਤੋਂ ਇਲਾਵਾ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਚਾਕੂ ਛੁਰੀਆਂ ਵੇਚਣ ਤੋਂ ਇਲਾਵਾ ਚਾਕੂ, ਛੂਰੀਆ, ਕੈਂਚੀਆਂ ਅਤੇ ਹਥਿਆਰਾਂ ਦੀ ਸਾਣ ਲਾਉਣ ਦਾ ਕੰਮ ਵੀ ਕਰਦੇ ਹਨ। ਇਹ ਲੋਕ ਪਿੰਡਾਂ, ਨਗਰਾਂ ਅਤੇ ਕਸਬਿਆਂ ਵਿੱਚ ਘਰ ਘਰ ਜਾ ਕੇ ਆਪਣਾ ਮਾਲ ਵੇਚਦੇ ਹਨ।ਇਹ ਲੋਕ ਮੁਰੰਮਤ ਦਾ ਸਾਮਾਨ ਅਤੇ ਕੱਚਾ ਮਾਲ ਆਪਣੇ ਨਾਲ ਲੈ ਕੇ ਘੁੰਮਦੇ ਹਨ। ਅੱਜ ਵੀ ਇਹ ਲੋਕ ਪਿੰਡਾਂ ਵਿਚ ਘੁੰਮ ਫਿਰ ਕੇ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ। 3. ਟੱਪਰੀਵਾਸ ਕਬੀਲੇ- ਪੰਜਾਬ ਵਿਚ ਇਹ ਲੋਕ ਕਈ ਜ਼ਿਲਿਆਂ ਵਿੱਚ ਡੇਰਿਆਂ ਦੀ ਸ਼ਕਲ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਅਰਧ ਘਮੰਤੂ ਅਵਸਥਾ ਵਿਚ ਵਿਚਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਵਣ ਵਿਭਾਗ, ਸ਼ਾਮਲਾਤ, ਗਊ ਚਰਾਂਦਾਂ ਅਤੇ ਬੀਆਬਾਨਾਂ ਆਦਿ ਵਿੱਚ ਵਸੇ ਹੋਏ ਹਨ। ਇਹ ਲੋਕ ਲੋਹੇ ਦੇ ਤਸਲੇ, ਚਿਮਟੇ, ਟੋਕਰੇ, ਰੈਕ, ਪੀਪੇ ਪੀਪਿਆਂ ਤੇ ਢੱਕਣ ਅਤੇ ਘਰੇਲੂ ਲੋੜਾਂ ਲਈ ਛੋਟਾਂ ਮੋਟਾ ਸਾਮਾਨ ਤਿਆਰ ਕਰਕੇ ਪਿੰਡਾਂ ਅਤੇ ਨਗਰਾਂ ਵਿੱਚ ਸਾਇਕਲਾਂ ਤੇ ਵੇਚਣ ਜਾਂਦੇ ਹਨ। ਇਹੀ ਇਨ੍ਹਾਂ ਦੀ ਰੋਜੀ ਰੋਟੀ ਦਾ ਮੁੱਖ ਸਾਧਨ ਹਨ। ਇਹ ਲੋਕ ਇਸ ਵਸਤੂ ਸਮੱਗਰੀ ਲਈ ਕੱਚਾ ਮਾਲ ਸ਼ਹਿਰਾਂ ਅਤੇ ਕਬਾੜੀਆਂ ਪਾਸੋ ਖਰੀਦਦੇ ਹਨ। ਟੱਪਰੀਵਾਸ ਸਿਕਲੀਗਰਾ ਦਾ੍ ਪੂਰੇ ਦਾ ਪੂਰਾ ਪਰਿਵਾਰ ਲੋਹੇ ਦੇ ਕੰਮਕਾਰ ਨਾਲ ਜੁੜਿਆ ਹੋਇਆ ਹੈ। ਇਥੋਂ ਤੱਕ ਕਿ ਇਨ੍ਹਾਂ ਦੇ ਬੱਚੇ ਵੀ ਪਿਤਾਪੁਰਖੀ ਧੰਦੇ ਨਾਲ ਜੁੜੇ ਹੋਏ ਹਨ। ਇਹ ਲੋਕ ਸ਼ਿਕਾਰੀ ਸੁਭਾਅ ਦੇ ਮਾਲਕ ਹਨ। ਲੋਹੇ ਦੇ ਕੰਮ ਤੋਂ ਇਲਾਵਾ ਸ਼ਿਕਾਰ ਕਰਕੇ ਗੁਜ਼ਾਰਾ ਕਰਨਾ ਇਹਨਾਂ ਦਾ ਮੁੱਖ ਸ਼ੌਕ ਹੈ। ਇਹ ਲੋਕ ਖਰਗੋਸ਼ ਕਬੂਤਰ ਅਤੇ ਤਿੱਤਰ ਬਟੇਰ ਦਾ ਮਾਸ ਬੜੇ ਚਾਅ ਨਾਲ ਖਾਂਦੇ ਹਨ।[3]
ਸਿਕਲੀਗਰ ਕਬੀਲੇ ਦੇ ਲੋਕ ਮਾਸ ਖਾਨ ਦੇ ਬਹੁਤ ਸ਼ੁਕੀਨ ਹਨ। ਸ਼ਿਕਾਰੀ ਰੁਚੀਆਂ ਦੇ ਮਾਲਕ ਹੋਣ ਕਰਕੇ ਗੁਲੇਲ ਕਲਾ ਵਿੱਚ ਇਹਨਾਂ ਦੀ ਚੰਗੀ ਮੁਹਾਰਤ ਹੈ। ਇਹ ਵਿਸ਼ੇਸ਼ ਕਿਸਮ ਦੇ ਸ਼ਿਕਾਰੀ ਕੁੱਤੇ ਵੀ ਪਾਲਦੇ ਹਨ। ਪਰ ਅੱਜ ਇਹ ਸ਼ਿਕਾਰੀ ਕੁੱਤੇ ਵਿਰਲੇ ਟਾਂਵੇ ਹੀ ਰਹਿ ਗਏ ਹਨ। ਇਹਨਾਂ ਦੀ ਪਰਜਾਤੀ ਖ਼ਤਮ ਹੋਣ ਦੀ ਕੰਗਾਰ ਉਤੇ ਹੈ।
ਸਿਕਲੀਗਰ ਕਬੀਲੇ ਦੇ ਲੋਕ ਭਾਵੇਂ ਅਸਥਾਈ ਡੇਰਿਆਂ ਤੋਂ ਸਥਾਈ ਬਸਤੀਆਂ ਵਿੱਚ ਤਬਦੀਲ ਹੋ ਰਹੇ ਹਨ ਪਰ ਅਜੇ ਵੀ ਇਹਨਾਂ ਦੇ ਜਿਊਣ ਵਿੱਚ ਘਮਾਤੂੰਪੁਣਾ ਮੌਜੂਦ ਹੈ। ਇਹ ਆਪਣੇ ਪਿਤਾ ਪੁਰਖੀ ਲੋਹੇ ਦੇ ਧੰਦੇ ਨਾਲ ਵੀ ਗਹਿਰਾ ਹੇਜ ਪ੍ਰਗਟਾਉਂਦੇ ਹਨ।
ਜਨਮ ਨਾਲ ਸੰਬੰਧਿਤ ਰਸਮਾਂ
ਸੋਧੋਸਿਕਲੀਗਰ ਕਬੀਲੇ ਵਿਚ ਲੜਕੀ ਨੂੰ ਦੇਵੀ ਸਰੂਪ ਅਤੇ ਲੜਕੇ ਨੂੰ ਕੁੱਲ ਦਾ ਚਿਰਾਗ਼ ਸਮਝਿਆ ਜਾਂਦਾ ਹੈ। ਲੜਕੇ ਦਾ ਜਨਮ ਹੋਣ 'ਤੇ ਉਚੇਚ ਖ਼ੁਸ਼ੀ ਮਨਾਈ ਜਾਂਦੀ ਹੈ। ਇਸ ਖੁਸ਼ੀ ਨੂੰ ਆਂਢ ਗੁਆਂਢ ਵਿੱਚ ਮਿੱਠਾ ਵੰਡ ਕੇ ਜ਼ਾਹਰ ਕੀਤਾ ਜਾਂਦਾ ਹੈ। ਬੱਚੇ ਦਾ ਜਨਮ ਕਬੀਲੇ ਦੀ ਦਾਈ ਦੁਆਰਾ ਘਰ ਵਿੱਚ ਹੀ ਹੁੰਦਾ ਹੈ। ਬੱਚੇ ਵਾਲੇ ਘਰ ਬਾਹਰਲੇ ਲੋਕਾਂ ਖ਼ਾਸ ਕਰਕੇ ਓਪਰੀਆਂ ਔਰਤਾਂ ਦਾ ਆਉਣਾ ਵਰਜਿਤ ਹੁੰਦਾ ਹੈ। ਭੂਤਾਂ ਪਰੇਤਾਂ ਦੇ ਡਰ ਤੋਂ ਬੱਚੇ ਦੇ ਗਲ ਵਿੱਚ ਰੱਤ ਚੰਨਣ ਦੀ ਲੱਕੜ ਬੰਨ੍ਹ ਦਿੰਦੇ ਹਨ। ਨਵਜਾਤ ਬੱਚੇ ਨੂੰ ਕਿਸੇ ਸਿਆਣੇ ਵੱਲੋਂ ਗੁੜਤੀ ਦਿੱਤੀ ਜਾਂਦੀ ਹੈ। "ਬੱਚੇ ਦੇ ਜਨਮ ਤੋਂ ਤੀਜੇ ਦਿਨ ਘੜੋਲੀ ਦੀ ਰਸਮ ਕਰਕੇ ਜਣੇਪੇ ਵਾਲੀ ਔਰਤ ਨੂੰ ਕਬੀਲੇ ਦੀਆਂ ਔਰਤਾਂ ਦੁਆਰਾ ਚੌਂਕੇ ਚੜਾਇਆ ਜਾਂਦਾ ਹੈ। ਘੜੋਲੀ ਦੀ ਰਸਮ ਖਵਾਜਾ ਦੇਵਤਾ ਭਾਵ ਪਾਣੀ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਹੈ।"