ਪੰਜਾਬ ਦੇ ਲੋਕ ਜੀਵਨ ਵਿੱਚ ਕਾਰ-ਵਿਹਾਰ, ਪਿਤਾ-ਪੁਰਖੀ ਅਥਵਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਤੇ ਸਦੀਆਂ ਤੋਂ ਅੱਗੇ ਚਲਦੇ ਆਏ ਹਨ। ਲੋਕਯਾਨ ਜਾਂ ਲੋਕਧਾਰਾ ਦੇ ਖੇਤਰ ਵਿੱਚ ਅਜਿਹੇ ਕਾਰਜਾਂ ਨੂੰ ਲੋਕ ਧੰਦੇ ਜਾਂ ਲੋਕ ਕਿੱਤੇ ਕਿਹਾ ਜਾਂਦਾ ਹੈ। ਭਾਰਤ ਦੇ ਬਾਕੀ ਰਾਜਾਂ ਵਾਂਗ ਪੰਜਾਬ ਵੀ ਪਿੰਡਾਂ ਦਾ ਦੇਸ਼ ਹੈ, ਇਸ ਲਈ ਲੋਕ ਧੰਦਿਆਂ ਦਾ ਸੰਬੰਧ ਵੀ ਵਧੇਰੇ ਕਰਕੇ ਪਿੰਡਾਂ ਦੇ ਨਾਲ ਹੀ ਹੈ। ਪਿੰਡਾਂ ਵਿੱਚ ਰਹਿੰਦੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਅਥਵਾ ਕਿਸਾਨੀ ਤੇ ਨਿਰਭਰ ਕਰਦੇ ਹਨ। ਅਵਲ ਤਾਂ ਉਹ ਖੁਦ ਹੀ ਭੂਮੀ ਦੇ ਮਾਲਕ ਹਨ ਅਤੇ ਆਪਣੀ ਜ਼ਮੀਨ ਨੂੰ ਕਾਸ਼ਤ ਕਰਦੇ ਹਨ। ਕੁਝ ਲੋਕ ਅਜਿਹੇ ਜਿਮੀਂਦਾਰਾਂ ਜਾਂ ਜਾਗੀਰਦਾਰਾਂ ਪਾਸੋਂ ਠੇਕੇ ਜਾਂ ਹਿੱਸੇ ਉੱਪਰ ਜ਼ਮੀਨ ਲੈ ਕੇ ਖੇਤੀਬਾੜੀ ਦਾ ਧੰਦਾ ਕਰਦੇ ਹਨ। ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਅੱਜ ਵੀ ਜਾਰੀ ਹੈ। ਅਜਿਹੇ ਭੂਮੀ-ਹੀਨ ਕਿਸਾਨਾਂ ਨੂੰ ਮੁਜ਼ਾਰੇ ਕਿਹਾ ਜਾਂਦਾ ਹੈ।

ਪਿੰਡਾਂ ਵਿੱਚ ਰਹਿੰਦੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਤਾਂ ਜ਼ਮੀਨ ਦੇ ਮਾਲਕ ਹਨ ਅਤੇ ਨਾ ਹੀ ਖੇਤੀਬਾੜੀ ਦਾ ਧੰਦਾ ਕਰਦੇ ਹਨ, ਪਰੰਤੂ ਉਨ੍ਹਾਂ ਨੂੰ ਆਪਣੀ ਕੁੱਲੀ, ਗੁੱਲੀ ਤੇ ਜੁੱਲੀ ਲਈ ਕਿਸਾਨਾਂ ਉੱਪਰ ਨਿਰਭਰ ਕਰਨਾ ਪੈਂਦਾ ਹੈ। ਉਹ ਕਈ ਪ੍ਰਕਾਰ ਦੇ ਧੰਦਿਆਂ ਨਾਲ ਜੁੜੇ ਹੋਏ ਹਨ। ਅਜਿਹੇ ਧੰਦਿਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:-

(ੳ)ਸਧਾਰਨ ਧੰਦੇ:-

ਸੋਧੋ

ਸਾਧਾਰਨ ਵਰਗ ਵਿੱਚ ਅਜਿਹੇ ਕਿੱਤੇ ਸ਼ਾਮਲ ਹਨ ਜੋ ਉਪਯੋਗੀ ਤਾਂ ਹਨ, ਪਰ ਉਨ੍ਹਾਂ ਦੇ ਕੰਮਾਂ ਵਿੱਚ ਕੋਈ ਹੁਨਰੀ ਕਾਰੀਗਰੀ ਸ਼ਾਮਲ ਨਹੀਂ। ਧੋਬੀ ਦਾ ਕੰਮ ਕੱਪੜੇ ਧੋਣਾ ਅਤੇ ਝਿਉਰ ਦਾ ਕਿੱਤਾ ਘਰਾਂ ਵਿੱਚ ਪਾਣੀ ਦੇ ਘੜੇ ਭਰਕੇ ਪਹੁੰਚਾਉਣਾ ਰਿਹਾ ਹੈ। ਆਜੜੀ ਦਾ ਪੇਸ਼ਾ ਭੇਡਾਂ ਤੇ ਬੱਕਰੀਆਂ ਦੇ ਇੱਜੜ ਪਾਲਣਾ, ਭੇਡਾਂ ਦੀ ਉੱਨ ਵੇਚ ਕੇ ਅਤੇ ਬੱਕਰੀਆਂ ਦਾ ਦੁੱਧ ਜਾਂ ਉਨ੍ਹਾਂ ਦੇ ਬੱਚੇ ਵੇਚ ਕੇ ਗੁਜ਼ਾਰਾ ਕਰਨ ਰਿਹਾ ਹੈ। ਨਾਈ ਤੇ ਨਾਇਣ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਸਮੇਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਨਾਈ ਲਾਗੀ ਦਾ ਕੰਮ ਵੀ ਕਰਦਾ ਅਤੇ ਦੂਰ-ਦੂਰ ਤੱਕ ਖੁਸ਼ੀ ਅਤੇ ਗ਼ਮੀ ਦੇ ਸੰਦੇਸ਼ ਲੈ ਕੇ ਵੀ ਜਾਂਦਾ। ਨਾਇਣ ਘਰਾਂ ਵਿੱਚ ਜਾ ਕੇ ਨਵੀਆਂ ਬਹੂਆਂ ਅਤੇ ਕੁੜੀਆਂ ਦੀਆਂ ਗੁੱਤਾਂ ਤੇ ਮੀਢੀਆਂ ਕਰਦੀ। ਘਰਾਂ ਵਿੱਚ ਸੱਦਾ ਦੇਣ ਤੋਂ ਛੁਟ ਨਾਇਣ ਦਾ ਇੱਕ ਅਹਿਮ ਕੰਮ ਕਿਸੇ ਮ੍ਰਿਤ ਸਮੇਂ ਜਾਂ ਕਿਸੇ ਦੂਜੀ ਥਾਂ ਜਾਣ ਵਾਲੀ ਮਕਾਣ ਵਿੱਚ ਅਲਾਹਣੀਆਂ ਪਾ ਕੇ ਔਰਤਾਂ ਦੀ ਅਗਵਾਈ ਕਰਨਾ ਸੀ। ਨਾਈ ਸਮੇਂ-ਸਮੇਂ ਘਰਾਂ ਵਿੱਚ ਜਾ ਕੇ ਬੱਚਿਆਂ ਅਤੇ ਸਿਆਣਿਆਂ ਦੇ ਨਹੂੰ ਲਾਹੁੰਦਾ ਅਤੇ ਸਮਾਗਮ ਦੇ ਦਿਨਾਂ ਵਿੱਚ ਦਾਲਾਂ, ਸਬਜ਼ੀਆਂ ਅਤੇ ਖਾਣ ਪੀਣ ਲਈ ਚੀਜ਼ਾਂ ਤਿਆਰ ਕਰਦਾ। ਨਾਈ ਦਾ ਇੱਕ ਵਿਸ਼ੇਸ਼ ਕਾਰਜ ਕੁੜੀਆਂ ਅਤੇ ਮੁੰਡਿਆਂ ਲਈ ਯੋਗ ਵਰ ਲਭ ਕੇ ਰਿਸ਼ਤੇ ਪੱਕੇ ਕਰਾਉਣਾ ਵੀ ਰਿਹਾ ਹੈ। ਕਈ ਵਾਰ ਵਿਚੋਲੇ ਵੀ ਆਪਣੀ ਗੱਲ ਨਾਈਂ ਰਾਹੀਂ ਦੂਜੀ ਧਿਰ ਤੱਕ ਪਹੁੰਚਾਉਂਦੇ। ਮਹਿਰੀ ਆਪਣੇ ਝਿਊਰ ਪਤੀ ਨਾਲ ਖੂਹਾਂ ਤੋਂ ਪਾਣੀ ਭਰਕੇ ਵੱਖ-ਵੱਖ ਘਰਾਂ ਵਿੱਚ ਘੜੇ ਪਹੁੰਚਾਉਣਾ ਤੋਂ ਵਹਿਲੀ ਹੋ ਕੇ ਸ਼ਾਮ ਨੂੰ ਆਪਣੇ ਘਰ ਦੇ ਨੇੜੇ ਦੀ ਕੰਧ ਨਾਲ ਬਣੀ ਹੋਈ ਭੱਠੀ ਉੱਪਰ ਦਾਣੇ ਭੁੰਨਣ ਦਾ ਕੰਮ ਕਰਦੀ।[1]

