ਬਰਕਤ ਰਾਮ ਯੁਮਨ
ਬਰਕਤ ਰਾਮ ਯੁਮਨ (26 ਜਨਵਰੀ 1905 - 22 ਦਸੰਬਰ 1967) ਪੰਜਾਬੀ ਕਵੀ ਸੀ।[1]
ਬਰਕਤ ਰਾਮ ਯੁਮਨ ਜੀ ਦਾ ਜਨਮ 26 ਜਨਵਰੀ 1905 ਈ. ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਕਸਬੇ ਕਿਲਾ ਸੋਭਾ ਸਿੰਘ ਦੇ ਨਾਲ ਲੱਗਦੇ ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਸ ਦੀਆਂ ਤਿੰਨ ਭੈਣਾਂ (ਵੱਡੀ ਭੈਣ ਇਸਰਾ ਦੇਵੀ ਤੇ ਛੋਟੀਆਂ ਭੈਣਾਂ ਅਨੰਤੀ ਦੇਵੀ ਤੇ ਕੇਸਰੀ ਦੇਵੀ ) ਸਨ। ਉਸ ਨੇ ਮੁਢਲੀ ਪੜ੍ਹਾਈ ਕਸਬੇ ਕਿਲਾ ਸੋਭਾ ਸਿੰਘ ਦੇ ਸਰਕਾਰੀ ਸਕੂਲ ਤੋਂ ਕੀਤੀ। ਪੰਜਵੀਂ-ਛੇਵੀਂ 'ਚ ਪੜ੍ਹਦੇ ਸਮੇਂ ਹੀ ਉਸ ਨੂੰ ਪੰਜਾਬੀ ਕਿੱਸੇ ਪੜ੍ਹਨ ਦਾ ਸ਼ੌਕ ਹੋ ਗਿਆ ਸੀ। ਉਹ ਕਿੱਸਿਆਂ ਦੇ ਟੋਟੇ ਗਾ-ਗਾ ਕੇ ਪਿੰਡ ਵਾਲਿਆਂ ਨੂੰ ਸੁਣਾਉਂਦੇ। ਉਹ ਪੜ੍ਹਾਈ ਵਿਚ ਵੀ ਵੀ ਬਹੁਤ ਹੁਸ਼ਿਆਰ ਸੀ। ਬਰਕਤ ਅਜੇ ਸੱਤਵੀਂ ਵਿਚ ਹੀ ਸੀ ਕਿ ਉਸ ਨੇ ਬੈਂਤ-ਛੰਦ ਵਿਚ 'ਰੂਪ-ਬਸੰਤ ' ਦਾ ਕਿੱਸਾ ਲਿਖ ਦਿੱਤਾ। ਉਸਦੇ ਸ਼ੌਕ ਨੂੰ ਉਸਦੇ ਅਧਿਆਪਕ ਉਸਤਾਦ ਗੁਲਾਮ ਅਹਿਮਦ ਪਾਬੰਦ ਨੇ ਨਿਖਾਰਿਆ।
ਉਸ ਨੂੰ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਨੀ ਪਈ। ਉਹ ਕਿਸੇ ਡਾਕਟਰ ਦਾ ਕੰਪੋਡਰ ਅਤੇ ਇੱਕ ਵਕੀਲ ਦਾ ਮੁਨਸ਼ੀ ਵੀ ਰਿਹਾ। ਇਸ ਦੇ ਇਲਾਵਾ ਉਹ ਛੋਟੇ-ਛੋਟੇਕਿੱਸੇ ਲਿਖ ਕੇ ਵੀ ਵੇਚਦਾ ਰਿਹਾ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਆਪਣਾ ਤਖੱਲੁਸ ਯੁਮਨ ਰੱਖ ਲਿਆ। 'ਯੁਮਨ, ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਵੀ ਬਰਕਤ ਹੀ ਹੁੰਦਾ ਹੈ। ਇਸੇ ਸਮੇਂ ਦੇਸ਼ ਵਿਚ ਚੱਲ ਰਹੀ ਆਜ਼ਾਦੀ ਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਤਾ ਲੱਗਣ ਤੇ ਮਾਸਟਰ ਨੇ ਉਸ ਨੂੰ ਧਮਕਾਇਆ ਕਿ ਅੰਗਰੇਜ਼ੀ ਸਰਕਾਰ ਵਿਰੁੱਧ ਕਵਿਤਾਵਾਂ ਲਿਖਣਾ ਜੁਰਮ ਹੈ ਅਤੇ ਉਸ ਕੋਲੋਂ ਲਿਖੀ ਹੋਈਆਂ ਕਵਿਤਾਵਾਂ ਮੰਗੀਆਂ। ਬਰਕਤ ਨੇ ਕਵਿਤਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ। ਤਸੀਹੇ ਦੇਣ ਲਈ ਮਾਸਟਰ ਉਸ ਦੇ ਹੱਥ ਕੁਰਸੀ ਦੇ ਪਾਵਿਆਂ ਥੱਲੇ ਰਖਵਾ ਕੇ ਆਪ ਕੁਰਸੀ ਤੇ ਬੈਠ ਗਿਆ, ਪਰ ਬਰਕਤ ਆਪਣੀ ਨਾਂਹ ਤੇ ਡੱਟਿਆ ਰਿਹਾ।