[4] ਇਸ ਤੋਂ ਬਾਅਦ ਗੌਰਜਾਂ ਦੀ ਪੂਜਾ ਵੀ ਚੌਂਕੇ ਚੜ੍ਹਾਉਣ ਵਾਲੀ ਰਸਮ ਦਾ ਹੀ ਇਕ ਹਿੱਸਾ ਹੈ। "ਇਸ ਰਸਮ ਵਿੱਚ ਬੱਚੇ ਦੀ ਜਨਮ ਵਾਲੀ ਥਾਂ ਨੂੰ ਸਜਾ ਸੰਵਾਰ ਕੇ ਉਤੇ ਅੱਕ ਜਾਂ ਨਿੰਮ ਦੇ ਪੱਤੇ ਰੱਖੇ ਜਾਂਦੇ ਹਨ। ਇਸ ਰਸਮ ਵਿੱਚ ਪਰਿਵਾਰ ਦੂ ਮੁਖੀ ਔਰਤ ਵੱਲੋਂ ਗੋਹੇ ਦਾ ਆਦਮੀ ਅਤੇ ਔਰਤ ਭਾਵ ਜੋੜਾ ਬਣਾ ਕੇ ਉਨ੍ਹਾਂ ਨੂੰ ਖਵਾਜੇ ਦਾ ਹਾਜ਼ਰੀ ਵਿੱਚ ਮੱਥਾ ਟੇਕਿਆ ਜਾਂਦਾ ਹੈ। ਕਬੀਲੇ ਵਿਚ ਗੋਹੇ ਦੇ ਬਣਾਏ ਹੋਏ ਇਸ ਪ੍ਰਤੀਕਮਈ ਜੋੜੇ ਨੂੰ 'ਗੌਰਜਾਂ' ਦਾ ਨਾਂ ਦਿੱਤਾ ਜਾਂਦਾ ਹੈ।" ਇਹ ਪੂਜਾ ਬੱਚੇ ਦੇ ਭਵਿੱਖੀ ਸੁਖੀ ਗ੍ਰਹਿਸਥ ਜੀਵਨ ਦਾ ਪ੍ਰਤੀਕ ਹੈ।
ਵਿਆਹ ਨਾਲ ਸੰਬੰਧਿਤ ਰਸਮਾਂਂ
ਸੋਧੋਸਿਕਲੀਗਰ ਕਬੀਲੇ ਵਿੱਚ ਲੜਕੇ ਲੜਕੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਵਿਆਹ ਲਈ ਉਮਰ ਦੀ ਹੱਦ 18 ਤੋਂ 21 ਸਾਲ ਹੈ। ਸਿਕਲੀਗਰ ਕਬੀਲੇ ਵਿੱਚ ਵਿਆਹ ਸਬੰਧੀ ਬਹੁਤੇ ਲੰਮੇ ਚੌੜੇ ਸੰਸਕਾਰ ਪ੍ਰਚੱਲਿਤ ਨਹੀਂ ਹਨ। ਵਿਆਹ ਨੂੰ ਕਬੀਲੇ ਦੁਆਰਾ ਨਿਸ਼ਚਿਤ ਕੀਤੇ ਵਿਧੀ ਵਿਧਾਨ ਅਨੁਸਾਰ ਸਿਰੇ ਚਾੜਿਆ ਜਾਂਦਾ ਹੈ। ਵਿਆਹ ਉਪਰੰਤ ਵਿਆਹ ਵਾਲੇ ਘਰ ਦੁਆਰਾ ਡੇਰੇ ਦੇ ਹਰ ਘਰ ਦੇ ਇੱਕ ਮੈਬਰ ਨੂੰ ਵਿਆਹ ਦਾ ਭੋਜ ਦਿੱਤਾ ਜਾਂਦਾ ਹੈ। ਵਿਆਹ ਦਾ ਕਾਰਜ ਨਿਰੰਕਾਰੀ ਸੰਪਰਦਾਇ ਦੀ ਪ੍ਰਤਿਨਿਧ ਪੰਜ ਲਾਵਾਂ ਦੀ ਹਾਜ਼ਰੀ ਵਿੱਚ ਸੰਪੰਨ ਹੁੰਦਾ ਹੈ। ਵਿਆਹ ਤੋਂ ਬਾਅਦ ਵਿਆਹ ਵਾਲੀ ਲੜਕੀ ਦੇ ਸਹੁਰੇ ਘਰ ਪਹੁੰਚਣ ਤੇ ਖਵਾਜੇ ਦੇ ਮੱਥਾ ਟੇਕਿਆ ਜਾਂਦਾ ਹੈ। ਮੱਥਾ ਟੇਕਣ ਤੋਂ ਬਾਅਦ ਲੜਕਾ ਲੜਕੀ ਛਟੀਆਂ ਦੀ ਰਸਮ ਪੂਰੀ ਕਰਦੇ ਹਨ। ਵਿਆਹ ਤੋਂ ਦੂਜੇ ਦਿਨ 'ਗੋਦ ਭਰਾਈ' ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਦਾ ਸਿਕਲੀਗਰ ਕਬੀਲੇ ਵਿਚ ਬਹੁਤ ਮਹੱਤਵ ਹੈ। ਇਹ ਰਸਮ ਔਰਤ ਦੇ ਜੀਵਨ ਦੀ ਖੁਸ਼ਹਾਲੀ ਅਤੇ ਉਸਦੀ ਗੋਦ ਹਰੀ ਭਰੀ ਰਹਿਣ ਦੀ ਕਾਮਣਾ ਨਾਲ ਸੰਬੰਧਿਤ ਹੈ।
ਮੌਤ ਨਾਲ ਸੰਬੰਧਤ ਰਸਮਾਂ
ਸੋਧੋਇਸ ਕਬੀਲੇ ਦੇ ਲੋਕ ਮ੍ਰਿਤਕ ਨੂੰ ਅਗਨੀ ਭੇਂਟ ਕਰਦੇ ਹਨ। ਮੌਤ ਹੋਣ ਉਪਰੰਤ ਮ੍ਰਿਤਕ ਦੀ ਦੇਹ ਨੇੜੇ ਨਿੰਮ੍ਹ ਦੇ ਪੱਤੇ ਰੱਖ ਧੂਫ਼ ਲਾ ਕੇ ਸਿਰਹਾਨੇ ਦੀਵਾ ਬਾਲ ਦਿੱਤਾ ਜਾਂਦਾ ਹੈ। ਸਿਕਲੀਗਰ ਕਬੀਲੇ ਵਿਚ ਮ੍ਰਿਤਕ ਸਸਕਾਰ ਤੋਂ ਪਹਿਲਾਂ ਉਹਦੇ ਮੂੰਹ ਵਿੱਚ ਕੋਈ ਟੂਮ ਛੱਲਾ ਪਾਉਣ ਦਾ ਰਿਵਾਜ਼ ਹੈ। ਸਸਕਾਰ ਤੋਂ ਤੀਜੇ ਦਿਨ ਫੁੱਲ ਚੁਗੇ ਜਾਂਦੇ ਹਨ। ਫੁੱਲ ਚੁਗਣ ਤੋਂ ਪਹਿਲਾਂ ਸਿਵੇ 'ਤੇ ਦੁੱਧ ਦਾ ਛਿੱਟਾ ਦਿੱਤਾ ਜਾਂਦਾ ਹੈ।ਇਹਨਾਂ ਨੂੰ ਪਾਣੀ ਵਿੱਚ ਪਰਵਾਹ ਕੀਤਾ ਜਾਂਦਾ ਹੈ। ਸਿਕਲੀਗਰ ਕਬੀਲੇ ਵਿਚ ਹਰਿਦੁਆਰ ਜਾਂ ਕੀਰਤਨਪੁਰ ਜਾਣ ਦਾ ਪ੍ਰਚੱਲਣ ਨਾ ਮਾਤਰ ਹੀ ਹੈ। ਫੁੱਲ ਦਾ ਪਰਵਾਹ ਆਮ ਤੌਰ ਤੇ ਨੇੜੇ ਵਗਦੇ ਪਾਣੀ ਵਿੱਚ ਹੀ ਕੀਤਾ ਜਾਂਦਾ ਹੈ। ਫੁੱਲ ਪਰਵਾਹ ਕਰਨ ਤੋਂ ਬਾਅਦ ਮ੍ਰਿਤਕ ਦੀ ਆਤਮਾ ਦੀ ਸਾਂਤੀ ਲਈ ਭੋਗ ਪਾਇਆ ਜਾਂਦਾ ਹੈ ਅਤੇ ਵਿੱਤ ਅਨੁਸਾਰ ਡੇਰੇ ਨੂੰ ਰੋਟੀ ਕੀਤਾ ਜਾਂਦੀ ਹੈ।