ਭੱਠੀਆਂ (ਦਾਣੇ ਭੁੰਨਣਾ):-

ਸੋਧੋ

ਕੋਈ ਸਮਾਂ ਸੀ ਜਦ ਪਿੰਡਾਂ ਵਿੱਚ ਕਈ-ਕਈ ਭੱਠੀਆਂ ਹੁੰਦੀਆ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਦਾਣੇ ਭੁੰਨਾਉਣ ਵਾਲੇ ਮੁੰਡੇ, ਕੁੜੀਆਂ ਦਾ ਝੁਰਮੁਟ ਇੰਨ੍ਹਾਂ ਭੱਠੀਆਂ ਦੁਆਲੇ ਲੱਗਿਆ ਰਹਿੰਦਾ ਸੀ। ਝਿਊਰਾਂ ਦਾ ਮੁੱਖ ਕਿੱਤਾ ਦਾਣੇ ਭੁੰਨਣੇ ਸੀ। ਦਾਣੇ ਭੁੰਨਣੇ ਦਾਣੇ ਭੁੰਨਣ ਨਾਲ ਉਨ੍ਹਾਂ ਦੀ ਨਿੱਤ ਜਿਨਸ ਰੂਪ ਕਮਾਈ ਹੁੰਦੀ ਸੀ। ਜਿਸ ਦੇ ਦਾਣੇ ਭੁੰਨੇ ਜਾਂਦੇ ਸਨ, ਉਨ੍ਹਾਂ ਦੇ ਦਾਣਿਆਂ ਵਿੱਚੋਂ ਕੜਾਹੀ ਵਿੱਚ ਪਾਉਣ ਸਮੇਂ ਹੱਥ ਅੱਗੇ ਕਰਕੇ ਦਾਣੇ ਭੁੰਨਣ ਵਾਲੀ ਕੁਝ ਦਾਣੇ ਕੱਢਦੀ ਹੁੰਦੀ ਸੀ, ਇਸ ਨੂੰ ਚੁੰਗ ਕੱਢਣੀ ਕਹਿੰਦੇ ਸਨ। ਦਾਣੇ ਭੁੰਨਣ ਸਮੇਂ ਕੜਾਈ ਵਿੱਚ ਦਾਤੀ ਫੇਰਨ ਵੇਲੇ ਜਿਨ੍ਹੇ ਦਾਣੇ ਕੜਾਹੀ ਤੋਂ ਬਾਹਰ ਡਿੱਗਦੇ ਸਨ, ਉਹ ਵੀ ਭੱਠੀ ਵਾਲੀ ਦੇ ਹੁੰਦੇ ਸਨ, ਕਈ ਵੇਰ ਰੋਟੀ ਦਾ ਮਸਲਾ ਵੀ ਦਾਣੇ ਚੱਬ ਕੇ ਹੱਲ ਕਰਨ ਲਈ ਕਿਹਾ ਜਾਂਦਾ ਸੀ

ਦਾਣੇ ਚੱਬ ਲੈ ਪਤੀਲੇ ਦਿਆਂ ਢੱਕਣਾ,

ਰੋਟੀ ਮੰਗ ਯਾਰ ਖਾ ਗਿਆ।

ਭੱਠੀ ਇੱਕ ਅਹਿਮ ਕਿੱਤਾ ਰਿਹਾ ਹੈ ਅਤੇ ਕਈ ਪਿੰਡਾਂਵਿਚ ਅੱਜ ਵੀ ਭੱਠੀਆਂ ਉੱਪਰ ਦਾਣੇ ਭੁੰਨਣ ਦੀ ਪ੍ਰਥਾ ਜਾਰੀ ਹੈ।

ਕੋਹਲੂ (ਤੇਲ ਕੱਢਣਾ)

ਸੋਧੋ

ਕੋਹਲੂ ਪਹਿਲੇ ਸਮਿਆਂ ਦੀ ਲੱਕੜ ਦੀ ਮਸ਼ੀਨਰੀ ਸੀ, ਜਿਸ ਰਾਹੀਂ ਸਰ੍ਹੋਂ ਅਤੇ ਹੋਰ ਤੇਲ ਕੱਢਿਆ ਜਾਂਦਾ ਸੀ। ਤੇਲੀ ਕੋਹਲੂ ਉਪਰ ਬਲਦ ਜਾਂ ਊਠ ਰਾਹੀਂ ਸਰਸੋਂ, ਤੋਰੀਆਂ, ਤਿਲਾਂ ਅਤੇ ਤਾਰੇਮੀਰੇ ਦੇ ਬੀਜਾਂ ਤੋਂ ਤੇਲ ਕੱਢਦਾ ਸੀ। ਤੇਲੀ ਇਸ ਕੋਹਲੂ ਦੀ ਵਰਤੋਂ ਨਾਲ ਸਾਰੇ ਪਿੰਡ ਦੀ ਤੇਲ ਦੀ ਜਰੂਰਤ ਨੂੰ ਪੂਰਾ ਕਰਦਾ ਸੀ।

ਬਾਜ਼ੀ ਪਾਉਣੀ

ਸੋਧੋ

ਕਾਲਬਾਜ਼ੀ ਲਾਉਣ, ਕਾਲਬਾਜੀ ਖਾਣ ਨੂੰ ਬਾਜ਼ੀ ਪਾਉਣੀ ਕਹਿੰਦੇ ਹਨ। ਪਹਿਲੇ ਸਮਿਆਂ ਵਿੱਚ ਹਰ ਕਿੱਤੇ ਨਾਲ ਸਬੰਧਤ ਲੋਕ ਪਿੰਡਾਂ ਵਿੱਚ ਰਹਿੰਦੇ ਸਨ। ਆਪਣੇ ਕਿੱਤੇ ਕਰਦੇ ਸਰਨ। ਏਸੇ ਕਰਕੇ ਹੀ ਉਨ੍ਹਾਂ ਸਮਿਆਂ ਵਿੱਚ ਪਿੰਡ ਸਵੈ-ਨਿਰਭਰ ਹੁੰਦੇ ਸਨ। ਬਾਜ਼ੀ ਬਾਜੀਗਰ ਜਾਤੀ ਵਾਲੇ ਪਾਉਂਦੇ ਸਨ। ਬਾਜ਼ੀਗਰਾਂ ਨੇ ਆਪਸ ਵਿੱਚ ਪਿੰਡ ਵੰਡੇ ਹੁੰਦੇ ਹਨ। ਆਮ ਤੌਰ ਤੇ ਬਾਜ਼ੀ 12 ਸਾਲ ਬਾਅਦ ਪਾਈ ਜਾਂਦੀ ਸੀ। ਬਾਜ਼ੀਗਰ ਲੋਕ ਬਾਜ਼ੀ ਪਾਉਣ ਦਾ ਕਿੱਤਾ ਕਰਦੇ ਸਨ ਅਤੇ ਆਪਣਾ ਗੁਜਾਰਾ ਕਰਦੇ ਸਨ।[2]