ਸਕੂਲੀ ਪੜ੍ਹਾਈ ਮੁਕੰਮਲ ਕਰਕੇ ਬਰਕਤ ਨੇ ਪਸਰੂਰ ਤੋਂ ਅਧਿਆਪਕੀ ਦਾ ਕੋਰਸ ਕੀਤਾ ਅਤੇ ਅਧਿਆਪਕ ਨਿਯੁਕਤ ਹੋ ਗਿਆ। ਇਸ ਦੌਰਾਨ ਉਸਤਾਦ ਕਵੀਆਂ ਦੀ ਸੰਗਤ ਵਿੱਚ ਉਸਦਾ ਉਠਣ ਬੈਠਣ ਹੋ ਗਿਆ ਤੇ ਫਿਰ ਕਵਿਤਾਵਾਂ ਪੜ੍ਹਨ ਲਈ ਦੂਰ ਦੂਰ ਜਾਣ ਲੱਗ ਪਿਆ। 1925 ਵਿੱਚ ਉਸ ਦੀ ਸ਼ਾਦੀ ਸਵਰਨ ਦੇਵੀ ਨਾਲ ਹੋ ਗਈ ਅਤੇ ਉਹ ਦੋ ਪੁੱਤਰਾਂ ਤੇ ਦੋ ਧੀਆਂ ਦਾ ਬਾਪ ਬਣਿਆ।
1934 ਵਿੱਚ ਬਰਕਤ ਸਨਾਤਨ ਧਰਮ ਹਾਈ ਸਕੂਲ, ਲਾਹੌਰ ਵਿੱਚ ਪੜ੍ਹਾਉਣ ਲੱਗ ਪਿਆ। ਉਥੇ ਉਹ ਆਪਣੀਆਂ ਰਚਨਾਵਾਂ ਪੰਡਿਤ ਰਾਮ ਸ਼ਰਨ ਐਡਵੋਕੇਟ ਨੂੰ ਵਿਖਾਉਣ ਲੱਗ ਪਿਆ ਤੇ ਉਸ ਨੂੰ ਹੀ ਉਸਤਾਦ ਧਾਰ ਲਿਆ। ਫਿਰ ਉਹ ਲਹੌਰ ਪੰਜਾਬੀ ਕਵੀ ਸਭਾ ਦਾ ਅੱਠ ਸਾਲ ਲਗਾਤਾਰ ਪ੍ਰਧਾਨ ਰਿਹਾ। ਇਹ ਸਭਾ ਹਰ ਮਹੀਨੇ ਇਕ ਕਵੀ ਦਰਬਾਰ ਕਰਵਾਉਂਦੀ ਜੋ ਵੱਛੋਵਾਲੀ, ਨਕੈਣ ਦੀ ਹਵੇਲੀ, ਸਾਲਮੀ ਦਰਵਾਜ਼ਾ, ਨਿਸਬਤ ਰੋਜ਼ ਗਵਾਲ ਮੰਡੀ ਆਦਿ ਥਾਵਾਂ ਤੇ ਆਯੋਜਿਤ ਕੀਤੇ ਜਾਂਦੇ ਸਨ ਤੇ ਦੇਰ ਰਾਤ ਤੱਕ ਚੱਲਦੇ ਸਨ। ਇਹਨਾਂ ਕਵੀ ਦਰਬਾਰਾਂ ਦੇ ਰਾਹੀਂ ਲੋਕਾਂ ਵਿਚ ਪੰਜਾਬੀ ਭਾਸ਼ਾ ਲਈ ਪਿਆਰ ਤੇ ਸ਼ੌਕ ਪੈਦਾ ਕੀਤਾ ਜਾਂਦਾ ਸੀ। ਪ੍ਰਸਿੱਧੀ ਵਧ ਜਾਣ ਤੇ ਉਸ ਨੂੰ ਕਵੀ ਦਰਬਾਰਾਂ ਲਈ ਸੱਦੇ ਆਮ ਆਉਂਣ ਲੱਗ ਪਏ। ਛੋਟੀ ਉਮਰ ਵਿਚ ਹੀ ਉਸ ਨੂੰ 'ਉਸਤਾਦ ਯੁਮਨ' ਕਿਹਾ ਜਾਣ ਲੱਗਿਆ ਸੀ। ਨੌਜਵਾਨ ਕਵੀ ਉਸ ਤੋਂ ਸਲਾਹ ਲੈਣ ਲੱਗ ਪਏ।
ਕਵੀ ਦਰਬਾਰਾਂ ਦੇ ਵਧ ਗਏ ਰੁਝੇਵਿਆਂ ਕਾਰਨ ਉਸ ਨੇ 1946 ਵਿੱਚ ਅਧਿਆਪਕੀ ਛੱਡ ਦਿੱਤੀ ਅਤੇ ਕਿਤਾਬਾਂ ਦੀ ਦੁਕਾਨ ਖੋਲ੍ ਲਈ। 1947 ਦੇ ਹੱਲਿਆਂ ਦੇ ਦਿਨਾਂ ਵਿਚ ਉਹ ਲਹੌਰ ਛੱਡ ਕੇ ਪਿੰਡ ਆ ਗਿਆ ਅਤੇ ਇੱਥੇ ਆ ਕੇ ਕਰਿਆਨੇ ਦੀ ਦੁਕਾਨ ਕੀਤੀ, ਪਰ ਹਾਲਾਤ ਵਿਗੜਦੇ ਜਾਣ ਕਾਰਨ ਦੇਸ਼ ਵੰਡ ਤੋਂ ਬਾਅਦ ਉਹ ਬਟਾਲੇ ਆ ਕੇ ਵਸ ਗਿਆ।
ਹਵਾਲੇ
ਸੋਧੋ- ↑ "ਬਰਕਤ ਰਾਮ ਯੁਮਨ ਪੰਜਾਬੀ ਕਵਿਤਾ". www.punjabi-kavita.com. Retrieved 2021-03-17.