ਸਿਕਲੀਗਰ ਕਬੀਲੇ ਦਾ ਨਿਆਂ ਪ੍ਰਬੰਧ
ਸਿਕਲੀਗਰ ਕਬੀਲੇ ਦਾ ਆਪਣਾ ਵੱਖਰਾ ਨਿਆਂ ਪ੍ਰਬੰਧ ਹੈ। ਸਿਕਲੀਗਰ ਕਬੀਲੇ ਦੇ ਲੋਕਾਂ ਦੇ ਰਹਿਣ ਸਥਾਨ ਨੂੰ ਡੇਰਾ ਕਿਹਾ ਜਾਂਦਾ ਹੈ। ਹਰੇਕ ਡੇਰੇ ਦੇ ਮੋਅਤਬਰ ਬੰਦਿਆਂ ਦੀ ਇਕ ਸਭਾ ਬਣੀ ਹੁੰਦੀ ਹੈ। ਇਸ ਸਭਾ ਨੂੰ ਪੰਚਾਇਤ ਵੀ ਕਿਹਾ ਜਾਂਦਾ ਹੈ।ਸ਼ਿਕਲੀਗਰ ਕਬੀਲੇ ਵਿਚ ਡੇਰੇ ਦੀ ਪੰਚਾਇਤ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ। ਪੰਚਾਇਤ 'ਚ ਮੋਅਤਬਰ ਬੰਦਿਆਂ ਦੀ ਗਿਣਤੀ ਦਸ ਤੋਂ ਲੈ ਕੇ ਚਾਲੀ ਤੱਕ ਹੋ ਸਕਦੀ ਹੈ। ਡੇਰੇ ਦੇ ਅੰਦਰੂਨੀ ਝਗੜਿਆਂ ਦਾ ਫ਼ੈਸਲਾ ਇਹ ਸਭਾ ਹੀ ਕਰਦੀ ਹੈ। "ਸਿਕਲੀਗਰ ਪੰਚਾਇਤ ਵਿੱਚ ਜ਼ਿਆਦਾਤਰ ਝਗੜੇ ਪਰਿਵਾਰਕ ਸਮੱਸਿਆਵਾਂ, ਚੋਰੀ- ਚਕਾਰੀ, ਮਾਰ-ਕੁੱਟ, ਛੇੜਖਾਨੀ ਜਾਂ ਰਿਸ਼ਤਿਆ ਦੀ ਟੁੱਟ-ਭੱਜ ਨਾਲ ਸੰਬੰਧਿਤ ਹੁੰਦੇ ਹਨ।"[5] ਉਪਰੋਕਤ ਦਰਸਾਏ ਗਏ ਝਗੜਿਆਂ 'ਚੋਂ ਬਹੁਤਿਆਂ ਦਾ ਨਿਪਟਾਰਾ ਤਾਂ ਮੌਕੇ 'ਤੇ ਹੀ ਹੋ ਜਾਂਦਾ ਹੈ। ਜਿਹੜਾ ਮਸਲਾ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲਵੇ, ਉਸਦੀ ਲੰਮਾ ਸਮਾਂ ਸੁਣਵਾਈ ਕੀਤੀ ਜਾਂਦੀ ਹੈ। ਏਸ ਲੰਮੀ ਸੁਣਵਾਈ ਤੋਂ ਬਾਅਦ ਦੰਡ ਦਿੱਤਾ ਜਾਂਦਾ ਹੈ। ਸਿਕਲੀਗਰ ਕਬੀਲੇ ਦੇ ਨਿਆਂ ਪ੍ਰਬੰਧ ਦਾ ਆਪਣਾ ਦੰਡ ਵਿਧਾਨ ਹੈ। "ਕਬੀਲੇ ਵਿਚ ਦੰਡ ਵਿਧਾਨ ਦੀ ਰਕਮ ਨੂੰ 'ਚਾਰੀ' ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਦੰਡ ਦੀ ਰਕਮ 'ਚੌਂਦਾ ਚਾਰੀ' ਤੱਕ ਨਿਸ਼ਚਿਤ ਹੁੰਦੀ ਸੀ। (ਇੱਕ ਚਾਰੀ ਵਿੱਚ ਚੌਂਦਾ ਰੁਪਏ ਹੁੰਦੇ ਹਨ) ਇਹ ਚਾਰੀਆਂ ਵਾਲਾ ਦੰਡ ਝਗੜੇ ਦੀ ਤੀਬਰਤਾ ਨਾਲ ਸਬੰਧ ਰੱਖਦਾ ਸੀ।"[6] ਇਸ ਤੋਂ ਇਲਾਵਾ ਫਰਿਆਦੀ ਵੀ ਪੰਚਾਇਤ ਕੋਲ ਕਬੀਲਾ ਫ਼ੀਸ ਜਮ੍ਹਾਂ ਕਰਵਾ ਕੇ ਫਰਿਆਦ ਕਰਦਾ ਹੈ। ਪਹਿਲਾਂ ਇਹ ਫ਼ੀਸ ਪੰਜ ਪੈਸੇ ਹੁੰਦੀ ਸੀ ਪਰ ਹੁਣ ਇਹ ਵਧ ਕੇ ਸਵਾ ਸੌ ਰੁਪਏ ਹੋ ਗਈ ਹੈ।
ਸਿਕਲੀਗਰ ਕਬੀਲੇ ਦੀ ਪੰਚਾਇਤ ਵਿੱਚ ਔਰਤਾਂ ਨੂੰ ਬੈਠਣ ਦੀ ਮਨਾਹੀ ਹੈ। ਪਰ ਉਹ ਪੰਚਾਇਤ ਦੀ ਕਾਰਵਾਈ ਨੂੰ ਦੂਰ ਤੋਂ ਸੁਣ ਸਕਦੀਆਂ ਹਨ। ਲੋੜ ਅਨੁਸਾਰ ਉਹਨਾਂ ਨੂੰ ਪੰਚਾਇਤ ਵਿੱਚ ਬੁਲਾਇਆ ਵੀ ਜਾ ਸਕਦਾ ਹੈ। ਕਿਸੇ ਵੀ ਝਗੜੇ ਦੇ ਸਬੰਧ ਵਿੱਚ ਔਰਤ ਦੇ ਬਿਆਨ ਨੂੰ ਵੀ ਅਹਿਮ ਮੰਨਿਆ ਜਾਂਦਾ ਹੈ।
ਭਾਵੇਂ ਕਿ ਸਮੇਂ ਦੇ ਬਦਲਾਅ ਨਾਲ ਸਿਕਲੀਗਰ ਕਬੀਲੇ ਦੇ ਲੋਕ ਵੀ ਨਿਆਂ ਅਦਾਲਤਾਂ ਵਿੱਚ ਨਿਆਂ ਲਈ ਫਰਿਆਦ ਕਰਨ ਲੱਗ ਪਏ ਹਨ। ਪਰ ਅੱਜ ਵੀ ਕਚਿਹਰੀਆਂ ਵਿੱਚ ਪੁੱਜਣ ਵਾਲਾ ਕਬੀਲੇ ਦਾ ਝਗੜਾ ਅਖ਼ੀਰ ਕਬੀਲੇ ਦੀ ਪੰਚਾਇਤ ਵਿੱਚ ਹੀ ਨਿੱਬੜਦਾ ਹੈ। ਕਬੀਲੇ ਦੀ ਪੰਚਾਇਤ ਤੋਂ ਆਕੀ ਹੋਈ ਧਿਰ ਨੂੰ ਕਬੀਲੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਛੇਕੇ ਜਾਣ ਵਾਲੇ ਨਾਲ ਰੋਟੀ ਬੇਟੀ ਦੀ ਸਾਂਝ ਖ਼ਤਮ ਕਰ ਦਿੱਤੀ ਜਾਂਦੀ ਹੈ। ਰੋਟੀ ਬੇਟੀ ਦੀ ਸਾਂਝ ਖ਼ਤਮ ਕਰਨ ਤੋਂ ਭਾਵ ਕਬੀਲੇ ਵੱਲੋਂ ਕੀਤਾ ਸਮਾਜਿਕ ਬਾਈਕਾਟ ਹੁੰਦਾ ਹੈ।
ਕਬੀਲੇ ਦੀਆਂ ਮਨਾਹੀਆਂ (ਟੈਬੂ)
(1). ਕਬੀਲੇ ਵਿੱਚ ਹਰਾ ਕੱਪੜਾ ਪਾਉਣਾ ਵਰਜਿਤ ਹੈ ।
(2). ਸਿਕਲੀਗਰਾਂ ਲਈ ਬਿੱਲੇ ਦਾ ਮਾਸ ਖਾਣਾ ਮਨ੍ਹਾਂ ਹੈ ।
(3). ਡਾਂਗੀ ਗੋਤ ਦੀਆਂ ਔਰਤਾ ਲਈ ਸਹੇ ਦਾ ਮਾਸ ਖਾਣਾ ਵਰਜਿਤ ਹੈ ।
(4). ਖੀਚੀ ਗੋਤਰ ਲਈ ਆਪਣੇ ਵਿਆਹ ਤੋਂ ਬਿਨਾਂ ਮਹਿੰਦੀ ਲਾਉਣੀ ਵਰਜਿਤ ਹੈ ।