ਦਾਈ ਦੇ ਵਿਹਾਰ ਤੋਂ ਕੌਣ ਜਾਣੂ ਨਹੀਂ। ਕਈ ਘਰਾਂ ਵਿੱਚ ਤਾਂ ਪਿੰਡ ਦੀ ਬਜ਼ੁਰਗ ਦਾਈ ਤਿੰਨ ਪੀੜ੍ਹੀਆਂ ਦੀ ਜਨਮ-ਦਾਈ ਬਣ ਜਾਂਦੀ। ਪਿੰਡ ਦੇ ਪਾਪੇ ਦੀ ਸੁਣੋ। ਹਰ ਆਉਣ ਵਾਲੇ ਦਿਨ-ਦਿਹਾਰ ਵਿਸ਼ੇਸ਼ ਕਰਕੇ ਸੰਗਰਾਦ (ਮਹੀਨਾ), ਮੱਸਿਆ, ਪੁੰਨਿਆਂ ਆਦਿ ਤੋਂ ਕੁਝ ਦਿਨ ਪਹਿਲਾਂ ਹੀ ਪੁੱਜ ਜਾਂਦਾ। ਨਾਲ ਹੀ ਉਹ ਟੇਵੇ ਲਾਉਣ ਤੇ ਜੋਤਸ਼ੀ-ਜਾਲ ਵਿੱਚ ਫਸਾ ਕੇ ਕਹਿ ਦੇਂਦਾ ਕਿ “ਜ਼ਮੀਨ ਸੁੱਤੀ ਪਈ ਹੈ, ਫਿਲਹਾਲ ਇਸ ਉੱਪਰ ਹਲ ਨਾ ਚਲਾਇਆ ਜਾਵੇ”। ਵਿਚਾਰੇ ਕਿਸਾਨ ਦਾ ਵੱਤਰ ਸੁੱਕ ਜਾਂਦਾ ਅਤੇ ਸਮੇਂ ਸਿਰ ਬਿਜਾਈ ਕਰਨ ਤੋਂ ਪਛਾੜ ਜਾਂਦਾ। ਪਾਂਧਿਆ ਨੇ ਖੁਸਰਿਆਂ ਵਾਂਗ ਪਿੰਡ ਵੰਡੇ ਹੋਹੇ ਸਨ। ਸਾਡੇ ਪਿੰਡ ਦਾ ਪਾਧਾਂ ਸੂਰਜ-ਗ੍ਰਹਿਣ ਤੋਂ ਅਗਲੇ-ਦਿਨ ਦਾਨ ਲੈਣ ਲਈ ਜਰੂਰ ਹਾਜ਼ਰ ਹੋ ਜਾਂਦਾ। ਭਾਵੇਂ ਬਹੁਤੇ ਘਰਾਂ ਵਿੱਚ ਸੁਆਣੀਆਂ ਕਪੜੇ ਸੂਈ ਧਾਗੇ ਨਾਲ ਖੁਦ ਹੀ ਸੀਉਂ ਲੈਦੀਆਂ ਸਨ, ਫਿਰ ਵੀ ਬਹੁਤ ਪਿੰਡਾਂ ਵਿੱਚ ਮਰਦਾਂ ਦੇ ਕਪੜੇ ਸੀਣ ਲਈ ਦਰਜ਼ੀ ਅਤੇ ਕੁੜੀਆਂ। ਔਰਤਾਂ ਦੇ ਕਪੜਿਆਂ ਦੀ ਸਲਾਈ ਦਰਜ਼ਨ ਕਰਦੀ। ਆਮ ਤੌਰ ਤੇ ਦਰਜ਼ੀ ਦੀ ਲੋੜ ਸ਼ਾਦੀ। ਵਿਆਹ ਵੇਲੇ ਹੀ ਮਹਿਸੂਸ ਕੀਤੀ ਜਾਂਦੀ ਸੀ। ਪਿੰਡਾਂ ਦੇ ਬਾਣੀਏ ਦਾ ਕਿੱਤਾ ਆਪਣੀ ਪ੍ਰਕਾਰ ਦਾ ਹੈ। ਉਹ ਸਾਰੇ ਪਿੰਡ ਦਾ ਸ਼ਾਹ ਕਰਕੇ ਜਾਣਿਆ ਜਾਂਦਾ। ਭਾਵੇਂ ਉਹ ਕਿਸੇ ਵੀ ਗਾਹਕ ਨਾਲ ਘੱਟ ਨਾ ਗੁਜ਼ਾਰਦਾ, ਪਰ ਉਹ ਚੁੰਝ ਚਰਚਾ ਦਾ ਪਾਤਰ ਜਰੂਰ ਬਣਿਆ; ਰਹਿੰਦਾ। ਹਰ ਹਟਵਾਣੀਏ ਬਾਰੇ ਇਹ ਲੋਕੋਕਤੀ ਜੋੜ ਲਈ ਜਾਂਦੀ ਕਿ ਉਹ ਭੋਲੇ ਗਾਹਕਾਂ ਨੂੰ ਧੇਲੀ (ਅਠਿਆਨੀ) ਉਧਾਰ ਦੇ ਕੇ ਹਵੇਲੀ ਲਿਖ ਲੈਂਦਾ ਹੈ। ਨਕਲੀਏ, ਭੰਡ ਜਾਂ ਮਰਾਸੀ ਪਿੰਡਾਂ ਦੀਆਂ ਸੱਥਾਂ ਵਿੱਚ ਆਪਣੀ-ਆਪਣੀ ਅਦਾਕਾਰੀ ਤੇ ਮਿੱਠਾ ਰਾਹੀਂ ਹਰ ਵਰਗ ਦੇ ਲੋਕਾਂ ਦਾ ਦਿਲ ਪਰਚਾਵਾ ਕਰਦੇ। ਭੰਡਾਂ ਵਾਂਗ ਖੁਸਰੇ ਵੀ ਕਿਸੇ ਇੱਕ ਪਿੰਡ ਜਾਂ ਪੰਜਾਬ ਦੇ ਕਿਸੇ ਨਿਸ਼ਚਿਤ ਸਥਾਨ ਤਕ ਸੀਮਿਤ ਨਹੀਂ ਸਨ। ਉਨ੍ਹਾਂ ਨੇ ਅੱਜ ਵੀ ਆਪਣੀ ਰਿਵਾਇਤ ਨੂੰ ਕਾਇਮ ਰੱਖਿਆ ਹੋਇਆ ਹੈ। ਚੂੜੀਆਂ ਚੜ੍ਹਾਉਣ ਲਈ ਦਰ ਦਰ ਹੋਕਾ ਦੇਣ ਵਾਲੇ ਵਣਜਾਰੇ ਦਾ ਧੰਦਾ ਵੀ ਵਰਣਨਯੋਗ ਹੈ।

(ਅ) ਵਿਸ਼ੇਸ਼ ਜਾਂ ਸ਼ਿਲਪੀ ਧੰਦੇ

ਸੋਧੋ

ਦੂਸਰੀ ਸ਼੍ਰੇਣੀ ਵਿੱਚ ਉਹ ਵਿਸ਼ੇਸ਼ ਧੰਦੇ ਸ਼ਾਮਲ ਹਨ ਜੋ ਵਸਤਾਂ ਦੇ ਉਤਪਾਦਨ ਜਾਂ ਨਿਰਮਾਣ ਨਾਲ ਜੁੜੇ ਹੋਏ ਹਨ ਇਨ੍ਹਾਂ ਨੂੰ ਸ਼ਿਲਪ ਅਥਵਾ ਹੱਥ-ਕਿਰਤ ਨਾਲ ਸੰਬੰਧਿਤ ਕਾਰੀਗਰਾਂ ਦੇ ਧੰਦੇ ਕਿਹਾ ਜਾ ਸਕਦਾ ਹੈ। ਇਨ੍ਹਾਂ ਵਿੱਚ ਤਰਖਾਣ, ਲੁਹਾਰ, ਘੁਮਿਆਰ, ਸੁਨਿਆਰ, ਠਠਿਆਰ, ਮੋਚੀ ਅਤੇ ਜੁਲਾਹੇ, ਆਦਿ ਦੇ ਕੰਮ ਸ਼ਾਮਲ ਹਨ। ਇਨ੍ਹਾਂ ਧੰਦਿਆਂ ਨਾਲ ਵਿਸ਼ੇਸ਼ ਪ੍ਰਕਾਰ ਦੀ ਸਿਆਣਪ, ਕੁਸ਼ਲਤਾ ਅਥਵਾ ਕਾਰੀਗਰੀ ਜੁੜੀ ਹੋਈ ਹੈ। ਤਰਖਾਣ ਲੱਕੜੀ ਦਾ ਧੰਦਾ ਕਰਦਾ ਹੈ। ਉਹ ਮੰਜੇ, ਪੀੜ੍ਹੀਆਂ ਅਤੇ ਨਿਤ ਵਰਤੋਂ ਦੀਆਂ ਹੋਰ ਚੀਜ਼ਾਂ ਦੀ ਮੁਰੰਮਤ ਕਰਨ ਦੇ ਨਾਲ ਖੇਤੀਬਾੜੀ ਸੰਬੰਧੀ ਲੋੜਾਂ ਪੂਰੀਆਂ ਕਰ ਰਿਹਾ ਹੈ, ਜਿਵੇਂ ਰੰਬੇ, ਦਾਤੀਆਂ, ਆਦਿ ਤਿਆਰ ਕਰਦਾ। ਘੁਮਿਆਰ ਦਾ ਕੰਮ ਮਿੱਟੀ ਦੇ ਭਾਂਡਿਆਂ ਦਾ ਧੰਦਾ ਕਰਨਾ, ਮੋਚੀ ਜਾਂ ਚੁਮਾਰ ਚਮੜੇ ਤੋਂ ਜੁੱਤੀਆਂ ਤਿਆਰ ਕਰਦਾ, ਠਠਿਆਰ ਪਿੱਤਲ, ਕਹਿੰ ਅਤੇ ਤਾਂਬੇ ਆਦਿ ਤੋਂ ਨਿੱਤ ਵਰਤੋਂ ਦੇ ਭਾਂਡੇ ਬਣਾਉਂਦਾ। ਜੁਲਾਹਾ ਰੂੰ ਪਿੰਜਦਾ, ਕੱਤੇ ਹੋਏ ਸੂਤ ਤੋਂ ਕੱਪੜਾ ਤਿਆਰ ਕਰਕੇ ਵੇਚਣਾ ਰਿਹਾ ਹੈ। ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਸਾਰੇ ਕਿੱਤਿਆਂ ਦਾ ਸੰਬੰਧ ਪਦਾਰਥਕ ਵਸਤੂਆਂ ਤੋਂ ਲੋੜੀਂਦੀਆਂ ਚੀਜ਼ਾਂ ਤਿਆਰ ਕਰਨ ਦੇ ਧੰਦਿਆਂ ਰਾਹੀਂ ਰੋਟੀ, ਕਪੜਾ ਅਤੇ ਮਕਾਨ ਆਦਿ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਰਿਹਾ ਹੈ। ਮੂਲ ਰੂਪ ਵਿੱਚ ਇਹ ਹੀ ਲੋਕ ਧੰਦੇ ਹਨ,। ਜਿਨ੍ਹਾਂ ਸੰਬੰਧੀ ਸੰਖੇਪ ਰੂਪ ਵਿੱਚ ਚਰਚਾ ਅੱਗੇ ਕੀਤੀ ਜਾਵੇਗੀ।

ਖੇਤੀ-ਬਾੜੀ

ਸੋਧੋ

ਕਿਸਾਨੀ ਜਾਂ ਵਾਹੀ ਦੇ ਰਿਵਾਇਤੀ ਢੰਗ ਵਲ ਗਹੁ ਕਰੀਏ ਤਾਂ ਖੇਤੀਬਾੜੀ ਨੂੰ ਵੀ ਲੋਕ ਕਿੱਤਿਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਸ਼ੂਆਂ ਦੀ ਦੇਖ-ਭਾਲ, ਹਲ ਚਲਾਉਣਾ, ਸੁਹਾਗੇ ਨਾਲ ਜ਼ਮੀਨ ਨੂੰ ਇਕਸਾਰ ਕਰਨਾ, ਕਰਾਹੇ ਨਾਲ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਿਆ ਕਰਨਾ, ਫਸਲਾਂ ਦੀ ਬਿਜਾਈ, ਕਟਾਈ ਤੇ ਸੰਭਾਲ, ਕਣਕ ਦੀ ਕਾਸ਼ਤ, ਵਾਢੀ ਗੋਹਾਈ ਅਤੇ ਕਣਕ ਦਾ ਬੋਹਲ ਤਿਆਰ ਕਰਕੇ ਘਰ ਲਿਆਉਣਾ, ਤੂੜੀ ਦੇ ਕੁੱਪ ਜਾਂ ਮੁਸਲ ਤਿਆਰ ਕਰਨੇ ਅਤੇ ਮੱਕੀ ਦੇ ਮੁਹਾੜੇ ਲਾਉਣੇ। ਇਸੇ ਪ੍ਰਕਾਰ ਕਿਸਾਨ ਕਮਾਦ ਦੀ ਬਿਜਾਈ ਤੋਂ ਲੈ ਕੇ ਗੁੜ ਤੇ ਸ਼ੱਕਰ ਬਣਾਉਣ ਦੀ ਪ੍ਰਕਿਰਿਆ ਤਕ ਕਈ ਸਟੇਜਾਂ ਵਿਚੋਂ ਗੁਜ਼ਰਦਾ ਹੈ। ਖੇਤੀਬਾੜੀ ਦੇ ਧੰਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਔਰਤਾਂ ਦੀ ਵੀ ਪੰਜਾਬ ਦੇ ਲੋਕ ਜੀਵਨ ਵਿੱਚ ਵਿਸ਼ੇਸ਼ ਥਾਂ ਹੈ। ਸੁਆਣੀਆਂ ਦਾ ਤੜਕੇ ਉੱਠਣਾ, ਹੱਥ ਦੀ ਚੱਕੀ ਰਾਹੀਂ ਆਟਾ ਪੀਹਣਾ, ਦੁੱਧ ਰਿੜਕਣਾ, ਮੱਝਾਂ ਗਾਈਆਂ ਚੋਣੀਆਂ, ਭੱਤਾ ਤਿਆਰ ਕਰਕੇ ਖੇਤਾਂ ਵਿੱਚ ਲੈ ਕੇ ਜਾਣਾ, ਕਪਾਹ ਚੁਗਣੀ, ਮਿਰਚਾਂ ਤੋੜਨੀਆਂ, ਕਪਾਹ ਵਲੇ ਕੇ ਰੂੰ ਕੱਢਣਾ, ਪੇਂਜੇ ਪਾਸੋਂ ਪਿੰਜਾ ਕੇ ਕਰਨ ਲਈ ਜੁਲਾਹੇ ਦੇ ਹਵਾਲੇ ਕਰਨਾ ਜਦ ਘਰ ਦੇ ਬਾਕੀ ਕੰਮ ਤੋਂ ਕੁਝ ਵਿਹਲ ਮਿਲਦੀ ਤਾਂ ਤ੍ਰਿੰਝਣ ਜਾਂ ਭੰਡਾਰ ਲਾ ਕੇ ਸੂਤ ਕੱਤਣ ਅਤੇ ਫੁਲਕਾਰੀਆਂ ਦੀ ਕਢਾਈ ਕਰਨਾ ਵੀ ਉਨ੍ਹਾਂ ਦੇ ਧੰਦਿਆਂ ਵਿੱਚ ਸ਼ਾਮਲ ਸੀ। ਅਸਲ ਵਿੱਚ ਪੰਜਾਬ ਦੇ ਦਿਹਾਤੀ ਜੀਵਨ ਵਿੱਚ ਲੋਕ ਧੰਦਿਆਂ ਦਾ ਖੇਤਰ ਕਾਫ਼ੀ ਵਿਸ਼ਾਲ ਤੇ ਮਹੱਤਵਪੂਰਨ ਹੈ। ਜਿਵੇਂ ਇੱਕ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ, ਇੱਥੇ ਕੇਵਲ ਉਨ੍ਹਾਂ ਧੰਦਿਆਂ ਦੇ ਕੁਝ ਪੱਖਾਂ ਬਾਰੇ ਸੰਖੇਪ ਰੂਪ ਵਿੱਚ ਚਰਚਾ ਕੀਤੀ ਜਾਏਗੀ, ਜਿਹੜੇ ਕਿੱਤਾਕਾਰ ਖੇਤੀ ਤਾਂ ਨਹੀਂ ਕਰਦੇ, ਪਰੰਤੂ ਆਪਣੀਆਂ ਨਿਤਾ-ਪ੍ਰਤਿ ਲੋੜਾਂ ਲਈ ਕਿਸਾਨਾਂ ਜਾਂ ਵਾਹੀਕਾਰਾਂ ਉਪਰ ਨਿਰਭਰ ਕਰਦੇ ਰਹੇ ਹਨ। ਜਿਹੜੀਆਂ ਚੀਜ਼ਾਂ ਕਿਸਾਨ ਪੈਦਾ ਕਰਦਾ, ਉਨ੍ਹਾਂ ਵਿੱਚੋਂ ਹੀ ਬਣਦੀ ਮਜ਼ਦੂਰੀ ਵਜੋਂ ਕਣਕ, ਮੱਕੀ, ਬਾਜਰਾ, ਛੋਲੇ, ਦਾਲਾਂ ਆਦਿ ਜਿਨਸਾਂ ਦੀ ਸ਼ਕਲ ਵਿੱਚ ਦਿੱਤੇ ਜਾਂਦੇ। ਇੱਥੋਂ ਤਕ ਕਿ ਚੋਣੀਆਂ ਜਾਂ ਪਿੰਡ ਦੀਆਂ ਕੰਮੀ ਔਰਤਾਂ ਕਪਾਹ ਚੁਗ ਕੇ ਜਾਂ ਮਿਰਚਾਂ ਤੋੜ ਕੇ ਆਪਣੀ ਮਿਹਨਤ ਦੇ ਹਿੱਸੇ ਵਜੋਂ ਜਿਨਸ ਦੀ ਸ਼ਕਲ ਵਿੱਚ ਲੈ ਕੇ ਹਟਵਾਣੀਏ ਪਾਸੋਂ ਬਦਲੇ ਵਿੱਚ ਘਰ ਦੀ ਲੋੜ ਪੂਰਤੀ ਲਈ ਜ਼ਰੂਰੀ ਵਸਤਾਂ ਖਰੀਦ ਲੈਂਦੀਆਂ। ਉਦਾਹਰਣ ਵਜੋਂ ਕਿਸਾਨ ਆਪਣੇ ਖੇਤਾਂ ਵਿੱਚ ਕਪਾਹ ਬੀਜਦਾ, ਘਰ ਦੀ ਸੁਆਣੀ ਵੇਲਣ ਰਾਹੀਂ ਰੂੰ ਕੱਚਣੀ, ਰੂੰ ਨੂੰ ਪੇਜਾਂ ਜਾਂ ਜੁਲਾਹਾ ਪਿੰਡ ਦੇਂਦਾ, ਪਿੰਜੇ ਰੂੰ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ, ਪੂਣੀਆਂ ਤੋਂ ਚਰਖੇ ਉਪਰ ਸੂਤ ਨੂੰ ਅਟਰ ਕੇ ਜੁਲਾਹੇ ਪਾਸ ਭੇਜਿਆ ਜਾਂਦਾ।

ਰੂੰ ਪਿੰਜਣੀ/ਤਾੜਾ (ਜੁਲਾਹਾ)