(5). ਕਬੀਲਾ ਔਰਤਾਂ ਦਾ ਪੰਚਾਇਤੀ ਇਕੱਠਾਂ ਵਿੱਚ ਜਾਣਾ ਵਰਜਿਤ ਹੈ।
(6). ਸਿਕਲੀਗਰ ਔਰਤ ਦਾ 'ਪੰਚ' ਬਣਨਾ ਵਰਜਿਤ ਹੈ।
(7). ਓਲ ਉਪਰ ਬਾਂਝ ਔਰਤ ਦੀ ਨਜ਼ਰ ਪੈਣੀ ਵਰਜਿਤ ਹੈ।
(8). ਸੂਤਕ ਦੌਰਾਨ ਅਤਰ ਫੁਲੇਲ ਦੀ ਵਰਤੋਂ ਮਨਾਂ ਹੈ।
(9). ਸਿਕਲੀਗਰ ਮਰਦਾਂ ਲਈ ਧੀ ਦਾ ਮੂੰਹ ਚੁਮਣਾਂ ਵਰਜਿਤ ਹੈ।
(10). ਕੁਆਰੀ ਕੁੜੀ ਲਈ ਸ਼ੀਸ਼ੇ ਅਤੇ ਸੁਰਮੇ ਦੀ ਵਰਤੋਂ ਮਨਾ ਹੈ।
(11). ਬਾਹਰ ਜਾਤੀ ਵਿਆਹ ਵਰਜਿਤ ਹੈ
(12). ਕਬੀਲੇ ਤੋਂ ਬਾਹਰ ਪਾਰਸੀ( ਚੋਰ ਬੋਲੀ) ਦੱਸਣੀ ਵਰਜਿਤ ਹੈ।
(13). ਪਟਵਾ ਔਰਤਾਂ ਲਈ ਕੱਚ ਦੀ ਚੂੜੀ ਅਤੇ, ਕੱਜਲ ਅਤੇ ਆਪਣੇ ਵਿਆਹ ਤੋਂ ਬਿਨਾਂ ਮਹਿੰਦੀ ਲਾਉਣੀ ਵਰਜਿਤ ਹੈ।
(14). ਕਬੀਲੇ ਵਿੱਚ ਗਊ ਹੱਤਿਆ ਵਰਜਿਤ ਹੈ।
(15). ਕਿਸੇ ਤਨਹੀ (ਬਾਹਰ ਜਾਤੀ) ਔਰਤ ਦਾ ਗੋਤ-ਕੁਨਾਲਾ ਵਰਜਿਤ ਹੈ।
(16). ਕੁਆਰੀ ਕੁੜੀ ਲਈ ਜਿਨਸੀ ਸਬੰਧ ਵਰਜਿਤ ਹਨ।
(17). ਟਾਂਕਾਂ ਲਈ ਰਜਾਈ ਦੀ ਵਰਤੋਂ,ਸਰਪ ਹੱਤਿਆ ਤੇ ਸੋਨੇ ਦੀ ਵਰਤੋਂ ਮਨਾ ਹੈ।
(18). ਸੂਰਜ ਡੁੱਬਣ ਮਗਰੋਂ ਦਾਹ ਸੰਸਕਾਰ ਵਰਜਿਤ ਹੈ।[7]
ਸਿਕਲੀਗਰ ਕਬੀਲੇ ਦੀ ਵਰਤਮਾਨ ਸਥਿਤੀ
ਸਿਕਲੀਗਰ ਕਬੀਲਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੀ ਤਾਦਾਦ ਵਿੱਚ ਵੱਸਿਆ ਹੋਇਆ ਹੈ ।ਸਿਕਲੀਗਰ ਕਬੀਲੇ ਦਾ ਮੁੱਖ ਕਿੱਤਾ ਲੋਹੇ ਦੇ ਹਥਿਆਰ ਔਜ਼ਾਰ ਅਤੇੇ ਘਰਾਂ ਦੀਆਂ ਲੋੜਾਂ ਦਾ ਛੋੋਟਾ ਮੋਟਾ ਸਾਮਾਨ ਤਿਆਰ ਕਰਕੇ ਵੇਚਣਾ ਹੈ ਪਰ ਆਜੋੋਕੇ ਸਮੇਂ ਵਿੱਚ ਦੌਰ ਤੇ ਚਲਦਿਆਂ ਤਕਨਾਲੋਜੀ ਦੇ ਵਿਕਾਸ ਤੇ ਲੋਹੇ ਦੀਆਂ ਕੀਮਤਾਂ ਵਧਣ ਕਾਰਨ ਇਨ੍ਹਾਂ ਲੋਕਾਂ ਦੇ ਧੰਦੇ ਵਿੱਚ ਨਿਘਾਰ ਆ ਰਿਹਾ ਹੈ।ਜਿਸ ਕਾਰਨ ਇਨ੍ਹਾਂ ਲੋਕਾਂ ਦਾ ਆਪਣਾ ਜੀਵਨ ਨਿਰਬਾਹ ਕਰਨਾਂ ਵੀ ਬਹੁਤਾ ਚੰਗੇਰਾ ਨਹੀਂ ਹੈ। ਇਨ੍ਹਾਂ ਲੋਕਾਂ ਵਿਚੋਂ ਉਠਨੀਏ ਸਿਕਲੀਗਰ ਉਹ ਹਨ ਜਿਹੜੇ ਕਿ ਆਪਣਾ ਸਮਾਨ ਵੇਚਣ ਲਈ ਚੰਗੀ ਮੰਡੀ ਦੀ ਭਾਲ ਵਿੱਚ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ।ਉਠਨੀਏ ਸਿਕਲੀਗਰ ਆਪਣੇ ਪੁਰਖਿਆਂ ਵਾਂਗ ਅਜ ਵੀ ਚੱਕਰਵਰਤੀ ਜੀਵਨ ਬਤੀਤ ਕਰਦੇ ਹਨ ਇਹ ਲੋਕ ਆਪਣਾ ਵਣਜ ਵਾਪਾਰ ਕਰਨ ਲਈ ਛੋਟੀਆਂ ਛੋਟੀਆਂ ਇਕਾਈਆਂ ਵਿੱਚ ਘੁੰਮਦੇ ਹਨ ਪਰੰਤ ਖਾਸ ਮੌਕਿਆਂ ਤੇ ਇਕ ਥਾਂ ਇਕੱਠੇ ਹੋ ਜਾਂਦੇ ਹਨ ਵਰਤਮਾਨ ਦੌਰ ਵਿੱਚ ਭਾਵੇਂ ਪੰਜਾਬ ਦੇ ਕਬੀਲਿਆਂ ਦੇ ਲੋਕ ਆਪਣਾਂ ਘੁਮਾਤਰੂ ਜੀਵਨ ਛਡ ਕੇ ਇਕ ਥਾਂ ਵੱਸਣ ਲਗ ਪਏ ਹਨ ਪਰ ਇਹਨਾਂ ਵਿੱਚ ਉਠਨੀਏ ਸਿਕਲੀਗਰ ਲੋਕ ਹੀ ਅਜਿਹੇ ਹਨ ਜੋ ਆਪਣਾਂ ਜੀਵਨ ਨਿਰਬਾਹ ਕਰਨ ਲਈ ਰੋਜੀ ਰੋਟੀ ਲਈ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਇਹਨਾਂ ਦੀ ਸਿਖਿਆ ਤੇ ਸਹਿਤ ਸਹੂਲਤਾਂ ਤੇ ਡੂੰਘਾ ਅਸਰ ਪੈਂਦਾ ਹੈ। ਘੁਮਾਤਰੂ ਲੋਕ ਹੋਣ ਕਰਕੇ ਇਹਨਾਂ ਦੇ ਬੱਚੇ ਅਜ ਵੀ ਮੁੱਢਲੀ ਸਿੱਖਿਆ ਤੋ ਨਿਗੁਰੇ ਰਹਿ ਜਾਂਦੇ ਹਨ
ਇਹਨਾਂ ਵਿੱਚੋਂ ਬਸਣੀਏ ਸਿਕਲੀਗਰ ਉਹ ਲੋਕ ਹਨ ਜੋ ਕਿ ਸਹਿਰਾਂ ,ਨਗਰਾਂ ਜਾਂ ਕਸਬਿਆਂ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ ਇਹ ਲੋਕ ਆਸਤਰ ਸ਼ਸਤਰ ਜਾਂ ਲੋਹੇ ਦਾ ਘਰੇਲੂ ਸਮਾਨ ਬਣਾ ਕੇ ਆਪਣੀਆਂ ਦੁਕਾਨਾਂ ਤੇ ਵੇਚਦੇ ਹਨ। ਇਨਾ ਵਿੱਚੋਂ ਅਜ ਵੀ ਬਹੁਤੇ ਲੋਕ ਪਿੰਡਾਂ ਸਹਿਰਾਂ ਵਿੱਚ ਚਾਕੂ ਛੁਰੀਆਂ ਵੇਚ ਕੇ, ਚਾਕੂ ਛੁੁਰੀਆਂ ਤੇਜ ਕਰਕੇ ,ਦਾਤੀਆ ਦੇ ਦੰਦੇ ਕਢ ਕੇ, ਜਿੰਦਰਿਆ ਦੀਆਂ ਚਾਬੀਆਂ ਲਾ ਕੇ, ਆਪਣਾਾਂ ਗੁਜ਼ਰਾ ਕਰਦੇ ਹਨ ਇਹ ਆਪਣ ਪੱਕੇ ਟਿਕਾਣਿਆਂ ਤੇ ਬੈਠੇ ਮਿਲਦੇ ਹਨ ਲਦਣੀਏ ਲੋਕ ਦੂਜੇ ਸਿਕਲੀਗਰ ਲੋਕਾਂ ਤੋੋਂ ਆਰਥਿਕ ਪੱਖੋਂ ਭਾਵੇ ਜਿਆਦਾ ਖੁੁਸ਼ਹਾਲ ਹਨ ਪਰ ਸਮਾਜਿਕ ਚੇਤਨਾ ਪੱਖੋਂ ਘਾਟ ਹੋੋਣ ਕਾਰਨ ਇਹਨਾਂ ਵਿੱਚ ਵੀ ਸਿਖਿਆ ਦਾ ਪੱਧਰ ਨੀਵਾਂ ਹੀ ਹੈ[8]