ਸੋਧੋ

ਰੂੰ ਤਾੜੇ ਨਾਲ ਪਿੰਜੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਔਰਤਾਂ ਕਪਾਹ ਦੀਟਾਂ ਫੁੱਟਾਂ ਨੂੰ ਸੁਕਾਂ ਕੇ ਸਾਫ਼ ਕਰਕੇ ਬਾਅਦ ਵਿੱਚ ਉਨ੍ਹਾਂ ਨੂੰ ਰੂੰ ਵੇਲਣੇ ਨਾਲ ਵੇਲ ਕੇ ਰੂੰ ਬਣਾਉਂਦੀਆਂ ਸਨ। ਏਸ ਬਣੀ ਰੂੰ ਨੂੰ ਤੜੇ ਨਾਲ ਪਿੰਜ ਕੇ ਰਜਾਈਆਂ, ਗ ਦੈਲੇ, ਸਰਹਾਨੇ ਭਰਾਏ ਜਾਂਦੇ ਸਨ। ਪਿੰਜੀ ਰੂੰ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ ਸਨ। ਪੂਣੀਆਂ ਕੱਤ ਕੇ ਧਾਗਾ ਬਣਾਇਆ ਜਾਂਦਾ ਸੀ। ਮਨੁੱਖ ਜਾਤੀ ਦੀ ਵਰਤਣ ਵਾਲੀ ਹਰ ਵਸਤ ਧਾਗੇ, ਸੂਤ ਤੋਂ ਤਿਆਰ ਹੁੰਦੀ ਸੀ। ਤਾੜੇ ਦਾ ਕੰਮ ਜੁਲਾਹੇ, ਭਰਾਈ ਅਤੇ ਤੇਲੀ ਕਰਦੇ ਸਨ। ਇਸ ਪ੍ਰਕਾਰ ਪਿੰਡਾਂ ਵਿੱਚ ਰੂੰ ਪਿੰਜਣ ਦਾ ਧੰਦਾ ਵੀ ਪ੍ਰਚਲਿਤ ਸੀ। ਹੁਣ ਪਿੰਡਾਂ ਸ਼ਹਿਰਾਂ ਵਿੱਚ ਤਾੜੇ ਚਲਾਉਣ ਵਾਲੇ ਤੇਲੀ, ਜੁਲਾਹੇ ਭਰਾਈ ਹੀ ਨਹੀਂ ਰਹੇ। ਹੁਣ ਕਪਾਹ ਦੀ ਵਿਲਈ ਤੇ ਪਿੰਜਾਈ ਮਸ਼ੀਨਾਂ ਨਾਲ ਹੁੰਦੀ ਹੈ। ਤਾੜਾ ਹੁਣ ਪੰਜਾਬ ਵਿਚੋਂ ਤੁਹਾਨੂੰ ਤਾਲਿਆਂ ਨਹੀਂ ਮਿਲੇਗਾ। ਸਾਡਾ ਇਹ ਹੱਥ ਉਦਯੋਗ ਅਲੋਪ ਹੋ ਗਿਆ ਹੈ। ਤੇਲੀ, ਜੁਲਾਹੇ ਭਰਾਈਆਂ ਦਾ ਕੰਮ ਵੀ ਘੱਟ ਗਿਆ ਹੈ।

ਘੁਮਿਆਰ

ਸੋਧੋ

ਘੁਮਿਆਰ ਦਾ ਕੰਮ ਬਹੁਤ ਪੁਰਾਤਨ ਸਮੇਂ ਤੋਂ ਚਲਦਾ ਆ ਰਿਹਾ ਹੈ ਘੁਮਿਆਰ ਦੇ ਧੰਦੇ ਨੂੰ ਹੀ ਵੇਖੀਏ। ਜਿਸ ਮਿੱਟੀ ਤੋਂ ਉਹ ਭਾਂਡੇ ਤਿਆਰ ਕਰਦਾ ਹੈ, ਉਹ ਸਾਧਾਰਣ ਮਿੱਟੀ ਨਹੀਂ ਹੁੰਦੀ। ਆਪਣੇ ਕਾਰਜ ਲਈ ਵਿਸ਼ੇਸ਼ ਪ੍ਰਕਾਰ ਦੀ ਮਿੱਟੀ ਦੀ ਚੋਣ ਕਰਦਾ ਹੈ। ਉਸ ਮਿੱਟੀ ਨੂੰ ਗੁੰਨ੍ਹਦਾ ਹੈ। ਜਿਸ ਪ੍ਰਕਾਰ ਦੇ ਭਾਂਡੇ ਦੀ ਉਸ ਨੇ ਸਿਰਜਣਾ ਕਰਨੀ ਹੈ। ਉਸ ਦਾ ਰੂਪ ਦੇ ਕੇ ਚੱਕ ਤੇ ਚੜ੍ਹਾਉਂਦਾ ਹੈ। ਜਦ ਬਰਤਨ ਤਿਆਰ ਹੋ ਜਾਏ, ਉਸ ਨੂੰ ਪਕਾਉਂਦਾ ਹੈ ਉਪਰੰਤ ਭੱਠੀ ਰਾਹੀਂ ਉਸ ਨੂੰ ਪਕਾਉਣਾ ਹੈ। ਇਸ ਤਰ੍ਹਾਂ ਮਿੱਟੀ ਤੋਂ ਤਿਆਰ ਕੀਤੇ ਗਏ ਘੜਿਆਂ, ਚਾਟੀਆਂ, ਮਿੱਟੀਆਂ, ਝੱਜਰਾਂ ਸੁਹਾਰੀਆਂ, ਕੁੱਜੇ, ਕਾੜ੍ਹਨੀਆਂ ਅਤੇ ਦੀਵਾਲੀ ਤੇ ਹੋਰ ਧਾਰਮਿਕ ਤਿਉਹਾਰਾਂ ਸਮੇਂ ਜਗਾਏ ਜਾਣ ਵਾਲੇ ਦੀਵੇ ਬਣਾ ਕੇ ਲੋਕਾਂ ਤੱਕ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਘੁਮਿਆਰ ਮੂਰਤੀਆਂ ਵੀ ਬਣਾਉਂਦੇ ਹਨ ਅਤੇ ਕਈ ਭਾਤ ਦੇ ਖਿਡੌਣੇ ਵੀ ਤਿਆਰ ਕਰਦੇ ਹਨ।

ਤਰਖਾਣ

ਸੋਧੋ

ਤਰਖਾਣ ਦਾ ਧੰਦਾ ਲਕੜੀ ਦੇ ਕੰਮ ਨਾਲ ਸੰਬੰਧਤ ਹੈ। ਉਹ ਇੱਕ ਪਾਸੇ ਹਲ, ਪੰਜਾਲੀ, ਸੁਹਾਗਾ, ਧਾਂਘਾ, ਗੱਡਾ ਆਦਿ ਖੇਤੀਬਾੜੀ ਜੁੜੇ ਹੋਏ ਸੰਦ ਤਿਆਰ ਕਰਦਾ ਰਿਹਾ ਹੈ। ਘਰਾਂ ਵਿੱਚ ਮੰਜੇ, ਪੀੜ੍ਹੀਆਂ, ਚਰਖੇ, ਰੂੰ ਵੇਲਣ ਵਾਲੇ ਵੇਲਣੇ ਬਣਾਉਣੇ ਤੇ ਉਨ੍ਹਾਂ ਦੀ ਮੁਰੰਮਤ ਕਰਨ ਦਾ ਧੰਦਾ ਵੀ ਉਸ ਦੀ ਜ਼ਿੰਮੇਵਾਰੀ ਰਹੀ ਹੈ। ਲੜਕੀ ਦੇ ਵਿਆਹ ਦੇ ਮੌਦੇ ਵਿਸ਼ੇਸ਼ ਤੌਰ ਤੇ ਪਲੰਘ, ਪੀੜ੍ਹੀ, ਸ਼ਿੰਗਾਰ-ਪਟਾਰੀਆਂ, ਰੰਗੀਨ ਚਰਖੇ ਅਤੇ ਕੋਕਿਆਂ ਨਾਲ ਸ਼ਿੰਗਾਰ ਕੇ ਬਣਾਏ ਸੰਦੂਕ ਵੀ ਤਿਆਰ  ਕੀਤੇ ਜਾਂਦੇ। ਇਹ ਪ੍ਰਥਾ ਭਾਰਤ ਦੀ ਆਜ਼ਾਦੀ ਤਕ ਜਾਰੀ ਰਹੀ ਹੈ। ਪਰੰਤੂ ਪਿਛਲੀ ਅੱਧੀ ਸਦੀ ਅੰਦਰ ਜੀਵਨ ਦੇ ਹਰ ਖੇਤਰ ਵਿੱਚ ਆਈ ਤਬਦੀਲੀ ਨਾਲ ਲਕੜੀ ਦਾ ਧੰਦਾ ਵੀ ਇੱਕ ਬਹੁਤ ਵੱਡੇ ਉਦਯੋਗ ਵਿੱਚ ਵੱਟ ਗਿਆ ਹੈ ਅਤੇ ਅਜੋਕੇ ਪੰਜਾਬ ਵਿੱਚ ਕਰਤਾਰਪੁਰ (ਜਲੰਧਰ) ਅਤੇ ਹੁਸ਼ਿਆਰਪੁਰ ਲਕੜੀ ਦੇ ਸਾਜ਼ੋ ਸਮਾਨ ਲਈ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ।

ਲੁਹਾਰ

ਸੋਧੋ

ਤਰਖਾਣ ਦੇ ਧੰਦੇ ਵਾਂਗ ਲੋਹੇ ਦਾ ਕਿੱਤਾ ਵੀ ਕਿਰਸਾਨੀ ਨਾਲ ਪੂਰੀ ਤਰ੍ਹਾਂ ਜੁੜਿਆ ਰਿਹਾ ਹੈ। ਜੇ ਤਰਖਾਣ ਲਕੜੀ ਤੋਂ ਹਲ ਤਿਆਰ ਕਰਦਾ ਤਾਂ ਹਲ ਦੇ ਅੱਗੇ ਲਗਣ ਵਾਲਾ ਲੋਹੇ ਦਾ ਫਾਲਾ ਲੁਹਾਰ ਬਣਾਉਂਦਾ। ਜੇ ਤਰਖਾਣ ਲਕੜੀ ਤੋਂ ਹਨ ਤਿਆਰ ਕਰਦਾ ਤਾਂ ਤੰਗਲੀ ਲੁਹਾਰ ਵਲੋਂ ਬਣਾਈ ਜਾਂਦੀ। ਇਸੇ ਪ੍ਰਕਾਰ ਰੰਬੇ, ਦਾਤੀਆਂ, ਨੇਜ਼ੇ, ਤੀਰ, ਕੁਹਾੜੀ, ਹਥੌੜਾ, ਬਰਛਿਆਂ ਆਦਿ ਦੇ ਸੰਦ ਲੁਹਾਰ ਵੱਲੋਂ ਤਿਆਰ ਕੀਤੇ ਜਾਂਦੇ, ਪਰੰਤੂ ਉਨ੍ਹਾਂ ਦੇ ਲਕੜੀ ਵਾਲੇ ਹਿੱਸੇ (ਰੰਬਿਆਂ, ਦਾਤੀਆਂ ਦੇ ਕੁਸਤੇ, ਆਦਿ) ਤਰਖਾਣ ਬਣਾਉਂਦਾ। ਕਈ ਥਾਵਾਂ ਉਪਰ ਲੁਹਾਰ ਤੇ ਤਰਖਾਣ ਕਾਰਜ ਇੱਕੋ ਸ਼ਿਲਪਕਾਰ ਵਲੋਂ ਨੇਪਰੇ ਚਾੜ੍ਹਿਆ ਜਾਂਦਾ।

ਠਠਿਆਰ

ਸੋਧੋ

ਠਠਿਆਰ ਦੁਆਰਾ ਪਿੱਤਲ, ਤਾਂਬੇ, ਕਾਂਸੀ ਅਤੇ ਲੋਹੇ ਦੇ ਬਰਤਨ ਬਣਾਉਣ ਦਾ ਧੰਦਾ ਵਧੇਰੇ ਕਰਕੇ ਛੋਟੇ ਕਸਬਿਆਂ ਜਾਂ ਸ਼ਹਿਰਾਂ ਤੱਕ ਸੀਮਿਤ ਰਿਹਾ ਹੈ। ਪਰ ਕਿਸਾਨਾਂ ਤੇ ਹੋਰ ਲੋਕਾਂ ਨੂੰ ਵੀ ਨਿੱਤ ਵਰਤੋਂ ਦੇ ਭਾਂਡੇ ਤੇ ਵਿਆਹ ਸ਼ਾਦੀਆਂ ਲਈ ਦਾਜ ਵਜੋਂ ਬਤਰਨ ਖਰੀਦਣ ਲਈ ਇਨ੍ਹਾਂ ਠਠਿਆਰਾਂ ਉਪਰ ਹੀ ਨਿਰਭਰ ਕਰਦਾ ਪੈਂਦਾ।

ਮੋਚੀ

ਸੋਧੋ

ਮੋਚੀ ਦਾ ਧੰਦਾ ਚਮੜੇ ਨਾਲ ਸੰਬੰਧਿਤ ਸੀ। ਮੋਚੀ ਜੁੱਤੀਆਂ ਦੀ ਗੰਢ ਤਰੁਪ ਵੀ ਕਰਦਾ ਅਤੇ ਲੋੜ ਅਨੁਸਾਰ ਬਕਾਇਦਾ ਮਾਪ ਲੈ ਕੇ ਨਵੀਂ ਜੁੱਤੀ ਵੀ ਤਿਆਰ ਕਰਦਾ। ਇਹ ਚਮੜੇ ਦੀ ਪੱਧਰ ਤੇ ਗੁਣਾਂ ਉਪਰ ਨਿਰਭਰ ਕਰਦਾ ਕਿ ਗਾਹਕ ਨੂੰ ਕਿਸ ਪ੍ਰਕਾਰ ਦੀ ਜੁੱਤੀ ਚਾਹੀਦੀ ਹੈ। ਗਾਹਕ ਦੀ ਪਸੰਦ ਤੇ ਲੋੜ ਨੂੰ ਮੁੱਖ ਰੱਖ ਕੇ ਉਹ ਭਾਂਤ-ਭਾਂਤ ਦੀਆਂ ਜੁੱਤੀਆਂ ਬਣਾਉਂਦਾ। ਉਹ ਤਿੱਲੇ ਨਾਲ ਕਢਾਈ ਦੀਆਂ ਜੁੱਤੀਆਂ ਵੀ ਤਿਆਰ ਕਰਦਾ। ਹੁਣ ਜਦ ਜੁੱਤੀਆਂ/ਬੂਟ ਬਣਾਉਣ ਦੇ ਕਾਰਖਾਨੇ ਲਗ ਗਏ ਹਨ, ਹੱਥ ਨਾਲ ਬਣਾਈਆਂ ਹੋਈਆਂ ਜੁੱਤੀਆਂ ਦੀ ਮੰਗ ਘੱਟ ਗਈ ਹੈ।

ਸੁਨਿਆਰ

ਸੋਧੋ

ਪੰਜਾਬ ਦੇ ਲੋਕ ਜੀਵਨ ਨਾਲ ਜੁੜਿਆ ਇੱਕ ਹੋਰ ਕਿੱਤਾ ਸੁਨਿਆਰ ਦਾ ਹੈ। ਸੁਨਿਆਰ ਦਾ ਧੰਦਾ ਸ਼ਹਿਰਾਂ ਕਸਬਿਆਂ ਜਾਂ ਵੱਡੇ ਪਿੰਡਾਂ ਵਿੱਚ ਸਥਿਤ ਹੈ; ਪਰ ਪੰਰਪਰਾਗਤ ਗਹਿਣਿਆਂ ਦੀ ਘਾੜਤ ਤੋਂ ਵਿਕਰੀ ਵਜੋਂ ਇਹ ਆਮ ਲੋਕਾਈ ਨਾਲ ਵੀ ਜੁੜਿਆ ਹੋਇਆ ਹੈ। ਵਾਸਤਵ ਵਿੱਚ ਗਹਿਣਿਆਂ ਬਗ਼ੈਰ ਕਿਸੇ ਦਾ ਵੀ ਮਰਦਾ ਨਹੀਂ। ਡਾ. ਤੇਜਿੰਦਰ ਕੌਰ ਨੇ ਆਪਣੇ ਖੋਜ ਕਾਰਜ ਪੰਜਾਬ ਦੇ ਗਹਿਣੇ ਪੁਸਤਕ ਵਿੱਚ ਗਹਿਣਿਆਂ ਦੇ ਮੁੱਢ ਤੇ ਵਿਕਾਸ, ਇਨ੍ਹਾਂ ਦੇ ਸਮਾਜਿਕ, ਆਰਥਿਕ ਤੇ ਸਭਿਆਚਾਰਕ ਮਹੱਤਵ ਅਤੇ ਵੰਨਗੀਆਂ ਦਾ ਵੇਰਵੇ ਸਾਹਿਤ ਉਲੇਖ ਕੀਤਾ ਹੈ। ਉਸ ਨੇ ਬੱਚਿਆਂ, ਕੁਆਰੀ ਕੰਨਿਆਂ, ਵਿਆਹੀ ਇਸਤਰੀ, ਵਿਧਵਾ ਔਰਤ ਅਤੇ ਮਰਦਾਵੇਂ ਗਹਿਣਿਆਂ ਸੰਬੰਧੀ ਵੀ ਚਰਚਾ ਕੀਤੀ ਹੈ। ਨੱਥ ਦੀ ਪ੍ਰਾਚੀਨਤਾ ਤੇ ਸਾਂਸਕ੍ਰਿਤਕ ਮਹੱਤਵ ਨੂੰ ਦਰਸਾਇਆ ਹੈ।