ਲਦਣੀਏ ਸਿਕਲੀਗਰ ਉਹ ਲੋਕ ਹਨ ਜੋ ਇਕ ਥਾਂ ਤੋਂ ਦੂਜੀ ਥਾਂ ਕੂਚ ਕਰਦੇ ਰਹਿੰਦੇ ਹਨ।ਪਰੰਤੂ ਇਹ ਹੁਣ ਸਥਾਈ ਬਸਤੀਆਂ ਵਿੱਚ ਤਬਦੀਲ ਹੋ ਰਹੇ ਹਨ ਇਹ ਲੋਕ ਲੋਹੇ ਦੇ ਤਸਲੇ, ਟੋਕਰੇ ,ਹਾਰੇ, ਪਿੰਜਰੇ ਅਤੇ ਫੇਰੀ ਮਾਰ ਕੇ ਘਰਾਂ ਵਿੱਚ ਪੀਪਿਆਂ ,ਢੋਲਾ ਆਦਿ ਦੇ ਢੱਕਣ ਲਾਉਣ ਦਾ ਕੰਮ ਵੀ ਕਰਦੇ ਹਨ। ਅਜੋਕੇ ਜੁਗ ਵਿੱਚ ਇਹਨਾਂ ਦਾ ਧੰਦਾ ਠੱਪ ਹੁੰਦਾ ਜਾ ਰਿਹਾ ਹੈ ਹੁਣ ਇਹ ਲੋਕ ਬਜਾਰਾ ਵਿਚੋਂ ਪਲਾਸਟਿਕ ਦਾ ਸਾਮਾਨ ਖਰੀਦ ਕੇ ਘਰਾਂ ਵਿੱਚ ਵੇਚ ਵਟ ਕੇ ਆਪਣਾਂ ਗੁਜ਼ਾਰਾ ਕਰਦੇ ਹਨ ਅਜ ਕਲ ਇਹਨਾਂ ਦੀ ਹਾਲਤ ਨਿਘਾਰ ਵੱਲ ਵਧ ਰਹੀ ਹੈ ਤੇ ਇਹ ਲੋਕ ਅਜ ਵੀ ਪਿੰਡਾਂ ਸ਼ਹਿਰਾਂ ਵਿਚ ਵਿਚਰਦਿਆਂ ਹੋਇਆ ਆਪਣਾਂ ਜੀਵਨ ਅਜਨਬੀਆ ਵਾਂਗ ਬਤੀਤ ਕਰਦੇ ਹਨ ਇਹਨਾਂ ਲੋਕਾਂ ਵਿੱਚ ਜਿੱਥੇ ਇਕ ਪਾਸੇ ਜਾਗ੍ਰਿਤੀ ਅਤੇ ਰਾਜਨੀਤਕ ਚੇਤਨਾ ਦੀ ਘਾਟ ਲੱਗਦੀ ਹੈ ਉੱਥੇ ਨਾਲ ਹੀ ਸਮਾਜਿਕ ਅਤੇ ਰਾਜਨੀਤਕ ਅਗਵਾਈ ਦੀ ਵੀ ਘਾਟ ਲੱਗਦੀ ਹੈ ਇਸੇ ਕਰਕੇ ਇਹ ਲੋਕ ਬੜੀ ਜਲਦੀ ਰਾਜਨੀਤਕ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ ਕਿਸੇ ਵੀ ਕੌਮ ਦੇ ਉਸਾਰ ਵਿੱਚ ਸਿਖਿਆ ਦਾ ਅਹਿਮ ਸਥਾਨ ਹੁੰਦਾ ਹੈ ਅਜੋਕੇ ਸਮੇਂ ਪੰਜਾਬ ਦੇ ਸਿਕਲੀਗਰ ਰੋਜੀ ਰੋਟੀ ਵਿੱਚ ਇਨ੍ਹਾਂ ਉਲਝ ਗਏ ਹਨ ਕਿ ਇਹਨਾਂ ਲੋਕਾਂ ਦੀ ਸਿਖਿਆ ਤਕ ਪਹੁੰਚ ਬੜੀ ਮੁਸ਼ਕਿਲ ਬਣ ਗਈ ਹੈ[9]
ਅਜੋਕੇ ਦੌਰ ਵਿੱਚ ਸਿਕਲੀਗਰ ਕਬੀਲੇ ਦੀਆਂ ਔਰਤਾਂ ਅਤੇ ਲੜਕੀਆਂ ਕੁਪੋਸ਼ਣ ਅਤੇ ਮਾਨਸਿਕ ਸਥਿਤੀ ਦੀਆਂ ਸਿਕਾਰ ਹਨ ਜੇਕਰ ਸਿਕਲੀਗਰ ਬਸਤੀਆਂ ਵਿੱਚ ਸਿਹਤ ਨਾਲ ਸਬੰਧਤ ਨਿਰੀਖਣ ਕੀਤਾ ਜਾਵੇ ਤਾਂ ਇਹਨਾਂ ਵਿੱਚ ਅਣਗਿਣਤ ਰੋਗੀ ਮਿਲਣਗੇ ਕੁਝ ਬਸਤੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦਾ ਵੀ ਚੰਗਾ ਪਰਬੰਧ ਨਹੀਂ ਹੈ
ਨਿਘਾਰ ਦੇ ਕਾਰਨ ਸਿਕਲੀਗਰ ਕਬੀਲੇ ਦੇ ਰੂੜੀਵਾਦੀ ਮੁੱਲ ਵਿਧਾਨ, ਪਰੰਪਰਿਕ ਮਾਨਤਾਵਾ ਅਤੇ ਪਿਤਾ ਪੁਰਖੀ ਰੀਤੀ ਰਿਵਾਜ ਵੀ ਕਬੀਲੇ ਦੇ ਬਹੁਪੱਖੀ ਵਿਕਾਸ ਵਿੱਚ ਵੱਡੀ ਰੁਕਾਵਟ ਹਨ ਕਬੀਲੇ ਵਿੱਚ ਅਨਪੜ੍ਹਤਾ ਤੇ ਬਾਲ ਵਿਆਹ ਸਭ ਤੋੋ ਵੱਡੀਆ ਅਲਾਾਮਤਾਂ ਨਜ਼ਰ ਆਉਦੀਆ ਹਨ ਜਿਸ ਦਾ ਵੱਡਾ ਕਾਰਨ ਇਸ ਕਬੀਲੇ ਦੀ ਵਾਗਡੋਰ ਅਨਪੜ੍ਹ ਤੇ ਰੂੜੀਵਾਦੀ ਕੱਟੜ ਆਗੂਆਂ ਦੇ ਹੱਥ ਵਿੱਚ ਹੋਣਾਂ ਹੈ ਇਹ ਕਬੀਲੇ ਦੇ ਆਗੂ ਆਪਣੀ ਹੈਸੀਅਤ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਲਈ ਨਵੀ ਪੀੜੀ ਦੇ ਲੋਕਾਂ ਨੂੰ ਵੀ ਆਪਣੀਆਂ ਕਦਰਾਂ ਕੀਮਤਾਂ ਨੂੰ ਤੇ ਉਹਨਾਂ ਨੂੰ ਧਰਮ ਤੇ ਪਰੰਪਰਾਵਾਂ ਦੇ ਨਾਂ ਹੇਠ ਆਪਣੀ ਹਿਫਾਜ਼ਤ ਵਿੱਚ ਰੱਖਣਾ ਚਾਹੁੰਦੇ ਹਨ