ਬਦਲਾਅ

ਸੋਧੋ

ਪੰਜਾਬੀ ਸਮਾਜ ਵਿੱਚ ਬਦਲ ਰਹੀਆਂ ਕੀਮਤਾਂ ਅਤੇ ਪੰਜਾਬ ਦੇ ਲੋਕ ਧੰਦਿਆਂ ਦਾ ਮੁੱਢ, ਵਿਕਾਸ ਅਤੇ ਸਮਾਜਿਕ ਸਾਰਥਿਕਤਾ ਦੀ ਦ੍ਰਿਸ਼ਟੀ ਤੋਂ ਜਾਇਜ਼ਾ ਲੈਣ ਦੀ ਲੋੜ ਹੈ, ਜੋ ਇ ਲੇਖ ਵਿੱਚ ਸੰਭਵ ਨਹੀਂ ਹੈ। ਕੋਈ ਸਮਾਂ ਸੀ ਲਕੜੀ ਦਾ ਬਣਿਆ ਹੋਇਆ ਸੰਦੂਕ ਕੁੜੀ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਸ਼ਿਗਾਰ ਹੁੰਦਾ ਸੀ। ਉਸ ਤੋਂ ਤਰਖਾਣ ਦੀ ਹੁਨਰੀ ਕਾਰੀਗਰੀ ਦਾ ਪਤਾ ਲਗ ਜਾਂਦਾ ਸੀ। ਇਹੀ ਸੰਦੂਕ ਨੂੰ ਸਮਾਂ ਪਾ ਕੇ ਦਾਦੀ ਜਾਂ ਨਾਲੀ ਦੀਆਂ ਅਣਗਿਣਤ ਚੀਜ਼ਾਂ ਦਾ ਅਜਾਇਬ ਘਰ ਇਸ ਆਉਂਦਾ। ਅੱਜ ਉਸੀ ਸੰਦੂਕ ਨੂੰ ਘਰਾਂ ਵਿੱਚ ਨੁੱਕਰਾ ਲਾ ਰੱਖਿਆ ਹੈ। ਸਿੱਖਿਆ ਦੇ ਪਸਾਰ, ਵਿਗਿਆਨਕ ਉਨਤੀ, ਸ਼ਹਿਰੀਕਰਨ, ਮਸ਼ੀਨੀਕਰਨ ਅਤੇ ਉਦਯੋਗੀਕਰਨ ਨੇ ਲੋਕ ਧੰਦਿਆਂ ਦੀ ਅਹਿਮੀਅਤ ਨੂੰ ਲਗਪਗ ਖਤਮ ਕਰ ਦਿੱਤਾ ਹੈ। ਪਿੰਡਾਂ ਵਿੱਚ ਖੇਤੀਬਾੜੀ ਦਾ ਧੰਦਾ, ਜਿਸ ਨਾਲ ਬਹੁਤ ਸਾਰੇ ਸ਼ਿਲਪਕਾਰ ਜਾਂ ਧੰਦਾਕਾਰ ਜੁੜੇ ਹੋਏ ਸਨ, ਦੀ ਨੁਹਾਰ ਹੀ ਬਦਲ ਗਈ ਹੈ। ਜਿਹੜਾ ਝਿਊਰ ਜਾਂ ਸ਼ਹਿਰ ਘਰ ਘਰ ਪਾਣੀ ਦੇ ਘੜੇ ਢੋ ਕੇ ਗੁਜ਼ਾਰਾ ਕਰਦੀ ਸੀ, ਘਰ ਘਰ ਨਲਕੇ ਲਗਣ ਨਾਲ ਉਸ ਦੀ ਲੋੜ ਨਹੀਂ ਰਹੀ। ਹੱਥ ਨਾਲ ਬਣੀ ਜੁੱਤੀ ਨੂੰ ਖਰੀਦਣ ਵਾਲਾ ਕੋਈ ਨਹੀਂ। ਇਸ ਵਿਹਾਰ ਵਿੱਚ ਹੁਣ ਉੱਚ ਜਾਤੀਆਂ ਦੇ ਪੜ੍ਹੇ ਲਿਖੇ ਵਪਾਰੀ ਸ਼ਾਮਲ ਹੋ ਗਏ ਹਨ। ਉਹ ਮਸ਼ੀਨਾਂ ਨਾਲ ਤਿਆਰ ਹੋਈਆਂ ਜਤੀਆਂ/ਬੂਟਾਂ/ਸੈਂਡਲਾਂ ਦਾ ਵਪਾਰ ਕਰਦੇ ਹਨ। ਹੁਣ ਜਦ ਪਿੰਡਾਂ ਵਿੱਚ ਛੋਟੇ ਹਸਪਤਾਲ ਖੁੱਲ੍ਹ ਗਏ ਹਨ, ਦਾਈਆਂ ਕੋਲ ਕੋਣ ਜਾਏਗਾ? ਜਦ ਦਾਣੇ ਭੁੰਨਣ ਵਾਲੀਆਂ ਭੱਠੀਆਂ ਹੀ ਲਗਭਗ ਖਤਮ ਹੋ ਗਈਆਂ ਹਨ, ਭੱਠੀਆਂ ਉੱਪਰ ਲੱਗਣ ਵਾਲੀਆਂ ਮਹਿਫਲਾਂ ਵੀ ਅਲੋਪ ਹੋ ਗਈਆਂ ਹਨ। 1947 ਵਿੱਚ ਪੰਜਾਬ ਵਿੱਚ ਹੋਈ ਉੱਥਲ-ਪੁੱਥਲ ਸਿੱਖਿਆ ਦਾ ਪਰਸਾਰ, ਵਿਕਾਸ ਯੋਜਨਾਵਾਂ ਦੇ ਯਤਨ ਅਤੇ ਆਵਾਜਾਈ ਦੇ ਵਸੀਲਿਆਂ ਦੀ ਭਰਮਾਰ ਨੇ ਵੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਲੈ ਆਂਦੀ ਹੈ। ਭਾਰਤ ਨੂੰ ਸੁਤੰਤਰਤਾ ਮਿਲਣ ਤੱਕ ਲੋਕ ਧੰਦਿਆਂ ਨਾਲ ਸੰਬੰਧਿਤ ਕਾਰੀਗਰਾਂ ਜਾਂ ਸ਼ਿਲਪਕਾਰਾਂ ਦੀ ਸਥਿਤੀ ਵਿੱਚ ਪਿਛਲੀਆਂ ਪੰਜ ਛੇ ਸਦੀਆਂ ਵਿੱਚ ਆਰਥਿਕ ਜਾਂ ਸਮਾਜਕ ਪੱਖ ਤੋਂ ਬਹੁਤ ਪਰਿਵਰਤਨ ਨਹੀਂ ਸੀ ਆਇਆ। ਮੱਧਕਾਲੀਨ ਪੰਜਾਬੀ ਸਾਹਿਤ ਦਾ ਕੋਈ ਵਿਰਲਾ ਹੀ ਲੇਖਕ ਅਜਿਹਾ ਹੋਵੇਗਾ ਜਿਸ ਨੇ ਲੋਕ ਧੰਦਿਆਂ, ਸ਼ਿਲਪਕਾਰਾਂ ਜਾਂ ਉਨ੍ਹਾਂ ਦੁਆਰਾ ਉਧਰਿਤ ਸਾਮਗ੍ਰੀ ਦਾ ਜ਼ਿਕਰ ਨਾ ਕੀਤਾ ਹੋਵੇ।

ਉਦਹਰਣ:-

ਬੁਲ੍ਹਾ ਚਲ ਸੁਨਿਆਰ ਦੇ, ਜਿੱਥੇ ਗਹਿਣੇ ਘੜੀ ਦੇ ਲਾਖ,

ਤਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ।

ਕੇਹੀ ਬੀਵੀ, ਕੇਹੀ ਬਾਂਦੀ ਕੇਹੀ ਧੋਬਣ ਭਠਿਆਰੀ। (ਬੁਲ੍ਹੇ ਸ਼ਾਹ)

ਲਿਖਤੀ ਸਾਹਿਤ ਤੋਂ ਛੁਟ ਲੋਕ ਗੀਤਾਂ ਲੋਕ ਕਹਾਣੀਆਂ ਅਖੌਤਾਂ, ਬੁਝਾਰਤਾਂ ਆਦਿ ਰਾਹੀਂ ਵੀ ਲੋਕ ਧੰਦਿਆਂ ਬਾਰੇ ਉਲੇਖ ਮਿਲਦਾ ਹੈ। ਹਰ ਧੰਦਾਕਾਰ ਨੇ ਆਪਣੇ ਵਿਹਾਰ ਰਾਹੀਂ ਵੱਖਰੀ ਪਛਾਣ ਬਣਾਈ ਹੋਈ ਸੀ। ਜਿਨ੍ਹਾਂ ਸ਼ਿਲਪਕਾਰਾਂ ਦਾ ਸੰਬੰਧ ਪਦਾਰਥਕ ਵਸਤੂਆਂ ਨਾਲ ਸੀ, ਉਨ੍ਹਾਂ ਨੂੰ ਆਪਣੀ ਕਾਰੀਗਰੀ ਉਪਰ ਪੂਰਨ ਮੁਹਾਰਤ ਸੀ। ਇਨ੍ਹਾਂ ਚੀਜ਼ਾਂ ਨੂੰ ਜਦ ਰਸਮਾਂ, ਰੀਤਾਂ ਅਤੇ ਸੰਸਕਾਰਾਂ ਨਾਲ ਜੋੜ ਲਿਆ ਜਾਂਦਾ ਤਾਂ ਇਨ੍ਹਾਂ ਦਾ ਸਭਿਆਚਾਰਕ ਮਹੱਤਵ ਹੋਰ ਵੀ ਵੱਧ ਜਾਂਦਾ। ਜਦ ਲੋਕ ਧੰਦੇ ਰੋਜਗਾਰ ਦਾ ਵਸੀਲਾ ਨਾ ਰਹੇ ਤਾਂ ਸੁਭਾਵਕ ਹੀ ਇਨ੍ਹਾਂ ਸੰਬੰਧੀ ਕਾਰ ਵਿਹਾਰ ਵਿੱਚ ਵੀ ਤਬਦੀਲੀ ਆ ਗਈ।