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਅਜੋਕੇ ਯੁੱਗ ਵਿੱਚ ਹਾਲਾਤ ਗੰਭੀਰ ਨਿਘਾਰ ਵੱਲ ਵਧ ਰਹੀ ਹੈ ਇਹ ਲੋਕ ਅਜ ਵੀ ਵਣ ਵਿਭਾਗ, ਸ਼ਾਮਲਾਟ,ਗਊ ਇਰਾਦਾ,ਤੇ ਹੋਰ ਸਰਕਾਰੀ ਜਮੀਨਾ ਉਤੇ ਰਹਿ ਕੇ ਆਪਣਾਂ ਜੀਵਨ ਨਿਰਬਾਹ ਕਰਦੇ ਹਨ ਇਹਨਾਂ ਕੋਲ ਆਪਣੀਆ ਜਮੀਨਾ ਨਾ ਹੋਣ ਕਾਰਨ ਸਹਾਇਕ ਧੰਦਿਆਂ ਲਈ ਕਰਜ਼ਾ ਆਦਿ ਲੈਣ ਤੋ ਵੀ ਅਸਮਰੱਥ ਹਨ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹਨਾਂ ਲੋਕਾਂ ਦਾ ਇਤਿਹਾਸ ਸਿਰਜਣ ਵਿੱਚ ਅਹਿਮ ਯੋਗਦਾਨ ਰਿਹਾ ਹੈ ਪਰ ਸਮੇਂ ਦੇ ਹਾਕਮਾਂ ਨੇ ਇਹਨਾਂ ਦੀ ਕੋਈ ਹਿਫਾਜ਼ਤ ਨਹੀਂ ਕੀਤੀ ਸਗੋਂ ਅਜੋਕੀਆ ਸਰਕਾਰਾਂ ਨੇ ਕਬੀਲਿਆਂ ਦੀ ਸੂਖ਼ਮਤਾ ਅਤੇ ਨਿਰਪੱਖਤਾ ਨਾਲ ਸਨਾਖਤ ਕਰਨ ਦੀ ਬਜਾਏ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਜੰਗਲਾ ਅਤੇ ਪਹਾੜਾਂ ਵਿੱਚ ਰਹਿਣ ਵਾਲੇ ਕਬੀਲਿਆਂ ਦੀਆਂ ਇਕ ਸੌਚੀ ਸਮਝੀ ਸਾਜ਼ਿਸ਼ ਤਹਿਤ ਜਮੀਨਾ ਖੋਹ ਕੇ ਮਲਟੀਨੈਸ਼ਨਲ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਸਤੇ ਮੁੱਲ ਵਿੱਚ ਵੇਚ ਕੇ ਵੱਡਾ ਹਮਲਾ ਕੀਤਾ ਹੈ ਭਾਵੇਂ ਇਹ ਕਬੀਲੇ ਦੇ ਲੋਕ ਆਪਣੇ ਅਤੀਤ ਤੇ ਵਰਤਮਾਨ ਤੋ ਜਿਵੇਂ ਤਿਵੇਂ ਸੰਤੁਸ਼ਟ ਹਨ ਪਰ ਇਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਭਲਾਈ ਸਕੀਮਾਂ ਤੇ ਉਪਰਾਲਿਆ ਦੀ ਜਰੂਰਤ ਹੈ।
ਗਾਡੀ ਲੁਹਾਰ ਬੀ ਨਿਆਂ ਪ੍ਰਬੰਧ
ਸੋਧੋਾਡੀ ਲੁਹਾਰ ਕਬੀਲੇ ਦੇ ਲੋਕ ਵੀ ਸਦੀਆਂ ਪਹਿਲਾਂ ਰਾਜਸਥਾਨ ਤੋਂ ਪੰਜਾਬ ਆਏ। ਕਿਹਾ ਜਾਂਦਾ ਹੈ ਕਿ ਇਹਨਾਂ ਰਾਜਪੂਤ ਲੁਹਾਰਾਂ ਦਾ ਕਬੀਲਿਆਈ ਜੀਵਨ ਉਦੋਂ ਸ਼ੁਰੂ ਹੋਇਆ ਅਕਬਰ ਨੇ ਜੈਮਲ ਅਤੇ ਫੱਤੇ ਨੂੰ ਹਰਾ ਕੇ ਚਿਤੌੜ ਫਤਹਿ ਕੀਤਾ। ਇਹ ਲੋਕ ਆਪਣੀ ਮਾਣ ਮਰਿਯਾਦਾ ਤੋਂ ਡਿੱਗ ਕੇ ਕਬੀਲੇ ਵਿੱਚ ਪਰਿਵਰਤਨ ਹੋਏ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਜੈਮਲ ਤੇ ਫੱਤਾ, ਅਕਬਰ ਦੇ ਖਿਲਾਫ ਭੀਸ਼ਣ ਯੁੱਧ ਲੜ ਰਹੇ ਸਨ ਤਾਂ ਇਹ ਲੋਕ ਚਿਤੌੜਗੜ੍ਹ ਦੇ ਲੁਹਾਰਗੜ ਇਲਾਕੇ ਦੀ ਇੱਕ ਲਖੌਟਾ ਨਾਂ ਦੀ ਬਾਰੀ ਵਿਚੋਂ ਜਾਨ ਬਚਾ ਕੇ ਭੱਜ ਅਤੇ ਟੱਪਰੀਵਾਸ ਬਣ ਗਏ।
ਜਨਮ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਜਨਮ ਨਾਲ ਸੰਬੰਧਤ ਰੀਤਾਂ-ਰਸਮਾਂ ਬਹੁਤ ਸਾਰੀਆਂ ਰੀਤਾਂ-ਰਸਮਾਂ ਜਾਦੂ ਚਿੰਤਨ ਨਾਲ ਹੀ ਸੰਬੰਧਤ ਹਨ। ਇਹ ਰੀਤਾਂ-ਰਸਮਾਂ ਜੱਚਾ ਅਤੇ ਬੱਚਾ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਅਤੇ ਲੰਬੀ ਉਮਰ ਦੀ ਕਾਮਨਾ ਵਜੋਂ ਹੋਂਦ ਅਖ਼ਤਿਆਰ ਕਰਦੀਆਂ ਹਨ।
ਵਿਆਹ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਦਾ ਵਿਆਹ ਪ੍ਰਬੰਧ ਵੀ ਅੰਤਰ ਗੋਤਰ ਵਿਆਹ ਪ੍ਰਬੰਧ ਹੈ। ਕਬੀਲੇ ਤੋਂ ਬਹਾਰ ਕਿਸੇ ਤਰ੍ਹਾਂ ਦੇ ਵੀ ਜਿਨ੍ਹਸੀ ਅਤੇ ਵਿਆਹ ਸਬੰਧ ਪੈਦਾ ਕਰਨ ਦੀ ਖੁੱਲ੍ਹ ਨਹੀਂ। ਇਸ ਕਬੀਲੇ ਦੀਆਂ ਵਿਆਹ ਦੀਆਂ ਰਸਮਾਂ ਹਿੰਦੂ ਸਮਾਜ ਨਾਲ ਬਹੁਤ ਮਿਲਦੀਆਂ ਹਨ। ਵੇਦੀ ਦੇ ਫੇਰੇ, ਪੰਡਿਤ ਦੁਆਰਾ ਅਨੁਸ਼ਠਾਨਿਕ ਕਿਰਿਆਵਾਂ ਦੀ ਪੂਰਤੀ ਅਤੇ ਫੇਰਿਆ ਸਮੇਂ ਅਗਨੀ ਨੂੰ 'ਦੇਵਤਾ' ਸਰੂਪ ਮਨ ਕੇ ਵਿਆਹ ਦਾ ਅਹਿਦ ਕਰਨਾ, ਹਿੰਦੂ ਰਸਮਾਂ ਹੀ ਹਨ।
ਮੌਤ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਦੇ ਲੋਕ ਮ੍ਰਿਤਕ ਨੂੰ ਸਾੜ ਕੇ ਦਾਹ ਸੰਸਕਾਰ ਕਰਦੇ ਹਨ। ਕਿਸੇ ਵੀ ਮ੍ਰਿਤਕ ਵਿਅਕਤੀ ਦੇ ਦਾਹ ਸੰਸਕਾਰ ਤੋਂ ਬਾਅਦ ਬਾਰ੍ਹਾ ਦਿਨਾਂ ਤੱਕ ਸੋਗ ਰੱਖਣ ਦੀ ਰੀਤ ਪ੍ਰਚਲਿਤ ਹੈ। ਇਸ ਤੋਂ ਬਾਅਦ ਤੇਰਵੇਂ ਦਿਨ ਸੋਗ ਮੁਕਤੀ ਦੀ ਰਸਮ ਅਦਾ ਕੀਤੀ ਜਾਂਦੀ ਹੈ।
ਗੁੱਜਰ ਕਬੀਲਾ