ਲੋਕ-ਧੰਦੇ ਪੰਜਾਬ ਦੇ ਸਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਅੰਗ ਹਨ। ਸਾਡੀ ਨਵੀਂ ਪੀੜ੍ਹੀ ਤਾਂ ਇਹ ਵੀ ਨਹੀਂ ਜਾਣਦੀ ਕਿ ਚੱਕ, ਖਰਾਮ, ਕੋਹਲੂ, ਘੁਲਾੜੀ, ਜਾਂ ਵੇਲਣਾ, ਉਖਲੀ, ਮਹੋਲਾ, ਹਾਰੇ, ਭੜੋਲੀਆਂ, ਤੰਗੜ, ਸਿਰਕੀਆਂ, ਮਸੂਲ, ਫਲ, ਹੱਥ ਟੋਕਾ, ਬੋਹਲ, ਪਿੜ, ਭੜੌਲੀ ਆਦਿ ਕੀ ਸਨ ਅਤੇ ਇਨ੍ਹਾਂ ਦੀ ਕੀ ਉਪਯੋਗਤਾ ਸੀ।

ਸਿੱਟਾ

ਸੋਧੋ

ਉਪਰੋਕਤ ਸਰਵੇਖਣ ਤੋਂ ਸਾਫ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਸਦੀਆਂ ਤੋਂ ਪ੍ਰਚਲਿਤ ਲੋਕ ਧੰਦਿਆਂ ਦਾ ਬੁਨਿਆਦੀ ਤੱਤ ਪਰੰਪਰਾ ਹੈ। ਇਸੇ ਲਈ ਇਹ ਕਿਤੇ ਲੋਕਯਾਨ/ਲੋਕਧਾਰਾ ਦੇ ਖੇਤਰ ਵਿੱਚ ਆਉਂਦੇ ਹਨ। ਇਹ ਪਿਤਾ-ਪੁਰਖੀ ਅੱਗੇ ਚਲੇ ਆਏ ਹਨ। ਸੁਨਿਆਰੇ ਦਾ ਪੁੱਤਰ ਸੁਨਿਆਰਾ, ਤਰਖਾਣ ਦਾ ਪੁੱਤ-ਪੱਤੋ ਲਕੜੀ ਦੇ ਕੰਮ-ਕਾਰ ਵਿੱਚ ਲੱਗ ਜਾਂਦੇ ਅਤੇ ਘੁਮਿਆਰ, ਚੁਮਾਰ ਤੇ ਜੁਲਾਹੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਡੇਰਿਆਂ ਦੇ ਵਿਹਾਰ ਨਾਲ ਜੁੜ ਜਾਂਦੀਆਂ। ਅਜਿਹੇ ਸਾਰੇ ਧੰਦੇ ਹੱਥ-ਕਿਰਤ ਨਾਲ ਜੁੜੇ ਹੋਣ ਕਾਰਨ ਹਰ ਧੰਦੇ ਦੇ ਅਨੁਆਈ ਆਪਣੇ ਕਿੱਤੇ ਵਿੱਚ ਪੂਰੀ ਤਰ੍ਹਾਂ ਮਾਹਿਰ ਸਨ। ਵਿਰਸੇ ਦਾ ਭਾਗ ਹੋਣ ਕਰਕੇ ਇਹ ਧੰਦੇ ਲੋਕਾਂ ਦੀ ਮਾਨਸਿਕਤਾ ਦਾ ਅੰਗ ਬਣ ਗਏ। ਹੋਣਾ ਤੇ ਇਹ ਚਾਹੀਦਾ ਸੀ ਕਿ ਕੋਈ ਵੀ ਲਕੜੀ ਦਾ ਕੰਮ ਕਰਨ ਵਾਲਾ ਤਰਖਾਣ ਅਖਵਾਉਂਦਾ ਅਤੇ ਜੁੱਤੀਆਂ ਤਿਆਰ ਕਰਨ ਵਾਲੇ ਨੂੰ ਮੋਚੀ ਕਿਹਾ ਜਾਂਦਾ। ਪਰ ਮੰਨੂ ਦੀ ਜਾਤ-ਪਾਤ ਸੰਬੰਧੀ ਪਾਈ ਹੋਈ ਲੀਹ ਵਿੱਚ ਹੋਰ ਸ਼੍ਰੇਣੀਆਂ ਦਾ ਵਾਧਾ ਹੋ ਗਿਆ। ਲੋਕ ਧੰਦਿਆਂ ਦੀ ਦ੍ਰਿਸ਼ਟੀ ਤੋਂ ਵੀ ਅਮਲ ਦੀ ਥਾਂ ਕਰਮ ਦੀ ਪ੍ਰਧਾਨਤਾ ਬਣੀ ਸੀ। ਸਮਾਜਿਕ ਤੇ ਆਰਥਿਕ ਨਜ਼ਰੀਏ ਤੋਂ ਵੀ ਭਾਈਚਾਰਕ ਜੀਵਨ ਵਿੱਚ ਮਨੁੱਖੀ ਸੋਚ ਕਬੀਲਈ ਭਾਵਨਾ ਤੋਂ ਉਪਰ ਨਾ ਉੱਠ ਸਕੀ। ਕਿਉਂ ਜੋ ਵੱਖ-ਵੱਖ ਧੰਦਿਆਂ ਨਾਲ ਜੁੜੇ ਹੋਏ ਲੋਕ ਉਪਜੀਵਕਾ ਲਈ ਕਿਸਾਨਾਂ ਜਾਂ ਖੇਤੀਬਾੜੀ ਦਾ ਕਿੱਤਾ ਕਰਨ ਵਾਲਿਆਂ ਉਪਰ ਨਿਰਭਰ ਕਰਦੇ ਸਨ; ਇਸ ਲਈ ਲੋਕ ਧੰਦਿਆਂ ਨਾਲ ਜੁੜੇ ਹੋਏ ਵੱਖ-ਵੱਖ ਵਰਗਾਂ ਦੇ ਲੋਕਾਂ ਸੰਬੰਧੀ ਹੀਣਤਾ ਦੀ ਭਾਵਨਾ ਪੈਦਾ ਹੋ ਗਈ ਅਤੇ ਇਨ੍ਹਾਂ ਨੂੰ ਕਮੀ ਭਾਵ ਨੀਵੇਂ ਦਰਜੇ ਦੇ ਕਿਰਤੀ ਸਮਝਿਆ ਜਾਣ ਲੱਗ ਪਿਆ। ਜਾਤ-ਪਾਤ ਦੀ ਇਹ ਸੋਚ ਅੱਜ ਵੀ ਕਾਇਮ ਹੈ। ਖੇਤੀਬਾੜੀ ਦੇ ਕਿਸਾਨੀ ਕਿੱਤੇ ਵਾਲਾ ਵਾਹੀਕਾਰ ਆਪਣੇ ਆਪ ਨੂੰ ਹੱਥੀਂ ਕੰਮ ਕਰਨ ਵਾਲੇ ਤਰਖਾਣ, ਲੁਹਾਰ, ਘੁਮਿਆਰ, ਸੁਨਿਆਰ ਆਦਿ ਤੋਂ ਉੱਤਮ ਜਾਂ ਸ਼੍ਰੇਸ਼ਟ ਤੇ ਵਧੇਰੇ ਯੋਗਤਾ ਵਾਲਾ ਸਮਝਦਾ ਹੈ। ਹੱਥ ਨਾਲ ਕਿਰਤ ਕਰਨ ਵਾਲਿਆਂ ਤੋਂ ਅੱਡ ਪਛੜੇ ਲੋਕਾਂ ਵਿੱਚ ਅਗੋਂ ਸ਼ੂਦਰਾਂ ਦੀ ਇੱਕ ਅਜਿਹੀ ਸ਼੍ਰੇਣੀ ਵੀ ਹੋਂਦ ਵਿੱਚ ਆ ਗਈ ਜਿਸ ਦੇ ਪੁਰਖਾਂ ਦਾ ਕੰਮ ਕਿਸਾਨਾਂ ਦੀ ਨੌਕਰੀ ਕਰਨੀ ਅਤੇ ਉਨ੍ਹਾਂ ਦੀਆਂ ਔਰਤਾਂ ਘਰਾਂ ਦਾ ਗੋਹਾ-ਕੂੜਾ, ਘਰਾਂ ਦੀ ਲਿਪ ਪੋਚ ਅਤੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਰੋਜ਼ੀ ਕਮਾਉਂਦੀਆਂ। ਇਸ ਤਰ੍ਹਾਂ ਪੰਜਾਬ ਦੇ ਲੋਕ ਜੀਵਨ ਵਿੱਚ ਖੇਤੀਬਾੜੀ ਦੇ ਧੰਦੇ ਤੋਂ ਲੈ ਕੇ ਸਾਧਾਰਨ ਅਤੇ ਵਿਸ਼ੇਸ਼ ਲੋਕ ਧੰਦਿਆਂ ਨਾਲ ਜੁੜੇ ਹੋਏ ਵਿਅਕਤੀਆਂ ਤੋਂ ਛੁਟ ਸ਼ੂਦਰ ਜਾਤੀਆਂ ਦੇ ਲੋਕਾਂ ਦੇ ਕਾਰ-ਵਿਹਾਰ ਬਾਰੇ ਵੀ ਲੋਕ ਧੰਦਿਆਂ ਵਜੋਂ ਚਰਚਾ ਕੀਤੀ ਜਾ ਸਕਦੀ ਹੈ।

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.


ਵੱਲੋਂ :

ਸੁਖਵੀਰ ਕੌਰ ਲੋਹਟ

ਰੋਲ ਨੰਬਰ : 19391005