ਸੋਧੋਗੁੱਜਰ ਕਬੀਲਾ ਪੰਜਾਬ ਦੀ ਧਰਤੀ ਤੋਂ ਇਲਾਵਾ ਭਾਰਤ ਦੇ ਹੋਰ ਉੱਤਰੀ ਹਿੱਸਿਆਂ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਰਾਜਸਥਾਨ,ਹਰਿਆਣਾ ਅਤੇ ਹਿਮਾਚਲ ਵਿੱਚ ਵੱਸਣ ਵਾਲਾ ਇੱਕ ਵੱਡਾ ਕਬੀਲਾ ਹੈ। ਇਸ ਕਬੀਲੇ ਦੇ ਲੋਕ ਸਾਹਿਤ ਅਤੇ ਮਿੱਥਾਂ ਤੋਂ ਮਿਲਦੀ ਜਾਣਕਾਰੀ ਅਨੁਸਾਰ ਇਸ ਕਬੀਲੇ ਦਾ ਪਿਛੋਕੜ ਵੀ ਰਾਜਪੂਤਾਂ ਨਾਲ ਜੋੜਿਆ ਮਿਲਦਾ ਹੈ। ਰਾਜਸਥਾਨੀ ਗੁੱਜਰਾਂ ਦੇ ਲੋਕ ਸਾਹਿਤ ਵਿੱਚ ਮਹਾਰਾਣਾ ਪ੍ਰਤਾਪ ਨੂੰ ਨਾਇਕ ਵਜੋਂ ਪੇਸ਼ ਕੀਤਾ ਗਿਆ ਮਿਲਦਾ ਹੈ। ਇਥੋਂ ਦੇ ਗੁੱਜਰਾਂ ਵਿੱਚ ਪ੍ਰਚਲਿਤ ਕਥਾਵਾਂ ਅਨੁਸਾਰ ਮਹਾਰਾਣਾ ਪ੍ਰਤਾਪ ਦੇ ਦੁਖਾਂਤਕ ਪਤਨ ਤੋਂ ਬਾਅਦ ਮੇਵਾੜ ਅਤੇ ਮੇਵਾਤ ਇਲਾਇਆ ਵਿੱਚੋਂ ਲੱਖਾਂ ਗੁੱਜਰਾਂ ਨੂੰ ਉਜਾੜ ਕੇ ਉੱਤਰੀ ਭਾਰਤ ਵਿੱਚ ਸ਼ਰਨ ਲੈਣੀ ਪਈ। ਪੰਜਾਬ ਵਿੱਚ ਵੱਸਣ ਵਾਲਾ ਗੁੱਜਰ ਕਬੀਲਾ ਇਸਲਾਮ ਧਰਮ ਨਾਲ ਸੰਬੰਧਤ ਹੈ।
ਜਨਮ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਬੱਚੇ ਦੇ ਜਨਮ ਤੋਂ ਕੁੱਝ ਸਮਾਂ ਬਾਅਦ ਸੁੰਨਤ ਕਰਨ ਦੀ ਰਸਮ ਵੀ ਕੀਤੀ ਜਾਂਦੀ ਹੈ ਅਤੇ ਬੱਚੇ ਦੇ ਨਾਮਕਰਨ ਸਮੇਂ ਇਕੱਤਰ ਹੋਏ ਕਬੀਲੇ ਦੇ ਲੋਕਾਂ ਵਿੱਚ ਗੁੜ,ਪਤਾਸੇ,ਹਲਵਾ ਅਤੇ ਖੀਰ ਆਦਿ ਵਰਤਾਏ ਜਾਂਦੇ ਹਨ।
ਵਿਆਹ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਇਸ ਕਬੀਲੇ ਦੀਆਂ ਵਧੇਰੇ ਰੀਤਾਂ ਰਸਮਾਂ ਇਸਲਾਮ ਧਰਮ ਵਾਲੀਆਂ ਹਨ। ਗੁੱਜਰ ਕਬੀਲੇ ਦੇ ਵਿਆਹ ਪ੍ਰਬੰਧ ਦਾ ਮੂਲ ਧੁਰਾ ਨਿਕਾਹ ਅਧਾਰਿਤ ਹੈ, ਜੋ ਮੁਸਲਿਮ ਪਰੰਪਰਾ ਅਨੁਸਾਰ ਨਿਭਾਇਆ ਜਾਂਦਾ ਹੈ।
ਮੌਤ ਨਾਲ ਸੰਬੰਧਤ ਰੀਤਾਂ-ਰਸਮਾਂ
ਸੋਧੋਵਿਆਕਤੀ ਦੀ ਮੌਤ ਤੋਂ ਬਾਅਦ ਇਸ ਕਬੀਲੇ ਵਿੱਚ ਮੁਸਲਿਮ ਧਰਮ ਅਨੁਸਾਰ ਦਫ਼ਨਾਉਣ ਦਾ ਕਾਰਜ ਕੀਤਾ ਜਾਂਦਾ ਹੈ।
ਪਹਿਰਾਵਾ
ਸੋਧੋਇਸ ਕਬੀਲੇ ਦਾ ਮਰਦ ਖੱਬੇ ਪਾਸੇ ਲੜ ਛੱਡ ਕੇ ਪੱਗ ਬੰਨ੍ਹਦੇ ਹਨ। ਲੰਬੇ ਕੁੜਤੇ ਅਤੇ ਚਾਦਰੇ ਬੰਨ੍ਹਣ ਦੇ ਸ਼ੌਕੀਨ ਹਨ। ਮਰਦ ਆਪਣੀ ਲੰਬੀ ਦਾੜੀ ਨੂੰ ਮਹਿੰਦੀ ਨਾਲ ਰੰਗਣ ਦਾ ਸ਼ੌਕ ਰੱਖਦੇ ਹਨ। ਔਰਤਾਂ ਮਰਦ ਵਰਗੀ ਕਮੀਜ਼ ਅਤੇ ਘੱਗਰੇ ਪਹਿਨਦੀਆਂ ਹਨ। ਔਰਤਾਂ ਦੇ ਪਹਿਰਾਵੇ ਦੇ ਰੰਗ ਗੁੜੇ ਅਤੇ ਸ਼ੋਖ਼ ਨਹੀਂ ਹੁੰਦੇ, ਸਗੋਂ ਕਾਲੇ ਰੰਗ ਦੇ ਕੱਪੜੇ ਪਹਿਨਣ ਵਿੱਚ ਵਿਸ਼ਵਾਸ ਰੱਖਦੀਆਂ ਹਨ।
ਸੈਕੜੇ ਗੋਤ
ਸੋਧੋਗੁੱਜਰਾਂ ਦੇ ਸੈਕੜੇ ਗੋਤ ਹਨ ਇਹ ਗੋਤ 400 ਦੇ ਲਗਭਗ ਹਨ ਇਨਾ ਗੋਤਾਂ ਵਿੱਚ ਕੁੱਝ ਹਨ ਬਰਸ, ਭਰਯਾਰ ਇਹ ਗੱਲ ਵੀ ਸਵਿਕਾਰੀ ਜਾਂਦੀ ਹੈ ਕਿ ਹਿੰਦੂ ਖਤਾਨ ਜੋ ਮੂਲ ਰੂਪ ਵਿਚ ਗੁਜਰ ਹਨ,ਨਾਭੇ ਦੇ ਇਲਾਕੇ ਵਿੱਚ ਵਸਦੇ ਹਨ । ਇਸ ਪ੍ਰਕਾਰ ਬਹੁਤ ਸਾਰੇ ਪੰਜਾਬ ਦੇ ਮੁਸਲਮਾਨ ਗੁੱਜਰ ਭਾਰਤ -ਪਾਕਿ ਵੰਡ ਸਮੇ ਪਾਕਿਸਤਾਨ ਚਲੇ ਗਏ । ਹਿੰਦੂ ਗੁਜਰਾਂ ਦੇ ਕਈ ਪਿੰਡ ਬੀਤ (ਪੁਰਾਣਾ ਹੁਸ਼ਿਆਰਪੁਰ ਜਿਲਾ) ਅਤੇ ਚੰਗੇਰ (ਰੋਪੜ ਜਿਲ੍ਹਾ)ਵਿਚ ਵੇਖਣ ਨੂੰ ਮਿਲਦੇ ਹਨ । ਲੁਧਿਆਣੇ ਦੇ ਮਰਾਸੀ ਗੁਜਰਾਂ ਦੀਆਂ ਲੱਗਭਗ 84 ਗੋਤਾਂ ਹੋਣ ਕਾਰਨ ਉਹਨਾਂ ਨੂੰ ਚੌਰਾਸੀ ਗੋਤ ਦਾ ਦੀਵਾ ਵੀ ਕਹਿੰਦੇ ਹਨ ਇਸੇ ਪ੍ਰਕਾਰ ਗੁਜਰਾਂ ਵਿਚ ਕਸ਼ਾਨ , ਗੋਰਸੀ ਅਤੇ ਅੱਧ - ਘਰਾਣਾ ਬਰਗਤ ਆਦਿ ਘਰਾਣੇ ਵੀ ਮਿਲਦੇ ਹਨ । ਪਾਕਿਸਤਾਨ ਵਿਚਲੇ ਹਜ਼ਾਰਾ ਜ਼ਿਲ੍ਹੇ ਦੇ ਖੇਤਰ ਵਿੱਚ ਹਕਲ , ਕਰਾਰੀਆ ਅਤੇ ਸਰਯੂ ਨੂੰ ਮੂਲ ਰੂਪ ਵਿੱਚ ਰਾਜਪੂਤ ਸਵੀਕਾਰਿਆ ਜਾਂਦਾ ਹੈ।
ਕਿੱਤੇ
ਸੋਧੋਗੁੱਜਰ ਲੋਕ ਮਾਮੂਲੀ ਖੇਤੀ ਤੋਂ ਇਲਾਵਾ ਪਸ਼ੂ ਪਾਲਣ ਅਤੇ ਦੁੱਧ ਵੇਚਣ ਦਾ ਕੰਮ ਕਰਦੇ ਹਨ । ਉਹ ਗਾਵਾਂ , ਮੱਝਾਂ ਅਤੇ ਬਕਰੀਆਂ ਪਾਲਦੇ ਹਨ । ਜਦੋ ਇਨ੍ਹਾਂ ਦੇ ਇਲਾਕਿਆਂ ਵਿੱਚ ਬਾਰਿਸ਼ ਨਹੀਂ ਪੈਂਦੀ ਜ਼ਾ ਘਟ ਪੈਂਦੀ ਹੈ ਤਦ ਇਹ ਲੋਕ ਆਪਣੇ ਪਸ਼ੂ ਲੈ ਕੇ ਘਾਹ ਦੇ ਮੈਦਾਨ ਵੱਲ ਆ ਜਾਂਦੇ ਹਨ। ਉਥੇ ਇਹ ਅਸਥਾਈ ਝੌਂਪੜੀਆਂ ਜਾਂ ਤੰਬੂ ਲਗਾ ਲੈਂਦੇ ਹਨ। ਪਸ਼ੂ ਚੁਗਦੇ ਰਹਿੰਦੇ ਹਨ ਅਤੇ ਗੁੱਜਰ ਉਹਨਾਂ ਦੀ ਦੇਖਭਾਲ ਕਰਦੇ ਹਨ । ਦੋਵੇ ਸਮਿਆਂ ਦਕ ਦੁੱਧ ਚੋਇਆ ਜਾਂਦਾ ਹੈ ਅਤੇ ਨੇੜ ਦੇ ਕਸਬਿਆਂ ਤੇ ਸ਼ਹਿਰਾਂ ਨੂੰ ਵੇਚਣ ਲਈ ਭੇਜਿਆ ਜਾਂਦਾ ਹੈ । ਇਹ ਕਿੱਤਾ ਕਾਫ਼ੀ ਮਿਹਨਤ ਵਾਲਾ ਹੈ। ਇਸ ਲਈ ਗੁਜਰਾਂ ਨੂੰ ਰੋਟੀ ਰੁਜ਼ਗਾਰ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਸਿੱਟਾ
ਸੋਧੋਇਹਨਾਂ ਸਮੁੱਚੇ ਕਬੀਲਿਆਂ ਦੇ ਇਤਿਹਾਸਕ ਪਿਛੋਕੜ ਨੂੰ ਜਾਣਿਆ ਪਤਾ ਲਗਦਾ ਹੈ ਕਿ ਇਹ ਸਾਰੇ ਕਬੀਲੇ ਹੀ ਰਾਜਪੂਤ ਕਬੀਲਿਆਂ ਦਾ ਹਿੱਸਾ ਰਹੇ ਹਨ ਅਤੇ ਦੂਸਰੀ ਗੱਲ ਜੋ ਸਪਸ਼ਟ ਦਿਖਾਈ ਦੇੰਦੀ ਹੈ ਕਿ ਇਹਨਾਂ ਦਾ ਮੂਲ ਇਲਾਕਾ ਰਾਜਸਥਾਨ, ਮਾਰਵਾੜ ਅਤੇ ਇਸਦੇ ਆਸ-ਪਾਸ ਦਾ ਇਲਾਕਾ ਬਣਦਾ ਹੈ। ਇਹ ਸਾਰੇ ਹੀ ਕਬੀਲੇ ਮੁਗਲਾਂ ਦੁਆਰਾ ਹਮਲੇ ਅਤੇ ਰਾਜਸਥਾਨ ਦੀ ਧਰਤੀ ਦੀਆਂ ਭੂਗੋਲਿਕ ਸੀਮਾਵਾਂ ਕਾਰਨ ਇਸ ਮੂਲ ਧਰਤ ਨੂੰ ਛੱਡ ਕੇ ਪੰਜਾਬ ਅਤੇ ਇਸਦੇ ਆਸ-ਪਾਸ ਦੇ ਖੇਤਰਾਂ ਵਿੱਚ ਖਿੰਡਰੇ ਹੋਏ ਪ੍ਰਤੀਤ ਹੁੰਦੇ ਹਨ। ਪਿਛਲੇ ਤਕਰੀਬਨ ਚਾਲੀ ਸਾਲਾਂ ਵਿੱਚ ਇਹਨਾਂ ਦੇ ਜੀਵਨ ਵਿਹਾਰ ਵਿੱਚ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਦੇ ਹਨ। ਸ਼ਹਿਰੀਕਰਨ, ਮੰਡੀਕਰਨ, ਮਸ਼ੀਨੀਕਰਨ ਅਤੇ ਵਿਸ਼ਵੀਕਰਨ ਨੇ ਇਹਨਾਂ ਕਬੀਲਿਆਂ ਦੇ ਸੰਗਠਨ ਨੂੰ ਤੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਹਵਾਲੇ
ਸੋਧੋ1.ਪੰਜਾਬ ਦੇ ਕਬੀਲੇ:ਅਤੀਤ ਅਤੇ ਵਰਤਮਾਨ, ਡਾ. ਦਰਿਆ ਸਿੰਘ 2.ਲੋਕ ਸਭਿਆਚਾਰ, ਕਿਰਪਾਲ ਕਜ਼ਾਕ
- ↑ ਤਿਆਗੀ,, ਡਾ. ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨਵੀਂ ਦਿੱਲੀ: ਨੈਸ਼ਨਲ ਬੁੱਕ ਟਰਸਟ, ਇੰਡੀਆ. p. 48. ISBN 978-81-237-7098-7.
{{cite book}}
: CS1 maint: extra punctuation (link) - ↑ ਓਹੀ,. p. 52.
- ↑ ਤਿਆਗੀ, ਮੋਹਨ (ਡਾ.) (2014). ਪੰਜਾਬ ਦੇ ਖ਼ਾਨਾਬਦੋਸ਼ ਕਬੀਲੇ (ਸੱਭਿਆਚਾਰ ਅਤੇ ਲੋਕ ਜੀਵਨ). ਨਵੀਂ ਦਿੱਲੀ--110070: ਨੈਸ਼ਨਲ ਬੁਕ ਟਰੱਸਟ, ਇੰਡੀਆ. pp. 53–54. ISBN 978-81-237-7098-7.
{{cite book}}
: CS1 maint: location (link) - ↑ ਓਹੀ,. p. 59.
- ↑ ਓਹੀ,. p. 54.
- ↑ ਓਹੀ,. p. 55.
- ↑ ਕਜ਼ਾਕ, ਕਿਰਪਾਲ (1990). ਪੰਜਾਬ ਦੇ ਟੱਪਰੀਵਾਸ ਸ਼ਿਕਲੀਗਰ ਕਬੀਲੇ ਦਾ ਸੱਭਿਆਚਾਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 101.
- ↑ ਤਿਆਗੀ, ਡਾ.ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨੈਸ਼ਨਲ ਬੁਕ ਟਰੱਸਟ. p. 64. ISBN 978-81-237-7098-7.
- ↑ ਤਿਆਗੀ, ਡਾ.ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਇੰਡੀਆ: ਨੈਸ਼ਨਲ ਬੁਕ ਟਰੱਸਟ. p. 64. ISBN 978-81-237-7098-7.